“ਮੇਰੇ ਬਚਨ ਤੇ ਖਲੋਤੇ ਰਹੋ”
“ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 8:31.
1. (ੳ) ਜਦੋਂ ਯਿਸੂ ਸਵਰਗ ਨੂੰ ਵਾਪਸ ਗਿਆ, ਤਾਂ ਉਹ ਧਰਤੀ ਉੱਤੇ ਕੀ ਛੱਡ ਕੇ ਗਿਆ ਸੀ? (ਅ) ਅਸੀਂ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?
ਜਦੋਂ ਮਸੀਹੀ ਧਰਮ ਦਾ ਮੋਢੀ ਯਿਸੂ ਸਵਰਗ ਨੂੰ ਵਾਪਸ ਗਿਆ, ਤਾਂ ਉਹ ਧਰਤੀ ਉੱਤੇ ਕਿਤਾਬਾਂ ਲਿਖ ਕੇ, ਇਮਾਰਤਾਂ ਬਣਾ ਕੇ ਜਾਂ ਧੰਨ ਇਕੱਠਾ ਕਰ ਕੇ ਨਹੀਂ ਗਿਆ ਸੀ। ਪਰ ਉਸ ਨੇ ਆਪਣੇ ਚੇਲੇ ਜ਼ਰੂਰ ਪਿੱਛੇ ਛੱਡੇ ਸਨ ਅਤੇ ਇਸ ਦੇ ਨਾਲ-ਨਾਲ ਚੇਲੇ ਬਣਨ ਲਈ ਕੁਝ ਜ਼ਰੂਰੀ ਮੰਗਾਂ ਪਿੱਛੇ ਛੱਡੀਆਂ ਸਨ। ਦਰਅਸਲ, ਯੂਹੰਨਾ ਦੀ ਇੰਜੀਲ ਵਿਚ ਯਿਸੂ ਨੇ ਤਿੰਨ ਖ਼ਾਸ ਮੰਗਾਂ ਦਾ ਜ਼ਿਕਰ ਕੀਤਾ ਸੀ। ਜਿਹੜੇ ਲੋਕ ਉਸ ਦੇ ਚੇਲੇ ਬਣਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਇਹ ਮੰਗਾਂ ਕੀ ਹਨ? ਅਸੀਂ ਇਨ੍ਹਾਂ ਨੂੰ ਪੂਰੀਆਂ ਕਿਵੇਂ ਕਰ ਸਕਦੇ ਹਾਂ? ਨਾਲੇ ਅਸੀਂ ਕਿਸ ਤਰ੍ਹਾਂ ਨਿਸ਼ਚਿਤ ਕਰ ਸਕਦੇ ਹਾਂ ਕਿ ਅਸੀਂ ਨਿੱਜੀ ਤੌਰ ਤੇ ਮਸੀਹ ਦੇ ਚੇਲੇ ਬਣਨ ਦੇ ਯੋਗ ਹਾਂ?a
2. ਚੇਲੇ ਬਣਨ ਦੇ ਸੰਬੰਧ ਵਿਚ ਇਕ ਜ਼ਰੂਰੀ ਮੰਗ ਕੀ ਹੈ?
2 ਆਪਣੀ ਮੌਤ ਤੋਂ ਕੁਝ ਛੇ ਮਹੀਨੇ ਪਹਿਲਾਂ ਯਿਸੂ ਯਰੂਸ਼ਲਮ ਨੂੰ ਗਿਆ ਸੀ। ਉੱਥੇ ਉਸ ਨੇ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਜੋ ਇਕ ਹਫ਼ਤੇ ਲਈ ਡੇਰਿਆਂ ਦਾ ਪਰਬ ਮਨਾਉਣ ਲਈ ਇਕੱਠੇ ਹੋਏ ਸਨ। ਇਸ ਦੇ ਨਤੀਜੇ ਵਜੋਂ ਹਫ਼ਤੇ ਦੇ ਅੱਧ ਵਿਚ “ਉਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ।” ਯਿਸੂ ਪ੍ਰਚਾਰ ਕਰਦਾ ਰਿਹਾ ਜਿਸ ਕਾਰਨ ਤਿਉਹਾਰ ਦੇ ਅਖ਼ੀਰਲੇ ਦਿਨ ਵੀ “ਬਹੁਤਿਆਂ ਨੇ ਉਹ ਦੇ ਉੱਤੇ ਨਿਹਚਾ ਕੀਤੀ।” (ਯੂਹੰਨਾ 7:10, 14, 31, 37; 8:30) ਇਸ ਮੌਕੇ ਤੇ ਯਿਸੂ ਨੇ ਇਨ੍ਹਾਂ ਨਵੇਂ ਚੇਲਿਆਂ ਨੂੰ ਚੇਲੇ ਬਣਨ ਦੇ ਸੰਬੰਧ ਵਿਚ ਇਕ ਜ਼ਰੂਰੀ ਮੰਗ ਦੱਸੀ ਜੋ ਯੂਹੰਨਾ ਰਸੂਲ ਨੇ ਆਪਣੀ ਪੋਥੀ ਵਿਚ ਲਿਖੀ: “ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ।” (ਟੇਢੇ ਟਾਈਪ ਸਾਡੇ।)—ਯੂਹੰਨਾ 8:31.
3. ‘ਯਿਸੂ ਦੇ ਬਚਨ ਤੇ ਖਲੋਤੇ ਰਹਿਣ’ ਲਈ ਕਿਹੜਾ ਗੁਣ ਜ਼ਰੂਰੀ ਹੈ?
3 ਯਿਸੂ ਨਵੇਂ ਚੇਲਿਆਂ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ। ਸਗੋਂ ਯਿਸੂ ਉਨ੍ਹਾਂ ਨੂੰ ਸਮਝਾ ਰਿਹਾ ਸੀ ਕਿ ਜੇ ਉਹ ਉਸ ਦੇ ਬਚਨ ਉੱਤੇ ਚੱਲਦੇ ਰਹਿਣ ਅਤੇ ਜੇ ਉਹ ਧੀਰਜ ਰੱਖਣ, ਤਾਂ ਉਹ ਉਸ ਦੇ ਸੱਚੇ ਚੇਲੇ ਬਣ ਸਕਦੇ ਸਨ। ਉਨ੍ਹਾਂ ਨੇ ਉਸ ਦਾ ਬਚਨ ਮੰਨ ਤਾਂ ਲਿਆ ਸੀ, ਪਰ ਹੁਣ ਉਨ੍ਹਾਂ ਨੂੰ ਉਸ ਉੱਤੇ ਚੱਲਦੇ ਰਹਿਣ ਦੀ ਲੋੜ ਸੀ। (ਯੂਹੰਨਾ 4:34; ਇਬਰਾਨੀਆਂ 3:14) ਅਸੀਂ ਜਾਣਦੇ ਹਾਂ ਕਿ ਯਿਸੂ ਧੀਰਜ ਰੱਖਣ ਨੂੰ ਬਹੁਤ ਜ਼ਰੂਰੀ ਸਮਝਦਾ ਸੀ ਕਿਉਂਕਿ ਉਸ ਨੇ ਆਪਣੇ ਚੇਲਿਆਂ ਨਾਲ ਆਖ਼ਰੀ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਦੋ ਵਾਰ ਕਿਹਾ: ‘ਮੇਰੇ ਮਗਰ ਤੁਰਦੇ ਰਹੋ।’ (ਯੂਹੰਨਾ 21:19, 22) ਉਸ ਸਮੇਂ ਦੇ ਕਈ ਮਸੀਹੀ ਯਿਸੂ ਦੇ ਬਚਨ ਉੱਤੇ ਚੱਲਦੇ ਰਹੇ। (2 ਯੂਹੰਨਾ 4) ਇਨ੍ਹਾਂ ਨੂੰ ਧੀਰਜ ਰੱਖਣ ਦੀ ਸ਼ਕਤੀ ਕਿੱਥੋਂ ਮਿਲੀ?
4. ਮੁਢਲੇ ਮਸੀਹੀ ਕਿਸ ਗੱਲ ਕਾਰਨ ਧੀਰਜ ਰੱਖ ਸਕੇ ਸਨ?
