ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
“ਮੈਂ ਪਰਤੀਤ ਕੀਤੀ ਹੈ”
ਮਾਰਥਾ ਆਪਣੇ ਮਨ ਵਿਚ ਆਪਣੇ ਵੀਰ ਦੀ ਕਬਰ ਦੇਖ ਸਕਦੀ ਸੀ। ਉਸ ਨੂੰ ਇਕ ਗੁਫਾ ਵਿਚ ਰੱਖਿਆ ਗਿਆ ਸੀ ਤੇ ਉਸ ਦੇ ਮੋਹਰੇ ਇਕ ਪੱਥਰ ਸੀ। ਉਸ ਦਾ ਦਿਲ ਵੀ ਉਸ ਪੱਥਰ ਦੀ ਤਰ੍ਹਾਂ ਭਾਰਾ ਸੀ। ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸ ਦਾ ਪਿਆਰਾ ਵੀਰ ਲਾਜ਼ਰ ਹੁਣ ਦੁਨੀਆਂ ਵਿਚ ਨਹੀਂ ਰਿਹਾ। ਲਾਜ਼ਰ ਨੂੰ ਗੁਜ਼ਰੇ ਹੋਏ ਚਾਰ ਦਿਨ ਹੋ ਗਏ ਸਨ ਤੇ ਮਾਰਥਾ ਨੂੰ ਹੋਸ਼ ਹੀ ਨਹੀਂ ਸੀ ਕਿ ਕਿੰਨੇ ਲੋਕ ਅਫ਼ਸੋਸ ਕਰਨ ਆਏ।
ਅਤੇ ਹੁਣ ਉਸ ਦੇ ਸਾਮ੍ਹਣੇ ਉਹ ਆਦਮੀ ਖੜ੍ਹਾ ਸੀ ਜੋ ਲਾਜ਼ਰ ਦਾ ਜਿਗਰੀ ਦੋਸਤ ਸੀ। ਯਿਸੂ ਨੂੰ ਦੇਖ ਕੇ ਉਹ ਉੱਚੀ-ਉੱਚੀ ਰੋਣ ਲੱਗ ਪਈ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਯਿਸੂ ਪਹਿਲਾਂ ਹੀ ਆ ਜਾਂਦਾ, ਤਾਂ ਉਹ ਉਸ ਦੇ ਵੀਰ ਨੂੰ ਮਰਨ ਤੋਂ ਬਚਾ ਸਕਦਾ ਸੀ। ਪਰ ਫਿਰ ਵੀ ਯਿਸੂ ਨੂੰ ਦੇਖ ਕੇ ਉਸ ਨੂੰ ਸਹਾਰਾ ਮਿਲਿਆ ਕਿਉਂਕਿ ਉਹ ਉਸ ਦਾ ਦਰਦ ਸਮਝਦਾ ਸੀ। ਯਿਸੂ ਨੇ ਮਾਰਥਾ ਨੂੰ ਅਜਿਹੇ ਸਵਾਲ ਪੁੱਛੇ ਜਿਸ ਨਾਲ ਉਸ ਦੀ ਨਿਹਚਾ ਮਜ਼ਬੂਤ ਹੋਈ ਤੇ ਉਹ ਜੀ ਉਠਾਏ ਜਾਣ ਦੀ ਆਸ ਵੱਲ ਧਿਆਨ ਦੇ ਸਕੀ। ਇਸ ਗੱਲਬਾਤ ਦੌਰਾਨ ਮਾਰਥਾ ਨੇ ਇਕ ਜ਼ਰੂਰੀ ਗੱਲ ਕਹੀ: “ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸ਼ੁਰ ਦਾ ਪੁੱਤ੍ਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ।”—ਯੂਹੰਨਾ 11:27.
ਮਾਰਥਾ ਦੀ ਨਿਹਚਾ ਕਮਾਲ ਦੀ ਸੀ। ਚਾਹੇ ਬਾਈਬਲ ਸਾਨੂੰ ਮਾਰਥਾ ਬਾਰੇ ਬਹੁਤਾ ਕੁਝ ਨਹੀਂ ਦੱਸਦੀ, ਪਰ ਉਸ ਦੀ ਨਿਹਚਾ ਸਾਡੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰ ਸਕਦੀ ਹੈ। ਇਹ ਦੇਖਣ ਲਈ ਆਓ ਆਪਾਂ ਦੇਖੀਏ ਕਿ ਬਾਈਬਲ ਵਿੱਚ ਮਾਰਥਾ ਬਾਰੇ ਪਹਿਲਾਂ ਕਿੱਥੇ ਗੱਲ ਕੀਤੀ ਗਈ ਹੈ।
“ਚਿੰਤਾ ਕਰਦੀ ਅਤੇ ਘਬਰਾਉਂਦੀ”
ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਸੀ। ਲਾਜ਼ਰ ਜ਼ਿੰਦਾ ਤੇ ਠੀਕ-ਠਾਕ ਸੀ। ਲਾਜ਼ਰ ਦੇ ਘਰ ਬੈਤਅਨੀਆ ਵਿਚ ਬਹੁਤ ਖ਼ਾਸ ਮਹਿਮਾਨ ਯਿਸੂ ਮਸੀਹ ਆਇਆ ਹੋਇਆ ਸੀ। ਲਾਜ਼ਰ ਆਪਣੀਆਂ ਦੋ ਭੈਣਾਂ ਮਾਰਥਾ ਤੇ ਮਰਿਯਮ ਨਾਲ ਰਹਿੰਦਾ ਸੀ। ਕੁਝ ਖੋਜਕਾਰ ਮੰਨਦੇ ਹਨ ਕਿ ਮਾਰਥਾ ਤਿੰਨਾਂ ਵਿੱਚੋਂ ਸਭ ਤੋਂ ਵੱਡੀ ਸੀ ਕਿਉਂਕਿ ਜਦ ਤਿੰਨਾਂ ਦਾ ਜ਼ਿਕਰ ਆਉਂਦਾ ਹੈ, ਤਾਂ ਮਾਰਥਾ ਦਾ ਨਾਂ ਪਹਿਲਾਂ ਆਉਂਦਾ ਹੈ ਅਤੇ ਉਸ ਨੇ ਪਰਾਹੁਣਚਾਰੀ ਵਿਚ ਪਹਿਲ ਕੀਤੀ ਸੀ। (ਯੂਹੰਨਾ 11:5) ਸਾਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਵਿੱਚੋਂ ਕਿਸੇ ਦਾ ਵਿਆਹ ਹੋਇਆ ਸੀ ਕਿ ਨਹੀਂ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹ ਯਿਸੂ ਨੂੰ ਆਪਣੇ ਵੀਰ ਵਾਂਗ ਹੀ ਸਮਝਦੇ ਸਨ। ਯਹੂਦਿਯਾ ਵਿਚ ਸੇਵਕਾਈ ਦੌਰਾਨ ਯਿਸੂ ਨੇ ਬਹੁਤ ਵਿਰੋਧਤਾ ਦਾ ਸਾਮ੍ਹਣਾ ਕੀਤਾ, ਪਰ ਇਨ੍ਹਾਂ ਤਿੰਨਾਂ ਨੇ ਉਸ ਨੂੰ ਆਪਣੇ ਘਰ ਰੱਖਿਆ। ਬਿਨਾਂ ਸ਼ੱਕ ਉਨ੍ਹਾਂ ਦੀ ਮਦਦ ਲਈ ਯਿਸੂ ਬਹੁਤ ਸ਼ੁਕਰਗੁਜ਼ਾਰ ਸੀ।
