ਅਧਿਆਇ 62
ਨਿਮਰਤਾ ਵਿਚ ਇਕ ਸਬਕ
ਕੈਸਰੀਆ ਫ਼ਿਲਿੱਪੀ ਦੇ ਨੇੜੇ ਦੇ ਖੇਤਰ ਵਿਚ ਪਿਸ਼ਾਚਗ੍ਰਸਤ ਮੁੰਡੇ ਨੂੰ ਚੰਗਾ ਕਰਨ ਤੋਂ ਬਾਅਦ, ਯਿਸੂ ਆਪਣੇ ਘਰ ਕਫ਼ਰਨਾਹੂਮ ਨੂੰ ਮੁੜਨਾ ਚਾਹੁੰਦਾ ਹੈ। ਪਰੰਤੂ, ਸਫਰ ਤੇ ਉਹ ਆਪਣੇ ਚੇਲਿਆਂ ਨਾਲ ਇਕੱਲਾ ਰਹਿਣਾ ਚਾਹੁੰਦਾ ਹੈ ਤਾਂਕਿ ਉਹ ਆਪਣੀ ਮੌਤ ਅਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਲਈ ਉਨ੍ਹਾਂ ਨੂੰ ਹੋਰ ਤਿਆਰ ਕਰ ਸਕੇ। “ਮਨੁੱਖ ਦਾ ਪੁੱਤ੍ਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਂਦਾ ਹੈ,” ਉਹ ਉਨ੍ਹਾਂ ਨੂੰ ਸਮਝਾਉਂਦਾ ਹੈ, “ਅਤੇ ਓਹ ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਤੋਂ ਤਿੰਨ ਦਿਨ ਪਿੱਛੋਂ ਉਹ ਫੇਰ ਜੀ ਉੱਠੇਗਾ।”
ਭਾਵੇਂ ਕਿ ਯਿਸੂ ਨੇ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਹੈ, ਅਤੇ ਤਿੰਨਾਂ ਰਸੂਲਾਂ ਨੇ ਅਸਲ ਵਿਚ ਰੂਪਾਂਤਰਣ ਨੂੰ ਦੇਖਿਆ ਹੈ ਜਿਸ ਦੇ ਦੌਰਾਨ ਉਸ ਦੇ “ਕੂਚ” ਬਾਰੇ ਚਰਚਾ ਕੀਤੀ ਗਈ ਸੀ, ਉਸ ਦੇ ਅਨੁਯਾਈ ਅਜੇ ਵੀ ਇਸ ਮਾਮਲੇ ਦੇ ਸੰਬੰਧ ਵਿਚ ਨਾ-ਸਮਝ ਹਨ। ਭਾਵੇਂ ਕਿ ਉਨ੍ਹਾਂ ਵਿੱਚੋਂ ਕੋਈ ਵੀ ਇਹ ਇਨਕਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸ ਨੂੰ ਮਾਰਿਆ ਜਾਵੇਗਾ, ਜਿਵੇਂ ਕਿ ਪਹਿਲਾਂ ਪਤਰਸ ਨੇ ਕੀਤਾ ਸੀ, ਉਹ ਉਸ ਨੂੰ ਇਸ ਬਾਰੇ ਹੋਰ ਸਵਾਲ ਕਰਨ ਤੋਂ ਡਰਦੇ ਹਨ।
ਆਖ਼ਰਕਾਰ ਉਹ ਕਫ਼ਰਨਾਹੂਮ ਵਿਚ ਪਹੁੰਚਦੇ ਹਨ, ਜੋ ਯਿਸੂ ਦੀ ਸੇਵਕਾਈ ਦੇ ਦੌਰਾਨ ਇਕ ਕਿਸਮ ਦਾ ਗ੍ਰਹਿ ਕੇਂਦਰ ਰਿਹਾ ਹੈ। ਇਹ ਪਤਰਸ ਅਤੇ ਕਈ ਹੋਰ ਰਸੂਲਾਂ ਦਾ ਜੱਦੀ ਪਿੰਡ ਵੀ ਹੈ। ਇੱਥੇ, ਹੈਕਲ ਦਾ ਕਰ ਇਕੱਠਾ ਕਰਨ ਵਾਲੇ ਲੋਕ ਪਤਰਸ ਕੋਲ ਆਉਂਦੇ ਹਨ। ਸ਼ਾਇਦ ਯਿਸੂ ਨੂੰ ਕਿਸੇ ਸਵੀਕ੍ਰਿਤ ਰਿਵਾਜ ਦੇ ਉਲੰਘਣ ਵਿਚ ਉਲਝਾਉਣ ਦੀ ਕੋਸ਼ਿਸ਼ ਕਰਦੇ ਹੋਏ, ਉਹ ਪੁੱਛਦੇ ਹਨ: “ਕੀ ਤੁਹਾਡਾ ਗੁਰੂ ਦੋ ਦਰਾਖਮਾ [ਹੈਕਲ] ਕਰ ਨਹੀਂ ਦਿੰਦਾ?”—ਨਿ ਵ.
