ਸ਼ਰਾਬ ਦੀ ਕੁਵਰਤੋਂ ਕਰਨ ਤੋਂ ਬਚੋ
“ਮੈ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਓਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!”—ਕਹਾਉਤਾਂ 20:1.
1. ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਦੀਆਂ ਕੁਝ ਚੰਗੀਆਂ ਦਾਤਾਂ ਲਈ ਆਪਣੀ ਕਦਰ ਕਿਵੇਂ ਪ੍ਰਗਟ ਕੀਤੀ ਸੀ?
ਯਾਕੂਬ ਨੇ ਲਿਖਿਆ: “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ।” (ਯਾਕੂਬ 1:17) ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਦੀਆਂ ਚੰਗੀਆਂ ਦਾਤਾਂ ਲਈ ਇੰਨਾ ਧੰਨਵਾਦੀ ਸੀ ਕਿ ਉਸ ਨੇ ਰੱਬ ਦੇ ਜਸ ਗਾਏ: “ਤੂੰ ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਭਈ ਧਰਤੀ ਵਿੱਚੋਂ ਅਹਾਰ ਕੱਢੇਂ, ਦਾਖ ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।” (ਜ਼ਬੂਰਾਂ ਦੀ ਪੋਥੀ 104:14, 15) ਸਾਗ ਪੱਤ, ਰੋਟੀ ਅਤੇ ਤੇਲ ਦੀ ਤਰ੍ਹਾਂ ਖ਼ਮੀਰਿਆ ਦਾਖ ਰਸ ਵੀ ਪਰਮੇਸ਼ੁਰ ਵੱਲੋਂ ਇਕ ਦਾਤ ਹੈ। ਸਾਨੂੰ ਇਹ ਚੀਜ਼ਾਂ ਕਿਵੇਂ ਵਰਤਣੀਆਂ ਚਾਹੀਦੀਆਂ ਹਨ?
2. ਸ਼ਰਾਬ ਪੀਣ ਦੇ ਸੰਬੰਧ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
2 ਕੋਈ ਵੀ ਦਾਤ ਸਿਰਫ਼ ਉਦੋਂ ਚੰਗੀ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਸਹੀ ਤਰ੍ਹਾਂ ਵਰਤਦੇ ਹਾਂ। ਮਿਸਾਲ ਲਈ, ਸ਼ਹਿਦ ਖਾਣਾ “ਚੰਗਾ” ਹੈ, ਪਰ “ਬਾਹਲਾ ਸ਼ਹਿਤ ਖਾਣਾ ਚੰਗਾ ਨਹੀਂ।” (ਕਹਾਉਤਾਂ 24:13; 25:27) ਇਸੇ ਤਰ੍ਹਾਂ “ਥੋੜੀ ਜਿਹੀ ਮੈ” ਪੀਣੀ ਠੀਕ ਹੈ, ਪਰ ਜ਼ਿਆਦਾ ਪੀਣੀ ਠੀਕ ਨਹੀਂ ਹੈ। (1 ਤਿਮੋਥਿਉਸ 5:23) ਬਾਈਬਲ ਵਿਚ ਇਹ ਚੇਤਾਵਨੀ ਹੈ: “ਮੈ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਓਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!” (ਕਹਾਉਤਾਂ 20:1) ਸ਼ਰਾਬ ਤੋਂ ਧੋਖਾ ਖਾਣ ਦਾ ਕੀ ਮਤਲਬ ਹੈ?a ਕਦੋਂ ਕਿਹਾ ਜਾ ਸਕਦਾ ਹੈ ਕਿ ਕਿਸੇ ਨੇ ਬਹੁਤ ਪੀ ਲਈ ਹੈ? ਅਸੀਂ ਪੀਣ ਦੇ ਮਾਮਲੇ ਵਿਚ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ? ਆਓ ਆਪਾਂ ਦੇਖੀਏ।
ਸ਼ਰਾਬ “ਧੋਖਾ” ਕਿਵੇਂ ਦਿੰਦੀ ਹੈ?
3, 4. (ੳ) ਸਾਨੂੰ ਕਿੱਦਾਂ ਪਤਾ ਹੈ ਕਿ ਬਾਈਬਲ ਮੁਤਾਬਕ ਸ਼ਰਾਬੀ ਹੋਣਾ ਪਾਪ ਹੈ? (ਅ) ਸ਼ਰਾਬੀ ਹੋਣ ਦੇ ਕੁਝ ਲੱਛਣ ਕੀ ਹਨ?
3 ਪ੍ਰਾਚੀਨ ਇਸਰਾਏਲ ਵਿਚ ਜੇ ਇਕ ਪੇਟੂ ਅਤੇ ਸ਼ਰਾਬੀ ਪੁੱਤਰ ਇਸ ਰਾਹੋਂ ਮੁੜਨ ਤੋਂ ਇਨਕਾਰ ਕਰਦਾ ਸੀ, ਤਾਂ ਉਸ ਨੂੰ ਪੱਥਰਾਂ ਨਾਲ ਮਾਰਿਆ ਜਾਂਦਾ ਸੀ। (ਬਿਵਸਥਾ ਸਾਰ 21:18-21) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਜੇ ਕੋਈ ਭਰਾ ਸਦਾ ਕੇ ਹਰਾਮਕਾਰ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।” ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਬਾਈਬਲ ਮੁਤਾਬਕ ਸ਼ਰਾਬੀ ਹੋਣਾ ਪਾਪ ਹੈ।—1 ਕੁਰਿੰਥੀਆਂ 5:11; 6:9, 10.
