ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ
“ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾਹ 4:5.
1. ਯਹੋਵਾਹ ਨੂੰ “ਜੁੱਗਾਂ ਦਾ ਮਹਾਰਾਜ” ਕਿਉਂ ਸੱਦਿਆ ਜਾ ਸਕਦਾ ਹੈ?
ਯਹੋਵਾਹ ਪਰਮੇਸ਼ੁਰ ਦੀ ਕੋਈ ਸ਼ੁਰੂਆਤ ਨਹੀਂ ਹੈ। ਉਹ ਉਚਿਤ ਤੌਰ ਤੇ “ਅੱਤ ਪਰਾਚੀਨ” ਸੱਦਿਆ ਜਾਂਦਾ ਹੈ ਕਿਉਂਕਿ ਉਸ ਦੀ ਹੋਂਦ ਹਮੇਸ਼ਾ ਤੋਂ ਰਹੀ ਹੈ। (ਦਾਨੀਏਲ 7:9, 13) ਯਹੋਵਾਹ ਸਦੀਵੀ ਭਵਿੱਖ ਦਾ ਵੀ ਆਨੰਦ ਮਾਣੇਗਾ। ਉਹ ਇਕੱਲਾ ਹੀ “ਜੁੱਗਾਂ ਦਾ ਮਹਾਰਾਜ” ਹੈ। (ਪਰਕਾਸ਼ ਦੀ ਪੋਥੀ 10:6; 15:3, ਨਿ ਵ) ਅਤੇ ਉਸ ਦੀ ਨਿਗਾਹ ਵਿਚ, ਹਜ਼ਾਰ ਵਰ੍ਹੇ “ਕੱਲ ਦੇ ਦਿਨ ਵਰਗੇ ਜਦ ਕਿ ਉਹ ਬੀਤ ਜਾਵੇ, ਅਤੇ ਇੱਕ ਪਹਿਰ ਰਾਤ ਵਰਗੇ ਹਨ।”—ਜ਼ਬੂਰ 90:4.
2. (ੳ) ਆਗਿਆਕਾਰ ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? (ਅ) ਸਾਨੂੰ ਆਪਣੀਆਂ ਉਮੀਦਾਂ ਅਤੇ ਯੋਜਨਾਵਾਂ ਕਿਸ ਗੱਲ ਉੱਤੇ ਕੇਂਦ੍ਰਿਤ ਕਰਨੀਆਂ ਚਾਹੀਦੀਆਂ ਹਨ?
2 ਕਿਉਂਕਿ ਜੀਵਨ ਦੇਣ ਵਾਲਾ ਸਦੀਵੀ ਹੈ, ਉਹ ਪਹਿਲੇ ਮਨੁੱਖੀ ਜੋੜੇ ਆਦਮ ਅਤੇ ਹੱਵਾਹ ਨੂੰ ਪਰਾਦੀਸ ਵਿਚ ਅਨੰਤ ਜੀਵਨ ਦੀ ਸੰਭਾਵਨਾ ਪੇਸ਼ ਕਰ ਸਕਦਾ ਸੀ। ਲੇਕਿਨ, ਅਵੱਗਿਆ ਦੇ ਕਾਰਨ ਆਦਮ ਨੇ ਸਦੀਪਕ ਜੀਵਨ ਨੂੰ ਗੁਆ ਦਿੱਤਾ, ਅਤੇ ਪਾਪ ਅਤੇ ਮੌਤ ਨੂੰ ਆਪਣੀ ਸੰਤਾਨ ਵਿਚ ਫੈਲਾ ਦਿੱਤਾ। (ਰੋਮੀਆਂ 5:12) ਫਿਰ ਵੀ, ਆਦਮ ਦੀ ਬਗਾਵਤ ਨੇ ਪਰਮੇਸ਼ੁਰ ਦੇ ਮੁਢਲੇ ਮਕਸਦ ਨੂੰ ਰੋਕਿਆ ਨਹੀਂ। ਯਹੋਵਾਹ ਦੀ ਇੱਛਾ ਇਹ ਹੈ ਕਿ ਆਗਿਆਕਾਰ ਇਨਸਾਨ ਸਦਾ ਲਈ ਜੀਉਣ, ਅਤੇ ਉਹ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ। (ਯਸਾਯਾਹ 55:11) ਫਿਰ, ਇਹ ਕਿੰਨਾ ਉਚਿਤ ਹੈ ਕਿ ਅਸੀਂ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਉਮੀਦਾਂ ਅਤੇ ਯੋਜਨਾਵਾਂ ਯਹੋਵਾਹ ਦੀ ਸੇਵਾ ਉੱਤੇ ਕੇਂਦ੍ਰਿਤ ਕਰੀਏ। ਜਦ ਕਿ ਅਸੀਂ ‘ਯਹੋਵਾਹ ਦੇ ਦਿਨ’ ਦੀ ਉਡੀਕ ਕਰਦੇ ਰਹਿਣਾ ਚਾਹੁੰਦੇ ਹਾਂ, ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਟੀਚਾ ਸਦਾ ਦੇ ਲਈ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਹੈ।—2 ਪਤਰਸ 3:12.
ਯਹੋਵਾਹ ਆਪਣੇ ਠਹਿਰਾਏ ਹੋਏ ਸਮੇਂ ਤੇ ਕਾਰਵਾਈ ਕਰਦਾ ਹੈ
3. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਆਪਣੇ ਮਕਸਦ ਪੂਰੇ ਕਰਨ ਲਈ ਯਹੋਵਾਹ ਦਾ ਇਕ “ਸਮਾ” ਹੈ?
