ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
“ਮੈਂ ਪਰਮੇਸ਼ੁਰ ਦੀ ਦਾਸੀ ਹਾਂ”
ਮਰਿਯਮ ਆਪਣੇ ਘਰ ਆਏ ਇਕ ਅਜਨਬੀ ਨੂੰ ਦੇਖ ਕੇ ਹੱਕੀ-ਬੱਕੀ ਰਹਿ ਗਈ। ਉਹ ਅਜਨਬੀ ਉਸ ਦੇ ਮਾਤਾ-ਪਿਤਾ ਨੂੰ ਨਹੀਂ ਸੀ ਮਿਲਣ ਆਇਆ। ਉਹ ਮਰਿਯਮ ਨੂੰ ਮਿਲਣ ਆਇਆ ਸੀ! ਮਰਿਯਮ ਨੂੰ ਪੂਰਾ ਯਕੀਨ ਸੀ ਕਿ ਉਹ ਬੰਦਾ ਨਾਸਰਤ ਤੋਂ ਨਹੀਂ ਸੀ ਹੋ ਸਕਦਾ ਕਿਉਂਕਿ ਪਿੰਡ ਵਿਚ ਸਾਰੇ ਇਕ-ਦੂਸਰੇ ਨੂੰ ਜਾਣਦੇ ਸਨ। ਪਰ ਇਹ ਬੰਦਾ ਦੂਸਰਿਆਂ ਤੋਂ ਬਿਲਕੁਲ ਵੱਖਰਾ ਦਿੱਸਦਾ ਸੀ। ਉਸ ਨੇ ਮਰਿਯਮ ਨਾਲ ਜਿਸ ਤਰੀਕੇ ਨਾਲ ਗੱਲ ਕੀਤੀ, ਉਸ ਤਰੀਕੇ ਨਾਲ ਪਹਿਲਾਂ ਕਦੇ ਕਿਸੇ ਨੇ ਉਸ ਨਾਲ ਗੱਲ ਨਹੀਂ ਸੀ ਕੀਤੀ। ਉਸ ਨੇ ਆਖਿਆ: ‘ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ! ਯਹੋਵਾਹ ਤੇਰੇ ਨਾਲ ਹੈ।’—ਲੂਕਾ 1:28.
ਇਸ ਤਰ੍ਹਾਂ ਬਾਈਬਲ ਸਾਡੀ ਜਾਣ-ਪਛਾਣ ਮਰਿਯਮ ਨਾਲ ਕਰਵਾਉਂਦੀ ਹੈ। ਮਰਿਯਮ ਗਲੀਲ ਦੇ ਨਾਸਰਤ ਕਸਬੇ ਵਿਚ ਰਹਿੰਦੇ ਹੇਲੀ ਦੀ ਧੀ ਸੀ। ਉਹ ਉਸ ਸਮੇਂ ਜ਼ਿੰਦਗੀ ਦੇ ਅਜਿਹੇ ਮੋੜ ਤੇ ਖੜ੍ਹੀ ਸੀ ਜਦੋਂ ਉਸ ਨੇ ਇਕ ਅਹਿਮ ਫ਼ੈਸਲਾ ਕਰਨਾ ਸੀ। ਉਸ ਵੇਲੇ ਉਸ ਦੀ ਕੁੜਮਾਈ ਤਰਖਾਣ ਯੂਸੁਫ਼ ਨਾਲ ਹੋਈ ਸੀ। ਭਾਵੇਂ ਉਹ ਗ਼ਰੀਬ ਸੀ, ਪਰ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦਾ ਸੀ। ਲੱਗਦਾ ਹੈ ਕਿ ਮਰਿਯਮ ਨੇ ਪਹਿਲਾਂ ਹੀ ਸੋਚ ਕੇ ਰੱਖਿਆ ਸੀ ਕਿ ਉਹ ਵਿਆਹ ਤੋਂ ਬਾਅਦ ਕੀ ਕਰੇਗੀ। ਉਹ ਯੂਸੁਫ਼ ਨਾਲ ਮਿਲ ਕੇ ਆਪਣੀ ਘਰ-ਗ੍ਰਹਿਸਥੀ ਚਲਾਵੇਗੀ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰੇਗੀ। ਪਰ ਹੁਣ ਅਚਾਨਕ ਹੀ ਉਸ ਨੂੰ ਇਕ ਬੰਦੇ ਤੋਂ ਪਰਮੇਸ਼ੁਰ ਦਾ ਸੁਨੇਹਾ ਮਿਲਿਆ ਜਿਸ ਨਾਲ ਉਸ ਦੀ ਜ਼ਿੰਦਗੀ ਵਿਚ ਨਵਾਂ ਮੋੜ ਆਉਣਾ ਸੀ।
ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ ਬਾਈਬਲ ਵਿਚ ਮਰਿਯਮ ਬਾਰੇ ਇੰਨਾ ਕੁਝ ਨਹੀਂ ਦੱਸਿਆ ਗਿਆ। ਇਸ ਵਿੱਚੋਂ ਸਾਨੂੰ ਉਸ ਦੀ ਪਰਵਰਿਸ਼ ਤੇ ਉਸ ਦੀ ਸ਼ਖ਼ਸੀਅਤ ਬਾਰੇ ਮਾੜਾ-ਮੋਟਾ ਹੀ ਪਤਾ ਲੱਗਦਾ ਹੈ, ਪਰ ਉਸ ਦੇ ਰੰਗ-ਰੂਪ ਬਾਰੇ ਕੁਝ ਪਤਾ ਨਹੀਂ ਲੱਗਦਾ। ਫਿਰ ਵੀ ਪਰਮੇਸ਼ੁਰ ਦਾ ਬਚਨ ਬਾਈਬਲ ਸਾਨੂੰ ਮਰਿਯਮ ਬਾਰੇ ਜਿੰਨਾ ਕੁ ਦੱਸਦੀ ਹੈ, ਉਸ ਤੋਂ ਸਾਨੂੰ ਉਸ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ।
