ਪਾਠਕਾਂ ਦੇ ਸਵਾਲ
ਕੀ ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਹੈ?
ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਦਾ ਰਾਜ ਸਾਡੇ ਦਿਲਾਂ ਵਿਚ ਹੈ। ਮਿਸਾਲ ਲਈ, ਦ ਕੈਥੋਲਿਕ ਐਨਸਾਈਕਲੋਪੀਡੀਆ ਦਾ ਕਹਿਣਾ ਹੈ ਕਿ “ਪਰਮੇਸ਼ੁਰ ਦੇ ਰਾਜ ਦਾ ਮਤਲਬ ਹੈ ਕਿ ਉਸ ਦਾ ਸਾਡੇ ਦਿਲਾਂ ਤੇ ਰਾਜ ਚੱਲਦਾ ਹੈ।” ਪਾਦਰੀ ਆਮ ਤੌਰ ਤੇ ਇਹੀ ਸਿੱਖਿਆ ਦਿੰਦੇ ਹਨ। ਕੀ ਬਾਈਬਲ ਵੀ ਇਹੀ ਸਿਖਾਉਂਦੀ ਹੈ ਕਿ ਪਰਮੇਸ਼ੁਰ ਦਾ ਰਾਜ ਸਾਡੇ ਦਿਲਾਂ ਵਿਚ ਹੈ?
ਕਈ ਲੋਕ ਸੋਚਦੇ ਹਨ ਕਿ ਯਿਸੂ ਨੇ ਹੀ ਇਹ ਸਿੱਖਿਆ ਦਿੱਤੀ ਸੀ ਜਦੋਂ ਉਸ ਨੇ ਕਿਹਾ, “ਵੇਖੋ ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ।” (ਲੂਕਾ 17:21) ਕੁਝ ਤਰਜਮੇ ਕਹਿੰਦੇ ਹਨ ਕਿ “ਪਰਮੇਸ਼ੁਰ ਦਾ ਰਾਜ ਤੁਹਾਡੇ ਅੰਦਰ ਵੱਸਦਾ ਹੈ” ਜਾਂ “ਤੁਹਾਡੇ ਅੰਦਰ ਹੀ ਹੈ।” ਕੀ ਯਿਸੂ ਦੇ ਸ਼ਬਦਾਂ ਦਾ ਇਹ ਸਹੀ ਤਰਜਮਾ ਹੈ? ਕੀ ਉਸ ਦੇ ਸ਼ਬਦਾਂ ਦਾ ਸੱਚ-ਮੁੱਚ ਇਹੀ ਮਤਲਬ ਸੀ ਕਿ ਪਰਮੇਸ਼ੁਰ ਦਾ ਰਾਜ ਸਾਡੇ ਦਿਲਾਂ ਵਿਚ ਹੈ?
ਆਓ ਆਪਾਂ ਪਹਿਲਾਂ ਧਿਆਨ ਦੇਈਏ ਕੀ ਬਾਈਬਲ ਵਿਚ ਵਰਤੇ ਗਏ “ਦਿਲ” ਲਫ਼ਜ਼ ਦਾ ਕੀ ਮਤਲਬ ਹੈ। ਬਾਈਬਲ ਅਨੁਸਾਰ ਦਿਲ ਸਾਡੀਆਂ ਭਾਵਨਾਵਾਂ, ਖ਼ਿਆਲਾਂ ਤੇ ਰਵੱਈਏ ਨੂੰ ਦਰਸਾਉਂਦਾ ਹੈ। ਸਾਨੂੰ ਇਹ ਵਿਚਾਰ ਸ਼ਾਇਦ ਪਸੰਦ ਆਵੇ ਕਿ ਪਰਮੇਸ਼ੁਰ ਦੇ ਰਾਜ ਵਰਗੀ ਮਹਾਨ ਚੀਜ਼ ਸਾਡੇ ਦਿਲਾਂ ਵਿਚ ਸਮਾ ਸਕਦੀ ਹੈ। ਅਸੀਂ ਸ਼ਾਇਦ ਸੋਚੀਏ ਕਿ ਇਹ ਰਾਜ ਸਾਡੇ ਦਿਲਾਂ ਵਿਚ ਸਮਾ ਕੇ ਸਾਨੂੰ ਬਿਹਤਰ ਇਨਸਾਨ ਬਣਾ ਸਕਦਾ ਹੈ। ਪਰ ਕੀ ਇਹ ਸਿੱਖਿਆ ਸਹੀ ਹੈ?
ਬਾਈਬਲ ਕਹਿੰਦੀ ਹੈ ਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਯਿਸੂ ਨੇ ਖ਼ੁਦ ਕਿਹਾ ਸੀ ਕਿ ‘ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖ਼ਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜ਼ਨਾਕਾਰੀਆਂ, ਲੋਭ, ਤੇ ਬਦੀਆਂ ਨਿੱਕਲਦੀਆਂ ਹਨ।’ (ਮਰਕੁਸ 7:20-22) ਜ਼ਰਾ ਸੋਚੋ: ਕੀ ਅੱਜ ਸੰਸਾਰ ਵਿਚ ਦੇਖੀਆਂ ਜਾਂਦੀਆਂ ਬਿਪਤਾਵਾਂ ਪਾਪੀ ਦਿਲਾਂ ਦਾ ਅੰਜਾਮ ਨਹੀਂ ਹਨ? ਸੋ ਪਰਮੇਸ਼ੁਰ ਦਾ ਪਵਿੱਤਰ ਰਾਜ ਇਸ ਤਰ੍ਹਾਂ ਦੀ ਅਸ਼ੁੱਧ ਥਾਂ ਵਿਚ ਕਿਵੇਂ ਹੋ ਸਕਦਾ ਹੈ? ਜਿਵੇਂ ਕੰਡਿਆਲੀ ਝਾੜੀ ਤੋਂ ਹੰਜੀਰ ਪੈਦਾ ਨਹੀਂ ਹੁੰਦੇ, ਉਸੇ ਤਰ੍ਹਾਂ ਪਰਮੇਸ਼ੁਰ ਦਾ ਰਾਜ ਇਨਸਾਨਾਂ ਦੇ ਦਿਲਾਂ ਵਿਚ ਨਹੀਂ ਹੋ ਸਕਦਾ।—ਮੱਤੀ 7:16.