3 ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਾਲਿਆਂ ਵਜੋਂ, ਅਸੀਂ ਉਸ ਦੀ ਇੱਛਾ ਪੂਰੀ ਕਰਨ ਵਿਚ ਬਹੁਤ ਦਿਲਚਸਪੀ ਰੱਖਦੇ ਹਾਂ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸਮੇਂ ਦਾ ਬੜਾ ਪਾਬੰਦ ਹੈ, ਅਤੇ ਸਾਨੂੰ ਭਰੋਸਾ ਹੈ ਕਿ ਉਹ ਆਪਣੇ ਠਹਿਰਾਏ ਹੋਏ ਸਮੇਂ ਤੇ ਆਪਣੇ ਮਕਸਦ ਪੂਰੇ ਕਰਨ ਵਿਚ ਕਦੀ ਵੀ ਅਸਫ਼ਲ ਨਹੀਂ ਹੁੰਦਾ ਹੈ। ਮਿਸਾਲ ਲਈ, “ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ।” (ਗਲਾਤੀਆਂ 4:4) ਯੂਹੰਨਾ ਰਸੂਲ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਨਿਸ਼ਾਨਾਂ ਜ਼ਰੀਏ ਦਿਖਾਈਆਂ ਗਈਆਂ ਭਵਿੱਖ-ਸੂਚਕ ਚੀਜ਼ਾਂ ਦੀ ਪੂਰਤੀ ਲਈ ਇਕ “ਸਮਾ” ਸੀ। (ਪਰਕਾਸ਼ ਦੀ ਪੋਥੀ 1:1-3) ‘ਮੁਰਦਿਆਂ ਦੇ ਨਿਆਉਂ’ ਦਾ ਵੀ ‘ਸਮਾ’ ਹੈ। (ਪਰਕਾਸ਼ ਦੀ ਪੋਥੀ 11:18) ਕੁਝ 1,900 ਸਾਲ ਪਹਿਲਾਂ, ਰਸੂਲ ਪੌਲੁਸ ਇਹ ਕਹਿਣ ਲਈ ਪ੍ਰੇਰਿਤ ਹੋਇਆ ਕਿ ਪਰਮੇਸ਼ੁਰ “ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ।”—ਰਸੂਲਾਂ ਦੇ ਕਰਤੱਬ 17:31.
4. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਕਰਨਾ ਚਾਹੁੰਦਾ ਹੈ?
4 ਯਹੋਵਾਹ ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਜ਼ਰੂਰ ਕਰੇਗਾ, ਕਿਉਂਕਿ ਉਸ ਦਾ ਨਾਂ ਅੱਜ ਦੇ ਸੰਸਾਰ ਵਿਚ ਬਦਨਾਮ ਕੀਤਾ ਜਾ ਰਿਹਾ ਹੈ। ਦੁਸ਼ਟ ਲੋਕ ਵਧੇ-ਫੁੱਲੇ ਹਨ। (ਜ਼ਬੂਰ 92:7) ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ, ਉਹ ਪਰਮੇਸ਼ੁਰ ਦਾ ਅਪਮਾਨ ਕਰਦੇ ਹਨ। ਉਸ ਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਉਸ ਦੇ ਸੇਵਕਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਅਤੇ ਉਨ੍ਹਾਂ ਤੇ ਜ਼ੁਲਮ ਕੀਤੇ ਜਾਂਦੇ ਹਨ। (ਜ਼ਕਰਯਾਹ 2:8) ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਹੋਵਾਹ ਨੇ ਫ਼ੈਸਲਾ ਕੀਤਾ ਹੈ ਕਿ ਸ਼ਤਾਨ ਦਾ ਪੂਰਾ ਸੰਗਠਨ ਜਲਦੀ ਹੀ ਖ਼ਤਮ ਕੀਤਾ ਜਾਵੇਗਾ! ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਹੈ ਕਿ ਇਹ ਕਦੋਂ ਹੋਵੇਗਾ, ਅਤੇ ਬਾਈਬਲ ਭਵਿੱਖਬਾਣੀਆਂ ਦੀ ਪੂਰਤੀ ਸਪੱਸ਼ਟ ਕਰਦੀ ਹੈ ਕਿ ਅਸੀਂ ਹੁਣ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ। (ਦਾਨੀਏਲ 12:4) ਉਹ ਜਲਦੀ ਹੀ ਉਨ੍ਹਾਂ ਸਾਰਿਆਂ ਨੂੰ, ਜੋ ਉਸ ਨੂੰ ਪਿਆਰ ਕਰਦੇ ਹਨ, ਬਰਕਤ ਦੇਣ ਲਈ ਕਾਰਵਾਈ ਕਰੇਗਾ।
5. ਲੂਤ ਅਤੇ ਹਬੱਕੂਕ ਆਪਣੇ ਆਲੇ-ਦੁਆਲੇ ਦੀਆਂ ਹਾਲਤਾਂ ਨੂੰ ਕਿਸ ਤਰ੍ਹਾਂ ਵਿਚਾਰਦੇ ਸਨ?
5 ਬੀਤੇ ਸਮਿਆਂ ਵਿਚ, ਯਹੋਵਾਹ ਦੇ ਸੇਵਕ ਦੁਸ਼ਟਤਾ ਦਾ ਅੰਤ ਦੇਖਣ ਲਈ ਤਾਂਘਦੇ ਸਨ। ਧਰਮੀ ਲੂਤ “ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਜਿੱਚ ਹੁੰਦਾ ਸੀ।” (2 ਪਤਰਸ 2:7) ਆਪਣੇ ਆਲੇ-ਦੁਆਲੇ ਦੀਆਂ ਹਾਲਤਾਂ ਤੋਂ ਦੁਖੀ ਹੋ ਕੇ, ਨਬੀ ਹਬੱਕੂਕ ਨੇ ਬੇਨਤੀ ਕੀਤੀ: “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ ‘ਜ਼ੁਲਮ’ ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ? ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ।”—ਹਬੱਕੂਕ 1:2, 3.
6. ਯਹੋਵਾਹ ਨੇ ਹਬੱਕੂਕ ਦੀ ਪ੍ਰਾਰਥਨਾ ਦੇ ਜਵਾਬ ਵਿਚ ਕੀ ਕਿਹਾ ਸੀ, ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
6 ਕੁਝ ਹੱਦ ਤਕ, ਯਹੋਵਾਹ ਨੇ ਹਬੱਕੂਕ ਨੂੰ ਇਨ੍ਹਾਂ ਸ਼ਬਦਾਂ ਵਿਚ ਜਵਾਬ ਦਿੱਤਾ: “ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਇਸ ਤਰ੍ਹਾਂ ਪਰਮੇਸ਼ੁਰ ਨੇ ਦੱਸਿਆ ਕਿ ਉਹ “ਠਹਿਰਾਏ ਹੋਏ ਸਮੇਂ” ਤੇ ਕਾਰਵਾਈ ਕਰੇਗਾ। ਭਾਵੇਂ ਕਿ ਇਸ ਵਿਚ ਦੇਰੀ ਹੁੰਦੀ ਲੱਗੇ, ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰੇਗਾ—ਜ਼ਰੂਰ ਪੂਰਾ ਕਰੇਗਾ!—2 ਪਤਰਸ 3:9.
