ਅਧਿਆਇ 73
ਇਕ ਗੁਆਂਢੀ ਰੂਪੀ ਸਾਮਰੀ
ਯਿਸੂ ਸ਼ਾਇਦ ਬੈਤਅਨੀਆ ਦੇ ਲਾਗੇ, ਯਰੂਸ਼ਲਮ ਤੋਂ ਲਗਭਗ 3 ਕਿਲੋਮੀਟਰ ਦੂਰ ਇਕ ਪਿੰਡ ਵਿਚ ਹੈ। ਇਕ ਆਦਮੀ ਜੋ ਮੂਸਾ ਦੀ ਬਿਵਸਥਾ ਦਾ ਮਾਹਰ ਹੈ, ਉਸ ਕੋਲ ਆ ਕੇ ਇਕ ਸਵਾਲ ਪੁੱਛਦਾ ਹੈ: “ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ?”
ਯਿਸੂ ਤਾੜ ਲੈਂਦਾ ਹੈ ਕਿ ਇਹ ਆਦਮੀ, ਇਕ ਸ਼ਾਸਤਰੀ, ਸਿਰਫ਼ ਜਾਣਕਾਰੀ ਲਈ ਨਹੀਂ ਪਰੰਤੂ, ਇਸ ਦੀ ਬਜਾਇ, ਉਸ ਨੂੰ ਪਰਤਾਉਣ ਦੀ ਇੱਛਾ ਨਾਲ ਪੁੱਛ ਰਿਹਾ ਹੈ। ਸ਼ਾਇਦ ਸ਼ਾਸਤਰੀ ਦਾ ਇਰਾਦਾ ਯਿਸੂ ਨੂੰ ਅਜਿਹਾ ਜਵਾਬ ਦੇਣ ਲਈ ਉਭਾਰਨਾ ਹੈ ਜੋ ਯਹੂਦੀਆਂ ਦੀ ਸੰਵੇਦਨਸ਼ੀਲਤਾ ਨੂੰ ਠੇਸ ਪਹੁੰਚਾਏਗਾ। ਇਸ ਲਈ ਯਿਸੂ ਸ਼ਾਸਤਰੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਪੁੱਛਦਾ ਹੈ: “ਤੁਰੇਤ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿੱਕੁਰ ਪੜ੍ਹਦਾ ਹੈਂ?”
ਜਵਾਬ ਵਿਚ, ਸ਼ਾਸਤਰੀ, ਅਸਾਧਾਰਣ ਅੰਤਰਦ੍ਰਿਸ਼ਟੀ ਵਰਤਦੇ ਹੋਏ, ਬਿਵਸਥਾ ਸਾਰ 6:5 ਅਤੇ ਲੇਵੀਆਂ 19:18 ਵਿਚ ਦਿੱਤੇ ਗਏ ਪਰਮੇਸ਼ੁਰ ਦੇ ਨਿਯਮਾਂ ਵਿੱਚੋਂ ਹਵਾਲਾ ਦੇ ਕੇ ਕਹਿੰਦਾ ਹੈ: “ਤੂੰ ਪ੍ਰਭੁ [“ਯਹੋਵਾਹ,” ਨਿ ਵ] ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਰ ਆਪਣੇ ਗੁਆਂਢੀ ਨੂੰ ਆਪਣੇ ਜਿਹਾ।”
“ਤੈਂ ਠੀਕ ਉੱਤਰ ਦਿੱਤਾ,” ਯਿਸੂ ਜਵਾਬ ਦਿੰਦਾ ਹੈ। “ਇਹੋ ਕਰ ਤਾਂ ਤੂੰ ਜੀਏਂਗਾ।”
ਪਰੰਤੂ, ਸ਼ਾਸਤਰੀ ਸੰਤੁਸ਼ਟ ਨਹੀਂ ਹੁੰਦਾ। ਯਿਸੂ ਦਾ ਜਵਾਬ ਉਸ ਲਈ ਕਾਫ਼ੀ ਵਿਸ਼ਿਸ਼ਟ ਨਹੀਂ ਹੈ। ਉਹ ਯਿਸੂ ਤੋਂ ਪੁਸ਼ਟੀਕਰਣ ਚਾਹੁੰਦਾ ਹੈ ਕਿ ਉਸ ਦੇ ਆਪਣੇ ਵਿਚਾਰ ਠੀਕ ਹਨ ਅਤੇ ਕਿ ਇਸ ਤਰ੍ਹਾਂ ਉਹ ਦੂਜਿਆਂ ਦੇ ਪ੍ਰਤੀ ਆਪਣੇ ਵਤੀਰੇ ਵਿਚ ਧਰਮੀ ਹੈ। ਇਸ ਲਈ, ਉਹ ਪੁੱਛਦਾ ਹੈ: “ਕੌਣ ਹੈ ਮੇਰਾ ਗੁਆਂਢੀ?”