ਮਾਰਥਾ ਹੀ ਘਰ ਦੀ ਤੇ ਪਰਾਹੁਣਿਆਂ ਦੀ ਦੇਖ-ਭਾਲ ਕਰਦੀ ਸੀ। ਉਹ ਮਿਹਨਤੀ ਸੀ ਤੇ ਇੱਦਾਂ ਲੱਗਦਾ ਹੈ ਕਿ ਉਸ ਨੂੰ ਘਰ ਦੇ ਕੰਮਾਂ ਕਰਕੇ ਨੱਠ-ਭੱਜ ਰਹਿੰਦੀ ਸੀ। ਜਦ ਯਿਸੂ ਉਨ੍ਹਾਂ ਕੋਲ ਰਹਿਣ ਆਇਆ, ਤਾਂ ਉਦੋਂ ਵੀ ਉਹ ਘਰ ਦੇ ਕੰਮਾਂ ਵਿਚ ਰੁੱਝ ਗਈ। ਯਿਸੂ ਇਕ ਖ਼ਾਸ ਮਹਿਮਾਨ ਸੀ ਤੇ ਸ਼ਾਇਦ ਉਸ ਦੇ ਨਾਲ ਹੋਰ ਵੀ ਜਣੇ ਆਏ ਹੋਏ ਸਨ। ਇਸ ਲਈ ਮਾਰਥਾ ਰੋਟੀ-ਪਾਣੀ ਤਿਆਰ ਕਰਨ ਵਿਚ ਰੁੱਝ ਗਈ। ਉਸ ਸਮੇਂ ਪਰਾਹੁਣਚਾਰੀ ਕਰਨੀ ਬਹੁਤ ਅਹਿਮ ਗੱਲ ਮੰਨੀ ਜਾਂਦੀ ਸੀ। ਜਦ ਕੋਈ ਪਰਾਹੁਣਾ ਆਉਂਦਾ ਸੀ, ਤਾਂ ਉਸ ਨੂੰ ਚੁੰਮ ਕੇ ਉਸ ਦਾ ਸੁਆਗਤ ਕੀਤਾ ਜਾਂਦਾ ਸੀ, ਉਸ ਦੀਆਂ ਚੱਪਲਾਂ ਲਾਈਆਂ ਜਾਂਦੀਆਂ ਸਨ, ਉਸ ਦੇ ਪੈਰ ਧੋਤੇ ਜਾਂਦੇ ਸਨ ਤੇ ਉਸ ਦੇ ਸਿਰ ʼਤੇ ਤੇਲ ਮਲਿਆ ਜਾਂਦਾ ਸੀ। (ਲੂਕਾ 7:44-47) ਉਸ ਦੇ ਰਹਿਣ-ਸਹਿਣ ਤੇ ਖਾਣ-ਪੀਣ ਦਾ ਹਰ ਇੰਤਜ਼ਾਮ ਕੀਤਾ ਜਾਂਦਾ ਸੀ।
ਮਾਰਥਾ ਤੇ ਮਰਿਯਮ ਨੂੰ ਬਹੁਤ ਸਾਰਾ ਕੰਮ ਸੀ। ਮੰਨਿਆ ਜਾਂਦਾ ਹੈ ਕਿ ਮਰਿਯਮ ਇਨ੍ਹਾਂ ਦੋਹਾਂ ਵਿੱਚੋਂ ਜ਼ਿਆਦਾ ਕੋਮਲ ਤੇ ਸੋਚ-ਵਿਚਾਰ ਕਰਨ ਵਾਲੀ ਸੀ। ਉਸ ਨੇ ਪਹਿਲਾਂ-ਪਹਿਲਾਂ ਤਾਂ ਕੰਮ ਵਿਚ ਆਪਣੀ ਭੈਣ ਦਾ ਹੱਥ ਵਟਾਇਆ ਹੋਣਾ, ਪਰ ਜਦੋਂ ਯਿਸੂ ਆ ਗਿਆ, ਤਾਂ ਸਭ ਕੁਝ ਬਦਲ ਗਿਆ। ਯਿਸੂ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਸਿੱਖਿਆ ਦੇਣ ਲੱਗ ਗਿਆ। ਉਸ ਸਮੇਂ ਦੇ ਧਾਰਮਿਕ ਆਗੂਆਂ ਦੇ ਉਲਟ ਯਿਸੂ ਔਰਤਾਂ ਦਾ ਆਦਰ ਕਰਦਾ ਸੀ ਤੇ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾ ਕੇ ਖ਼ੁਸ਼ ਸੀ। ਮਰਿਯਮ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤੇ ਉਹ ਵੀ ਇਹ ਗੱਲਾਂ ਸੁਣਨ ਲਈ ਉਸ ਦੇ ਪੈਰਾਂ ਕੋਲ ਬੈਠ ਗਈ।
ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਮਾਰਥਾ ʼਤੇ ਕੀ ਬੀਤੀ ਹੋਣੀ। ਰੋਟੀ-ਪਾਣੀ ਬਣਾਉਣ ਤੋਂ ਇਲਾਵਾ ਪਰਾਹੁਣਿਆਂ ਦੀ ਦੇਖ-ਭਾਲ ਕਰਨ ਦਾ ਵੀ ਬਹੁਤ ਕੰਮ ਸੀ। ਇਸ ਲਈ ਉਹ ਜ਼ਿਆਦਾ ਹੈਰਾਨ-ਪਰੇਸ਼ਾਨ ਹੋ ਗਈ। ਘਰ ਦੇ ਕੰਮ ਕਰਦੀ ਇੱਧਰ-ਉੱਧਰ ਲੰਘਦੀ-ਵੜਦੀ ਆਪਣੀ ਭੈਣ ਨੂੰ ਕੁਝ ਨਾ ਕਰਦੀ ਹੋਈ ਦੇਖ ਕੇ ਕੀ ਉਹ ਗੁੱਸੇ ਹੋਈ, ਉਸ ਨੇ ਹਉਕਾ ਭਰਿਆ ਜਾਂ ਘੂਰੀਆਂ ਵੱਟੀਆਂ? ਜੇ ਉਸ ਨੇ ਇੱਦਾਂ ਕੀਤਾ ਵੀ, ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਉਹ ਸਾਰਾ ਕੰਮ ਇਕੱਲੀ ਨਹੀਂ ਕਰ ਸਕਦੀ ਸੀ!