ਪੂਰੇ ਜੋਸ਼ ਨਾਲ ਸੇਵਾ ਕਰਨੀ
7. ਭਾਵੇਂ ਕਿ ਯਿਸੂ ਨੂੰ ਇਹ ਨਹੀਂ ਪਤਾ ਸੀ ਕਿ ਯਹੋਵਾਹ ਦਾ ਦਿਨ ਠੀਕ ਕਦੋਂ ਆਵੇਗਾ, ਉਸ ਨੇ ਆਪਣੇ ਕੰਮ ਕਿਸ ਤਰ੍ਹਾਂ ਕੀਤੇ?
7 ਕੀ ਘਟਨਾਵਾਂ ਦੇ ਵਾਪਰਨ ਬਾਰੇ ਯਹੋਵਾਹ ਦੇ ਸਹੀ ਸਮੇਂ ਨੂੰ ਜਾਣਨਾ ਸਾਡੇ ਲਈ ਪਰਮੇਸ਼ੁਰ ਦੇ ਨਾਲ-ਨਾਲ ਜੋਸ਼ ਨਾਲ ਚੱਲਣ ਲਈ ਜ਼ਰੂਰੀ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ। ਕੁਝ ਮਿਸਾਲਾਂ ਉੱਤੇ ਧਿਆਨ ਦਿਓ। ਯਿਸੂ ਉਸ ਸਮੇਂ ਵਿਚ ਬਹੁਤ ਦਿਲਚਸਪੀ ਰੱਖਦਾ ਸੀ ਜਦੋਂ ਪਰਮੇਸ਼ੁਰ ਦੀ ਇੱਛਾ ਧਰਤੀ ਉੱਤੇ ਉਸੇ ਤਰ੍ਹਾਂ ਪੂਰੀ ਹੋਵੇਗੀ ਜਿਸ ਤਰ੍ਹਾਂ ਸਵਰਗ ਵਿਚ ਹੁੰਦੀ ਹੈ। ਸੱਚ-ਮੁੱਚ ਹੀ, ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਭਾਵੇਂ ਯਿਸੂ ਜਾਣਦਾ ਸੀ ਕਿ ਇਸ ਬੇਨਤੀ ਦਾ ਜਵਾਬ ਦਿੱਤਾ ਜਾਵੇਗਾ, ਉਹ ਮਾਮਲਿਆਂ ਦਾ ਠੀਕ ਸਮਾਂ ਨਹੀਂ ਜਾਣਦਾ ਸੀ। ਇਸ ਰੀਤੀ-ਵਿਵਸਥਾ ਦੇ ਅੰਤ ਬਾਰੇ ਆਪਣੀ ਮਹਾਨ ਭਵਿੱਖਬਾਣੀ ਵਿਚ, ਉਸ ਨੇ ਕਿਹਾ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:36) ਕਿਉਂਕਿ ਯਿਸੂ ਮਸੀਹ ਪਰਮੇਸ਼ੁਰ ਦੇ ਮਕਸਦਾਂ ਦੀ ਪੂਰਤੀ ਵਿਚ ਮੁੱਖ ਭੂਮਿਕਾ ਅਦਾ ਕਰਦਾ ਹੈ, ਉਹ ਆਪਣੇ ਸਵਰਗੀ ਪਿਤਾ ਦੇ ਦੁਸ਼ਮਣਾਂ ਦੇ ਵਿਨਾਸ਼ ਵਿਚ ਸਿੱਧਾ ਹਿੱਸਾ ਲਵੇਗਾ। ਲੇਕਿਨ, ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੂੰ ਵੀ ਨਹੀਂ ਪਤਾ ਸੀ ਕਿ ਪਰਮੇਸ਼ੁਰ ਕਦੋਂ ਕਾਰਵਾਈ ਕਰੇਗਾ। ਕੀ ਇਸ ਗੱਲ ਨੇ ਉਸ ਨੂੰ ਯਹੋਵਾਹ ਦੀ ਸੇਵਾ ਵਿਚ ਘੱਟ ਜੋਸ਼ੀਲਾ ਬਣਾਇਆ ਸੀ? ਬਿਲਕੁਲ ਨਹੀਂ! ਯਿਸੂ ਨੂੰ ਜੋਸ਼ ਨਾਲ ਹੈਕਲ ਨੂੰ ਸਾਫ਼ ਕਰਦੇ ਹੋਏ ਦੇਖ ਕੇ “ਉਹ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਇਉਂ ਲਿਖਿਆ ਹੋਇਆ ਹੈ ਕਿ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਜਾਵੇਗੀ।” (ਯੂਹੰਨਾ 2:17; ਜ਼ਬੂਰ 69:9) ਯਿਸੂ ਨੇ ਆਪਣੇ ਆਪ ਨੂੰ ਉਸ ਕੰਮ ਵਿਚ ਪੂਰੀ ਤਰ੍ਹਾਂ ਰੁਝਾਇਆ, ਜਿਸ ਲਈ ਉਹ ਭੇਜਿਆ ਗਿਆ ਸੀ ਅਤੇ ਉਸ ਨੇ ਉਸ ਕੰਮ ਨੂੰ ਪੂਰੇ ਜੋਸ਼ ਨਾਲ ਕੀਤਾ। ਉਸ ਨੇ ਪਰਮੇਸ਼ੁਰ ਦੀ ਸੇਵਾ ਵੀ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ।
8, 9. ਜਦੋਂ ਯਿਸੂ ਦੇ ਚੇਲਿਆਂ ਨੇ ਰਾਜ ਦੀ ਬਹਾਲੀ ਬਾਰੇ ਪੁੱਛਿਆ ਸੀ, ਉਨ੍ਹਾਂ ਨੂੰ ਕੀ ਦੱਸਿਆ ਗਿਆ ਸੀ, ਅਤੇ ਉਨ੍ਹਾਂ ਉੱਤੇ ਇਸ ਦਾ ਕੀ ਅਸਰ ਪਿਆ?