4 ਸ਼ਰਾਬੀ ਹੋਣ ਦੇ ਲੱਛਣਾਂ ਬਾਰੇ ਬਾਈਬਲ ਕਹਿੰਦੀ ਹੈ: “ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਜਦ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ! ਓੜਕ ਉਹ ਸੱਪ ਦੀ ਨਿਆਈਂ ਡੱਸਦੀ, ਅਤੇ ਠੂਹੇਂ ਵਾਂਙੁ ਡੰਗ ਮਾਰਦੀ ਹੈ! ਤੇਰੀਆਂ ਅੱਖੀਆਂ ਅਣੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਉਚਰੇਗਾ!” (ਕਹਾਉਤਾਂ 23:31-33) ਜ਼ਿਆਦਾ ਪੀਣੀ ਜ਼ਹਿਰੀਲੇ ਸੱਪ ਦੇ ਡੰਗ ਵਾਂਗ ਹੈ, ਪੀਣ ਵਾਲੇ ਦਾ ਜੀਅ ਕੱਚਾ ਹੁੰਦਾ ਹੈ, ਉਸ ਦੀ ਮੱਤ ਮਾਰੀ ਜਾਂਦੀ ਹੈ ਅਤੇ ਉਹ ਬੇਹੋਸ਼ ਵੀ ਹੋ ਸਕਦਾ ਹੈ। ਸ਼ਰਾਬੀ ਸ਼ਾਇਦ “ਅਣੋਖੀਆਂ ਚੀਜ਼ਾਂ” ਦੇਖੇ। ਉਸ ਦੀ ਜ਼ਬਾਨ ਖੁੱਲ੍ਹ ਜਾਂਦੀ ਹੈ ਅਤੇ ਉਹ ਸ਼ਾਇਦ ਜੋਸ਼ ਵਿਚ ਆ ਕੇ ਪੁੱਠੀਆਂ ਗੱਲਾਂ ਕਰੇ।
5. ਜ਼ਿਆਦਾ ਪੀਣ ਦਾ ਕੀ ਖ਼ਤਰਾ ਹੈ?
5 ਉਦੋਂ ਕੀ ਜਦ ਕੋਈ ਪੀਣ ਦੇ ਬਾਵਜੂਦ ਧਿਆਨ ਰੱਖਦਾ ਹੈ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਉਸ ਨੂੰ ਚੜ੍ਹ ਗਈ ਹੈ? ਇਹ ਸੱਚ ਹੈ ਕਿ ਕੁਝ ਬੰਦਿਆਂ ਵਿਚ ਕਈ ਗਲਾਸੀਆਂ ਪੀਣ ਤੋਂ ਬਾਅਦ ਵੀ ਲੱਗੇ ਕਿ ਅਜੇ ਸ਼ਰਾਬ ਦਾ ਨਸ਼ਾ ਨਹੀਂ ਚੜ੍ਹਿਆ। ਪਰ ਅਜਿਹੀ ਆਦਤ ਪੈਦਾ ਕਰਨੀ ਖ਼ਤਰੇ ਤੋਂ ਬਾਹਰ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹੋ। (ਯਿਰਮਿਯਾਹ 17:9) ਹੌਲੀ-ਹੌਲੀ ਤੁਹਾਨੂੰ ਪੀਣ ਦੀ ਲਤ ਲੱਗ ਸਕਦੀ ਹੈ ਅਤੇ ਤੁਸੀਂ ‘ਮੈ ਦੇ ਗੁਲਾਮ’ ਬਣ ਸਕਦੇ ਹੋ। (ਤੀਤੁਸ 2:3) ਇਕ ਲੇਖਕ ਨੇ ਕਿਹਾ: ‘ਕੋਈ ਸ਼ਰਾਬ ਦਾ ਆਦੀ ਜਾਂ ਅਮਲੀ ਸਹਿਜੇ-ਸਹਿਜੇ ਬਣਦਾ ਹੈ।’ ਹਾਂ, ਸ਼ਰਾਬ ਤੁਹਾਨੂੰ ਧੋਖਾ ਜ਼ਰੂਰ ਦੇ ਸਕਦੀ ਹੈ!
6. ਸਾਨੂੰ ਹੱਦੋਂ ਵੱਧ ਖਾਣ-ਪੀਣ ਤੋਂ ਪਰਹੇਜ਼ ਕਿਉਂ ਕਰਨਾ ਚਾਹੀਦਾ ਹੈ?
6 ਯਿਸੂ ਦੀ ਚੇਤਾਵਨੀ ਵੱਲ ਵੀ ਧਿਆਨ ਦਿਓ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ।” (ਲੂਕਾ 21:34, 35) ਭਾਵੇਂ ਕੋਈ ਸ਼ਰਾਬੀ ਹੋਣ ਦੀ ਹੱਦ ਤਕ ਨਹੀਂ ਪੀਂਦਾ, ਫਿਰ ਵੀ ਉਹ ਥੋੜ੍ਹੀ ਪੀਣ ਨਾਲ ਹੀ ਮਸਤ ਅਤੇ ਆਲਸੀ ਬਣ ਸਕਦਾ ਹੈ। ਇਸ ਦਾ ਸਾਡੇ ਸਰੀਰ ਉੱਤੇ ਅਸਰ ਪੈਣ ਤੋਂ ਇਲਾਵਾ ਸਾਡੀ ਨਿਹਚਾ ਤੇ ਵੀ ਅਸਰ ਪੈਂਦਾ ਹੈ। ਜੇ ਅਜਿਹੀ ਹਾਲਤ ਵਿਚ ਯਹੋਵਾਹ ਦਾ ਦਿਨ ਆ ਜਾਵੇ, ਤਾਂ ਸਾਡਾ ਕੀ ਬਣੇਗਾ?
ਬਹੁਤੀ ਪੀਣ ਦੇ ਨਤੀਜੇ
7. ਬਹੁਤੀ ਪੀਣੀ 2 ਕੁਰਿੰਥੀਆਂ 7:1 ਦੀ ਸਲਾਹ ਦੇ ਖ਼ਿਲਾਫ਼ ਕਿਵੇਂ ਹੈ?
7 ਬਹੁਤੀ ਪੀਣ ਨਾਲ ਕਈ ਨੁਕਸਾਨ ਹੋ ਸਕਦੇ ਹਨ। ਪਹਿਲਾਂ ਤਾਂ ਸਾਡੀ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ। ਮਿਸਾਲ ਲਈ, ਸ਼ਰਾਬ ਦੀ ਕੁਵਰਤੋਂ ਕਰਕੇ ਸਾਡਾ ਜਿਗਰ ਸੜ ਜਾਂ ਸੁੱਜ ਸਕਦਾ ਅਤੇ ਹੱਥ ਕੰਬਣ ਲੱਗ ਸਕਦੇ ਹਨ। ਜ਼ਿਆਦਾ ਸਮੇਂ ਲਈ ਸ਼ਰਾਬ ਦੀ ਕੁਵਰਤੋਂ ਕਰਨ ਨਾਲ ਕੈਂਸਰ, ਸ਼ੱਕਰ ਰੋਗ, ਦਿਲ ਅਤੇ ਪੇਟ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਸੋ ਬਹੁਤੀ ਪੀਣੀ ਬਾਈਬਲ ਦੀ ਇਸ ਸਲਾਹ ਦੇ ਬਿਲਕੁਲ ਖ਼ਿਲਾਫ਼ ਹੈ: “ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।”—2 ਕੁਰਿੰਥੀਆਂ 7:1.