ਆਖ਼ਰ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਸ ਨੇ ਯਿਸੂ ਦੀ ਗੱਲ ਨੂੰ ਟੋਕ ਕੇ ਕਿਹਾ: “ਪ੍ਰਭੁ ਜੀ ਤੈਨੂੰ ਕੁਝ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ ਕੱਲੀ ਹੀ ਛੱਡਿਆ ਹੈ? ਸੋ ਉਹ ਨੂੰ ਕਹੁ ਕਿ ਮੇਰੀ ਮੱਦਤ ਕਰੇ।” (ਲੂਕਾ 10:40) ਇਨ੍ਹਾਂ ਸ਼ਬਦਾਂ ਤੋਂ ਉਸ ਦਾ ਗੁੱਸਾ ਝਲਕਦਾ ਹੈ। ਉਹ ਚਾਹੁੰਦੀ ਸੀ ਕਿ ਯਿਸੂ ਮਰਿਯਮ ਨੂੰ ਝਿੜਕੇ ਤੇ ਉਸ ਨੂੰ ਕੰਮ ਕਰਨ ਲਈ ਕਹੇ।
ਯਿਸੂ ਦਾ ਜਵਾਬ ਸੁਣ ਕੇ ਮਾਰਥਾ ਸ਼ਾਇਦ ਹੈਰਾਨ ਹੋਈ ਹੋਣੀ ਜਿੱਦਾਂ ਅਸੀਂ ਪੜ੍ਹ ਕੇ ਹੈਰਾਨ ਹੋ ਜਾਂਦੇ ਹਾਂ। ਉਸ ਨੇ ਸਹਿਜਤਾ ਨਾਲ ਕਿਹਾ: “ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।” (ਲੂਕਾ 10:41, 42) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ? ਕੀ ਉਹ ਇਹ ਕਹਿ ਰਿਹਾ ਸੀ ਕਿ ਮਾਰਥਾ ਐਵੇਂ ਬਹੁਤੀਆਂ ਚੀਜ਼ਾਂ ਦੀ ਚਿੰਤਾ ਕਰ ਰਹੀ ਹੈ? ਕੀ ਰੋਟੀ-ਪਾਣੀ ਤਿਆਰ ਕਰਨ ਲਈ ਕੀਤੀ ਮਾਰਥਾ ਦੀ ਮਿਹਨਤ ਨੂੰ ਯਿਸੂ ਨਜ਼ਰਅੰਦਾਜ਼ ਕਰ ਰਿਹਾ ਸੀ?
ਨਹੀਂ। ਯਿਸੂ ਨੇ ਦੇਖਿਆ ਕਿ ਮਾਰਥਾ ਪਿਆਰ ਨਾਲ ਬਹੁਤ ਮਿਹਨਤ ਕਰ ਰਹੀ ਸੀ। ਉਹ ਇਹ ਵੀ ਨਹੀਂ ਕਹਿ ਰਿਹਾ ਸੀ ਕਿ ਬਹੁਤ ਸਾਰਾ ਖਾਣਾ ਬਣਾਉਣਾ ਗ਼ਲਤ ਸੀ। ਕੁਝ ਸਮੇਂ ਪਹਿਲਾਂ ਜਦ ਮੱਤੀ ਨੇ ਯਿਸੂ ਲਈ “ਵੱਡੀ ਦਾਉਤ” ਕੀਤੀ ਸੀ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਗਿਆ ਸੀ। (ਲੂਕਾ 5:29) ਇੱਥੇ ਗੱਲ ਮਾਰਥਾ ਵੱਲੋਂ ਤਿਆਰ ਕੀਤੇ ਗਏ ਖਾਣੇ ਦੀ ਨਹੀਂ ਸੀ, ਪਰ ਇਹ ਸੀ ਕਿ ਉਹ ਕਿਸ ਚੀਜ਼ ਨੂੰ ਪਹਿਲ ਦੇ ਰਹੀ ਸੀ। ਉਹ ਰੋਟੀ-ਪਾਣੀ ਬਣਾਉਣ ਵਿਚ ਇੰਨਾ ਰੁੱਝ ਗਈ ਕਿ ਉਹ ਸਭ ਤੋਂ ਜ਼ਰੂਰੀ ਗੱਲ ਭੁੱਲ ਗਈ। ਉਹ ਕੀ ਸੀ?