8 ਇਹ ਮਸੀਹ ਦੇ ਚੇਲਿਆਂ ਬਾਰੇ ਵੀ ਸੱਚ ਸੀ। ਸਵਰਗ ਨੂੰ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਉਨ੍ਹਾਂ ਨੂੰ ਮਿਲਿਆ। ਬਿਰਤਾਂਤ ਕਹਿੰਦਾ ਹੈ: “ਸੋ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਉਸ ਤੋਂ ਪੁੱਛਿਆ ਕਿ ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” ਆਪਣੇ ਮਾਲਕ ਵਾਂਗ, ਉਹ ਵੀ ਰਾਜ ਦੇ ਆਉਣ ਨੂੰ ਤਾਂਘਦੇ ਸਨ। ਫਿਰ ਵੀ, ਯਿਸੂ ਨੇ ਜਵਾਬ ਦਿੱਤਾ: “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ। ਪਰ ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।”—ਰਸੂਲਾਂ ਦੇ ਕਰਤੱਬ 1:6-8.
9 ਇਸ ਗੱਲ ਦਾ ਕੋਈ ਵੀ ਸੰਕੇਤ ਨਹੀਂ ਮਿਲਦਾ ਹੈ ਕਿ ਚੇਲੇ ਉਸ ਦੇ ਜਵਾਬ ਤੋਂ ਨਿਰਾਸ਼ ਹੋਏ ਸਨ। ਇਸ ਦੀ ਬਜਾਇ, ਉਹ ਜੋਸ਼ ਨਾਲ ਪ੍ਰਚਾਰ ਕੰਮ ਕਰਨ ਵਿਚ ਰੁੱਝੇ ਰਹੇ। ਕੁਝ ਹੀ ਹਫ਼ਤਿਆਂ ਵਿਚ, ਉਨ੍ਹਾਂ ਨੇ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਸੀ। (ਰਸੂਲਾਂ ਦੇ ਕਰਤੱਬ 5:28) ਅਤੇ 30 ਸਾਲਾਂ ਦੇ ਵਿਚ-ਵਿਚ, ਉਨ੍ਹਾਂ ਨੇ ਆਪਣੇ ਪ੍ਰਚਾਰ ਕੰਮ ਨੂੰ ਇਸ ਹੱਦ ਤਕ ਵਧਾ ਲਿਆ ਸੀ ਕਿ ਪੌਲੁਸ ਕਹਿ ਸਕਦਾ ਸੀ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਕੀਤਾ ਗਿਆ ਸੀ। (ਕੁਲੁੱਸੀਆਂ 1:23) ਭਾਵੇਂ ਕਿ ਰਾਜ ‘ਇਸਰਾਏਲ ਵਿਚ ਬਹਾਲ’ ਨਹੀਂ ਕੀਤਾ ਗਿਆ ਸੀ ਜਿਵੇਂ ਚੇਲਿਆਂ ਨੇ ਗ਼ਲਤੀ ਨਾਲ ਉਮੀਦ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਦੇ ਜੀਉਂਦੇ-ਜੀ ਸਵਰਗ ਵਿਚ ਸਥਾਪਿਤ ਕੀਤਾ ਗਿਆ ਸੀ, ਚੇਲੇ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ।
ਆਪਣੇ ਇਰਾਦਿਆਂ ਦੀ ਜਾਂਚ ਕਰਨੀ
10. ਇਹ ਨਾ ਜਾਣਨਾ ਕਿ ਪਰਮੇਸ਼ੁਰ ਸ਼ਤਾਨ ਦੀ ਵਿਵਸਥਾ ਨੂੰ ਕਦੋਂ ਖ਼ਤਮ ਕਰੇਗਾ ਸਾਨੂੰ ਕੀ ਸਾਬਤ ਕਰਨ ਦਾ ਮੌਕਾ ਦਿੰਦਾ ਹੈ?
10 ਯਹੋਵਾਹ ਦੇ ਆਧੁਨਿਕ-ਦਿਨ ਦੇ ਸੇਵਕ ਵੀ ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਦੇਖਣਾ ਚਾਹੁੰਦੇ ਹਨ। ਫਿਰ ਵੀ, ਸਾਡੀ ਮੁੱਖ ਚਿੰਤਾ, ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਾਡੀ ਮੁਕਤੀ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਉਸ ਦੀ ਸਰਬਸੱਤਾ ਦੋਸ਼-ਨਿਵਾਰਿਤ ਹੋਵੇ। ਇਸੇ ਕਾਰਨ, ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਸ਼ਤਾਨ ਦੀ ਵਿਵਸਥਾ ਨੂੰ ਖ਼ਤਮ ਕਰਨ ਦਾ ‘ਦਿਨ ਜਾਂ ਘੜੀ’ ਨਹੀਂ ਦੱਸੀ। ਇਹ ਸਾਨੂੰ ਇਸ ਗੱਲ ਦਾ ਸਬੂਤ ਦੇਣ ਦਾ ਮੌਕਾ ਦਿੰਦਾ ਹੈ ਕਿ ਸਦਾ ਲਈ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਸਾਡਾ ਪੱਕਾ ਇਰਾਦਾ ਹੈ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ, ਨਾ ਕਿ ਆਪਣੇ ਆਰਜ਼ੀ ਖ਼ੁਦਗਰਜ਼ ਟੀਚਿਆਂ ਕਰਕੇ।
11, 12. ਅੱਯੂਬ ਦੀ ਖਰਿਆਈ ਨੂੰ ਕਿਸ ਤਰੀਕੇ ਨਾਲ ਚੁਣੌਤੀ ਦਿੱਤੀ ਗਈ, ਅਤੇ ਇਹ ਚੁਣੌਤੀ ਸਾਡੇ ਨਾਲ ਕੀ ਸੰਬੰਧ ਰੱਖਦੀ ਹੈ?
