“ਏਹ ਗੱਲਾਂ ਤਾਂ ਹੋਣੀਆਂ ਹੀ ਹਨ”
“ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, . . . ਏਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ।”—ਮੱਤੀ 24:4-6.
1. ਸਾਨੂੰ ਕਿਹੜੇ ਵਿਸ਼ੇ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ?
ਇ ਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਆਪਣੇ ਭਵਿੱਖ ਵਿਚ ਦਿਲਚਸਪੀ ਰੱਖਦੇ ਹੋ। ਫਿਰ ਤੁਹਾਨੂੰ ਇਕ ਅਜਿਹੇ ਵਿਸ਼ੇ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ ਜਿਸ ਨੇ 1877 ਵਿਚ ਸੀ. ਟੀ. ਰਸਲ ਦਾ ਧਿਆਨ ਖਿੱਚਿਆ। ਰਸਲ, ਜਿਸ ਨੇ ਬਾਅਦ ਵਿਚ ਵਾਚ ਟਾਵਰ ਸੋਸਾਇਟੀ ਦੀ ਨੀਂਹ ਰੱਖੀ, ਨੇ ਸਾਡੇ ਪ੍ਰਭੂ ਦੇ ਦੁਬਾਰਾ ਆਉਣ ਦਾ ਉਦੇਸ਼ ਅਤੇ ਤਰੀਕਾ (ਅੰਗ੍ਰੇਜ਼ੀ) ਨਾਮਕ ਪੁਸਤਿਕਾ ਲਿਖੀ। ਇਸ 64 ਸਫ਼ਿਆਂ ਵਾਲੀ ਪੁਸਤਿਕਾ ਵਿਚ ਯਿਸੂ ਦੀ ਵਾਪਸੀ, ਜਾਂ ਭਵਿੱਖ ਵਿਚ ਆਉਣ ਬਾਰੇ ਦੱਸਿਆ ਗਿਆ ਸੀ। (ਯੂਹੰਨਾ 14:3) ਇਕ ਵਾਰ ਜਦੋਂ ਰਸੂਲ ਜ਼ੈਤੂਨ ਦੇ ਪਹਾੜ ਉੱਤੇ ਬੈਠੇ ਸਨ, ਤਾਂ ਉਨ੍ਹਾਂ ਨੇ ਯਿਸੂ ਨੂੰ ਉਸ ਦੇ ਦੁਬਾਰਾ ਆਉਣ ਬਾਰੇ ਪੁੱਛਿਆ ਸੀ: “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?”—ਮੱਤੀ 24:3.
2. ਯਿਸੂ ਦੀ ਭਵਿੱਖਬਾਣੀ ਦੇ ਸੰਬਧ ਵਿਚ ਕਿਉਂ ਬਹੁਤ ਸਾਰੇ ਵਿਰੋਧੀ ਵਿਚਾਰ ਪਾਏ ਜਾਂਦੇ ਹਨ?
2 ਕੀ ਤੁਸੀਂ ਯਿਸੂ ਦਾ ਜਵਾਬ ਜਾਣਦੇ ਹੋ ਅਤੇ ਇਸ ਦਾ ਅਰਥ ਸਮਝਦੇ ਹੋ? ਇਹ ਜਵਾਬ ਤਿੰਨ ਇੰਜੀਲਾਂ ਵਿਚ ਪਾਇਆ ਜਾਂਦਾ ਹੈ। ਪ੍ਰੋਫ਼ੈਸਰ ਡੀ. ਏ. ਕਾਰਸਨ ਬਿਆਨ ਕਰਦਾ ਹੈ: “ਵਿਆਖਿਆਕਾਰਾਂ ਨੇ ਬਾਈਬਲ ਦੇ ਹੋਰ ਕਿਸੇ ਵੀ ਅਧਿਆਇ ਉੱਤੇ ਇੰਨੀ ਅਸਹਿਮਤੀ ਪ੍ਰਗਟ ਨਹੀਂ ਕੀਤੀ ਹੈ ਜਿੰਨੀ ਕਿ ਮੱਤੀ 24, ਮਰਕੁਸ 13 ਅਤੇ ਲੂਕਾ 21 ਉੱਤੇ ਪ੍ਰਗਟ ਕੀਤੀ ਹੈ।” ਫਿਰ ਉਹ ਆਪਣੀ ਰਾਇ ਦਿੰਦਾ ਹੈ—ਸਿਰਫ਼ ਇਕ ਹੋਰ ਵਿਰੋਧੀ ਮਨੁੱਖੀ ਵਿਚਾਰ। ਲਗਭਗ ਪਿਛਲੀ ਸਦੀ ਦੌਰਾਨ, ਅਜਿਹੇ ਬਹੁਤ ਸਾਰੇ ਵਿਚਾਰਾਂ ਨੇ ਨਿਹਚਾ ਦੀ ਘਾਟ ਦਿਖਾਈ। ਇਨ੍ਹਾਂ ਵਿਚਾਰਾਂ ਨੂੰ ਪੇਸ਼ ਕਰਨ ਵਾਲੇ ਵਿਅਕਤੀ ਕਹਿੰਦੇ ਹਨ ਕਿ ਯਿਸੂ ਨੇ ਉਹ ਸ਼ਬਦ ਕਦੀ ਨਹੀਂ ਕਹੇ ਜੋ ਅਸੀਂ ਇੰਜੀਲਾਂ ਵਿਚ ਪੜ੍ਹਦੇ ਹਾਂ, ਕਿ ਉਸ ਦੁਆਰਾ ਕਹੀਆਂ ਗਈਆਂ ਗੱਲਾਂ ਨੂੰ ਬਾਅਦ ਵਿਚ ਬਦਲ ਦਿੱਤਾ ਗਿਆ ਸੀ, ਜਾਂ ਕਿ ਉਸ ਦੀਆਂ ਭਵਿੱਖਬਾਣੀਆਂ ਪੂਰੀਆਂ ਨਹੀਂ ਹੋਈਆਂ। ਇਨ੍ਹਾਂ ਵਿਚਾਰਾਂ ਉੱਤੇ ਬਾਈਬਲ ਦੀ ਸਮਾਲੋਚਨਾ ਕਰਨ ਵਾਲੇ ਵਿਦਵਾਨਾਂ ਦੇ ਵਿਚਾਰਾਂ ਦਾ ਅਸਰ ਪਿਆ ਹੈ। ਇਕ ਟੀਕਾਕਾਰ ਨੇ ਤਾਂ ਮਰਕੁਸ ਦੀ ਇੰਜੀਲ ਨੂੰ ‘ਮਹਾਯਾਨ-ਬੋਧੀ ਫ਼ਲਸਫ਼ੇ ਦੀ ਨਜ਼ਰ ਤੋਂ’ ਵੀ ਦੇਖਿਆ!
3. ਯਹੋਵਾਹ ਦੇ ਗਵਾਹ ਯਿਸੂ ਦੀ ਭਵਿੱਖਬਾਣੀ ਨੂੰ ਕਿਵੇਂ ਵਿਚਾਰਦੇ ਹਨ?
3 ਇਸ ਦੇ ਉਲਟ, ਯਹੋਵਾਹ ਦੇ ਗਵਾਹ ਬਾਈਬਲ ਦੀ ਸੱਚਾਈ ਅਤੇ ਭਰੋਸੇਯੋਗਤਾ ਨੂੰ ਸਵੀਕਾਰ ਕਰਦੇ ਹਨ, ਜਿਨ੍ਹਾਂ ਵਿਚ ਉਹ ਗੱਲਾਂ ਵੀ ਸ਼ਾਮਲ ਹਨ ਜਿਹੜੀਆਂ ਯਿਸੂ ਨੇ ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਜ਼ੈਤੂਨ ਦੇ ਪਹਾੜ ਉੱਤੇ ਆਪਣੇ ਚਾਰ ਰਸੂਲਾਂ ਨੂੰ ਦੱਸੀਆਂ ਸਨ। ਸੀ. ਟੀ. ਰਸਲ ਦੇ ਦਿਨਾਂ ਤੋਂ, ਯਿਸੂ ਦੀ ਇਸ ਭਵਿੱਖਬਾਣੀ ਬਾਰੇ ਪਰਮੇਸ਼ੁਰ ਦੇ ਲੋਕਾਂ ਦੀ ਸਮਝ ਹੌਲੀ-ਹੌਲੀ ਸਪੱਸ਼ਟ ਹੁੰਦੀ ਗਈ ਹੈ। ਪਿਛਲੇ ਕੁਝ ਸਾਲਾਂ ਵਿਚ, ਪਹਿਰਾਬੁਰਜ ਨੇ ਇਸ ਭਵਿੱਖਬਾਣੀ ਸੰਬੰਧੀ ਉਨ੍ਹਾਂ ਦੀ ਸਮਝ ਨੂੰ ਹੋਰ ਜ਼ਿਆਦਾ ਸਪੱਸ਼ਟ ਕੀਤਾ ਹੈ। ਕੀ ਤੁਸੀਂ ਇਸ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝਿਆ ਹੈ, ਅਤੇ ਆਪਣੀ ਜ਼ਿੰਦਗੀ ਉੱਤੇ ਇਸ ਦੇ ਪ੍ਰਭਾਵ ਨੂੰ ਦੇਖਿਆ ਹੈ?a ਆਓ ਅਸੀਂ ਇਸ ਉੱਤੇ ਪੁਨਰ-ਵਿਚਾਰ ਕਰੀਏ।
ਨੇੜਲੇ ਭਵਿੱਖ ਵਿਚ ਇਸ ਦੀ ਦੁਖਦਾਈ ਪੂਰਤੀ
4. ਰਸੂਲਾਂ ਨੇ ਸ਼ਾਇਦ ਯਿਸੂ ਤੋਂ ਭਵਿੱਖ ਬਾਰੇ ਕਿਉਂ ਪੁੱਛਿਆ ਸੀ?