ਯਹੋਵਾਹ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਯਿਸੂ ਮਾਰਥਾ ਦੇ ਘਰ ਸੱਚਾਈ ਸਿਖਾਉਣ ਆਇਆ ਹੋਇਆ ਸੀ। ਇਸ ਤੋਂ ਜ਼ਰੂਰੀ ਗੱਲ ਹੋਰ ਕਿਹੜੀ ਹੋ ਸਕਦੀ ਸੀ? ਯਿਸੂ ਨੂੰ ਲੱਗਾ ਕਿ ਮਾਰਥਾ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦਾ ਵਧੀਆ ਮੌਕਾ ਗੁਆ ਰਹੀ ਸੀ, ਪਰ ਉਸ ਨੇ ਮਾਰਥਾ ਨੂੰ ਕੁਝ ਨਹੀਂ ਕਿਹਾ। ਇਹ ਮਾਰਥਾ ਦਾ ਆਪਣਾ ਫ਼ੈਸਲਾ ਸੀ। ਪਰ ਹੁਣ ਉਹ ਯਿਸੂ ਨੂੰ ਇਹ ਕਹਿ ਰਹੀ ਸੀ ਕਿ ਉਹ ਮਰਿਯਮ ਨੂੰ ਉਸ ਨਾਲ ਕੰਮ ਕਰਨ ਨੂੰ ਜ਼ੋਰ ਪਾਵੇ ਜੋ ਕਿ ਗ਼ਲਤ ਸੀ।
ਸੋ ਯਿਸੂ ਨੇ ਮਾਰਥਾ ਦੀ ਸੋਚਣੀ ਨੂੰ ਸੁਧਾਰਿਆ। ਉਸ ਨੇ ਦੋ ਵਾਰੀ ਉਸ ਦਾ ਨਾਂ ਲੈ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨੂੰ ‘ਬਹੁਤੀਆਂ ਵਸਤਾਂ ਬਾਰੇ ਚਿੰਤਾ ਕਰਨ ਅਤੇ ਘਬਰਾਉਣ’ ਦੀ ਲੋੜ ਨਹੀਂ ਸੀ। ਸਾਦਾ ਖਾਣਾ ਜਾਂ ਇਕ-ਦੋ ਚੀਜ਼ਾਂ ਬਹੁਤ ਸਨ, ਖ਼ਾਸ ਕਰਕੇ ਜਦੋਂ ਪਰਮੇਸ਼ੁਰ ਬਾਰੇ ਸਿੱਖਣ ਦਾ ਇੰਨਾ ਵਧੀਆ ਮੌਕਾ ਮਿਲ ਰਿਹਾ ਸੀ। ਇਸ ਲਈ ਮਰਿਯਮ ਤੋਂ ਉਹ “ਚੰਗਾ ਹਿੱਸਾ” ਨਹੀਂ ਖੋਹਿਆ ਜਾਣਾ ਸੀ ਜੋ ਉਸ ਨੇ ਚੁਣਿਆ ਸੀ ਯਾਨੀ ਯਿਸੂ ਤੋਂ ਸਿੱਖਣ ਦਾ!
ਇਸ ਘਟਨਾ ਤੋਂ ਅਸੀਂ ਵੀ ਕੁਝ ਸਿੱਖ ਸਕਦੇ ਹਾਂ। ‘ਪਰਮੇਸ਼ੁਰ ਦੇ ਬਚਨ ਨੂੰ ਸੁਣਨ ਅਤੇ ਮੰਨਣ’ ਤੋਂ ਸਾਨੂੰ ਕਿਸੇ ਵੀ ਚੀਜ਼ ਨੂੰ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। (ਲੂਕਾ 11:28) ਭਾਵੇਂ ਕਿ ਅਸੀਂ ਮਾਰਥਾ ਵਾਂਗ ਮਿਹਨਤ ਕਰ ਕੇ ਦਿਲੋਂ ਪਰਾਹੁਣਚਾਰੀ ਦਿਖਾਉਣਾ ਚਾਹੁੰਦੇ ਹਾਂ, ਪਰ ਸਾਨੂੰ ਇੰਨੀ ‘ਚਿੰਤਾ ਕਰਨੀ ਅਤੇ ਘਬਰਾਉਣਾ’ ਨਹੀਂ ਚਾਹੀਦਾ ਕਿ ਅਸੀਂ ਸਭ ਤੋਂ ਜ਼ਰੂਰੀ ਚੀਜ਼ ਨੂੰ ਭੁੱਲ ਜਾਈਏ। ਅਸੀਂ ਖ਼ਾਸ ਕਰਕੇ ਰੋਟੀ-ਪਾਣੀ ਖਾਣ ਲਈ ਇਕੱਠੇ ਨਹੀਂ ਹੁੰਦੇ, ਪਰ ਅਸੀਂ ਇਕ-ਦੂਜੇ ਦੀ ਨਿਹਚਾ ਤੇ ਹੌਸਲਾ ਵਧਾਉਣ ਲਈ ਇਕੱਠੇ ਹੁੰਦੇ ਹਾਂ। (ਰੋਮੀਆਂ 1:11, 12) ਕਿਸੇ ਨੂੰ ਚਾਹ-ਪਾਣੀ ʼਤੇ ਬੁਲਾ ਕੇ ਵੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ।
ਪਿਆਰੇ ਵੀਰ ਨੂੰ ਖੋਹਣਾ ਤੇ ਪਾਉਣਾ
ਕੀ ਮਾਰਥਾ ਨੇ ਯਿਸੂ ਦੀ ਤਾੜ ਨੂੰ ਸਵੀਕਾਰ ਕੀਤਾ ਸੀ? ਬਿਲਕੁਲ। ਮਾਰਥਾ ਦੇ ਵੀਰ ਬਾਰੇ ਦੱਸਣ ਤੋਂ ਪਹਿਲਾਂ ਯੂਹੰਨਾ ਰਸੂਲ ਨੇ ਸਾਨੂੰ ਯਾਦ ਕਰਾਇਆ: “ਯਿਸੂ ਮਾਰਥਾ ਨੂੰ ਅਤੇ ਉਹ ਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ।” (ਯੂਹੰਨਾ 11:5) ਉੱਪਰ ਦੱਸੀ ਘਟਨਾ ਨੂੰ ਬੀਤੇ ਕਈ ਮਹੀਨੇ ਹੋ ਚੁੱਕੇ ਸਨ। ਯਿਸੂ ਦੀ ਤਾੜ ਕਰਕੇ ਮਾਰਥਾ ਨੇ ਆਪਣੇ ਮਨ ਵਿਚ ਕੋਈ ਗੁੱਸਾ ਨਹੀਂ ਰੱਖਿਆ ਤੇ ਨਾ ਹੀ ਯਿਸੂ ਦੇ ਨਾਲ ਮੂੰਹ ਫੁਲਾਇਆ ਸੀ। ਉਸ ਨੇ ਉਸ ਦੀ ਤਾੜ ਨੂੰ ਮੰਨਿਆ ਸੀ। ਇਸ ਗੱਲ ਵਿਚ ਵੀ ਮਾਰਥਾ ਨੇ ਸਾਡੇ ਲਈ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ ਕਿਉਂਕਿ ਸਾਨੂੰ ਵੀ ਸਮੇਂ-ਸਮੇਂ ਤੇ ਤਾੜਨਾ ਦੀ ਲੋੜ ਪੈਂਦੀ ਰਹਿੰਦੀ ਹੈ।
