ਅਧਿਆਇ 14
ਯਿਸੂ ਦੇ ਪਹਿਲੇ ਚੇਲੇ
ਉਜਾੜ ਵਿਚ 40 ਦਿਨਾਂ ਦੇ ਬਾਅਦ, ਯਿਸੂ ਯੂਹੰਨਾ ਕੋਲ ਮੁੜਦਾ ਹੈ, ਜਿਸ ਨੇ ਉਸ ਨੂੰ ਬਪਤਿਸਮਾ ਦਿੱਤਾ ਸੀ। ਜਿਉਂ ਹੀ ਉਹ ਕੋਲ ਆਉਂਦਾ ਹੈ, ਪ੍ਰਤੱਖ ਤੌਰ ਤੇ ਯੂਹੰਨਾ ਉਸ ਵੱਲ ਸੰਕੇਤ ਕਰਦਾ ਹੈ ਅਤੇ ਉੱਥੇ ਹਾਜ਼ਰ ਲੋਕਾਂ ਨੂੰ ਆਖਦਾ ਹੈ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ! ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਸ਼ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ।” ਭਾਵੇਂ ਯੂਹੰਨਾ ਆਪਣੇ ਮਸੇਰੇ ਭਰਾ ਯਿਸੂ ਤੋਂ ਵੱਡਾ ਹੈ, ਯੂਹੰਨਾ ਜਾਣਦਾ ਹੈ ਕਿ ਯਿਸੂ ਸਵਰਗ ਵਿਚ ਇਕ ਆਤਮਿਕ ਵਿਅਕਤੀ ਦੇ ਤੌਰ ਤੇ ਉਸ ਤੋਂ ਪਹਿਲਾਂ ਹੋਂਦ ਵਿਚ ਸੀ।
ਪਰੰਤੂ, ਕੁਝ ਹਫ਼ਤੇ ਪਹਿਲਾਂ, ਜਦੋਂ ਯਿਸੂ ਬਪਤਿਸਮਾ ਲੈਣ ਨੂੰ ਆਇਆ, ਤਾਂ ਪ੍ਰਤੱਖ ਤੌਰ ਤੇ ਯੂਹੰਨਾ ਯਕੀਨ ਨਾਲ ਨਹੀਂ ਜਾਣਦਾ ਸੀ ਕਿ ਯਿਸੂ ਹੀ ਮਸੀਹਾ ਹੋਵੇਗਾ। “ਮੈਂ ਤਾਂ ਉਹ ਨੂੰ ਨਹੀਂ ਜਾਣਦਾ ਸਾਂ,” ਯੂਹੰਨਾ ਸਵੀਕਾਰ ਕਰਦਾ ਹੈ, “ਪਰ ਮੈਂ ਜਲ ਨਾਲ ਬਪਤਿਸਮਾ ਇਸ ਲਈ ਦਿੰਦਾ ਆਇਆ ਭਈ ਉਹ ਇਸਰਾਏਲ ਉੱਤੇ ਪਰਗਟ ਹੋਵੇ।”
ਯੂਹੰਨਾ ਅੱਗੇ ਸਰੋਤਿਆਂ ਨੂੰ ਸਮਝਾਉਂਦਾ ਹੈ ਕਿ ਕੀ ਹੋਇਆ ਸੀ ਜਦੋਂ ਉਸ ਨੇ ਯਿਸੂ ਨੂੰ ਬਪਤਿਸਮਾ ਦਿੱਤਾ: “ਮੈਂ ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ। ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ। ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।”
ਅਗਲੇ ਦਿਨ ਯੂਹੰਨਾ ਆਪਣੇ ਦੋ ਚੇਲਿਆਂ ਨਾਲ ਖੜ੍ਹਾ ਹੈ। ਇਕ ਵਾਰ ਫਿਰ, ਜਿਉਂ ਹੀ ਯਿਸੂ ਕੋਲ ਆਉਂਦਾ ਹੈ, ਉਹ ਕਹਿੰਦਾ ਹੈ: “ਵੇਖੋ ਪਰਮੇਸ਼ੁਰ ਦਾ ਲੇਲਾ!” ਇਸ ਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਇਹ ਦੋਨੋਂ ਚੇਲੇ ਯਿਸੂ ਦੇ ਮਗਰ ਤੁਰ ਪਏ। ਉਨ੍ਹਾਂ ਵਿੱਚੋਂ ਇਕ ਅੰਦ੍ਰਿਯਾਸ ਹੈ ਅਤੇ ਦੂਜਾ ਸਪੱਸ਼ਟ ਤੌਰ ਤੇ ਉਹੀ ਵਿਅਕਤੀ ਹੈ ਜਿਸ ਨੇ ਇਹ ਗੱਲਾਂ ਲਿਖੀਆਂ, ਜਿਸ ਦਾ ਨਾਂ ਵੀ ਯੂਹੰਨਾ ਸੀ। ਕਈ ਸੰਕੇਤਾਂ ਅਨੁਸਾਰ, ਇਹ ਯੂਹੰਨਾ ਪ੍ਰਤੱਖ ਤੌਰ ਤੇ ਮਰਿਯਮ ਦੀ ਭੈਣ, ਸਲੋਮੀ ਦਾ ਪੁੱਤਰ ਹੋਣ ਦੇ ਨਾਤੇ, ਯਿਸੂ ਦਾ ਮਸੇਰਾ ਭਰਾ ਵੀ ਹੈ।
ਯਿਸੂ ਨੇ ਮੁੜ ਕੇ ਅੰਦ੍ਰਿਯਾਸ ਅਤੇ ਯੂਹੰਨਾ ਨੂੰ ਆਪਣੇ ਮਗਰ ਆਉਂਦਿਆਂ ਦੇਖ ਕੇ ਪੁੱਛਿਆ: “ਤੁਸੀਂ ਕੀ ਭਾਲਦੇ ਹੋ?”
