ਅਧਿਆਇ 45
ਇਕ ਅਸੰਭਾਵੀ ਚੇਲਾ
ਕਿੰਨਾ ਹੀ ਡਰਾਉਣਾ ਦ੍ਰਿਸ਼ ਜਿਉਂ ਹੀ ਯਿਸੂ ਕੰਢੇ ਉੱਤੇ ਕਦਮ ਰੱਖਦਾ ਹੈ! ਲਾਗੇ ਦੇ ਕਬਰਸਤਾਨ ਵਿੱਚੋਂ ਦੋ ਭਿਆਨਕ ਆਦਮੀ ਨਿਕਲ ਕੇ ਉਸ ਵੱਲ ਦੌੜਦੇ ਹਨ। ਉਹ ਪਿਸ਼ਾਚਗ੍ਰਸਤ ਹਨ। ਕਿਉਂਕਿ ਉਨ੍ਹਾਂ ਵਿੱਚੋਂ ਇਕ ਸ਼ਾਇਦ ਦੂਸਰੇ ਨਾਲੋਂ ਜ਼ਿਆਦਾ ਹਿੰਸਕ ਹੈ ਅਤੇ ਜ਼ਿਆਦਾ ਸਮੇਂ ਤੋਂ ਪਿਸ਼ਾਚਾਂ ਦੇ ਨਿਯੰਤ੍ਰਣ ਅਧੀਨ ਰਿਹਾ ਹੈ, ਉਹ ਧਿਆਨ ਦਾ ਕੇਂਦਰ ਬਣ ਜਾਂਦਾ ਹੈ।
ਬਹੁਤ ਲੰਬੇ ਸਮੇਂ ਤੋਂ ਇਹ ਤਰਸਯੋਗ ਆਦਮੀ ਕਬਰਾਂ ਦਰਮਿਆਨ ਨੰਗਾ ਰਹਿ ਰਿਹਾ ਹੈ। ਉਹ ਲਗਾਤਾਰ ਦਿਨ-ਰਾਤ ਚਿਲਾਉਂਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਡਦਾ ਰਹਿੰਦਾ ਹੈ। ਉਹ ਇੰਨਾ ਹਿੰਸਕ ਹੈ ਕਿ ਕੋਈ ਵੀ ਉਸ ਰਾਹ ਤੋਂ ਲੰਘਣ ਦਾ ਹੌਸਲਾ ਨਹੀਂ ਕਰਦਾ ਹੈ। ਉਸ ਨੂੰ ਬੰਨ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰੰਤੂ ਉਹ ਸੰਗਲਾਂ ਨੂੰ ਅਤੇ ਆਪਣੇ ਪੈਰਾਂ ਤੋਂ ਬੇੜੀਆਂ ਨੂੰ ਤੋੜ ਸੁੱਟਦਾ ਹੈ। ਉਸ ਨੂੰ ਕਾਬੂ ਕਰਨ ਦੀ ਕਿਸੇ ਕੋਲ ਵੀ ਤਾਕਤ ਨਹੀਂ ਹੈ।
ਜਿਉਂ ਹੀ ਆਦਮੀ ਯਿਸੂ ਕੋਲ ਆਉਂਦਾ ਹੈ ਅਤੇ ਉਸ ਦੇ ਪੈਰਾਂ ਤੇ ਡਿੱਗਦਾ ਹੈ, ਉਸ ਨੂੰ ਕਾਬੂ ਕਰਨ ਵਾਲੇ ਪਿਸ਼ਾਚ ਉਸ ਨੂੰ ਚਿਲਾਉਣ ਲਈ ਪ੍ਰੇਰਿਤ ਕਰਦੇ ਹਨ: “ਹੇ ਯਿਸੂ ਮਹਾਂ ਪਰਮੇਸ਼ੁਰ ਦੇ ਪੁੱਤ੍ਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ, ਮੈਨੂੰ ਦੁਖ ਨਾ ਦਿਹ!”
“ਹੇ ਭ੍ਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾਹ!” ਯਿਸੂ ਇਹ ਕਹਿਣਾ ਜਾਰੀ ਰੱਖਦਾ ਹੈ। ਪਰ ਫਿਰ ਯਿਸੂ ਪੁੱਛਦਾ ਹੈ: “ਤੇਰਾ ਕੀ ਨਾਉਂ ਹੈ?”