ਮਰਿਯਮ ਬਾਰੇ ਵੱਖ-ਵੱਖ ਧਰਮਾਂ ਵਿਚ ਵੱਖ-ਵੱਖ ਵਿਚਾਰ ਪਾਏ ਜਾਂਦੇ ਹਨ। ਸਾਨੂੰ ਇਨ੍ਹਾਂ ਵਿਚਾਰਾਂ ਨੂੰ ਛੱਡ ਕੇ ਉਸ ਬਾਰੇ ਹੋਰ ਜਾਣਨ ਦੀ ਲੋੜ ਹੈ। ਆਓ ਆਪਾਂ ਮਰਿਯਮ ਦੀਆਂ ਬਣਾਈਆਂ ਬੇਹਿਸਾਬ ਤਸਵੀਰਾਂ ਤੇ ਬੁੱਤਾਂ ਤੋਂ ਆਪਣਾ ਧਿਆਨ ਹਟਾਈਏ। ਨਾਲੇ ਉਸ ਬਾਰੇ ਫੈਲਾਈਆਂ ਗੁੰਝਲਦਾਰ ਸਿੱਖਿਆਵਾਂ ਤੋਂ ਧਿਆਨ ਹਟਾਈਏ ਜਿਨ੍ਹਾਂ ਮੁਤਾਬਕ ਮਰਿਯਮ ਨੂੰ “ਪਰਮੇਸ਼ੁਰ ਦੀ ਮਾਤਾ” ਤੇ “ਸਵਰਗ ਦੀ ਰਾਣੀ” ਵਰਗੇ ਰੁਤਬਿਆਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੀ ਬਜਾਇ ਆਓ ਦੇਖੀਏ ਕਿ ਬਾਈਬਲ ਉਸ ਬਾਰੇ ਅਸਲ ਵਿਚ ਕੀ ਦੱਸਦੀ ਹੈ। ਬਾਈਬਲ ਸਾਨੂੰ ਉਸ ਦੀ ਪੱਕੀ ਨਿਹਚਾ ਬਾਰੇ ਦੱਸਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਅਸੀਂ ਉਸ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ।
ਦੂਤ ਨਾਲ ਮੁਲਾਕਾਤ
ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਮਰਿਯਮ ਨੂੰ ਮਿਲਣ ਆਇਆ ਵਿਅਕਤੀ ਕੋਈ ਇਨਸਾਨ ਨਹੀਂ ਸੀ, ਸਗੋਂ ਉਹ ਜਿਬਰਾਏਲ ਦੂਤ ਸੀ। ਜਦੋਂ ਉਸ ਨੇ ਮਰਿਯਮ ਨੂੰ ਕਿਹਾ ਕਿ ’ਤੇਰੇ ਉੱਤੇ ਕਿਰਪਾ ਹੋਈ,’ ਤਾਂ ਉਹ “ਬਹੁਤ ਘਬਰਾਈ” ਅਤੇ ਸੋਚਾਂ ਵਿਚ ਪੈ ਗਈ ਕਿ ਉਸ ਨੇ ਇੱਦਾਂ ਕਿਉਂ ਕਿਹਾ। (ਲੂਕਾ 1:29) ਮਰਿਯਮ ʼਤੇ ਕਿਸ ਦੀ ਕਿਰਪਾ ਹੋਈ ਸੀ? ਉਹ ਇਨਸਾਨਾਂ ਤੋਂ ਕਿਰਪਾ ਪਾਉਣ ਦੀ ਉਮੀਦ ਨਹੀਂ ਸੀ ਰੱਖਦੀ। ਇਸ ਲਈ ਦੂਤ ਨੇ ਕਿਹਾ ਕਿ ਉਸ ʼਤੇ ਯਹੋਵਾਹ ਦੀ ਕਿਰਪਾ ਹੋਈ ਸੀ। ਇਹ ਸੁਣ ਕੇ ਉਸ ਉੱਤੇ ਗਹਿਰਾ ਅਸਰ ਹੋਇਆ। ਫਿਰ ਵੀ ਉਸ ਨੇ ਘਮੰਡ ਨਹੀਂ ਸੀ ਕੀਤਾ ਕਿ ਪਰਮੇਸ਼ੁਰ ਦੀ ਕਿਰਪਾ ਉਸ ਉੱਤੇ ਸੀ। ਜੇ ਅਸੀਂ ਪਰਮੇਸ਼ੁਰ ਦੀ ਮਿਹਰ ਪਾਉਣੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਵੀ ਮਰਿਯਮ ਵਰਗਾ ਰਵੱਈਆ ਰੱਖੀਏ ਅਤੇ ਇਹ ਨਾ ਸੋਚੀਏ ਕਿ ਸਾਡੇ ਉੱਤੇ ਪਹਿਲਾਂ ਹੀ ਪਰਮੇਸ਼ੁਰ ਦੀ ਮਿਹਰ ਹੈ। ਪਰਮੇਸ਼ੁਰ ਨੂੰ ਹੰਕਾਰੀਆਂ ਨਾਲ ਨਫ਼ਰਤ ਹੈ, ਪਰ ਉਹ ਹਲੀਮਾਂ ʼਤੇ ਕਿਰਪਾ ਕਰਦਾ ਹੈ।—ਯਾਕੂਬ 4:6.
ਮਰਿਯਮ ਨੂੰ ਨਿਮਰ ਹੋਣ ਦੀ ਲੋੜ ਸੀ ਕਿਉਂਕਿ ਦੂਤ ਉਸ ਨੂੰ ਇਕ ਬਹੁਤ ਹੀ ਵੱਡਾ ਸਨਮਾਨ ਦੇਣ ਆਇਆ ਸੀ। ਉਸ ਨੇ ਦੱਸਿਆ ਕਿ ਮਰਿਯਮ ਇਕ ਬੱਚੇ ਨੂੰ ਜਨਮ ਦੇਵੇਗੀ ਜਿਸ ਨੇ ਦੁਨੀਆਂ ਵਿਚ ਸਭ ਤੋਂ ਮਹੱਤਵਪੂਰਣ ਮਨੁੱਖ ਬਣਨਾ ਸੀ। ਜਿਬਰਾਏਲ ਦੂਤ ਨੇ ਕਿਹਾ: “ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਇਸ ਤੋਂ ਇਕ ਹਜ਼ਾਰ ਸਾਲ ਪਹਿਲਾਂ ਪਰਮੇਸ਼ੁਰ ਨੇ ਦਾਊਦ ਨਾਲ ਇਹ ਵਾਅਦਾ ਕੀਤਾ ਸੀ ਜਿਸ ਬਾਰੇ ਮਰਿਯਮ ਜਾਣਦੀ ਸੀ। ਉਹ ਜਾਣਦੀ ਸੀ ਕਿ ਦਾਊਦ ਦੇ ਘਰਾਣੇ ਵਿੱਚੋਂ ਇਕ ਜਣਾ ਹਮੇਸ਼ਾ ਲਈ ਰਾਜ ਕਰੇਗਾ। (2 ਸਮੂਏਲ 7:12, 13) ਸੋ ਉਸ ਦੇ ਪੁੱਤਰ ਨੇ ਉਹ ਮਸੀਹਾ ਬਣਨਾ ਸੀ ਜਿਸ ਦੀ ਪਰਮੇਸ਼ੁਰ ਦੇ ਲੋਕ ਸਦੀਆਂ ਤੋਂ ਉਡੀਕ ਕਰ ਰਹੇ ਸਨ!
ਦੂਤ ਨੇ ਉਸ ਨੂੰ ਇਹ ਵੀ ਕਿਹਾ ਕਿ ਉਸ ਦਾ ਪੁੱਤਰ “ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ।” ਪਰ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਕਿੱਦਾਂ ਜਨਮ ਦੇ ਸਕਦੀ ਸੀ? ਮਰਿਯਮ ਨੇ ਵੀ ਸੋਚਿਆ ਹੋਵੇਗਾ ਕਿ ਉਹ ਪੁੱਤਰ ਕਿਵੇਂ ਪੈਦਾ ਕਰ ਸਕਦੀ ਸੀ ਕਿਉਂਕਿ ਯੂਸੁਫ਼ ਨਾਲ ਉਸ ਦੀ ਕੁੜਮਾਈ ਹੋਈ ਸੀ, ਵਿਆਹ ਨਹੀਂ ਸੀ ਹੋਇਆ! ਇਸ ਲਈ ਉਸ ਨੇ ਦੂਤ ਨੂੰ ਪੁੱਛਿਆ: “ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਅਜੇ ਕੁਆਰੀ ਹਾਂ।” (ਲੂਕਾ 1:34, CL) ਧਿਆਨ ਦਿਓ ਕਿ ਮਰਿਯਮ ਨੇ ਦੂਤ ਨਾਲ ਬਿਨਾਂ ਸ਼ਰਮਾਏ ਆਪਣੇ ਕੁਆਰੇਪਣ ਬਾਰੇ ਗੱਲ ਕੀਤੀ। ਉਸ ਨੇ ਆਪਣੇ ਕੁਆਰੇਪਣ ਨੂੰ ਬਰਕਰਾਰ ਰੱਖਿਆ ਸੀ। ਇਸ ਦੇ ਉਲਟ ਅੱਜ ਬਹੁਤ ਸਾਰੇ ਨੌਜਵਾਨ ਆਪਣੇ ਕੁਆਰੇਪਣ ਨੂੰ ਜਲਦੀ ਹੀ ਭੰਗ ਕਰ ਲੈਂਦੇ ਹਨ ਤੇ ਜੋ ਇੱਦਾਂ ਨਹੀਂ ਕਰਦੇ, ਉਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਹੈ। ਵਾਕਈ, ਦੁਨੀਆਂ ਵਿਚ ਨੈਤਿਕ ਮਿਆਰਾਂ ਦੀ ਕੋਈ ਕਦਰ ਨਹੀਂ। ਪਰ ਯਹੋਵਾਹ ਦੇ ਮਿਆਰ ਅਟੱਲ ਰਹਿੰਦੇ ਹਨ। (ਮਲਾਕੀ 3:6) ਮਰਿਯਮ ਦੇ ਦਿਨਾਂ ਦੀ ਤਰ੍ਹਾਂ ਅੱਜ ਵੀ ਯਹੋਵਾਹ ਉਨ੍ਹਾਂ ਲੋਕਾਂ ਦੀ ਕਦਰ ਕਰਦਾ ਹੈ ਜੋ ਉਸ ਦੇ ਉੱਚੇ-ਸੁੱਚੇ ਅਸੂਲਾਂ ʼਤੇ ਚੱਲਦੇ ਹਨ।—ਇਬਰਾਨੀਆਂ 13:4.
ਭਾਵੇਂ ਕਿ ਮਰਿਯਮ ਯਹੋਵਾਹ ਦੀ ਵਫ਼ਾਦਾਰ ਸੇਵਕ ਸੀ, ਪਰ ਉਹ ਨਾਮੁਕੰਮਲ ਸੀ। ਤਾਂ ਫਿਰ ਉਹ ਪਰਮੇਸ਼ੁਰ ਦੇ ਮੁਕੰਮਲ ਪੁੱਤਰ ਨੂੰ ਜਨਮ ਕਿਵੇਂ ਦੇ ਸਕਦੀ ਸੀ? ਜਿਬਰਾਏਲ ਨੇ ਉੱਤਰ ਦਿੱਤਾ: ‘ਪਵਿੱਤ੍ਰ ਸ਼ਕਤੀ ਤੇਰੇ ਉੱਪਰ ਆਵੇਗੀ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।’ (ਲੂਕਾ 1:35) ਪਵਿੱਤਰ ਦਾ ਮਤਲਬ ਹੈ “ਸਾਫ਼-ਸੁਥਰਾ,” “ਸ਼ੁੱਧ” ਤੇ “ਪਾਕ।” ਬੱਚੇ ਆਪਣੇ ਨਾਮੁਕੰਮਲ ਮਾਪਿਆਂ ਤੋਂ ਵਿਰਸੇ ਵਿਚ ਨਾਮੁਕੰਮਲਤਾ ਹੀ ਪਾਉਂਦੇ ਹਨ। ਪਰ ਮਰਿਯਮ ਦੇ ਮਾਮਲੇ ਵਿਚ ਯਹੋਵਾਹ ਨੇ ਚਮਤਕਾਰ ਕਰਨਾ ਸੀ। ਉਸ ਨੇ ਸਵਰਗ ਤੋਂ ਆਪਣੇ ਪੁੱਤਰ ਦਾ ਜੀਵਨ ਮਰਿਯਮ ਦੀ ਕੁੱਖ ਵਿਚ ਪਾ ਦੇਣਾ ਸੀ ਅਤੇ ਆਪਣੀ ਪਵਿੱਤਰ ਸ਼ਕਤੀ ਨਾਲ ਮਰਿਯਮ ʼਤੇ “ਛਾਇਆ” ਕਰ ਕੇ ਬੱਚੇ ਵਿਚ ਕਿਸੇ ਵੀ ਤਰ੍ਹਾਂ ਦਾ ਪਾਪ ਨਹੀਂ ਸੀ ਆਉਣ ਦੇਣਾ। ਕੀ ਮਰਿਯਮ ਨੇ ਦੂਤ ਦੀ ਗੱਲ ʼਤੇ ਭਰੋਸਾ ਕੀਤਾ? ਉਸ ਨੇ ਦੂਤ ਦੀ ਗੱਲ ਦਾ ਕੀ ਜਵਾਬ ਦਿੱਤਾ?