“ਹੇ ਰੱਬੀ!” ਉਹ ਪੁਛਦੇ ਹਨ, “ਤੁਸੀਂ ਕਿੱਥੇ ਟਿਕਦੇ ਹੋ?”
“ਆਓ ਤਾਂ ਵੇਖੋਗੇ,” ਯਿਸੂ ਜਵਾਬ ਦਿੰਦਾ ਹੈ।
ਲਗਭਗ ਸ਼ਾਮ ਦੇ ਚਾਰ ਵਜੇ ਹਨ, ਅਤੇ ਅੰਦ੍ਰਿਯਾਸ ਅਤੇ ਯੂਹੰਨਾ ਬਾਕੀ ਦਾ ਸਾਰਾ ਦਿਨ ਯਿਸੂ ਨਾਲ ਰਹਿੰਦੇ ਹਨ। ਬਾਅਦ ਵਿਚ ਅੰਦ੍ਰਿਯਾਸ ਇੰਨਾ ਉਤੇਜਿਤ ਹੁੰਦਾ ਹੈ ਕਿ ਉਹ ਆਪਣੇ ਭਰਾ, ਜੋ ਪਤਰਸ ਅਖਵਾਉਂਦਾ ਹੈ, ਨੂੰ ਲੱਭਣ ਲਈ ਭੱਜਿਆ ਜਾਂਦਾ ਹੈ। ‘ਅਸਾਂ ਮਸੀਹਾ ਨੂੰ ਲੱਭ ਲਿਆ ਹੈ!’ ਉਹ ਉਸ ਨੂੰ ਦੱਸਦਾ ਹੈ। ਅਤੇ ਉਹ ਪਤਰਸ ਨੂੰ ਯਿਸੂ ਕੋਲ ਲੈ ਜਾਂਦਾ ਹੈ। ਸ਼ਾਇਦ ਯੂਹੰਨਾ ਉਸੇ ਸਮੇਂ ਆਪਣੇ ਭਰਾ ਯਾਕੂਬ ਨੂੰ ਲੱਭਦਾ ਹੈ ਅਤੇ ਉਸ ਨੂੰ ਯਿਸੂ ਕੋਲ ਲਿਆਉਂਦਾ ਹੈ; ਪਰੰਤੂ, ਯੂਹੰਨਾ ਆਪਣੇ ਸੁਭਾਅ ਦੇ ਅਨੁਸਾਰ ਇਸ ਨਿੱਜੀ ਜਾਣਕਾਰੀ ਨੂੰ ਆਪਣੇ ਖ਼ੁਸ਼ ਖ਼ਬਰੀ ਦੇ ਬਿਰਤਾਂਤ ਵਿਚ ਸ਼ਾਮਲ ਨਹੀਂ ਕਰਦਾ ਹੈ।
ਅਗਲੇ ਦਿਨ, ਯਿਸੂ ਨੂੰ ਫ਼ਿਲਿੱਪੁਸ ਮਿਲਦਾ ਹੈ, ਜੋ ਬੈਤਸੈਦੇ ਤੋਂ ਹੈ, ਉਹੀ ਨਗਰ ਜਿੱਥੋਂ ਮੁੱਢਲੇ ਤੌਰ ਤੇ ਅੰਦ੍ਰਿਯਾਸ ਅਤੇ ਪਤਰਸ ਆਏ ਸਨ। ਉਹ ਉਸ ਨੂੰ ਸੱਦਾ ਦਿੰਦਾ ਹੈ: “ਮੇਰੇ ਪਿੱਛੇ ਹੋ ਤੁਰ।”
ਫ਼ਿਲਿੱਪੁਸ ਫਿਰ ਨਥਾਨਿਏਲ ਨੂੰ ਲੱਭਦਾ ਹੈ, ਜੋ ਬਰਥੁਲਮਈ ਵੀ ਅਖਵਾਉਂਦਾ ਹੈ, ਅਤੇ ਕਹਿੰਦਾ ਹੈ: “ਜਿਹ ਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਅਤੇ ਨਬੀਆਂ ਨੇ ਲਿਖਿਆ ਸੋ ਅਸਾਂ ਉਸ ਨੂੰ ਲੱਭ ਲਿਆ ਹੈ, ਉਹ ਯੂਸੁਫ਼ ਦਾ ਪੁੱਤ੍ਰ ਯਿਸੂ ਨਾਸਰਤ ਦਾ ਹੈ।” ਨਥਾਨਿਏਲ ਸੰਦੇਹਪੂਰਣ ਹੁੰਦਾ ਹੈ। “ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ?” ਉਹ ਪੁੱਛਦਾ ਹੈ।
“ਆ ਅਤੇ ਵੇਖ,” ਫ਼ਿਲਿੱਪੁਸ ਜ਼ੋਰ ਪਾਉਂਦਾ ਹੈ। ਜਦੋਂ ਉਹ ਯਿਸੂ ਵੱਲ ਆ ਹੀ ਰਹੇ ਹੁੰਦੇ ਹਨ, ਯਿਸੂ ਨਥਾਨਿਏਲ ਬਾਰੇ ਕਹਿੰਦਾ ਹੈ: “ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ।”
“ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ?” ਨਥਾਨਿਏਲ ਪੁੱਛਦਾ ਹੈ।
“ਉਸ ਤੋਂ ਪਹਿਲਾਂ ਜੋ ਫ਼ਿਲਿੱਪੁਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਬਿਰਛ ਹੇਠ ਸੈਂ, ਮੈਂ ਤੈਨੂੰ ਡਿੱਠਾ,” ਯਿਸੂ ਜਵਾਬ ਦਿੰਦਾ ਹੈ।
ਨਥਾਨਿਏਲ ਹੈਰਾਨ ਹੁੰਦਾ ਹੈ। “ਸੁਆਮੀ ਜੀ [ਅਰਥਾਤ ਗੁਰੂ] ਤੁਸੀਂ ਪਰਮੇਸ਼ੁਰ ਦੇ ਪੁੱਤ੍ਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ!” ਉਹ ਆਖਦਾ ਹੈ।
“ਕੀ ਤੂੰ ਇਸ ਲਈ ਨਿਹਚਾ ਕਰਦਾ ਹੈਂ ਜੋ ਮੈਂ ਤੈਨੂੰ ਕਿਹਾ ਕਿ ਹੰਜੀਰ ਦੇ ਬਿਰਛ ਹੇਠ ਮੈਂ ਤੈਨੂੰ ਵੇਖਿਆ?” ਯਿਸੂ ਪੁੱਛਦਾ ਹੈ। “ਤੂੰ ਇਨ੍ਹਾਂ ਨਾਲੋਂ ਵੱਡੀਆਂ ਗੱਲਾਂ ਵੇਖੇਂਗਾ।” ਫਿਰ ਉਹ ਵਾਅਦਾ ਕਰਦਾ ਹੈ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਤੁਸੀਂ ਅਕਾਸ਼ ਨੂੰ ਖੁਲ੍ਹਾ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤ੍ਰ ਉੱਤੇ [“ਕੋਲ,” ਨਿ ਵ] ਚੜ੍ਹਦੇ ਅਤੇ ਉੱਤਰਦੇ ਵੇਖੋਗੇ।”
ਇਸ ਤੋਂ ਬਹੁਤ ਥੋੜ੍ਹੇ ਸਮੇਂ ਬਾਅਦ ਹੀ, ਯਿਸੂ ਆਪਣੇ ਨਵੇਂ ਪ੍ਰਾਪਤ ਕੀਤੇ ਚੇਲਿਆਂ ਨਾਲ ਯਰਦਨ ਦੀ ਘਾਟੀ ਨੂੰ ਛੱਡ ਕੇ ਗਲੀਲ ਨੂੰ ਸਫਰ ਕਰਦਾ ਹੈ। ਯੂਹੰਨਾ 1:29-51.
▪ ਯਿਸੂ ਦੇ ਪਹਿਲੇ ਚੇਲੇ ਕੌਣ ਹਨ?
▪ ਪਤਰਸ, ਨਾਲੇ ਸ਼ਾਇਦ ਯਾਕੂਬ ਵੀ, ਕਿਸ ਤਰ੍ਹਾਂ ਯਿਸੂ ਨਾਲ ਪਰਿਚਿਤ ਕੀਤੇ ਜਾਂਦੇ ਹਨ?
▪ ਨਥਾਨਿਏਲ ਨੂੰ ਕਿਸ ਗੱਲ ਤੋਂ ਵਿਸ਼ਵਾਸ ਹੁੰਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ?