ਭੁਚਾਲ, ਬਾਈਬਲ ਦੀ ਭਵਿੱਖਬਾਣੀ ਅਤੇ ਤੁਸੀਂ
ਆਪਣੀ ਮੌਤ ਤੋਂ ਪਹਿਲਾਂ, ਯਿਸੂ ਨੇ ਅਜਿਹੀਆਂ ਘਟਨਾਵਾਂ ਤੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਸੀ ਜਿਹੜੇ ਇਸ ਗੱਲ ਦਾ ਸਬੂਤ ਦੇਣਗੇ ਕਿ ਇਸ “ਜੁਗ ਦੇ ਅੰਤ” ਦੇ ਦਿਨ ਸ਼ੁਰੂ ਹੋ ਗਏ ਹਨ। ਉਸ ਨੇ ਕਿਹਾ ਸੀ ਕਿ ਉਸ ਸਮੇਂ ਮਹਾਂਮਾਰੀਆਂ, ਕਾਲ ਅਤੇ ਦੁਨੀਆਂ ਭਰ ਵਿਚ ਲੜਾਈਆਂ ਹੋਣਗੀਆਂ। ਉਸ ਨੇ ਇਹ ਵੀ ਕਿਹਾ ਸੀ ਕਿ ‘ਥਾਂ ਥਾਂ ਭੁਚਾਲ ਆਉਣਗੇ।’ (ਮੱਤੀ 24:3, 7; ਲੂਕਾ 21:10, 11) ਕੀ ਯਿਸੂ ਸਾਡੇ ਦਿਨਾਂ ਦੀ ਗੱਲ ਕਰ ਰਿਹਾ ਸੀ?
ਕਈ ਕਹਿੰਦੇ ਹਨ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਹਾਕਿਆਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਭੁਚਾਲ ਨਹੀਂ ਆਏ। ਯੂ. ਐੱਸ. ਕੌਮੀ ਭੁਚਾਲ ਸੂਚਨਾ ਕੇਂਦਰ ਅਨੁਸਾਰ, ਪੂਰੀ 20ਵੀਂ ਸਦੀ ਦੌਰਾਨ 7.0 ਜਾਂ ਇਸ ਤੋਂ ਵੱਧ ਰਫ਼ਤਾਰ ਵਾਲੇ ਭੁਚਾਲਾਂ ਦੀ ਗਿਣਤੀ ਵਿਚ “ਲਗਭਗ ਕੋਈ ਬਦਲਾਅ ਨਹੀਂ ਆਇਆ।”a
ਪਰ ਇਸ ਗੱਲ ਵੱਲ ਧਿਆਨ ਦਿਓ ਕਿ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਹੋਣ ਲਈ ਇਹ ਜ਼ਰੂਰੀ ਨਹੀਂ ਹੈ ਕਿ ਭੁਚਾਲਾਂ ਦੀ ਗਿਣਤੀ ਜਾਂ ਤੀਬਰਤਾ ਵਿਚ ਵਾਧਾ ਹੋਵੇ। ਯਿਸੂ ਨੇ ਸਿਰਫ਼ ਇਹੋ ਕਿਹਾ ਸੀ ਕਿ ਥਾਂ ਥਾਂ ਤੇ ਜ਼ਬਰਦਸਤ ਭੁਚਾਲ ਆਉਣਗੇ। ਉਸ ਨੇ ਅੱਗੇ ਇਹ ਵੀ ਕਿਹਾ ਸੀ ਕਿ ਇਹ ਘਟਨਾਵਾਂ “ਪੀੜਾਂ ਦਾ ਅਰੰਭ” ਹੋਣਗੀਆਂ। (ਮੱਤੀ 24:8) ਪੀੜਾ ਇਸ ਗੱਲ ਤੋਂ ਨਹੀਂ ਨਾਪੀ ਜਾਂਦੀ ਕਿ ਕਿੰਨੇ ਭੁਚਾਲ ਆਉਂਦੇ ਹਨ ਜਾਂ ਰਿਕਟਰ ਪੈਮਾਨੇ ਅਨੁਸਾਰ ਉਨ੍ਹਾਂ ਦੀ ਕਿੰਨੀ ਤੀਬਰਤਾ ਹੈ, ਪਰ ਇਹ ਲੋਕਾਂ ਉੱਤੇ ਪੈਣ ਵਾਲੇ ਅਸਰ ਤੋਂ ਨਾਪੀ ਜਾਂਦੀ ਹੈ।