4 ਯੂਹੰਨਾ ਰਸੂਲ ਤਕਰੀਬਨ 70 ਸਾਲਾਂ ਲਈ ਯਿਸੂ ਦਾ ਵਫ਼ਾਦਾਰ ਚੇਲਾ ਬਣਿਆ ਰਿਹਾ। ਉਸ ਨੇ ਇਹ ਕਹਿ ਕੇ ਵਫ਼ਾਦਾਰ ਮਸੀਹੀਆਂ ਦਾ ਹੌਸਲਾ ਵਧਾਇਆ: “ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸਾਂ ਓਸ ਦੁਸ਼ਟ ਨੂੰ ਜਿੱਤ ਲਿਆ ਹੈ।” ਯੂਹੰਨਾ ਨੇ ਇੱਥੇ ਇਕ ਮਹੱਤਵਪੂਰਣ ਗੱਲ ਦਾ ਜ਼ਿਕਰ ਕੀਤਾ ਸੀ। ਮਸੀਹ ਦੇ ਇਹ ਚੇਲੇ ਇਸ ਲਈ ਧੀਰਜ ਰੱਖ ਸਕੇ ਕਿਉਂਕਿ ਉਹ ਦਿਲੋਂ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਦੇ ਸਨ। (1 ਯੂਹੰਨਾ 2:14, 24) ਇਸੇ ਤਰ੍ਹਾਂ ਅੱਜ ਸਾਨੂੰ ਵੀ ‘ਅੰਤ ਤੋੜੀ ਸਹਿਣ’ ਵਾਸਤੇ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਨੀ ਚਾਹੀਦੀ ਹੈ। (ਮੱਤੀ 24:13) ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਇਸ ਦਾ ਜਵਾਬ ਸਾਨੂੰ ਯਿਸੂ ਦੇ ਇਕ ਦ੍ਰਿਸ਼ਟਾਂਤ ਤੋਂ ਮਿਲਦਾ ਹੈ।
ਬਚਨ ਨੂੰ ਸੁਣਨ ਵਾਲੇ
5. (ੳ) ਯਿਸੂ ਦੇ ਦ੍ਰਿਸ਼ਟਾਂਤ ਵਿਚ ਕਿਹੜੀ-ਕਿਹੜੀ ਕਿਸਮ ਦੀ ਜ਼ਮੀਨ ਬਾਰੇ ਗੱਲ ਕੀਤੀ ਗਈ ਹੈ? (ਅ) ਇਸ ਦ੍ਰਿਸ਼ਟਾਂਤ ਵਿਚ ਬੀ ਅਤੇ ਜ਼ਮੀਨ ਕਿਹ ਨੂੰ ਦਰਸਾਉਂਦੇ ਹਨ?
5 ਯਿਸੂ ਨੇ ਇਕ ਬੀ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਦਿੱਤਾ ਅਤੇ ਇਹ ਮੱਤੀ, ਮਰਕੁਸ ਅਤੇ ਲੂਕਾ ਦੀਆਂ ਇੰਜੀਲਾਂ ਵਿਚ ਦਰਜ ਹੈ। (ਮੱਤੀ 13:1-9, 18-23; ਮਰਕੁਸ 4:1-9, 14-20; ਲੂਕਾ 8:4-8, 11-15) ਇਨ੍ਹਾਂ ਬਿਰਤਾਂਤਾਂ ਨੂੰ ਪੜ੍ਹਦੇ ਸਮੇਂ ਤੁਸੀਂ ਦੇਖੋਗੇ ਕਿ ਇੱਕੋ ਤਰ੍ਹਾਂ ਦਾ ਬੀ ਜੁਦੀ-ਜੁਦੀ ਕਿਸਮ ਦੀ ਜ਼ਮੀਨ ਉੱਤੇ ਡਿੱਗਦਾ ਹੈ ਅਤੇ ਇਸ ਦਾ ਵੱਖੋ-ਵੱਖਰਾ ਨਤੀਜਾ ਨਿਕਲਦਾ ਹੈ। ਪਹਿਲੀ ਜ਼ਮੀਨ ਸਖ਼ਤ ਹੈ, ਦੂਜੀ ਪਥਰੀਲੀ ਹੈ ਅਤੇ ਤੀਜੀ ਕੰਡਿਆਂ ਨਾਲ ਭਰੀ ਹੋਈ ਹੈ। ਪਰ ਇਨ੍ਹਾਂ ਤਿੰਨਾਂ ਨਾਲੋਂ ਚੌਥੀ ਵੱਖਰੀ ਹੈ। ਚੌਥੀ ਜ਼ਮੀਨ “ਚੰਗੀ” ਹੈ। ਯਿਸੂ ਨੇ ਸਮਝਾਇਆ ਕਿ ਇਸ ਬਿਰਤਾਂਤ ਵਿਚ ਬੀ ਰਾਜ ਦਾ ਸੰਦੇਸ਼ ਹੈ ਅਤੇ ਜ਼ਮੀਨ ਲੋਕਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਦੇ ਦਿਲਾਂ ਦੀ ਵੱਖੋ-ਵੱਖਰੀ ਹਾਲਤ ਹੈ। ਭਾਵੇਂ ਇਨ੍ਹਾਂ ਸਾਰਿਆਂ ਲੋਕਾਂ ਦੇ ਆਪਸ ਵਿਚ ਕੁਝ ਸਮਾਨਤਾ ਹੈ, ਪਰ ਜਿਨ੍ਹਾਂ ਲੋਕਾਂ ਨੂੰ ਚੰਗੀ ਜ਼ਮੀਨ ਦੁਆਰਾ ਦਰਸਾਇਆ ਗਿਆ ਹੈ ਉਹ ਦੂਸਰਿਆਂ ਨਾਲੋਂ ਬਹੁਤ ਹੀ ਅਲੱਗ ਹਨ।
6. (ੳ) ਯਿਸੂ ਦੇ ਦ੍ਰਿਸ਼ਟਾਂਤ ਦੀ ਚੌਥੀ ਜ਼ਮੀਨ ਦੂਸਰੀਆਂ ਤਿੰਨਾਂ ਨਾਲੋਂ ਕਿਵੇਂ ਵੱਖਰੀ ਹੈ? (ਅ) ਮਸੀਹੀਆਂ ਵਜੋਂ ਧੀਰਜ ਰੱਖਣ ਲਈ ਕੀ ਜ਼ਰੂਰੀ ਹੈ?
6 ਲੂਕਾ 8:12-15 ਵਿਚ ਦਰਜ ਕੀਤਾ ਗਿਆ ਬਿਰਤਾਂਤ ਦਿਖਾਉਂਦਾ ਹੈ ਕਿ ਸਾਰੇ ਲੋਕ ਜੋ ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਦੁਆਰਾ ਦਰਸਾਏ ਗਏ ਹਨ, ‘ਬਚਨ ਨੂੰ ਸੁਣਦੇ ਹਨ।’ ਪਰ “ਚੰਗੇ ਅਤੇ ਖਰੇ ਦਿਲ” ਵਾਲੇ ਲੋਕ ਸਿਰਫ਼ ਸੁਣਦੇ ਹੀ ਨਹੀਂ, ਸਗੋਂ ਉਹ ਬਚਨ ਨੂੰ “ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।” ਚੰਗੀ ਜ਼ਮੀਨ ਨਰਮ ਅਤੇ ਡੂੰਘੀ ਹੋਣ ਕਰਕੇ ਉਸ ਵਿਚ ਡਿਗੇ ਬੀ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ ਜਿਸ ਕਰਕੇ ਉਹ ਵਧਦਾ ਅਤੇ ਫਲ ਦਿੰਦਾ ਹੈ। (ਲੂਕਾ 8:8) ਇਸੇ ਤਰ੍ਹਾਂ ਚੰਗੇ ਦਿਲ ਵਾਲੇ ਲੋਕ ਪਰਮੇਸ਼ੁਰ ਦੇ ਬਚਨ ਨੂੰ ਸਮਝਦੇ, ਉਸ ਦੀ ਦਿੱਲੋਂ ਕਦਰ ਕਰਦੇ ਅਤੇ ਉਸ ਉੱਤੇ ਆਪਣਾ ਪੂਰਾ ਧਿਆਨ ਲਗਾਉਂਦੇ ਹਨ। (ਰੋਮੀਆਂ 10:10; 2 ਤਿਮੋਥਿਉਸ 2:7) ਨਤੀਜੇ ਵਜੋਂ ਉਹ ਧੀਰਜ ਨਾਲ ਫਲ ਦਿੰਦੇ ਯਾਨੀ ਸੱਚਾਈ ਵਿਚ ਤਰੱਕੀ ਕਰਦੇ ਹਨ। ਇਸ ਲਈ ਮਸੀਹੀਆਂ ਵਜੋਂ ਧੀਰਜ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਦਿੱਲੋਂ ਕਦਰ ਕਰੀਏ। (1 ਤਿਮੋਥਿਉਸ 4:15) ਪਰ ਅਸੀਂ ਪਰਮੇਸ਼ੁਰ ਦੇ ਬਚਨ ਲਈ ਅਜਿਹੀ ਕਦਰ ਕਿਵੇਂ ਪੈਦਾ ਕਰ ਸਕਦੇ ਹਾਂ?
