ਪਰਮੇਸ਼ੁਰ ਨੂੰ ਜਾਣੋ
ਅਸੀਂ ਪਰਮੇਸ਼ੁਰ ਦੀ ਨਜ਼ਰ ਵਿਚ ਕੀਮਤੀ ਹਾਂ
ਬਾਈਬਲ ਕਹਿੰਦੀ ਹੈ ਕਿ ‘ਸਾਡੇ ਦਿਲ ਦੀ ਅਵਾਜ਼ ਸਾਨੂੰ ਦੋਸ਼ੀ ਠਹਿਰਾ’ ਸਕਦੀ ਹੈ। ਕਈ ਵਾਰੀ ਅਸੀਂ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹਾਂ, ਲੇਕਿਨ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ‘ਪਰਮੇਸ਼ਰ ਸਾਡੇ ਦਿਲ ਨਾਲੋਂ ਵੱਡਾ ਹੈ, ਜੋ ਸਭ ਕੁਝ ਜਾਣਦਾ ਹੈ।’ (1 ਯੂਹੰਨਾ 3:19, 20, CL) ਪਰਮੇਸ਼ੁਰ ਸਾਨੂੰ ਸਾਡੇ ਨਾਲੋਂ ਬਿਹਤਰ ਜਾਣਦਾ ਹੈ। ਯਹੋਵਾਹ ਸਾਡੇ ਵਿਚ ਉਹ ਗੁਣ ਦੇਖ ਸਕਦਾ ਹੈ ਜੋ ਸ਼ਾਇਦ ਅਸੀਂ ਖ਼ੁਦ ਵੀ ਨਹੀਂ ਦੇਖ ਸਕਦੇ। ਤਾਂ ਫਿਰ ਉਸ ਦੀ ਨਜ਼ਰ ਵਿਚ ਸਾਡੀ ਕੀ ਕੀਮਤ ਹੈ? ਅਸੀਂ ਇਸ ਸਵਾਲ ਦਾ ਜਵਾਬ ਯਿਸੂ ਦੇ ਇਕ ਪ੍ਰਭਾਵਸ਼ਾਲੀ ਦ੍ਰਿਸ਼ਟਾਂਤ ਵਿਚ ਦੇਖ ਸਕਦੇ ਹਾਂ। ਉਸ ਨੇ ਇਹ ਦ੍ਰਿਸ਼ਟਾਂਤ ਦੋ ਵੱਖਰੇ ਸਮਿਆਂ ਤੇ ਦਿੱਤਾ ਸੀ।
ਪਹਿਲੇ ਮੌਕੇ ਤੇ ਯਿਸੂ ਨੇ ਕਿਹਾ ਸੀ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ?” (ਮੱਤੀ 10:29, 31) ਦੂਜੇ ਮੌਕੇ ਤੇ ਲੂਕਾ 12:6, 7 ਵਿਚ ਯਿਸੂ ਨੇ ਇਹ ਵੀ ਕਿਹਾ ਸੀ: “ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। . . . ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” ਇਸ ਸਾਧਾਰਣ ਪਰ ਪ੍ਰਭਾਵਸ਼ਾਲੀ ਦ੍ਰਿਸ਼ਟਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਆਪਣੇ ਇਕ-ਇਕ ਸੇਵਕ ਨੂੰ ਕਿੱਦਾਂ ਵਿਚਾਰਦਾ ਹੈ।
ਯਿਸੂ ਦੇ ਦਿਨਾਂ ਵਿਚ ਖਾਣ ਲਈ ਚਿੜੀਆਂ ਬਹੁਤ ਸਸਤੀਆਂ ਹੁੰਦੀਆਂ ਸਨ। ਯਿਸੂ ਨੇ ਜ਼ਰੂਰ ਗ਼ਰੀਬਾਂ ਨੂੰ ਅਤੇ ਆਪਣੀ ਮਾਂ ਨੂੰ ਇਹੋ ਜਿਹੀਆਂ ਚਿੜੀਆਂ ਬਾਜ਼ਾਰੋਂ ਖ਼ਰੀਦਦੇ ਦੇਖਿਆ ਹੋਣਾ। ਇਕ ਅਸੇਰਿਅਨ ਸਿੱਕੇ (ਜਿਸ ਦੀ ਕੀਮਤ ਅੱਜ ਲਗਭਗ ਦੋ ਰੁਪਏ ਹੋਵੇਗੀ) ਨਾਲ ਇਕ ਵਿਅਕਤੀ ਦੋ ਚਿੜੀਆਂ ਖ਼ਰੀਦ ਸਕਦਾ ਸੀ। ਇਹ ਇੰਨੀਆਂ ਸਸਤੀਆਂ ਸਨ ਕਿ ਜੇ ਕੋਈ ਦੋ ਸਿੱਕੇ ਖ਼ਰਚ ਕੇ ਚਾਰ ਚਿੜੀਆਂ ਖ਼ਰੀਦਦਾ ਸੀ, ਤਾਂ ਉਸ ਨੂੰ ਚਾਰ ਦੀ ਬਜਾਇ ਪੰਜ ਮਿਲਦੀਆਂ ਸਨ। ਇਕ ਵਾਧੂ ਚਿੜੀ ਮੁਫ਼ਤ ਵਿਚ ਦੇ ਦਿੱਤੀ ਜਾਂਦੀ ਸੀ।
ਯਿਸੂ ਨੇ ਸਮਝਾਇਆ ਕਿ ਇਕ ਵੀ ਚਿੜੀ “ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ” ਜਾਂ “ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ।” (ਮੱਤੀ 10:29) ਜਦ ਵੀ ਚਿੜੀ ਖਾਣਾ ਲੱਭਣ ਜ਼ਮੀਨ ʼਤੇ ਉੱਤਰਦੀ ਹੈ ਜਾਂ ਜ਼ਖ਼ਮੀ ਹੋਣ ਕਾਰਨ ਜ਼ਮੀਨ ਤੇ ਡਿੱਗਦੀ ਹੈ, ਤਾਂ ਪਰਮੇਸ਼ੁਰ ਨੂੰ ਇਸ ਦੀ ਖ਼ਬਰ ਹੁੰਦੀ ਹੈ। ਭਾਵੇਂ ਇਨਸਾਨ ਚਿੜੀਆਂ ਨੂੰ ਮਾਮੂਲੀ ਸਮਝਣ, ਪਰ ਪਰਮੇਸ਼ੁਰ ਇਨ੍ਹਾਂ ਨੂੰ ਕੀਮਤੀ ਸਮਝਦਾ ਹੈ ਕਿਉਂਕਿ ਉਸ ਨੇ ਇਨ੍ਹਾਂ ਨੂੰ ਰਚਿਆ ਹੈ ਅਤੇ ਇਨ੍ਹਾਂ ਵਿਚ ਵੀ ਜਾਨ ਹੈ। ਕੀ ਤੁਸੀਂ ਯਿਸੂ ਦੇ ਦ੍ਰਿਸ਼ਟਾਂਤ ਦਾ ਮਤਲਬ ਸਮਝਦੇ ਹੋ?
ਸਿੱਖਿਆ ਦੇਣ ਸਮੇਂ ਯਿਸੂ ਨੇ ਕਈ ਵਾਰੀ ਸਾਧਾਰਣ ਚੀਜ਼ਾਂ ਨਾਲ ਤੁਲਨਾ ਕਰ ਕੇ ਅਹਿਮ ਗੱਲਾਂ ਸਮਝਾਈਆਂ। ਮਿਸਾਲ ਲਈ, ਯਿਸੂ ਨੇ ਇਹ ਵੀ ਕਿਹਾ ਸੀ: “ਕਾਵਾਂ ਦੀ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ। ਉਹਨਾਂ ਦੇ ਕੋਲ ਨਾ ਭੰਡਾਰ ਨਾ ਭੜੋਲਾ ਹੈ ਅਤੇ ਪਰਮੇਸ਼ੁਰ ਓਹਨਾਂ ਦੀ ਪਿਰਤਪਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਕਿੰਨੇ ਹੀ ਉੱਤਮ ਹੋ!” (ਲੂਕਾ 12:24) ਹੁਣ ਚਿੜੀਆਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਦਾ ਮਤਲਬ ਜ਼ਿਆਦਾ ਸਪੱਸ਼ਟ ਹੋ ਜਾਂਦਾ ਹੈ। ਜੇ ਯਹੋਵਾਹ ਚਿੜੀਆਂ ਦੀ ਦੇਖ-ਭਾਲ ਕਰਦਾ ਹੈ, ਤਾਂ ਕੀ ਉਹ ਉਨ੍ਹਾਂ ਇਨਸਾਨਾਂ ਦੀ ਦੇਖ-ਭਾਲ ਨਹੀਂ ਕਰੇਗਾ ਜੋ ਉਸ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਪੂਜਾ ਕਰਦੇ ਹਨ!
ਯਿਸੂ ਦੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਨੂੰ ਸਾਡੀ ਪਰਵਾਹ ਨਹੀਂ ਜਾਂ ਉਹ ਸਾਡੇ ਵੱਲ ਧਿਆਨ ਨਹੀਂ ਦਿੰਦਾ। ਯਹੋਵਾਹ ‘ਸਾਡੇ ਦਿਲ ਨਾਲੋਂ ਵੱਡਾ ਹੈ’ ਅਤੇ ਸਾਡੇ ਵਿਚ ਉਹ ਗੁਣ ਦੇਖਦਾ ਹੈ ਜੋ ਸ਼ਾਇਦ ਅਸੀਂ ਖ਼ੁਦ ਵੀ ਨਹੀਂ ਦੇਖ ਸਕਦੇ। (w08 4/1)
[ਸਫ਼ਾ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Sparrows: © ARCO/D. Usher/age fotostock