ਯਿਸੂ ਤੋਂ ਸਿੱਖੋ
ਰੱਬ ਕਿਹੋ ਜਿਹੀਆਂ ਪ੍ਰਾਰਥਨਾਵਾਂ ਸੁਣਦਾ ਹੈ
ਕਈ ਵਾਰ ਯਿਸੂ ਪ੍ਰਾਰਥਨਾ ਕਰਨ ਲਈ ਸ਼ਾਂਤ ਜਗ੍ਹਾ ਲੱਭਦਾ ਹੁੰਦਾ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਸੀ। ਬਾਈਬਲ ਕਹਿੰਦੀ ਹੈ: “ਉਹ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ ਅਰ ਜਾਂ ਕਰ ਹਟਿਆ ਤਾਂ ਉਹ ਦੇ ਚੇਲਿਆਂ ਵਿੱਚੇਂ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ . . . ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ, ਹੇ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਲੂਕਾ 5:16; 11:1, 2) ਯਿਸੂ ਨੇ ਦਿਖਾਇਆ ਸੀ ਕਿ ਸਾਨੂੰ ਉਸ ਦੇ ਪਿਤਾ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਿਰਫ਼ ਉਹੀ ਸਾਡਾ ਬਣਾਉਣ ਵਾਲਾ ਅਤੇ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ।—ਜ਼ਬੂਰਾਂ ਦੀ ਪੋਥੀ 65:2.
ਕੀ ਸਾਰੀਆਂ ਪ੍ਰਾਰਥਨਾਵਾਂ ਰੱਬ ਨੂੰ ਮਨਜ਼ੂਰ ਹਨ?
ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੀਆਂ। ਯਿਸੂ ਨੇ ਕਿਹਾ: “ਪ੍ਰਾਰਥਨਾ ਕਰਦੇ ਵੇਲੇ ਆਪਣੀ ਪ੍ਰਾਰਥਨਾ ਵਿਚ . . . ਬਾਰ ਬਾਰ ਇਕ ਹੀ ਗੱਲ ਨਾ ਕਰੋ।” (ਮੱਤੀ 6:7, CL) ਸਾਨੂੰ ਪਰਮੇਸ਼ੁਰ ਨਾਲ ਦਿਲੋਂ ਗੱਲ ਕਰਨੀ ਚਾਹੀਦੀ ਹੈ। ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨਾਲ ਦੋ ਬੰਦਿਆਂ ਦੀਆਂ ਪ੍ਰਾਰਥਨਾਵਾਂ ਬਾਰੇ ਦੱਸਿਆ। ਇਕ ਪਾਪੀ ਬੰਦਾ ਸੀ ਜਿਸ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਸੀ ਅਤੇ ਦੂਸਰਾ ਘਮੰਡੀ ਸੀ ਜੋ ਧਿਆਨ ਨਾਲ ਸਾਰੀਆਂ ਧਾਰਮਿਕ ਰੀਤਾਂ-ਰਿਵਾਜਾਂ ਪੂਰੀਆਂ ਕਰਦਾ ਸੀ। ਪਰ ਯਿਸੂ ਨੇ ਸਮਝਾਇਆ ਕਿ ਪਾਪੀ ਬੰਦੇ ਦੀ ਪ੍ਰਾਰਥਨਾ ਯਹੋਵਾਹ ਨੂੰ ਮਨਜ਼ੂਰ ਸੀ। (ਲੂਕਾ 18:10-14) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਨਿਮਰ ਹੋ ਕੇ ਉਹੀ ਕਰਨਾ ਚਾਹੀਦਾ ਹੈ ਜੋ ਰੱਬ ਕਹਿੰਦਾ ਹੈ। ਯਿਸੂ ਨੇ ਵੀ ਇਹੀ ਕੀਤਾ ਸੀ। ਉਸ ਨੇ ਕਿਹਾ: “ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ . . . ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰਨਾ 8:28, 29) ਯਿਸੂ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਇਹ ਵੀ ਕਿਹਾ: “ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।”—ਲੂਕਾ 22:42.
ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?