ਚੰਗੇ ਦਿਲ ਵਾਲਿਆਂ ਨੂੰ ਮਨਨ ਕਰਨ ਦੀ ਲੋੜ ਹੈ
7. ਬਾਈਬਲ ਵਿਚ ਚੰਗੇ ਦਿਲ ਵਾਲੇ ਇਨਸਾਨ ਦਾ ਸੰਬੰਧ ਕਿਸ ਕੰਮ ਨਾਲ ਜੋੜਿਆ ਜਾਂਦਾ ਹੈ?
7 ਧਿਆਨ ਦਿਓ ਕਿ ਬਾਈਬਲ ਦੇ ਕੁਝ ਲੇਖਕਾਂ ਨੇ ਚੰਗੇ ਦਿਲ ਵਾਲੇ ਇਨਸਾਨ ਦਾ ਸੰਬੰਧ ਕਿਸ ਕੰਮ ਨਾਲ ਜੋੜਿਆ ਸੀ। “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” (ਕਹਾਉਤਾਂ 15:28) ‘ਹੇ ਯਹੋਵਾਹ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।’ (ਜ਼ਬੂਰਾਂ ਦੀ ਪੋਥੀ 19:14) “ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ।” (ਸਾਰੇ ਟੇਢੇ ਟਾਈਪ ਸਾਡੇ।)—ਜ਼ਬੂਰਾਂ ਦੀ ਪੋਥੀ 49:3.
8. (ੳ) ਬਾਈਬਲ ਪੜ੍ਹਦੇ ਸਮੇਂ ਸਾਨੂੰ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ? (ਅ) ਪ੍ਰਾਰਥਨਾ ਕਰ ਕੇ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਦੇ ਕੀ ਫ਼ਾਇਦੇ ਹਨ? (‘ਸਚਿਆਈ ਉੱਤੇ ਸਥਿਰ ਕੀਤੇ ਹੋਏ’ ਨਾਂ ਦੀ ਡੱਬੀ ਵੀ ਦੇਖੋ।)
8 ਬਾਈਬਲ ਦੇ ਇਨ੍ਹਾਂ ਲੇਖਕਾਂ ਵਾਂਗ ਸਾਨੂੰ ਵੀ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਕੰਮਾਂ ਉੱਤੇ ਕਦਰਦਾਨੀ ਨਾਲ ਮਨਨ ਕਰਨ ਦੀ ਲੋੜ ਹੈ। ਬਾਈਬਲ ਜਾਂ ਬਾਈਬਲ-ਆਧਾਰਿਤ ਕਿਤਾਬਾਂ ਪੜ੍ਹਦੇ ਸਮੇਂ ਸਾਨੂੰ ਫਟਾਫਟ ਸੈਰ ਕਰਨ ਵਾਲੇ ਵਾਂਗ ਕਾਹਲੀ ਨਹੀਂ ਕਰਨੀ ਚਾਹੀਦੀ। ਸੈਰ ਕਰਨ ਵਾਲਾ ਅਜਿਹਾ ਇਨਸਾਨ ਇਕ ਸੁੰਦਰ ਜਗ੍ਹਾ ਤੋਂ ਦੂਜੀ ਨੂੰ ਭੱਜਦਾ ਹੋਇਆ ਕਾਹਲੀ-ਕਾਹਲੀ ਨਾਲ ਹਰ ਚੀਜ਼ ਦੀ ਫੋਟੋ ਤਾਂ ਖਿੱਚ ਲੈਂਦਾ ਹੈ, ਪਰ ਉਹ ਰੁਕ ਕੇ ਕਿਸੇ ਵੀ ਸੁੰਦਰ ਨਜ਼ਾਰੇ ਨੂੰ ਦੇਖ ਕੇ ਉਸ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਮਾਣਦਾ। ਬਾਈਬਲ ਪੜ੍ਹਦੇ ਸਮੇਂ ਸਾਨੂੰ ਰੁਕ ਕੇ ਪਰਮੇਸ਼ੁਰ ਦੀਆਂ ਸੋਹਣੀਆਂ-ਸੋਹਣੀਆਂ ਗੱਲਾਂ ਬਾਰੇ ਸੋਚਣਾ ਚਾਹੀਦੀ ਹੈ।b ਇਸ ਤਰ੍ਹਾਂ ਮਨਨ ਕਰ ਕੇ ਉਨ੍ਹਾਂ ਗੱਲਾਂ ਦਾ ਸਾਡੇ ਦਿਲਾਂ ਅਤੇ ਜਜ਼ਬਾਤਾਂ ਉੱਤੇ ਗਹਿਰਾ ਅਸਰ ਪਵੇਗਾ ਅਤੇ ਸਾਡੀ ਸੋਚਣੀ ਸੁਧਾਰੀ ਜਾਵੇਗੀ। ਬਾਈਬਲ ਪੜ੍ਹ ਕੇ ਅਸੀਂ ਪ੍ਰਾਰਥਨਾ ਦੁਆਰਾ ਪਰਮੇਸ਼ੁਰ ਨਾਲ ਆਪਣੇ ਦਿਲ ਦੀ ਗੱਲ ਕਰਨ ਲਈ ਵੀ ਪ੍ਰੇਰਿਤ ਹੋਵਾਂਗੇ। ਨਤੀਜੇ ਵਜੋਂ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਪਰਮੇਸ਼ੁਰ ਲਈ ਸਾਡੇ ਪਿਆਰ ਕਾਰਨ ਸਾਨੂੰ ਸਖ਼ਤ ਮੁਸ਼ਕਲਾਂ ਦੇ ਬਾਵਜੂਦ ਵੀ ਯਿਸੂ ਦੀ ਉਦਾਹਰਣ ਉੱਤੇ ਚੱਲਣ ਲਈ ਪ੍ਰੇਰਣਾ ਮਿਲੇਗੀ। (ਮੱਤੀ 10:22) ਤਾਂ ਫਿਰ ਇਹ ਸਪੱਸ਼ਟ ਹੈ ਕਿ ਜੇ ਅਸੀਂ ਅੰਤ ਤਕ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ, ਤਾਂ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨਾ ਸਾਡੇ ਲਈ ਲਾਜ਼ਮੀ ਹੈ।—ਲੂਕਾ 21:19.
9. ਅਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਉੱਤੇ ਅਸਰ ਕਰਦਾ ਰਹੇਗਾ?