ਜਦ ਉਸ ਦਾ ਵੀਰ ਬੀਮਾਰ ਪੈ ਗਿਆ, ਤਾਂ ਮਾਰਥਾ ਉਸ ਦੀ ਦੇਖ-ਭਾਲ ਕਰਨ ਵਿਚ ਰੁੱਝ ਗਈ। ਉਸ ਨੇ ਉਸ ਦੀ ਤਕਲੀਫ਼ ਘਟਾਉਣ ਵਿਚ ਕੋਈ ਕਸਰ ਨਹੀਂ ਛੱਡੀ ਤਾਂਕਿ ਉਸ ਦੀ ਸਿਹਤ ਸੁਧਰ ਸਕੇ। ਫਿਰ ਵੀ ਲਾਜ਼ਰ ਦੀ ਸਿਹਤ ਵਿਗੜਦੀ ਗਈ। ਚੌਵੀ ਘੰਟੇ ਉਸ ਦੀਆਂ ਭੈਣਾਂ ਉਸ ਦਾ ਖ਼ਿਆਲ ਰੱਖਦੀਆਂ ਰਹੀਆਂ। ਪਤਾ ਨਹੀਂ ਕਿੰਨੀ ਵਾਰ ਮਾਰਥਾ ਨੇ ਆਪਣੇ ਵੀਰ ਦੇ ਮੁਰਝਾਏ ਹੋਏ ਚਿਹਰੇ ਨੂੰ ਦੇਖ ਕੇ ਉਹ ਪਲ ਯਾਦ ਕੀਤੇ ਹੋਣੇ ਜਦ ਉਨ੍ਹਾਂ ਨੇ ਆਪਣੇ ਦੁੱਖ-ਸੁੱਖ ਸਾਂਝੇ ਕੀਤੇ ਸਨ।
ਜਦ ਉਨ੍ਹਾਂ ਨੂੰ ਲੱਗਾ ਕਿ ਲਾਜ਼ਰ ਦੇ ਬਚਣ ਦੀ ਕੋਈ ਉਮੀਦ ਨਹੀਂ ਰਹੀ, ਤਾਂ ਮਾਰਥਾ ਤੇ ਮਰਿਯਮ ਨੇ ਯਿਸੂ ਨੂੰ ਸੁਨੇਹਾ ਭੇਜਿਆ। ਯਿਸੂ ਉੱਥੇ ਪ੍ਰਚਾਰ ਕਰ ਰਿਹਾ ਸੀ ਜਿੱਥੋਂ ਉਸ ਨੂੰ ਆਉਣ ਲਈ ਦੋ ਦਿਨ ਲੱਗ ਜਾਣੇ ਸਨ। ਉਨ੍ਹਾਂ ਦਾ ਸੁਨੇਹਾ ਇੰਨਾ ਹੀ ਸੀ ਕਿ “ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ।” (ਯੂਹੰਨਾ 11:1, 3) ਉਨ੍ਹਾਂ ਨੂੰ ਪਤਾ ਸੀ ਕਿ ਯਿਸੂ ਉਨ੍ਹਾਂ ਦੇ ਵੀਰ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਇਹ ਵੀ ਵਿਸ਼ਵਾਸ ਸੀ ਕਿ ਉਹ ਆਪਣੇ ਦੋਸਤ ਨੂੰ ਬਚਾਉਣ ਲਈ ਕੁਝ ਵੀ ਕਰ ਸਕਦਾ ਸੀ। ਕੀ ਉਹ ਇਸ ਉਮੀਦ ਦੇ ਸਹਾਰੇ ਰਹੀਆਂ ਕਿ ਕੁਝ ਵੀ ਹੋਣ ਤੋਂ ਪਹਿਲਾਂ ਯਿਸੂ ਉੱਥੇ ਪਹੁੰਚ ਜਾਵੇਗਾ? ਜੇ ਇੱਦਾਂ ਸੀ, ਤਾਂ ਉਨ੍ਹਾਂ ਦੀ ਉਮੀਦ ʼਤੇ ਪਾਣੀ ਫਿਰ ਗਿਆ ਕਿਉਂਕਿ ਲਾਜ਼ਰ ਮਰ ਗਿਆ ਸੀ।
ਮਾਰਥਾ ਤੇ ਮਰਿਯਮ ਨੇ ਇਕੱਠੀਆਂ ਹੋ ਕੇ ਆਪਣੇ ਵੀਰ ਦੀ ਮੌਤ ਦਾ ਸੋਗ ਮਨਾਇਆ ਤੇ ਉਸ ਦੇ ਦਫ਼ਨਾਉਣ ਦੀਆਂ ਤਿਆਰੀਆਂ ਕਰਨ ਤੋਂ ਇਲਾਵਾ ਅਫ਼ਸੋਸ ਕਰਨ ਆਏ ਬੈਤਅਨੀਆ ਤੇ ਹੋਰ ਆਲੇ-ਦੁਆਲੇ ਦੇ ਲੋਕਾਂ ਨੂੰ ਮਿਲੀਆਂ। ਪਰ ਯਿਸੂ ਦੀ ਕੋਈ ਖ਼ਬਰ ਨਹੀਂ ਸੀ। ਜਿੱਦਾਂ-ਜਿੱਦਾਂ ਦਿਨ ਲੰਘਦੇ ਗਏ ਮਾਰਥਾ ਦੀ ਉਲਝਣ ਵਧਦੀ ਗਈ ਕਿ ਯਿਸੂ ਅਜੇ ਤਕ ਪਹੁੰਚਿਆ ਕਿਉਂ ਨਹੀਂ। ਅਖ਼ੀਰ ਵਿਚ ਲਾਜ਼ਰ ਦੀ ਮੌਤ ਤੋਂ ਚਾਰ ਦਿਨ ਬਾਅਦ ਮਾਰਥਾ ਨੇ ਸੁਣਿਆ ਕਿ ਯਿਸੂ ਬੈਤਅਨੀਆ ਵੱਲ ਆ ਰਿਹਾ ਹੈ। ਘਰ ਬੈਠ ਕੇ ਉਸ ਦਾ ਇੰਤਜ਼ਾਰ ਕਰਨ ਦੀ ਬਜਾਇ ਉਹ ਮਰਿਯਮ ਨੂੰ ਦੱਸੇ ਬਿਨਾਂ ਯਿਸੂ ਨੂੰ ਮਿਲਣ ਚਲੀ ਗਈ।—ਯੂਹੰਨਾ 11:20.