8. ਕਹਾਉਤਾਂ 23:20, 21 ਦੇ ਅਨੁਸਾਰ ਬੇਹੱਦ ਸ਼ਰਾਬ ਪੀਣ ਦਾ ਕੀ ਨਤੀਜਾ ਨਿਕਲ ਸਕਦਾ ਹੈ?
8 ਬੇਹੱਦ ਸ਼ਰਾਬ ਪੀਣ ਕਰਕੇ ਪੈਸੇ ਵੀ ਬਰਬਾਦ ਹੁੰਦੇ ਹਨ ਅਤੇ ਨੌਕਰੀ ਵੀ ਛੁੱਟ ਸਕਦੀ ਹੈ। ਪ੍ਰਾਚੀਨ ਇਸਰਾਏਲ ਦੇ ਸੁਲੇਮਾਨ ਪਾਤਸ਼ਾਹ ਨੇ ਇਹ ਚੇਤਾਵਨੀ ਦਿੱਤੀ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ।” ਕਿਉਂ? “ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।”—ਕਹਾਉਤਾਂ 23:20, 21.
9. ਇਹ ਬੁੱਧੀਮਤਾ ਦੀ ਗੱਲ ਕਿਉਂ ਹੈ ਕਿ ਕਾਰ ਚਲਾਉਣ ਤੋਂ ਪਹਿਲਾਂ ਕੋਈ ਸ਼ਰਾਬ ਨਾ ਪੀਵੇ?
9 ਸ਼ਰਾਬ ਦੇ ਅਮਲ ਬਾਰੇ ਇਕ ਵਿਸ਼ਵ-ਕੋਸ਼ ਵਿਚ ਇਕ ਹੋਰ ਨੁਕਸਾਨ ਬਾਰੇ ਗੱਲ ਕੀਤੀ ਗਈ ਹੈ: “ਸ਼ਰਾਬ ਪੀਣ ਤੋਂ ਬਾਅਦ ਤੁਸੀਂ ਠੀਕ ਤਰ੍ਹਾਂ ਕਾਰ ਨਹੀਂ ਚਲਾ ਸਕਦੇ ਕਿਉਂਕਿ ਤੁਹਾਨੂੰ ਸਭ ਕੁਝ ਕਰਨ ਲਈ ਜ਼ਿਆਦਾ ਸਮਾਂ ਲੱਗਦਾ ਹੈ। ਤੁਹਾਡਾ ਧਿਆਨ, ਨਜ਼ਰ ਤੇ ਫ਼ੈਸਲੇ ਕਰਨ ਦੀ ਕਾਬਲੀਅਤ ਵੀ ਘੱਟਦੀ ਹੈ।” ਪੀਣ ਤੋਂ ਬਾਅਦ ਕਾਰ ਚਲਾਉਣ ਦੇ ਨਤੀਜੇ ਭਿਆਨਕ ਹੋ ਸਕਦੇ ਹਨ। ਪੀਣ ਕਰਕੇ ਹਰ ਸਾਲ ਹਜ਼ਾਰਾਂ ਲੋਕ ਹਾਦਸਿਆਂ ਵਿਚ ਮਾਰੇ ਜਾਂਦੇ ਹਨ ਅਤੇ ਲੱਖਾਂ ਲੋਕ ਜ਼ਖ਼ਮੀ ਹੋ ਜਾਂਦੇ ਹਨ। ਇਸ ਵਿਚ ਸਭ ਤੋਂ ਜ਼ਿਆਦਾ ਖ਼ਤਰਾ ਨੌਜਵਾਨਾਂ ਨੂੰ ਹੁੰਦਾ ਹੈ ਕਿਉਂਕਿ ਉਹ ਕਾਰ ਚਲਾਉਣ ਵਿਚ ਅਤੇ ਪੀਣ ਵਿਚ ਅਨਾੜੀ ਹੁੰਦੇ ਹਨ। ਜੇ ਕੋਈ ਇਨਸਾਨ ਬਹੁਤੀ ਸ਼ਰਾਬ ਪੀਣ ਤੋਂ ਬਾਅਦ ਗੱਡੀ ਚਲਾਵੇ, ਤਾਂ ਕੀ ਉਹ ਕਹਿ ਸਕਦਾ ਹੈ ਕਿ ਉਹ ਯਹੋਵਾਹ ਵੱਲੋਂ ਜੀਵਨ ਦੀ ਦਾਤ ਦੀ ਕਦਰ ਕਰਦਾ ਹੈ? (ਜ਼ਬੂਰਾਂ ਦੀ ਪੋਥੀ 36:9) ਜੀਵਨ ਪਵਿੱਤਰ ਹੈ। ਇਸ ਲਈ ਬਿਹਤਰ ਹੋਵੇਗਾ ਕਿ ਕਾਰ ਚਲਾਉਣ ਤੋਂ ਪਹਿਲਾਂ ਤੁਸੀਂ ਸ਼ਰਾਬ ਨਾ ਪੀਓ।
10. ਸਾਡੇ ਮਨ ਉੱਤੇ ਸ਼ਰਾਬ ਦਾ ਕੀ ਅਸਰ ਹੋ ਸਕਦਾ ਹੈ ਅਤੇ ਇਹ ਖ਼ਤਰਨਾਕ ਕਿਉਂ ਹੈ?
10 ਬਹੁਤੀ ਪੀਣ ਕਰਕੇ ਸਾਡੇ ਸਰੀਰ ਨੂੰ ਹੀ ਖ਼ਤਰਾ ਨਹੀਂ ਹੁੰਦਾ, ਸਗੋਂ ਸਾਡੇ ਮਨ ਉੱਤੇ ਵੀ ਬੁਰਾ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਮਧ ਅਤੇ ਨਵੀਂ ਮੈ, ਏਹ ਮੱਤ ਮਾਰ ਲੈਂਦੀਆਂ ਹਨ।” (ਹੋਸ਼ੇਆ 4:11) ਸ਼ਰਾਬ ਦਾ ਮਨ ਉੱਤੇ ਕਿਹੋ ਜਿਹਾ ਅਸਰ ਹੁੰਦਾ ਹੈ? ਇਕ ਪੁਸਤਕ ਅਨੁਸਾਰ “ਜਦੋਂ ਕੋਈ ਸ਼ਰਾਬ ਪੀਂਦਾ ਹੈ, ਤਾਂ ਸ਼ਰਾਬ ਪਾਚਨ-ਪ੍ਰਣਾਲੀ ਰਾਹੀਂ ਖ਼ੂਨ ਦੀਆਂ ਨਾੜੀਆਂ ਵਿਚ ਜਾ ਵੜਦੀ ਹੈ ਅਤੇ ਜਲਦੀ ਦਿਮਾਗ਼ ਤਕ ਚੜ੍ਹ ਜਾਂਦੀ ਹੈ। ਫਿਰ ਇਹ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਨੂੰ ਧੀਮੇ ਕਰਦੀ ਹੈ ਜੋ ਉਸ ਦੀ ਸੋਚਣੀ ਅਤੇ ਉਸ ਦੇ ਜਜ਼ਬਾਤਾਂ ਉੱਤੇ ਕਾਬੂ ਰੱਖਦੇ ਹਨ। ਉਹ ਆਪਣਾ ਆਤਮ-ਸੰਜਮ ਖੋਹ ਬੈਠਦਾ ਹੈ।” ਅਜਿਹੀ ਹਾਲਤ ਵਿਚ ਸ਼ਾਇਦ ਅਸੀਂ ਸ਼ਰਾਬ ਤੋਂ ‘ਧੋਖਾ ਖਾ’ ਕੇ ਕਿਸੇ ਨਾਲ ਛੇੜ-ਛਾੜ ਕਰਨ ਲੱਗ ਪਈਏ ਜਾਂ ਹੋਰ ਕੋਈ ਗ਼ਲਤੀ ਕਰ ਬੈਠੀਏ।—ਕਹਾਉਤਾਂ 20:1.
11, 12. ਬਹੁਤੀ ਪੀਣ ਕਰਕੇ ਹੋਰ ਕਿਹੜੇ ਨੁਕਸਾਨ ਹੋ ਸਕਦੇ ਹਨ?
11 ਇਸ ਤੋਂ ਇਲਾਵਾ ਬਾਈਬਲ ਵਿਚ ਸਾਨੂੰ ਇਹ ਹੁਕਮ ਦਿੱਤਾ ਜਾਂਦਾ ਹੈ: “ਭਾਵੇਂ ਤੁਸੀਂ ਖਾਂਦੇ ਭਾਵੇਂ ਪਿੰਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।” (1 ਕੁਰਿੰਥੀਆਂ 10:31) ਕੀ ਬਹੁਤ ਸਾਰੀ ਸ਼ਰਾਬ ਪੀਣ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ? ਕੋਈ ਵੀ ਮਸੀਹੀ ਸ਼ਰਾਬੀ ਨਹੀਂ ਬਣਨਾ ਚਾਹੇਗਾ। ਇਸ ਤਰ੍ਹਾਂ ਯਹੋਵਾਹ ਦੀ ਵਡਿਆਈ ਹੋਣ ਦੀ ਬਜਾਇ ਉਸ ਦੀ ਬਦਨਾਮੀ ਹੋਵੇਗੀ।
12 ਜੇ ਇਕ ਮਸੀਹੀ ਦੇ ਬਹੁਤੀ ਪੀਣ ਕਰਕੇ ਕੋਈ ਭੈਣ-ਭਰਾ ਜਾਂ ਯਿਸੂ ਦਾ ਕੋਈ ਨਵਾਂ ਚੇਲਾ ਠੇਡਾ ਖਾਵੇ, ਤਾਂ ਕੀ ਹੋਵੇਗਾ? (ਰੋਮੀਆਂ 14:21) ਯਿਸੂ ਨੇ ਸਾਨੂੰ ਖ਼ਬਰਦਾਰ ਕੀਤਾ: “ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਚੰਗਾ ਸੀ ਜੋ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਦੇ ਡੂੰਘਾਣ ਵਿੱਚ ਡੋਬਿਆ ਜਾਂਦਾ।” (ਮੱਤੀ 18:6) ਸ਼ਰਾਬ ਦੀ ਕੁਵਰਤੋਂ ਕਰਕੇ ਅਸੀਂ ਕਲੀਸਿਯਾ ਵਿਚ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਹੱਥ ਧੋ ਸਕਦੇ ਹਾਂ। (1 ਤਿਮੋਥਿਉਸ 3:1-3, 8) ਇਹ ਵੀ ਯਾਦ ਰੱਖੋ ਕਿ ਸ਼ਰਾਬ ਦੀ ਕੁਵਰਤੋਂ ਕਰਕੇ ਘਰ ਵਿਚ ਕਲੇਸ਼ ਖੜ੍ਹਾ ਹੋ ਸਕਦਾ ਹੈ।
ਖ਼ਤਰਿਆਂ ਤੋਂ ਬਚੋ!
13. ਜ਼ਿਆਦਾ ਸ਼ਰਾਬ ਪੀਣ ਦੇ ਖ਼ਤਰੇ ਤੋਂ ਬਚਣ ਲਈ ਸਾਨੂੰ ਕੀ ਸਮਝਣ ਦੀ ਲੋੜ ਹੈ?
13 ਜੇ ਕੋਈ ਕਹੇ ਕਿ ਭਾਵੇਂ ਮੈਂ ਬਹੁਤ ਪੀ ਲਈ ਹੈ, ਪਰ ਮੈਂ ਸ਼ਰਾਬੀ ਨਹੀਂ ਹੋਇਆ, ਤਾਂ ਕੀ ਇਹ ਠੀਕ ਹੈ? ਅਸੀਂ ਸ਼ਰਾਬੀ ਹੋਣ ਬਾਰੇ ਨਹੀਂ ਪਰ ਹੱਦੋਂ ਵੱਧ ਪੀਣ ਬਾਰੇ ਗੱਲ ਕਰ ਰਹੇ ਹਾਂ। ਜ਼ਿਆਦਾ ਸ਼ਰਾਬ ਪੀਣ ਦੇ ਖ਼ਤਰੇ ਤੋਂ ਬਚਣ ਲਈ ਸਾਨੂੰ ਸਮਝਣ ਦੀ ਲੋੜ ਹੈ ਕਿ ਹੱਦੋਂ ਵੱਧ ਅਤੇ ਹਿਸਾਬ ਨਾਲ ਪੀਣ ਵਿਚ ਕੀ ਫ਼ਰਕ ਹੈ। ਕੌਣ ਫ਼ੈਸਲਾ ਕਰ ਸਕਦਾ ਹੈ ਕਿ ਕਦੋਂ ਤੁਸੀਂ ਬਹੁਤੀ ਪੀ ਲਈ ਹੈ? ਇਸ ਦਾ ਫ਼ੈਸਲਾ ਹਰੇਕ ਨੂੰ ਆਪ ਕਰਨਾ ਪਵੇਗਾ, ਪਰ ਇਹ ਕਰਦੇ ਹੋਏ ਬਹੁਤ ਸਾਰੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਪੈਂਦੀਆਂ ਹਨ। ਹਰੇਕ ਨੂੰ ਆਪ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੰਨੀ ਪੀ ਸਕਦਾ ਹੈ ਤੇ ਉਸ ਨੂੰ ਇਸ ਤੋਂ ਘੱਟ ਪੀਣੀ ਚਾਹੀਦੀ ਹੈ। ਤੁਸੀਂ ਕਿਵੇਂ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਡੇ ਲਈ ਕਿੰਨੀ ਸ਼ਰਾਬ ਕਾਫ਼ੀ ਹੈ? ਇਸ ਮਾਮਲੇ ਵਿਚ ਕਿਹੜੀ ਸਲਾਹ ਸਾਡੀ ਮਦਦ ਕਰ ਸਕਦੀ ਹੈ?
14. ਹੱਦੋਂ ਵੱਧ ਤੇ ਹਿਸਾਬ ਨਾਲ ਪੀਣ ਵਿਚ ਫ਼ਰਕ ਸਮਝਣ ਵਿਚ ਕਿਹੜੀ ਸਲਾਹ ਸਾਡੀ ਮਦਦ ਕਰ ਸਕਦੀ ਹੈ?
14 ਬਾਈਬਲ ਵਿਚ ਲਿਖਿਆ ਹੈ: “ਤੂੰ ਬੁੱਧੀ ਤੇ ਸੂਝ ਨੂੰ ਆਪਣੇ ਤੋਂ ਵੱਖ ਨਾ ਹੋਣ ਦੇ, ਸਗੋਂ ਤੂੰ ਉਹਨਾਂ ਨੂੰ ਸਾਂਭ ਕੇ ਰੱਖ। ਉਹਨਾਂ ਤੋਂ ਤੈਨੂੰ ਜੀਵਨ ਮਿਲੇਗਾ ਅਤੇ ਉਹ ਤੇਰੇ ਗਲੇ ਦੀ ਸੁੰਦਰਤਾ ਦਾ ਹਾਰ ਹੋਣਗੇ।” (ਕਹਾਉਤਾਂ 3:21, 22, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸੋ ਸਲਾਹ ਇਹ ਹੈ: ਜਿੰਨੀ ਕੁ ਸ਼ਰਾਬ ਤੁਹਾਨੂੰ ਖ਼ਰਾਬ ਕਰਦੀ ਹੈ ਯਾਨੀ ਤੁਹਾਡੀ ਬੁੱਧੀ ਅਤੇ ਸੋਚਣ ਦੀ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ, ਉੱਨੀ ਹੀ ਤੁਹਾਡੇ ਲਈ ਹੱਦੋਂ ਵੱਧ ਹੈ। ਪਰ ਤੁਹਾਨੂੰ ਸੱਚੇ ਦਿਲੋਂ ਠਾਣ ਲੈਣਾ ਚਾਹੀਦਾ ਹੈ ਕਿ ਕਿੰਨੀ ਪੀਣ ਤੋਂ ਬਾਅਦ ਤੁਸੀਂ ਬੱਸ ਕਰੋਗੇ।
15. ਕਿਨ੍ਹਾਂ ਕੁਝ ਹਾਲਾਤਾਂ ਵਿਚ ਸ਼ਰਾਬ ਪੀਣੀ ਹੀ ਨਹੀਂ ਚਾਹੀਦੀ?
15 ਕੁਝ ਹਾਲਾਤਾਂ ਵਿਚ ਸ਼ਰਾਬ ਪੀਣੀ ਹੀ ਨਹੀਂ ਚਾਹੀਦੀ। ਮਾਂ ਬਣਨ ਵਾਲੀ ਔਰਤ ਅਣਜੰਮੇ ਬੱਚੇ ਨੂੰ ਸ਼ਰਾਬ ਦਾ ਖ਼ਤਰਾ ਜਾਣਦੀ ਹੋਈ ਸ਼ਾਇਦ ਇਕ ਘੁੱਟ ਵੀ ਨਾ ਪੀਵੇ। ਜੇ ਕੋਈ ਪੀਣ ਦੀ ਆਦਤ ਤੋੜ ਰਿਹਾ ਹੈ ਜਾਂ ਕੋਈ ਸ਼ਰਾਬ ਪੀਣ ਨੂੰ ਬੁਰਾ ਸਮਝਦਾ ਹੈ, ਤਾਂ ਉਨ੍ਹਾਂ ਸਾਮ੍ਹਣੇ ਨਾ ਪੀਣੀ ਚੰਗੀ ਗੱਲ ਹੋਵੇਗੀ। ਯਹੋਵਾਹ ਨੇ ਆਪਣੇ ਡੇਹਰੇ ਵਿਚ ਸੇਵਾ ਕਰਨ ਵਾਲਿਆਂ ਜਾਜਕਾਂ ਨੂੰ ਇਹ ਹੁਕਮ ਦਿੱਤਾ ਸੀ: “ਕੋਈ ਮਧ ਯਾ ਨਸ਼ਾ ਨਾ ਪੀਣਾ, . . . ਜਿਸ ਵੇਲੇ ਤੁਸੀਂ ਮੰਡਲੀ ਦੇ ਡੇਰੇ ਵਿੱਚ ਜਾਓ ਜੋ ਤੁਸੀਂ ਮਰੋ ਨਾ।” (ਲੇਵੀਆਂ 10:8, 9) ਇਸ ਲਈ ਸਾਨੂੰ ਸਭਾਵਾਂ ਵਿਚ ਜਾਣ ਤੋਂ ਪਹਿਲਾਂ, ਪ੍ਰਚਾਰ ਕਰਦੇ ਸਮੇਂ ਜਾਂ ਹੋਰ ਕੋਈ ਸੇਵਾ ਕਰਦੇ ਹੋਏ ਸ਼ਰਾਬ ਨਹੀਂ ਪੀਣੀ ਚਾਹੀਦੀ। ਜਿਨ੍ਹਾਂ ਦੇਸ਼ਾਂ ਵਿਚ ਕਾਨੂੰਨ ਸ਼ਰਾਬ ਨੂੰ ਮਨ੍ਹਾ ਕਰਦਾ ਹੈ ਜਾਂ ਸਿਰਫ਼ ਉਮਰ ਦੇ ਹਿਸਾਬ ਨਾਲ ਪੀਣ ਦਿੰਦਾ ਹੈ, ਉਨ੍ਹਾਂ ਦੇਸ਼ਾਂ ਵਿਚ ਇਸ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।—ਰੋਮੀਆਂ 13:1.