ਸੋਚਣ ਵਾਲੀ ਇਕ ਹੋਰ ਗੱਲ ਇਹ ਹੈ ਕਿ ਲੂਕਾ 17:21 ਵਿਚ ਯਿਸੂ ਦੇ ਸ਼ਬਦ ਕਿਨ੍ਹਾਂ ਲੋਕਾਂ ਨੂੰ ਕਹੇ ਗਏ ਸਨ। 20ਵੀਂ ਆਇਤ ਦੱਸਦੀ ਹੈ ਕਿ ਯਿਸੂ ਅਸਲ ਵਿਚ “ਫ਼ਰੀਸੀਆਂ” ਦੇ ਸਵਾਲ ਦਾ ਜਵਾਬ ਦੇ ਰਿਹਾ ਸੀ ਜਿਨ੍ਹਾਂ ਨੇ “ਉਹ ਨੂੰ ਪੁੱਛਿਆ ਭਈ ਪਰਮੇਸ਼ੁਰ ਦਾ ਰਾਜ ਕਦਕੁ ਆਊਗਾ?” ਫ਼ਰੀਸੀ ਯਿਸੂ ਦੇ ਦੁਸ਼ਮਣ ਸਨ। ਯਿਸੂ ਨੇ ਕਿਹਾ ਸੀ ਕਿ ਕਪਟੀ ਲੋਕ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਵੜਨਗੇ। (ਮੱਤੀ 23:13, 14) ਪਰ ਜੇ ਫ਼ਰੀਸੀਆਂ ਨੇ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਜਾਣਾ ਸੀ, ਤਾਂ ਕੀ ਰਾਜ ਉਨ੍ਹਾਂ ਦੇ ਦਿਲਾਂ ਵਿਚ ਹੋ ਸਕਦਾ ਸੀ? ਕਦੇ ਵੀ ਨਹੀਂ! ਫਿਰ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?
ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਤਰਜਮਾ ਕਰਦਿਆਂ, ਕਈ ਵਧੀਆ ਅਨੁਵਾਦ ਪੰਜਾਬੀ ਦੀ ਬਾਈਬਲ ਵਾਂਗ ਸਹੀ ਸ਼ਬਦ ਵਰਤਦੇ ਹਨ। ਕਈ ਅਨੁਵਾਦ ਕਹਿੰਦੇ ਹਨ ਕਿ ਰਾਜ ਤੁਹਾਡੇ “ਵਿਚਕਾਰ ਹੈ।” ਉਸ ਸਮੇਂ ਪਰਮੇਸ਼ੁਰ ਦਾ ਰਾਜ ਲੋਕਾਂ ਦੇ ਵਿਚਕਾਰ ਕਿੱਦਾਂ ਸੀ ਜਿਨ੍ਹਾਂ ਵਿਚ ਫ਼ਰੀਸੀ ਵੀ ਸ਼ਾਮਲ ਸਨ? ਯਹੋਵਾਹ ਪਰਮੇਸ਼ੁਰ ਨੇ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਨਿਯੁਕਤ ਕੀਤਾ ਸੀ। ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਲੋਕਾਂ ਦੇ ਵਿਚਕਾਰ ਹਾਜ਼ਰ ਸੀ। ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦਿੱਤੀ ਤੇ ਚਮਤਕਾਰ ਕਰ ਕੇ ਲੋਕਾਂ ਨੂੰ ਦਿਖਾਇਆ ਕਿ ਇਹ ਰਾਜ ਇਨਸਾਨਾਂ ਲਈ ਕੀ-ਕੀ ਕਰੇਗਾ। ਪਰਮੇਸ਼ੁਰ ਦੇ ਰਾਜ ਦਾ ਪ੍ਰਤਿਨਿਧ ਯਿਸੂ ਉਨ੍ਹਾਂ ਦੇ ਵਿਚਕਾਰ ਖੜ੍ਹਾ ਸੀ।
ਇਸ ਤੋਂ ਸਾਨੂੰ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਬਾਈਬਲ ਇਸ ਵਿਚਾਰ ਦੀ ਪੁਸ਼ਟੀ ਨਹੀਂ ਕਰਦੀ ਹੈ ਕਿ ਪਰਮੇਸ਼ੁਰ ਦਾ ਰਾਜ ਸਾਡੇ ਦਿਲਾਂ ਵਿਚ ਹੈ। ਇਸ ਦੀ ਬਜਾਇ, ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ ਜੋ ਧਰਤੀ ਦੇ ਹਾਲਾਤਾਂ ਨੂੰ ਸੁਧਾਰੇਗੀ। ਇਸ ਬਾਰੇ ਨਬੀਆਂ ਨੇ ਪਹਿਲਾਂ ਹੀ ਦੱਸਿਆ ਸੀ।—ਯਸਾਯਾਹ 9:6, 7; ਦਾਨੀਏਲ 2:44. (w08 1/1)