4 ਰਸੂਲ ਜਾਣਦੇ ਸਨ ਕਿ ਯਿਸੂ ਹੀ ਮਸੀਹਾ ਸੀ। ਇਸ ਲਈ ਜਦੋਂ ਉਨ੍ਹਾਂ ਨੇ ਉਸ ਨੂੰ ਆਪਣੀ ਮੌਤ, ਪੁਨਰ-ਉਥਾਨ ਅਤੇ ਦੁਬਾਰਾ ਆਉਣ ਬਾਰੇ ਗੱਲ ਕਰਦੇ ਹੋਏ ਸੁਣਿਆ, ਤਾਂ ਉਹ ਜ਼ਰੂਰ ਹੈਰਾਨ ਹੋਏ ਹੋਣੇ, ‘ਜੇ ਯਿਸੂ ਮਰ ਕੇ ਚਲਾ ਗਿਆ, ਤਾਂ ਉਹ ਉਨ੍ਹਾਂ ਅਦਭੁਤ ਕੰਮਾਂ ਨੂੰ ਕਿਵੇਂ ਕਰੇਗਾ ਜਿਹੜੇ ਮਸੀਹਾ ਨੇ ਕਰਨੇ ਸਨ?’ ਇਸ ਤੋਂ ਇਲਾਵਾ, ਯਿਸੂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਵਿਨਾਸ਼ ਬਾਰੇ ਵੀ ਦੱਸਿਆ। ਰਸੂਲ ਹੈਰਾਨ ਹੋਏ ਹੋਣੇ, ‘ਇਹ ਕਦੋਂ ਅਤੇ ਕਿਸ ਤਰ੍ਹਾਂ ਹੋਵੇਗਾ?’ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਵਿਚ ਰਸੂਲਾਂ ਨੇ ਪੁੱਛਿਆ: “ਏਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇ ਦਾ ਕੀ ਲੱਛਣ ਹੈ ਜਾਂ ਏਹ ਸਭ ਪੂਰੀਆਂ ਹੋਣ ਲੱਗਣਗੀਆਂ?”—ਮਰਕੁਸ 13:4; ਮੱਤੀ 16:21, 27, 28; 23:37–24:2.
5. ਯਿਸੂ ਨੇ ਜੋ ਕਿਹਾ ਸੀ ਉਹ ਪਹਿਲੀ ਸਦੀ ਵਿਚ ਕਿਵੇਂ ਪੂਰਾ ਹੋਇਆ?
5 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਲੜਾਈਆਂ, ਕਾਲ, ਮਰੀਆਂ ਅਤੇ ਭੁਚਾਲ ਆਉਣਗੇ, ਮਸੀਹੀਆਂ ਨਾਲ ਵੈਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਤਾਇਆ ਜਾਵੇਗਾ, ਝੂਠੇ ਮਸੀਹ ਉੱਠ ਖੜ੍ਹੇ ਹੋਣਗੇ ਅਤੇ ਪੂਰੀ ਦੁਨੀਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ। ਫਿਰ ਅੰਤ ਨੇ ਆਉਣਾ ਸੀ। (ਮੱਤੀ 24:4-14; ਮਰਕੁਸ 13:5-13; ਲੂਕਾ 21:8-19) ਯਿਸੂ ਨੇ ਇਹ ਗੱਲਾਂ ਸਾਲ 33 ਸਾ.ਯੁ. ਦੇ ਸ਼ੁਰੂ ਵਿਚ ਕਹੀਆਂ ਸਨ। ਅਗਲੇ ਕਈ ਦਹਾਕਿਆਂ ਦੌਰਾਨ, ਉਸ ਦੇ ਸਚੇਤ ਚੇਲੇ ਦੇਖ ਸਕਦੇ ਸਨ ਕਿ ਪਹਿਲਾਂ ਹੀ ਦੱਸੀਆਂ ਗਈਆਂ ਇਹ ਗੱਲਾਂ ਸੱਚ-ਮੁੱਚ ਮਹੱਤਵਪੂਰਣ ਤਰੀਕੇ ਨਾਲ ਪੂਰੀਆਂ ਹੋ ਰਹੀਆਂ ਸਨ। ਜੀ ਹਾਂ, ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਲੱਛਣ ਦੀ ਉਸ ਸਮੇਂ ਪੂਰਤੀ ਹੋਈ ਸੀ, ਜਿਸ ਮਗਰੋਂ 66-70 ਸਾ.ਯੁ. ਵਿਚ ਰੋਮੀਆਂ ਦੇ ਹੱਥੋਂ ਯਹੂਦੀ ਰੀਤੀ-ਵਿਵਸਥਾ ਦੀ ਸਮਾਪਤੀ ਹੋ ਗਈ ਸੀ। ਇਹ ਕਿਸ ਤਰ੍ਹਾਂ ਹੋਇਆ?
6. ਸਾਲ 66 ਸਾ.ਯੁ. ਵਿਚ ਰੋਮੀਆਂ ਅਤੇ ਯਹੂਦੀਆਂ ਵਿਚ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸਨ?
6 ਸਾਲ 66 ਸਾ.ਯੁ. ਦੀਆਂ ਭੱਖਦੀਆਂ ਗਰਮੀਆਂ ਵਿਚ, ਯਹੂਦੀ ਰਾਸ਼ਟਰਵਾਦੀਆਂ ਨੇ ਯਹੂਦਿਯਾ ਵਿਚ ਯਰੂਸ਼ਲਮ ਦੀ ਹੈਕਲ ਦੇ ਨੇੜੇ ਸਥਿਤ ਕਿਲੇ ਵਿਚ ਰੋਮੀ ਫ਼ੌਜਾਂ ਉੱਤੇ ਹਮਲਾ ਕਰਨ ਵਿਚ ਅਗਵਾਈ ਕੀਤੀ, ਜਿਸ ਕਰਕੇ ਦੇਸ਼ ਦੇ ਦੂਸਰੇ ਹਿੱਸਿਆਂ ਵਿਚ ਵੀ ਹਿੰਸਾ ਫੈਲ ਗਈ। ਯਹੂਦੀਆਂ ਦਾ ਇਤਿਹਾਸ (ਅੰਗ੍ਰੇਜ਼ੀ) ਨਾਮਕ ਕਿਤਾਬ ਵਿਚ ਹਾਇਨਰਿਖ਼ ਗ੍ਰੈੱਟਸ ਦੱਸਦਾ ਹੈ: “ਸੈਸਟੀਅਸ ਗੈਲਸ, ਜਿਸ ਦੀ ਡਿਊਟੀ ਸੀ ਕਿ ਉਹ ਸੀਰੀਆ ਦਾ ਗਵਰਨਰ ਹੋਣ ਕਰਕੇ ਰੋਮੀ ਫ਼ੌਜਾਂ ਦੇ ਮਾਣ ਨੂੰ ਬਰਕਰਾਰ ਰੱਖੇ, . . . ਹਰ ਜਗ੍ਹਾ ਫੈਲ ਰਹੀ ਬਗਾਵਤ ਨੂੰ ਰੋਕੇ ਬਿਨਾਂ ਨਾ ਰਹਿ ਸਕਿਆ। ਉਸ ਨੇ ਆਪਣੇ ਲਸ਼ਕਰ ਇਕੱਠੇ ਕੀਤੇ, ਅਤੇ ਗੁਆਂਢੀ ਰਾਜਾਂ ਦੇ ਸਰਦਾਰਾਂ ਨੇ ਵੀ ਆਪਣੇ ਲਸ਼ਕਰ ਭੇਜ ਦਿੱਤੇ।” 30,000 ਫ਼ੌਜੀਆਂ ਨੇ ਯਰੂਸ਼ਲਮ ਨੂੰ ਘੇਰ ਲਿਆ। ਕੁਝ ਦੇਰ ਲੜਾਈ ਕਰਨ ਤੋਂ ਬਾਅਦ, ਯਹੂਦੀਆਂ ਨੇ ਹੈਕਲ ਨੇੜੇ ਕੰਧਾਂ ਪਿੱਛੇ ਸ਼ਰਨ ਲੈ ਲਈ। “ਅਗਲੇ ਪੰਜ ਦਿਨਾਂ ਦੌਰਾਨ, ਰੋਮੀਆਂ ਨੇ ਕੰਧਾਂ ਉੱਤੇ ਹਮਲਾ ਕੀਤਾ, ਪਰ ਉਹ ਯਹੂਦੀਆਂ ਦੇ ਅਸਤਰਾਂ ਸਾਮ੍ਹਣੇ ਟਿਕ ਨਹੀਂ ਸਕੇ ਅਤੇ ਪਿੱਛੇ ਹਟਣ ਲਈ ਮਜਬੂਰ ਹੋ ਗਏ। ਛੇਵੇਂ ਦਿਨ ਜਾ ਕੇ ਉਹ ਹੈਕਲ ਦੀ ਸਾਮ੍ਹਣੇ ਵਾਲੀ ਉੱਤਰੀ ਕੰਧ ਵਿਚ ਸੰਨ੍ਹ ਲਾਉਣ ਵਿਚ ਕਾਮਯਾਬ ਹੋ ਗਏ।”
7. ਯਿਸੂ ਦੇ ਚੇਲੇ ਮਾਮਲਿਆਂ ਨੂੰ ਜ਼ਿਆਦਾਤਰ ਯਹੂਦੀਆਂ ਨਾਲੋਂ ਵੱਖਰੀ ਨਜ਼ਰ ਨਾਲ ਕਿਉਂ ਦੇਖ ਸਕੇ?