ਜਿਬਰਾਏਲ ਨੂੰ ਮਰਿਯਮ ਦਾ ਜਵਾਬ
ਇਸ ਚਮਤਕਾਰ ਉੱਤੇ ਭਰੋਸਾ ਨਾ ਕਰਨ ਵਾਲੇ ਲੋਕਾਂ, ਜਿਨ੍ਹਾਂ ਵਿਚ ਈਸਾਈ-ਜਗਤ ਦੇ ਕੁਝ ਵਿਦਵਾਨ ਵੀ ਸ਼ਾਮਲ ਹਨ, ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਇਕ ਕੁਆਰੀ ਕੁੜੀ ਬੱਚੇ ਨੂੰ ਕਿਵੇਂ ਜਨਮ ਦੇ ਸਕਦੀ ਹੈ। ਗਿਆਨੀ-ਧਿਆਨੀ ਹੋਣ ਦੇ ਬਾਵਜੂਦ ਵੀ ਉਹ ਸੌਖੀ ਜਿਹੀ ਗੱਲ ਨਹੀਂ ਸਮਝ ਸਕੇ। ਜਿਬਰਾਏਲ ਨੇ ਕਿਹਾ ਸੀ: “ਪਰਮੇਸ਼ੁਰ ਦੇ ਲਈ ਕੁਝ ਵੀ ਅਸੰਭਵ ਨਹੀਂ।” (ਲੂਕਾ 1:37, CL) ਮਰਿਯਮ ਨੇ ਜਿਬਰਾਏਲ ਦੀ ਗੱਲ ʼਤੇ ਵਿਸ਼ਵਾਸ ਕੀਤਾ ਕਿਉਂਕਿ ਉਸ ਨੂੰ ਪਰਮੇਸ਼ੁਰ ਵਿਚ ਪੱਕੀ ਨਿਹਚਾ ਸੀ। ਇਹ ਕੋਈ ਅੰਧ-ਵਿਸ਼ਵਾਸ ਨਹੀਂ ਸੀ। ਕਿਸੇ ਵੀ ਸਮਝਦਾਰ ਇਨਸਾਨ ਦੀ ਤਰ੍ਹਾਂ ਮਰਿਯਮ ਨੂੰ ਨਿਹਚਾ ਕਰਨ ਲਈ ਸਬੂਤ ਦੀ ਲੋੜ ਸੀ। ਜਿਬਰਾਏਲ ਸਬੂਤ ਦੇਣ ਨੂੰ ਤਿਆਰ ਸੀ। ਉਸ ਨੇ ਮਰਿਯਮ ਨੂੰ ਉਸ ਦੀ ਬਿਰਧ ਰਿਸ਼ਤੇਦਾਰ ਇਲੀਸਬਤ ਬਾਰੇ ਦੱਸਿਆ ਜੋ ਬਾਂਝ ਸੀ। ਯਹੋਵਾਹ ਨੇ ਉਸ ਦੀ ਗੋਦ ਵੀ ਹਰੀ ਕਰ ਦਿੱਤੀ ਸੀ!
ਮਰਿਯਮ ਹੁਣ ਕੀ ਕਰੇਗੀ? ਉਸ ਨੇ ਇਕ ਬੱਚੇ ਨੂੰ ਜਨਮ ਦੇਣਾ ਸੀ ਅਤੇ ਯਹੋਵਾਹ ਨੇ ਉਸੇ ਤਰ੍ਹਾਂ ਕਰਨਾ ਸੀ ਜੋ ਜਿਬਰਾਏਲ ਨੇ ਉਸ ਨੂੰ ਕਿਹਾ ਸੀ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮਰਿਯਮ ਉੱਤੇ ਕੋਈ ਮੁਸ਼ਕਲ ਨਹੀਂ ਸੀ ਆਉਣੀ। ਮਿਸਾਲ ਲਈ, ਉਸ ਨੂੰ ਯੂਸੁਫ਼ ਨਾਲ ਹੋਈ ਆਪਣੀ ਕੁੜਮਾਈ ਦਾ ਫ਼ਿਕਰ ਸੀ। ਕੀ ਯੂਸੁਫ਼ ਉਸ ਨਾਲ ਵਿਆਹ ਕਰਨ ਲਈ ਤਿਆਰ ਹੋਵੇਗਾ ਜਦ ਉਸ ਨੂੰ ਪਤਾ ਲੱਗੇਗਾ ਕਿ ਉਹ ਗਰਭਵਤੀ ਸੀ? ਇਸ ਤੋਂ ਇਲਾਵਾ, ਉਸ ਨੂੰ ਸ਼ਾਇਦ ਇਸ ਗੱਲ ਦੀ ਵੀ ਚਿੰਤਾ ਸੀ ਕਿ ਉਹ ਯਹੋਵਾਹ ਦਾ ਕੰਮ ਕਰ ਪਾਏਗੀ ਜਾਂ ਨਹੀਂ। ਉਸ ਦੀ ਕੁੱਖ ਵਿਚ ਪਰਮੇਸ਼ੁਰ ਦੇ ਸਭ ਤੋਂ ਪਿਆਰੇ ਪੁੱਤਰ ਨੇ ਪਲਣਾ ਸੀ। ਉਸ ਨੇ ਦੁਸ਼ਟ ਸੰਸਾਰ ਵਿਚ ਇਸ ਨੰਨ੍ਹੀ ਜਾਨ ਦੀ ਦੇਖ-ਭਾਲ ਤੇ ਰੱਖਿਆ ਕਰਨੀ ਸੀ। ਵਾਕਈ, ਕਿੰਨੀ ਵੱਡੀ ਜ਼ਿੰਮੇਵਾਰੀ!
ਬਾਈਬਲ ਵਿਚ ਦੱਸਿਆ ਹੈ ਕਿ ਪੱਕੀ ਨਿਹਚਾ ਕਰਨ ਵਾਲੇ ਬੰਦੇ ਵੀ ਪਰਮੇਸ਼ੁਰ ਦਾ ਕੰਮ ਕਰਨ ਤੋਂ ਹਿਚਕਿਚਾਏ ਸਨ। ਜਦੋਂ ਪਰਮੇਸ਼ੁਰ ਨੇ ਆਪਣੇ ਭਗਤ ਮੂਸਾ ਨੂੰ ਫ਼ਿਰਾਊਨ ਨਾਲ ਗੱਲ ਕਰਨ ਲਈ ਭੇਜਿਆ ਸੀ, ਤਾਂ ਮੂਸਾ ਨੇ ਕਿਹਾ ਸੀ ਕਿ ਉਸ ਨੂੰ ਚੰਗੀ ਤਰ੍ਹਾਂ ਬੋਲਣਾ ਨਹੀਂ ਸੀ ਆਉਂਦਾ। (ਕੂਚ 4:10) ਯਿਰਮਿਯਾਹ ਨੇ ਕਿਹਾ ਸੀ ਕਿ ਉਹ ਅਜੇ “ਛੋਕਰਾ” ਸੀ ਜਿਸ ਕਰਕੇ ਉਹ ਪਰਮੇਸ਼ੁਰ ਦੇ ਨਬੀ ਵਜੋਂ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਸੀ ਕਰ ਸਕਦਾ। (ਯਿਰਮਿਯਾਹ 1:6) ਅਤੇ ਯੂਨਾਹ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਭੱਜ ਗਿਆ ਸੀ। (ਯੂਨਾਹ 1:3) ਮਰਿਯਮ ਬਾਰੇ ਕੀ?
ਮਰਿਯਮ ਦੇ ਸ਼ਬਦਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਨਿਮਰਤਾ ਦੀ ਮਿਸਾਲ ਸੀ ਤੇ ਆਗਿਆਕਾਰ ਸੀ। ਉਸ ਨੇ ਜਿਬਰਾਏਲ ਨੂੰ ਕਿਹਾ: “ਮੈਂ ਪਰਮੇਸ਼ੁਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸਾਂ ਨੇ ਕਿਹਾ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।” (ਲੂਕਾ 1:38, CL) ਦਾਸੀ ਸਭ ਤੋਂ ਨੀਵਾਂ ਦਰਜਾ ਹੁੰਦਾ ਸੀ ਤੇ ਉਸ ਦੀ ਪੂਰੀ ਜ਼ਿੰਦਗੀ ਉਸ ਦੇ ਮਾਲਕ ਦੇ ਹੱਥਾਂ ਵਿਚ ਹੁੰਦੀ ਸੀ। ਮਰਿਯਮ ਨੇ ਵੀ ਆਪਣੀ ਜ਼ਿੰਦਗੀ ਆਪਣੇ ਮਾਲਕ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੱਤੀ ਸੀ। ਉਹ ਜਾਣਦੀ ਸੀ ਕਿ ਉਹ ਯਹੋਵਾਹ ਦੇ ਹੱਥਾਂ ਵਿਚ ਸੁਰੱਖਿਅਤ ਸੀ ਅਤੇ ਯਹੋਵਾਹ ਉਨ੍ਹਾਂ ਨਾਲ ਵਫ਼ਾਦਾਰ ਰਹਿੰਦਾ ਹੈ ਜੋ ਉਸ ਨਾਲ ਵਫ਼ਾਦਾਰ ਰਹਿੰਦੇ ਹਨ। ਉਸ ਨੂੰ ਇਹ ਵੀ ਪਤਾ ਸੀ ਕਿ ਜੇ ਉਸ ਨੇ ਆਪਣੀ ਜ਼ਿੰਮੇਵਾਰੀ ਪੂਰੀ ਵਾਹ ਲਾ ਕੇ ਪੂਰੀ ਕੀਤੀ, ਤਾਂ ਯਹੋਵਾਹ ਉਸ ਨੂੰ ਬਰਕਤ ਦੇਵੇਗਾ।—ਜ਼ਬੂਰਾਂ ਦੀ ਪੋਥੀ 18:25.
ਕਦੇ-ਕਦੇ ਯਹੋਵਾਹ ਸਾਨੂੰ ਉਹ ਕੰਮ ਕਰਨ ਨੂੰ ਕਹਿੰਦਾ ਹੈ ਜੋ ਸ਼ਾਇਦ ਸਾਨੂੰ ਔਖਾ ਲੱਗੇ ਜਾਂ ਅਸੀਂ ਸੋਚੀਏ ਕਿ ਇਹ ਕੰਮ ਸਾਡੇ ਤੋਂ ਕਦੇ ਪੂਰਾ ਨਹੀਂ ਹੋਵੇਗਾ। ਪਰ ਆਪਣੇ ਬਚਨ ਵਿਚ ਉਹ ਸਾਨੂੰ ਉਸ ʼਤੇ ਭਰੋਸਾ ਕਰਨ ਦੇ ਕਈ ਕਾਰਨ ਦੱਸਦਾ ਹੈ ਤਾਂਕਿ ਅਸੀਂ ਮਰਿਯਮ ਦੀ ਤਰ੍ਹਾਂ ਆਪਣੀ ਜ਼ਿੰਦਗੀ ਯਹੋਵਾਹ ਦੇ ਹੱਥਾਂ ਵਿਚ ਸੌਂਪ ਦੇਈਏ। (ਕਹਾਉਤਾਂ 3:5, 6) ਕੀ ਅਸੀਂ ਇੱਦਾਂ ਕਰਾਂਗੇ? ਜੇ ਹਾਂ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ ਅਤੇ ਸਾਡੀ ਨਿਹਚਾ ਹੋਰ ਵੀ ਤਕੜੀ ਹੋਵੇਗੀ।
ਇਲੀਸਬਤ ਨਾਲ ਮੁਲਾਕਾਤ
ਇਲੀਸਬਤ ਨੂੰ ਕਹੇ ਜਿਬਰਾਏਲ ਦੇ ਸ਼ਬਦ ਮਰਿਯਮ ਲਈ ਬਹੁਤ ਮਾਅਨੇ ਰੱਖਦੇ ਸਨ। ਦੁਨੀਆਂ ਦੀ ਕਿਹੜੀ ਔਰਤ ਮਰਿਯਮ ਨੂੰ ਸਮਝ ਸਕਦੀ ਸੀ? ਮਰਿਯਮ ਛੇਤੀ ਨਾਲ ਯਹੂਦਾਹ ਦੇ ਪਹਾੜੀ ਇਲਾਕੇ ਵੱਲ ਚਲੇ ਗਈ ਜੋ ਕਿ ਸ਼ਾਇਦ ਤਿੰਨ ਜਾਂ ਚਾਰ ਦਿਨਾਂ ਦਾ ਸਫ਼ਰ ਸੀ। ਉਹ ਇਲੀਸਬਤ ਤੇ ਉਸ ਦੇ ਪਤੀ ਜ਼ਕਰਯਾਹ ਦੇ ਘਰ ਗਈ। ਜਿਉਂ ਹੀ ਉਸ ਨੇ ਉਨ੍ਹਾਂ ਦੇ ਘਰ ਪੈਰ ਰੱਖਿਆ, ਤਾਂ ਯਹੋਵਾਹ ਨੇ ਉਸ ਦੀ ਨਿਹਚਾ ਮਜ਼ਬੂਤ ਕਰਨ ਲਈ ਉਸ ਨੂੰ ਇਕ ਹੋਰ ਸਬੂਤ ਦਿੱਤਾ। ਮਰਿਯਮ ਦਾ ਪ੍ਰਣਾਮ ਸੁਣਦਿਆਂ ਸਾਰ ਬੱਚਾ ਇਲੀਸਬਤ ਦੀ ਕੁੱਖ ਵਿਚ ਖ਼ੁਸ਼ੀ ਨਾਲ ਉੱਛਲ ਪਿਆ। ਇਲੀਸਬਤ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਭਰ ਗਈ ਤੇ ਮਰਿਯਮ ਨੂੰ “ਮੇਰੇ ਪ੍ਰਭੁ ਦੀ ਮਾਤਾ” ਕਿਹਾ। ਪਰਮੇਸ਼ੁਰ ਨੇ ਇਲੀਸਬਤ ਨੂੰ ਦੱਸਿਆ ਕਿ ਮਰਿਯਮ ਨੇ ਉਸ ਪ੍ਰਭੂ ਦੀ ਮਾਂ ਬਣਨਾ ਸੀ ਜੋ ਮਸੀਹਾ ਕਹਾਵੇਗਾ। ਅੱਗੋਂ ਇਲੀਸਬਤ ਨੇ ਮਰਿਯਮ ਦੀ ਆਗਿਆਕਾਰੀ ਦੇਖ ਕੇ ਉਸ ਦੀ ਸ਼ਲਾਘਾ ਕਰਦੇ ਹੋਏ ਕਿਹਾ: “ਧੰਨ ਹੈ ਉਹ ਜਿਨ ਪਰਤੀਤ ਕੀਤੀ।” (ਲੂਕਾ 1:39-45) ਜੀ ਹਾਂ, ਯਹੋਵਾਹ ਨੇ ਮਰਿਯਮ ਨੂੰ ਜੋ ਕੁਝ ਕਿਹਾ ਸੀ, ਉਹ ਪੂਰਾ ਹੋਣਾ ਸੀ!
ਅੱਗੋਂ ਮਰਿਯਮ ਨੇ ਜੋ ਕੁਝ ਕਿਹਾ, ਉਹ ਲੂਕਾ 1:46-55 ਵਿਚ ਦਰਜ ਹੈ। ਬਾਈਬਲ ਵਿਚ ਦਰਜ ਇਹ ਉਸ ਦੀ ਸਭ ਤੋਂ ਲੰਬੀ ਗੱਲਬਾਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਸ਼ੁਕਰਗੁਜ਼ਾਰ ਸੀ ਕਿ ਯਹੋਵਾਹ ਨੇ ਉਸ ਨੂੰ ਮਸੀਹਾ ਦੀ ਮਾਂ ਬਣਨ ਦਾ ਸਨਮਾਨ ਬਖ਼ਸ਼ਿਆ। ਉਸ ਦੀ ਪੱਕੀ ਨਿਹਚਾ ਬਾਰੇ ਵੀ ਪਤਾ ਲੱਗਦਾ ਹੈ ਜਦੋਂ ਉਸ ਨੇ ਕਿਹਾ ਕਿ ਯਹੋਵਾਹ ਨੇ ਹੰਕਾਰੀਆਂ ਨੂੰ ਨੀਵਾਂ ਕੀਤਾ ਅਤੇ ਬਲਵੰਤਾਂ ਨੂੰ ਗੱਦੀਓਂ ਲਾਹ ਮਾਰਿਆ ਅਤੇ ਹਲੀਮਾਂ ਅਤੇ ਗ਼ਰੀਬਾਂ ਦੀ ਸਹਾਇਤਾ ਕੀਤੀ ਜੋ ਉਸ ਨੂੰ ਭਾਲਦੇ ਸਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਕੋਲ ਕਿੰਨਾ ਗਿਆਨ ਸੀ ਕਿਉਂਕਿ ਇਕ ਅੰਦਾਜ਼ੇ ਮੁਤਾਬਕ ਉਸ ਨੇ ਇਬਰਾਨੀ ਸ਼ਾਸਤਰ ਵਿੱਚੋਂ 20 ਤੋਂ ਜ਼ਿਆਦਾ ਹਵਾਲੇ ਦਿੱਤੇ ਸਨ!