ਯਹੂਦੀ ਵਿਸ਼ਵਾਸ ਕਰਦੇ ਹਨ ਕਿ “ਗੁਆਂਢੀ” ਸ਼ਬਦ ਸਿਰਫ਼ ਸੰਗੀ ਯਹੂਦੀਆਂ ਲਈ ਹੀ ਲਾਗੂ ਹੁੰਦਾ ਹੈ, ਜਿਵੇਂ ਕਿ ਲੇਵੀਆਂ ਦੀ ਪੋਥੀ 19:18 ਦਾ ਸੰਦਰਭ ਸੰਕੇਤ ਕਰਦਾ ਜਾਪਦਾ ਹੈ। ਅਸਲ ਵਿਚ, ਬਾਅਦ ਵਿਚ ਰਸੂਲ ਪਤਰਸ ਨੇ ਵੀ ਕਿਹਾ: “ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ ਮਿਲਾਪ ਰੱਖਣਾ ਯਾ ਉਹ ਦੇ ਘਰ ਜਾਣਾ ਮਨਾ ਹੈ।” ਇਸ ਲਈ ਸ਼ਾਸਤਰੀ, ਅਤੇ ਸ਼ਾਇਦ ਯਿਸੂ ਦੇ ਚੇਲੇ ਵੀ, ਵਿਸ਼ਵਾਸ ਕਰਦੇ ਹਨ ਕਿ ਜੇਕਰ ਉਹ ਸਿਰਫ਼ ਸੰਗੀ ਯਹੂਦੀਆਂ ਨਾਲ ਕਿਰਪਾਪੂਰਵਕ ਵਰਤਾਉ ਕਰਨ ਤਾਂ ਉਹ ਧਰਮੀ ਹਨ, ਕਿਉਂਕਿ ਉਨ੍ਹਾਂ ਦੀ ਦ੍ਰਿਸ਼ਟੀ ਵਿਚ, ਗ਼ੈਰ-ਯਹੂਦੀ ਅਸਲ ਵਿਚ ਉਨ੍ਹਾਂ ਦੇ ਗੁਆਂਢੀ ਨਹੀਂ ਹਨ।
ਆਪਣੇ ਸਰੋਤਿਆਂ ਨੂੰ ਬਿਨਾਂ ਠੇਸ ਪਹੁੰਚਾਏ, ਯਿਸੂ ਕਿਸ ਤਰ੍ਹਾਂ ਉਨ੍ਹਾਂ ਦੇ ਵਿਚਾਰ ਨੂੰ ਸੁਧਾਰ ਸਕਦਾ ਹੈ? ਉਹ ਇਕ ਕਹਾਣੀ ਸੁਣਾਉਂਦਾ ਹੈ, ਜੋ ਸ਼ਾਇਦ ਇਕ ਅਸਲੀ ਘਟਨਾ ਉੱਪਰ ਆਧਾਰਿਤ ਹੈ। “ਇੱਕ [ਯਹੂਦੀ],” ਯਿਸੂ ਸਮਝਾਉਂਦਾ ਹੈ, “ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਰ ਅਧਮੋਇਆ ਛੱਡ ਕੇ ਚੱਲੇ ਗਏ।”
‘ਸਬੱਬ ਨਾਲ,’ ਯਿਸੂ ਅੱਗੇ ਕਹਿੰਦਾ ਹੈ, ‘ਇੱਕ ਜਾਜਕ ਉਸ ਰਸਤੇ ਉਤਰਿਆ ਜਾਂਦਾ ਸੀ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ। ਇਸੇ ਤਰਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ। ਪਰ ਇੱਕ ਸਾਮਰੀ ਸਫਰ ਕਰਦਾ ਹੋਇਆ ਉੱਥੇ ਆਇਆ। ਅਤੇ ਜਾਂ ਉਹ ਨੂੰ ਵੇਖਿਆ ਤਾਂ ਤਰਸ ਖਾਧਾ।’