7 ਜ਼ਰਾ ਸੋਚੋ ਕਿ ਯਹੂਦੀ ਕਿੰਨੇ ਹੈਰਾਨ ਹੋਏ ਹੋਣੇ, ਕਿਉਂਕਿ ਉਹ ਲੰਮੇ ਸਮੇਂ ਤੋਂ ਮਹਿਸੂਸ ਕਰਦੇ ਆਏ ਸਨ ਕਿ ਪਰਮੇਸ਼ੁਰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਵਿੱਤਰ ਸ਼ਹਿਰ ਦੀ ਰਾਖੀ ਕਰੇਗਾ! ਪਰ ਯਿਸੂ ਦੇ ਚੇਲਿਆਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਯਰੂਸ਼ਲਮ ਉੱਤੇ ਆਫ਼ਤ ਆਉਣ ਵਾਲੀ ਸੀ। ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ। ਅਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ।” (ਲੂਕਾ 19:43, 44) ਪਰ ਕੀ ਇਸ ਦਾ ਇਹ ਮਤਲਬ ਸੀ ਕਿ 66 ਸਾ.ਯੁ. ਵਿਚ ਯਰੂਸ਼ਲਮ ਦੇ ਅੰਦਰ ਰਹਿ ਰਹੇ ਮਸੀਹੀ ਮਾਰੇ ਜਾਣਗੇ?
8. ਯਿਸੂ ਨੇ ਕਿਹੜੀ ਬਿਪਤਾ ਦੀ ਭਵਿੱਖਬਾਣੀ ਕੀਤੀ ਸੀ, ਅਤੇ ਉਹ ‘ਚੁਣੇ ਹੋਏ’ ਕੌਣ ਸਨ ਜਿਨ੍ਹਾਂ ਲਈ ਦਿਨ ਘਟਾਏ ਜਾਣੇ ਸਨ?
8 ਜ਼ੈਤੂਨ ਦੇ ਪਹਾੜ ਉੱਤੇ ਰਸੂਲਾਂ ਨੂੰ ਜਵਾਬ ਦਿੰਦੇ ਸਮੇਂ, ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਉਨ੍ਹੀਂ ਦਿਨੀਂ ਐਡਾ ਕਸ਼ਟ ਹੋਵੇਗਾ ਜੋ ਸਰਿਸ਼ਟ ਦੇ ਮੁੱਢੋਂ ਜਿਹ ਨੂੰ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੋੜੀ ਹੋਇਆ ਹੈ ਅਤੇ ਨਾ ਕਦੇ ਹੋਵੇਗਾ। ਅਰ ਜੇ ਪ੍ਰਭੁ ਉਨ੍ਹਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਸਰੀਰ ਨਾ ਬਚਦਾ ਪਰ ਉਨ੍ਹਾਂ ਚੁਣਿਆਂ ਹੋਇਆਂ ਦੀ ਖ਼ਾਤਰ ਜਿਨ੍ਹਾਂ ਨੂੰ ਉਹ ਨੇ ਚੁਣਿਆ ਹੈ ਉਸ ਨੇ ਉਨ੍ਹਾਂ ਦਿਨਾਂ ਨੂੰ ਘਟਾਇਆ।” (ਮਰਕੁਸ 13:19, 20; ਮੱਤੀ 24:21, 22) ਇਸ ਲਈ ਦਿਨ ਘਟਾਏ ਜਾਣਗੇ ਅਤੇ ‘ਚੁਣੇ ਹੋਏ’ ਬਚਾਏ ਜਾਣਗੇ। ਉਹ ਕੌਣ ਸਨ? ਉਹ ਨਿਸ਼ਚੇ ਹੀ ਬਾਗ਼ੀ ਯਹੂਦੀ ਨਹੀਂ ਸਨ ਜਿਨ੍ਹਾਂ ਨੇ ਯਹੋਵਾਹ ਦੀ ਉਪਾਸਨਾ ਕਰਨ ਦਾ ਦਾਅਵਾ ਤਾਂ ਕੀਤਾ, ਪਰ ਉਸ ਦੇ ਪੁੱਤਰ ਨੂੰ ਰੱਦ ਕਰ ਦਿੱਤਾ ਸੀ। (ਯੂਹੰਨਾ 19:1-7; ਰਸੂਲਾਂ ਦੇ ਕਰਤੱਬ 2:22, 23, 36) ਉਸ ਸਮੇਂ ਅਸਲੀ ਚੁਣੇ ਹੋਏ ਵਿਅਕਤੀ ਉਹ ਯਹੂਦੀ ਅਤੇ ਗ਼ੈਰ-ਯਹੂਦੀ ਸਨ ਜਿਨ੍ਹਾਂ ਨੇ ਯਿਸੂ ਨੂੰ ਮਸੀਹਾ ਅਤੇ ਮੁਕਤੀਦਾਤਾ ਸਵੀਕਾਰ ਕਰ ਕੇ ਉਸ ਵਿਚ ਨਿਹਚਾ ਕੀਤੀ ਸੀ। ਪਰਮੇਸ਼ੁਰ ਨੇ ਅਜਿਹੇ ਲੋਕਾਂ ਨੂੰ ਚੁਣਿਆ ਸੀ, ਅਤੇ ਪੰਤੇਕੁਸਤ 33 ਸਾ.ਯੁ. ਤੇ ਉਸ ਨੇ ਉਨ੍ਹਾਂ ਨੂੰ ਇਕ ਨਵੀਂ ਅਧਿਆਤਮਿਕ ਕੌਮ ਅਰਥਾਤ ‘ਪਰਮੇਸ਼ੁਰ ਦਾ ਇਸਰਾਏਲ’ ਬਣਾਇਆ।—ਗਲਾਤੀਆਂ 6:16; ਲੂਕਾ 18:7; ਰਸੂਲਾਂ ਦੇ ਕਰਤੱਬ 10:34-45; 1 ਪਤਰਸ 2:9.
9, 10. ਰੋਮੀ ਹਮਲੇ ਦੇ ਦਿਨ ਕਿਵੇਂ ‘ਘਟਾਏ’ ਗਏ ਸਨ, ਅਤੇ ਇਸ ਦਾ ਕੀ ਨਤੀਜਾ ਨਿਕਲਿਆ?