ਸਾਡੇ ਦਿਨਾਂ ਵਿਚ ਭੁਚਾਲਾਂ ਨੇ ਸੱਚ-ਮੁੱਚ ਲੋਕਾਂ ਨੂੰ ਪੀੜਿਤ ਕੀਤਾ ਹੈ। ਸਿਰਫ਼ 20ਵੀਂ ਸਦੀ ਵਿਚ ਹੀ ਇਨ੍ਹਾਂ ਆਫ਼ਤਾਂ ਕਰਕੇ ਲੱਖਾਂ ਲੋਕ ਮਾਰੇ ਗਏ ਜਾਂ ਘਰੋਂ ਬੇਘਰ ਹੋ ਗਏ ਸਨ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਬੀ. ਬੀ. ਸੀ. ਨਿਊਜ਼ ਦੀ ਰਿਪੋਰਟ ਅਨੁਸਾਰ, “ਵਿਕਾਸਸ਼ੀਲ ਦੇਸ਼ਾਂ ਦੇ ਸ਼ਹਿਰਾਂ ਵਿਚ ਤੇਜ਼ੀ ਨਾਲ ਵਧਦੀ ਆਬਾਦੀ ਕਰਕੇ ਲੋਕੀ ਛੇਤੀ-ਛੇਤੀ ਸਸਤੇ ਮਕਾਨ ਬਣਾਉਣ ਦੀ ਧੁਨ ਵਿਚ ਅਕਸਰ ਉਸਾਰੀ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।” ਸ਼ਹਿਰੀ ਦੁਰਘਟਨਾਵਾਂ ਦੇ ਮਾਹਰ ਬੈੱਨ ਵਿਸਨਰ ਨੇ ਹਾਲ ਹੀ ਵਿਚ ਆਏ ਦੋ ਭੁਚਾਲਾਂ ਉੱਤੇ ਟਿੱਪਣੀ ਦਿੰਦੇ ਹੋਏ ਕਿਹਾ: “ਇਹ ਲੋਕ ਭੁਚਾਲ ਨਾਲ ਨਹੀਂ ਮਰੇ। ਉਹ ਤਾਂ ਇਨਸਾਨਾਂ ਦੀਆਂ ਗ਼ਲਤੀਆਂ, ਲਾਪਰਵਾਹੀ ਅਤੇ ਲਾਲਚ ਕਰਕੇ ਮਰੇ ਹਨ।”
ਜੀ ਹਾਂ, ਕਈ ਵਾਰ ਭੁਚਾਲ ਵਿਚ ਸਭ ਤੋਂ ਮਾਰੂ ਚੀਜ਼ ਇਨਸਾਨਾਂ ਦਾ ਸੁਆਰਥ ਅਤੇ ਲਾਪਰਵਾਹੀ ਹੁੰਦੀ ਹੈ। ਦਿਲਚਸਪੀ ਦੀ ਗੱਲ ਹੈ ਕਿ ਅਜਿਹੇ ਔਗੁਣਾਂ ਦਾ ਜ਼ਿਕਰ ਇਸ ਜੁਗ ਦੇ “ਅੰਤ ਦਿਆਂ ਦਿਨਾਂ” ਸੰਬੰਧੀ ਇਕ ਹੋਰ ਬਾਈਬਲ ਭਵਿੱਖਬਾਣੀ ਵਿਚ ਕੀਤਾ ਗਿਆ ਹੈ। ਬਾਈਬਲ ਕਹਿੰਦੀ ਹੈ ਕਿ ਉਸ ਸਮੇਂ ਲੋਕ “ਆਪ ਸੁਆਰਥੀ, ਮਾਇਆ ਦੇ ਲੋਭੀ” ਅਤੇ “ਨਿਰਮੋਹ” ਹੋਣਗੇ। (2 ਤਿਮੋਥਿਉਸ 3:1-5) ਇਹ ਭਵਿੱਖਬਾਣੀ ਅਤੇ ਜੁਗ ਦੇ ਅੰਤ ਬਾਰੇ ਯਿਸੂ ਦੀ ਭਵਿੱਖਬਾਣੀ ਦੋਵੇਂ ਮਿਲ ਕੇ ਸਾਫ਼-ਸਾਫ਼ ਦਿਖਾਉਂਦੀਆਂ ਹਨ ਕਿ ਉਹ ਸਮਾਂ ਨੇੜੇ ਹੈ ਜਦੋਂ ਪਰਮੇਸ਼ੁਰ ਦੁਖੀ ਮਨੁੱਖਜਾਤੀ ਨੂੰ ਅੱਜ ਦੇ ਸਾਰੇ ਦੁੱਖਾਂ-ਤਕਲੀਫ਼ਾਂ, ਨਾਲੇ ਭਿਆਨਕ ਭੁਚਾਲਾਂ ਤੋਂ ਵੀ ਛੁਟਕਾਰਾ ਦਿਵਾਏਗਾ।—ਜ਼ਬੂਰ 37:11.
ਕੀ ਤੁਸੀਂ ਬਾਈਬਲ ਦੀ ਇਸ ਉਮੀਦ ਬਾਰੇ ਹੋਰ ਜਾਣਨਾ ਚਾਹੋਗੇ? ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ ਸਫ਼ਾ 5 ਉੱਤੇ ਦਿੱਤੇ ਨਜ਼ਦੀਕੀ ਪਤੇ ਤੇ ਲਿਖੋ।
[ਫੁਟਨੋਟ]
a ਕਈ ਕਹਿੰਦੇ ਹਨ ਕਿ ਜੇ ਭੁਚਾਲਾਂ ਦੀ ਗਿਣਤੀ ਵਿਚ ਕੋਈ ਵਾਧਾ ਨਜ਼ਰ ਆਉਂਦਾ ਵੀ ਹੈ, ਤਾਂ ਇਹ ਇਸ ਕਰਕੇ ਹੈ ਕਿ ਹੁਣ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਭੁਚਾਲ ਦੇ ਝਟਕਿਆਂ ਦਾ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ।