“ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ”
“ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।”—ਕੂਚ 34:6.
1. (ੳ) ਬਾਈਬਲ ਉਨ੍ਹਾਂ ਲੋਕਾਂ ਨੂੰ ਕਿਵੇਂ ਦਿਲਾਸਾ ਦਿੰਦੀ ਹੈ ਜਿਨ੍ਹਾਂ ਦੇ ਪਿਆਰੇ ਸ਼ੁੱਧ ਉਪਾਸਨਾ ਦੇ ਰਾਹ ਤੋਂ ਕੁਰਾਹੇ ਪੈ ਗਏ ਹਨ? (ਅ) ਯਹੋਵਾਹ ਕੁਰਾਹੇ ਪਏ ਲੋਕਾਂ ਨੂੰ ਕਿਵੇਂ ਵਿਚਾਰਦਾ ਹੈ?
“ਮੇਰੀ ਕੁੜੀ ਨੇ ਮੈਨੂੰ ਕਿਹਾ ਕਿ ਉਹ ਹੁਣ ਮਸੀਹੀ ਕਲੀਸਿਯਾ ਵਿਚ ਨਹੀਂ ਰਹਿਣਾ ਚਾਹੁੰਦੀ,” ਇਕ ਮਸੀਹੀ ਪਿਤਾ ਨੇ ਕਿਹਾ। “ਕਈ ਮਹੀਨਿਆਂ ਤਕ, ਮੈਂ ਆਪਣੇ ਅੰਦਰ ਬੇਹੱਦ ਦਰਦ ਮਹਿਸੂਸ ਕੀਤਾ ਜੋ ਮੈਨੂੰ ਅੰਦਰੋ-ਅੰਦਰ ਘੁਣ ਵਾਂਗ ਖਾਈ ਜਾ ਰਿਹਾ ਸੀ। ਇਹ ਮੌਤ ਨਾਲੋਂ ਵੀ ਬਦਤਰ ਸੀ।” ਸੱਚ-ਮੁੱਚ, ਜਦੋਂ ਸਾਡਾ ਕੋਈ ਪਿਆਰਾ ਸ਼ੁੱਧ ਉਪਾਸਨਾ ਦੇ ਰਾਹ ਤੋਂ ਕੁਰਾਹੇ ਪੈ ਜਾਂਦਾ ਹੈ, ਤਾਂ ਉਸ ਵੇਲੇ ਬਹੁਤ ਦੁੱਖ ਹੁੰਦਾ ਹੈ। ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੈ? ਜੇਕਰ ਹਾਂ, ਤਾਂ ਤੁਹਾਨੂੰ ਇਹ ਜਾਣ ਕੇ ਦਿਲਾਸਾ ਮਿਲੇਗਾ ਕਿ ਯਹੋਵਾਹ ਤੁਹਾਡੇ ਦੁੱਖ ਨੂੰ ਸਮਝਦਾ ਹੈ। (ਕੂਚ 3:7; ਯਸਾਯਾਹ 63:9) ਪਰੰਤੂ, ਉਹ ਕੁਰਾਹੇ ਪਏ ਲੋਕਾਂ ਨੂੰ ਕਿਵੇਂ ਵਿਚਾਰਦਾ ਹੈ? ਬਾਈਬਲ ਦਿਖਾਉਂਦੀ ਹੈ ਕਿ ਯਹੋਵਾਹ ਦਇਆ ਨਾਲ ਉਨ੍ਹਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਦੁਬਾਰਾ ਉਸ ਦੀ ਮਿਹਰ ਨੂੰ ਪ੍ਰਾਪਤ ਕਰਨ। ਉਸ ਨੇ ਮਲਾਕੀ ਦੇ ਦਿਨਾਂ ਦੇ ਬਾਗ਼ੀ ਯਹੂਦੀਆਂ ਦੀਆਂ ਮਿੰਨਤਾਂ ਕੀਤੀਆਂ: “ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।”—ਮਲਾਕੀ 3:7.
2. ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਦਇਆ ਯਹੋਵਾਹ ਦੇ ਵਿਅਕਤਿੱਤਵ ਦਾ ਇਕ ਅਟੁੱਟ ਭਾਗ ਹੈ?
2 ਸੀਨਈ ਪਹਾੜ ਉੱਤੇ ਪਰਮੇਸ਼ੁਰ ਦੀ ਦਇਆ ਮੂਸਾ ਲਈ ਸਪੱਸ਼ਟ ਕੀਤੀ ਗਈ ਸੀ। ਉੱਥੇ ਯਹੋਵਾਹ ਨੇ ਆਪਣੇ ਆਪ ਨੂੰ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ” ਵਜੋਂ ਪ੍ਰਗਟ ਕੀਤਾ ਜੋ “ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6) ਇਹ ਐਲਾਨ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਦਇਆ ਯਹੋਵਾਹ ਦੇ ਵਿਅਕਤਿੱਤਵ ਦਾ ਇਕ ਅਟੁੱਟ ਭਾਗ ਹੈ। ਉਹ “ਚਾਹੁੰਦਾ ਹੈ ਭਈ . . . ਸੱਭੇ ਤੋਬਾ ਵੱਲ ਮੁੜਨ,” ਮਸੀਹੀ ਰਸੂਲ ਪਤਰਸ ਨੇ ਲਿਖਿਆ। (2 ਪਤਰਸ 3:9) ਪਰੰਤੂ, ਪਰਮੇਸ਼ੁਰ ਦੀ ਦਇਆ ਦੀ ਵੀ ਇਕ ਹੱਦ ਹੈ। ਮੂਸਾ ਨੂੰ ਦੱਸਿਆ ਗਿਆ ਸੀ ਕਿ ਯਹੋਵਾਹ “ਕੁਧਰਮ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:7; 2 ਪਤਰਸ 2:9) ਫਿਰ ਵੀ, “ਪਰਮੇਸ਼ੁਰ ਪ੍ਰੇਮ ਹੈ,” ਅਤੇ ਦਇਆ ਉਸ ਗੁਣ ਦਾ ਇਕ ਮੁੱਖ ਪਹਿਲੂ ਹੈ। (1 ਯੂਹੰਨਾ 4:8; ਯਾਕੂਬ 3:17) ਯਹੋਵਾਹ ‘ਆਪਣਾ ਕ੍ਰੋਧ ਸਦਾ ਤੀਕ ਨਹੀਂ ਰੱਖੇਗਾ’ ਅਤੇ ਉਹ “ਦਯਾ ਨੂੰ ਪਸੰਦ ਕਰਦਾ ਹੈ।”—ਮੀਕਾਹ 7:18, 19.
3. ਦਇਆ ਬਾਰੇ ਯਿਸੂ ਦਾ ਨਜ਼ਰੀਆ ਸਦੂਕੀਆਂ ਅਤੇ ਫ਼ਰੀਸੀਆਂ ਦੇ ਨਜ਼ਰੀਏ ਤੋਂ ਕਿਵੇਂ ਉਲਟ ਸੀ?
3 ਯਿਸੂ ਆਪਣੇ ਸਵਰਗੀ ਪਿਤਾ ਦਾ ਹੂ-ਬਹੂ ਅਕਸ ਸੀ। (ਯੂਹੰਨਾ 5:19) ਪਾਪੀਆਂ ਨਾਲ ਉਸ ਦਾ ਦਇਆ ਭਰਿਆ ਸਲੂਕ ਉਨ੍ਹਾਂ ਦੇ ਪਾਪਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਨਹੀਂ ਸੀ, ਪਰੰਤੂ ਇਹ ਉਨ੍ਹਾਂ ਹੀ ਕੋਮਲ ਭਾਵਨਾਵਾਂ ਦਾ ਪ੍ਰਗਟਾਵਾ ਸੀ ਜੋ ਉਸ ਨੇ ਸਰੀਰਕ ਤੌਰ ਤੇ ਬੀਮਾਰ ਵਿਅਕਤੀ ਲਈ ਦਿਖਾਈਆਂ ਸਨ। (ਮਰਕੁਸ 1:40, 41 ਦੀ ਤੁਲਨਾ ਕਰੋ।) ਜੀ ਹਾਂ, ਯਿਸੂ ਨੇ ਦਇਆ ਨੂੰ ਪਰਮੇਸ਼ੁਰ ਦੀ ਬਿਵਸਥਾ ਦੇ “ਭਾਰੇ ਹੁਕਮਾਂ” ਵਿਚ ਸ਼ਾਮਲ ਕੀਤਾ। (ਮੱਤੀ 23:23) ਇਸ ਦੇ ਉਲਟ, ਸਦੂਕੀਆਂ ਅਤੇ ਫ਼ਰੀਸੀਆਂ ਵੱਲ ਧਿਆਨ ਦਿਓ, ਜਿਨ੍ਹਾਂ ਦੀਆਂ ਨਿਆਉਂ-ਸੰਬੰਧੀ ਕੱਟੜ ਧਾਰਣਾਵਾਂ ਵਿਚ ਦਇਆ ਲਈ ਕੋਈ ਜਗ੍ਹਾ ਨਹੀਂ ਸੀ। ਜਦੋਂ ਉਨ੍ਹਾਂ ਨੇ ਯਿਸੂ ਨੂੰ ਪਾਪੀਆਂ ਨਾਲ ਮਿਲਦੇ-ਗਿਲਦੇ ਦੇਖਿਆ, ਤਾਂ ਉਨ੍ਹਾਂ ਨੇ ਸ਼ਿਕਾਇਤ ਕੀਤੀ: “ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ।” (ਲੂਕਾ 15:1, 2) ਯਿਸੂ ਨੇ ਆਪਣੇ ਦੋਸ਼ ਲਗਾਉਣ ਵਾਲਿਆਂ ਨੂੰ ਤਿੰਨ ਕਹਾਣੀਆਂ ਦੁਆਰਾ ਜਵਾਬ ਦਿੱਤਾ, ਅਤੇ ਹਰੇਕ ਕਹਾਣੀ ਪਰਮੇਸ਼ੁਰ ਦੀ ਦਇਆ ਉੱਤੇ ਜ਼ੋਰ ਦਿੰਦੀ ਹੈ।
4. ਯਿਸੂ ਨੇ ਕਿਹੜੀਆਂ ਦੋ ਕਹਾਣੀਆਂ ਸੁਣਾਈਆਂ, ਅਤੇ ਹਰੇਕ ਕਹਾਣੀ ਦਾ ਕੀ ਭਾਵ ਸੀ?