ਇਸ ਤੋਂ ਸਪੱਸ਼ਟ ਹੈ ਕਿ ਮਰਿਯਮ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਉੱਤੇ ਸੋਚ-ਵਿਚਾਰ ਕਰਦੀ ਸੀ। ਜ਼ਿਆਦਾ ਗਿਆਨ ਹੋਣ ਦੇ ਬਾਵਜੂਦ ਉਹ ਨਿਮਰ ਰਹੀ ਅਤੇ ਆਪਣੀ ਰਾਇ ਦੇਣ ਦੀ ਬਜਾਇ ਉਸ ਨੇ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ। ਉਸ ਦੀ ਕੁੱਖ ਵਿਚ ਪਲ ਰਹੇ ਬੱਚੇ ਨੇ ਵੀ ਇਕ ਦਿਨ ਉਸੇ ਦੀ ਤਰ੍ਹਾਂ ਕਰਦੇ ਹੋਏ ਕਹਿਣਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰਨਾ 7:16) ਚੰਗਾ ਹੋਵੇਗਾ ਜੇ ਅਸੀਂ ਆਪਣੇ ਆਪ ਤੋਂ ਪੁੱਛੀਏ: ‘ਕੀ ਮੈਂ ਪਰਮੇਸ਼ੁਰ ਦੇ ਬਚਨ ਲਈ ਅਜਿਹੀ ਸ਼ਰਧਾ ਰੱਖਦਾ ਹਾਂ? ਜਾਂ ਫਿਰ ਕੀ ਮੈਂ ਆਪਣੇ ਵਿਚਾਰਾਂ ਅਤੇ ਸਿੱਖਿਆਵਾਂ ਨੂੰ ਤਰਜੀਹ ਦਿੰਦਾ ਹਾਂ?’ ਮਰਿਯਮ ਦੇ ਸ਼ਬਦਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਜਵਾਬ ਕੀ ਹੋਣਾ ਚਾਹੀਦਾ ਹੈ।
ਮਰਿਯਮ ਇਲੀਸਬਤ ਨਾਲ ਤਿੰਨ ਮਹੀਨੇ ਰਹੀ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਇਕ-ਦੂਜੇ ਨੂੰ ਬਹੁਤ ਹੌਸਲਾ ਦਿੱਤਾ ਹੋਵੇਗਾ। (ਲੂਕਾ 1:56) ਇਨ੍ਹਾਂ ਔਰਤਾਂ ਦੀ ਦੋਸਤੀ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਕਿਨ੍ਹਾਂ ਲੋਕਾਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ। ਜੇ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਾਂਗੇ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਅਸੀਂ ਯਹੋਵਾਹ ਦੇ ਕਰੀਬ ਜਾਵਾਂਗੇ ਅਤੇ ਸਾਡੀ ਨਿਹਚਾ ਤਕੜੀ ਹੋਵੇਗੀ। (ਕਹਾਉਤਾਂ 13:20) ਹੁਣ ਮਰਿਯਮ ਦਾ ਘਰ ਜਾਣ ਦਾ ਸਮਾਂ ਆ ਗਿਆ ਸੀ। ਸੋ ਜਦ ਯੂਸੁਫ਼ ਨੂੰ ਪਤਾ ਲੱਗਾ ਕਿ ਮਰਿਯਮ ਗਰਭਵਤੀ ਸੀ, ਤਾਂ ਉਸ ਨੇ ਕੀ ਕੀਤਾ?
ਮਰਿਯਮ ਤੇ ਯੂਸੁਫ਼
ਮਰਿਯਮ ਨੇ ਉਹ ਵਕਤ ਆਉਣ ਦਾ ਇੰਤਜ਼ਾਰ ਨਹੀਂ ਕੀਤਾ ਜਦ ਯੂਸੁਫ਼ ਨੂੰ ਆਪਣੇ ਆਪ ਪਤਾ ਲੱਗ ਜਾਣਾ ਸੀ ਕਿ ਉਹ ਗਰਭਵਤੀ ਸੀ। ਉਸ ਨੂੰ ਜਲਦੀ ਹੀ ਯੂਸੁਫ਼ ਨੂੰ ਦੱਸਣ ਦੀ ਲੋੜ ਸੀ। ਸਾਰੀ ਗੱਲ ਦੱਸਣ ਤੋਂ ਪਹਿਲਾਂ ਉਸ ਨੇ ਸੋਚਿਆ ਹੋਣਾ ਕਿ ਇਹ ਭਲਾਮਾਣਸ ਤੇ ਧਰਮੀ ਬੰਦਾ ਉਸ ਦੀ ਗੱਲ ਸੁਣ ਕੇ ਕੀ ਸੋਚੇਗਾ। ਪਰ ਉਸ ਨੇ ਯੂਸੁਫ਼ ਨੂੰ ਸਾਰੀ ਗੱਲ ਦੱਸ ਦਿੱਤੀ। ਯੂਸੁਫ਼ ਬਹੁਤ ਪਰੇਸ਼ਾਨ ਹੋ ਗਿਆ। ਉਹ ਆਪਣੀ ਮੰਗੇਤਰ ʼਤੇ ਯਕੀਨ ਕਰਨਾ ਚਾਹੁੰਦਾ ਸੀ। ਪਰ ਜੋ ਕੁਝ ਮਰਿਯਮ ਨੇ ਉਸ ਨੂੰ ਦੱਸਿਆ ਸੀ, ਉਹ ਪਹਿਲਾਂ ਕਦੇ ਹੋਇਆ ਨਹੀਂ ਸੀ। ਬਾਈਬਲ ਇਹ ਨਹੀਂ ਦੱਸਦੀ ਕਿ ਯੂਸੁਫ਼ ਦੇ ਮਨ ਵਿਚ ਕਿਹੜੇ ਖ਼ਿਆਲ ਆਏ ਜਾਂ ਉਨ੍ਹਾਂ ਦੀ ਆਪਸ ਵਿਚ ਕੀ ਗੱਲਬਾਤ ਹੋਈ। ਪਰ ਇਹ ਜ਼ਰੂਰ ਦੱਸਦੀ ਹੈ ਕਿ ਉਸ ਨੇ ਉਸ ਨੂੰ ਤਲਾਕ ਦੇਣ ਬਾਰੇ ਸੋਚਿਆ ਕਿਉਂਕਿ ਉਸ ਵੇਲੇ ਕੁੜਮਾਈ ਨੂੰ ਵਿਆਹ ਹੀ ਸਮਝਿਆ ਜਾਂਦਾ ਸੀ। ਉਹ ਇਹ ਨਹੀਂ ਸੀ ਚਾਹੁੰਦਾ ਕਿ ਲੋਕਾਂ ਵਿਚ ਉਹ ਜ਼ਲੀਲ ਹੋਵੇ ਜਾਂ ਉਸ ਨੂੰ ਕੋਈ ਸਜ਼ਾ ਦਿੱਤੀ ਜਾਵੇ, ਇਸ ਲਈ ਉਸ ਨੇ ਮਰਿਯਮ ਨੂੰ ਚੁੱਪ-ਚਪੀਤੇ ਤਲਾਕ ਦੇਣ ਦੀ ਸੋਚੀ। (ਮੱਤੀ 1:18, 19) ਮਰਿਯਮ ਨੂੰ ਇਹ ਦੇਖ ਕੇ ਚੰਗਾ ਨਹੀਂ ਲੱਗਾ ਹੋਵੇਗਾ ਕਿ ਯੂਸੁਫ਼ ਉਸ ਦੇ ਕਾਰਨ ਦੁਖੀ ਸੀ। ਪਰ ਮਰਿਯਮ ਉਸ ਨਾਲ ਗੁੱਸੇ ਨਹੀਂ ਹੋਈ।
ਯਹੋਵਾਹ ਨੇ ਯੂਸੁਫ਼ ਨੂੰ ਮਰਿਯਮ ਨੂੰ ਤਲਾਕ ਨਹੀਂ ਦੇਣ ਦਿੱਤਾ। ਸੁਪਨੇ ਵਿਚ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਕਿਹਾ ਕਿ ਮਰਿਯਮ ਯਹੋਵਾਹ ਦੇ ਚਮਤਕਾਰ ਨਾਲ ਗਰਭਵਤੀ ਹੋਈ ਸੀ। ਯੂਸੁਫ਼ ਨੂੰ ਕਿੰਨੀ ਰਾਹਤ ਮਿਲੀ ਹੋਣੀ! ਯੂਸੁਫ਼ ਨੇ ਵੀ ਮਰਿਯਮ ਦੀ ਤਰ੍ਹਾਂ ਯਹੋਵਾਹ ਦੇ ਕਹਿਣੇ ਅਨੁਸਾਰ ਕੀਤਾ। ਉਸ ਨੇ ਮਰਿਯਮ ਨਾਲ ਵਿਆਹ ਕਰ ਲਿਆ ਅਤੇ ਯਹੋਵਾਹ ਦੇ ਪੁੱਤਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।—ਮੱਤੀ 1:20-24.