ਅਨੇਕ ਜਾਜਕ ਅਤੇ ਉਨ੍ਹਾਂ ਦੇ ਹੈਕਲ ਦੇ ਸਹਾਇਕ ਲੇਵੀ ਯਰੀਹੋ ਵਿਚ ਰਹਿੰਦੇ ਹਨ, ਜੋ ਯਰੂਸ਼ਲਮ ਵਿਖੇ ਹੈਕਲ, ਜਿੱਥੇ ਉਹ ਸੇਵਾ ਕਰਦੇ ਹਨ, ਤੋਂ 915 ਮੀਟਰ ਹੇਠਾਂ ਜਾਣ ਵਾਲੇ ਖ਼ਤਰਨਾਕ ਰਾਹ ਤੇ, 22 ਕਿਲੋਮੀਟਰ ਦੀ ਦੂਰੀ ਤੇ ਹੈ। ਜਾਜਕਾਂ ਅਤੇ ਲੇਵੀਆਂ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਕਸ਼ਟ ਵਿਚ ਪਏ ਇਕ ਸੰਗੀ ਯਹੂਦੀ ਦੀ ਮਦਦ ਕਰਨਗੇ। ਪਰੰਤੂ ਉਹ ਇੰਜ ਨਹੀਂ ਕਰਦੇ। ਇਸ ਦੀ ਬਜਾਇ, ਇਕ ਸਾਮਰੀ ਮਦਦ ਕਰਦਾ ਹੈ। ਯਹੂਦੀ ਲੋਕ ਸਾਮਰੀਆਂ ਨੂੰ ਇੰਨੀ ਨਫ਼ਰਤ ਕਰਦੇ ਹਨ ਕਿ ਹਾਲ ਹੀ ਵਿਚ ਉਨ੍ਹਾਂ ਨੇ ਯਿਸੂ ਨੂੰ “ਸਾਮਰੀ” ਆਖ ਕੇ ਸਭ ਤੋਂ ਸਖ਼ਤ ਸ਼ਬਦਾਂ ਵਿਚ ਉਸ ਦੀ ਬੇਇੱਜ਼ਤੀ ਕੀਤੀ ਸੀ।
ਸਾਮਰੀ ਉਸ ਯਹੂਦੀ ਦੀ ਮਦਦ ਲਈ ਕੀ ਕਰਦਾ ਹੈ? “[ਉਹ] ਉਹ ਦੇ ਕੋਲ ਗਿਆ,” ਯਿਸੂ ਕਹਿੰਦਾ ਹੈ, “ਅਤੇ ਤੇਲ ਅਰ ਮੈ ਲਾਕੇ ਉਹ ਦੇ ਘਾਵਾਂ ਨੂੰ ਬੰਨ੍ਹਿਆ ਅਰ ਆਪਣੀ ਅਸਵਾਰੀ ਤੇ ਉਹ ਨੂੰ ਚੜ੍ਹਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਹ ਦੀ ਟਹਿਲ ਟਕੋਰ ਕੀਤੀ। ਫੇਰ ਸਵੇਰ ਨੂੰ ਦੋ ਅੱਠਿਆਨੀਆਂ [“ਦੀਨਾਰ,” ਨਿ ਵ; ਲਗਭਗ ਦੋ ਦਿਨ ਦੀ ਮਜ਼ਦੂਰੀ] ਕੱਢ ਕੇ ਭਠਿਆਰੇ ਨੂੰ ਦਿੱਤੀਆਂ ਅਤੇ ਆਖਿਆ ਭਈ ਇਹ ਦੀ ਟਹਿਲ ਟਕੋਰ ਕਰਦਾ ਰਹੀਂ, ਅਰ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਾਂ ਮੁੜ ਆਵਾਂ ਤੇਰਾ ਭਰ ਦਿਆਂਗਾ।”
ਕਹਾਣੀ ਸੁਣਾਉਣ ਤੋਂ ਬਾਅਦ, ਯਿਸੂ ਸ਼ਾਸਤਰੀ ਨੂੰ ਪੁੱਛਦਾ ਹੈ: “ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ?”