4 ਪਹਿਲੀ ਕਹਾਣੀ ਵਿਚ, ਯਿਸੂ ਨੇ ਇਕ ਆਦਮੀ ਬਾਰੇ ਦੱਸਿਆ ਜਿਹੜਾ ਆਪਣੀਆਂ 99 ਭੇਡਾਂ ਛੱਡ ਕੇ ਇਕ ਗੁਆਚੀ ਹੋਈ ਭੇਡ ਨੂੰ ਲੱਭਣ ਗਿਆ। ਉਸ ਦੇ ਕਹਿਣ ਦਾ ਭਾਵ? “ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।” ਦੂਸਰੀ ਵਿਚ, ਯਿਸੂ ਨੇ ਇਕ ਤੀਵੀਂ ਬਾਰੇ ਦੱਸਿਆ ਜਿਸ ਨੇ ਆਪਣਾ ਗੁਆਚਿਆ ਹੋਇਆ ਇਕ ਦਰਾਖਮਾ ਸਿੱਕਾ ਭਾਲਿਆ ਅਤੇ ਲੱਭ ਪੈਣ ਤੇ ਉਹ ਬਹੁਤ ਖ਼ੁਸ਼ ਹੋਈ। ਇਸ ਦਾ ਅਰਥ? “ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।” ਯਿਸੂ ਨੇ ਆਪਣੀ ਤੀਸਰੀ ਕਹਾਣੀ ਇਕ ਦ੍ਰਿਸ਼ਟਾਂਤ ਦੇ ਰੂਪ ਵਿਚ ਦੱਸੀ।a ਇਸ ਨੂੰ ਬਹੁਤ ਸਾਰੇ ਲੋਕਾਂ ਨੇ ਉੱਤਮ ਲਘੂ ਕਹਾਣੀ ਕਿਹਾ ਹੈ। ਇਸ ਦ੍ਰਿਸ਼ਟਾਂਤ ਉੱਤੇ ਵਿਚਾਰ ਕਰਨ ਨਾਲ ਸਾਨੂੰ ਪਰਮੇਸ਼ੁਰ ਦੀ ਦਇਆ ਦੀ ਕਦਰ ਕਰਨ ਵਿਚ ਅਤੇ ਉਸ ਦੀ ਰੀਸ ਕਰਨ ਵਿਚ ਮਦਦ ਮਿਲੇਗੀ।—ਲੂਕਾ 15:3-10.
ਬਾਗ਼ੀ ਪੁੱਤਰ ਘਰ ਛੱਡਦਾ ਹੈ
5, 6. ਯਿਸੂ ਦੀ ਤੀਸਰੀ ਕਹਾਣੀ ਵਿਚ ਛੋਟੇ ਪੁੱਤਰ ਨੇ ਕਿਵੇਂ ਬਹੁਤ ਘੱਟ ਕਦਰ ਦਿਖਾਈ?
5 “ਇੱਕ ਮਨੁੱਖ ਦੇ ਦੋ ਪੁੱਤ੍ਰ ਸਨ। ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਪੂੰਜੀ ਵੰਡ ਦਿੱਤੀ। ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤ੍ਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ।”—ਲੂਕਾ 15:11-13.b
6 ਇਸ ਕਹਾਣੀ ਵਿਚ ਛੋਟੇ ਪੁੱਤਰ ਨੇ ਬਹੁਤ ਘੱਟ ਕਦਰ ਦਿਖਾਈ। ਪਹਿਲਾਂ ਉਸ ਨੇ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਿਆ, ਅਤੇ ਫਿਰ ਇਸ ਨੂੰ “ਬਦ ਚਲਣੀ ਨਾਲ ਉਡਾ ਦਿੱਤਾ।” ਅਭਿਵਿਅਕਤੀ “ਬਦ ਚਲਣੀ” ਉਸ ਯੂਨਾਨੀ ਸ਼ਬਦ ਤੋਂ ਅਨੁਵਾਦਿਤ ਕੀਤਾ ਗਿਆ ਹੈ ਜਿਸ ਦਾ ਅਰਥ ਹੈ “ਐਸ਼ਪਰਸਤੀ ਵਾਲਾ ਜੀਵਨ।” ਇਕ ਵਿਦਵਾਨ ਕਹਿੰਦਾ ਹੈ ਕਿ ਇਹ ਸ਼ਬਦ “ਬੇਹੱਦ ਬਦਚਲਣੀ ਨੂੰ ਸੰਕੇਤ ਕਰਦਾ ਹੈ।” ਜਾਇਜ਼ ਤੌਰ ਤੇ, ਯਿਸੂ ਦੇ ਦ੍ਰਿਸ਼ਟਾਂਤ ਵਿਚ ਇਸ ਨੌਜਵਾਨ ਨੂੰ ਅਕਸਰ ਉਜਾੜੂ ਕਿਹਾ ਗਿਆ ਹੈ। ਉਜਾੜੂ ਸ਼ਬਦ ਅਜਿਹੇ ਵਿਅਕਤੀ ਨੂੰ ਦਰਸਾਉਂਦਾ ਹੈ ਜੋ ਬੇਹੱਦ ਲਾਪਰਵਾਹ ਅਤੇ ਖ਼ਰਚੀਲਾ ਹੈ।
7. ਅੱਜ ਕਿਹੜੇ ਲੋਕ ਉਜਾੜੂ ਪੁੱਤਰ ਵਰਗੇ ਹਨ, ਅਤੇ ਅਜਿਹੇ ਬਹੁਤ ਸਾਰੇ ਲੋਕ ਕਿਉਂ “ਦੂਰ ਦੇਸ” ਵਿਚ ਆਜ਼ਾਦੀ ਭਾਲਦੇ ਹਨ?