9 ਕੀ ਦਿਨ ‘ਘਟਾਏ ਗਏ’ ਸਨ ਅਤੇ ਯਰੂਸ਼ਲਮ ਵਿਚਲੇ ਮਸਹ ਕੀਤੇ ਗਏ ਚੁਣੇ ਹੋਏ ਲੋਕ ਬਚੇ ਸਨ? ਪ੍ਰੋਫ਼ੈਸਰ ਗ੍ਰੈੱਟਸ ਦੱਸਦਾ ਹੈ: “[ਸੈਸਟੀਅਸ ਗੈਲਸ] ਨੇ ਜੋਸ਼ੀਲੇ ਅਤੇ ਸ਼ੇਰ-ਦਿਲ ਯਹੂਦੀਆਂ ਨਾਲ ਲੜਾਈ ਜਾਰੀ ਰੱਖਣ ਅਤੇ ਉਸ ਮੌਸਮ ਵਿਚ ਇਕ ਲੰਮੀ ਮੁਹਿੰਮ ਸ਼ੁਰੂ ਕਰਨੀ ਅਕਲਮੰਦੀ ਨਹੀਂ ਸਮਝੀ, ਕਿਉਂਕਿ ਪਤਝੜ ਦੇ ਮੌਸਮ ਵਿਚ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਸਨ . . . ਜਿਸ ਕਰਕੇ ਫ਼ੌਜ ਨੂੰ ਰਸਦ ਪਹੁੰਚਾਉਣੀ ਸ਼ਾਇਦ ਨਾਮੁਮਕਿਨ ਹੋ ਜਾਂਦੀ। ਸ਼ਾਇਦ ਇਸੇ ਕਰਕੇ ਉਸ ਨੇ ਪਿੱਛੇ ਮੁੜਨ ਵਿਚ ਅਕਲਮੰਦੀ ਸਮਝੀ।” ਸੈਸਟੀਅਸ ਗੈਲਸ ਨੇ ਚਾਹੇ ਜੋ ਵੀ ਸੋਚਿਆ ਸੀ, ਪਰ ਰੋਮੀ ਫ਼ੌਜ ਸ਼ਹਿਰ ਵਿੱਚੋਂ ਨਿਕਲ ਗਈ। ਯਹੂਦੀਆਂ ਨੇ ਪਿੱਛਾ ਕਰ ਕੇ ਉਨ੍ਹਾਂ ਦਾ ਬਹੁਤ ਨੁਕਸਾਨ ਕੀਤਾ।
10 ਰੋਮੀਆਂ ਦੇ ਅਚਾਨਕ ਪਿੱਛੇ ਹਟਣ ਕਰਕੇ “ਸਰੀਰ”—ਯਿਸੂ ਦੇ ਚੇਲੇ ਜਿਨ੍ਹਾਂ ਨੂੰ ਯਰੂਸ਼ਲਮ ਵਿਚ ਖ਼ਤਰਾ ਸੀ—ਨੂੰ ਬਚਣ ਦਾ ਮੌਕਾ ਮਿਲਿਆ। ਇਤਿਹਾਸ ਦੱਸਦਾ ਹੈ ਕਿ ਜਦੋਂ ਮਸੀਹੀਆਂ ਨੂੰ ਬਚਣ ਦਾ ਇਹ ਮੌਕਾ ਮਿਲਿਆ, ਤਾਂ ਉਹ ਉਸ ਇਲਾਕੇ ਵਿੱਚੋਂ ਭੱਜ ਨਿਕਲੇ। ਭਵਿੱਖ ਨੂੰ ਪਹਿਲਾਂ ਹੀ ਜਾਣ ਲੈਣ ਅਤੇ ਆਪਣੇ ਉਪਾਸਕਾਂ ਦੇ ਬਚਾਅ ਨੂੰ ਯਕੀਨੀ ਬਣਾਉਣ ਦੀ ਪਰਮੇਸ਼ੁਰ ਦੀ ਯੋਗਤਾ ਦਾ ਕਿੰਨਾ ਵਧੀਆ ਪ੍ਰਦਰਸ਼ਨ! ਪਰ ਅਵਿਸ਼ਵਾਸੀ ਯਹੂਦੀਆਂ ਬਾਰੇ ਕੀ ਜਿਹੜੇ ਯਰੂਸ਼ਲਮ ਅਤੇ ਯਹੂਦਿਯਾ ਵਿਚ ਹੀ ਰਹੇ?
ਸਮਕਾਲੀ ਲੋਕ ਇਸ ਨੂੰ ਦੇਖਣਗੇ
11. ਯਿਸੂ ਨੇ “ਇਹ ਪੀਹੜੀ” ਬਾਰੇ ਕੀ ਕਿਹਾ ਸੀ?
11 ਬਹੁਤ ਸਾਰੇ ਯਹੂਦੀਆਂ ਨੇ ਸੋਚਿਆ ਕਿ ਉਪਾਸਨਾ ਕਰਨ ਦੀ ਉਨ੍ਹਾਂ ਦੀ ਵਿਵਸਥਾ, ਜਿਸ ਦਾ ਕੇਂਦਰ ਹੈਕਲ ਸੀ, ਹਮੇਸ਼ਾ ਲਈ ਰਹੇਗੀ। ਪਰ ਯਿਸੂ ਨੇ ਕਿਹਾ ਸੀ: “ਹੰਜੀਰ ਦੇ ਬਿਰਛ ਤੋਂ . . . ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ। ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ।” (ਟੇਢੇ ਟਾਈਪ ਸਾਡੇ।)—ਮੱਤੀ 24:32-35.
12, 13. ਯਿਸੂ ਦੁਆਰਾ ਵਰਤੇ ਗਏ ਸ਼ਬਦ “ਇਹ ਪੀਹੜੀ” ਨੂੰ ਉਸ ਦੇ ਚੇਲਿਆਂ ਨੇ ਕਿਵੇਂ ਸਮਝਿਆ ਹੋਵੇਗਾ?
12 ਸਾਲ 66 ਸਾ.ਯੁ. ਤੋਂ ਪਹਿਲਾਂ ਦੇ ਸਾਲਾਂ ਵਿਚ, ਮਸੀਹੀਆਂ ਨੇ ਸੰਯੁਕਤ ਲੱਛਣ ਦੀਆਂ ਬਹੁਤ ਸਾਰੀਆਂ ਮੁਢਲੀਆਂ ਵਿਸ਼ੇਸ਼ਤਾਵਾਂ ਨੂੰ ਪੂਰਾ ਹੁੰਦਾ ਦੇਖਿਆ ਹੋਣਾ—ਲੜਾਈਆਂ, ਕਾਲ, ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਦੂਰ-ਦੂਰ ਤਕ ਪ੍ਰਚਾਰ। (ਰਸੂਲਾਂ ਦੇ ਕਰਤੱਬ 11:28; ਕੁਲੁੱਸੀਆਂ 1:23) ਪਰੰਤੂ, ਅੰਤ ਕਦੋਂ ਆਉਣਾ ਸੀ? ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ “ਇਹ ਪੀਹੜੀ (ਯੂਨਾਨੀ, ਯੈਨੇਆ) ਬੀਤ ਨਾ ਜਾਵੇਗੀ”? ਯਿਸੂ ਨੇ ਸਮਕਾਲੀ ਵਿਰੋਧੀ ਯਹੂਦੀਆਂ, ਜਿਨ੍ਹਾਂ ਵਿਚ ਧਾਰਮਿਕ ਆਗੂ ਵੀ ਸਨ, ਨੂੰ ਅਕਸਰ “ਬੁਰੀ ਅਤੇ ਹਰਾਮਕਾਰ ਪੀੜ੍ਹੀ” ਕਿਹਾ ਸੀ। (ਮੱਤੀ 11:16; 12:39, 45; 16:4; 17:17; 23:36) ਇਸ ਲਈ ਜ਼ੈਤੂਨ ਦੇ ਪਹਾੜ ਉੱਤੇ ਜਦੋਂ ਉਸ ਨੇ “ਇਹ ਪੀਹੜੀ” ਬਾਰੇ ਦੁਬਾਰਾ ਗੱਲ ਕੀਤੀ ਸੀ, ਤਾਂ ਉਹ ਸਪੱਸ਼ਟ ਤੌਰ ਤੇ ਪੂਰੇ ਇਤਿਹਾਸ ਦੌਰਾਨ ਹੋਈ ਪੂਰੀ ਯਹੂਦੀ ਜਾਤੀ ਬਾਰੇ ਗੱਲ ਨਹੀਂ ਕਰ ਰਿਹਾ ਸੀ; ਨਾ ਹੀ ਉਹ ਆਪਣੇ ਚੇਲਿਆਂ ਬਾਰੇ ਗੱਲ ਕਰ ਰਿਹਾ ਸੀ, ਭਾਵੇਂ ਕਿ ਉਹ “ਚੁਣਿਆ ਹੋਇਆ ਵੰਸ” ਸਨ। (1 ਪਤਰਸ 2:9) ਨਾ ਹੀ ਯਿਸੂ ਕਹਿ ਰਿਹਾ ਸੀ ਕਿ “ਇਹ ਪੀਹੜੀ” ਸਮੇਂ ਦੀ ਇਕ ਖ਼ਾਸ ਅਵਧੀ ਹੈ।
13 ਇਸ ਦੀ ਬਜਾਇ, ਯਿਸੂ ਉਸ ਸਮੇਂ ਦੇ ਵਿਰੋਧੀ ਯਹੂਦੀਆਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਦੁਆਰਾ ਦਿੱਤੇ ਗਏ ਲੱਛਣ ਨੂੰ ਪੂਰਾ ਹੁੰਦੇ ਦੇਖਣਾ ਸੀ। ਲੂਕਾ 21:32 ਵਿਚ “ਇਹ ਪੀਹੜੀ” ਬਾਰੇ, ਜੋਏਲ ਬੀ. ਗ੍ਰੀਨ ਟਿੱਪਣੀ ਕਰਦਾ ਹੈ: “ਤੀਸਰੀ ਇੰਜੀਲ ਵਿਚ, ‘ਇਹ ਪੀਹੜੀ’ (ਅਤੇ ਇਸ ਨਾਲ ਸੰਬੰਧਿਤ ਵਾਕਾਂਸ਼) ਨੇ ਹਰ ਵਾਰ ਉਨ੍ਹਾਂ ਲੋਕਾਂ ਦੇ ਸਮੂਹ ਵੱਲ ਸੰਕੇਤ ਕੀਤਾ ਹੈ ਜਿਹੜੇ ਪਰਮੇਸ਼ੁਰ ਦੇ ਮਕਸਦ ਦਾ ਵਿਰੋਧ ਕਰਦੇ ਹਨ। . . . [ਇਹ] ਉਨ੍ਹਾਂ ਲੋਕਾਂ ਨੂੰ [ਸੂਚਿਤ ਕਰਦਾ ਹੈ] ਜਿਹੜੇ ਢੀਠ ਹੋ ਕੇ ਪਰਮੇਸ਼ੁਰੀ ਮਕਸਦ ਵੱਲ ਆਪਣੀ ਪਿੱਠ ਕਰਦੇ ਹਨ।”b
14. ਉਸ “ਪੀਹੜੀ” ਨੇ ਕੀ ਅਨੁਭਵ ਕੀਤਾ ਸੀ, ਪਰ ਮਸੀਹੀਆਂ ਲਈ ਇਕ ਵੱਖਰਾ ਨਤੀਜਾ ਕਿਵੇਂ ਨਿਕਲਿਆ?
14 ਯਹੂਦੀ ਵਿਰੋਧੀਆਂ ਦੀ ਦੁਸ਼ਟ ਪੀੜ੍ਹੀ, ਜਿਹੜੀ ਲੱਛਣ ਨੂੰ ਪੂਰਾ ਹੁੰਦੇ ਦੇਖ ਸਕਦੀ ਸੀ, ਨੇ ਅੰਤ ਨੂੰ ਵੀ ਅਨੁਭਵ ਕਰਨਾ ਸੀ। (ਮੱਤੀ 24:6, 13, 14) ਅਤੇ ਉਨ੍ਹਾਂ ਨੇ ਅੰਤ ਨੂੰ ਅਨੁਭਵ ਕੀਤਾ! 70 ਸਾ.ਯੁ. ਵਿਚ, ਸਮਰਾਟ ਵੈਸਪੇਜ਼ੀਅਨ ਦੇ ਪੁੱਤਰ ਟਾਈਟਸ ਦੀ ਅਗਵਾਈ ਅਧੀਨ ਰੋਮੀ ਫ਼ੌਜ ਵਾਪਸ ਆਈ। ਸ਼ਹਿਰ ਵਿਚ ਦੁਬਾਰਾ ਫਸੇ ਯਹੂਦੀਆਂ ਉੱਤੇ ਆਇਆ ਕਸ਼ਟ ਕਲਪਨਾ ਤੋਂ ਬਾਹਰ ਹੈ।c ਚਸ਼ਮਦੀਦ ਗਵਾਹ, ਫਲੇਵੀਅਸ ਜੋਸੀਫ਼ਸ ਰਿਪੋਰਟ ਕਰਦਾ ਹੈ ਕਿ ਰੋਮੀਆਂ ਦੁਆਰਾ ਸ਼ਹਿਰ ਨੂੰ ਤਬਾਹ ਕਰਨ ਤਕ ਤਕਰੀਬਨ 11,00,000 ਯਹੂਦੀ ਮਰ ਚੁੱਕੇ ਸਨ ਅਤੇ ਲਗਭਗ 1,00,000 ਯਹੂਦੀ ਗ਼ੁਲਾਮ ਬਣਾ ਲਏ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯਹੂਦੀ ਜਲਦੀ ਹੀ ਭੁੱਖ ਜਾਂ ਰੋਮੀ ਅਖਾੜਿਆਂ ਵਿਚ ਭਿਆਨਕ ਮੌਤ ਮਰਨ ਵਾਲੇ ਸਨ। ਵਾਕਈ, 66-70 ਸਾ.ਯੁ. ਦਾ ਕਸ਼ਟ ਇੰਨਾ ਜ਼ਿਆਦਾ ਸੀ ਕਿ ਯਰੂਸ਼ਲਮ ਅਤੇ ਯਹੂਦੀ ਰੀਤੀ-ਵਿਵਸਥਾ ਨੇ ਪਹਿਲਾਂ ਕਦੀ ਇਸ ਤਰ੍ਹਾਂ ਦਾ ਕਸ਼ਟ ਅਨੁਭਵ ਨਹੀਂ ਕੀਤਾ ਸੀ ਅਤੇ ਨਾ ਹੀ ਕਦੀ ਦੁਬਾਰਾ ਕਰਨਾ ਸੀ। ਮਸੀਹੀਆਂ ਲਈ ਇਸ ਦਾ ਨਤੀਜਾ ਕਿੰਨਾ ਵੱਖਰਾ ਨਿਕਲਿਆ ਜਿਨ੍ਹਾਂ ਨੇ ਯਿਸੂ ਦੀ ਭਵਿੱਖ-ਸੂਚਕ ਚੇਤਾਵਨੀ ਵੱਲ ਧਿਆਨ ਦਿੱਤਾ ਅਤੇ 66 ਸਾ.ਯੁ. ਵਿਚ ਰੋਮੀ ਫ਼ੌਜ ਦੇ ਚਲੇ ਜਾਣ ਤੋਂ ਬਾਅਦ ਯਰੂਸ਼ਲਮ ਨੂੰ ਛੱਡ ਦਿੱਤਾ ਸੀ! ਮਸਹ ਕੀਤੇ ਹੋਏ ਮਸੀਹੀ ਅਰਥਾਤ ‘ਚੁਣੇ ਹੋਏ’ ਲੋਕ 70 ਸਾ.ਯੁ. ਵਿਚ ‘ਬਚ’ ਗਏ ਸਨ ਜਾਂ ਉਨ੍ਹਾਂ ਦੀ ਰੱਖਿਆ ਕੀਤੀ ਗਈ ਸੀ।—ਮੱਤੀ 24:16, 22.
ਭਵਿੱਖ ਵਿਚ ਇਕ ਹੋਰ ਪੂਰਤੀ
15. ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ 70 ਸਾ.ਯੁ. ਤੋਂ ਬਾਅਦ ਯਿਸੂ ਦੀ ਭਵਿੱਖਬਾਣੀ ਦੀ ਅਜੇ ਇਕ ਹੋਰ ਵੱਡੀ ਪੂਰਤੀ ਹੋਣੀ ਸੀ?
