ਅਧਿਆਇ 77
ਵਿਰਸੇ ਦਾ ਸਵਾਲ
ਸਪੱਸ਼ਟ ਤੌਰ ਤੇ ਲੋਕੀ ਜਾਣਦੇ ਹਨ ਕਿ ਯਿਸੂ ਇਕ ਫ਼ਰੀਸੀ ਦੇ ਘਰ ਖਾਣਾ ਖਾ ਰਿਹਾ ਹੈ। ਇਸ ਲਈ ਉਹ ਹਜ਼ਾਰਾਂ ਦੀ ਤਾਦਾਦ ਵਿਚ ਬਾਹਰ ਇਕੱਠੇ ਹੋ ਜਾਂਦੇ ਹਨ ਅਤੇ ਇੰਤਜ਼ਾਰ ਕਰ ਰਹੇ ਹੁੰਦੇ ਹਨ ਜਦੋਂ ਯਿਸੂ ਬਾਹਰ ਆਉਂਦਾ ਹੈ। ਉਨ੍ਹਾਂ ਫ਼ਰੀਸੀਆਂ ਤੋਂ ਭਿੰਨ ਜਿਹੜੇ ਯਿਸੂ ਦਾ ਵਿਰੋਧ ਕਰਦੇ ਅਤੇ ਕੁਝ ਗ਼ਲਤ ਕਹਿਣ ਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ, ਇਹ ਲੋਕੀ ਕਦਰਦਾਨੀ ਨਾਲ ਉਸ ਨੂੰ ਉਤਸੁਕਤਾਪੂਰਵਕ ਸੁਣਦੇ ਹਨ।
ਪਹਿਲਾਂ ਆਪਣੇ ਚੇਲਿਆਂ ਵੱਲ ਮੁੜਦੇ ਹੋਏ, ਯਿਸੂ ਕਹਿੰਦਾ ਹੈ: “ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਪਟ ਹੈ ਹੁਸ਼ਿਆਰ ਰਹੋ।” ਜਿਵੇਂ ਭੋਜਨ ਦੇ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ, ਫ਼ਰੀਸੀਆਂ ਦੀ ਸਾਰੀ ਧਾਰਮਿਕ ਵਿਵਸਥਾ ਪਖੰਡ ਨਾਲ ਭਰੀ ਹੋਈ ਹੈ। ਪਰੰਤੂ ਭਾਵੇਂ ਕਿ ਫ਼ਰੀਸੀਆਂ ਦੀ ਦੁਸ਼ਟਤਾ ਸ਼ਾਇਦ ਭਗਤੀ ਦੇ ਦਿਖਾਵੇ ਪਿੱਛੇ ਛਿਪੀ ਹੋਈ ਹੈ, ਆਖ਼ਰਕਾਰ ਇਸ ਦਾ ਭੇਤ ਖੋਲ੍ਹਿਆ ਜਾਵੇਗਾ। “ਕੋਈ ਚੀਜ਼ ਛਿਪੀ ਨਹੀਂ ਹੈ,” ਯਿਸੂ ਕਹਿੰਦਾ ਹੈ, “ਜਿਹੜੀ ਪਰਗਟ ਨਾ ਹੋਵੇਗੀ ਅਤੇ ਗੁਪਤ ਨਹੀਂ ਜਿਹੜੀ ਮਲੂਮ ਨਾ ਹੋਵੇਗੀ।”
ਯਿਸੂ ਅੱਗੇ ਜਾ ਕੇ ਉਹੀ ਉਤਸ਼ਾਹ ਨੂੰ ਦੁਹਰਾਉਂਦਾ ਹੈ ਜਿਹੜਾ ਉਸ ਨੇ 12 ਨੂੰ ਦਿੱਤਾ ਸੀ ਜਦੋਂ ਉਸ ਨੇ ਉਨ੍ਹਾਂ ਨੂੰ ਗਲੀਲ ਦੇ ਇਕ ਪ੍ਰਚਾਰ ਸਫਰ ਤੇ ਭੇਜਿਆ ਸੀ। ਉਹ ਕਹਿੰਦਾ ਹੈ: “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰਦੇ ਹਨ ਅਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸੱਕਦੇ।” ਕਿਉਂ ਜੋ ਪਰਮੇਸ਼ੁਰ ਇਕ ਛੋਟੀ ਚਿੜੀ ਨੂੰ ਵੀ ਨਹੀਂ ਭੁੱਲਦਾ, ਯਿਸੂ ਆਪਣੇ ਅਨੁਯਾਈਆਂ ਨੂੰ ਯਕੀਨ ਦੁਆਉਂਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਨਹੀਂ ਭੁੱਲੇਗਾ। ਉਹ ਬਿਆਨ ਕਰਦਾ ਹੈ: “ਜਾਂ ਤੁਹਾਨੂੰ ਸਮਾਜਾਂ ਅਰ ਸਰਦਾਰਾਂ ਅਤੇ ਹਾਕਮਾਂ ਦੇ ਅੱਗੇ ਲੈ ਜਾਣ . . . ਪਵਿੱਤ੍ਰ ਆਤਮਾ ਉਸੇ ਘੜੀ ਤੁਹਾਨੂੰ ਸਿਖਾਲੇਗਾ ਭਈ ਕੀ ਕਹਿਣਾ ਚਾਹੀਦਾ ਹੈ।”
