“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”
“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।”—ਸਫ਼ਨਯਾਹ 1:14.
1, 2. (ੳ) ਯਹੋਵਾਹ ਦੇ ਭਗਤ ਕਿਸ ਖ਼ਾਸ ਦਿਨ ਦੀ ਉਡੀਕ ਵਿਚ ਹਨ? (ਅ) ਸਾਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਕਿਉਂ?
ਇਕ ਕੁੜੀ ਖ਼ੁਸ਼ੀ-ਖ਼ੁਸ਼ੀ ਆਪਣੇ ਵਿਆਹ ਦੇ ਦਿਨ ਦੀ ਉਡੀਕ ਕਰਦੀ ਹੈ। ਇਕ ਔਰਤ ਬੜੇ ਚਾਹ ਨਾਲ ਆਪਣੇ ਬੱਚੇ ਦੇ ਜਨਮ ਦੀ ਉਡੀਕ ਕਰਦੀ ਹੈ। ਇਕ ਥੱਕਾ-ਟੁੱਟਾ ਕਰਮਚਾਰੀ ਛੁੱਟੀਆਂ ਸ਼ੁਰੂ ਹੋਣ ਦੀ ਤਾਂਘ ਵਿਚ ਹੈ। ਇਨ੍ਹਾਂ ਸਾਰਿਆਂ ਵਿਚ ਕਿਹੜੀ ਇਕ ਸਮਾਨ ਗੱਲ ਦੇਖੀ ਜਾ ਸਕਦੀ ਹੈ? ਉਹ ਸਾਰੇ ਕਿਸੇ ਖ਼ਾਸ ਦਿਨ ਦੀ ਉਡੀਕ ਵਿਚ ਹਨ ਜਿਸ ਦਾ ਉਨ੍ਹਾਂ ਦੀ ਜ਼ਿੰਦਗੀ ਉੱਤੇ ਵੱਡਾ ਅਸਰ ਪਵੇਗਾ। ਉਹ ਵੱਖ-ਵੱਖ ਕਾਰਨਾਂ ਕਰਕੇ ਖ਼ੁਸ਼ ਹਨ। ਜਿਸ ਦਿਨ ਦੀ ਉਨ੍ਹਾਂ ਨੂੰ ਉਡੀਕ ਹੈ, ਉਹ ਦਿਨ ਤਾਂ ਆਉਣਾ ਹੀ ਹੈ ਅਤੇ ਉਹ ਉਸ ਦਿਨ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੁੰਦੇ ਹਨ।
2 ਯਹੋਵਾਹ ਦੇ ਭਗਤ ਵੀ ਇਕ ਖ਼ਾਸ ਦਿਨ ਦੀ ਉਡੀਕ ਕਰ ਰਹੇ ਹਨ। ਇਹ ਮਹਾਨ ਦਿਨ “ਯਹੋਵਾਹ ਦਾ ਦਿਨ” ਹੈ। (ਯਸਾਯਾਹ 13:9; ਯੋਏਲ 2:1; 2 ਪਤਰਸ 3:12) ਇਹ ਆਉਣ ਵਾਲਾ “ਯਹੋਵਾਹ ਦਾ ਦਿਨ” ਕੀ ਹੈ ਅਤੇ ਮਨੁੱਖਜਾਤੀ ਉੱਤੇ ਇਸ ਦਾ ਕੀ ਅਸਰ ਪਵੇਗਾ? ਇਸ ਤੋਂ ਇਲਾਵਾ ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਅਸੀਂ ਇਸ ਦਿਨ ਲਈ ਤਿਆਰ ਹਾਂ? ਇਹ ਜ਼ਰੂਰੀ ਹੈ ਕਿ ਅਸੀਂ ਹੁਣੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੀਏ ਕਿਉਂਕਿ ਸਾਰੇ ਸਬੂਤ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।”—ਸਫ਼ਨਯਾਹ 1:14.
“ਯਹੋਵਾਹ ਦਾ ਮਹਾਨ ਦਿਨ”
3. “ਯਹੋਵਾਹ ਦਾ ਮਹਾਨ ਦਿਨ” ਕੀ ਹੈ?
3 “ਯਹੋਵਾਹ ਦਾ ਮਹਾਨ ਦਿਨ” ਹੈ ਕੀ? ਬਾਈਬਲ ਵਿਚ ਉਨ੍ਹਾਂ ਸਮਿਆਂ ਨੂੰ “ਯਹੋਵਾਹ ਦਾ ਦਿਨ” ਕਿਹਾ ਗਿਆ ਹੈ ਜਦ ਯਹੋਵਾਹ ਨੇ ਆਪਣੇ ਵੈਰੀਆਂ ਨੂੰ ਸਜ਼ਾ ਦਿੱਤੀ ਅਤੇ ਉਸ ਦਾ ਮਹਾਨ ਨਾਂ ਰੌਸ਼ਨ ਕੀਤਾ ਗਿਆ। ਯਹੂਦਾਹ ਤੇ ਯਰੂਸ਼ਲਮ ਦੇ ਬੇਵਫ਼ਾ ਲੋਕਾਂ ਉੱਤੇ ਨਾਲੇ ਬਾਬਲ ਤੇ ਮਿਸਰ ਦੇ ਨਿਰਦਈ ਵਾਸੀਆਂ ਉੱਤੇ “ਯਹੋਵਾਹ ਦਾ ਦਿਨ” ਆਇਆ ਸੀ ਜਦ ਉਸ ਨੇ ਉਨ੍ਹਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ। (ਯਸਾਯਾਹ 2:1, 10-12; 13:1-6; ਯਿਰਮਿਯਾਹ 46:7-10) ਪਰ ਯਹੋਵਾਹ ਦਾ ਸਭ ਤੋਂ ਮਹਾਨ ਦਿਨ ਅਜੇ ਆਉਣ ਵਾਲਾ ਹੈ। ਉਸ “ਦਿਨ” ਯਹੋਵਾਹ ਉਨ੍ਹਾਂ ਸਾਰਿਆਂ ਨੂੰ ਸਜ਼ਾ ਦੇਵੇਗਾ ਜਿਨ੍ਹਾਂ ਨੇ ਉਸ ਦੇ ਨਾਂ ਨੂੰ ਬਦਨਾਮ ਕੀਤਾ। ਉਹ ਦਿਨ ਸਾਰੇ ਝੂਠੇ ਧਰਮਾਂ ਦੀ ਬਣੀ ‘ਵੱਡੀ ਬਾਬੁਲ’ ਦੇ ਅੰਤ ਨਾਲ ਸ਼ੁਰੂ ਹੋਵੇਗਾ ਅਤੇ ਆਰਮਾਗੇਡਨ ਦੀ ਜੰਗ ਨਾਲ ਖ਼ਤਮ ਹੋਵੇਗਾ ਜਦੋਂ ਇਸ ਦੁਸ਼ਟ ਦੁਨੀਆਂ ਦੇ ਬਾਕੀ ਰਹਿੰਦੇ ਹਿੱਸੇ ਨੂੰ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ।—ਪਰਕਾਸ਼ ਦੀ ਪੋਥੀ 16:14, 16; 17:5, 15-17; 19:11-21.