9 ਯਿਸੂ ਦੇ ਦ੍ਰਿਸ਼ਟਾਂਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਬਚਨ ਨੂੰ ਲਾਗੂ ਕਰਨ ਵਿਚ ਰੁਕਾਵਟਾਂ ਆਉਣਗੀਆਂ। ਇਸ ਲਈ, ਵਫ਼ਾਦਾਰ ਰਹਿਣ ਲਈ ਸਾਨੂੰ (1) ਉਨ੍ਹਾਂ ਰੁਕਾਵਟਾਂ ਨੂੰ ਪਛਾਣਨ ਦੀ ਲੋੜ ਹੈ ਜੋ ਘਟੀਆ ਕਿਸਮ ਦੀ ਜ਼ਮੀਨ ਦੁਆਰਾ ਦਰਸਾਈਆਂ ਗਈਆਂ ਹਨ ਅਤੇ (2) ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਹੈ। ਇਸ ਤਰ੍ਹਾਂ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਉੱਤੇ ਅਸਰ ਕਰਦਾ ਰਹੇਗਾ ਅਤੇ ਅਸੀਂ ਸੱਚਾਈ ਵਿਚ ਤਰੱਕੀ ਕਰਦੇ ਰਹਾਂਗੇ।
ਰਾਹ ਵਿਚ ਡਿੱਗਿਆ ਬੀ
10. ਯਿਸੂ ਦੇ ਦ੍ਰਿਸ਼ਟਾਂਤ ਵਿਚ ਪਹਿਲਾਂ ਕਿਸ ਤਰ੍ਹਾਂ ਦੀ ਜ਼ਮੀਨ ਬਾਰੇ ਦੱਸਿਆ ਗਿਆ ਸੀ ਅਤੇ ਇਹ ਜ਼ਮੀਨ ਕਿਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ?
10 ਪਹਿਲਾ ਬੀ “ਪਹੇ ਵੱਲ” ਯਾਨੀ ਰਾਹ ਵਿਚ ਡਿੱਗਦਾ ਹੈ ਜਿੱਥੇ ਉਹ “ਮਿੱਧਿਆ” ਜਾਂਦਾ ਹੈ। (ਲੂਕਾ 8:5) ਖੇਤ ਵਿਚ ਦੀ ਲੰਘਦਾ ਰਾਹ ਲੋਕਾਂ ਦੇ ਆਉਣ-ਜਾਣ ਕਾਰਨ ਸਖ਼ਤ ਹੁੰਦਾ ਹੈ ਜਿਸ ਕਰਕੇ ਉਸ ਵਿਚ ਕੁਝ ਨਹੀਂ ਪੈਦਾ ਹੁੰਦਾ। (ਮਰਕੁਸ 2:23) ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਹੀ ਕੰਮਾਂ-ਕਾਰਾਂ ਵਿਚ ਲੱਗੇ ਰਹਿੰਦੇ ਹਨ, ਉਨ੍ਹਾਂ ਕੋਲ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਉਸ ਲਈ ਆਪਣੇ ਦਿਲ ਵਿਚ ਕਦਰ ਪੈਦਾ ਕਰਨ ਲਈ ਸਮਾਂ ਨਹੀਂ ਬਚਦਾ। ਉਹ ਰਾਜ ਦਾ ਸੰਦੇਸ਼ ਸੁਣਦੇ ਤਾਂ ਹਨ, ਪਰ ਸੁਣੀ ਹੋਈ ਗੱਲ ਉੱਤੇ ਮਨਨ ਨਹੀਂ ਕਰਦੇ ਜਿਸ ਕਾਰਨ ਉਨ੍ਹਾਂ ਦੇ ਦਿਲਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਪੈਂਦਾ। ਸੱਚਾਈ ਲਈ ਪਿਆਰ ਪੈਦਾ ਹੋਣ ਤੋਂ ਪਹਿਲਾਂ ਹੀ ਸ਼ਤਾਨ “ਆਣ ਕੇ ਉਸ ਬਚਨ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ਕਿਤੇ ਅਜਿਹਾ ਨਾ ਹੋਵੇ ਜੋ ਓਹ ਨਿਹਚਾ ਕਰ ਕੇ ਬਚਾਏ ਜਾਣ।” (ਲੂਕਾ 8:12) ਕੀ ਇਸ ਤਰ੍ਹਾਂ ਹੋਣਾ ਰੋਕਿਆ ਜਾ ਸਕਦਾ ਹੈ?
11. ਅਸੀਂ ਆਪਣੇ ਦਿਲ ਨੂੰ ਸਖ਼ਤ ਜ਼ਮੀਨ ਵਰਗੇ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?
11 ਸਖ਼ਤ ਜ਼ਮੀਨ ਨਰਮ ਬਣ ਸਕਦੀ ਹੈ ਜੇਕਰ ਉਸ ਦੀ ਵਾਹੀ ਕੀਤੀ ਜਾਵੇ ਅਤੇ ਆਉਂਦੇ-ਜਾਂਦੇ ਲੋਕ ਕਿਸੇ ਹੋਰ ਰਾਹ ਜਾਣ। ਜੇਕਰ ਅਸੀਂ ਆਪਣੇ ਦਿਲ ਨੂੰ ਉਸ ਜ਼ਮੀਨ ਵਾਂਗ ਹੋਣ ਤੋਂ ਬਚਾਉਣਾ ਚਾਹੁੰਦਾ ਹਾਂ ਜਿਸ ਵਿਚ ਕੁਝ ਨਹੀਂ ਪੈਦਾ ਹੁੰਦਾ, ਤਾਂ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਜੇਕਰ ਅਸੀਂ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਅਤੇ ਉਸ ਉੱਤੇ ਮਨਨ ਕਰੀਏ, ਤਾਂ ਸਾਡੇ ਦਿਲ ਉਸ ਚੰਗੀ ਜ਼ਮੀਨ ਵਰਗੇ ਬਣ ਜਾਣਗੇ ਜਿਸ ਵਿਚ ਫਲ ਪੈਦਾ ਹੋਇਆ ਸੀ। ਜ਼ਰੂਰੀ ਗੱਲ ਇਹ ਹੈ ਕਿ ਸਾਨੂੰ ਦੁਨਿਆਵੀ ਕੰਮਾਂ-ਕਾਰਾਂ ਵਿਚ ਹੀ ਨਹੀਂ ਰੁੱਝੇ ਰਹਿਣਾ ਚਾਹੀਦਾ। (ਲੂਕਾ 12:13-15) ਸਗੋਂ ਸਾਨੂੰ ਆਪਣੀ ਜ਼ਿੰਦਗੀ ਵਿਚ “ਚੰਗ ਚੰਗੇਰੀਆਂ” ਜਾਂ ਜ਼ਿਆਦਾ ਜ਼ਰੂਰੀ ਗੱਲਾਂ ਉੱਤੇ ਵਿਚਾਰ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ।—ਫ਼ਿਲਿੱਪੀਆਂ 1:9-11.
ਪਥਰੀਲੀ ਜ਼ਮੀਨ ਵਿਚ ਡਿੱਗਿਆ ਬੀ
12. ਦੂਜੀ ਕਿਸਮ ਦੀ ਜ਼ਮੀਨ ਵਿਚ ਜੋ ਬੀ ਲੱਗਦਾ ਹੈ ਉਸ ਦੇ ਸੁੱਕਣ ਦਾ ਅਸਲੀ ਕਾਰਨ ਕੀ ਹੈ?