11 ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਕਾਇਮ ਰੱਖਣੀ ਇਹ ਵੀ ਸਾਬਤ ਕਰਨ ਵਿਚ ਮਦਦ ਕਰਦੀ ਹੈ ਕਿ ਸ਼ਤਾਨ ਗ਼ਲਤ ਸੀ, ਜਦੋਂ ਉਸ ਨੇ ਇਹ ਦੋਸ਼ ਲਗਾਇਆ ਕਿ ਈਮਾਨਦਾਰ ਅੱਯੂਬ—ਅਤੇ ਉਸ ਵਰਗੇ ਇਨਸਾਨ—ਪਰਮੇਸ਼ੁਰ ਦੀ ਸੇਵਾ ਆਪਣੇ ਹੀ ਫ਼ਾਇਦੇ ਲਈ ਕਰਦੇ ਹਨ। ਜਦੋਂ ਯਹੋਵਾਹ ਨੇ ਆਪਣੇ ਸੇਵਕ ਅੱਯੂਬ ਨੂੰ ਇਕ ਖਰਾ, ਨੇਕ, ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਕਿਹਾ, ਤਾਂ ਸ਼ਤਾਨ ਨੇ ਸ਼ਤਾਨੀ ਨਾਲ ਦੋਸ਼ ਲਾਇਆ: “ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ। ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!” (ਅੱਯੂਬ 1:8-11) ਅਜ਼ਮਾਇਸ਼ਾਂ ਦੇ ਅਧੀਨ ਆਪਣੀ ਖਰਿਆਈ ਰੱਖਣ ਦੁਆਰਾ, ਅੱਯੂਬ ਨੇ ਇਸ ਖੁਣਸੀ ਦਾਅਵੇ ਨੂੰ ਝੂਠਾ ਸਾਬਤ ਕੀਤਾ।
12 ਇਸੇ ਤਰ੍ਹਾਂ ਖਰਿਆਈ ਦੇ ਰਾਹ ਉੱਤੇ ਚੱਲਣ ਦੁਆਰਾ, ਅਸੀਂ ਕਿਸੇ ਵੀ ਸ਼ਤਾਨੀ ਦੋਸ਼ ਨੂੰ ਝੁਠਲਾ ਸਕਦੇ ਹਾਂ ਕਿ ਅਸੀਂ ਸਿਰਫ਼ ਇਸ ਲਈ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਕਿਉਂਕਿ ਸਾਨੂੰ ਕਿਸੇ ਇਨਾਮ ਦੀ ਉਡੀਕ ਹੈ। ਦੁਸ਼ਟ ਲੋਕਾਂ ਤੋਂ ਪਰਮੇਸ਼ੁਰ ਦੁਆਰਾ ਬਦਲਾ ਲੈਣ ਦੇ ਠੀਕ ਸਮੇਂ ਨੂੰ ਨਾ ਜਾਣਨਾ ਸਾਨੂੰ ਇਹ ਸਾਬਤ ਕਰਨ ਦਾ ਮੌਕਾ ਦਿੰਦਾ ਹੈ ਕਿ ਅਸੀਂ ਯਹੋਵਾਹ ਨੂੰ ਸੱਚ-ਮੁੱਚ ਪਿਆਰ ਕਰਦੇ ਹਾਂ ਅਤੇ ਅਸੀਂ ਉਸ ਦੇ ਰਾਹਾਂ ਉੱਤੇ ਹਮੇਸ਼ਾ ਲਈ ਚੱਲਣਾ ਚਾਹੁੰਦੇ ਹਾਂ। ਇਹ ਦਿਖਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਪ੍ਰਤੀ ਨਿਸ਼ਠਾਵਾਨ ਹਾਂ ਅਤੇ ਮਾਮਲਿਆਂ ਨਾਲ ਨਿਪਟਣ ਦੇ ਉਸ ਦੇ ਤਰੀਕੇ ਵਿਚ ਭਰੋਸਾ ਰੱਖਦੇ ਹਾਂ। ਇਸ ਦੇ ਇਲਾਵਾ, ਦਿਨ ਅਤੇ ਘੜੀ ਨੂੰ ਨਾ ਜਾਣਨਾ ਸਾਨੂੰ ਚੌਕਸ ਅਤੇ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਮਦਦ ਕਰਦਾ ਹੈ ਕਿਉਂਕਿ ਅਸੀਂ ਅਹਿਸਾਸ ਕਰਦੇ ਹਾਂ ਕਿ ਅੰਤ ਰਾਤ ਨੂੰ ਚੋਰ ਵਾਂਗ, ਕਿਸੇ ਵੀ ਵੇਲੇ ਆ ਸਕਦਾ ਹੈ। (ਮੱਤੀ 24:42-44) ਰੋਜ਼ਾਨਾ ਯਹੋਵਾਹ ਦੇ ਨਾਲ-ਨਾਲ ਚੱਲ ਕੇ, ਅਸੀਂ ਉਸ ਦੇ ਜੀ ਨੂੰ ਆਨੰਦਿਤ ਕਰ ਸਕਦੇ ਹਾਂ ਅਤੇ ਇਬਲੀਸ ਨੂੰ ਜਵਾਬ ਦੇ ਸਕਦੇ ਹਾਂ, ਜੋ ਉਸ ਨੂੰ ਮੇਹਣੇ ਮਾਰਦਾ ਹੈ।—ਕਹਾਉਤਾਂ 27:11.
ਸਦੀਵਤਾ ਲਈ ਯੋਜਨਾ ਬਣਾਓ!
13. ਭਵਿੱਖ ਲਈ ਯੋਜਨਾਵਾਂ ਬਣਾਉਣ ਬਾਰੇ ਬਾਈਬਲ ਕੀ ਸੰਕੇਤ ਕਰਦੀ ਹੈ?
13 ਜਿਹੜੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਨ, ਉਹ ਜਾਣਦੇ ਹਨ ਕਿ ਭਵਿੱਖ ਲਈ ਉਚਿਤ ਯੋਜਨਾਵਾਂ ਬਣਾਉਣੀਆਂ ਬੁੱਧੀਮਤਾ ਦੀ ਗੱਲ ਹੈ। ਬੁਢਾਪੇ ਦੀਆਂ ਮੁਸ਼ਕਲਾਂ ਅਤੇ ਸੀਮਾਵਾਂ ਬਾਰੇ ਸਚੇਤ ਹੋਣ ਕਾਰਨ, ਅਨੇਕ ਲੋਕ ਆਪਣੀ ਜਵਾਨੀ ਅਤੇ ਸ਼ਕਤੀ ਦੀ ਚੰਗੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਨ੍ਹਾਂ ਦਾ ਜੀਵਨ ਬਾਅਦ ਵਿਚ ਮਾਇਕ ਤੌਰ ਤੇ ਸੁਰੱਖਿਅਤ ਹੋਵੇ। ਤਾਂ ਫਿਰ, ਸਾਡੇ ਜ਼ਿਆਦਾ ਮਹੱਤਵਪੂਰਣ ਅਧਿਆਤਮਿਕ ਭਵਿੱਖ ਬਾਰੇ ਕੀ? ਕਹਾਉਤਾਂ 21:5 ਕਹਿੰਦਾ ਹੈ: “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ।” ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਗਾਊਂ ਯੋਜਨਾਵਾਂ ਬਣਾਉਣੀਆਂ ਸੱਚ-ਮੁੱਚ ਫ਼ਾਇਦੇਮੰਦ ਹੈ। ਕਿਉਂਕਿ ਅਸੀਂ ਠੀਕ ਸਮਾਂ ਨਹੀਂ ਜਾਣਦੇ ਕਿ ਇਸ ਰੀਤੀ-ਵਿਵਸਥਾ ਦਾ ਅੰਤ ਕਦੋਂ ਆਵੇਗਾ, ਸਾਨੂੰ ਭਵਿੱਖ ਦੀਆਂ ਆਪਣੀਆਂ ਜ਼ਰੂਰਤਾਂ ਉੱਤੇ ਕੁਝ-ਨਾ-ਕੁਝ ਧਿਆਨ ਦੇਣ ਦੀ ਲੋੜ ਹੈ। ਲੇਕਿਨ, ਆਓ ਅਸੀਂ ਸੰਤੁਲਿਤ ਹੋਈਏ ਅਤੇ ਜੀਵਨ ਵਿਚ ਈਸ਼ਵਰੀ ਹਿੱਤਾਂ ਨੂੰ ਪਹਿਲਾਂ ਰੱਖੀਏ। ਜਿਹੜੇ ਲੋਕ ਨਿਹਚਾ ਦੀ ਕਮੀ ਦਿਖਾਉਂਦੇ ਹਨ ਉਹ ਸ਼ਾਇਦ ਇਹ ਸਿੱਟਾ ਕੱਢਣ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਉੱਤੇ ਆਪਣੇ ਹਿੱਤਾਂ ਨੂੰ ਕੇਂਦ੍ਰਿਤ ਕਰਨਾ ਨਿਕਟ-ਦ੍ਰਿਸ਼ਟੀ ਹੈ। ਲੇਕਿਨ ਕੀ ਇਹ ਸੱਚ ਹੈ?
14, 15. (ੳ) ਭਵਿੱਖ ਦੀਆਂ ਯੋਜਨਾਵਾਂ ਦੇ ਸੰਬੰਧ ਵਿਚ ਯਿਸੂ ਨੇ ਕਿਹੜਾ ਦ੍ਰਿਸ਼ਟਾਂਤ ਦਿੱਤਾ ਸੀ? (ਅ) ਯਿਸੂ ਦੇ ਦ੍ਰਿਸ਼ਟਾਂਤ ਵਿਚ ਧਨਵਾਨ ਮਨੁੱਖ ਨਿਕਟ-ਦ੍ਰਿਸ਼ਟੀ ਵਾਲਾ ਕਿਉਂ ਸੀ?
14 ਯਿਸੂ ਨੇ ਇਕ ਦ੍ਰਿਸ਼ਟਾਂਤ ਦਿੱਤਾ ਜੋ ਇਸ ਸੰਬੰਧ ਵਿਚ ਗਿਆਨ ਦਿੰਦਾ ਹੈ। ਉਸ ਨੇ ਕਿਹਾ: “ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ। ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਭਈ ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਈ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਨੂੰ ਜਮਾ ਰੱਖਾਂ? ਤਾਂ ਓਸ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਰ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾ ਕਰਾਂਗਾ। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਸੁਖੀ ਰਹੁ, ਖਾਹ ਪੀ ਅਤੇ ਮੌਜ ਮਾਨ। ਪਰ ਪਰਮੇਸ਼ੁਰ ਨੇ ਉਹ ਨੂੰ ਆਖਿਆ, ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ? ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।”—ਲੂਕਾ 12:16-21.
15 ਕੀ ਯਿਸੂ ਦੇ ਕਹਿਣ ਦਾ ਇਹ ਭਾਵ ਸੀ ਕਿ ਉਸ ਧਨਵਾਨ ਮਨੁੱਖ ਨੂੰ ਭਵਿੱਖ ਵਿਚ ਮਾਇਕ ਤੌਰ ਸੁਰੱਖਿਆ ਹੋਣ ਲਈ ਕੰਮ ਨਹੀਂ ਕਰਨਾ ਚਾਹੀਦਾ ਸੀ? ਨਹੀਂ, ਕਿਉਂਕਿ ਸ਼ਾਸਤਰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੇ ਹਨ। (2 ਥੱਸਲੁਨੀਕੀਆਂ 3:10) ਧਨਵਾਨ ਮਨੁੱਖ ਦੀ ਗ਼ਲਤੀ ਇਹ ਸੀ ਕਿ ਉਸ ਨੇ ਉਹ ਨਹੀਂ ਕੀਤਾ ਜੋ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋਣ ਲਈ ਕਰਨਾ ਜ਼ਰੂਰੀ ਸੀ। ਜੇਕਰ ਉਹ ਆਪਣੇ ਭੌਤਿਕ ਧੰਨ ਦਾ ਕਈ ਸਾਲਾਂ ਤਕ ਆਨੰਦ ਮਾਣਦਾ ਰਹਿੰਦਾ, ਤਾਂ ਵੀ ਆਖ਼ਰਕਾਰ ਉਸ ਨੇ ਮਰ ਜਾਣਾ ਸੀ। ਉਹ ਨਿਕਟ-ਦ੍ਰਿਸ਼ਟੀ ਵਾਲਾ ਸੀ ਸਿਰਫ਼ ਅੱਜ ਬਾਰੇ ਸੋਚਦਾ ਸੀ, ਸਦੀਵਤਾ ਬਾਰੇ ਨਹੀਂ।
16. ਅਸੀਂ ਯਹੋਵਾਹ ਉੱਤੇ ਇਕ ਸੁਰੱਖਿਅਤ ਭਵਿੱਖ ਲਈ ਪੱਕਾ ਵਿਸ਼ਵਾਸ ਕਿਉਂ ਰੱਖ ਸਕਦੇ ਹਾਂ?