16. ਜਦ ਤੁਹਾਨੂੰ ਪੀਣ ਦਾ ਮੌਕਾ ਮਿਲਦਾ ਹੈ, ਤਾਂ ਤੁਹਾਨੂੰ ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ?
16 ਜਦ ਤੁਹਾਨੂੰ ਸ਼ਰਾਬ ਲੈਣ ਲਈ ਪੁੱਛਿਆ ਜਾਂਦਾ ਹੈ, ਤਾਂ ਜਲਦੀ ਹਾਂ ਕਹਿਣ ਦੀ ਬਜਾਇ ਪਹਿਲਾਂ ਆਪਣੇ ਆਪ ਨੂੰ ਇਹ ਸਵਾਲ ਪੁੱਛੋ: ‘ਕੀ ਮੈਨੂੰ ਪੀਣੀ ਚਾਹੀਦੀ ਹੈ ਕਿ ਨਹੀਂ?’ ਜੇ ਤੁਸੀਂ ਪੀਣ ਦਾ ਫ਼ੈਸਲਾ ਕਰੋ, ਤਾਂ ਆਪਣੀ ਠਾਣੀ ਹੋਈ ਹੱਦ ਨਾ ਪਾਰ ਕਰੋ। ਇਹ ਗੱਲ ਤੁਹਾਨੂੰ ਉਦੋਂ ਵੀ ਯਾਦ ਰੱਖਣੀ ਚਾਹੀਦੀ ਹੈ ਜਦੋਂ ਕਿਸੇ ਸ਼ਾਦੀ ਜਾਂ ਪਾਰਟੀ ਵਿਚ ਮੁਫ਼ਤ ਸ਼ਰਾਬ ਮਿਲ ਰਹੀ ਹੁੰਦੀ ਹੈ। ਮੀਜ਼ਬਾਨ ਦੇ ਜ਼ੋਰ ਦੇਣ ਤੇ ਵੀ ਆਪਣਾ ਮਨ ਨਾ ਬਦਲੋ। ਕਈ ਥਾਵਾਂ ਵਿਚ ਬੱਚਿਆਂ ਨੂੰ ਕਾਨੂੰਨੀ ਤੌਰ ਤੇ ਸ਼ਰਾਬ ਲੈਣੀ ਮਨ੍ਹਾ ਨਹੀਂ ਹੈ। ਤਾਂ ਫਿਰ ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹ ਪੀ ਸਕਦੇ ਹਨ ਕਿ ਨਹੀਂ ਅਤੇ ਕਿੰਨੀ ਕੁ ਪੀਣੀ ਠੀਕ ਹੈ।—ਕਹਾਉਤਾਂ 22:6.
ਸ਼ਰਾਬ ਦੀ ਕੁਵਰਤੋਂ ਦੇ ਪਾਪ ਤੋਂ ਬਚੋ
17. ਤੁਸੀਂ ਕਿੱਦਾਂ ਪਤਾ ਲਾ ਸਕਦੇ ਹੋ ਕਿ ਤੁਸੀਂ ਸ਼ਰਾਬ ਦੀ ਕੁਵਰਤੋਂ ਕਰ ਰਹੇ ਹੋ ਕਿ ਨਹੀਂ?
17 ਕੀ ਤੁਸੀਂ ਸ਼ਰਾਬ ਦੀ ਕੁਵਰਤੋਂ ਕਰਦੇ ਹੋ? ਧੋਖਾ ਨਾ ਖਾਓ, ਇਸ ਦਾ ਅਸਰ ਤੁਹਾਡੇ ਉੱਤੇ ਜ਼ਰੂਰ ਹੋਵੇਗਾ। ਭਾਵੇਂ ਤੁਸੀਂ ਦੂਸਰਿਆਂ ਦੀਆਂ ਨਜ਼ਰਾਂ ਤੋਂ ਓਹਲੇ ਇਹ ਪਾਪ ਕਰ ਰਹੇ ਹੋ, ਫਿਰ ਵੀ ਇਕ-ਨ-ਇਕ ਦਿਨ ਤੁਹਾਡੀ ਚੋਰੀ ਪਕੜੀ ਜਾਵੇਗੀ। ਸੋ ਸੱਚੇ ਦਿਲੋਂ ਆਪਣੀ ਜਾਂਚ ਕਰੋ। ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਮੈਂ ਅੱਗੇ ਨਾਲੋਂ ਜ਼ਿਆਦਾ ਪੀਂਦਾ ਹਾਂ, ਜ਼ਿਆਦਾ ਵਾਰ ਪੀਂਦਾ ਹਾਂ ਜਾਂ ਜ਼ਿਆਦਾ ਤੇਜ਼ ਪੈੱਗ ਲਾਉਂਦਾ ਹਾਂ? ਕੀ ਮੈਂ ਮੁਸੀਬਤਾਂ ਵੇਲੇ ਆਪਣੇ ਮਨ ਦਾ ਬੋਝ ਹਲਕਾ ਕਰਨ ਲਈ ਪੀਂਦਾ ਹਾਂ? ਕੀ ਘਰ ਦੇ ਕਿਸੇ ਜੀਅ ਜਾਂ ਕਿਸੇ ਦੋਸਤ ਨੇ ਮੈਨੂੰ ਕਿਹਾ ਹੈ ਕਿ ਮੈਂ ਬਹੁਤ ਪੀਂਦਾ ਹਾਂ? ਕੀ ਮੇਰੇ ਪੀਣ ਕਰਕੇ ਘਰ ਵਿਚ ਮੁਸ਼ਕਲਾਂ ਖੜ੍ਹੀਆਂ ਹੋਈਆਂ ਹਨ? ਕੀ ਇਹ ਮੇਰੇ ਲਈ ਔਖਾ ਹੈ ਜੇ ਮੈਂ ਇਕ ਹਫ਼ਤਾ, ਇਕ ਮਹੀਨਾ ਜਾਂ ਕਈ ਮਹੀਨੇ ਨਾ ਪੀਵਾਂ? ਕੀ ਮੈਂ ਦੂਸਰਿਆਂ ਤੋਂ ਲੁਕਾਉਂਦਾ ਹਾਂ ਕਿ ਮੈਂ ਕਿੰਨੀ ਵਾਈਨ ਜਾਂ ਸ਼ਰਾਬ ਪੀਂਦਾ ਹਾਂ?’ ਜੇ ਇਨ੍ਹਾਂ ਕੁਝ ਸਵਾਲਾਂ ਦਾ ਜਵਾਬ ਹਾਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਉਸ ਮਨੁੱਖ ਵਰਗੇ ਨਾ ਬਣੋ ਜਿਹੜਾ ‘ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖ ਕੇ ਓਸੇ ਵੇਲੇ ਭੁੱਲ ਜਾਂਦਾ ਹੈ ਜੋ ਉਹ ਕਿਹੋ ਜਿਹਾ ਹੈ।’ (ਯਾਕੂਬ 1:22-24) ਇਸ ਸਮੱਸਿਆ ਦਾ ਹੱਲ ਲੱਭਣ ਲਈ ਕਦਮ ਚੁੱਕੋ। ਇਸ ਬਾਰੇ ਤੁਸੀਂ ਕੀ ਕਰ ਸਕਦੇ ਹੋ?