12 ਜਦੋਂ ਬੀ ਦੂਜੀ ਕਿਸਮ ਦੀ ਜ਼ਮੀਨ ਉੱਤੇ ਡਿੱਗਦਾ ਹੈ, ਤਾਂ ਉਹ ਪਹਿਲੇ ਬੀ ਵਾਂਗ ਜ਼ਮੀਨ ਦੇ ਉੱਤੇ ਹੀ ਨਹੀਂ ਪਿਆ ਰਹਿੰਦਾ। ਸਗੋਂ ਉਹ ਉੱਗਣ ਲੱਗ ਪੈਂਦਾ ਹੈ। ਪਰ ਫਿਰ, ਜਦੋਂ ਸੂਰਜ ਚੜ੍ਹਦਾ ਹੈ ਉਹ ਗਰਮੀ ਵਿਚ ਕੁਮਲਾ ਕੇ ਸੁੱਕ ਜਾਂਦਾ ਹੈ। ਪਰ ਧਿਆਨ ਦਿਓ ਕਿ ਇਸ ਦੇ ਸੁੱਕਣ ਦੀ ਅਸਲੀ ਵਜ੍ਹਾ ਸੂਰਜ ਦੀ ਗਰਮੀ ਨਹੀਂ ਹੁੰਦੀ। ਦਰਅਸਲ ਜਿਹੜਾ ਬੀ ਚੰਗੀ ਜ਼ਮੀਨ ਵਿਚ ਉੱਗਦਾ ਹੈ ਉਸ ਉੱਤੇ ਵੀ ਸੂਰਜ ਚੜ੍ਹਦਾ ਹੈ, ਪਰ ਉਹ ਕੁਮਲਾ ਕੇ ਸੁੱਕਦਾ ਨਹੀਂ, ਸਗੋਂ ਉਹ ਵਧਦਾ-ਫੁੱਲਦਾ ਹੈ। ਤਾਂ ਫਿਰ ਦੂਜੇ ਬੀ ਦੇ ਸੁੱਕਣ ਦਾ ਕਾਰਨ ਕੀ ਹੈ? ਯਿਸੂ ਨੇ ਸਮਝਾਇਆ ਕਿ “ਡੂੰਘੀ ਮਿੱਟੀ ਨਾ ਮਿਲਨ ਕਰਕੇ” ਅਤੇ ਇਸ ਲਈ ਕਿ ਬੀ ਨੂੰ “ਗਿੱਲ ਨਾ ਪਹੁੰਚੀ” ਉਹ ਉੱਗ ਕੇ ਸੁੱਕ ਜਾਂਦਾ ਹੈ। (ਮੱਤੀ 13:5, 6; ਲੂਕਾ 8:6) ਜੇਕਰ ਜ਼ਮੀਨ ਦੀ ਉਪਰਲੀ ਤਹਿ ਹੇਠਾਂ “ਪੱਥਰ” ਹੋਣ, ਤਾਂ ਬੀ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ ਅਤੇ ਬੂਟੇ ਨੂੰ ਪਾਣੀ ਨਾ ਮਿਲਣ ਕਰਕੇ ਉਹ ਸੁੱਕ ਜਾਂਦਾ ਹੈ।
13. ਉਸ ਜ਼ਮੀਨ ਵਰਗੇ ਲੋਕ ਕੌਣ ਹਨ ਜਿਸ ਦੀ ਮਿੱਟੀ ਡੂੰਘੀ ਨਹੀਂ ਹੁੰਦੀ ਅਤੇ ਉਨ੍ਹਾਂ ਦੇ ਡਰ ਦਾ ਅਸਲੀ ਕਾਰਨ ਕੀ ਹੁੰਦਾ ਹੈ?
13 ਦ੍ਰਿਸ਼ਟਾਂਤ ਦੇ ਇਸ ਹਿੱਸੇ ਵਿਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜੋ “ਬਚਨ ਨੂੰ ਖੁਸ਼ੀ ਨਾਲ ਮੰਨ ਲੈਂਦੇ ਹਨ” ਅਤੇ “ਥੋੜਾ ਚਿਰ” ਯਿਸੂ ਦੇ ਮਗਰ ਜੋਸ਼ ਨਾਲ ਚੱਲਦੇ ਹਨ। (ਲੂਕਾ 8:13) ਪਰ ਜਦੋਂ ਉਨ੍ਹਾਂ ਉੱਤੇ “ਦੁਖ ਯਾ ਜ਼ੁਲਮ” ਆ ਪੈਂਦੇ ਹਨ, ਤਾਂ ਉਹ ਇੰਨੇ ਡਰ ਜਾਂਦੇ ਹਨ ਕਿ ਉਹ ਆਪਣੀ ਖ਼ੁਸ਼ੀ ਗੁਆ ਬੈਠਦੇ ਹਨ। ਫਿਰ ਉਹ ਹਿੰਮਤ ਹਾਰ ਕੇ ਯਿਸੂ ਦਾ ਪਿੱਛਾ ਕਰਨਾ ਛੱਡ ਦਿੰਦੇ ਹਨ। (ਮੱਤੀ 13:21) ਪਰ ਉਨ੍ਹਾਂ ਦੇ ਡਰ ਦਾ ਅਸਲੀ ਕਾਰਨ ਜ਼ੁਲਮ ਜਾਂ ਵਿਰੋਧਤਾ ਨਹੀਂ ਹੁੰਦਾ, ਕਿਉਂਕਿ ਮਸੀਹ ਦੇ ਲੱਖਾਂ ਹੀ ਦੂਸਰੇ ਚੇਲੇ ਦੁੱਖ ਸਹਿਣ ਦੇ ਬਾਵਜੂਦ ਵੀ ਵਫ਼ਾਦਾਰ ਰਹਿੰਦੇ ਹਨ। (2 ਕੁਰਿੰਥੀਆਂ 2:4; 7:5) ਉਨ੍ਹਾਂ ਦੇ ਡਰ ਦਾ ਅਤੇ ਯਿਸੂ ਨੂੰ ਛੱਡਣ ਦਾ ਅਸਲੀ ਕਾਰਨ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ਉਸ ਪਥਰੀਲੀ ਜ਼ਮੀਨ ਵਰਗੇ ਹਨ। ਉਹ ਰੂਹਾਨੀ ਗੱਲਾਂ ਉੱਤੇ ਚੰਗੀ ਤਰ੍ਹਾਂ ਮਨਨ ਨਹੀਂ ਕਰਦੇ। ਨਤੀਜੇ ਵਜੋਂ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਅਤੇ ਉਸ ਦੇ ਬਚਨ ਲਈ ਇੰਨੀ ਕਦਰ ਨਹੀਂ ਪੈਦਾ ਹੁੰਦੀ, ਤਾਂ ਉਹ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰ ਪਾਉਂਦੇ। ਅਜਿਹਾ ਨਤੀਜਾ ਕਿਵੇਂ ਰੋਕਿਆ ਜਾ ਸਕਦਾ ਹੈ?
14. ਸਾਨੂੰ ਕੀ ਕਰਨ ਦੀ ਲੋੜ ਹੈ ਜੇਕਰ ਅਸੀਂ ਆਪਣੇ ਦਿਲ ਵਿਚ ਪੱਥਰ ਵਰਗੀਆਂ ਰੁਕਾਵਟਾਂ ਨਹੀਂ ਚਾਹੁੰਦੇ?
14 ਇਨਸਾਨ ਦੇ ਦਿਲ ਵਿਚ ਪੱਥਰ ਵਰਗੀਆਂ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ ਜਿਵੇਂ ਕਿ ਕਿਸੇ ਨਾਲ ਨਾਰਾਜ਼ਗੀ, ਖ਼ੁਦਗਰਜ਼ੀ ਜਾਂ ਇਸ ਤਰ੍ਹਾਂ ਦੀਆਂ ਹੋਰ ਭਾਵਨਾਵਾਂ। ਜੇਕਰ ਸਾਡੇ ਦਿਲ ਵਿਚ ਅਜਿਹੀਆਂ ਭਾਵਨਾਵਾਂ ਹੋਣ, ਤਾਂ ਸਾਨੂੰ ਇਨ੍ਹਾਂ ਨੂੰ ਦਿਲੋਂ ਕੱਢਣ ਦੀ ਲੋੜ ਹੈ। ਪਰਮੇਸ਼ੁਰ ਦਾ ਬਚਨ ਬਹੁਤ ਹੀ ਸ਼ਕਤੀਸ਼ਾਲੀ ਹੈ ਅਤੇ ਉਹ ਇਨ੍ਹਾਂ ਭਾਵਨਾਵਾਂ ਨੂੰ ਦੂਰ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। (ਯਿਰਮਿਯਾਹ 23:29; ਅਫ਼ਸੀਆਂ 4:22; ਇਬਰਾਨੀਆਂ 4:12) ਇਸ ਤੋਂ ਬਾਅਦ ਪ੍ਰਾਰਥਨਾ ਅਤੇ ਮਨਨ ਕਰਨ ਦੁਆਰਾ ਅਸੀਂ ਪੂਰੇ ਦਿਲ ਨਾਲ ‘ਬਚਨ ਨੂੰ ਕਬੂਲ ਕਰ’ ਸਕਾਂਗੇ। (ਯਾਕੂਬ 1:21) ਨਾਲੇ ਅਸੀਂ ਨਿਰਾਸ਼ਾ, ਦੁੱਖਾਂ ਤੇ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿ ਸਕਾਂਗੇ।
ਕੰਡਿਆਂ ਨਾਲ ਭਰੀ ਜ਼ਮੀਨ ਵਿਚ ਡਿੱਗਿਆ ਬੀ
15. (ੳ) ਤੀਜੀ ਕਿਸਮ ਦੀ ਜ਼ਮੀਨ ਵੱਲ ਸਾਨੂੰ ਖ਼ਾਸ ਕਰਕੇ ਧਿਆਨ ਦੇਣ ਦੀ ਕਿਉਂ ਲੋੜ ਹੈ? (ਅ) ਤੀਜੀ ਕਿਸਮ ਦੀ ਜ਼ਮੀਨ ਨਾਲ ਅਖ਼ੀਰ ਵਿਚ ਕੀ ਹੁੰਦਾ ਹੈ ਅਤੇ ਕਿਉਂ?