ਸਦੀਆਂ ਤੋਂ ਪਰਮੇਸ਼ੁਰ ਦਾ ਨਾਂ ਬਦਨਾਮ ਕੀਤਾ ਹੋਇਆ ਹੈ, ਇਸ ਕਰਕੇ ਯਿਸੂ ਨੇ ਕਿਹਾ: ‘ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।’ (ਮੱਤੀ 6:9, 10) ਸਾਨੂੰ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਰਾਜ ਰਾਹੀਂ ਪਰਮੇਸ਼ੁਰ ਸਵਰਗ ਵਿਚ ਅਤੇ ਧਰਤੀ ਉੱਤੇ ਆਪਣੀ ਮਰਜ਼ੀ ਪੂਰੀ ਕਰੇਗਾ। ਯਿਸੂ ਨੇ ਕਿਹਾ ਕਿ ਅਸੀਂ ਆਪਣੀ “ਰੋਜ਼ ਦੀ ਰੋਟੀ” ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਨੌਕਰੀ, ਰਿਹਾਇਸ਼, ਕੱਪੜੇ, ਸਹਿਤ ਅਤੇ ਹੋਰਨਾਂ ਗੱਲਾਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਾਂ। ਯਿਸੂ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗਣੀ ਚਾਹੀਦੀ ਹੈ।—ਲੂਕਾ 11:3, 4.
ਕੀ ਸਾਨੂੰ ਦੂਸਰਿਆਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਯਿਸੂ ਨੇ ਦੂਸਰਿਆਂ ਲਈ ਪ੍ਰਾਰਥਨਾ ਕੀਤੀ ਸੀ। ਬਾਈਬਲ ਵਿਚ ਲਿਖਿਆ ਹੈ ਕਿ ਲੋਕ “ਛੋਟੇ ਬਾਲਕਾਂ ਨੂੰ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ।” (ਮੱਤੀ 19:13) ਯਿਸੂ ਨੇ ਪਤਰਸ ਰਸੂਲ ਨੂੰ ਕਿਹਾ: “ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ।” (ਲੂਕਾ 22:32) ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰਨਾਂ ਲਈ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ, ਉਨ੍ਹਾਂ ਲਈ ਵੀ ਜੋ ਉਨ੍ਹਾਂ ਨੂੰ ਸਤਾਉਂਦੇ ਅਤੇ ਉਨ੍ਹਾਂ ਦਾ ਅਪਮਾਨ ਕਰਦੇ ਹਨ।—ਮੱਤੀ 5:44; ਲੂਕਾ 6:28.
ਸਾਨੂੰ ਪ੍ਰਾਰਥਨਾ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ?
ਯਿਸੂ ਨੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਸਮਾਂ ਕੱਢਿਆ ਸੀ ਅਤੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ “ਹਮੇਸ਼ਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ।” (ਲੂਕਾ 18:1) ਯਹੋਵਾਹ ਕਹਿੰਦਾ ਹੈ ਕਿ ਸਾਨੂੰ ਆਪਣੀਆਂ ਚਿੰਤਾਵਾਂ ਬਾਰੇ ਉਸ ਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਯਿਸੂ ਨੇ ਕਿਹਾ: ‘ਮੰਗਦੇ ਰਹੋ ਤਾਂ ਤੁਹਾਨੂੰ ਦਿੱਤਾ ਜਾਵੇਗਾ।’ ਕੀ ਸਾਨੂੰ ਇਸ ਲਈ ਮੰਗਦੇ ਰਹਿਣਾ ਚਾਹੀਦਾ ਹੈ ਕਿਉਂਕਿ ਯਹੋਵਾਹ ਸੁਣਨ ਵਿਚ ਢਿੱਲ-ਮੱਠ ਕਰਦਾ ਹੈ? ਨਹੀਂ, ਉਹ ਉਨ੍ਹਾਂ ਦੀ ਜ਼ਰੂਰ ਸੁਣਦਾ ਹੈ ਜੋ ਉਸ ਨੂੰ ਪਿਤਾ ਵਜੋਂ ਪਿਆਰ ਕਰਦੇ ਹਨ ਅਤੇ ਉਸ ਦਾ ਆਦਰ ਕਰਦੇ ਹਨ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:5-13. (w09 2/1)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਸਤਾਰ੍ਹਵਾਂ ਅਧਿਆਇ ਦੇਖੋ।a
[ਫੁਟਨੋਟ]
a ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।