ਯਿਸੂ ਨੂੰ ਦੇਖ ਕੇ ਮਾਰਥਾ ਨੇ ਉਹ ਗੱਲ ਕਹੀ ਜੋ ਉਸ ਦੇ ਤੇ ਮਰਿਯਮ ਦੇ ਮਨ ਵਿਚ ਸੀ ਕਿ “ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।” ਪਰ ਮਾਰਥਾ ਦੀ ਨਿਹਚਾ ਪੱਕੀ ਸੀ ਤੇ ਉਸ ਦੇ ਦਿਲ ਵਿਚ ਅਜੇ ਵੀ ਉਮੀਦ ਸੀ। ਉਸ ਨੇ ਕਿਹਾ: “ਮੈਂ ਹੁਣ ਭੀ ਜਾਣਦੀ ਹਾਂ ਭਈ ਜੋ ਕੁਝ ਤੂੰ ਪਰਮੇਸ਼ੁਰ ਤੋਂ ਮੰਗੇਂ ਸੋ ਪਰਮੇਸ਼ੁਰ ਤੈਨੂੰ ਦੇਊ।” ਉਸੇ ਵੇਲੇ ਯਿਸੂ ਨੇ ਉਸ ਦੀ ਉਮੀਦ ਨੂੰ ਪੱਕਾ ਕਰਨ ਲਈ ਕਿਹਾ ਕਿ “ਤੇਰਾ ਭਰਾ ਜੀ ਉੱਠੇਗਾ।”—ਯੂਹੰਨਾ 11:21-23.
ਮਾਰਥਾ ਨੂੰ ਲੱਗਾ ਕਿ ਯਿਸੂ ਆਉਣ ਵਾਲੇ ਸਮੇਂ ਵਿਚ ਮੁਰਦਿਆਂ ਦੇ ਜੀ ਉੱਠਣ ਬਾਰੇ ਗੱਲ ਕਰ ਰਿਹਾ ਸੀ। ਇਸ ਲਈ ਉਸ ਨੇ ਜਵਾਬ ਦਿੱਤਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।” (ਯੂਹੰਨਾ 11:24) ਉਸ ਦੀ ਨਿਹਚਾ ਕਿੰਨੀ ਪੱਕੀ ਸੀ! ਸਦੂਕੀ ਨਾਂ ਦੇ ਯਹੂਦੀ ਧਾਰਮਿਕ ਲੀਡਰ ਇਹ ਗੱਲ ਬਿਲਕੁਲ ਨਹੀਂ ਮੰਨਦੇ ਸਨ ਕਿ ਮੁਰਦਿਆਂ ਨੂੰ ਜੀ ਉਠਾਇਆ ਜਾਵੇਗਾ, ਭਾਵੇਂ ਕਿ ਇਹ ਸਿੱਖਿਆ ਯਹੂਦੀ ਲਿਖਤਾਂ ਵਿਚ ਪਾਈ ਜਾਂਦੀ ਸੀ। (ਦਾਨੀਏਲ 12:13; ਮਰਕੁਸ 12:18) ਪਰ ਮਾਰਥਾ ਨੂੰ ਪਤਾ ਸੀ ਕਿ ਯਿਸੂ ਮੁਰਦਿਆਂ ਦੇ ਜੀ ਉੱਠਣ ਦੀ ਸਿੱਖਿਆ ਹੀ ਨਹੀਂ ਦਿੰਦਾ ਸੀ, ਬਲਕਿ ਉਸ ਨੇ ਖ਼ੁਦ ਮੁਰਦਿਆਂ ਨੂੰ ਜ਼ਿੰਦਾ ਕੀਤਾ ਸੀ। ਪਰ ਅਜੇ ਤਕ ਯਿਸੂ ਨੇ ਕਿਸੇ ਨੂੰ ਜ਼ਿੰਦਾ ਨਹੀਂ ਕੀਤਾ ਸੀ ਜੋ ਲਾਜ਼ਰ ਵਾਂਗ ਚਾਰ ਦਿਨਾਂ ਤੋਂ ਮਰਿਆ ਹੋਇਆ ਹੋਵੇ। ਮਾਰਥਾ ਨੂੰ ਨਹੀਂ ਪਤਾ ਸੀ ਕਿ ਯਿਸੂ ਕੀ ਕਰਨ ਵਾਲਾ ਸੀ।
ਫਿਰ ਯਿਸੂ ਨੇ ਸਾਫ਼-ਸਾਫ਼ ਕਿਹਾ: “ਕਿਆਮਤ ਅਤੇ ਜੀਉਣ ਮੈਂ ਹਾਂ।” ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਅਧਿਕਾਰ ਦਿੱਤਾ ਹੈ ਕਿ ਅਗਾਹਾਂ ਨੂੰ ਉਹ ਲੱਖਾਂ-ਕਰੋੜਾਂ ਨੂੰ ਜ਼ਿੰਦਾ ਕਰੇਗਾ। ਯਿਸੂ ਨੇ ਮਾਰਥਾ ਨੂੰ ਪੁੱਛਿਆ: “ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ?” ਮਾਰਥਾ ਨੇ ਉਹ ਜਵਾਬ ਦਿੱਤਾ ਜੋ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਯਿਸੂ ਯਹੋਵਾਹ ਪਰਮੇਸ਼ੁਰ ਦਾ ਪੁੱਤਰ ਹੈ ਤੇ ਉਹ ਹੀ ਆਉਣ ਵਾਲਾ ਮਸੀਹਾ ਹੈ ਜਿਸ ਬਾਰੇ ਨਬੀਆਂ ਨੇ ਲਿਖਿਆ ਸੀ।—ਯੂਹੰਨਾ 5:28, 29; 11:25-27.