15 ਤੀਜੀ ਕਿਸਮ ਦੀ ਜ਼ਮੀਨ ਵੱਲ ਸਾਨੂੰ ਖ਼ਾਸ ਕਰਕੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਜ਼ਮੀਨ ਕੁਝ ਹੱਦ ਤਕ ਚੰਗੀ ਜ਼ਮੀਨ ਵਰਗੀ ਹੈ। ਚੰਗੀ ਜ਼ਮੀਨ ਵਾਂਗ ਕੰਡਿਆਂ ਨਾਲ ਭਰੀ ਜ਼ਮੀਨ ਵਿਚ ਵੀ ਬੀ ਜੜ੍ਹ ਫੜਦਾ ਤੇ ਉੱਗਦਾ ਹੈ। ਪਹਿਲਾਂ ਤਾਂ ਇਨ੍ਹਾਂ ਦੋਹਾਂ ਨਵੇਂ ਬੂਟਿਆਂ ਵਿਚ ਕੋਈ ਫ਼ਰਕ ਨਹੀਂ ਨਜ਼ਰ ਆਉਂਦਾ। ਪਰ ਸਮੇਂ ਦੇ ਬੀਤਣ ਨਾਲ ਕੰਡੇ ਵੀ ਵਧ ਜਾਂਦੇ ਹਨ। ਕੁਝ ਸਮੇਂ ਲਈ ਕੰਡੇ ਅਤੇ ਬੂਟੀ ਇਕੱਠੇ ਉੱਗਦੇ ਹਨ। ਉਨ੍ਹਾਂ ਦੋਵਾਂ ਨੂੰ ਖ਼ੁਰਾਕ, ਰੌਸ਼ਨੀ ਅਤੇ ਜਗ੍ਹਾ ਦੀ ਲੋੜ ਹੁੰਦੀ ਹੈ, ਪਰ ਅਖ਼ੀਰ ਵਿਚ ਕੰਡੇ ਬੂਟੀ ਨੂੰ ‘ਦਬਾ ਲੈਂਦੇ’ ਹਨ।—ਲੂਕਾ 8:7.
16. (ੳ) ਕਿਹੋ ਜਿਹੇ ਵਿਅਕਤੀ ਕੰਡਿਆਂ ਨਾਲ ਭਰੀ ਜ਼ਮੀਨ ਵਰਗੇ ਹਨ? (ਅ) ਬਾਈਬਲ ਵਿਚ ਕੰਡੇ ਕਿਨ੍ਹਾਂ ਚੀਜ਼ਾਂ ਨੂੰ ਦਰਸਾਉਂਦੇ ਹਨ?—ਫੁਟਨੋਟ ਦੇਖੋ।
16 ਕਿਹੋ ਜਿਹੇ ਵਿਅਕਤੀ ਕੰਡਿਆਂ ਨਾਲ ਭਰੀ ਜ਼ਮੀਨ ਵਰਗੇ ਹਨ? ਯਿਸੂ ਨੇ ਸਮਝਾਇਆ ਇਹ “ਓਹ ਹਨ ਜਿਨ੍ਹਾਂ ਸੁਣਿਆ ਅਤੇ ਜਾ ਕੇ ਜੀਉਣ ਦੀਆਂ ਚਿੰਤਾ ਅਰ ਮਾਯਾ ਅਤੇ ਭੋਗ ਬਿਲਾਸ ਨਾਲ ਦਬਾਏ ਜਾਂਦੇ ਅਤੇ ਪੱਕੇ ਫਲ ਨਹੀਂ ਦਿੰਦੇ ਹਨ।” (ਲੂਕਾ 8:14) ਜਿਵੇਂ ਬੀ ਅਤੇ ਕੰਡੇ ਜ਼ਮੀਨ ਵਿਚ ਇਕੱਠੇ ਉੱਗਦੇ ਹਨ, ਤਿਵੇਂ ਕੁਝ ਲੋਕ ਪਰਮੇਸ਼ੁਰ ਦੇ ਬਚਨ ਦਾ ਗਿਆਨ ਹਾਸਲ ਕਰਨ ਦੇ ਨਾਲ-ਨਾਲ “ਭੋਗ ਬਿਲਾਸ” ਜਾਂ ਜ਼ਿੰਦਗੀ ਦੇ ਮਜ਼ੇ ਲੈਣ ਦੀ ਵੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦਾ ਬੀ ਬੀਜਿਆ ਤਾਂ ਜਾਂਦਾ ਹੈ, ਪਰ ਉਨ੍ਹਾਂ ਦਾ ਧਿਆਨ ਦੂਸਰਿਆਂ ਕੰਮਾਂ-ਕਾਰਾਂ ਵਿਚ ਵੀ ਲੱਗਾ ਰਹਿੰਦਾ ਹੈ। ਉਨ੍ਹਾਂ ਦਾ ਦਿਲ ਨਾ ਹੀ ਪਰਮੇਸ਼ੁਰ ਦੀ ਸੇਵਾ ਵਿਚ ਪੂਰੀ ਤਰ੍ਹਾਂ ਲੱਗਦਾ ਹੈ ਅਤੇ ਨਾ ਹੀ ਦੂਸਰਿਆਂ ਕੰਮਾਂ ਵਿਚ। (ਲੂਕਾ 9:57-62) ਉਹ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਬਚਨ ਉੱਤੇ ਸੋਚ-ਵਿਚਾਰ ਕਰਨ ਲਈ ਸਮਾਂ ਨਹੀਂ ਕੱਢਦੇ। ਇਸ ਕਰਕੇ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਲਈ ਕਦਰ ਨਹੀਂ ਪੈਦਾ ਹੁੰਦੀ ਜੋ ਧੀਰਜ ਰੱਖਣ ਲਈ ਜ਼ਰੂਰੀ ਹੈ। ਇਹ ਲੋਕ ਯਹੋਵਾਹ ਨਾਲ ਦਿਲੋਂ ਪਿਆਰ ਨਹੀਂ ਕਰਦੇ। ਹੌਲੀ-ਹੌਲੀ ਬਾਈਬਲ ਵਿਚ ਇਨ੍ਹਾਂ ਦੀ ਦਿਲਚਸਪੀ ਦੁਨਿਆਵੀ ਕੰਮਾਂ-ਕਾਰਾਂ ਦੁਆਰਾ ‘ਦਬਾਈ ਜਾਂਦੀ’ ਹੈ।c ਇਹ ਕਿੰਨੀ ਅਫ਼ਸੋਸ ਦੀ ਗੱਲ ਹੈ!—ਮੱਤੀ 6:24; 22:37.
17. ਜ਼ਿੰਦਗੀ ਵਿਚ ਸਾਨੂੰ ਕਿਹੋ ਜਿਹੇ ਫ਼ੈਸਲੇ ਕਰਨ ਦੀ ਲੋੜ ਹੈ ਜੇਕਰ ਅਸੀਂ ਦੁਨਿਆਵੀ ਕੰਮਾਂ-ਕਾਰਾਂ ਦੀ ਲਪੇਟ ਵਿਚ ਨਹੀਂ ਆਉਣਾ ਚਾਹੁੰਦੇ?