ਭੀੜ ਵਿੱਚੋਂ ਇਕ ਆਦਮੀ ਬੋਲ ਉਠਦਾ ਹੈ। “ਗੁਰੂ ਜੀ,” ਉਹ ਬੇਨਤੀ ਕਰਦਾ ਹੈ, “ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ।” ਮੂਸਾ ਦੀ ਬਿਵਸਥਾ ਮੰਗ ਕਰਦੀ ਹੈ ਕਿ ਜੇਠੇ ਪੁੱਤਰ ਨੂੰ ਵਿਰਸੇ ਦੇ ਦੋ ਹਿੱਸੇ ਮਿਲਣ, ਇਸ ਲਈ ਝਗੜੇ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ ਹੈ। ਪਰੰਤੂ ਜ਼ਾਹਰ ਤੌਰ ਤੇ ਇਹ ਆਦਮੀ ਵਿਰਸੇ ਦੇ ਆਪਣੇ ਕਾਨੂੰਨੀ ਹਿੱਸੇ ਤੋਂ ਜ਼ਿਆਦਾ ਚਾਹੁੰਦਾ ਹੈ।
ਯਿਸੂ ਉਚਿਤ ਤੌਰ ਤੇ ਇਸ ਝਗੜੇ ਵਿਚ ਪੈਣ ਤੋਂ ਇਨਕਾਰ ਕਰ ਦਿੰਦਾ ਹੈ। “ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾ ਵੰਡਣ ਵਾਲਾ ਠਹਿਰਾਇਆ ਹੈ?” ਉਹ ਪੁੱਛਦਾ ਹੈ। ਫਿਰ ਉਹ ਭੀੜ ਨੂੰ ਇਹ ਅਤਿ-ਮਹੱਤਵਪੂਰਣ ਤਾੜਨਾ ਦਿੰਦਾ ਹੈ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” ਜੀ ਹਾਂ, ਇਕ ਆਦਮੀ ਕੋਲ ਭਾਵੇਂ ਕਿੰਨਾ ਕੁਝ ਵੀ ਕਿਉਂ ਨਾ ਹੋਵੇ, ਆਮ ਤੌਰ ਤੇ ਉਹ ਮਰ ਕੇ ਇਹ ਸਭ ਕੁਝ ਪਿੱਛੇ ਛੱਡ ਜਾਵੇਗਾ। ਇਸ ਅਸਲੀਅਤ ਉੱਪਰ ਜ਼ੋਰ ਦੇਣ ਲਈ, ਨਾਲ ਹੀ ਪਰਮੇਸ਼ੁਰ ਦੇ ਨਾਲ ਇਕ ਚੰਗਾ ਨਾਂ ਬਣਾਉਣ ਵਿਚ ਅਸਫਲ ਹੋ ਜਾਣ ਦੀ ਮੂਰਖਤਾ ਨੂੰ ਦਿਖਾਉਣ ਲਈ, ਯਿਸੂ ਇਕ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਹੈ। ਉਹ ਸਮਝਾਉਂਦਾ ਹੈ:
“ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ। ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਭਈ ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਈ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਨੂੰ ਜਮਾ ਰੱਖਾਂ? ਤਾਂ ਓਸ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਰ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾ ਕਰਾਂਗਾ। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਸੁਖੀ ਰਹੁ, ਖਾਹ ਪੀ ਅਤੇ ਮੌਜ ਮਾਨ। ਪਰ ਪਰਮੇਸ਼ੁਰ ਨੇ ਉਹ ਨੂੰ ਆਖਿਆ, ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?”