16 ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਯਹੋਵਾਹ ਦੇ ਨਾਲ-ਨਾਲ ਚੱਲਣਾ ਵਿਵਹਾਰਕ ਅਤੇ ਦੂਰ-ਦ੍ਰਿਸ਼ਟੀ ਦੀ ਗੱਲ ਵੀ ਹੈ। ਇਹ ਭਵਿੱਖ ਲਈ ਯੋਜਨਾ ਬਣਾਉਣ ਦਾ ਸਭ ਤੋਂ ਬਿਹਤਰ ਤਰੀਕਾ ਹੈ। ਜਦ ਕਿ ਸਕੂਲ ਦੀ ਪੜ੍ਹਾਈ, ਨੌਕਰੀ, ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਸੰਬੰਧ ਵਿਚ ਵਿਵਹਾਰਕ ਯੋਜਨਾਵਾਂ ਬਣਾਉਣੀਆਂ ਬੁੱਧੀਮਾਨੀ ਹੈ, ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਕਦੀ ਵੀ ਆਪਣੇ ਨਿਸ਼ਠਾਵਾਨ ਸੇਵਕਾਂ ਨੂੰ ਤਿਆਗਦਾ ਨਹੀਂ। ਰਾਜੇ ਦਾਊਦ ਨੇ ਗਾਇਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” (ਜ਼ਬੂਰ 37:25) ਇਸੇ ਤਰ੍ਹਾਂ ਯਿਸੂ ਵੀ ਭਰੋਸਾ ਦਿਵਾਉਂਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਸਾਰਿਆਂ ਲਈ ਪ੍ਰਬੰਧ ਕਰੇਗਾ ਜੋ ਉਸ ਦੇ ਰਾਜ ਨੂੰ ਪਹਿਲਾਂ ਭਾਲਦੇ ਹਨ ਅਤੇ ਯਹੋਵਾਹ ਦੇ ਧਰਮੀ ਰਾਹਾਂ ਉੱਤੇ ਚੱਲਦੇ ਹਨ।—ਮੱਤੀ 6:33.
17. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਅੰਤ ਨਜ਼ਦੀਕ ਹੈ?
17 ਭਾਵੇਂ ਕਿ ਅਸੀਂ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ, ਅਸੀਂ ਫਿਰ ਵੀ ਯਹੋਵਾਹ ਦੇ ਦਿਨ ਨੂੰ ਉਡੀਕਦੇ ਹਾਂ। ਬਾਈਬਲ ਭਵਿੱਖਬਾਣੀ ਦੀ ਪੂਰਤੀ ਉਸ ਦਿਨ ਦੀ ਨੇੜਤਾ ਦੀ ਸਪੱਸ਼ਟ ਗਵਾਹੀ ਦਿੰਦੀ ਹੈ। ਯੁੱਧ, ਮਹਾਂਮਾਰੀਆਂ, ਭੁਚਾਲ, ਅਤੇ ਕਾਲ ਦੇ ਨਾਲ-ਨਾਲ ਸੱਚੇ ਮਸੀਹੀਆਂ ਉੱਤੇ ਅਤਿਆਚਾਰ ਅਤੇ ਸੰਸਾਰ-ਭਰ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੰਮ ਇਸ ਸਦੀ ਦੀਆਂ ਵਿਸ਼ੇਸ਼ਤਾਵਾਂ ਰਹੀਆਂ ਹਨ। ਇਹ ਸਾਰੇ ਲੱਛਣ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਦੇ ਸਮੇਂ ਦੇ ਪਹਿਲੂ ਹਨ। (ਮੱਤੀ 24:7-14; ਲੂਕਾ 21:11) ਸੰਸਾਰ ਉਨ੍ਹਾਂ ਲੋਕਾਂ ਨਾਲ ਭਰਿਆ ਹੋਇਆ ਹੈ ਜੋ “ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ। (2 ਤਿਮੋਥਿਉਸ 3:1-5) ਇਨ੍ਹਾਂ ਭੈੜੇ ਅੰਤ ਦਿਆਂ ਦਿਨਾਂ ਵਿਚ, ਯਹੋਵਾਹ ਦੇ ਸੇਵਕਾਂ ਵਜੋਂ ਸਾਡੇ ਲਈ ਜੀਉਣਾ ਔਖਾ ਹੈ। ਅਸੀਂ ਉਸ ਦਿਨ ਲਈ ਕਿੰਨਾ ਤਾਂਘਦੇ ਹਾਂ ਜਦੋਂ ਯਹੋਵਾਹ ਦਾ ਰਾਜ ਸਾਰੀ ਬੁਰਾਈ ਨੂੰ ਖ਼ਤਮ ਕਰ ਦੇਵੇਗਾ! ਇਸ ਸਮੇਂ ਦੇ ਦੌਰਾਨ, ਆਓ ਅਸੀਂ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਦ੍ਰਿੜ੍ਹ ਰਹੀਏ।
ਅਨੰਤ ਜੀਵਨ ਨੂੰ ਧਿਆਨ ਵਿਚ ਰੱਖਦੇ ਹੋਏ ਸੇਵਾ ਕਰਨੀ
18, 19. ਕਿਹੜੀ ਗੱਲ ਦਿਖਾਉਂਦੀ ਹੈ ਕਿ ਪ੍ਰਾਚੀਨ ਸਮੇਂ ਦੇ ਵਫ਼ਾਦਾਰ ਵਿਅਕਤੀਆਂ ਨੇ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੀ ਸੇਵਾ ਕੀਤੀ ਸੀ?