15 ਪਰ, ਇਹ ਅੰਤਿਮ ਪੂਰਤੀ ਨਹੀਂ ਸੀ। ਕੁਝ ਸਮਾਂ ਪਹਿਲਾਂ, ਯਿਸੂ ਨੇ ਸੰਕੇਤ ਕੀਤਾ ਸੀ ਕਿ ਸ਼ਹਿਰ ਦੇ ਬਰਬਾਦ ਹੋਣ ਤੋਂ ਬਾਅਦ ਉਹ ਯਹੋਵਾਹ ਦੇ ਨਾਂ ਤੇ ਆਵੇਗਾ। (ਮੱਤੀ 23:38, 39; 24:2) ਫਿਰ ਉਸ ਨੇ ਜ਼ੈਤੂਨ ਦੇ ਪਹਾੜ ਉੱਤੇ ਕੀਤੀ ਆਪਣੀ ਭਵਿੱਖਬਾਣੀ ਵਿਚ ਇਸ ਨੂੰ ਹੋਰ ਸਪੱਸ਼ਟ ਕੀਤਾ। ‘ਵੱਡੇ ਕਸ਼ਟ’ ਦੇ ਆਉਣ ਦਾ ਜ਼ਿਕਰ ਕਰਨ ਤੇ, ਉਸ ਨੇ ਕਿਹਾ ਕਿ ਇਸ ਪਿੱਛੋਂ ਝੂਠੇ ਮਸੀਹ ਉੱਠ ਖੜ੍ਹੇ ਹੋਣਗੇ, ਅਤੇ ਯਰੂਸ਼ਲਮ ਲੰਮੇ ਸਮੇਂ ਲਈ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ। (ਮੱਤੀ 24:21, 23-28; ਲੂਕਾ 21:24) ਕੀ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਇਸ ਤੋਂ ਵੱਡੀ ਇਕ ਹੋਰ ਪੂਰਤੀ ਅਜੇ ਹੋਣੀ ਸੀ? ਤੱਥ ਹਾਂ ਵਿਚ ਜਵਾਬ ਦਿੰਦੇ ਹਨ। ਜਦੋਂ ਅਸੀਂ ਪਰਕਾਸ਼ ਦੀ ਪੋਥੀ 6:2-8 (ਜੋ 70 ਸਾ.ਯੁ. ਵਿਚ ਯਰੂਸ਼ਲਮ ਉੱਤੇ ਕਸ਼ਟ ਆਉਣ ਤੋਂ ਬਾਅਦ ਲਿਖੀ ਗਈ ਸੀ) ਦੀ ਤੁਲਨਾ ਮੱਤੀ 24:6-8 ਅਤੇ ਲੂਕਾ 21:10, 11 ਨਾਲ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਅਜੇ ਹੋਰ ਵੱਡੇ ਪੈਮਾਨੇ ਤੇ ਲੜਾਈਆਂ, ਕਾਲ, ਅਤੇ ਮਰੀਆਂ ਪੈਣੀਆਂ ਸਨ। ਯਿਸੂ ਦੇ ਇਹ ਸ਼ਬਦ 1914 ਵਿਚ ਸ਼ੁਰੂ ਹੋਏ ਵਿਸ਼ਵ ਯੁੱਧ I ਤੋਂ ਵੱਡੇ ਪੈਮਾਨੇ ਤੇ ਪੂਰੇ ਹੋ ਰਹੇ ਹਨ।
16-18. ਅਸੀਂ ਭਵਿੱਖ ਵਿਚ ਕਿਹੜੀ ਘਟਨਾ ਦੇ ਵਾਪਰਨ ਦੀ ਆਸ ਰੱਖਦੇ ਹਾਂ?
16 ਹੁਣ ਕਈ ਦਹਾਕਿਆਂ ਤੋਂ, ਯਹੋਵਾਹ ਦੇ ਗਵਾਹਾਂ ਨੇ ਸਿਖਾਇਆ ਹੈ ਕਿ ਲੱਛਣ ਦੀ ਮੌਜੂਦਾ ਪੂਰਤੀ ਸਾਬਤ ਕਰਦੀ ਹੈ ਕਿ “ਵੱਡਾ ਕਸ਼ਟ” ਅਜੇ ਆਉਣਾ ਹੈ। ਮੌਜੂਦਾ ਦੁਸ਼ਟ “ਪੀਹੜੀ” ਇਸ ਕਸ਼ਟ ਨੂੰ ਦੇਖੇਗੀ। ਇਸ ਤਰ੍ਹਾਂ ਲੱਗਦਾ ਹੈ ਕਿ ਇਸ ਵਾਰ ਵੀ ਇਕ ਪਹਿਲਾ ਪੜਾਅ (ਸਾਰੇ ਝੂਠੇ ਧਰਮਾਂ ਉੱਤੇ ਹਮਲਾ) ਹੋਵੇਗਾ, ਠੀਕ ਜਿਵੇਂ 66 ਸਾ.ਯੁ. ਵਿਚ ਗੈਲਸ ਦੇ ਹਮਲੇ ਸਮੇਂ ਯਰੂਸ਼ਲਮ ਵਿਚ ਕਸ਼ਟ ਸ਼ੁਰੂ ਹੋਇਆ ਸੀ।d ਫਿਰ, ਅਨਿਸ਼ਚਿਤ ਸਮੇਂ ਤੋਂ ਬਾਅਦ, ਅੰਤ ਆ ਜਾਵੇਗਾ—ਪੂਰੀ ਦੁਨੀਆਂ ਵਿਚ ਤਬਾਹੀ, ਜਿਵੇਂ 70 ਸਾ.ਯੁ. ਵਿਚ ਯਹੂਦੀਆਂ ਉੱਤੇ ਤਬਾਹੀ ਆਈ ਸੀ।
17 ਸਾਡੇ ਨੇੜਲੇ ਭਵਿੱਖ ਵਿਚ ਆਉਣ ਵਾਲੇ ਕਸ਼ਟ ਵੱਲ ਸੰਕੇਤ ਕਰਦੇ ਹੋਏ, ਯਿਸੂ ਨੇ ਕਿਹਾ: “ਉਨ੍ਹਾਂ ਦਿਨਾਂ ਦੇ ਕਸ਼ਟ [ਝੂਠੇ ਧਰਮ ਦੇ ਵਿਨਾਸ਼] ਦੇ ਪਿੱਛੋਂ ਝੱਟ ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਰ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।”—ਮੱਤੀ 24:29, 30.
18 ਇਸ ਲਈ, ਯਿਸੂ ਆਪ ਕਹਿੰਦਾ ਹੈ ਕਿ “ਉਨ੍ਹਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ” ਕਿਸੇ ਪ੍ਰਕਾਰ ਦੀ ਆਕਾਸ਼ੀ ਘਟਨਾ ਵਾਪਰੇਗੀ। (ਯੋਏਲ 2:28-32; 3:15 ਦੀ ਤੁਲਨਾ ਕਰੋ।) ਇਹ ਅਣਆਗਿਆਕਾਰੀ ਮਨੁੱਖਾਂ ਨੂੰ ਇੰਨਾ ਹੈਰਾਨ ਅਤੇ ਇੰਨਾ ਭੈ-ਭੀਤ ਕਰ ਦੇਵੇਗੀ ਕਿ ਉਹ ‘ਪਿੱਟਣਗੇ।’ “ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ” ਬਹੁਤ ਸਾਰੇ “ਲੋਕਾਂ ਦੇ ਜੀ ਡੁੱਬ ਜਾਣਗੇ।” ਪਰ ਸੱਚੇ ਮਸੀਹੀਆਂ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ! ਉਹ ‘ਆਪਣੇ ਸਿਰ ਚੁੱਕਣਗੇ ਇਸ ਲਈ ਜੋ ਉਨ੍ਹਾਂ ਦਾ ਨਿਸਤਾਰਾ ਨੇੜੇ ਆਇਆ ਹੈ।’—ਲੂਕਾ 21:25, 26, 28.
ਨਿਆਂ ਹੋਣ ਵਾਲਾ ਹੈ!
19. ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਭੇਡਾਂ ਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਕਦੋਂ ਪੂਰਾ ਹੋਵੇਗਾ?
19 ਧਿਆਨ ਦਿਓ ਕਿ ਮੱਤੀ 24:29-31 ਪਹਿਲਾਂ ਹੀ ਦੱਸਦਾ ਹੈ ਕਿ (1) ਮਨੁੱਖ ਦਾ ਪੁੱਤਰ ਆਵੇਗਾ, (2) ਉਹ ਵੱਡੇ ਤੇਜ਼ ਨਾਲ ਆਵੇਗਾ, (3) ਦੂਤ ਉਸ ਦੇ ਨਾਲ ਹੋਣਗੇ, ਅਤੇ (4) ਧਰਤੀ ਦੀਆਂ ਸਾਰੀਆਂ ਕੌਮਾਂ ਉਸ ਨੂੰ ਦੇਖਣਗੀਆਂ। ਯਿਸੂ ਭੇਡਾਂ ਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ ਇਨ੍ਹਾਂ ਪਹਿਲੂਆਂ ਨੂੰ ਦੁਹਰਾਉਂਦਾ ਹੈ। (ਮੱਤੀ 25:31-46) ਇਸ ਲਈ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਇਸ ਦ੍ਰਿਸ਼ਟਾਂਤ ਵਿਚ ਉਸ ਸਮੇਂ ਬਾਰੇ ਗੱਲ ਕੀਤੀ ਗਈ ਹੈ, ਜਦੋਂ ਕਸ਼ਟ ਦੇ ਸ਼ੁਰੂ ਹੋਣ ਤੋਂ ਬਾਅਦ ਯਿਸੂ ਆਪਣੇ ਦੂਤਾਂ ਨਾਲ ਆਵੇਗਾ ਅਤੇ ਨਿਆਂ ਕਰਨ ਲਈ ਆਪਣੇ ਸਿੰਘਾਸਣ ਤੇ ਬੈਠੇਗਾ। (ਯੂਹੰਨਾ 5:22; ਰਸੂਲਾਂ ਦੇ ਕਰਤੱਬ 17:31. 1 ਰਾਜਿਆਂ 7:7; ਦਾਨੀਏਲ 7:10, 13, 14, 22, 26; ਮੱਤੀ 19:28 ਦੀ ਤੁਲਨਾ ਕਰੋ।) ਕਿਨ੍ਹਾਂ ਦਾ ਨਿਆਂ ਕੀਤਾ ਜਾਵੇਗਾ ਅਤੇ ਇਸ ਦਾ ਕੀ ਨਤੀਜਾ ਨਿਕਲੇਗਾ? ਇਹ ਦ੍ਰਿਸ਼ਟਾਂਤ ਦਿਖਾਉਂਦਾ ਹੈ ਕਿ ਯਿਸੂ ਸਾਰੀਆਂ ਕੌਮਾਂ ਵੱਲ ਧਿਆਨ ਦੇਵੇਗਾ, ਮਾਨੋ ਉਹ ਉਸ ਦੇ ਸਵਰਗੀ ਸਿੰਘਾਸਣ ਦੇ ਸਾਮ੍ਹਣੇ ਇਕੱਠੀਆਂ ਹੋਈਆਂ ਹਨ।
20, 21. (ੳ) ਯਿਸੂ ਦੇ ਦ੍ਰਿਸ਼ਟਾਂਤ ਵਿਚ ਭੇਡਾਂ ਨੂੰ ਕੀ ਹੋਵੇਗਾ? (ਅ) ਭਵਿੱਖ ਵਿਚ ਬੱਕਰੀਆਂ ਕੀ ਅਨੁਭਵ ਕਰਨਗੀਆਂ?