ਸਾਮਰੀ ਦੇ ਸਿਰ ਸਿਹਰਾ ਦੇਣ ਦੀ ਔਖਿਆਈ ਮਹਿਸੂਸ ਕਰਦੇ ਹੋਏ, ਸ਼ਾਸਤਰੀ ਸਾਧਾਰਣ ਢੰਗ ਨਾਲ ਜਵਾਬ ਦਿੰਦਾ ਹੈ: “ਜਿਹ ਨੇ ਉਸ ਉੱਤੇ ਦਯਾ ਕੀਤੀ।”
“ਤੂੰ ਵੀ ਜਾ ਕੇ ਏਵੇਂ ਹੀ ਕਰ,” ਯਿਸੂ ਸਮਾਪਤ ਕਰਦਾ ਹੈ।
ਜੇਕਰ ਯਿਸੂ ਉਸ ਸ਼ਾਸਤਰੀ ਨੂੰ ਸਿੱਧੇ ਤੌਰ ਤੇ ਦੱਸਦਾ ਕਿ ਗ਼ੈਰ-ਯਹੂਦੀ ਵੀ ਉਸ ਦੇ ਗੁਆਂਢੀ ਸਨ, ਤਾਂ ਨਾ ਕੇਵਲ ਉਹ ਆਦਮੀ ਇਸ ਨੂੰ ਨਾ ਮੰਨਦਾ ਬਲਕਿ ਹਾਜ਼ਰੀਨਾਂ ਵਿੱਚੋਂ ਅਧਿਕਤਰ ਲੋਕ ਵੀ ਸ਼ਾਇਦ ਯਿਸੂ ਨਾਲ ਹੋ ਰਹੇ ਇਸ ਵਿਚਾਰ-ਵਟਾਂਦਰੇ ਵਿਚ ਉਸ ਆਦਮੀ ਦਾ ਪੱਖ ਲੈਂਦੇ। ਮਗਰ, ਇਸ ਹੂ-ਬਹੂ ਕਹਾਣੀ ਨੇ ਅਖੰਡਨੀ ਤਰੀਕੇ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੇ ਗੁਆਂਢੀਆਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਸਾਡੀ ਆਪਣੀ ਨਸਲ ਅਤੇ ਕੌਮੀਅਤ ਦੇ ਨਹੀਂ ਹਨ। ਯਿਸੂ ਦੇ ਸਿਖਾਉਣ ਦਾ ਕਿੰਨਾ ਹੀ ਅਦਭੁਤ ਤਰੀਕਾ ਹੈ! ਲੂਕਾ 10:25-37; ਰਸੂਲਾਂ ਦੇ ਕਰਤੱਬ 10:28; ਯੂਹੰਨਾ 4:9; 8:48.
▪ ਸ਼ਾਸਤਰੀ ਯਿਸੂ ਨੂੰ ਕਿਹੜੇ ਸਵਾਲ ਪੁੱਛਦਾ ਹੈ, ਅਤੇ ਸਪੱਸ਼ਟ ਰੂਪ ਵਿਚ ਉਸ ਦੇ ਪੁੱਛਣ ਦਾ ਕੀ ਮਕਸਦ ਹੈ?
▪ ਯਹੂਦੀ ਕਿਸ ਨੂੰ ਆਪਣਾ ਗੁਆਂਢੀ ਮੰਨਦੇ ਹਨ, ਅਤੇ ਇਹ ਵਿਸ਼ਵਾਸ ਕਰਨ ਦਾ ਕੀ ਕਾਰਨ ਹੈ ਕਿ ਚੇਲੇ ਵੀ ਇਹੀ ਵਿਚਾਰ ਰੱਖਦੇ ਹਨ?
▪ ਯਿਸੂ ਕਿਸ ਤਰ੍ਹਾਂ ਠੀਕ ਵਿਚਾਰ ਪੇਸ਼ ਕਰਦਾ ਹੈ ਤਾਂਕਿ ਸ਼ਾਸਤਰੀ ਇਸ ਦਾ ਖੰਡਨ ਨਾ ਕਰ ਸਕਣ?