7 ਕੀ ਅੱਜ ਅਜਿਹੇ ਲੋਕ ਹਨ ਜੋ ਉਜਾੜੂ ਪੁੱਤਰ ਵਰਗੇ ਹਨ? ਜੀ ਹਾਂ। ਦੁੱਖ ਦੀ ਗੱਲ ਹੈ ਕਿ ਕੁਝ ਲੋਕਾਂ ਨੇ ਸਾਡੇ ਸਵਰਗੀ ਪਿਤਾ, ਯਹੋਵਾਹ, ਦਾ ਸੁਰੱਖਿਅਤ “ਘਰ” ਛੱਡ ਦਿੱਤਾ ਹੈ। (1 ਤਿਮੋਥਿਉਸ 3:15) ਇਨ੍ਹਾਂ ਵਿੱਚੋਂ ਕੁਝ ਸੋਚਦੇ ਹਨ ਕਿ ਪਰਮੇਸ਼ੁਰ ਦੇ ਘਰ ਦਾ ਮਾਹੌਲ ਬਹੁਤ ਘੁਟਵਾਂ ਹੈ, ਕਿ ਯਹੋਵਾਹ ਦੀ ਤੇਜ਼ ਨਜ਼ਰ ਇਕ ਸੁਰੱਖਿਆ ਨਾਲੋਂ ਜ਼ਿਆਦਾ ਇਕ ਅੜਿੱਕਾ ਹੈ। (ਜ਼ਬੂਰ 32:8 ਦੀ ਤੁਲਨਾ ਕਰੋ।) ਇਕ ਮਸੀਹੀ ਔਰਤ ਉੱਤੇ ਵਿਚਾਰ ਕਰੋ ਜਿਸ ਦਾ ਪਾਲਣ-ਪੋਸ਼ਣ ਬਾਈਬਲ ਦੇ ਸਿਧਾਂਤਾਂ ਅਨੁਸਾਰ ਕੀਤਾ ਗਿਆ ਸੀ, ਪਰੰਤੂ ਜੋ ਬਾਅਦ ਵਿਚ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਕਰਨ ਲੱਗ ਪਈ। ਆਪਣੀ ਜ਼ਿੰਦਗੀ ਦੇ ਉਸ ਹਨੇਰ ਭਰੇ ਸਮੇਂ ਨੂੰ ਚੇਤੇ ਕਰਦੇ ਹੋਏ, ਉਹ ਕਹਿੰਦੀ ਹੈ: “ਮੈਂ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਦੀ ਹਾਂ। ਮੈਂ ਆਪਣੀ ਮਨ-ਮਰਜ਼ੀ ਕਰਨੀ ਚਾਹੁੰਦੀ ਸੀ, ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਮੇਰੇ ਕੰਮ ਵਿਚ ਦਖ਼ਲ ਦੇਵੇ।” ਉਜਾੜੂ ਪੁੱਤਰ ਵਾਂਗ, ਇਸ ਜਵਾਨ ਔਰਤ ਨੇ ਵੀ ਆਜ਼ਾਦੀ ਚਾਹੀ। ਦੁੱਖ ਦੀ ਗੱਲ ਹੈ ਕਿ ਉਸ ਦੇ ਸ਼ਾਸਤਰ-ਵਿਰੋਧੀ ਕੰਮਾਂ ਕਰਕੇ, ਉਸ ਨੂੰ ਮਸੀਹੀ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ।—1 ਕੁਰਿੰਥੀਆਂ 5:11-13.
8. (ੳ) ਉਨ੍ਹਾਂ ਵਿਅਕਤੀਆਂ ਨੂੰ ਕਿਹੜੀ ਮਦਦ ਪੇਸ਼ ਕੀਤੀ ਜਾ ਸਕਦੀ ਹੈ ਜੋ ਪਰਮੇਸ਼ੁਰ ਦੇ ਮਿਆਰਾਂ ਦੇ ਉਲਟ ਜੀਉਣਾ ਚਾਹੁੰਦੇ ਹਨ? (ਅ) ਹਰ ਵਿਅਕਤੀ ਨੂੰ ਉਪਾਸਨਾ ਦੇ ਸੰਬੰਧ ਵਿਚ ਆਪਣੀ ਚੋਣ ਉੱਤੇ ਗੰਭੀਰਤਾ ਨਾਲ ਕਿਉਂ ਵਿਚਾਰ ਕਰਨਾ ਚਾਹੀਦਾ ਹੈ?
8 ਜਦੋਂ ਇਕ ਸੰਗੀ ਵਿਸ਼ਵਾਸੀ ਪਰਮੇਸ਼ੁਰ ਦੇ ਮਿਆਰਾਂ ਦੇ ਉਲਟ ਜੀਉਣ ਦੀ ਇੱਛਾ ਪ੍ਰਗਟ ਕਰਦਾ ਹੈ, ਤਾਂ ਸੱਚ-ਮੁੱਚ ਇਹ ਦਿਲ ਨੂੰ ਬਹੁਤ ਦੁੱਖ ਦਿੰਦਾ ਹੈ। (ਫ਼ਿਲਿੱਪੀਆਂ 3:18) ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਬਜ਼ੁਰਗ ਅਤੇ ਦੂਸਰੇ ਅਧਿਆਤਮਿਕ ਤੌਰ ਤੇ ਯੋਗ ਵਿਅਕਤੀ ਕੁਰਾਹੇ ਪਏ ਭਰਾ ਜਾਂ ਭੈਣ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। (ਗਲਾਤੀਆਂ 6:1) ਪਰੰਤੂ, ਕਿਸੇ ਨੂੰ ਵੀ ਮਸੀਹੀ ਸ਼ਾਗਿਰਦੀ ਦਾ ਜੂਲਾ ਸਵੀਕਾਰ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ ਹੈ। (ਮੱਤੀ 11:28-30; 16:24) ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਵੀ ਉਪਾਸਨਾ ਕਰਨ ਦੇ ਸੰਬੰਧ ਵਿਚ ਨਿੱਜੀ ਚੋਣ ਕਰਨੀ ਪੈਂਦੀ ਹੈ। ਆਖ਼ਰ, ਸਾਨੂੰ ਸਾਰਿਆਂ ਨੂੰ ਚੋਣ ਕਰਨ ਦੀ ਆਜ਼ਾਦੀ ਹੈ ਅਤੇ ਅਸੀਂ ਸਾਰੇ ਪਰਮੇਸ਼ੁਰ ਨੂੰ ਆਪਣਾ ਲੇਖਾ ਦਿਆਂਗੇ। (ਰੋਮੀਆਂ 14:12) ਨਿਰਸੰਦੇਹ, ਅਸੀਂ ‘ਜੋ ਕੁਝ ਬੀਜਦੇ ਹਾਂ ਸੋਈਓ ਵੱਢਾਂਗੇ।’ ਯਿਸੂ ਦੇ ਦ੍ਰਿਸ਼ਟਾਂਤ ਵਿਚ ਉਜਾੜੂ ਪੁੱਤਰ ਜਲਦੀ ਹੀ ਇਹ ਸਬਕ ਸਿੱਖਣ ਵਾਲਾ ਸੀ।—ਗਲਾਤੀਆਂ 6:7, 8.
ਦੂਰ ਦੇਸ਼ ਵਿਚ ਨਿਰਾਸ਼ਾ
9, 10. (ੳ) ਉਜਾੜੂ ਪੁੱਤਰ ਦੇ ਹਾਲਾਤ ਕਿਸ ਤਰ੍ਹਾਂ ਬਦਲੇ, ਅਤੇ ਉਸ ਨੇ ਇਸ ਕਾਰਨ ਕੀ ਕੀਤਾ? (ਅ) ਉਦਾਹਰਣ ਦੇ ਕੇ ਸਮਝਾਓ ਕਿ ਅੱਜ ਸੱਚੀ ਉਪਾਸਨਾ ਨੂੰ ਛੱਡਣ ਵਾਲੇ ਕੁਝ ਲੋਕਾਂ ਦੀ ਦਸ਼ਾ ਉਜਾੜੂ ਪੁੱਤਰ ਦੀ ਦੁਰਦਸ਼ਾ ਵਰਗੀ ਕਿਵੇਂ ਹੈ।
9 “ਜਾਂ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹ ਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ। ਅਰ ਉਹ ਉਨ੍ਹਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਨੇ ਉਹ ਨੂੰ ਕੁਝ ਨਾ ਦਿੱਤਾ।”—ਲੂਕਾ 15:14-16.