ਕੀ ਯਹੋਵਾਹ ਪਰਮੇਸ਼ੁਰ ਤੇ ਉਸ ਦਾ ਪੁੱਤਰ ਯਿਸੂ ਮਸੀਹ ਇਸ ਤਰ੍ਹਾਂ ਦੀ ਨਿਹਚਾ ਦੀ ਕਦਰ ਕਰਦੇ ਹਨ? ਅੱਗੇ ਮਾਰਥਾ ਦੀਆਂ ਅੱਖਾਂ ਸਾਮ੍ਹਣੇ ਜੋ ਵੀ ਹੋਇਆ ਉਸ ਤੋਂ ਸਾਨੂੰ ਇਸ ਸਵਾਲ ਦਾ ਸਾਫ਼ ਜਵਾਬ ਮਿਲਦਾ ਹੈ। ਉਹ ਆਪਣੀ ਭੈਣ ਨੂੰ ਲੈਣ ਦੌੜੀ। ਫਿਰ ਉਸ ਨੇ ਦੇਖਿਆ ਕਿ ਜਦ ਯਿਸੂ ਮਰਿਯਮ ਤੇ ਬਾਕੀ ਲੋਕਾਂ ਨਾਲ ਅਫ਼ਸੋਸ ਕਰ ਰਿਹਾ ਸੀ, ਤਾਂ ਉਹ ਕਿੰਨਾ ਦੁਖੀ ਸੀ। ਇੱਥੋਂ ਤਕ ਕਿ ਉਸ ਨੇ ਯਿਸੂ ਨੂੰ ਰੋਂਦਾ ਦੇਖਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਲਾਜ਼ਰ ਦੀ ਮੌਤ ਦਾ ਕਿੰਨਾ ਗਮ ਸੀ। ਉਸ ਨੇ ਯਿਸੂ ਨੂੰ ਇਹ ਕਹਿੰਦਿਆਂ ਸੁਣਿਆ ਕਿ ਉਸ ਦੇ ਵੀਰ ਦੀ ਕਬਰ ਦੇ ਅੱਗਿਓਂ ਪੱਥਰ ਹਟਾਇਆ ਜਾਵੇ।—ਯੂਹੰਨਾ 11:28-39.
ਇਹ ਸੁਣ ਕੇ ਮਾਰਥਾ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਪਏ ਚਾਰ ਦਿਨ ਹੋ ਗਏ ਹਨ ਇਸ ਲਈ ਉਸ ਵਿੱਚੋਂ ਬੋ ਆਉਂਦੀ ਹੋਵੇਗੀ। ਯਿਸੂ ਨੇ ਉਸ ਨੂੰ ਯਾਦ ਕਰਾਇਆ: “ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ?” ਉਹ ਯਕੀਨ ਕਰਦੀ ਸੀ ਤੇ ਵਾਕਈ ਮਾਰਥਾ ਨੇ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਦੇਖੀ। ਉਸੇ ਵੇਲੇ ਤੇ ਉਸੇ ਜਗ੍ਹਾ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਲਾਜ਼ਰ ਨੂੰ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ! ਇਸ ਦਿਨ ਨੂੰ ਮਾਰਥਾ ਕਦੀ ਨਹੀਂ ਭੁੱਲ ਸਕਦੀ ਸੀ ਜਦ ਯਿਸੂ ਨੇ ਕਿਹਾ: “ਲਾਜ਼ਰ, ਬਾਹਰ ਆ!” ਜ਼ਰਾ ਸੋਚੋ ਪਹਿਲਾਂ ਕਬਰ ਵਿੱਚੋਂ ਥੋੜ੍ਹਾ ਜਿਹਾ ਖੜਕਾ ਸੁਣਿਆ ਹੋਵੇਗਾ ਜਿੱਦਾਂ ਕੋਈ ਆਦਮੀ ਅੰਦਰ ਉੱਠ ਰਿਹਾ ਹੋਵੇ। ਫਿਰ ਉਨ੍ਹਾਂ ਨੇ ਲਾਜ਼ਰ ਨੂੰ ਪੱਟੀਆਂ ਸਣੇ ਕਬਰ ਤੋਂ ਬਾਹਰ ਆਉਂਦੇ ਦੇਖਿਆ। ਯਿਸੂ ਨੇ ਕਿਹਾ ਕਿ “ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।” ਜਦੋਂ ਮਾਰਥਾ ਤੇ ਮਰਿਯਮ ਨੇ ਆਪਣੇ ਵੀਰ ਨੂੰ ਦੇਖਿਆ, ਤਾਂ ਉਹ ਦੌੜ ਕੇ ਆਪਣੇ ਵੀਰ ਦੇ ਗਲੇ ਲੱਗੀਆਂ। (ਯੂਹੰਨਾ 11:40-44) ਆਪਣੇ ਵੀਰ ਨੂੰ ਦੇਖ ਕੇ ਮਾਰਥਾ ਦਾ ਦਿਲ ਕਿੰਨਾ ਹੌਲਾ ਹੋਇਆ ਹੋਣਾ!
ਇਹ ਬਿਰਤਾਂਤ ਦਿਖਾਉਂਦਾ ਹੈ ਕਿ ਜੀ ਉੱਠਣ ਦੀ ਉਮੀਦ ਕੋਈ ਸੁਪਨਾ ਨਹੀਂ, ਪਰ ਇਹ ਬਾਈਬਲ ਦੀ ਇਕ ਸਿੱਖਿਆ ਹੈ ਜੋ ਪੁਰਾਣੇ ਸਮੇਂ ਵਿਚ ਸੱਚ ਸਾਬਤ ਹੋ ਚੁੱਕੀ ਹੈ। ਯਹੋਵਾਹ ਤੇ ਉਸ ਦਾ ਪੁੱਤਰ ਨਿਹਚਾ ਦਾ ਇਨਾਮ ਦੇਣਾ ਚਾਹੁੰਦੇ ਹਨ ਜਿੱਦਾਂ ਉਨ੍ਹਾਂ ਨੇ ਮਾਰਥਾ, ਮਰਿਯਮ ਤੇ ਲਾਜ਼ਰ ਨੂੰ ਦਿੱਤਾ ਸੀ। ਜੇ ਤੁਸੀਂ ਵੀ ਮਾਰਥਾ ਵਾਂਗ ਪੱਕੀ ਨਿਹਚਾ ਰੱਖੋਗੇ, ਤਾਂ ਯਹੋਵਾਹ ਤੁਹਾਨੂੰ ਵੀ ਇਨਾਮ ਦੇਵੇਗਾ।a
“ਮਾਰਥਾ ਟਹਿਲ ਕਰਦੀ ਸੀ”
ਬਾਈਬਲ ਵਿਚ ਸਿਰਫ਼ ਇਕ ਵਾਰ ਹੋਰ ਮਾਰਥਾ ਦਾ ਜ਼ਿਕਰ ਆਉਂਦਾ ਹੈ। ਧਰਤੀ ਉੱਤੇ ਯਿਸੂ ਦੇ ਥੋੜ੍ਹੇ ਦਿਨ ਰਹਿ ਗਏ ਸਨ। ਇਹ ਜਾਣਦੇ ਹੋਏ ਕਿ ਯਿਸੂ ਨੇ ਅੱਗੇ ਕੀ-ਕੀ ਝੱਲਣਾ ਸੀ ਉਸ ਨੇ ਫਿਰ ਬੈਤਅਨੀਆ ਜਾਣ ਦਾ ਫ਼ੈਸਲਾ ਕੀਤਾ। ਉੱਥੋਂ ਯਰੂਸ਼ਲਮ ਸਿਰਫ਼ ਤਿੰਨ ਕਿਲੋਮੀਟਰ (ਦੋ ਮੀਲ) ਦੂਰ ਸੀ। ਯਿਸੂ ਅਤੇ ਲਾਜ਼ਰ ਸ਼ਮਊਨ ਕੋੜ੍ਹੀ ਦੇ ਘਰ ਖਾਣਾ ਖਾ ਰਹੇ ਸਨ ਅਤੇ “ਮਾਰਥਾ ਟਹਿਲ ਕਰਦੀ ਸੀ।”—ਯੂਹੰਨਾ 12:2.
ਕਿੰਨੀ ਹੀ ਮਿਹਨਤੀ ਔਰਤ! ਜਦੋਂ ਅਸੀਂ ਬਾਈਬਲ ਵਿਚ ਪਹਿਲੀ ਵਾਰ ਉਸ ਬਾਰੇ ਪੜ੍ਹਦੇ ਹਾਂ, ਤਾਂ ਉਹ ਕੰਮ ਕਰ ਰਹੀ ਹੁੰਦੀ ਹੈ ਤੇ ਇਸ ਆਖ਼ਰੀ ਜ਼ਿਕਰ ਵਿਚ ਵੀ ਕੰਮ ਕਰ ਰਹੀ ਹੈ। ਉਹ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ। ਅੱਜ ਵੀ ਮਾਰਥਾ ਵਰਗੀਆਂ ਕਈ ਬਹਾਦਰ ਤੇ ਖੁੱਲ੍ਹੇ ਦਿਲ ਵਾਲੀਆਂ ਔਰਤਾਂ ਹਨ ਜੋ ਕਿ ਮਸੀਹੀ ਕਲੀਸਿਯਾਵਾਂ ਲਈ ਬਰਕਤ ਹਨ। ਉਹ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਕੋਈ ਸ਼ੱਕ ਨਹੀਂ ਕਿ ਮਾਰਥਾ ਵੀ ਇਸ ਤਰ੍ਹਾਂ ਕਰਦੀ ਰਹੀ ਕਿਉਂਕਿ ਉਸ ਦੀ ਨਿਹਚਾ ਪੱਕੀ ਸੀ। ਆਪਣੀ ਪੱਕੀ ਨਿਹਚਾ ਕਰਕੇ ਹੀ ਉਹ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀ।
ਕੁਝ ਹੀ ਦਿਨਾਂ ਬਾਅਦ ਮਾਰਥਾ ਨੂੰ ਯਿਸੂ ਦੀ ਮੌਤ ਦਾ ਗਮ ਸਹਿਣਾ ਪਿਆ। ਯਿਸੂ ਦੇ ਕਾਤਲ ਲਾਜ਼ਰ ਨੂੰ ਵੀ ਮਾਰਨਾ ਚਾਹੁੰਦੇ ਸਨ ਕਿਉਂਕਿ ਉਸ ਦੇ ਜੀ ਉਠਾਏ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਯਿਸੂ ʼਤੇ ਨਿਹਚਾ ਕਰਨ ਲੱਗ ਪਏ ਸਨ। (ਯੂਹੰਨਾ 12:9-11) ਅਖ਼ੀਰ ਵਿਚ ਮੌਤ ਕਰਕੇ ਇਨ੍ਹਾਂ ਦੋ ਭੈਣਾਂ ਤੇ ਵੀਰ ਵਿਚ ਵਿਛੋੜਾ ਪੈ ਗਿਆ। ਅਸੀਂ ਇਹ ਨਹੀਂ ਜਾਣਦੇ ਕਿ ਇਹ ਕਦੋਂ ਤੇ ਕਿੱਦਾਂ ਹੋਇਆ, ਪਰ ਅਸੀਂ ਇਕ ਗੱਲ ਜ਼ਰੂਰ ਜਾਣਦੇ ਹਾਂ: ਮਾਰਥਾ ਦੀ ਪੱਕੀ ਨਿਹਚਾ ਨੇ ਉਸ ਨੂੰ ਮੌਤ ਤਕ ਧੀਰਜ ਰੱਖਣ ਵਿਚ ਮਦਦ ਕੀਤੀ। ਇਸੇ ਲਈ ਅੱਜ ਸਾਨੂੰ ਮਾਰਥਾ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ। (w11-E 04/01)
[ਫੁਟਨੋਟ]
a ਇਸ ਬਾਰੇ ਹੋਰ ਜਾਣਨ ਲਈ ਕਿ ਬਾਈਬਲ ਮੁਰਦਿਆਂ ਦੇ ਜੀ ਉੱਠਣ ਬਾਰੇ ਕੀ ਕਹਿੰਦੀ ਹੈ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਸੱਤਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 23 ਉੱਤੇ ਤਸਵੀਰ]
ਭਾਵੇਂ ਕਿ ਮਾਰਥਾ ਸੋਗ ਕਰ ਰਹੀ ਸੀ, ਫਿਰ ਵੀ ਉਸ ਨੇ ਯਿਸੂ ਦੀਆਂ ਗੱਲਾਂ ਸੁਣ ਕੇ ਆਪਣੀ ਨਿਹਚਾ ਪੱਕੀ ਕੀਤੀ
[ਸਫ਼ਾ 24 ਉੱਤੇ ਤਸਵੀਰ]
ਭਾਵੇਂ ਕਿ ਮਾਰਥਾ ‘ਚਿੰਤਾ ਕਰਦੀ ਅਤੇ ਘਬਰਾਈ’ ਹੋਈ ਸੀ, ਫਿਰ ਵੀ ਉਸ ਨੇ ਤਾੜ ਸਵੀਕਾਰ ਕੀਤੀ
[ਸਫ਼ਾ 27 ਉੱਤੇ ਤਸਵੀਰ]
ਮਾਰਥਾ ਨੂੰ ਆਪਣੀ ਨਿਹਚਾ ਦਾ ਇਨਾਮ ਉਦੋਂ ਮਿਲਿਆ ਜਦੋਂ ਯਿਸੂ ਨੇ ਉਸ ਦੇ ਵੀਰ ਨੂੰ ਜ਼ਿੰਦਾ ਕੀਤਾ