17 ਜੇਕਰ ਅਸੀਂ ਦੁਨਿਆਵੀ ਕੰਮਾਂ-ਕਾਰਾਂ ਦੀ ਬਜਾਇ ਰੂਹਾਨੀ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਈਏ, ਤਾਂ ਅਸੀਂ ਦੁਨੀਆਂ ਦੇ ਦੁੱਖਾਂ ਜਾਂ ਐਸ਼-ਆਰਾਮ ਕਾਰਨ ਦਬਾਏ ਜਾਣ ਤੋਂ ਆਪਣਾ ਬਚਾ ਕਰ ਸਕਾਂਗੇ। (ਮੱਤੀ 6:31-33; ਲੂਕਾ 21:34-36) ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਈਬਲ ਪੜ੍ਹ ਕੇ ਉਸ ਉੱਤੇ ਮਨਨ ਕਰੀਏ। ਜੇਕਰ ਅਸੀਂ ਸਾਦਾ ਜੀਵਨ ਜੀਉਣ ਦੀ ਕੋਸ਼ਿਸ਼ ਕਰੀਏ, ਤਾਂ ਸਾਡੇ ਕੋਲ ਪ੍ਰਾਰਥਨਾ ਅਤੇ ਮਨਨ ਕਰਨ ਲਈ ਜ਼ਿਆਦਾ ਸਮਾਂ ਹੋਵੇਗਾ। (1 ਤਿਮੋਥਿਉਸ 6:6-8) ਪਰਮੇਸ਼ੁਰ ਦੇ ਜਿਨ੍ਹਾਂ ਸੇਵਕਾਂ ਨੇ ਇਸ ਤਰ੍ਹਾਂ ਕੀਤਾ ਹੈ ਉਨ੍ਹਾਂ ਨੇ ਯਹੋਵਾਹ ਦੀਆਂ ਬਰਕਤਾਂ ਪਾਈਆਂ ਹਨ। ਸੈਂਡਰਾ 26 ਸਾਲਾਂ ਦੀ ਹੈ ਅਤੇ ਉਹ ਕਹਿੰਦੀ ਹੈ: “ਜਦੋਂ ਮੈਂ ਉਨ੍ਹਾਂ ਬਰਕਤਾਂ ਬਾਰੇ ਸੋਚਦੀ ਹਾਂ ਜੋ ਮੈਨੂੰ ਸੱਚਾਈ ਵਿਚ ਆ ਕੇ ਮਿਲੀਆਂ ਹਨ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਦੁਨੀਆਂ ਵਿਚ ਮੇਰੇ ਲਈ ਕੁਝ ਵੀ ਨਹੀਂ ਰੱਖਿਆ!”—ਜ਼ਬੂਰਾਂ ਦੀ ਪੋਥੀ 84:11.
18. ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਉੱਤੇ ਅਸਰ ਕਿਵੇਂ ਕਰ ਸਕਦਾ ਹੈ ਅਤੇ ਅਸੀਂ ਮਸੀਹੀਆਂ ਵਜੋਂ ਧੀਰਜ ਕਿਵੇਂ ਰੱਖ ਸਕਦੇ ਹਾਂ?
18 ਤਾਂ ਫਿਰ, ਇਹ ਗੱਲ ਸਪੱਸ਼ਟ ਹੈ ਕਿ ਜਿੰਨਾ ਚਿਰ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਉੱਤੇ ਅਸਰ ਕਰਦਾ ਰਹੇਗਾ, ਉੱਨਾ ਚਿਰ ਅਸੀਂ ਸਾਰੇ ਜਣੇ ਮਸੀਹ ਦੇ ਚੇਲਿਆਂ ਵਜੋਂ ਧੀਰਜ ਰੱਖ ਕੇ ਸੱਚਾਈ ਵਿਚ ਕਾਇਮ ਰਹਾਂਗੇ। ਇਸ ਲਈ, ਆਓ ਆਪਾਂ ਨਿਸ਼ਚਿਤ ਕਰੀਏ ਕਿ ਸਾਡੇ ਦਿਲ ਉਸ ਜ਼ਮੀਨ ਵਾਂਗ ਰਹਿਣ ਜੋ ਨਰਮ ਅਤੇ ਡੂੰਘੀ ਹੈ ਨਾ ਕਿ ਉਸ ਜ਼ਮੀਨ ਵਾਂਗ ਜੋ ਸਖ਼ਤ, ਪਥਰੀਲੀ ਅਤੇ ਕੰਡਿਆਂ ਨਾਲ ਭਰੀ ਹੋਈ ਹੈ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਉੱਤੇ ਚੰਗੀ ਤਰ੍ਹਾਂ ਅਸਰ ਕਰ ਸਕੇਗਾ ਅਤੇ ਅਸੀਂ ‘ਧੀਰਜ ਨਾਲ ਫਲ ਦੇ ਸਕਾਂਗੇ।’—ਲੂਕਾ 8:15.
[ਫੁਟਨੋਟ]
a ਇਸ ਲੇਖ ਵਿਚ ਪਹਿਲੀ ਮੰਗ ਬਾਰੇ ਚਰਚਾ ਕੀਤੀ ਜਾਵੇਗੀ। ਦੂਜੀਆਂ ਦੋ ਮੰਗਾਂ ਦੀ ਚਰਚਾ ਅਗਲਿਆਂ ਲੇਖਾਂ ਵਿਚ ਕੀਤੀ ਜਾਵੇਗੀ।
b ਪ੍ਰਾਰਥਨਾ ਕਰਨ ਤੋਂ ਬਾਅਦ ਪਰਮੇਸ਼ੁਰ ਦੇ ਬਚਨ ਦਾ ਕੁਝ ਹਿੱਸਾ ਪੜ੍ਹ ਕੇ ਉਸ ਉੱਤੇ ਮਨਨ ਕਰਨ ਲਈ ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹੋ: ‘ਕੀ ਇਸ ਵਿਚ ਯਹੋਵਾਹ ਦੇ ਕਿਸੇ ਗੁਣ ਬਾਰੇ ਦੱਸਿਆ ਗਿਆ ਹੈ? ਬਾਈਬਲ ਦੇ ਵਿਸ਼ੇ ਨਾਲ ਇਸ ਦਾ ਕੀ ਸੰਬੰਧ ਹੈ? ਮੈਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦਾ ਹਾਂ ਜਾਂ ਇਸ ਨੂੰ ਦੂਸਰਿਆਂ ਦੀ ਮਦਦ ਕਰਨ ਲਈ ਕਿਸ ਤਰ੍ਹਾਂ ਵਰਤ ਸਕਦਾ ਹਾਂ?’
c ਬਾਈਬਲ ਵਿਚ ਯਿਸੂ ਦੇ ਦ੍ਰਿਸ਼ਟਾਂਤ ਅਨੁਸਾਰ ਬੀ ਦੁਨੀਆਂ ਦੇ ਦੁੱਖਾਂ ਅਤੇ ਜ਼ਿੰਦਗੀ ਦੇ ਮਜ਼ਿਆਂ ਯਾਨੀ “ਦੁਨੀਆ ਦੀ ਚਿੰਤਾ,” “ਧਨ ਦਾ ਧੋਖਾ,” “ਹੋਰਨਾਂ ਚੀਜ਼ਾਂ ਦਾ ਲੋਭ” ਅਤੇ “ਭੋਗ ਬਿਲਾਸ” ਕਾਰਨ ਦਬਾਇਆ ਜਾਂਦਾ ਹੈ।—ਮਰਕੁਸ 4:19; ਮੱਤੀ 13:22; ਲੂਕਾ 8:14; ਯਿਰਮਿਯਾਹ 4:3, 4.
ਤੁਹਾਡੇ ਜਵਾਬ ਕੀ ਹਨ?