“ਹਾਂ, ਦਿੰਦਾ ਹੈ,” ਪਤਰਸ ਜਵਾਬ ਦਿੰਦਾ ਹੈ।
ਯਿਸੂ, ਜੋ ਸ਼ਾਇਦ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਘਰ ਪਹੁੰਚਿਆ ਹੈ, ਉਨ੍ਹਾਂ ਗੱਲਾਂ ਤੋਂ ਜਾਣੂ ਹੈ ਜੋ ਵਾਪਰੀਆਂ ਹਨ। ਇਸ ਲਈ ਇਸ ਤੋਂ ਵੀ ਪਹਿਲਾਂ ਕਿ ਪਤਰਸ ਇਸ ਮਾਮਲੇ ਨੂੰ ਸਾਮ੍ਹਣੇ ਲਿਆ ਸਕਦਾ, ਯਿਸੂ ਪੁੱਛਦਾ ਹੈ: “ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆਂ ਤੋਂ?”
“ਪਰਾਇਆਂ ਤੋਂ,” ਪਤਰਸ ਜਵਾਬ ਦਿੰਦਾ ਹੈ।
“ਫੇਰ ਪੁੱਤ੍ਰ ਤਾਂ ਮਾਫ਼ ਹੋਏ,” ਯਿਸੂ ਕਹਿੰਦਾ ਹੈ। ਕਿਉਂਕਿ ਯਿਸੂ ਦਾ ਪਿਤਾ ਵਿਸ਼ਵ ਦਾ ਰਾਜਾ ਹੈ, ਉਹ ਜਿਸ ਦੀ ਹੈਕਲ ਵਿਚ ਉਪਾਸਨਾ ਕੀਤੀ ਜਾਂਦੀ ਹੈ, ਪਰਮੇਸ਼ੁਰ ਦੇ ਪੁੱਤਰ ਲਈ ਹੈਕਲ ਦਾ ਕਰ ਦੇਣਾ ਸੱਚ-ਮੁੱਚ ਇਕ ਜਾਇਜ਼ ਮੰਗ ਨਹੀਂ ਹੈ। “ਪਰ ਇਸ ਲਈ ਜੋ ਅਸੀਂ ਉਨ੍ਹਾਂ ਨੂੰ ਠੋਕਰ ਨਾ ਖੁਆਈਏ,” ਯਿਸੂ ਕਹਿੰਦਾ ਹੈ, “ਤੂੰ ਜਾ ਕੇ ਝੀਲ ਵਿਚ ਕੁੰਡੀ ਸੁੱਟ ਅਰ ਜੋ ਮੱਛੀ ਪਹਿਲਾਂ ਨਿਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇਕ ਸਟੇਟਰ [ਚਾਰ ਦਰਾਖਮਾ] ਦਾ ਸਿੱਕਾ ਪਾਏਂਗਾ। ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਈਂ।”—ਨਿ ਵ.
ਚੇਲਿਆਂ ਦੀ ਕਫ਼ਰਨਾਹੂਮ ਨੂੰ ਵਾਪਸੀ ਤੋਂ ਬਾਅਦ ਜਦੋਂ ਉਹ ਸ਼ਾਇਦ ਪਤਰਸ ਦੇ ਘਰ ਇਕੱਠੇ ਹੁੰਦੇ ਹਨ, ਤਾਂ ਉਹ ਪੁੱਛਦੇ ਹਨ: “ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਕੌਣ ਹੈ?” ਯਿਸੂ ਜਾਣਦਾ ਹੈ ਕਿ ਉਨ੍ਹਾਂ ਦਾ ਸਵਾਲ ਕਿਹੜੀ ਗੱਲੋਂ ਉਤਪੰਨ ਹੋਇਆ ਹੈ, ਕਿਉਂਕਿ ਉਹ ਜਾਣਦਾ ਹੈ ਕਿ ਕੈਸਰੀਆ ਫ਼ਿਲਿੱਪੀ ਤੋਂ ਉਨ੍ਹਾਂ ਦੀ ਵਾਪਸੀ ਤੇ ਉਹ ਉਸ ਦੇ ਪਿੱਛੇ ਹੌਲੀ-ਹੌਲੀ ਆਉਂਦੇ ਹੋਏ ਆਪੋ ਵਿਚ ਕੀ ਕਰ ਰਹੇ ਸਨ। ਇਸ ਲਈ ਉਹ ਪੁੱਛਦਾ ਹੈ: “ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸਾਓ?” ਸ਼ਰਮਿੰਦਾ ਹੋ ਕੇ ਚੇਲੇ ਚੁੱਪ ਰਹਿੰਦੇ ਹਨ, ਇਸ ਲਈ ਜੋ ਉਹ ਆਪੋ ਵਿਚ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਸਭ ਤੋਂ ਵੱਡਾ ਹੈ।
ਯਿਸੂ ਦੀ ਸਿੱਖਿਆ ਦੇ ਲਗਭਗ ਤਿੰਨਾਂ ਵਰ੍ਹਿਆਂ ਦੇ ਬਾਅਦ ਕੀ ਇਹ ਨਾ ਮੰਨਣਯੋਗ ਜਾਪਦਾ ਹੈ ਕਿ ਚੇਲੇ ਅਜਿਹੀ ਬਹਿਸ ਕਰਨਗੇ? ਖ਼ੈਰ, ਇਹ ਮਨੁੱਖੀ ਅਪੂਰਣਤਾ, ਨਾਲ ਹੀ ਧਾਰਮਿਕ ਪਿਛੋਕੜ ਦਾ ਵੀ ਜ਼ਬਰਦਸਤ ਪ੍ਰਭਾਵ ਪ੍ਰਗਟ ਕਰਦਾ ਹੈ। ਯਹੂਦੀ ਧਰਮ ਜਿਸ ਵਿਚ ਚੇਲਿਆਂ ਦਾ ਪਾਲਣ-ਪੋਸਣ ਹੋਇਆ ਹੈ, ਹਰ ਵਿਹਾਰ ਵਿਚ ਪਦਵੀ ਜਾਂ ਰੁਤਬੇ ਉੱਤੇ ਜ਼ੋਰ ਦਿੰਦਾ ਸੀ। ਇਸ ਤੋਂ ਇਲਾਵਾ, ਪਤਰਸ, ਰਾਜ ਦੀਆਂ ਖ਼ਾਸ “ਕੁੰਜੀਆਂ” ਪ੍ਰਾਪਤ ਕਰਨ ਦੇ ਯਿਸੂ ਦੇ ਵਾਅਦੇ ਕਾਰਨ, ਸ਼ਾਇਦ ਉੱਤਮ ਮਹਿਸੂਸ ਕਰਦਾ ਸੀ। ਯਾਕੂਬ ਅਤੇ ਯੂਹੰਨਾ ਵੀ ਸ਼ਾਇਦ ਇਸੇ ਤਰ੍ਹਾਂ ਦੇ ਵਿਚਾਰ ਰੱਖਦੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਯਿਸੂ ਦੇ ਰੂਪਾਂਤਰਣ ਦੇਖਣ ਦੀ ਮਿਹਰ ਪ੍ਰਾਪਤ ਹੋਈ ਹੈ।