4. ਜ਼ਿਆਦਾਤਰ ਇਨਸਾਨਾਂ ਨੂੰ ਯਹੋਵਾਹ ਦੇ ਆ ਰਹੇ ਮਹਾਨ ਦਿਨ ਤੋਂ ਕਿਉਂ ਡਰਨਾ ਚਾਹੀਦਾ ਹੈ?
4 ਭਾਵੇਂ ਉਹ ਜਾਣਦੇ ਹੋਣ ਜਾਂ ਨਾ, ਪਰ ਜ਼ਿਆਦਾਤਰ ਇਨਸਾਨਾਂ ਨੂੰ ਇਸ ਆ ਰਹੇ ਦਿਨ ਤੋਂ ਡਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਯਹੋਵਾਹ ਨੇ ਆਪਣੇ ਨਬੀ ਸਫ਼ਨਯਾਹ ਰਾਹੀਂ ਕਿਹਾ ਸੀ: “ਉਹ ਦਿਨ ਕਹਿਰ ਦਾ ਦਿਨ ਹੈ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ!” ਵਾਕਈ ਇਹ ਦਿਨ ਡਰਾਉਣਾ ਹੋਵੇਗਾ! ਯਹੋਵਾਹ ਨੇ ਅੱਗੇ ਕਿਹਾ: “ਮੈਂ ਆਦਮੀਆਂ ਉੱਤੇ ਖੇਚਲ ਲਿਆਵਾਂਗਾ, . . . ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦਾ ਪਾਪ ਕੀਤਾ।”—ਸਫ਼ਨਯਾਹ 1:15, 17.
5. ਲੱਖਾਂ ਲੋਕ ਯਹੋਵਾਹ ਦੇ ਦਿਨ ਦਾ ਬੇਚੈਨੀ ਨਾਲ ਇੰਤਜ਼ਾਰ ਕਿਉਂ ਕਰ ਰਹੇ ਹਨ?
5 ਫਿਰ ਵੀ, ਲੱਖਾਂ ਅਜਿਹੇ ਲੋਕ ਹਨ ਜੋ ਬੜੀ ਬੇਚੈਨੀ ਨਾਲ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ। ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਪਰਮੇਸ਼ੁਰ ਦੇ ਸੇਵਕਾਂ ਲਈ ਇਹ ਮੁਕਤੀ ਅਤੇ ਛੁਟਕਾਰੇ ਦਾ ਦਿਨ ਹੋਵੇਗਾ, ਅਜਿਹਾ ਦਿਨ ਜਦ ਯਹੋਵਾਹ ਦੀ ਵਡਿਆਈ ਹੋਵੇਗੀ ਅਤੇ ਉਸ ਦਾ ਸ਼ਾਨਦਾਰ ਨਾਂ ਪਵਿੱਤਰ ਠਹਿਰਾਇਆ ਜਾਵੇਗਾ। (ਯੋਏਲ 3:16, 17; ਸਫ਼ਨਯਾਹ 3:12-17) ਇਹ ਕਿਸ ਗੱਲ ਤੇ ਨਿਰਭਰ ਕਰਦਾ ਹੈ ਕਿ ਕੋਈ ਇਸ ਦਿਨ ਤੋਂ ਡਰਦਾ ਹੈ ਜਾਂ ਬੇਚੈਨੀ ਨਾਲ ਇਸ ਦੀ ਉਡੀਕ ਕਰਦਾ ਹੈ? ਇਸ ਗੱਲ ਤੇ ਕਿ ਲੋਕ ਇਸ ਵਕਤ ਆਪਣੀ ਜ਼ਿੰਦਗੀ ਵਿਚ ਕੀ ਕਰ ਰਹੇ ਹਨ। ਯਹੋਵਾਹ ਦੇ ਦਿਨ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਕੀ ਤੁਸੀਂ ਉਸ ਦਿਨ ਲਈ ਤਿਆਰ ਹੋ? ਕੀ ਤੁਹਾਡੀ ਰੋਜ਼ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੇ ਆ ਰਹੇ ਦਿਨ ਨੂੰ ਮਨ ਵਿਚ ਰੱਖ ਕੇ ਜੀ ਰਹੇ ਹੋ?
“ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ”
6. ਜ਼ਿਆਦਾਤਰ ਲੋਕ ‘ਯਹੋਵਾਹ ਦੇ ਦਿਨ’ ਨੂੰ ਕਿਵੇਂ ਵਿਚਾਰਦੇ ਹਨ ਅਤੇ ਯਹੋਵਾਹ ਦੇ ਭਗਤ ਇਸ ਗੱਲ ਤੋਂ ਹੈਰਾਨ ਕਿਉਂ ਨਹੀਂ ਹੁੰਦੇ?
6 ਭਾਵੇਂ “ਯਹੋਵਾਹ ਦਾ ਦਿਨ” ਬਹੁਤ ਨੇੜੇ ਹੈ, ਪਰ ਆਮ ਤੌਰ ਤੇ ਧਰਤੀ ਦੇ ਵਾਸੀਆਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਉਹ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ ਜੋ ਇਸ ਦਿਨ ਦੇ ਆਉਣ ਬਾਰੇ ਚੇਤਾਵਨੀ ਦਿੰਦੇ ਹਨ। ਯਹੋਵਾਹ ਦੇ ਭਗਤ ਇਸ ਗੱਲ ਤੋਂ ਹੈਰਾਨ ਨਹੀਂ ਹੁੰਦੇ। ਉਹ ਪਤਰਸ ਰਸੂਲ ਦੀ ਗੱਲ ਯਾਦ ਕਰਦੇ ਹਨ: “ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।”—2 ਪਤਰਸ 3:3, 4.
7. ਯਹੋਵਾਹ ਦੇ ਦਿਨ ਦੀ ਨੇੜਤਾ ਨੂੰ ਧਿਆਨ ਵਿਚ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
7 ਇਹੋ ਜਿਹੀ ਗ਼ਲਤ ਸੋਚ ਤੋਂ ਦੂਰ ਰਹਿਣ ਅਤੇ ਯਹੋਵਾਹ ਦੇ ਦਿਨ ਦੀ ਨੇੜਤਾ ਨੂੰ ਧਿਆਨ ਵਿਚ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਪਤਰਸ ਰਸੂਲ ਨੇ ਕਿਹਾ: “ਮੈਂ ਤੁਹਾਨੂੰ ਉਹ ਗੱਲਾਂ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਤੁਹਾਨੂੰ ਠੀਕ ਠੀਕ ਸੋਚਣ ਦੇ ਲਈ ਪਰੇਰਨਾ ਦੇਵਾਂ। ਤੁਸੀਂ ਪਵਿੱਤਰ ਨਬੀਆਂ ਦੁਆਰਾ ਗੁਜ਼ਰੇ ਸਮੇਂ ਵਿਚ ਬੋਲੇ ਗਏ ਸ਼ਬਦਾਂ ਅਤੇ, ਪ੍ਰਭੂ ਮੁਕਤੀਦਾਤਾ ਦੇ ਤੁਹਾਡੇ ਆਪਣੇ ਰਸੂਲਾਂ ਦੁਆਰਾ ਦਿੱਤੇ ਗਏ ਹੁਕਮਾਂ ਨੂੰ ਯਾਦ ਰੱਖੋ।” (2 ਪਤਰਸ 3:1, 2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਦੀਆਂ ਭਵਿੱਖਬਾਣੀਆਂ ਵੱਲ ਧਿਆਨ ਦੇਣ ਨਾਲ ਸਾਨੂੰ “ਠੀਕ ਠੀਕ ਸੋਚਣ ਦੇ ਲਈ ਪਰੇਰਨਾ” ਮਿਲੇਗੀ। ਸ਼ਾਇਦ ਅਸੀਂ ਇਹ ਗੱਲਾਂ ਕਈ ਵਾਰ ਸੁਣ ਚੁੱਕੇ ਹਾਂ, ਪਰ ਹੁਣ ਪਹਿਲਾਂ ਨਾਲੋਂ ਕਿਤੇ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਈਏ।—ਯਸਾਯਾਹ 34:1-4; ਲੂਕਾ 21:34-36.
8. ਕਈ ਲੋਕ ਬਾਈਬਲ ਦੀਆਂ ਗੱਲਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ?
8 ਕਈ ਲੋਕ ਇਨ੍ਹਾਂ ਗੱਲਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ? ਪਤਰਸ ਨੇ ਅੱਗੇ ਕਿਹਾ: “ਓਹ ਜਾਣ ਬੁੱਝ ਕੇ ਇਹ ਨੂੰ ਭੁਲਾ ਛੱਡਦੇ ਹਨ ਭਈ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪਰਾਚੀਨਕਾਲ ਤੋਂ ਹਨ ਅਤੇ ਧਰਤੀ ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ ਇਸਥਿਰ ਹੈ ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।” (2 ਪਤਰਸ 3:5, 6) ਹਾਂ, ਉਹ ਜਾਣ-ਬੁੱਝ ਕੇ ਇਸ ਹਕੀਕਤ ਤੋਂ ਅੱਖਾਂ ਮੀਟ ਲੈਂਦੇ ਹਨ ਕਿ ਯਹੋਵਾਹ ਦਾ ਦਿਨ ਆਉਣ ਵਾਲਾ ਹੈ। ਉਹ ਆਪਣੀ ਮਰਜ਼ੀ ਨਾਲ ਜੀਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਉਹ ਯਹੋਵਾਹ ਨੂੰ ਆਪਣੇ ਕੰਮਾਂ ਦਾ ਲੇਖਾ ਦੇਣ, ਬਲਕਿ ਜਿਵੇਂ ਪਤਰਸ ਨੇ ਕਿਹਾ ਉਹ “ਆਪਣੀਆਂ ਕਾਮਨਾਂ ਦੇ ਅਨੁਸਾਰ” ਜੀਉਂਦੇ ਹਨ।
9. ਨੂਹ ਅਤੇ ਲੂਤ ਦੇ ਦਿਨਾਂ ਵਿਚ ਲੋਕਾਂ ਦਾ ਕੀ ਰਵੱਈਆ ਸੀ?
9 ਠੱਠਾ ਕਰਨ ਵਾਲੇ ਲੋਕ “ਜਾਣ ਬੁੱਝ ਕੇ” ਇਸ ਗੱਲ ਤੋਂ ਅਣਜਾਣ ਰਹਿਣਾ ਪਸੰਦ ਕਰਦੇ ਹਨ ਕਿ ਯਹੋਵਾਹ ਨੇ ਪੁਰਾਣੇ ਸਮਿਆਂ ਵਿਚ ਬੁਰਾਈ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ ਸਨ। ਯਿਸੂ ਮਸੀਹ ਅਤੇ ਪਤਰਸ ਰਸੂਲ ਨੇ “ਨੂਹ ਦੇ ਦਿਨਾਂ” ਅਤੇ “ਲੂਤ ਦੇ ਦਿਨਾਂ” ਦੀਆਂ ਮਿਸਾਲਾਂ ਦਿੱਤੀਆਂ ਸਨ। (ਲੂਕਾ 17:26-30; 2 ਪਤਰਸ 2:5-9) ਲੋਕਾਂ ਨੇ ਜਲ-ਪਰਲੋ ਤੋਂ ਪਹਿਲਾਂ ਨੂਹ ਦੀ ਚੇਤਾਵਨੀ ਵੱਲ ਉੱਕਾ ਧਿਆਨ ਨਹੀਂ ਦਿੱਤਾ। ਇਸੇ ਤਰ੍ਹਾਂ ਸਦੂਮ ਅਤੇ ਅਮੂਰਾਹ ਦੇ ਨਾਸ਼ ਤੋਂ ਪਹਿਲਾਂ ਲੂਤ ਆਪਣੇ ਜਵਾਈਆਂ ਦੀਆਂ ਅੱਖਾਂ ਵਿਚ “ਮਖੌਲੀਆ ਜਿਹਾ ਜਾਪਿਆ।”—ਉਤਪਤ 19:14.
10. ਯਹੋਵਾਹ ਨੇ ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਸੀ ਜੋ ਉਸ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ?
10 ਅੱਜ ਵੀ ਲੋਕਾਂ ਦਾ ਰਵੱਈਆ ਬਦਲਿਆ ਨਹੀਂ ਹੈ। ਪਰ ਦੇਖੋ ਕਿ ਯਹੋਵਾਹ ਨੇ ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਸੀ ਜੋ ਉਸ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ: “ਮੈਂ . . . ਓਹਨਾਂ ਆਦਮੀਆਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਆਪਣਾ ਫੋਗ ਰੱਖ ਛੱਡਿਆ ਹੈ, ਜੋ ਆਪਣੇ ਮਨਾਂ ਵਿੱਚ ਕਹਿੰਦੇ ਹਨ, ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗਾ। ਓਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਓਹਨਾਂ ਦੇ ਘਰ ਵਿਰਾਨ ਹੋ ਜਾਣਗੇ। ਓਹ ਘਰ ਉਸਾਰਨਗੇ ਪਰ ਉਨ੍ਹਾਂ ਵਿੱਚ ਨਾ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਪਰ ਉਨ੍ਹਾਂ ਦੀ ਮੈ ਨਾ ਪੀਣਗੇ।” (ਸਫ਼ਨਯਾਹ 1:12, 13) ਭਾਵੇਂ ਲੋਕ ਆਪਣੇ ਕੰਮਾਂ ਵਿਚ ਰੁੱਝੇ ਹੋਏ ਹਨ, ਪਰ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਬਹੁਤੀ ਦੇਰ ਲਈ ਨਹੀਂ ਮਿਲੇਗਾ। ਕਿਉਂ ਨਹੀਂ? ਕਿਉਂਕਿ ਯਹੋਵਾਹ ਦਾ ਦਿਨ ਅਚਾਨਕ ਆ ਜਾਵੇਗਾ ਅਤੇ ਉਨ੍ਹਾਂ ਦੀ ਧਨ-ਦੌਲਤ ਉਨ੍ਹਾਂ ਨੂੰ ਬਚਾ ਨਾ ਸਕੇਗੀ।—ਸਫ਼ਨਯਾਹ 1:18.
“ਉਹ ਦੀ ਉਡੀਕ ਕਰ”
11. ਸਾਨੂੰ ਕਿਹੜੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ?
11 ਭਾਵੇਂ ਇਹ ਦੁਸ਼ਟ ਦੁਨੀਆਂ ਆਪਣੇ ਹੀ ਕੰਮਾਂ ਵਿਚ ਰੁੱਝੀ ਰਹੇ, ਪਰ ਸਾਨੂੰ ਹਬੱਕੂਕ ਨਬੀ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ: “ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਭਾਵੇਂ ਸਾਨੂੰ ਲੱਗੇ ਕਿ ਯਹੋਵਾਹ ਦਾ ਦਿਨ ‘ਠਹਿਰ’ ਗਿਆ ਹੈ ਯਾਨੀ ਉਸ ਦੇ ਆਉਣ ਵਿਚ ਦੇਰ ਲੱਗ ਰਹੀ ਹੈ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਕਦੇ ਦੇਰ ਨਹੀਂ ਕਰਦਾ। ਉਸ ਦਾ ਦਿਨ ਐਨ ਸਹੀ ਸਮੇਂ ਤੇ ਆਵੇਗਾ, ਜਦ ਲੋਕਾਂ ਨੂੰ ਇਸ ਦੇ ਆਉਣ ਦੀ ਆਸ ਵੀ ਨਹੀਂ ਹੋਵੇਗੀ।—ਮਰਕੁਸ 13:33; 2 ਪਤਰਸ 3:9, 10.
12. ਯਿਸੂ ਨੇ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਉਸ ਦੇ ਵਫ਼ਾਦਾਰ ਚੇਲਿਆਂ ਨੇ ਕੀ ਕੀਤਾ ਹੈ?
12 ਯਹੋਵਾਹ ਦੇ ਦਿਨ ਨੂੰ ਮਨ ਵਿਚ ਰੱਖਣ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਉਸ ਦੇ ਕੁਝ ਚੇਲੇ ਵੀ ਉਸ ਦਿਨ ਨੂੰ ਭੁੱਲ ਜਾਣਗੇ। ਉਸ ਨੇ ਉਨ੍ਹਾਂ ਬਾਰੇ ਭਵਿੱਖਬਾਣੀ ਕੀਤੀ: ‘ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆ ਜਾਵੇਗਾ।’ (ਮੱਤੀ 24:48-51) ਦੁਸ਼ਟ ਨੌਕਰ ਦੇ ਉਲਟ ਮਾਤਬਰ ਅਤੇ ਬੁੱਧਵਾਨ ਨੌਕਰ ਵਫ਼ਾਦਾਰੀ ਨਾਲ ਯਹੋਵਾਹ ਦੇ ਦਿਨ ਦੀ ਉਡੀਕ ਵਿਚ ਹੈ। ਉਹ ਜਾਗਦਾ ਅਤੇ ਤਿਆਰ ਹੈ। ਇਸ ਕਰਕੇ ਯਿਸੂ ਨੇ ਉਸ ਨੂੰ ਧਰਤੀ ਉੱਤੇ “ਆਪਣੇ ਸਾਰੇ ਮਾਲ ਮਤਾ ਉੱਤੇ” ਮੁਖ਼ਤਿਆਰ ਠਹਿਰਾ ਦਿੱਤਾ ਹੈ।—ਮੱਤੀ 24:42-47.
ਉਨ੍ਹਾਂ ਨੂੰ ਸੁਚੇਤ ਰਹਿਣ ਦੀ ਲੋੜ ਸੀ
13. ਯਿਸੂ ਨੇ ਤੁਰੰਤ ਕਦਮ ਚੁੱਕਣ ਦੀ ਲੋੜ ਉੱਤੇ ਜ਼ੋਰ ਕਿਵੇਂ ਦਿੱਤਾ ਸੀ?
13 ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਲਈ ਸੁਚੇਤ ਰਹਿਣਾ ਬਹੁਤ ਜ਼ਰੂਰੀ ਸੀ। ਯਰੂਸ਼ਲਮ ਨੂੰ “ਫ਼ੌਜਾਂ ਨਾਲ ਘੇਰਿਆ ਹੋਇਆ” ਦੇਖ ਕੇ ਉਨ੍ਹਾਂ ਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਸੀ। (ਲੂਕਾ 21:20, 21) ਰੋਮੀ ਫ਼ੌਜਾਂ ਨੇ 66 ਈ. ਵਿਚ ਯਰੂਸ਼ਲਮ ਨੂੰ ਘੇਰ ਲਿਆ ਸੀ। ਧਿਆਨ ਦਿਓ ਕਿ ਯਿਸੂ ਨੇ ਉੱਥੋਂ ਛੇਤੀ ਭੱਜ ਨਿਕਲਣ ਦੀ ਲੋੜ ਉੱਤੇ ਕਿਵੇਂ ਜ਼ੋਰ ਦਿੱਤਾ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਅਸਬਾਬ ਲੈਣ ਨੂੰ ਹੇਠਾਂ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਹਾਂ ਨਾ ਮੁੜੇ।” (ਮੱਤੀ 24:17, 18) ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਯਰੂਸ਼ਲਮ ਦਾ ਨਾਸ਼ ਇਸ ਤੋਂ ਲਗਭਗ ਚਾਰ ਸਾਲ ਬਾਅਦ ਹੋਇਆ ਸੀ। ਤਾਂ ਫਿਰ, ਯਿਸੂ ਦੇ ਸ਼ਬਦਾਂ ਅਨੁਸਾਰ ਉਸ ਦੇ ਚੇਲਿਆਂ ਨੂੰ 66 ਈ. ਵਿਚ ਤੁਰੰਤ ਕਦਮ ਚੁੱਕਣ ਦੀ ਕੀ ਜ਼ਰੂਰਤ ਸੀ?
14, 15. ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਦੇਖ ਕੇ ਯਿਸੂ ਦੇ ਚੇਲਿਆਂ ਲਈ ਤੁਰੰਤ ਕਦਮ ਚੁੱਕਣਾ ਕਿਉਂ ਜ਼ਰੂਰੀ ਸੀ?
14 ਇਹ ਸੱਚ ਹੈ ਕਿ ਰੋਮੀ ਫ਼ੌਜਾਂ ਨੇ ਚਾਰ ਸਾਲ ਬਾਅਦ 70 ਈ. ਵਿਚ ਯਰੂਸ਼ਲਮ ਦਾ ਨਾਸ਼ ਕੀਤਾ ਸੀ। ਪਰ ਇਹ ਚਾਰ ਸਾਲ ਸੌਖੇ ਨਹੀਂ ਸਨ। ਉਸ ਸਮੇਂ ਬਹੁਤ ਹਿੰਸਾ ਅਤੇ ਖ਼ੂਨ-ਖ਼ਰਾਬਾ ਹੋਇਆ। ਇਕ ਇਤਿਹਾਸਕਾਰ ਨੇ ਯਰੂਸ਼ਲਮ ਦੀ ਹਾਲਤ ਦਾ ਬਿਆਨ ਕਰਦੇ ਹੋਏ ਕਿਹਾ ਕਿ ਉਸ ਸਮੇਂ “ਪੂਰੇ ਸ਼ਹਿਰ ਵਿਚ ਹੈਵਾਨੀਅਤ ਦਾ ਨੰਗਾ ਨਾਚ ਹੋ ਰਿਹਾ ਸੀ ਤੇ ਲੋਕ ਲਹੂ ਦੀਆਂ ਨਦੀਆਂ ਵਹਾ ਰਹੇ ਸਨ।” ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਸ਼ਹਿਰ ਦੀ ਕਿਲਾਬੰਦੀ ਮਜ਼ਬੂਤ ਕਰਨ ਲਈ ਫ਼ੌਜ ਵਿਚ ਭਰਤੀ ਕੀਤਾ ਜਾ ਰਿਹਾ ਸੀ। ਹਰ ਰੋਜ਼ ਉਨ੍ਹਾਂ ਨੂੰ ਫ਼ੌਜੀ ਸਿਖਲਾਈ ਦਿੱਤੀ ਜਾਂਦੀ ਸੀ। ਜਿਹੜੇ ਰੋਮੀ ਫ਼ੌਜਾਂ ਵਿਰੁੱਧ ਲੜਨ ਦੇ ਪੱਖ ਵਿਚ ਨਹੀਂ ਸਨ ਉਨ੍ਹਾਂ ਨੂੰ ਗੱਦਾਰ ਮੰਨਿਆ ਜਾਂਦਾ ਸੀ। ਸੋ ਜੇ ਯਿਸੂ ਦੇ ਚੇਲੇ ਸ਼ਹਿਰ ਵਿਚ ਰਹੇ ਹੁੰਦੇ, ਤਾਂ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਹੋਣੀ ਸੀ।—ਮੱਤੀ 26:52; ਮਰਕੁਸ 12:17.
15 ਧਿਆਨ ਦਿਓ ਕਿ ਯਿਸੂ ਨੇ ਸਿਰਫ਼ ਯਰੂਸ਼ਲਮ ਵਿਚ ਰਹਿਣ ਵਾਲਿਆਂ ਨੂੰ ਹੀ ਨਹੀਂ, ਬਲਕਿ “ਜਿਹੜੇ ਯਹੂਦਿਯਾ ਵਿੱਚ ਹੋਣ” ਉਨ੍ਹਾਂ ਨੂੰ ਵੀ ਭੱਜਣ ਲਈ ਕਿਹਾ ਸੀ। ਇਹ ਜ਼ਰੂਰੀ ਸੀ ਕਿਉਂਕਿ ਯਰੂਸ਼ਲਮ ਤੋਂ ਪਿੱਛੇ ਹਟਣ ਦੇ ਕੁਝ ਹੀ ਮਹੀਨਿਆਂ ਬਾਅਦ ਰੋਮੀਆਂ ਨੇ ਯਹੂਦੀਆਂ ਵਿਰੁੱਧ ਆਪਣੀ ਫ਼ੌਜੀ ਕਾਰਵਾਈ ਦੁਬਾਰਾ ਸ਼ੁਰੂ ਕੀਤੀ। ਪਹਿਲਾਂ ਤਾਂ ਰੋਮੀਆਂ ਨੇ 67 ਈ. ਵਿਚ ਗਲੀਲ ਉੱਤੇ ਜਿੱਤ ਹਾਸਲ ਕੀਤੀ ਅਤੇ ਅਗਲੇ ਸਾਲ ਇਕ-ਇਕ ਕਰ ਕੇ ਉਨ੍ਹਾਂ ਨੇ ਯਹੂਦਿਯਾ ਦੇ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਇਸ ਕਰਕੇ ਹਰ ਪਾਸੇ ਲੋਕਾਂ ਦਾ ਬੁਰਾ ਹਾਲ ਸੀ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਤਿਉਂ-ਤਿਉਂ ਯਹੂਦੀਆਂ ਲਈ ਯਰੂਸ਼ਲਮ ਵਿੱਚੋਂ ਭੱਜ ਨਿਕਲਣਾ ਹੋਰ ਮੁਸ਼ਕਲ ਹੁੰਦਾ ਗਿਆ। ਫਾਟਕਾਂ ਤੇ ਪਹਿਰਾ ਲੱਗਾ ਹੋਇਆ ਸੀ ਤੇ ਜਿਹੜੇ ਯਹੂਦੀ ਸ਼ਹਿਰ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਸਨ ਉਨ੍ਹਾਂ ਨੂੰ ਰੋਮ ਦੇ ਹਿਮਾਇਤੀ ਸਮਝਿਆ ਜਾਂਦਾ ਸੀ।
16. ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਨੇ ਆਪਣੀ ਜਾਨ ਬਚਾਉਣ ਲਈ ਕੀ ਕਰਨ ਲਈ ਤਿਆਰ ਰਹਿਣਾ ਸੀ?
16 ਇਨ੍ਹਾਂ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਉੱਥੋਂ ਫ਼ੌਰਨ ਨਿਕਲ ਜਾਣ ਲਈ ਕਿਉਂ ਕਿਹਾ ਸੀ। ਉਨ੍ਹਾਂ ਨੂੰ ਸ਼ਾਇਦ ਕਈ ਚੀਜ਼ਾਂ ਕੁਰਬਾਨ ਕਰਨੀਆਂ ਪੈਣੀਆਂ ਸਨ। ਘਰ ਦਾ ਸਾਮਾਨ ਸਮੇਟਣ ਦੇ ਚੱਕਰ ਵਿਚ ਪੈਣ ਦੀ ਬਜਾਇ ਉਨ੍ਹਾਂ ਨੇ ‘ਆਪਣਾ ਸਭ ਕੁਝ ਤਿਆਗਣ’ ਲਈ ਤਿਆਰ ਰਹਿਣਾ ਸੀ। (ਲੂਕਾ 14:33) ਜਿਹੜੇ ਯਿਸੂ ਦੀ ਗੱਲ ਮੰਨ ਕੇ ਯਰਦਨ ਨਦੀ ਪਾਰ ਚਲੇ ਗਏ, ਉਨ੍ਹਾਂ ਦੀਆਂ ਜਾਨਾਂ ਬਚ ਗਈਆਂ।
ਅੱਜ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ
17. ਸਾਨੂੰ ਸੁਚੇਤ ਰਹਿਣ ਦੀ ਕਿਉਂ ਲੋੜ ਹੈ?
17 ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਦੁਨੀਆਂ ਦਾ ਅੰਤ ਨੇੜੇ ਹੈ। ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੱਜ ਸੁਚੇਤ ਰਹਿਣ ਦੀ ਲੋੜ ਹੈ। ਸ਼ਾਂਤੀ ਦੇ ਵੇਲੇ ਕਿਸੇ ਫ਼ੌਜੀ ਨੂੰ ਲੜਾਈ ਦਾ ਡਰ ਜਾਂ ਖ਼ਤਰਾ ਨਹੀਂ ਹੁੰਦਾ। ਫਿਰ ਵੀ ਜੇ ਉਹ ਚੁਸਤ ਅਤੇ ਸੁਚੇਤ ਨਾ ਰਹੇ ਅਤੇ ਅਚਾਨਕ ਉਸ ਨੂੰ ਮੈਦਾਨ-ਏ-ਜੰਗ ਵਿਚ ਸੱਦਿਆ ਜਾਵੇ, ਤਾਂ ਸ਼ਾਇਦ ਉਹ ਤਿਆਰ ਨਾ ਹੋਣ ਕਰ ਕੇ ਆਪਣੀ ਜਾਨ ਗੁਆ ਬੈਠੇ। ਇਹ ਗੱਲ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਜੇ ਅਸੀਂ ਸੁਚੇਤ ਨਾ ਰਹੀਏ, ਤਾਂ ਅਸੀਂ ਸ਼ਤਾਨ ਦੇ ਹਮਲਿਆਂ ਨੂੰ ਰੋਕਣ ਲਈ ਤਿਆਰ ਨਹੀਂ ਹੋਵਾਂਗੇ ਅਤੇ ਸ਼ਾਇਦ ਯਹੋਵਾਹ ਦਾ ਦਿਨ ਸਾਡੇ ਉੱਤੇ ਅਚਾਨਕ ਆ ਜਾਵੇ। (ਲੂਕਾ 21:36; 1 ਥੱਸਲੁਨੀਕੀਆਂ 5:4) “ਜੋ ਯਹੋਵਾਹ ਦੇ ਪਿੱਛੇ ਜਾਣ ਤੋਂ ਫਿਰ ਗਏ” ਹਨ ਉਨ੍ਹਾਂ ਲਈ ਯਹੋਵਾਹ ਨੂੰ ਭਾਲਣ ਦਾ ਹੁਣ ਸਮਾਂ ਹੈ।—ਸਫ਼ਨਯਾਹ 1:3-6; 2 ਥੱਸਲੁਨੀਕੀਆਂ 1:8, 9.
18, 19. ‘ਪਰਮੇਸ਼ੁਰ ਦੇ ਦਿਨ’ ਨੂੰ ਉਡੀਕਦੇ ਅਤੇ ਲੋਚਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
18 ਇਸੇ ਲਈ ਪਤਰਸ ਰਸੂਲ ਨੇ ਸਾਨੂੰ “ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ” ਰਹਿਣ ਦੀ ਤਾਕੀਦ ਕੀਤੀ ਸੀ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ “ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ” ਕਰਨ ਵਿਚ ਲੱਗੇ ਰਹੀਏ। (2 ਪਤਰਸ 3:11, 12) ਅਜਿਹੇ ਕੰਮਾਂ ਵਿਚ ਰੁੱਝੇ ਰਹਿਣ ਨਾਲ ਅਸੀਂ ‘ਪਰਮੇਸ਼ੁਰ ਦੇ ਦਿਨ’ ਲਈ ਤਿਆਰ ਰਹਾਂਗੇ। “ਲੋਚਦੇ ਰਹੋ” ਦਾ ਤਰਜਮਾ “ਛੇਤੀ ਲਿਆਉਣ ਦੀ ਕੋਸ਼ਿਸ਼ ਕਰੋ” ਵੀ ਕੀਤਾ ਗਿਆ ਹੈ। ਇਹ ਸੱਚ ਹੈ ਕਿ ਅਸੀਂ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਨੂੰ ਨਾ ਛੇਤੀ ਲਿਆ ਸਕਦੇ ਹਾਂ ਤੇ ਨਾ ਹੀ ਬਦਲ ਸਕਦੇ ਹਾਂ। ਪਰ ਜੇਕਰ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹੀਏ, ਤਾਂ ਇੰਤਜ਼ਾਰ ਦਾ ਸਮਾਂ ਛੇਤੀ ਹੀ ਬੀਤ ਜਾਵੇਗਾ।—1 ਕੁਰਿੰਥੀਆਂ 15:58.
19 ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਨਾਲ ਅਤੇ ਉਸ ਵਿਚਲੀਆਂ ਨਸੀਹਤਾਂ ਵੱਲ ਧਿਆਨ ਦੇਣ ਨਾਲ ਵੀ ‘ਸਾਨੂੰ ਪ੍ਰਭੂ ਦੇ ਦਿਨ ਦਾ ਇੰਤਜ਼ਾਰ ਕਰਣ’ ਅਤੇ ‘ਉਤਸੁਕਤਾ ਨਾਲ ਇਸ ਵਾਸਤੇ ਅਗਾਂਹ ਵੇਖਣ’ ਵਿਚ ਮਦਦ ਮਿਲੇਗੀ। (2 ਪਤਰਸ 3:12, ਈਜ਼ੀ ਟੂ ਰੀਡ ਵਰਯਨ) ਇਨ੍ਹਾਂ ਨਸੀਹਤਾਂ ਵਿਚ ਉਹ ਅਣਗਿਣਤ ਭਵਿੱਖਬਾਣੀਆਂ ਵੀ ਸ਼ਾਮਲ ਹਨ ਜੋ ਯਹੋਵਾਹ ਦੇ ਆ ਰਹੇ ਦਿਨ ਬਾਰੇ ਅਤੇ ਉਨ੍ਹਾਂ ਬਰਕਤਾਂ ਬਾਰੇ ਦੱਸਦੀਆਂ ਹਨ ਜੋ ‘ਯਹੋਵਾਹ ਲਈ ਠਹਿਰੇ ਰਹਿਣ’ ਵਾਲਿਆਂ ਨੂੰ ਮਿਲਣਗੀਆਂ।—ਸਫ਼ਨਯਾਹ 3:8.
20. ਸਾਨੂੰ ਕਿਸ ਪ੍ਰੇਰਣਾ ਵੱਲ ਧਿਆਨ ਦੇਣਾ ਚਾਹੀਦਾ ਹੈ?
20 ਸਫ਼ਨਯਾਹ ਨਬੀ ਦੀ ਇਸ ਪ੍ਰੇਰਣਾ ਵੱਲ ਧਿਆਨ ਦੇਣ ਦਾ ਸਮਾਂ ਹੁਣ ਹੈ: “ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ ਉੱਤੇ ਆਵੇ, ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ! ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!”—ਸਫ਼ਨਯਾਹ 2:2, 3.
21. ਸਾਲ 2007 ਦੌਰਾਨ ਪਰਮੇਸ਼ੁਰ ਦੇ ਲੋਕਾਂ ਨੇ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
21 ਇਹ ਸਾਰੀਆਂ ਗੱਲਾਂ ਮਨ ਵਿਚ ਰੱਖਦੇ ਹੋਏ ਸਾਲ 2007 ਲਈ ਚੁਣਿਆ ਗਿਆ ਬਾਈਬਲ ਦਾ ਹਵਾਲਾ ਕਿੰਨਾ ਢੁਕਵਾਂ ਹੈ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।” ਪਰਮੇਸ਼ੁਰ ਦੇ ਲੋਕਾਂ ਨੂੰ ਪੂਰਾ ਯਕੀਨ ਹੈ ਕਿ “ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” (ਸਫ਼ਨਯਾਹ 1:14) “ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਇਸ ਲਈ ਉਸ ਦਿਨ ਦੀ ਉਡੀਕ ਕਰਦੇ ਹੋਏ ਆਓ ਆਪਾਂ ਸੁਚੇਤ ਰਹੀਏ ਅਤੇ ਯਾਦ ਰੱਖੀਏ ਕਿ ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਨੇੜੇ ਹੈ!
ਕੀ ਤੁਸੀਂ ਜਵਾਬ ਦੇ ਸਕਦੇ ਹੋ?
• “ਯਹੋਵਾਹ ਦਾ ਮਹਾਨ ਦਿਨ” ਕੀ ਹੈ?
• ਕਈ ਲੋਕ ਯਹੋਵਾਹ ਦੇ ਦਿਨ ਵੱਲ ਧਿਆਨ ਕਿਉਂ ਨਹੀਂ ਦਿੰਦੇ?
• ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਨੂੰ ਫ਼ੌਰਨ ਕਦਮ ਚੁੱਕਣ ਦੀ ਕਿਉਂ ਲੋੜ ਸੀ?
• ਯਹੋਵਾਹ ਦੇ ਦਿਨ ਨੂੰ ਮਨ ਵਿਚ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ?
[ਸਫ਼ਾ 19 ਉੱਤੇ ਸੁਰਖੀ]
ਸਾਲ 2007 ਲਈ ਬਾਈਬਲ ਦਾ ਹਵਾਲਾ ਹੈ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।”—ਸਫ਼ਨਯਾਹ 1:14.
[ਸਫ਼ੇ 16, 17 ਉੱਤੇ ਤਸਵੀਰਾਂ]
ਨੂਹ ਦੇ ਦਿਨ ਦੇ ਲੋਕਾਂ ਵਾਂਗ ਅੱਜ ਦੇ ਠੱਠਾ ਕਰਨ ਵਾਲੇ ਲੋਕ ਵੀ ਦੰਗ ਰਹਿ ਜਾਣਗੇ ਜਦ ਯਹੋਵਾਹ ਕਦਮ ਚੁੱਕੇਗਾ
[ਸਫ਼ਾ 18 ਉੱਤੇ ਤਸਵੀਰ]
ਯਰੂਸ਼ਲਮ ਨੂੰ “ਫ਼ੌਜਾਂ ਨਾਲ ਘੇਰਿਆ ਹੋਇਆ” ਦੇਖ ਕੇ ਯਿਸੂ ਦੇ ਚੇਲਿਆਂ ਨੂੰ ਛੇਤੀ ਨਾਲ ਭੱਜਣ ਦੀ ਲੋੜ ਸੀ