10 ਭਾਵੇਂ ਕਿ ਉਜਾੜੂ ਪੁੱਤਰ ਨੇ ਪਾਈ-ਪਾਈ ਖ਼ਰਚ ਕਰ ਲਈ ਸੀ, ਫਿਰ ਵੀ ਉਸ ਨੇ ਘਰ ਵਾਪਸ ਜਾਣ ਬਾਰੇ ਅਜੇ ਨਹੀਂ ਸੋਚਿਆ ਸੀ। ਇਸ ਦੀ ਬਜਾਇ, ਉਹ ਉੱਥੇ ਰਹਿਣ ਵਾਲੇ ਇਕ ਵਿਅਕਤੀ ਨੂੰ ਮਿਲਿਆ ਜਿਸ ਨੇ ਉਸ ਨੂੰ ਸੂਰਾਂ ਨੂੰ ਚਰਾਉਣ ਦਾ ਕੰਮ ਦਿੱਤਾ। ਕਿਉਂ ਜੋ ਮੂਸਾ ਦੀ ਬਿਵਸਥਾ ਨੇ ਸਪੱਸ਼ਟ ਕੀਤਾ ਸੀ ਕਿ ਸੂਰ ਇਕ ਅਸ਼ੁੱਧ ਜਾਨਵਰ ਸੀ, ਇਸ ਲਈ ਇਕ ਯਹੂਦੀ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ। (ਲੇਵੀਆਂ 11:7, 8) ਪਰੰਤੂ, ਜੇ ਉਜਾੜੂ ਪੁੱਤਰ ਦੇ ਅੰਤਹਕਰਣ ਨੇ ਉਸ ਨੂੰ ਲਾਹਨਤਾਂ ਪਾਈਆਂ ਵੀ ਹੁੰਦੀਆਂ, ਤਾਂ ਉਸ ਨੂੰ ਆਪਣੇ ਅੰਤਹਕਰਣ ਨੂੰ ਦਬਾਉਣਾ ਪਿਆ ਹੋਵੇਗਾ। ਆਖ਼ਰਕਾਰ, ਉਹ ਉੱਥੇ ਦੇ ਰਹਿਣ ਵਾਲੇ ਆਪਣੇ ਮਾਲਕ ਤੋਂ ਇਹ ਆਸ ਨਹੀਂ ਰੱਖ ਸਕਦਾ ਸੀ ਕਿ ਉਹ ਇਕ ਕੰਗਾਲ ਵਿਦੇਸ਼ੀ ਦੀਆਂ ਭਾਵਨਾਵਾਂ ਦੀ ਪਰਵਾਹ ਕਰੇ। ਉਜਾੜੂ ਪੁੱਤਰ ਦੀ ਦੁਰਦਸ਼ਾ ਅੱਜ ਉਨ੍ਹਾਂ ਬਹੁਤ ਸਾਰੇ ਲੋਕਾਂ ਦੀ ਦੁਰਦਸ਼ਾ ਵਰਗੀ ਹੈ ਜਿਨ੍ਹਾਂ ਨੇ ਸ਼ੁੱਧ ਉਪਾਸਨਾ ਦੇ ਸਿੱਧੇ ਰਾਹ ਨੂੰ ਛੱਡ ਦਿੱਤਾ ਹੈ। ਅਕਸਰ, ਅਜਿਹੇ ਲੋਕ ਉਹ ਕੰਮ ਕਰਨ ਲੱਗ ਪੈਂਦੇ ਹਨ ਜਿਨ੍ਹਾਂ ਨੂੰ ਉਹ ਪਹਿਲਾਂ ਅਪਮਾਨਜਨਕ ਸਮਝਦੇ ਸਨ। ਉਦਾਹਰਣ ਲਈ, 17 ਸਾਲ ਦੀ ਉਮਰ ਤੇ, ਇਕ ਨੌਜਵਾਨ ਨੇ ਆਪਣੇ ਮਸੀਹੀ ਪਾਲਣ-ਪੋਸਣ ਦੇ ਵਿਰੁੱਧ ਬਗਾਵਤ ਕੀਤੀ। ਉਹ ਸਵੀਕਾਰ ਕਰਦਾ ਹੈ: “ਅਨੈਤਿਕਤਾ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਕਾਰਨ ਮੈਂ ਸਾਲਾਂ ਤੋਂ ਮਿਲੀ ਬਾਈਬਲ-ਆਧਾਰਿਤ ਸਿੱਖਿਆ ਨੂੰ ਭੁਲਾ ਦਿੱਤਾ।” ਜਲਦੀ ਹੀ, ਇਸ ਨੌਜਵਾਨ ਨੂੰ ਹਥਿਆਰਬੰਦ ਡਾਕੇ ਅਤੇ ਕਤਲ ਦੇ ਦੋਸ਼ ਵਿਚ ਜੇਲ੍ਹ ਜਾਣਾ ਪਿਆ। ਭਾਵੇਂ ਕਿ ਉਹ ਬਾਅਦ ਵਿਚ ਧਾਰਮਿਕ ਤੌਰ ਤੇ ਸੁਰਤ ਵਿਚ ਆਇਆ, ਫਿਰ ਵੀ ਉਸ ਨੂੰ “ਪਾਪ ਦੇ ਭੋਗ ਬਿਲਾਸ” ਲਈ “ਜੋ ਥੋੜੇ ਚਿਰ ਲਈ ਹੈ” ਕਿੰਨੀ ਵੱਡੀ ਕੀਮਤ ਚੁਕਾਉਣੀ ਪਈ!—ਇਬਰਾਨੀਆਂ 11:24-26 ਦੀ ਤੁਲਨਾ ਕਰੋ।
11. ਉਜਾੜੂ ਪੁੱਤਰ ਦੀ ਹਾਲਤ ਹੋਰ ਵੀ ਬਦਤਰ ਕਿਵੇਂ ਹੋ ਗਈ, ਅਤੇ ਅੱਜ ਕੁਝ ਲੋਕਾਂ ਨੇ ਕਿਵੇਂ ਪਾਇਆ ਹੈ ਕਿ ਸੰਸਾਰ ਦੀ ਮੋਹ-ਮਾਇਆ ਇਕ “ਲਾਗ ਲਪੇਟ” ਹੈ?
11 ਉਜਾੜੂ ਪੁੱਤਰ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਜਦੋਂ “ਕਿਨੇ ਉਹ ਨੂੰ ਕੁਝ ਨਾ ਦਿੱਤਾ।” ਉਸ ਦੇ ਨਵੇਂ ਦੋਸਤ ਕਿੱਥੇ ਚੱਲੇ ਗਏ ਸਨ? ਹੁਣ ਜਦੋਂ ਕਿ ਉਹ ਕੰਗਾਲ ਸੀ, ਉਹ ਉਨ੍ਹਾਂ ਲਈ “ਘਿਣਾਉਣਾ” ਸੀ। (ਕਹਾਉਤਾਂ 14:20) ਇਸੇ ਤਰ੍ਹਾਂ, ਅੱਜ ਨਿਹਚਾ ਤੋਂ ਕੁਰਾਹੇ ਪੈਣ ਵਾਲੇ ਬਹੁਤ ਸਾਰੇ ਲੋਕ ਪਾਉਂਦੇ ਹਨ ਕਿ ਇਸ ਸੰਸਾਰ ਦੀ ਮੋਹ-ਮਾਇਆ ਅਤੇ ਇਸ ਦਾ ਦ੍ਰਿਸ਼ਟੀਕੋਣ “ਲਾਗ ਲਪੇਟ” ਹੀ ਹਨ। (ਕੁਲੁੱਸੀਆਂ 2:8) “ਮੈਂ ਯਹੋਵਾਹ ਦੀ ਅਗਵਾਈ ਤੋਂ ਬਿਨਾਂ ਬੇਹੱਦ ਦੁੱਖ ਅਤੇ ਤਕਲੀਫ਼ਾਂ ਦਾ ਸਾਮ੍ਹਣਾ ਕੀਤਾ,” ਇਕ ਜਵਾਨ ਔਰਤ ਕਹਿੰਦੀ ਹੈ ਜਿਸ ਨੇ ਕੁਝ ਸਮੇਂ ਲਈ ਪਰਮੇਸ਼ੁਰ ਦੇ ਸੰਗਠਨ ਨੂੰ ਛੱਡ ਦਿੱਤਾ ਸੀ। “ਮੈਂ ਸੰਸਾਰ ਨਾਲ ਰਲਣ-ਮਿਲਣ ਦੀ ਕੋਸ਼ਿਸ਼ ਕੀਤੀ, ਪਰੰਤੂ ਕਿਉਂਕਿ ਮੈਂ ਪੂਰੀ ਤਰ੍ਹਾਂ ਉਨ੍ਹਾਂ ਵਰਗੀ ਨਹੀਂ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਠੁਕਰਾ ਦਿੱਤਾ। ਮੈਂ ਇਕ ਗੁਆਚੇ ਹੋਏ ਬੱਚੇ ਵਾਂਗ ਮਹਿਸੂਸ ਕੀਤਾ ਜਿਸ ਨੂੰ ਆਪਣੇ ਪਿਤਾ ਦੀ ਅਗਵਾਈ ਦੀ ਲੋੜ ਸੀ। ਤਦ ਮੈਂ ਅਹਿਸਾਸ ਕੀਤਾ ਕਿ ਮੈਨੂੰ ਯਹੋਵਾਹ ਦੀ ਲੋੜ ਸੀ। ਮੈਂ ਹੁਣ ਕਦੀ ਵੀ ਉਸ ਤੋਂ ਆਜ਼ਾਦ ਨਹੀਂ ਹੋਣਾ ਚਾਹੁੰਦੀ।” ਯਿਸੂ ਦੇ ਦ੍ਰਿਸ਼ਟਾਂਤ ਵਿਚ ਉਜਾੜੂ ਪੁੱਤਰ ਨੇ ਵੀ ਇਹੋ ਅਹਿਸਾਸ ਕੀਤਾ।
ਉਜਾੜੂ ਪੁੱਤਰ ਸੁਰਤ ਵਿਚ ਆਉਂਦਾ ਹੈ
12, 13. ਕਿਨ੍ਹਾਂ ਗੱਲਾਂ ਨੇ ਕੁਝ ਵਿਅਕਤੀਆਂ ਨੂੰ ਸੁਰਤ ਵਿਚ ਲਿਆਂਦਾ ਹੈ? (ਡੱਬੀ ਦੇਖੋ।)
12 “ਉਹ ਨੇ ਸੁਰਤ ਵਿੱਚ ਆਣ ਕੇ ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ।”—ਲੂਕਾ 15:17-20.
13 ਉਜਾੜੂ ਪੁੱਤਰ ‘ਸੁਰਤ ਵਿਚ ਆਇਆ।’ ਕੁਝ ਸਮੇਂ ਲਈ, ਉਹ ਅਯਾਸ਼ੀ ਵਿਚ ਡੁੱਬਿਆ ਹੋਇਆ ਸੀ, ਜਿਵੇਂ ਕਿ ਉਹ ਸੁਪਨਿਆਂ ਦੇ ਸੰਸਾਰ ਵਿਚ ਰਹਿ ਰਿਹਾ ਸੀ। ਪਰ ਹੁਣ ਉਸ ਨੂੰ ਆਪਣੀ ਅਸਲੀ ਅਧਿਆਤਮਿਕ ਹਾਲਤ ਦਾ ਅਹਿਸਾਸ ਹੋਇਆ। ਜੀ ਹਾਂ, ਭਾਵੇਂ ਕਿ ਉਹ ਕੁਰਾਹੇ ਪੈ ਗਿਆ ਸੀ, ਫਿਰ ਵੀ ਇਸ ਨੌਜਵਾਨ ਲਈ ਉਮੀਦ ਸੀ। ਉਸ ਵਿਚ ਕੁਝ ਚੰਗੇ ਗੁਣ ਦੇਖੇ ਜਾ ਸਕਦੇ ਸਨ। (ਕਹਾਉਤਾਂ 24:16. 2 ਇਤਹਾਸ 19:2, 3 ਦੀ ਤੁਲਨਾ ਕਰੋ।) ਉਨ੍ਹਾਂ ਬਾਰੇ ਕੀ ਜੋ ਅੱਜ ਪਰਮੇਸ਼ੁਰ ਦੇ ਝੁੰਡ ਨੂੰ ਛੱਡ ਦਿੰਦੇ ਹਨ? ਕੀ ਇਹ ਸਿੱਟਾ ਕੱਢਣਾ ਠੀਕ ਹੋਵੇਗਾ ਕਿ ਉਨ੍ਹਾਂ ਸਾਰਿਆਂ ਲਈ ਕੋਈ ਉਮੀਦ ਨਹੀਂ ਹੈ, ਅਤੇ ਕਿ ਉਨ੍ਹਾਂ ਦੀ ਬਗਾਵਤ ਇਹ ਸਿੱਧ ਕਰਦੀ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਵਿਰੁੱਧ ਪਾਪ ਕੀਤਾ ਹੈ? (ਮੱਤੀ 12:31, 32) ਇਹ ਜ਼ਰੂਰੀ ਨਹੀਂ। ਉਨ੍ਹਾਂ ਵਿੱਚੋਂ ਕਈ ਵਿਅਕਤੀ ਆਪਣੇ ਗ਼ਲਤ ਕੰਮਾਂ ਕਰਕੇ ਦੁਖੀ ਹੋਏ ਹਨ, ਅਤੇ ਸਮੇਂ ਦੇ ਬੀਤਣ ਨਾਲ, ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਸੁਰਤ ਵਿਚ ਆਏ ਹਨ। ਪਰਮੇਸ਼ੁਰ ਦੇ ਸੰਗਠਨ ਤੋਂ ਬਾਹਰ ਬਿਤਾਏ ਸਮੇਂ ਬਾਰੇ ਸੋਚਦੀ ਹੋਈ ਇਕ ਭੈਣ ਕਹਿੰਦੀ ਹੈ: “ਮੈਂ ਇਕ ਦਿਨ ਵੀ ਯਹੋਵਾਹ ਨੂੰ ਨਹੀਂ ਭੁੱਲੀ। ਮੈਂ ਹਮੇਸ਼ਾ ਪ੍ਰਾਰਥਨਾ ਕਰਦੀ ਰਹੀ ਕਿ ਇਕ ਦਿਨ, ਕਿਸੇ ਨਾ ਕਿਸੇ ਤਰ੍ਹਾਂ ਉਹ ਮੈਨੂੰ ਸੱਚਾਈ ਵਿਚ ਦੁਬਾਰਾ ਸਵੀਕਾਰ ਕਰ ਲਵੇਗਾ।”—ਜ਼ਬੂਰ 119:176.
14. ਉਜਾੜੂ ਪੁੱਤਰ ਨੇ ਕੀ ਫ਼ੈਸਲਾ ਕੀਤਾ, ਅਤੇ ਉਸ ਨੇ ਅਜਿਹਾ ਕਰਨ ਵਿਚ ਕਿਵੇਂ ਨਿਮਰਤਾ ਦਿਖਾਈ?
14 ਪਰੰਤੂ ਜੋ ਕੁਰਾਹੇ ਪੈ ਗਏ ਹਨ, ਉਹ ਆਪਣੀ ਹਾਲਤ ਨੂੰ ਸੁਧਾਰਨ ਲਈ ਕੀ ਕਰ ਸਕਦੇ ਹਨ? ਯਿਸੂ ਦੇ ਦ੍ਰਿਸ਼ਟਾਂਤ ਵਿਚ ਉਜਾੜੂ ਪੁੱਤਰ ਨੇ ਘਰ ਵਾਪਸ ਜਾਣ ਅਤੇ ਆਪਣੇ ਪਿਤਾ ਤੋਂ ਮਾਫ਼ੀ ਮੰਗਣ ਦਾ ਫ਼ੈਸਲਾ ਕੀਤਾ। ਉਜਾੜੂ ਪੁੱਤਰ ਨੇ ਇਹ ਕਹਿਣ ਦਾ ਫ਼ੈਸਲਾ ਕੀਤਾ ਕਿ “ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ।” ਇਕ ਕਾਮਾ ਦਿਹਾੜੀਦਾਰ ਹੁੰਦਾ ਸੀ ਜਿਸ ਨੂੰ ਸ਼ਾਇਦ ਅਗਲੇ ਦਿਨ ਕੰਮ ਤੇ ਨਾ ਰੱਖਿਆ ਜਾਵੇ। ਉਹ ਉਸ ਗ਼ੁਲਾਮ ਤੋਂ ਵੀ ਨੀਵਾਂ ਸੀ ਜੋ, ਇਕ ਭਾਵ ਵਿਚ, ਪਰਿਵਾਰ ਦੇ ਮੈਂਬਰ ਵਾਂਗ ਸੀ। ਇਸ ਲਈ ਉਜਾੜੂ ਪੁੱਤਰ ਦੇ ਮਨ ਵਿਚ ਇਹ ਬੇਨਤੀ ਕਰਨ ਦਾ ਖ਼ਿਆਲ ਨਹੀਂ ਸੀ ਕਿ ਉਸ ਨੂੰ ਇਕ ਪੁੱਤਰ ਵਜੋਂ ਦੁਬਾਰਾ ਸਵੀਕਾਰ ਕਰ ਲਿਆ ਜਾਵੇ। ਉਹ ਸਮੇਂ ਦੇ ਬੀਤਣ ਨਾਲ ਆਪਣੀ ਵਫ਼ਾਦਾਰੀ ਨੂੰ ਸਿੱਧ ਕਰਨ ਲਈ ਨੀਵੀਂ ਤੋਂ ਨੀਵੀਂ ਪਦਵੀ ਵੀ ਸਵੀਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਪਰੰਤੂ, ਇਕ ਅਚੰਭੇ ਦੀ ਗੱਲ ਹੋਈ।
ਇਕ ਨਿੱਘਾ ਸੁਆਗਤ
15-17. (ੳ) ਜਦੋਂ ਪਿਤਾ ਨੇ ਆਪਣੇ ਪੁੱਤਰ ਨੂੰ ਦੇਖਿਆ, ਤਾਂ ਉਸ ਨੇ ਕੀ ਕੀਤਾ? (ਅ) ਪਿਤਾ ਨੇ ਆਪਣੇ ਪੁੱਤਰ ਨੂੰ ਜੋ ਬਸਤਰ, ਅੰਗੂਠੀ, ਅਤੇ ਜੁੱਤੀ ਦਿੱਤੀ ਸੀ, ਇਹ ਸਭ ਕੀ ਦਰਸਾਉਂਦੇ ਹਨ? (ੲ) ਪਿਤਾ ਦੁਆਰਾ ਦਾਅਵਤ ਦਾ ਪ੍ਰਬੰਧ ਕਰਨਾ ਕੀ ਦਿਖਾਉਂਦਾ ਹੈ?
15 “ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆ। ਅਰ ਪੁੱਤ੍ਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ। ਅਤੇ ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ। ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਓਹ ਲੱਗੇ ਖੁਸ਼ੀ ਕਰਨ।”—ਲੂਕਾ 15:20-24.
16 ਕੋਈ ਵੀ ਮਾਤਾ ਜਾਂ ਪਿਤਾ ਚਾਹੇਗਾ ਕਿ ਉਸ ਦਾ ਬੱਚਾ ਸੱਚਾਈ ਵਿਚ ਵਾਪਸ ਆ ਜਾਵੇ। ਇਸ ਲਈ, ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਜਾੜੂ ਪੁੱਤਰ ਦਾ ਪਿਤਾ ਕਿਵੇਂ ਹਰ ਰੋਜ਼ ਅੱਡੀਆਂ ਚੁੱਕ-ਚੁੱਕ ਕੇ ਆਪਣੇ ਪੁੱਤਰ ਦਾ ਰਾਹ ਦੇਖਦਾ ਰਿਹਾ, ਅਤੇ ਬੇਤਾਬੀ ਨਾਲ ਆਪਣੇ ਪੁੱਤਰ ਦੀ ਵਾਪਸੀ ਦੀ ਉਮੀਦ ਰੱਖਦਾ ਹੈ। ਉਹ ਹੁਣ ਆਪਣੇ ਪੁੱਤਰ ਨੂੰ ਰਾਹ ਵਿਚ ਆਉਂਦੇ ਹੋਏ ਦੇਖਦਾ ਰਿਹਾ! ਬਿਨਾਂ ਸ਼ੱਕ ਮੁੰਡੇ ਦਾ ਹੁਲੀਆ ਬਦਲ ਚੁੱਕਾ ਸੀ। ਫਿਰ ਵੀ, ਪਿਤਾ ਉਸ ਨੂੰ ਪਛਾਣ ਲੈਂਦਾ ਹੈ ਜਦੋਂ ਉਹ “ਅਜੇ ਦੂਰ ਹੀ” ਹੁੰਦਾ ਹੈ। ਉਹ ਫਟੇ ਪੁਰਾਣੇ ਕੱਪੜੇ ਅਤੇ ਉਸ ਦੀ ਉਦਾਸੀ ਨੂੰ ਨਹੀਂ ਦੇਖਦਾ ਹੈ; ਉਹ ਆਪਣੇ ਪੁੱਤਰ ਨੂੰ ਦੇਖਦਾ ਹੈ, ਅਤੇ ਉਹ ਉਸ ਨੂੰ ਮਿਲਣ ਲਈ ਦੌੜਦਾ ਹੈ!
17 ਜਦੋਂ ਪਿਤਾ ਆਪਣੇ ਪੁੱਤਰ ਕੋਲ ਪਹੁੰਚਦਾ ਹੈ, ਤਾਂ ਉਹ ਉਸ ਨੂੰ ਆਪਣੇ ਗਲੇ ਲਾਉਂਦਾ ਹੈ ਅਤੇ ਉਸ ਨੂੰ ਪਿਆਰ ਨਾਲ ਚੁੰਮਦਾ ਹੈ। ਫਿਰ ਉਹ ਆਪਣੇ ਨੌਕਰਾਂ ਨੂੰ ਆਪਣੇ ਪੁੱਤਰ ਲਈ ਬਸਤਰ, ਇਕ ਅੰਗੂਠੀ, ਅਤੇ ਜੁੱਤੀ ਲਿਆਉਣ ਦਾ ਹੁਕਮ ਦਿੰਦਾ ਹੈ। ਇਹ ਕੋਈ ਸਾਧਾਰਣ ਬਸਤਰ ਨਹੀਂ ਸੀ, ਬਲਕਿ ‘ਸਭ ਤੋਂ ਚੰਗਾ ਬਸਤ੍ਰ’ ਸੀ—ਸ਼ਾਇਦ ਵਧੀਆ ਕਢਾਈ ਵਾਲਾ ਬਸਤਰ ਸੀ ਜੋ ਇਕ ਇੱਜ਼ਤਦਾਰ ਪਰਾਹੁਣੇ ਨੂੰ ਪੇਸ਼ ਕੀਤਾ ਜਾਂਦਾ ਸੀ। ਕਿਉਂ ਜੋ ਗ਼ੁਲਾਮ ਆਮ ਤੌਰ ਤੇ ਅੰਗੂਠੀ ਤੇ ਜੁੱਤੀ ਨਹੀਂ ਪਾਉਂਦੇ ਸਨ, ਪਿਤਾ ਇਹ ਦਿਖਾ ਰਿਹਾ ਸੀ ਕਿ ਉਸ ਦੇ ਪੁੱਤਰ ਦਾ ਪੂਰੀ ਤਰ੍ਹਾਂ ਨਾਲ ਪਰਿਵਾਰ ਦੇ ਇਕ ਮੈਂਬਰ ਵਜੋਂ ਸੁਆਗਤ ਕੀਤਾ ਜਾ ਰਿਹਾ ਸੀ। ਪਰੰਤੂ ਪਿਤਾ ਨੇ ਇਸ ਤੋਂ ਵੀ ਜ਼ਿਆਦਾ ਕੀਤਾ। ਉਸ ਨੇ ਆਪਣੇ ਪੁੱਤਰ ਦੇ ਵਾਪਸ ਆਉਣ ਦੀ ਖ਼ੁਸ਼ੀ ਵਿਚ ਇਕ ਦਾਅਵਤ ਦਾ ਹੁਕਮ ਦਿੱਤਾ। ਸਪੱਸ਼ਟ ਤੌਰ ਤੇ, ਇਹ ਆਦਮੀ ਆਪਣੇ ਪੁੱਤਰ ਨੂੰ ਕੁੜ-ਕੁੜ ਕੇ, ਜਾਂ ਸਿਰਫ਼ ਇਸ ਕਰਕੇ ਮਾਫ਼ ਨਹੀਂ ਕਰ ਰਿਹਾ ਸੀ ਕਿ ਉਸ ਦੇ ਪੁੱਤਰ ਦੀ ਵਾਪਸੀ ਨੇ ਉਸ ਨੂੰ ਮਾਫ਼ ਕਰਨ ਲਈ ਮਜਬੂਰ ਕਰ ਦਿੱਤਾ ਸੀ; ਉਹ ਮਾਫ਼ ਕਰਨਾ ਚਾਹੁੰਦਾ ਸੀ। ਇਸ ਤੋਂ ਉਸ ਨੂੰ ਬਹੁਤ ਖ਼ੁਸ਼ੀ ਮਿਲੀ।
18, 19. (ੳ) ਉਜਾੜੂ ਪੁੱਤਰ ਦਾ ਦ੍ਰਿਸ਼ਟਾਂਤ ਤੁਹਾਨੂੰ ਯਹੋਵਾਹ ਬਾਰੇ ਕੀ ਸਿਖਾਉਂਦਾ ਹੈ? (ਅ) ਜਿਵੇਂ ਕਿ ਯਹੂਦਾਹ ਅਤੇ ਯਰੂਸ਼ਲਮ ਨਾਲ ਉਸ ਦੇ ਵਿਵਹਾਰ ਵਿਚ ਦਿਖਾਇਆ ਗਿਆ ਹੈ, ਯਹੋਵਾਹ ਪਾਪੀ ਮਨੁੱਖਾਂ ਦੀ ਵਾਪਸੀ ਦੀ ਕਿਵੇਂ “ਉਡੀਕ” ਕਰਦਾ ਹੈ?
18 ਹੁਣ ਤਕ, ਉਜਾੜੂ ਪੁੱਤਰ ਦਾ ਦ੍ਰਿਸ਼ਟਾਂਤ ਉਸ ਪਰਮੇਸ਼ੁਰ ਬਾਰੇ ਸਾਨੂੰ ਕੀ ਸਿਖਾਉਂਦਾ ਹੈ ਜਿਸ ਦੀ ਉਪਾਸਨਾ ਕਰਨ ਦਾ ਸਾਨੂੰ ਵਿਸ਼ੇਸ਼-ਸਨਮਾਨ ਮਿਲਿਆ ਹੈ? ਪਹਿਲਾ, ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6) ਸੱਚ-ਮੁੱਚ, ਦਇਆ ਪਰਮੇਸ਼ੁਰ ਦਾ ਮੁੱਖ ਗੁਣ ਹੈ। ਲੋੜਵੰਦ ਵਿਅਕਤੀਆਂ ਨਾਲ ਦਇਆ ਨਾਲ ਪੇਸ਼ ਆਉਣਾ ਉਸ ਦਾ ਸੁਭਾਅ ਹੈ। ਇਸ ਤੋਂ ਇਲਾਵਾ, ਯਿਸੂ ਦਾ ਦ੍ਰਿਸ਼ਟਾਂਤ ਸਾਨੂੰ ਸਿਖਾਉਂਦਾ ਹੈ ਕਿ ਯਹੋਵਾਹ “ਮਾਫ਼ ਕਰਨ ਲਈ ਤਿਆਰ” ਹੈ। (ਜ਼ਬੂਰ 86:5, ਨਿ ਵ) ਉਹ ਮਾਨੋ ਪਾਪੀ ਮਨੁੱਖਾਂ ਦੇ ਦਿਲਾਂ ਵਿਚ ਕੋਈ ਤਬਦੀਲੀ ਦੇਖਣ ਦੀ ਤਾਂਘ ਵਿਚ ਰਹਿੰਦਾ ਹੈ ਜਿਸ ਆਧਾਰ ਤੇ ਉਹ ਉਨ੍ਹਾਂ ਨਾਲ ਦਇਆ ਕਰੇ।—2 ਇਤਹਾਸ 12:12; 16:9.