ਭਾਵੇਂ ਮਾਮਲਾ ਕੁਝ ਵੀ ਹੋਵੇ, ਯਿਸੂ ਉਨ੍ਹਾਂ ਦੇ ਰਵੱਈਏ ਨੂੰ ਸੁਧਾਰਨ ਦੀ ਕੋਸ਼ਿਸ਼ ਵਿਚ ਇਕ ਦਿਲ ਨੂੰ ਛੋਹਣ ਵਾਲਾ ਪ੍ਰਦਰਸ਼ਨ ਪੇਸ਼ ਕਰਦਾ ਹੈ। ਉਹ ਇਕ ਬਾਲਕ ਨੂੰ ਸੱਦ ਕੇ ਉਨ੍ਹਾਂ ਸਾਰਿਆਂ ਦੇ ਵਿਚਕਾਰ ਖੜ੍ਹਾ ਕਰਦਾ ਹੈ, ਅਤੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਕਹਿੰਦਾ ਹੈ: “ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ। ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ। ਅਤੇ ਜੋ ਕੋਈ ਮੇਰੇ ਨਾਮ ਕਰਕੇ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ।”
ਆਪਣੇ ਚੇਲਿਆਂ ਨੂੰ ਸੁਧਾਰਨ ਦਾ ਕਿੰਨਾ ਹੀ ਅਦਭੁਤ ਤਰੀਕਾ! ਯਿਸੂ ਉਨ੍ਹਾਂ ਨਾਲ ਗੁੱਸੇ ਹੋ ਕੇ ਉਨ੍ਹਾਂ ਨੂੰ ਘਮੰਡੀ, ਲੋਭੀ, ਜਾਂ ਅਭਿਲਾਸ਼ੀ ਨਹੀਂ ਸੱਦਦਾ ਹੈ। ਨਹੀਂ, ਪਰੰਤੂ ਉਹ ਛੋਟੇ ਬਾਲਕਾਂ ਦਾ ਉਦਾਹਰਣ ਇਸਤੇਮਾਲ ਕਰਦੇ ਹੋਏ, ਜੋ ਸੁਭਾਵਿਕ ਤੌਰ ਤੇ ਨਿਮਰ ਹੁੰਦੇ ਹਨ ਅਤੇ ਅਭਿਲਾਸ਼ਾ ਤੋਂ ਮੁਕਤ ਹੁੰਦੇ ਹਨ ਅਤੇ ਜੋ ਆਮ ਤੌਰ ਤੇ ਆਪਸ ਵਿਚ ਰੁਤਬੇ ਦੇ ਕੋਈ ਵਿਚਾਰ ਨਹੀਂ ਰੱਖਦੇ ਹਨ, ਆਪਣੀ ਸੁਧਾਰਕ ਸਿੱਖਿਆ ਨੂੰ ਦ੍ਰਿਸ਼ਟਾਂਤ ਦੁਆਰਾ ਵਿਆਖਿਆ ਕਰਦਾ ਹੈ। ਇਸ ਤਰ੍ਹਾਂ ਯਿਸੂ ਦਿਖਾਉਂਦਾ ਹੈ ਕਿ ਉਸ ਦੇ ਚੇਲਿਆਂ ਨੂੰ ਇਨ੍ਹਾਂ ਗੁਣਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ ਜੋ ਨਿਮਰ ਬਾਲਕਾਂ ਦੀ ਵਿਸ਼ੇਸ਼ਤਾ ਹੈ। ਜਿਵੇਂ ਕਿ ਯਿਸੂ ਸਮਾਪਤੀ ਕਰਦਾ ਹੈ: “ਜੋ ਕੋਈ ਤੁਸਾਂ ਸਭਨਾਂ ਵਿੱਚੋਂ ਹੋਰਨਾਂ ਨਾਲੋਂ ਛੋਟਾ ਹੈ ਸੋਈ ਵੱਡਾ ਹੈ।” ਮੱਤੀ 17:22-27; 18:1-5; ਮਰਕੁਸ 9:30-37; ਲੂਕਾ 9:43-48.
▪ ਕਫ਼ਰਨਾਹੂਮ ਨੂੰ ਮੁੜਦੇ ਸਮੇਂ, ਯਿਸੂ ਕਿਹੜੀ ਸਿੱਖਿਆ ਦੁਹਰਾਉਂਦਾ ਹੈ, ਅਤੇ ਇਹ ਕਿਸ ਤਰ੍ਹਾਂ ਸਵੀਕਾਰ ਕੀਤੀ ਜਾਂਦੀ ਹੈ?
▪ ਯਿਸੂ ਹੈਕਲ ਦਾ ਕਰ ਦੇਣ ਦੀ ਬੰਦਸ਼ ਹੇਠ ਕਿਉਂ ਨਹੀਂ ਹੈ, ਪਰੰਤੂ ਉਹ ਇਹ ਕਿਉਂ ਦਿੰਦਾ ਹੈ?
▪ ਚੇਲਿਆਂ ਦੀ ਬਹਿਸ ਦੇ ਲਈ ਸ਼ਾਇਦ ਕਿਹੜੀਆਂ ਗੱਲਾਂ ਜ਼ਿੰਮੇਵਾਰ ਹਨ, ਅਤੇ ਯਿਸੂ ਉਨ੍ਹਾਂ ਨੂੰ ਕਿਸ ਤਰ੍ਹਾਂ ਸੁਧਾਰਦਾ ਹੈ?