ਅੱਜ ਸ਼ਾਦੀ-ਸ਼ੁਦਾ ਲੋਕ ਅਤੇ ਵਿਆਹ ਕਰਨ ਬਾਰੇ ਸੋਚ ਰਹੇ ਲੋਕ ਵੀ ਇਸ 2,000 ਸਾਲ ਪਹਿਲਾਂ ਰਹਿੰਦੇ ਜੋੜੇ ਕੋਲੋਂ ਕੁਝ ਸਿੱਖ ਸਕਦੇ ਹਨ। ਜਦੋਂ ਯੂਸੁਫ਼ ਨੇ ਆਪਣੀ ਪਤਨੀ ਨੂੰ ਮਾਂ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਦੇਖਿਆ, ਤਾਂ ਉਹ ਖ਼ੁਸ਼ ਸੀ ਕਿ ਉਸ ਨੇ ਯਹੋਵਾਹ ਦੇ ਦੂਤ ਦੀ ਗੱਲ ਮੰਨੀ ਸੀ। ਯੂਸੁਫ਼ ਨੇ ਵੱਡੇ-ਵੱਡੇ ਫ਼ੈਸਲੇ ਕਰਨ ਲੱਗਿਆਂ ਸੋਚਿਆ ਹੋਣਾ ਕਿ ਯਹੋਵਾਹ ʼਤੇ ਭਰੋਸਾ ਰੱਖਣਾ ਕਿੰਨਾ ਜ਼ਰੂਰੀ ਹੈ। (ਜ਼ਬੂਰਾਂ ਦੀ ਪੋਥੀ 37:5; ਕਹਾਉਤਾਂ 18:13) ਪਰਿਵਾਰ ਦੇ ਸਿਰ ਵਜੋਂ ਉਸ ਨੇ ਸਮਝਦਾਰੀ ਨਾਲ ਹੀ ਫ਼ੈਸਲੇ ਕੀਤੇ ਹੋਣੇ ਅਤੇ ਆਪਣੇ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆਇਆ ਹੋਣਾ।
ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਮਰਿਯਮ ਯੂਸੁਫ਼ ਨਾਲ ਵਿਆਹ ਕਰਨ ਲਈ ਤਿਆਰ ਸੀ? ਭਾਵੇਂ ਕਿ ਪਹਿਲਾਂ-ਪਹਿਲਾਂ ਯੂਸੁਫ਼ ਨੂੰ ਮਰਿਯਮ ਦੀ ਗੱਲ ਸਮਝਣੀ ਔਖੀ ਲੱਗੀ, ਫਿਰ ਵੀ ਮਰਿਯਮ ਨੇ ਸਾਰੀ ਗੱਲ ਯੂਸੁਫ਼ ʼਤੇ ਛੱਡ ਦਿੱਤੀ ਕਿਉਂਕਿ ਉਸ ਨੇ ਹੀ ਪਰਿਵਾਰ ਦੇ ਸਿਰ ਵਜੋਂ ਫ਼ੈਸਲੇ ਕਰਨੇ ਸਨ। ਇਹ ਮਰਿਯਮ ਲਈ ਚੰਗੀ ਗੱਲ ਸੀ ਜਿਸ ਤੋਂ ਅੱਜ ਮਸੀਹੀ ਭੈਣਾਂ ਵੀ ਕੁਝ ਸਿੱਖ ਸਕਦੀਆਂ ਹਨ। ਮਰਿਯਮ ਤੇ ਯੂਸੁਫ਼ ਨਾਲ ਜੋ ਕੁਝ ਹੋਇਆ, ਉਸ ਤੋਂ ਇਨ੍ਹਾਂ ਦੋਹਾਂ ਨੇ ਈਮਾਨਦਾਰੀ ਅਤੇ ਖੁੱਲ੍ਹ ਕੇ ਗੱਲ ਕਰਨ ਦੀ ਅਹਿਮੀਅਤ ਨੂੰ ਸਮਝਿਆ।
ਮਰਿਯਮ ਤੇ ਯੂਸੁਫ਼ ਯਹੋਵਾਹ ਪਰਮੇਸ਼ੁਰ ਨੂੰ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਪਿਆਰ ਕਰਦੇ ਸੀ ਤੇ ਮਾਪਿਆਂ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਕੇ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਚੰਗੀ ਨੀਂਹ ਉੱਤੇ ਵਿਆਹ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣ ਵਾਲੀਆਂ ਸਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪੈਣਾ ਸੀ। ਉਨ੍ਹਾਂ ਨੇ ਯਿਸੂ ਦੀ ਪਰਵਰਿਸ਼ ਕਰਨੀ ਸੀ ਜਿਸ ਨੇ ਦੁਨੀਆਂ ਦਾ ਸਭ ਤੋਂ ਮਹਾਨ ਮਨੁੱਖ ਬਣਨਾ ਸੀ। (w08 7/1)