19 ਉਦਾਹਰਣ ਲਈ, ਇਸਰਾਏਲ ਨਾਲ ਪਰਮੇਸ਼ੁਰ ਦੇ ਵਿਵਹਾਰ ਉੱਤੇ ਗੌਰ ਕਰੋ। ਯਸਾਯਾਹ ਨਬੀ ਨੇ ਯਹੋਵਾਹ ਦੀ ਪ੍ਰੇਰਣਾ ਅਧੀਨ ਯਹੂਦਾਹ ਅਤੇ ਯਰੂਸ਼ਲਮ ਨੂੰ ‘ਪੈਰ ਦੀ ਤਲੀ ਤੋਂ ਸਿਰ ਤਾਈਂ ਬੀਮਾਰ’ ਕਿਹਾ ਸੀ। ਫਿਰ ਵੀ, ਉਸ ਨੇ ਇਹ ਵੀ ਕਿਹਾ: “ਯਹੋਵਾਹ ਉਡੀਕਦਾ ਹੈ, ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਏਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਭਈ ਉਹ ਤੁਹਾਡੇ ਉੱਤੇ ਰਹਮ ਕਰੇ।” (ਟੇਢੇ ਟਾਈਪ ਸਾਡੇ।) (ਯਸਾਯਾਹ 1:5, 6; 30:18; 55:7; ਹਿਜ਼ਕੀਏਲ 33:11) ਯਿਸੂ ਦੇ ਦ੍ਰਿਸ਼ਟਾਂਤ ਵਿਚ ਪਿਤਾ ਵਾਂਗ, ਯਹੋਵਾਹ ਮਾਨੋ ‘ਰਾਹ ਦੇਖਦਾ ਹੈ।’ ਉਹ ਬੇਤਾਬੀ ਨਾਲ ਹਰੇਕ ਜਣੇ ਦੀ ਉਡੀਕ ਕਰਦਾ ਹੈ ਜਿਸ ਨੇ ਉਸ ਦੇ ਘਰ ਨੂੰ ਛੱਡ ਦਿੱਤਾ ਹੈ। ਕੀ ਅਸੀਂ ਇਕ ਪ੍ਰੇਮਮਈ ਪਿਤਾ ਤੋਂ ਇਸੇ ਗੱਲ ਦੀ ਆਸ ਨਹੀਂ ਰੱਖਦੇ ਹਾਂ?—ਜ਼ਬੂਰ 103:13.
20, 21. (ੳ) ਅੱਜ ਬਹੁਤ ਸਾਰੇ ਵਿਅਕਤੀ ਪਰਮੇਸ਼ੁਰ ਦੀ ਦਇਆ ਦੁਆਰਾ ਕਿਸ ਤਰ੍ਹਾਂ ਖਿੱਚੇ ਜਾਂਦੇ ਹਨ? (ਅ) ਅਗਲੇ ਲੇਖ ਵਿਚ ਕਿਸ ਗੱਲ ਦੀ ਚਰਚਾ ਕੀਤੀ ਜਾਵੇਗੀ?
20 ਹਰ ਸਾਲ, ਯਹੋਵਾਹ ਦੀ ਦਇਆ ਬਹੁਤ ਸਾਰੇ ਵਿਅਕਤੀਆਂ ਨੂੰ ਸੁਰਤ ਵਿਚ ਲਿਆਉਂਦੀ ਹੈ, ਅਤੇ ਸ਼ੁੱਧ ਉਪਾਸਨਾ ਵੱਲ ਮੋੜਦੀ ਹੈ। ਇਹ ਉਨ੍ਹਾਂ ਦੇ ਪਿਆਰਿਆਂ ਨੂੰ ਕਿੰਨੀ ਖ਼ੁਸ਼ੀ ਦਿੰਦਾ ਹੈ! ਉਦਾਹਰਣ ਲਈ, ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਮਸੀਹੀ ਪਿਤਾ ਵੱਲ ਧਿਆਨ ਦਿਓ। ਖ਼ੁਸ਼ੀ ਦੀ ਗੱਲ ਹੈ ਕਿ ਉਸ ਦੀ ਧੀ ਸੱਚਾਈ ਵਿਚ ਵਾਪਸ ਆਈ ਅਤੇ ਹੁਣ ਇਕ ਪੂਰਣ-ਕਾਲੀ ਸੇਵਕਾ ਵਜੋਂ ਸੇਵਾ ਕਰਦੀ ਹੈ। ਉਹ ਕਹਿੰਦਾ ਹੈ: “ਮੈਂ ਇੰਨਾ ਖ਼ੁਸ਼ ਹਾਂ ਜਿੰਨਾ ਕਿ ਮੈਂ ਇਸ ਪੁਰਾਣੀ ਰੀਤੀ-ਵਿਵਸਥਾ ਵਿਚ ਹੋ ਸਕਦਾ ਹਾਂ। ਮੇਰੇ ਗਮੀ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ ਹਨ।” ਯਕੀਨਨ, ਯਹੋਵਾਹ ਵੀ ਬਹੁਤ ਖ਼ੁਸ਼ ਹੁੰਦਾ ਹੈ!—ਕਹਾਉਤਾਂ 27:11.
21 ਪਰੰਤੂ ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਵਿਚ ਹੋਰ ਵੀ ਬਹੁਤ ਕੁਝ ਹੈ। ਯਿਸੂ ਨੇ ਆਪਣੀ ਕਹਾਣੀ ਸੁਣਾਉਣੀ ਜਾਰੀ ਰੱਖੀ ਤਾਂਕਿ ਉਹ ਯਹੋਵਾਹ ਦੀ ਦਇਆ ਅਤੇ ਸਦੂਕੀਆਂ ਤੇ ਫ਼ਰੀਸੀਆਂ ਦੇ ਕੱਟੜ, ਆਲੋਚਨਾਤਮਕ ਰਵੱਈਏ ਵਿਚ ਫ਼ਰਕ ਦੱਸ ਸਕੇ। ਉਸ ਨੇ ਇਹ ਕਿਸ ਤਰ੍ਹਾਂ ਕੀਤਾ—ਅਤੇ ਇਸ ਦਾ ਸਾਡੇ ਲਈ ਕੀ ਅਰਥ ਹੈ—ਇਸ ਦੀ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਇਹ ਜ਼ਰੂਰੀ ਨਹੀਂ ਕਿ ਬਾਈਬਲ ਵਿਚ ਦੱਸੇ ਗਏ ਦ੍ਰਿਸ਼ਟਾਂਤ ਅਤੇ ਹੋਰ ਦੂਸਰੀਆਂ ਕਹਾਣੀਆਂ ਸੱਚੀਆਂ ਹਨ। ਇਸ ਤੋਂ ਇਲਾਵਾ, ਕਿਉਂ ਜੋ ਇਨ੍ਹਾਂ ਕਹਾਣੀਆਂ ਦਾ ਮਕਸਦ ਚੰਗੀ ਸਿੱਖਿਆ ਦੇਣਾ ਹੈ, ਇਸ ਲਈ ਇਨ੍ਹਾਂ ਵਿਚ ਦੱਸੀ ਗਈ ਹਰੇਕ ਚੀਜ਼ ਦਾ ਲਾਖਣਿਕ ਅਰਥ ਭਾਲਣ ਦੀ ਲੋੜ ਨਹੀਂ ਹੈ।
b ਇਸ ਦ੍ਰਿਸ਼ਟਾਂਤ ਦੀ ਭਵਿੱਖ-ਸੂਚਕ ਮਹੱਤਤਾ ਦੀ ਚਰਚਾ ਪਹਿਰਾਬੁਰਜ (ਅੰਗ੍ਰੇਜ਼ੀ) ਫਰਵਰੀ 15, 1989, ਸਫ਼ੇ 16, 17, ਵਿਚ ਕੀਤੀ ਗਈ ਹੈ।
ਗੌਰ ਕਰਨ ਲਈ
◻ ਦਇਆ ਪ੍ਰਤੀ ਯਿਸੂ ਦਾ ਰਵੱਈਆ ਕਿਵੇਂ ਫ਼ਰੀਸੀਆਂ ਦੇ ਰਵੱਈਏ ਤੋਂ ਉਲਟ ਸੀ?