20 ਭੇਡ-ਸਮਾਨ ਆਦਮੀ ਅਤੇ ਔਰਤਾਂ ਯਿਸੂ ਦੀ ਮਿਹਰ ਪ੍ਰਾਪਤ ਕਰ ਕੇ ਉਸ ਦੇ ਸੱਜੇ ਪਾਸੇ ਵੱਖਰੇ ਕੀਤੇ ਜਾਣਗੇ। ਕਿਉਂ? ਕਿਉਂਕਿ ਉਨ੍ਹਾਂ ਨੇ ਉਸ ਦੇ ਭਰਾਵਾਂ—ਮਸਹ ਕੀਤੇ ਹੋਏ ਮਸੀਹੀ ਜਿਹੜੇ ਮਸੀਹ ਦੇ ਸਵਰਗੀ ਰਾਜ ਵਿਚ ਸ਼ਾਸਨ ਕਰਨਗੇ—ਦਾ ਭਲਾ ਕਰਨ ਦੇ ਮੌਕਿਆਂ ਨੂੰ ਇਸਤੇਮਾਲ ਕੀਤਾ ਸੀ। (ਦਾਨੀਏਲ 7:27; ਇਬਰਾਨੀਆਂ 2:9–3:1) ਦ੍ਰਿਸ਼ਟਾਂਤ ਦੇ ਅਨੁਸਾਰ, ਲੱਖਾਂ ਭੇਡ-ਸਮਾਨ ਮਸੀਹੀਆਂ ਨੇ ਯਿਸੂ ਦੇ ਅਧਿਆਤਮਿਕ ਭਰਾਵਾਂ ਨੂੰ ਪਛਾਣ ਲਿਆ ਹੈ ਅਤੇ ਉਨ੍ਹਾਂ ਨੂੰ ਸਮਰਥਨ ਦਿੰਦੇ ਹੋਏ ਕੰਮ ਕਰ ਰਹੇ ਹਨ। ਇਸ ਕਰਕੇ, ਇਸ “ਵੱਡੀ ਭੀੜ” ਕੋਲ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣ ਦੀ ਅਤੇ ਫਿਰਦੌਸ ਵਿਚ, ਅਰਥਾਤ ਪਰਮੇਸ਼ੁਰ ਦੇ ਰਾਜ ਦੇ ਜ਼ਮੀਨੀ ਖੇਤਰ ਵਿਚ ਹਮੇਸ਼ਾ ਲਈ ਜੀਉਣ ਦੀ ਬਾਈਬਲ-ਆਧਾਰਿਤ ਆਸ਼ਾ ਹੈ।—ਪਰਕਾਸ਼ ਦੀ ਪੋਥੀ 7:9, 14; 21:3, 4; ਯੂਹੰਨਾ 10:16.
21 ਬੱਕਰੀਆਂ ਲਈ ਕਿੰਨਾ ਵੱਖਰਾ ਨਤੀਜਾ ਨਿਕਲੇਗਾ! ਮੱਤੀ 24:30 ਦੇ ਵਰਣਨ ਅਨੁਸਾਰ, ਇਹ ਯਿਸੂ ਦੇ ਆਉਣ ਤੇ ‘ਪਿੱਟਦੀਆਂ’ ਹਨ। ਅਤੇ ਉਨ੍ਹਾਂ ਨੂੰ ਪਿੱਟਣਾ ਵੀ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸੁਣਨ ਤੋਂ ਇਨਕਾਰ ਕੀਤਾ ਹੈ, ਯਿਸੂ ਦੇ ਚੇਲਿਆਂ ਦਾ ਵਿਰੋਧ ਕੀਤਾ ਹੈ, ਅਤੇ ਸੰਸਾਰ ਨੂੰ ਪਹਿਲ ਦਿੱਤੀ ਹੈ ਜੋ ਬੀਤਦਾ ਜਾਂਦਾ ਹੈ। (ਮੱਤੀ 10:16-18; 1 ਯੂਹੰਨਾ 2:15-17) ਯਿਸੂ—ਨਾ ਕਿ ਧਰਤੀ ਉੱਤੇ ਉਸ ਦਾ ਕੋਈ ਚੇਲਾ—ਫ਼ੈਸਲਾ ਕਰਦਾ ਹੈ ਕਿ ਕਿਹੜੇ ਲੋਕ ਬੱਕਰੀਆਂ ਵਰਗੇ ਹਨ। ਉਨ੍ਹਾਂ ਬਾਰੇ ਉਹ ਕਹਿੰਦਾ ਹੈ: “ਏਹ ਸਦੀਪਕ ਸਜ਼ਾ ਵਿੱਚ ਜਾਣਗੇ।”—ਮੱਤੀ 25:46.
22. ਯਿਸੂ ਦੀ ਭਵਿੱਖਬਾਣੀ ਦੇ ਕਿਹੜੇ ਹਿੱਸੇ ਵੱਲ ਸਾਨੂੰ ਹੋਰ ਧਿਆਨ ਦੇਣਾ ਚਾਹੀਦਾ ਹੈ?