“ਮੇਰਾ ਨਾਉਂ ਲਸ਼ਕਰ ਹੈ ਕਿਉਂ ਜੋ ਅਸੀਂ ਬਹੁਤੇ ਹਾਂਗੇ,” ਜਵਾਬ ਮਿਲਦਾ ਹੈ। ਪਿਸ਼ਾਚ ਉਨ੍ਹਾਂ ਲੋਕਾਂ ਦੇ ਕਸ਼ਟ ਦੇਖ ਕੇ ਖ਼ੁਸ਼ ਹੁੰਦੇ ਹਨ ਜਿਨ੍ਹਾਂ ਨੂੰ ਉਹ ਵਸ ਵਿਚ ਕਰ ਸਕਦੇ ਹਨ, ਅਤੇ ਸਪੱਸ਼ਟ ਤੌਰ ਤੇ ਉਹ ਬੁਜ਼ਦਿਲੀ ਨਾਲ ਇਨ੍ਹਾਂ ਉੱਤੇ ਇਕ ਜੁੰਡਲੀ ਵਾਂਗ ਟੁੱਟ ਪੈਣ ਵਿਚ ਹਰਸ਼ ਮਹਿਸੂਸ ਕਰਦੇ ਹਨ। ਪਰੰਤੂ ਜਦੋਂ ਯਿਸੂ ਉਨ੍ਹਾਂ ਦਾ ਸਾਮ੍ਹਣਾ ਕਰਦਾ ਹੈ, ਤਾਂ ਉਹ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਅਥਾਹ ਕੁੰਡ ਵਿਚ ਨਾ ਭੇਜਿਆ ਜਾਵੇ। ਅਸੀਂ ਫਿਰ ਦੇਖਦੇ ਹਾਂ ਕਿ ਯਿਸੂ ਕੋਲ ਵੱਡੀ ਸ਼ਕਤੀ ਸੀ; ਉਹ ਭ੍ਰਿਸ਼ਟ ਪਿਸ਼ਾਚਾਂ ਨੂੰ ਵੀ ਵਸ ਵਿਚ ਕਰਨ ਦੇ ਯੋਗ ਸੀ। ਇਸ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਪਿਸ਼ਾਚ ਜਾਣਦੇ ਹਨ ਕਿ ਆਖ਼ਰਕਾਰ ਉਨ੍ਹਾਂ ਦਾ ਆਪਣੇ ਆਗੂ, ਸ਼ਤਾਨ ਅਰਥਾਤ ਇਬਲੀਸ ਨਾਲ ਅਥਾਹ ਕੁੰਡ ਵਿਚ ਸੁੱਟਿਆ ਜਾਣਾ, ਪਰਮੇਸ਼ੁਰ ਦਾ ਉਨ੍ਹਾਂ ਲਈ ਦੰਡ ਹੈ।
ਲਗਭਗ 2,000 ਸੂਰਾਂ ਦਾ ਇਕ ਇੱਜੜ ਲਾਗੇ ਦੇ ਪਹਾੜ ਉੱਤੇ ਚਰ ਰਿਹਾ ਹੈ। ਇਸ ਲਈ ਪਿਸ਼ਾਚ ਕਹਿੰਦੇ ਹਨ: “ਸਾਨੂੰ ਸੂਰਾਂ ਵਿੱਚ ਘੱਲ ਦਿਹ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।” ਸਪੱਸ਼ਟ ਹੈ ਕਿ ਪਿਸ਼ਾਚਾਂ ਨੂੰ ਜੀਉਂਦੇ ਪ੍ਰਾਣੀਆਂ ਦੇ ਸਰੀਰਾਂ ਉੱਤੇ ਧਾਵਾ ਬੋਲ ਕੇ ਇਕ ਤਰ੍ਹਾਂ ਦਾ ਗ਼ੈਰ-ਕੁਦਰਤੀ, ਪਰਪੀੜਨ-ਕਾਮੁਕ ਆਨੰਦ ਮਿਲਦਾ ਹੈ। ਜਦੋਂ ਯਿਸੂ ਉਨ੍ਹਾਂ ਨੂੰ ਸੂਰਾਂ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੰਦਾ ਹੈ, ਤਾਂ ਸਾਰੇ ਦੇ ਸਾਰੇ 2,000 ਸੂਰ ਭਾਜੜ ਪਾਉਂਦੇ ਹੋਏ ਟਿੱਲੇ ਤੋਂ ਛਾਲ ਮਾਰ ਕੇ ਝੀਲ ਵਿਚ ਡੁੱਬ ਜਾਂਦੇ ਹਨ।
ਜਦੋਂ ਸੂਰਾਂ ਦੀ ਰਖਵਾਲੀ ਕਰਨ ਵਾਲਿਆਂ ਨੇ ਇਹ ਦੇਖਿਆ, ਤਾਂ ਉਹ ਨਗਰ ਅਤੇ ਪੇਂਡੂ ਇਲਾਕਿਆਂ ਵਿਚ ਖ਼ਬਰ ਦੇਣ ਲਈ ਦੌੜਦੇ ਹਨ। ਇਸ ਤੇ, ਲੋਕੀ ਇਹ ਦੇਖਣ ਲਈ ਕਿ ਕੀ ਵਾਪਰਿਆ ਹੈ, ਬਾਹਰ ਆਉਂਦੇ ਹਨ। ਜਦੋਂ ਉਹ ਉੱਥੇ ਪਹੁੰਚਦੇ ਹਨ, ਤਾਂ ਉਹ ਉਸ ਆਦਮੀ ਨੂੰ ਦੇਖਦੇ ਹਨ ਜਿਸ ਵਿੱਚੋਂ ਪਿਸ਼ਾਚ ਨਿਕਲੇ ਹਨ। ਕਿਉਂ, ਉਹ ਤਾਂ ਕੱਪੜੇ ਪਹਿਨੇ, ਆਪਣੀ ਸੁਰਤ ਵਿਚ ਯਿਸੂ ਦੇ ਪੈਰਾਂ ਕੋਲ ਬੈਠਾ ਹੈ!