◻ ਅੱਜ ਕਿਹੜੇ ਲੋਕ ਉਜਾੜੂ ਪੁੱਤਰ ਵਰਗੇ ਹਨ, ਅਤੇ ਕਿਵੇਂ?
◻ ਕਿਹੜੇ ਹਾਲਾਤ ਨੇ ਉਜਾੜੂ ਪੁੱਤਰ ਨੂੰ ਸੁਰਤ ਵਿਚ ਲਿਆਂਦਾ?
◻ ਪਿਤਾ ਨੇ ਆਪਣੇ ਪਸ਼ਚਾਤਾਪੀ ਪੁੱਤਰ ਪ੍ਰਤੀ ਕਿਵੇਂ ਦਇਆ ਦਿਖਾਈ?
[ਸਫ਼ੇ 6 ਉੱਤੇ ਡੱਬੀ]
ਉਹ ਸੁਰਤ ਵਿਚ ਆਏ
ਮਸੀਹੀ ਕਲੀਸਿਯਾ ਵਿੱਚੋਂ ਛੇਕੇ ਗਏ ਕੁਝ ਵਿਅਕਤੀਆਂ ਨੂੰ ਕਿਸ ਗੱਲ ਨੇ ਸੁਰਤ ਵਿਚ ਲਿਆਂਦਾ? ਅੱਗੇ ਦਿੱਤੀਆਂ ਟਿੱਪਣੀਆਂ ਇਸ ਗੱਲ ਉੱਤੇ ਰੌਸ਼ਨੀ ਪਾਉਂਦੀਆਂ ਹਨ।
“ਦਿਲ ਹੀ ਦਿਲ ਵਿਚ ਮੈਂ ਅਜੇ ਵੀ ਜਾਣਦੀ ਸੀ ਕਿ ਸੱਚਾਈ ਕਿੱਥੇ ਸੀ। ਸਾਲਾਂ ਤੋਂ ਬਾਈਬਲ ਦਾ ਅਧਿਐਨ ਕਰਨ ਅਤੇ ਮਸੀਹੀ ਸਭਾਵਾਂ ਵਿਚ ਜਾਣ ਕਰਕੇ ਮੇਰੇ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਸੀ। ਮੈਂ ਹੁਣ ਹੋਰ ਦੇਰ ਤਕ ਯਹੋਵਾਹ ਤੋਂ ਦੂਰ ਕਿਵੇਂ ਰਹਿ ਸਕਦੀ ਸੀ? ਉਸ ਨੇ ਮੈਨੂੰ ਨਹੀਂ ਛੱਡਿਆ ਸੀ; ਮੈਂ ਉਸ ਨੂੰ ਛੱਡਿਆ ਸੀ। ਅਖ਼ੀਰ ਵਿਚ, ਮੈਂ ਸਵੀਕਾਰ ਕੀਤਾ ਕਿ ਮੈਂ ਕਿੰਨੀ ਗ਼ਲਤ ਅਤੇ ਜ਼ਿੱਦੀ ਸੀ ਅਤੇ ਯਹੋਵਾਹ ਦਾ ਬਚਨ ਸਹੀ ਸੀ—‘ਤੁਸੀਂ ਉਹੀ ਵਢੋਗੇ ਜੋ ਤੁਸੀਂ ਬੀਜੋਗੇ।’”—ਸੀ. ਡਬਲਯੂ.
“ਜਦੋਂ ਮੇਰੀ ਧੀ ਨੇ ਬੋਲਣਾ ਸ਼ੁਰੂ ਕੀਤਾ, ਤਾਂ ਮੇਰੇ ਦਿਲ ਤੇ ਵੱਡਾ ਅਸਰ ਪਿਆ ਕਿਉਂਕਿ ਮੈਂ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਣਾ ਚਾਹੁੰਦੀ ਸੀ, ਜਿਵੇਂ ਕਿ ਯਹੋਵਾਹ ਕੌਣ ਹੈ ਅਤੇ ਉਸ ਨੂੰ ਪ੍ਰਾਰਥਨਾ ਕਿਵੇਂ ਕਰੀਦੀ ਹੈ। ਮੈਂ ਸੌਂ ਨਾ ਸਕੀ, ਅਤੇ ਇਕ ਵਾਰ ਅੱਧੀ ਰਾਤ ਨੂੰ ਮੈਂ ਇਕ ਪਾਰਕ ਵਿਚ ਜਾ ਕੇ ਬਹੁਤ ਰੋਈ। ਮੈਂ ਰੋਈ, ਅਤੇ ਬਹੁਤ ਲੰਮੇ ਸਮੇਂ ਬਾਅਦ ਯਹੋਵਾਹ ਨੂੰ ਪਹਿਲੀ ਵਾਰ ਪ੍ਰਾਰਥਨਾ ਕੀਤੀ। ਮੈਂ ਸਿਰਫ਼ ਇੰਨਾ ਜਾਣਦੀ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਦੁਬਾਰਾ ਲੋੜ ਸੀ, ਅਤੇ ਮੈਂ ਉਮੀਦ ਕੀਤੀ ਕਿ ਉਹ ਮੈਨੂੰ ਮਾਫ਼ ਕਰ ਦੇਵੇਗਾ।”—ਜੀ. ਐੱਚ.
“ਜਦੋਂ ਕਦੀ ਵੀ ਧਰਮ ਦਾ ਵਿਸ਼ਾ ਉੱਠਦਾ, ਤਾਂ ਮੈਂ ਲੋਕਾਂ ਨੂੰ ਕਹਿੰਦੀ ਕਿ ਜੇ ਮੈਨੂੰ ਅਜਿਹਾ ਧਰਮ ਚੁਣਨਾ ਪਵੇ ਜੋ ਸੱਚਾਈ ਸਿਖਾਉਂਦਾ ਹੈ, ਤਾਂ ਮੈਨੂੰ ਯਹੋਵਾਹ ਦੀ ਇਕ ਗਵਾਹ ਬਣਨਾ ਪਵੇਗਾ। ਫਿਰ ਮੈਂ ਕਹਿੰਦੀ ਕਿ ਮੈਂ ਯਹੋਵਾਹ ਦੀ ਗਵਾਹ ਹੁੰਦੀ ਸੀ, ਪਰ ਮੈਂ ਉਨ੍ਹਾਂ ਦੇ ਅਸੂਲਾਂ ਅਨੁਸਾਰ ਜੀ ਨਾ ਸਕੀ, ਇਸ ਲਈ ਮੈਂ ਉਨ੍ਹਾਂ ਨਾਲੋਂ ਆਪਣਾ ਸੰਬੰਧ ਤੋੜ ਲਿਆ। ਇਸ ਦਾ ਅਹਿਸਾਸ ਕਰਦੇ ਹੋਏ, ਮੈਂ ਅਕਸਰ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਅਤੇ ਦੁਖੀ ਹੁੰਦੀ ਸੀ। ਅਖ਼ੀਰ ਮੈਂ ਸਵੀਕਾਰ ਕੀਤਾ, ‘ਮੈਂ ਬਹੁਤ ਦੁਖੀ ਹਾਂ। ਮੈਨੂੰ ਕੁਝ ਵੱਡੀਆਂ ਤਬਦੀਲੀਆਂ ਲਿਆਉਣ ਦੀ ਲੋੜ ਹੈ।’”—ਸੀ. ਐੱਨ.
“ਪੈਂਤੀ ਸਾਲ ਪਹਿਲਾਂ, ਮੈਨੂੰ ਅਤੇ ਮੇਰੇ ਪਤੀ ਨੂੰ ਛੇਕਿਆ ਗਿਆ ਸੀ। ਫਿਰ, 1991 ਵਿਚ, ਸਾਨੂੰ ਬਹੁਤ ਖ਼ੁਸ਼ੀ ਅਤੇ ਹੈਰਾਨੀ ਹੋਈ ਜਦੋਂ ਦੋ ਬਜ਼ੁਰਗ ਸਾਨੂੰ ਇਹ ਦੱਸਣ ਲਈ ਆਏ ਕਿ ਅਸੀਂ ਯਹੋਵਾਹ ਵੱਲ ਮੁੜ ਸਕਦੇ ਹਾਂ। ਛਿਆਂ ਮਹੀਨਿਆਂ ਬਾਅਦ, ਸਾਡੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਜਦੋਂ ਅਸੀਂ ਕਲੀਸਿਯਾ ਵਿਚ ਬਹਾਲ ਕੀਤੇ ਗਏ। ਮੈਂ 63 ਸਾਲਾਂ ਦੀ ਹਾਂ ਅਤੇ ਮੇਰੇ ਪਤੀ 79 ਸਾਲਾਂ ਦੇ ਹਨ।”—ਸੀ. ਏ.