18, 19. ਸ਼ਰਾਬ ਦੀ ਕੁਵਰਤੋਂ ਨਾ ਕਰਨ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ?
18 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਮੈ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ ਸਗੋਂ ਆਤਮਾ ਨਾਲ ਭਰਪੂਰ ਹੋ ਜਾਓ।” (ਅਫ਼ਸੀਆਂ 5:18) ਫ਼ੈਸਲਾ ਕਰ ਲਓ ਕਿ ਹਿਸਾਬ ਨਾਲ ਤੁਸੀਂ ਕਿੰਨੀ ਕੁ ਪੀ ਸਕਦੇ ਹੋ ਅਤੇ ਠਾਣ ਲਓ ਕਿ ਤੁਸੀਂ ਇਸ ਹੱਦ ਨੂੰ ਪਾਰ ਨਹੀਂ ਕਰੋਗੇ। ਸੰਜਮ ਰੱਖੋ। (ਗਲਾਤੀਆਂ 5:22, 23) ਕੀ ਤੁਹਾਡੇ ਸਾਥੀ ਹੋਰ ਪੀਣ ਲਈ ਤੁਹਾਨੂੰ ਚੁੱਕਦੇ ਹਨ? ਖ਼ਬਰਦਾਰ ਰਹੋ। ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.
19 ਜੇ ਤੁਸੀਂ ਸਮੱਸਿਆਵਾਂ ਭੁੱਲਣ ਲਈ ਸ਼ਰਾਬ ਪੀਂਦੇ ਹੋ, ਤਾਂ ਇਸ ਤਰ੍ਹਾਂ ਕਰਨ ਦੀ ਬਜਾਇ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ। ਪਰਮੇਸ਼ੁਰ ਦੇ ਬਚਨ ਦੀ ਸਲਾਹ ਲਾਗੂ ਕਰੋ। (ਜ਼ਬੂਰਾਂ ਦੀ ਪੋਥੀ 119:105) ਕਿਸੇ ਬਜ਼ੁਰਗ ਦੀ ਮਦਦ ਲੈਣ ਤੋਂ ਨਾ ਸ਼ਰਮਾਓ। ਆਪਣੀ ਨਿਹਚਾ ਮਜ਼ਬੂਤ ਕਰਨ ਲਈ ਯਹੋਵਾਹ ਦੇ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਉਠਾਓ। ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ। ਲਗਾਤਾਰ ਪ੍ਰਾਰਥਨਾ ਕਰੋ, ਖ਼ਾਸ ਕਰਕੇ ਆਪਣੀ ਕਮਜ਼ੋਰੀ ਬਾਰੇ। ਉਸ ਅੱਗੇ ਦੁਆ ਕਰੋ ਕਿ ਉਹ ‘ਤੁਹਾਡੇ ਗੁਰਦੇ ਅਤੇ ਦਿਲ ਦੀ ਜਾਂਚ ਕਰੇ।’ (ਜ਼ਬੂਰਾਂ ਦੀ ਪੋਥੀ 26:2) ਪਿੱਛਲੇ ਲੇਖ ਦੇ ਮੁਤਾਬਕ ਖਰੀ ਚਾਲ ਚੱਲਣ ਦੀ ਪੂਰੀ ਕੋਸ਼ਿਸ਼ ਕਰੋ।
20. ਜੇ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਸੀਂ ਜ਼ਿਆਦਾ ਪੀਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
20 ਜੇ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਸੀਂ ਜ਼ਿਆਦਾ ਪੀਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਫਿਰ ਤੁਹਾਨੂੰ ਯਿਸੂ ਦੀ ਇਹ ਸਲਾਹ ਮੰਨਣੀ ਚਾਹੀਦੀ ਹੈ: “ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਸੁੱਟ। ਟੁੰਡਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ . . . ਜਾਵੇਂ।” (ਮਰਕੁਸ 9:42-44) ਕਹਿਣ ਦਾ ਭਾਵ ਕਿ ਤੁਹਾਨੂੰ ਸ਼ਰਾਬ ਪੀਣੀ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਇਕ ਵਿਅਕਤੀ ਨੇ ਇਸੇ ਤਰ੍ਹਾਂ ਕਰਨ ਦਾ ਇਰਾਦਾ ਕੀਤਾ ਹੈ। ਉਸ ਨੇ ਕਿਹਾ: “ਮੈਂ ਤਕਰੀਬਨ ਢਾਈ ਸਾਲ ਕੋਈ ਸ਼ਰਾਬ ਨਹੀਂ ਪੀਤੀ। ਪਰ ਜਦ ਮੇਰੇ ਮਨ ਵਿਚ ਇਹ ਸੋਚ ਆਉਂਦੀ ਹੈ ਕਿ ਇਕ ਗਲਾਸੀ ਪੀਣ ਦਾ ਕੀ ਫ਼ਰਕ ਪਵੇਗਾ ਜਾਂ ਜਦ ਮੇਰਾ ਪੀਣ ਨੂੰ ਜੀਅ ਕਰਦਾ ਹੈ, ਤਾਂ ਮੈਨੂੰ ਇਕਦਮ ਯਹੋਵਾਹ ਤੋਂ ਪ੍ਰਾਰਥਨਾ ਕਰਨ ਰਾਹੀਂ ਮਦਦ ਮਿਲਦੀ ਹੈ। ਮੈਂ ਠਾਣ ਲਿਆ ਹੈ ਕਿ ਜਦ ਤਕ ਮੈਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਨਾ ਵੜਾਂ, ਮੈਂ ਸ਼ਰਾਬ ਨੂੰ ਹੱਥ ਨਹੀਂ ਲਾਉਣਾ। ਅਰ ਸ਼ਾਇਦ ਮੈਂ ਉਦੋਂ ਵੀ ਨਾ ਪੀਵਾਂ।” ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸ਼ਰਾਬ ਤੋਂ ਬਿਲਕੁਲ ਪਰਹੇਜ਼ ਕਰਨਾ ਭਾਰੀ ਕੀਮਤ ਨਹੀਂ ਹੈ।—2 ਪਤਰਸ 3:13.
“ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ”
21, 22. ਸਾਨੂੰ ਜ਼ਿੰਦਗੀ ਦੀ ਦੌੜ ਪੂਰੀ ਕਰਨ ਤੋਂ ਕਿਹੜੀ ਗੱਲ ਰੋਕ ਸਕਦੀ ਹੈ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
21 ਪੌਲੁਸ ਰਸੂਲ ਨੇ ਇਕ ਮਸੀਹੀ ਦੀ ਜ਼ਿੰਦਗੀ ਦੀ ਤੁਲਨਾ ਇਕ ਦੌੜ ਨਾਲ ਕੀਤੀ ਸੀ। ਉਸ ਨੇ ਕਿਹਾ: “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ। ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂ। ਸੋ ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।”—1 ਕੁਰਿੰਥੀਆਂ 9:24-27.
22 ਇਨਾਮ ਸਿਰਫ਼ ਉਨ੍ਹਾਂ ਨੂੰ ਮਿਲਦਾ ਹੈ ਜੋ ਦੌੜ ਪੂਰੀ ਕਰਦੇ ਹਨ। ਜ਼ਿੰਦਗੀ ਦੀ ਦੌੜ ਵਿਚ ਸ਼ਰਾਬ ਦੀ ਕੁਵਰਤੋਂ ਸਾਨੂੰ ਅੰਤ ਤਕ ਪਹੁੰਚਣ ਤੋਂ ਰੋਕ ਸਕਦੀ ਹੈ। ਸਾਨੂੰ ਸੰਜਮੀ ਹੋਣ ਦੀ ਲੋੜ ਹੈ। ਦੌੜ ਖ਼ਤਮ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਧਿਆਨ ਰੱਖੀਏ ਕਿ ਅਸੀਂ ਹੱਦੋਂ ਵੱਧ ਸ਼ਰਾਬ ਨਹੀਂ ਪੀ ਰਹੇ। (1 ਪਤਰਸ 4:3) ਅਸਲ ਵਿਚ, ਸਾਨੂੰ ਹਰ ਕੰਮ ਵਿਚ ਸੰਜਮੀ ਹੋਣ ਦੀ ਲੋੜ ਹੈ। ਸ਼ਰਾਬ ਪੀਣ ਦੇ ਮਾਮਲੇ ਵਿਚ ਇਹ ਬੁੱਧੀਮਤਾ ਦੀ ਗੱਲ ਹੈ ਕਿ “ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ।”—ਤੀਤੁਸ 2:12.
[ਫੁਟਨੋਟ]
a ਇਸ ਲੇਖ ਵਿਚ ਸ਼ਰਾਬ ਦਾ ਮਤਲਬ ਹੈ ਬੀਅਰ, ਵਾਈਨ, ਦਾਰੂ, ਮੈ, ਨਸ਼ਾ-ਪਾਣੀ, ਵਗੈਰਾ।
ਕੀ ਤੁਹਾਨੂੰ ਯਾਦ ਹੈ?
• ਸ਼ਰਾਬ ਦੀ ਕੁਵਰਤੋਂ ਕੀ ਹੈ?
• ਬਹੁਤੀ ਪੀਣ ਨਾਲ ਕਿਹੜੇ ਨੁਕਸਾਨ ਹੋ ਸਕਦੇ ਹਨ?
• ਤੁਸੀਂ ਸ਼ਰਾਬ ਦੀ ਕੁਵਰਤੋਂ ਦੇ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ?
• ਜੇ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਸੀਂ ਜ਼ਿਆਦਾ ਪੀਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
[ਸਫ਼ੇ 19 ਉੱਤੇ ਤਸਵੀਰ]
ਸ਼ਰਾਬ “ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ”
[ਸਫ਼ੇ 20 ਉੱਤੇ ਤਸਵੀਰ]
ਹਰੇਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੰਨੀ ਪੀ ਸਕਦਾ ਹੈ ਅਤੇ ਉਸ ਨੂੰ ਇਸ ਤੋਂ ਘੱਟ ਪੀਣੀ ਚਾਹੀਦੀ ਹੈ
[ਸਫ਼ੇ 21 ਉੱਤੇ ਤਸਵੀਰ]
ਪਹਿਲਾਂ ਹੀ ਫ਼ੈਸਲਾ ਕਰ ਲਓ ਕਿ ਤੁਸੀਂ ਕਿੰਨੀ ਪੀਣ ਤੋਂ ਬਾਅਦ ਬੱਸ ਕਹੋਗੇ
[ਸਫ਼ੇ 22 ਉੱਤੇ ਤਸਵੀਰ]
ਆਪਣੀਆਂ ਕਮਜ਼ੋਰੀਆਂ ਬਾਰੇ ਲਗਾਤਾਰ ਪ੍ਰਾਰਥਨਾ ਕਰੋ
[ਸਫ਼ੇ 23 ਉੱਤੇ ਤਸਵੀਰ]
ਮਾਪਿਆਂ ਨੂੰ ਸ਼ਰਾਬ ਬਾਰੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦੀ ਹੈ