22 ਅਸੀਂ ਮੱਤੀ ਅਧਿਆਇ 24 ਅਤੇ 25 ਵਿਚ ਕੀਤੀ ਗਈ ਭਵਿੱਖਬਾਣੀ ਦੀ ਹੋਰ ਸਪੱਸ਼ਟ ਸਮਝ ਪ੍ਰਾਪਤ ਕਰ ਕੇ ਰੋਮਾਂਚਿਤ ਹੋਏ ਹਾਂ। ਪਰ, ਯਿਸੂ ਦੀ ਭਵਿੱਖਬਾਣੀ ਦੇ ਇਕ ਹਿੱਸੇ ਵੱਲ ਸਾਨੂੰ ਹੋਰ ਧਿਆਨ ਦੇਣਾ ਚਾਹੀਦਾ ਹੈ—‘ਪਵਿੱਤ੍ਰ ਥਾਂ ਵਿੱਚ ਖੜੀ ਘਿਣਾਉਣੀ ਚੀਜ਼ ਜਿਹੜੀ ਉਜਾੜਦੀ ਹੈ।’ ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਸੰਬੰਧ ਵਿਚ ਸਮਝ ਵਰਤਣ ਅਤੇ ਕਦਮ ਚੁੱਕਣ ਲਈ ਤਿਆਰ ਰਹਿਣ ਵਾਸਤੇ ਤਾਕੀਦ ਕੀਤੀ ਸੀ। (ਮੱਤੀ 24:15, 16) ਇਹ “ਘਿਣਾਉਣੀ ਚੀਜ਼” ਕੀ ਹੈ? ਇਹ ਪਵਿੱਤਰ ਥਾਂ ਵਿਚ ਕਦੋਂ ਖੜ੍ਹੀ ਹੁੰਦੀ ਹੈ? ਅਤੇ ਇਸ ਵਿਚ ਸਾਡੀ ਮੌਜੂਦਾ ਜ਼ਿੰਦਗੀ ਅਤੇ ਭਾਵੀ ਜ਼ਿੰਦਗੀ ਦੀ ਆਸ਼ਾ ਕਿਵੇਂ ਸ਼ਾਮਲ ਹੈ? ਅਗਲਾ ਲੇਖ ਇਸ ਉੱਤੇ ਚਰਚਾ ਕਰੇਗਾ।
[ਫੁਟਨੋਟ]
a 15 ਫਰਵਰੀ, 1994 (ਅੰਗ੍ਰੇਜ਼ੀ); 1 ਅਕਤੂਬਰ ਅਤੇ 1 ਨਵੰਬਰ, 1995; 1 ਅਗਸਤ, 1996 ਦੇ ਪਹਿਰਾਬੁਰਜ ਵਿਚ ਅਧਿਐਨ ਲੇਖ ਦੇਖੋ।
b ਬ੍ਰਿਟਿਸ਼ ਵਿਦਵਾਨ ਜੀ. ਆਰ. ਬੀਜ਼ਲੀ-ਮਰੀ ਟਿੱਪਣੀ ਕਰਦਾ ਹੈ: “ਵਾਕਾਂਸ਼ ‘ਇਹ ਪੀਹੜੀ’ ਤੋਂ ਵਿਆਖਿਆਕਾਰਾਂ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਇਹ ਜ਼ਰੂਰ ਹੈ ਕਿ ਪੁਰਾਣੀ ਯੂਨਾਨੀ ਵਿਚ ਯੈਨੇਆ ਦਾ ਅਰਥ ਜਨਮ, ਸੰਤਾਨ, ਅਤੇ ਇਸ ਲਈ ਜਾਤੀ ਸੀ, . . . ਪਰ [ਯੂਨਾਨੀ ਸੈਪਟੁਜਿੰਟ] ਵਿਚ ਇਹ ਅਕਸਰ ਇਬਰਾਨੀ ਸ਼ਬਦ ਡਾਰ ਦਾ ਅਨੁਵਾਦ ਹੁੰਦਾ ਹੈ ਜਿਸ ਦਾ ਅਰਥ ਹੈ ਉਮਰ, ਮਨੁੱਖਜਾਤੀ ਦੀ ਉਮਰ, ਜਾਂ ਸਮਕਾਲੀਆਂ ਦੇ ਭਾਵ ਵਿਚ ਪੀੜ੍ਹੀ। . . . ਕਥਿਤ ਤੌਰ ਤੇ ਯਿਸੂ ਦੁਆਰਾ ਕਹੇ ਗਏ ਸ਼ਬਦਾਂ ਦਾ ਦੁਹਰਾ ਭਾਵਾਰਥ ਜਾਪਦਾ ਹੈ: ਇਕ ਪਾਸੇ ਇਹ ਹਮੇਸ਼ਾ ਉਸ ਦੇ ਸਮਕਾਲੀਆਂ ਵੱਲ ਸੰਕੇਤ ਕਰਦਾ ਹੈ, ਅਤੇ ਦੂਸਰੇ ਪਾਸੇ ਇਹ ਹਮੇਸ਼ਾ ਹੀ ਨਿਸ਼ਚਿਤ ਆਲੋਚਨਾ ਨੂੰ ਸੂਚਿਤ ਕਰਦਾ ਹੈ।”
c ਯਹੂਦੀਆਂ ਦਾ ਇਤਿਹਾਸ (ਅੰਗ੍ਰੇਜ਼ੀ) ਨਾਮਕ ਕਿਤਾਬ ਵਿਚ, ਪ੍ਰੋਫ਼ੈਸਰ ਗ੍ਰੈੱਟਸ ਕਹਿੰਦਾ ਹੈ ਕਿ ਕਈ ਵਾਰ ਰੋਮੀ ਲੋਕ ਇਕ ਦਿਨ ਵਿਚ 500 ਕੈਦੀਆਂ ਨੂੰ ਸੂਲੀ ਚਾੜ੍ਹਦੇ ਸਨ। ਫੜੇ ਗਏ ਦੂਸਰੇ ਯਹੂਦੀਆਂ ਦੇ ਹੱਥ ਕੱਟ ਕੇ ਉਨ੍ਹਾਂ ਨੂੰ ਵਾਪਸ ਸ਼ਹਿਰ ਵਿਚ ਘੱਲ ਦਿੱਤਾ ਜਾਂਦਾ ਸੀ। ਸ਼ਹਿਰ ਵਿਚ ਹਾਲਾਤ ਕਿਸ ਤਰ੍ਹਾਂ ਦੇ ਸਨ? “ਪੈਸੇ ਦੀ ਕੋਈ ਕੀਮਤ ਨਹੀਂ ਸੀ, ਕਿਉਂਕਿ ਇਸ ਨਾਲ ਰੋਟੀ ਨਹੀਂ ਖ਼ਰੀਦੀ ਜਾ ਸਕਦੀ ਸੀ। ਆਦਮੀ ਗਲੀਆਂ ਵਿਚ ਘਟੀਆ ਤੋਂ ਘਟੀਆ ਖਾਣੇ ਅਰਥਾਤ ਘਾਹ ਦੇ ਰੁੱਗ, ਚਮੜੇ ਦੇ ਟੁਕੜੇ, ਜਾਂ ਕੁੱਤਿਆਂ ਅੱਗੇ ਸੁੱਟੇ ਗਏ ਗੰਦ-ਮੰਦ ਲਈ ਬੁਰੀ ਤਰ੍ਹਾਂ ਲੜਦੇ ਸਨ। . . . ਅਣਦੱਬੀਆਂ ਲਾਸ਼ਾਂ ਦੀ ਵਧਦੀ ਗਿਣਤੀ ਕਰਕੇ ਗਰਮੀਆਂ ਦੀ ਹੁੰਮਦਾਰ ਹਵਾ ਮਹਾਮਾਰੀਜਨਕ ਬਣ ਗਈ ਸੀ ਅਤੇ ਲੋਕ ਬੀਮਾਰੀ, ਭੁੱਖਮਰੀ, ਅਤੇ ਤਲਵਾਰ ਦੇ ਸ਼ਿਕਾਰ ਹੋ ਗਏ ਸਨ।”
d ਭਵਿੱਖ ਵਿਚ ਆਉਣ ਵਾਲੇ ਕਸ਼ਟ ਦੇ ਇਸ ਪਹਿਲੂ ਉੱਤੇ ਅਗਲਾ ਲੇਖ ਚਰਚਾ ਕਰੇਗਾ।
ਕੀ ਤੁਹਾਨੂੰ ਯਾਦ ਹੈ?
◻ ਪਹਿਲੀ ਸਦੀ ਵਿਚ ਮੱਤੀ 24:4-14 ਦੀ ਕਿਹੜੀ ਪੂਰਤੀ ਹੋਈ ਸੀ?
◻ ਰਸੂਲਾਂ ਦੇ ਸਮੇਂ ਵਿਚ, ਮੱਤੀ 24:21, 22 ਵਿਚ ਕੀਤੀ ਗਈ ਭਵਿੱਖਬਾਣੀ ਅਨੁਸਾਰ ਦਿਨ ਕਿਵੇਂ ਘਟਾਏ ਗਏ ਸਨ, ਅਤੇ ਸਰੀਰ ਕਿਵੇਂ ਬਚਾਏ ਗਏ ਸਨ?
◻ ਮੱਤੀ 24:34 ਵਿਚ ਜ਼ਿਕਰ ਕੀਤੀ ਗਈ “ਪੀਹੜੀ” ਦੀ ਕੀ ਵਿਸ਼ੇਸ਼ਤਾ ਸੀ?
◻ ਅਸੀਂ ਕਿਵੇਂ ਜਾਣਦੇ ਹਾਂ ਕਿ ਜ਼ੈਤੂਨ ਦੇ ਪਹਾੜ ਉੱਤੇ ਕੀਤੀ ਗਈ ਭਵਿੱਖਬਾਣੀ ਦੀ ਇਕ ਹੋਰ ਵੱਡੀ ਪੂਰਤੀ ਹੋਵੇਗੀ?
◻ ਭੇਡਾਂ ਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਕਦੋਂ ਅਤੇ ਕਿਵੇਂ ਪੂਰਾ ਹੋਵੇਗਾ?
[ਸਫ਼ੇ 12 ਉੱਤੇ ਤਸਵੀਰ]
ਯਰੂਸ਼ਲਮ ਦੇ ਵਿਨਾਸ਼ ਤੋਂ ਬਾਅਦ ਬਚੇ ਹੋਏ ਗ਼ੁਲਾਮ ਲੋਕਾਂ ਨੂੰ ਦਿਖਾਉਂਦਾ ਹੋਇਆ ਆਰਚ ਆਫ਼ ਟਾਈਟਸ
[ਕ੍ਰੈਡਿਟ ਲਾਈਨ]
Soprintendenza Archeologica di Roma