• ਸਾਨੂੰ ‘ਯਿਸੂ ਦੇ ਬਚਨ ਤੇ ਖਲੋਤੇ ਰਹਿਣ’ ਦੀ ਕਿਉਂ ਲੋੜ ਹੈ?
• ਅਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਡੇ ਦਿਲਾਂ ਉੱਤੇ ਅਸਰ ਕਰਦਾ ਰਹੇਗਾ?
• ਯਿਸੂ ਦੇ ਦ੍ਰਿਸ਼ਟਾਂਤ ਵਿਚ ਜ਼ਮੀਨ ਦੀਆਂ ਚਾਰ ਕਿਸਮਾਂ ਨੇ ਕਿਹੋ ਜਿਹੇ ਲੋਕਾਂ ਨੂੰ ਦਰਸਾਇਆ ਸੀ?
• ਤੁਸੀਂ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਲਈ ਸਮਾਂ ਕਿਵੇਂ ਕੱਢ ਸਕਦੇ ਹੋ?
[ਸਫ਼ੇ 10 ਉੱਤੇ ਡੱਬੀ/ਤਸਵੀਰ]
‘ਸਚਿਆਈ ਉੱਤੇ ਸਥਿਰ ਕੀਤੇ ਹੋਏ’
ਬਹੁਤ ਚਿਰ ਤੋਂ ਬਣੇ ਮਸੀਹੀ ਸਾਲ-ਬ-ਸਾਲ ਇਹ ਸਾਬਤ ਕਰਦੇ ਹਨ ਕਿ ਉਹ ‘ਸਚਿਆਈ ਉੱਤੇ ਸਥਿਰ’ ਹਨ। (2 ਪਤਰਸ 1:12) ਉਨ੍ਹਾਂ ਨੂੰ ਸੱਚਾਈ ਉੱਤੇ ਟਿਕੇ ਰਹਿਣ ਦੀ ਸ਼ਕਤੀ ਕਿੱਥੋਂ ਮਿਲਦੀ ਹੈ? ਉਨ੍ਹਾਂ ਦੀਆਂ ਕੁਝ ਟਿੱਪਣੀਆਂ ਵੱਲ ਧਿਆਨ ਦਿਓ।
“ਮੈਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਬਾਈਬਲ ਦਾ ਕੁਝ ਹਿੱਸਾ ਪੜ੍ਹ ਕੇ ਪ੍ਰਾਰਥਨਾ ਕਰਦੀ ਹਾਂ। ਫਿਰ ਮੈਂ ਪੜ੍ਹੀਆਂ ਗਈਆਂ ਗੱਲਾਂ ਉੱਤੇ ਵਿਚਾਰ ਕਰਦੀ ਹਾਂ।”—ਜੀਨ, ਜਿਸ ਨੇ 1939 ਵਿਚ ਬਪਤਿਸਮਾ ਲਿਆ ਸੀ।
“ਜਦੋਂ ਮੈਂ ਵਿਚਾਰ ਕਰਦੀ ਹਾਂ ਕਿ ਸਾਡਾ ਮਹਾਨ ਪਰਮੇਸ਼ੁਰ ਯਹੋਵਾਹ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ, ਤਾਂ ਮੈਨੂੰ ਸਕੂਨ ਮਿਲਦਾ ਹੈ ਤੇ ਵਫ਼ਾਦਾਰ ਰਹਿਣ ਦੀ ਸ਼ਕਤੀ ਮਿਲਦੀ ਹੈ।”—ਪੱਟ੍ਰਿਸ਼ਾ, ਜਿਸ ਨੇ 1946 ਵਿਚ ਬਪਤਿਸਮਾ ਲਿਆ ਸੀ।
“ਬਾਈਬਲ ਸਟੱਡੀ ਅਤੇ ‘ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ’ ਦੀ ਜਾਂਚ ਕਰਨ ਦੀ ਮੇਰੀ ਆਦਤ ਰਹੀ ਹੈ। ਇਸ ਕਰਕੇ ਮੈਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਸਕੀ ਹਾਂ।”—1 ਕੁਰਿੰਥੀਆਂ 2:10; ਐਨਾ, ਜਿਸ ਨੇ 1939 ਵਿਚ ਬਪਤਿਸਮਾ ਲਿਆ ਸੀ।
“ਮੈਂ ਬਾਈਬਲ ਅਤੇ ਉਸ ਬਾਰੇ ਕਿਤਾਬਾਂ ਇਸ ਲਈ ਪੜ੍ਹਦੀ ਹਾਂ ਤਾਂਕਿ ਮੈਂ ਆਪਣੇ ਦਿਲ ਅਤੇ ਇਰਾਦਿਆਂ ਦੀ ਜਾਂਚ ਕਰ ਸਕਾਂ।”—ਜ਼ੈਲਡਾ, ਜਿਸ ਨੇ 1943 ਵਿਚ ਬਪਤਿਸਮਾ ਲਿਆ ਸੀ।
“ਮੇਰੇ ਲਈ ਸਭ ਤੋਂ ਵਧੀਆ ਸਮਾਂ ਉਹ ਹੁੰਦਾ ਹੈ ਜਦੋਂ ਮੈਂ ਤੁਰਨ-ਫਿਰਨ ਜਾਂਦਾ ਹਾਂ ਅਤੇ ਮੈਨੂੰ ਪ੍ਰਾਰਥਨਾ ਵਿਚ ਯਹੋਵਾਹ ਨਾਲ ਦਿਲ ਖੋਲ੍ਹ ਕੇ ਗੱਲ ਕਰਨ ਦਾ ਮੌਕਾ ਮਿਲਦਾ ਹੈ।”—ਰਾਲਫ਼, ਜਿਸ ਨੇ 1947 ਵਿਚ ਬਪਤਿਸਮਾ ਲਿਆ ਸੀ।
“ਮੈਂ ਰੋਜ਼ ਸਵੇਰ ਨੂੰ ਦੈਨਿਕ ਪਾਠ ਤੇ ਬਾਈਬਲ ਵਿੱਚੋਂ ਕੁਝ ਆਇਤਾਂ ਪੜ੍ਹਦੀ ਹਾਂ। ਇਸ ਤਰ੍ਹਾਂ ਮੈਂ ਦਿਨ ਵਿਚ ਕੁਝ ਨਵੀਂ-ਤਾਜ਼ੀ ਗੱਲ ਉੱਤੇ ਮਨਨ ਕਰ ਸਕਦੀ ਹਾਂ।”—ਮਰੀਆ, ਜਿਸ ਨੇ 1935 ਵਿਚ ਬਪਤਿਸਮਾ ਲਿਆ ਸੀ।
“ਜਦੋਂ ਬਾਈਬਲ ਦੀਆਂ ਪੁਸਤਕਾਂ ਦੀ ਆਇਤ-ਬ-ਆਇਤ ਚਰਚਾ ਕੀਤੀ ਜਾਂਦੀ ਹੈ, ਤਾਂ ਇਸ ਤੋਂ ਮੈਨੂੰ ਬਹੁਤ ਹੀ ਪ੍ਰੇਰਣਾ ਮਿਲਦੀ ਹੈ।”—ਡਾਨਿਏਲ, ਜਿਸ ਨੇ 1946 ਵਿਚ ਬਪਤਿਸਮਾ ਲਿਆ ਸੀ।
ਤੁਸੀਂ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਲਈ ਕਦੋਂ ਸਮਾਂ ਕੱਢਦੇ ਹੋ?—ਦਾਨੀਏਲ 6:10ਅ; ਮਰਕੁਸ 1:35; ਰਸੂਲਾਂ ਦੇ ਕਰਤੱਬ 10:9.
[ਸਫ਼ੇ 13 ਉੱਤੇ ਤਸਵੀਰ]
ਅਸੀਂ ਆਪਣੀ ਜ਼ਿੰਦਗੀ ਵਿਚ ਰੂਹਾਨੀ ਕੰਮਾਂ ਨੂੰ ਪਹਿਲ ਦੇਣ ਦੁਆਰਾ ‘ ਧੀਰਜ ਨਾਲ ਫਲ ਦੇ ਸਕਾਂਗੇ’