ਸਮਾਪਤੀ ਵਿਚ, ਯਿਸੂ ਕਹਿੰਦਾ ਹੈ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।” ਜਦੋਂ ਕਿ ਚੇਲੇ ਸ਼ਾਇਦ ਧਨ ਇਕੱਠਾ ਕਰਨ ਦੀ ਮੂਰਖਤਾ ਦੇ ਫੰਦੇ ਵਿਚ ਨਾ ਫਸਣ, ਜੀਵਨ ਦੀਆਂ ਰੋਜ਼ਾਨਾ ਚਿੰਤਾਵਾਂ ਦੇ ਕਾਰਨ ਉਨ੍ਹਾਂ ਦਾ ਧਿਆਨ ਆਸਾਨੀ ਨਾਲ ਯਹੋਵਾਹ ਦੇ ਪ੍ਰਤੀ ਪੂਰੇ ਪ੍ਰਾਣ ਨਾਲ ਸੇਵਾ ਤੋਂ ਭੱਟਕ ਸਕਦਾ ਹੈ। ਇਸ ਲਈ ਯਿਸੂ ਉਸ ਚੰਗੀ ਸਲਾਹ ਨੂੰ ਦੁਹਰਾਉਣ ਲਈ ਇਸ ਮੌਕੇ ਦਾ ਇਸਤੇਮਾਲ ਕਰਦਾ ਹੈ ਜਿਹੜੀ ਉਸ ਨੇ ਲਗਭਗ ਡੇਢ ਵਰ੍ਹੇ ਪਹਿਲਾਂ ਪਹਾੜੀ ਉਪਦੇਸ਼ ਵਿਚ ਦਿੱਤੀ ਸੀ। ਆਪਣੇ ਚੇਲਿਆਂ ਵੱਲ ਮੁੜਦੇ ਹੋਏ, ਉਹ ਕਹਿੰਦਾ ਹੈ:
“ਮੈਂ ਇਸ ਕਾਰਨ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਦੇ ਲਈ ਭਈ ਕੀ ਪਹਿਨਾਂਗੇ। . . . ਕਾਵਾਂ ਦੀ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ। ਓਹਨਾਂ ਦੇ ਕੋਲ ਨਾ ਭੰਡਾਰ ਨਾ ਭੜੋਲਾ ਹੈ ਅਤੇ ਪਰਮੇਸ਼ੁਰ ਓਹਨਾਂ ਦੀ ਪਿਰਤਪਾਲ ਕਰਦਾ ਹੈ। . . . ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਜੋ ਓਹ ਕਿੱਕੁਰ ਵਧਦੇ ਹਨ। ਓਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਲੇਮਾਨ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ। . . .
“ਤੁਸੀਂ ਇਹ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ? ਅਤੇ ਭਰਮ ਨਾ ਕਰੋ। ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ ਪਰ ਤੁਹਾਡਾ ਪਿਤਾ ਜਾਣਦਾ ਹੈ ਭਈ ਤੁਹਾਨੂੰ ਇਨ੍ਹਾਂ ਵਸਤਾਂ ਦੀ ਲੋੜ ਹੈ। ਪਰੰਤੂ ਤੁਸੀਂ ਉਹ ਦੇ ਰਾਜ ਨੂੰ ਭਾਲੋ ਤਾਂ ਤੁਹਾਨੂੰ ਏਹ ਵਸਤਾਂ ਵੀ ਦਿੱਤੀਆਂ ਜਾਣਗੀਆਂ।”
ਖ਼ਾਸ ਕਰ ਕੇ ਆਰਥਿਕ ਤੰਗੀਆਂ ਦੇ ਸਮੇਂ ਵਿਚ ਯਿਸੂ ਦੇ ਸ਼ਬਦ ਡੂੰਘਾ ਧਿਆਨ ਦੇਣ ਯੋਗ ਹਨ। ਉਹ ਵਿਅਕਤੀ ਜਿਹੜਾ ਆਪਣੀਆਂ ਭੌਤਿਕ ਲੋੜਾਂ ਬਾਰੇ ਅਤਿ-ਚਿੰਤਾਵਾਨ ਹੋ ਜਾਂਦਾ ਹੈ ਅਤੇ ਅਧਿਆਤਮਿਕ ਕੰਮਾਂ ਵਿਚ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ ਹੈ, ਅਸਲ ਵਿਚ, ਪਰਮੇਸ਼ੁਰ ਦੀ ਆਪਣੇ ਸੇਵਕਾਂ ਲਈ ਪ੍ਰਦਾਨ ਕਰਨ ਦੀ ਕਾਬਲੀਅਤ ਵਿਚ ਨਿਹਚਾ ਦੀ ਘਾਟ ਦਿਖਾ ਰਿਹਾ ਹੈ। ਲੂਕਾ 12:1-31; ਬਿਵਸਥਾ ਸਾਰ 21:17.
▪ ਉਹ ਆਦਮੀ ਵਿਰਸੇ ਬਾਰੇ ਸ਼ਾਇਦ ਕਿਉਂ ਪੁੱਛਦਾ ਹੈ, ਅਤੇ ਯਿਸੂ ਕੀ ਤਾੜਨਾ ਦਿੰਦਾ ਹੈ?
▪ ਯਿਸੂ ਕਿਹੜਾ ਦ੍ਰਿਸ਼ਟਾਂਤ ਇਸਤੇਮਾਲ ਕਰਦਾ ਹੈ, ਅਤੇ ਇਸ ਦਾ ਸਬਕ ਕੀ ਹੈ?
▪ ਯਿਸੂ ਕਿਹੜੀ ਸਲਾਹ ਦੁਹਰਾਉਂਦਾ ਹੈ, ਅਤੇ ਇਹ ਉਚਿਤ ਕਿਉਂ ਹੈ?