18 ਜਿਉਂ-ਜਿਉਂ ਅਸੀਂ ਯਹੋਵਾਹ ਦੇ ਨਾਲ-ਨਾਲ ਚੱਲਦੇ ਹਾਂ, ਆਓ ਅਸੀਂ ਹਾਬਲ, ਹਨੋਕ, ਨੂਹ, ਅਬਰਾਹਾਮ ਅਤੇ ਸਾਰਾਹ ਦੀ ਨਿਹਚਾ ਨੂੰ ਯਾਦ ਰੱਖੀਏ। ਇਨ੍ਹਾਂ ਦਾ ਜ਼ਿਕਰ ਕਰਨ ਤੋਂ ਬਾਅਦ, ਪੌਲੁਸ ਨੇ ਲਿਖਿਆ: “ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।” (ਇਬਰਾਨੀਆਂ 11:13) ਇਹ ਵਫ਼ਾਦਾਰ ਵਿਅਕਤੀ “ਉਸ ਤੋਂ ਉੱਤਮ ਅਰਥਾਤ ਸੁਰਗੀ ਦੇਸ ਨੂੰ ਲੋਚਦੇ” ਸਨ। (ਇਬਰਾਨੀਆਂ 11:16) ਨਿਹਚਾ ਵਿਚ, ਉਹ ਪਰਮੇਸ਼ੁਰ ਦੇ ਮਸੀਹਾਈ ਰਾਜ ਦੀ ਹਕੂਮਤ ਅਧੀਨ ਇਕ ਉੱਤਮ ਦੇਸ਼ ਨੂੰ ਉਡੀਕਦੇ ਸਨ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਉਸ ਉੱਤਮ ਦੇਸ਼, ਯਾਨੀ ਕਿ ਰਾਜ ਹਕੂਮਤ ਦੇ ਅਧੀਨ ਧਰਤੀ ਉੱਤੇ ਪਰਾਦੀਸ ਵਿਚ ਸਦੀਵੀ ਜੀਵਨ ਦਾ ਇਨਾਮ ਦੇਵੇਗਾ।—ਇਬਰਾਨੀਆਂ 11:39, 40.
19 ਨਬੀ ਮੀਕਾਹ ਨੇ ਯਹੋਵਾਹ ਦੇ ਲੋਕਾਂ ਦੇ ਉਸ ਦੀ ਉਪਾਸਨਾ ਸਦਾ ਲਈ ਕਰਨ ਦੀ ਦ੍ਰਿੜ੍ਹਤਾ ਨੂੰ ਪ੍ਰਗਟ ਕੀਤਾ। ਉਸ ਨੇ ਲਿਖਿਆ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾਹ 4:5) ਆਪਣੀ ਮੌਤ ਤਕ, ਮੀਕਾਹ ਨੇ ਨਿਸ਼ਠਾ ਨਾਲ ਯਹੋਵਾਹ ਦੀ ਸੇਵਾ ਕੀਤੀ। ਨਵੇਂ ਸੰਸਾਰ ਵਿਚ ਜੀ ਉਠਾਏ ਜਾਣ ਤੇ, ਕੋਈ ਸ਼ੱਕ ਨਹੀਂ ਕਿ ਉਹ ਨਬੀ ਸਦਾ ਲਈ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਹੇਗਾ। ਸਾਡੇ ਵਾਸਤੇ ਕਿੰਨੀ ਵਧੀਆ ਮਿਸਾਲ ਜੋ ਅੰਤ ਦੇ ਅੰਤਲੇ ਸਮੇਂ ਵਿਚ ਜੀ ਰਹੇ ਹਾਂ!
20. ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
20 ਯਹੋਵਾਹ ਉਸ ਪ੍ਰੇਮ ਦੀ ਕਦਰ ਕਰਦਾ ਹੈ ਜੋ ਅਸੀਂ ਉਸ ਦੇ ਨਾਂ ਲਈ ਦਿਖਾਉਂਦੇ ਹਾਂ। (ਇਬਰਾਨੀਆਂ 6:10) ਉਹ ਜਾਣਦਾ ਹੈ ਕਿ ਸ਼ਤਾਨ ਦੇ ਵੱਸ ਵਿਚ ਇਸ ਸੰਸਾਰ ਵਿਚ ਪਰਮੇਸ਼ੁਰ ਪ੍ਰਤੀ ਖਰਿਆਈ ਕਾਇਮ ਰੱਖਣੀ ਸਾਡੇ ਲਈ ਔਖੀ ਹੈ। ਜਦ ਕਿ ‘ਸੰਸਾਰ ਬੀਤਦਾ ਜਾਂਦਾ ਹੈ,’ ਪਰ “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17; 5:19) ਤਾਂ ਫਿਰ, ਯਹੋਵਾਹ ਦੀ ਮਦਦ ਨਾਲ, ਆਓ ਅਸੀਂ ਉਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਦ੍ਰਿੜ੍ਹ ਹੋਈਏ ਜੋ ਸਾਡੇ ਉੱਤੇ ਹਰ ਦਿਨ ਆਉਂਦੀਆਂ ਹਨ। ਸਾਡੀ ਸੋਚਣੀ ਅਤੇ ਜੀਵਨ ਦਾ ਰਾਹ ਸਾਡੇ ਪ੍ਰੇਮਪੂਰਣ ਸਵਰਗੀ ਪਿਤਾ ਦੁਆਰਾ ਵਾਅਦਾ ਕੀਤੀਆਂ ਵਧੀਆ ਬਰਕਤਾਂ ਉੱਤੇ ਕੇਂਦ੍ਰਿਤ ਹੋਵੇ। ਇਹ ਸਾਡੀਆਂ ਹੋ ਸਕਦੀਆਂ ਹਨ ਜੇਕਰ ਅਸੀਂ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹੀਏ।—ਯਹੂਦਾਹ 20, 21.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਆਗਿਆਕਾਰੀ ਮਨੁੱਖਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
◻ ਦੁਸ਼ਟ ਸੰਸਾਰ ਦਾ ਅੰਤ ਕਰਨ ਲਈ ਯਹੋਵਾਹ ਨੇ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ?
◻ ਇਸ ਗੱਲ ਕਾਰਨ ਸਾਡਾ ਜੋਸ਼ ਕਿਉਂ ਨਹੀਂ ਘਟਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਵੱਲੋਂ ਕਾਰਵਾਈ ਕਰਨ ਦਾ ਠੀਕ ਸਮਾਂ ਨਹੀਂ ਜਾਣਦੇ?
◻ ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੇ ਕਿਹੜੇ ਕੁਝ ਫ਼ਾਇਦੇ ਹਨ?
[ਸਫ਼ੇ 26, 27 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਇਹ ਮੰਗ ਕਰਦਾ ਹੈ ਕਿ ਅਸੀਂ ਮਸੀਹ ਦੇ ਮੁਢਲੇ ਚੇਲਿਆਂ ਵਾਂਗ ਉਸ ਦੀ ਸੇਵਾ ਜੋਸ਼ ਨਾਲ ਕਰੀਏ