ਚਸ਼ਮਦੀਦ ਗਵਾਹ ਦੱਸਦੇ ਹਨ ਕਿ ਉਹ ਆਦਮੀ ਕਿਸ ਤਰ੍ਹਾਂ ਚੰਗਾ ਕੀਤਾ ਗਿਆ। ਉਹ ਲੋਕਾਂ ਨੂੰ ਸੂਰਾਂ ਦੀ ਅਨੋਖੀ ਮੌਤ ਬਾਰੇ ਵੀ ਦੱਸਦੇ ਹਨ। ਜਦੋਂ ਲੋਕੀ ਇਹ ਸੁਣਦੇ ਹਨ, ਤਾਂ ਉਨ੍ਹਾਂ ਉੱਤੇ ਵੱਡਾ ਡਰ ਛਾ ਜਾਂਦਾ ਹੈ, ਅਤੇ ਉਹ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡ ਕੇ ਜਾਣ ਲਈ ਗੰਭੀਰਤਾਪੂਰਵਕ ਬੇਨਤੀ ਕਰਦੇ ਹਨ। ਸੋ ਉਹ ਉਨ੍ਹਾਂ ਦੀ ਗੱਲ ਮੰਨ ਲੈਂਦਾ ਹੈ ਅਤੇ ਬੇੜੀ ਉੱਤੇ ਚੜ੍ਹ ਜਾਂਦਾ ਹੈ। ਸਾਬਕਾ ਪਿਸ਼ਾਚਗ੍ਰਸਤ ਆਦਮੀ ਯਿਸੂ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਆਪਣੇ ਨਾਲ ਜਾਣ ਦੀ ਇਜਾਜ਼ਤ ਦੇਵੇ। ਪਰੰਤੂ ਯਿਸੂ ਉਸ ਨੂੰ ਕਹਿੰਦਾ ਹੈ: “ਆਪਣੇ ਘਰ ਆਪਣੇ ਸਾਕਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੁ [“ਯਹੋਵਾਹ,” ਨਿ ਵ] ਨੇ ਤੇਰੇ ਲਈ ਕੇਡੇ ਕੰਮ ਕੀਤੇ ਹਨ ਅਰ ਤੇਰੇ ਉੱਤੇ ਦਯਾ ਕੀਤੀ।”
ਆਮ ਤੌਰ ਤੇ ਯਿਸੂ ਜਿਨ੍ਹਾਂ ਨੂੰ ਚੰਗਾ ਕਰਦਾ ਹੈ ਉਨ੍ਹਾਂ ਨੂੰ ਉਹ ਹਿਦਾਇਤ ਦਿੰਦਾ ਹੈ ਕਿ ਉਹ ਕਿਸੇ ਨੂੰ ਨਾ ਦੱਸਣ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਲੋਕੀ ਸਨਸਨੀਖੇਜ਼ ਖ਼ਬਰਾਂ ਦੇ ਆਧਾਰ ਤੇ ਸਿੱਟਾ ਕੱਢਣ। ਪਰੰਤੂ ਇਹ ਅਪਵਾਦ ਉਚਿਤ ਹੈ ਕਿਉਂਕਿ ਸਾਬਕਾ ਪਿਸ਼ਾਚਗ੍ਰਸਤ ਆਦਮੀ ਉਨ੍ਹਾਂ ਲੋਕਾਂ ਦਰਮਿਆਨ ਗਵਾਹੀ ਦੇਵੇਗਾ ਜਿਨ੍ਹਾਂ ਨੂੰ ਮਿਲਣ ਦਾ ਮੌਕਾ ਹੁਣ ਸ਼ਾਇਦ ਯਿਸੂ ਨੂੰ ਨਾ ਮਿਲੇ। ਇਸ ਤੋਂ ਇਲਾਵਾ, ਆਦਮੀ ਦੀ ਹਾਜ਼ਰੀ ਯਿਸੂ ਦੇ ਚੰਗੇ ਕੰਮ ਕਰਨ ਦੀ ਸ਼ਕਤੀ ਦਾ ਸਬੂਤ ਦੇਵੇਗੀ, ਅਤੇ ਕਿਸੇ ਵੀ ਪ੍ਰਤਿਕੂਲ ਖ਼ਬਰ ਨੂੰ ਨਕਾਰਾ ਕਰੇਗੀ ਜਿਹੜੀ ਸੂਰਾਂ ਦੇ ਨੁਕਸਾਨ ਨਾਲ ਸ਼ਾਇਦ ਫੈਲੀ ਹੋਵੇ।
ਯਿਸੂ ਦੀ ਹਿਦਾਇਤ ਦੇ ਅਨੁਸਾਰ, ਸਾਬਕਾ ਪਿਸ਼ਾਚਗ੍ਰਸਤ ਆਦਮੀ ਚਲਾ ਜਾਂਦਾ ਹੈ। ਉਹ ਪੂਰੇ ਦਿਕਾਪੁਲਿਸ ਵਿਚ ਉਨ੍ਹਾਂ ਗੱਲਾਂ ਦੀ ਘੋਸ਼ਣਾ ਕਰਨੀ ਸ਼ੁਰੂ ਕਰ ਦਿੰਦਾ ਹੈ ਜਿਹੜੀਆਂ ਯਿਸੂ ਨੇ ਉਸ ਦੇ ਲਈ ਕੀਤੀਆਂ ਸਨ, ਅਤੇ ਲੋਕੀ ਹੈਰਾਨ ਹੁੰਦੇ ਹਨ। ਮੱਤੀ 8:28-34; ਮਰਕੁਸ 5:1-20; ਲੂਕਾ 8:26-39; ਪਰਕਾਸ਼ ਦੀ ਪੋਥੀ 20:1-3.
▪ ਇਕ ਪਿਸ਼ਾਚਗ੍ਰਸਤ ਆਦਮੀ ਉੱਤੇ ਧਿਆਨ ਕੇਂਦ੍ਰਿਤ ਹੋਣ ਦਾ ਸ਼ਾਇਦ ਕੀ ਕਾਰਨ ਹੈ ਜਦੋਂ ਕਿ ਦੋ ਹਾਜ਼ਰ ਹੁੰਦੇ ਹਨ?
▪ ਕੀ ਦਿਖਾਉਂਦਾ ਹੈ ਕਿ ਪਿਸ਼ਾਚ ਭਵਿੱਖ ਵਿਚ ਅਥਾਹ ਕੁੰਡ ਵਿਚ ਸੁੱਟੇ ਜਾਣ ਬਾਰੇ ਜਾਣਦੇ ਹਨ?
▪ ਸਪੱਸ਼ਟ ਤੌਰ ਤੇ ਪਿਸ਼ਾਚ ਕਿਉਂ ਮਨੁੱਖਾਂ ਅਤੇ ਜਾਨਵਰਾਂ ਨੂੰ ਵਸ ਵਿਚ ਕਰਨਾ ਪਸੰਦ ਕਰਦੇ ਹਨ?
▪ ਯਿਸੂ ਕਿਉਂ ਸਾਬਕਾ ਪਿਸ਼ਾਚਗ੍ਰਸਤ ਆਦਮੀ ਦੇ ਸੰਬੰਧ ਵਿਚ ਅਪਵਾਦ ਕਰਦਾ ਹੈ, ਇਹ ਹਿਦਾਇਤ ਦਿੰਦੇ ਹੋਏ ਕਿ ਉਹ ਦੂਸਰੇ ਲੋਕਾਂ ਨੂੰ ਦੱਸੇ ਕਿ ਯਿਸੂ ਨੇ ਉਸ ਦੇ ਲਈ ਕੀ ਕੀਤਾ ਹੈ?