ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ
ਮੇਰੀ, ਇਕ ਮਸੀਹੀ ਔਰਤ, ਜਿਸ ਦੀ ਉਮਰ 45 ਅਤੇ 50 ਸਾਲ ਦੇ ਵਿਚਕਾਰ ਹੈ, ਨੇ ਆਪਣੇ ਜੀਵਨ ਵਿਚ ਕਾਫ਼ੀ ਕਸ਼ਟ ਸਹੇ ਹਨ। ਇਕ ਦਸ਼ਕ ਤੋਂ ਜ਼ਿਆਦਾ ਸਮਾਂ ਪਹਿਲਾਂ ਉਸ ਦੇ ਪਤੀ ਦੇ ਜ਼ਨਾਹ ਦੇ ਕਾਰਨ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ, ਮੇਰੀ ਨੇ ਆਪਣੇ ਚਾਰ ਬੱਚਿਆਂ ਦੇ ਪ੍ਰਤੀ ਇਕੱਲੀ ਮਾਤਾ ਦੇ ਤੌਰ ਤੇ ਆਪਣੀ ਭੂਮਿਕਾ ਨਿਭਾਉਣ ਦੇ ਲਈ ਸੰਘਰਸ਼ ਕੀਤਾ। ਪਰੰਤੂ ਉਹ ਅਜੇ ਵੀ ਇਕੱਲੀ ਹੈ, ਅਤੇ ਕਦੀ-ਕਦੀ ਇਕੱਲ ਨਾ ਸਹਿਣਯੋਗ ਜਾਪਦਾ ਹੈ। ਮੇਰੀ ਸੋਚਦੀ ਹੈ, ‘ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਮੇਰੀ ਜਾਂ ਮੇਰੇ ਪਿਤਾਹੀਣ ਬੱਚਿਆਂ ਦੀ ਪਰਵਾਹ ਨਹੀਂ ਕਰਦਾ ਹੈ?’
ਚਾਹੇ ਤੁਸੀਂ ਇਕ ਸਮਾਨ ਬਿਪਤਾ ਦਾ ਅਨੁਭਵ ਕੀਤਾ ਹੋਵੇ ਜਾਂ ਨਹੀਂ, ਯਕੀਨਨ ਤੁਸੀਂ ਮੇਰੀ ਦਿਆਂ ਜਜ਼ਬਾਤਾਂ ਨਾਲ ਹਮਦਰਦੀ ਜਤਾ ਸਕਦੇ ਹੋ। ਅਸੀਂ ਸਾਰਿਆਂ ਨੇ ਕਸ਼ਟਦਾਇਕ ਪਰਿਸਥਿਤੀਆਂ ਨੂੰ ਸਹਿਣ ਕੀਤਾ ਹੈ, ਅਤੇ ਅਸੀਂ ਸ਼ਾਇਦ ਵਿਚਾਰ ਕੀਤਾ ਹੋਵੇ ਕਿ ਯਹੋਵਾਹ ਕਦੋਂ ਅਤੇ ਕਿਵੇਂ ਸਾਡੇ ਨਿਮਿੱਤ ਕਾਰਜ ਕਰੇਗਾ। ਇਨ੍ਹਾਂ ਵਿੱਚੋਂ ਕੁਝ ਅਨੁਭਵ ਤਾਂ ਪਰਮੇਸ਼ੁਰ ਦੇ ਨਿਯਮ ਦੇ ਪ੍ਰਤੀ ਸਾਡੀ ਨਿਸ਼ਠਾ ਦੇ ਸਿੱਧੇ ਨਤੀਜੇ ਹਨ। (ਮੱਤੀ 10:16-18; ਰਸੂਲਾਂ ਦੇ ਕਰਤੱਬ 5:29) ਦੂਜੇ ਅਨੁਭਵ, ਸਾਡਾ ਅਪੂਰਣ ਮਾਨਵ ਦੇ ਤੌਰ ਤੇ ਸ਼ਤਾਨ ਦੁਆਰਾ ਸ਼ਾਸਿਤ ਸੰਸਾਰ ਵਿਚ ਰਹਿਣ ਦੇ ਸਿੱਟੇ ਵਜੋਂ ਹਨ। (1 ਯੂਹੰਨਾ 5:19) ਰਸੂਲ ਪੌਲੁਸ ਨੇ ਲਿਖਿਆ: “ਸਾਰੀ ਸਰਿਸ਼ਟੀ ਰਲ ਕੇ . . . ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।”—ਰੋਮੀਆਂ 8:22.
ਪਰੰਤੂ, ਇਹ ਤੱਥ ਕਿ ਤੁਸੀਂ ਇਕ ਸਖ਼ਤ ਅਜ਼ਮਾਇਸ਼ ਦਾ ਸਾਮ੍ਹਣਾ ਕਰਦੇ ਹੋ, ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਨੇ ਤੁਹਾਨੂੰ ਤਿਆਗ ਦਿੱਤਾ ਹੈ ਜਾਂ ਉਸ ਨੂੰ ਤੁਹਾਡੀ ਕਲਿਆਣ ਵਿਚ ਦਿਲਚਸਪੀ ਨਹੀਂ ਹੈ। ਤੁਸੀਂ ਇਸ ਦੇ ਬਾਰੇ ਕਿਵੇਂ ਯਕੀਨ ਰੱਖ ਸਕਦੇ ਹੋ? ਕਿਹੜੀ ਗੱਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ?
ਇਕ ਪ੍ਰਾਚੀਨ ਉਦਾਹਰਣ
ਬਾਈਬਲ ਸਪੱਸ਼ਟ ਸਬੂਤ ਦਿੰਦੀ ਹੈ ਕਿ ਯਹੋਵਾਹ ਲੋਕਾਂ ਲਈ ਵਿਅਕਤੀਗਤ ਤੌਰ ਤੇ ਪਰਵਾਹ ਕਰਦਾ ਹੈ। ਦਾਊਦ ਉੱਤੇ ਗੌਰ ਕਰੋ। ਯਹੋਵਾਹ ਨੂੰ ਇਸ ਜਵਾਨ ਚਰਵਾਹੇ ਵਿਚ ਨਿੱਜੀ ਦਿਲਚਸਪੀ ਸੀ, ਅਤੇ ਉਹ ਉਸ ਨੂੰ “ਆਪਣੇ ਮਨ ਦੇ ਅਨੁਸਾਰੀ ਮਨੁੱਖ” ਪਾਉਂਦਾ ਸੀ। (1 ਸਮੂਏਲ 13:14) ਬਾਅਦ ਵਿਚ, ਜਦੋਂ ਦਾਊਦ ਨੇ ਰਾਜਾ ਦੇ ਤੌਰ ਤੇ ਸ਼ਾਸਨ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਵਾਅਦਾ ਕੀਤਾ: ‘ਜਿੱਥੇ ਜਿੱਥੇ ਤੂੰ ਜਾਵੇਂ ਮੈਂ ਤੇਰੇ ਨਾਲ ਰਹਾਂਗਾ।’—2 ਸਮੂਏਲ 7:9.
ਕੀ ਇਸ ਦਾ ਮਤਲਬ ਹੈ ਕਿ ਦਾਊਦ ਨੇ ਕਿਸੇ ਵੀ ਕਠਿਨਾਈ ਤੋਂ ਮੁਕਤ, ਇਕ “ਸੁਰੱਖਿਅਤ” ਜੀਵਨ ਬਿਤਾਇਆ? ਨਹੀਂ, ਦਾਊਦ ਨੇ ਆਪਣੇ ਸ਼ਾਸਨ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਰਾਜਾ ਬਣਨ ਤੋਂ ਕਈ ਸਾਲ ਪਹਿਲਾਂ, ਹਿੰਸਕ ਰਾਜਾ ਸ਼ਾਊਲ ਨੇ ਬੇਦਰਦੀ ਨਾਲ ਉਸ ਦਾ ਪਿੱਛਾ ਕੀਤਾ। ਆਪਣੇ ਜੀਵਨ ਦੀ ਇਸ ਅਵਧੀ ਦੇ ਦੌਰਾਨ, ਦਾਊਦ ਨੇ ਲਿਖਿਆ: “ਮੇਰੀ ਜਾਨ ਬਬਰ ਸ਼ੇਰਾਂ ਵਿੱਚ ਹੈ . . . ਅਰਥਾਤ ਆਦਮ ਵੰਸੀਆਂ ਵਿੱਚ . . . ਜਿਨ੍ਹਾਂ ਦੇ ਦੰਦ ਬਰਛੀਆਂ ਦੇ ਤੀਰ ਹਨ।”—ਜ਼ਬੂਰ 57:4.
ਫਿਰ ਵੀ, ਇਸ ਪੂਰੀ ਬਿਪਤਾ ਦੇ ਦੌਰਾਨ ਦਾਊਦ ਨੂੰ ਯਹੋਵਾਹ ਦੀ ਨਿੱਜੀ ਪਰਵਾਹ ਦੇ ਬਾਰੇ ਯਕੀਨ ਸੀ। “ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ,” ਉਸ ਨੇ ਯਹੋਵਾਹ ਨੂੰ ਇਕ ਪ੍ਰਾਰਥਨਾ ਵਿਚ ਆਖਿਆ। ਜੀ ਹਾਂ, ਦਾਊਦ ਦੇ ਲਈ ਇੰਜ ਸੀ ਮਾਨੋ ਯਹੋਵਾਹ ਨੇ ਪੂਰੀ ਅਜ਼ਮਾਇਸ਼ ਨੂੰ ਦਰਜ ਕਰ ਲਿਆ ਹੋਵੇ। ਫਿਰ ਦਾਊਦ ਨੇ ਅੱਗੇ ਕਿਹਾ: “ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ, ਓਹ ਤੇਰੀ ਵਹੀ ਵਿੱਚ ਨਹੀਂ ਹਨ?”a (ਜ਼ਬੂਰ 56:8) ਇਸ ਦ੍ਰਿਸ਼ਟਾਂਤ ਦੇ ਨਾਲ, ਦਾਊਦ ਨੇ ਭਰੋਸਾ ਅਭਿਵਿਅਕਤ ਕੀਤਾ ਕਿ ਯਹੋਵਾਹ ਕੇਵਲ ਸਥਿਤੀ ਦੇ ਬਾਰੇ ਹੀ ਨਹੀਂ ਬਲਕਿ ਇਸ ਦੇ ਭਾਵਾਤਮਕ ਪ੍ਰਭਾਵ ਬਾਰੇ ਵੀ ਅਵਗਤ ਸੀ।
ਆਪਣੇ ਜੀਵਨ ਦੇ ਅੰਤ ਦੇ ਨੇੜੇ, ਦਾਊਦ ਨਿੱਜੀ ਅਨੁਭਵ ਤੋਂ ਲਿਖ ਸਕਿਆ: “ਮਨੁੱਖ ਦੀ ਚਾਲ ਯਹੋਵਾਹ ਵੱਲੋਂ ਦ੍ਰਿੜ੍ਹ ਹੁੰਦੀ ਹੈ, ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ। ਭਾਵੇਂ ਉਹ ਡਿੱਗ ਹੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਹ ਦਾ ਹੱਥ ਥੰਮ੍ਹਦਾ ਹੈ।” (ਜ਼ਬੂਰ 37:23, 24) ਤੁਸੀਂ ਵੀ ਯਕੀਨ ਰੱਖ ਸਕਦੇ ਹੋ ਕਿ ਭਾਵੇਂ ਤੁਹਾਡੀਆਂ ਅਜ਼ਮਾਇਸ਼ਾਂ ਅਟੱਲ ਅਤੇ ਜਾਰੀ ਰਹਿੰਦੀਆਂ ਹਨ, ਯਹੋਵਾਹ ਤੁਹਾਡੇ ਧੀਰਜ ਵੱਲ ਧਿਆਨ ਦਿੰਦਾ ਹੈ ਅਤੇ ਉਸ ਦੀ ਕਦਰ ਕਰਦਾ ਹੈ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.
ਇਸ ਤੋਂ ਇਲਾਵਾ, ਤੁਹਾਡੇ ਰਾਹ ਵਿਚ ਜੋ ਕੁਝ ਵੀ ਰੁਕਾਵਟ ਰੱਖੀ ਜਾਂਦੀ ਹੈ, ਉਸ ਨੂੰ ਸਹਿਣ ਦੇ ਲਈ ਯਹੋਵਾਹ ਤੁਹਾਨੂੰ ਸ਼ਕਤੀ ਦੇਣ ਦੇ ਦੁਆਰਾ ਤੁਹਾਡੇ ਨਿਮਿੱਤ ਕਾਰਜ ਕਰ ਸਕਦਾ ਹੈ। “ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ,” ਦਾਊਦ ਨੇ ਲਿਖਿਆ, “ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।” (ਜ਼ਬੂਰ 34:19) ਦਰਅਸਲ, ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਦੀਆਂ ਅੱਖਾਂ “ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤਹਾਸ 16:9.
ਯਹੋਵਾਹ ਨੇ ਤੁਹਾਨੂੰ ਖਿੱਚਿਆ ਹੈ
ਯਹੋਵਾਹ ਦੀ ਨਿੱਜੀ ਪਰਵਾਹ ਦੇ ਬਾਰੇ ਅਤਿਰਿਕਤ ਸਬੂਤ ਯਿਸੂ ਦਿਆਂ ਸ਼ਬਦਾਂ ਵਿਚ ਪਾਇਆ ਜਾ ਸਕਦਾ ਹੈ। “ਕੋਈ ਮੇਰੇ ਕੋਲ ਆ ਨਹੀਂ ਸੱਕਦਾ,” ਉਸ ਨੇ ਕਿਹਾ, “ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਜੀ ਹਾਂ, ਯਹੋਵਾਹ ਲੋਕਾਂ ਨੂੰ ਮਸੀਹ ਦੇ ਬਲੀਦਾਨ ਦਿਆਂ ਫ਼ਾਇਦਿਆਂ ਤੋਂ ਲਾਭ ਉਠਾਉਣ ਲਈ ਵਿਅਕਤੀਗਤ ਰੂਪ ਵਿਚ ਮਦਦ ਕਰਦਾ ਹੈ। ਕਿਵੇਂ? ਕਾਫ਼ੀ ਹੱਦ ਤਕ, ਇਹ ਰਾਜ ਪ੍ਰਚਾਰ ਕਾਰਜ ਦੇ ਦੁਆਰਾ ਕੀਤਾ ਜਾਂਦਾ ਹੈ। ਇਹ ਸੱਚ ਹੈ ਕਿ ਇਹ ਕਾਰਜ “ਸਭ ਕੌਮਾਂ ਉੱਤੇ ਸਾਖੀ” ਦੇ ਤੌਰ ਤੇ ਕੰਮ ਕਰਦਾ ਹੈ, ਫਿਰ ਵੀ ਇਹ ਇਕ ਵਿਅਕਤੀਗਤ ਆਧਾਰ ਤੇ ਲੋਕਾਂ ਤਕ ਪਹੁੰਚਦਾ ਹੈ। ਇਹ ਤੱਥ ਕਿ ਤੁਸੀਂ ਖ਼ੁਸ਼ ਖ਼ਬਰੀ ਦੇ ਸੰਦੇਸ਼ ਨੂੰ ਸੁਣ ਰਹੇ ਹੋ ਅਤੇ ਉਸ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾ ਰਹੇ ਹੋ, ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਤੁਹਾਡੇ ਬਾਰੇ ਨਿੱਜੀ ਚਿੰਤਾ ਕਰਦਾ ਹੈ।—ਮੱਤੀ 24:14.
ਆਪਣੀ ਪਵਿੱਤਰ ਆਤਮਾ ਦੇ ਰਾਹੀਂ, ਯਹੋਵਾਹ ਇਕੱਲੇ-ਇਕੱਲੇ ਵਿਅਕਤੀ ਨੂੰ ਆਪਣੇ ਪੁੱਤਰ ਅਤੇ ਸਦੀਪਕ ਜੀਵਨ ਦੀ ਉਮੀਦ ਵੱਲ ਖਿੱਚਦਾ ਹੈ। ਇਹ ਹਰ ਇਕ ਵਿਅਕਤੀ ਨੂੰ ਕਿਸੇ ਵੀ ਜਮਾਂਦਰੂ ਮਜਬੂਰੀਆਂ ਅਤੇ ਅਪੂਰਣਤਾ ਦੇ ਬਾਵਜੂਦ, ਅਧਿਆਤਮਿਕ ਸੱਚਾਈਆਂ ਨੂੰ ਸਮਝਣ ਅਤੇ ਲਾਗੂ ਕਰਨ ਦੇ ਯੋਗ ਬਣਾਉਂਦਾ ਹੈ। ਅਸਲ ਵਿਚ, ਇਕ ਵਿਅਕਤੀ ਪਰਮੇਸ਼ੁਰ ਦੀ ਆਤਮਾ ਦੀ ਮਦਦ ਤੋਂ ਬਿਨਾਂ ਪਰਮੇਸ਼ੁਰ ਦਿਆਂ ਮਕਸਦਾਂ ਨੂੰ ਨਹੀਂ ਸਮਝ ਸਕਦਾ ਹੈ। (1 ਕੁਰਿੰਥੀਆਂ 2:11, 12) ਜਿਵੇਂ ਕਿ ਪੌਲੁਸ ਨੇ ਥੱਸਲੁਨੀਕੀਆਂ ਨੂੰ ਲਿਖਿਆ, “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਯਹੋਵਾਹ ਕੇਵਲ ਉਨ੍ਹਾਂ ਨੂੰ ਹੀ ਆਪਣੀ ਆਤਮਾ ਪ੍ਰਦਾਨ ਕਰਦਾ ਹੈ ਜੋ ਉਸ ਦੇ ਦੁਆਰਾ ਖਿੱਚੇ ਜਾਣ ਦੀ ਇੱਛੁਕਤਾ ਪ੍ਰਦਰਸ਼ਿਤ ਕਰਦੇ ਹਨ।
ਯਹੋਵਾਹ ਲੋਕਾਂ ਨੂੰ ਖਿੱਚਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਇਕੱਲੇ-ਇਕੱਲੇ ਵਿਅਕਤੀ ਦੇ ਤੌਰ ਤੇ ਪ੍ਰੇਮ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਮੁਕਤੀ ਪ੍ਰਾਪਤ ਕਰਨ। ਯਹੋਵਾਹ ਦੀ ਨਿੱਜੀ ਪਰਵਾਹ ਦਾ ਕੀ ਹੀ ਦ੍ਰਿੜ੍ਹ ਸਬੂਤ! ਯਿਸੂ ਨੇ ਕਿਹਾ: “ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।” (ਮੱਤੀ 18:14) ਜੀ ਹਾਂ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਹਰ ਇਕ ਵਿਅਕਤੀ ਇਕ ਨਵੇਕਲੇ ਵਿਅਕਤੀ ਦੇ ਤੌਰ ਤੇ ਮਹੱਤਵਪੂਰਣ ਹੈ। ਇਸੇ ਲਈ ਪੌਲੁਸ ਲਿਖ ਸਕਿਆ: “ਉਹ ਹਰੇਕ ਨੂੰ ਉਹ ਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ।” (ਰੋਮੀਆਂ 2:6) ਅਤੇ ਰਸੂਲ ਪਤਰਸ ਨੇ ਕਿਹਾ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ [ਵਿਅਕਤੀਗਤ ਵਿਅਕਤੀ] ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਯਿਸੂ ਦੇ ਚਮਤਕਾਰ
ਮਾਨਵ ਵਿਚ ਪਰਮੇਸ਼ੁਰ ਦੀ ਨਿੱਜੀ ਦਿਲਚਸਪੀ ਉਸ ਦੇ ਪੁੱਤਰ, ਯਿਸੂ ਵੱਲੋਂ ਕੀਤੇ ਗਏ ਚਮਤਕਾਰਾਂ ਦੁਆਰਾ ਦਿਲ-ਟੁੰਬਵੇਂ ਰੂਪ ਵਿਚ ਪ੍ਰਦਰਸ਼ਿਤ ਕੀਤੀ ਗਈ ਸੀ। ਉਹ ਚੰਗਾਈਆਂ ਗਹਿਰੀ ਭਾਵਨਾ ਦੇ ਨਾਲ ਕੀਤੀਆਂ ਗਈਆਂ ਸਨ। (ਮਰਕੁਸ 1:40, 41) ਕਿਉਂ ਜੋ ਯਿਸੂ “ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ,” ਉਸ ਦੀ ਦਇਆ ਯਹੋਵਾਹ ਦੇ ਆਪਣੇ ਹਰ ਇਕ ਸੇਵਕ ਦੇ ਲਈ ਚਿੰਤਾ ਦੀ ਇਕ ਦਿਲ-ਟੁੰਬਵੀਂ ਤਸਵੀਰ ਖਿੱਚਦੀ ਹੈ।—ਯੂਹੰਨਾ 5:19.
ਮਰਕੁਸ 7:31-37 ਵਿਚ ਦਰਜ, ਯਿਸੂ ਦੁਆਰਾ ਕੀਤੇ ਗਏ ਇਕ ਚਮਤਕਾਰ ਦੇ ਬਿਰਤਾਂਤ ਉੱਤੇ ਗੌਰ ਕਰੋ। ਇੱਥੇ ਯਿਸੂ ਨੇ ਇਕ ਆਦਮੀ ਨੂੰ ਚੰਗਾ ਕੀਤਾ ਜੋ ਬੋਲਾ ਸੀ ਅਤੇ ਜੋ ਥਥਲਾਹਟ ਤੋਂ ਪੀੜਿਤ ਸੀ। ਉਹ “[ਉਸ ਆਦਮੀ] ਨੂੰ ਭੀੜ ਤੋਂ ਅਲੱਗ ਲੈ ਗਿਆ,” ਬਾਈਬਲ ਬਿਆਨ ਕਰਦੀ ਹੈ। ਫਿਰ, “ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਰ ਉਹ ਨੂੰ ਆਖਿਆ ‘ਇੱਫਤਾ’ ਅਰਥਾਤ ‘ਖੁੱਲ੍ਹ ਜਾਹ।’”
ਯਿਸੂ ਇਸ ਆਦਮੀ ਨੂੰ ਭੀੜ ਤੋਂ ਅਲੱਗ ਕਿਉਂ ਲੈ ਗਿਆ? ਖ਼ੈਰ, ਸੰਭਵ ਹੈ ਕਿ ਇਕ ਬੋਲਾ ਵਿਅਕਤੀ ਜੋ ਮਸਾਂ ਹੀ ਬੋਲ ਸਕਦਾ ਹੈ, ਦਰਸ਼ਕਾਂ ਦੇ ਸਾਮ੍ਹਣੇ ਸੰਕੋਚੀ ਮਹਿਸੂਸ ਕਰਦਾ। ਯਿਸੂ ਨੇ ਸ਼ਾਇਦ ਇਸ ਆਦਮੀ ਦੀ ਬੇਚੈਨੀ ਨੂੰ ਦੇਖਿਆ ਹੋਵੇ, ਅਤੇ ਇਸ ਕਰਕੇ ਉਸ ਨੇ ਏਕਾਂਤ ਵਿਚ ਉਸ ਨੂੰ ਚੰਗਾ ਕਰਨਾ ਪਸੰਦ ਕੀਤਾ। “ਇਹ ਪੂਰੀ ਕਹਾਣੀ,” ਇਕ ਬਾਈਬਲ ਵਿਦਵਾਨ ਟਿੱਪਣੀ ਕਰਦਾ ਹੈ, “ਸਾਨੂੰ ਸਭ ਤੋਂ ਸਪੱਸ਼ਟ ਰੂਪ ਵਿਚ ਦਿਖਾਉਂਦੀ ਹੈ ਕਿ ਯਿਸੂ ਨੇ ਉਸ ਆਦਮੀ ਨੂੰ ਕੇਵਲ ਇਕ ਹੋਰ ਮਰੀਜ਼ ਹੀ ਨਹੀਂ ਸਮਝਿਆ; ਉਸ ਨੇ ਉਸ ਨੂੰ ਇਕ ਵਿਅਕਤੀ ਦੇ ਤੌਰ ਤੇ ਸਮਝਿਆ ਸੀ। ਉਸ ਆਦਮੀ ਦੀ ਇਕ ਖ਼ਾਸ ਜ਼ਰੂਰਤ ਅਤੇ ਇਕ ਖ਼ਾਸ ਸਮੱਸਿਆ ਸੀ, ਅਤੇ ਯਿਸੂ ਨੇ ਉਸ ਦੇ ਨਾਲ ਅਤਿ ਕੋਮਲ ਲਿਹਾਜ਼ਦਾਰੀ ਨਾਲ ਅਜਿਹੇ ਤਰੀਕੇ ਵਿਚ ਵਰਤਾਉ ਕੀਤਾ ਜਿਸ ਨੇ ਉਸ ਦੀਆਂ ਭਾਵਨਾਵਾਂ ਨੂੰ ਬਖ਼ਸ਼ਿਆ ਅਤੇ ਉਸ ਤਰੀਕੇ ਵਿਚ ਜੋ ਉਹ ਸਮਝ ਸਕਦਾ ਸੀ।”
ਇਹ ਬਿਰਤਾਂਤ ਦਿਖਾਉਂਦਾ ਹੈ ਕਿ ਯਿਸੂ ਲੋਕਾਂ ਲਈ ਇਕ ਨਿੱਜੀ ਚਿੰਤਾ ਰੱਖਦਾ ਸੀ। ਤੁਸੀਂ ਯਕੀਨ ਰੱਖ ਸਕਦੇ ਹੋ ਕਿ ਉਹ ਤੁਹਾਡੇ ਵਿਚ ਵੀ ਉੱਨੀ ਹੀ ਦਿਲਚਸਪੀ ਰੱਖਦਾ ਹੈ। ਇਹ ਸੱਚ ਹੈ ਕਿ ਉਸ ਦੀ ਬਲੀਦਾਨ-ਰੂਪੀ ਮੌਤ ਉਧਾਰਯੋਗ ਮਨੁੱਖਜਾਤੀ ਦੇ ਪੂਰੇ ਸੰਸਾਰ ਲਈ ਪ੍ਰੇਮ ਦਾ ਇਕ ਪ੍ਰਗਟਾਉ ਸੀ। ਫਿਰ ਵੀ, ਤੁਸੀਂ ਉਸ ਕਾਰਜ ਨੂੰ ਵਿਅਕਤੀਗਤ ਤੌਰ ਤੇ ਆਪਣਾ ਸਕਦੇ ਹੋ, ਜਿਵੇਂ ਕਿ ਪੌਲੁਸ ਨੇ ਅਪਣਾਇਆ, ਜਿਸ ਨੇ ਲਿਖਿਆ: “ਪਰਮੇਸ਼ੁਰ ਦੇ ਪੁੱਤ੍ਰ . . . ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।” (ਟੇਢੇ ਟਾਈਪ ਸਾਡੇ।) (ਗਲਾਤੀਆਂ 2:20) ਅਤੇ ਕਿਉਂਕਿ ਯਿਸੂ ਨੇ ਟਿੱਪਣੀ ਕੀਤੀ ਕਿ ‘ਜਿਨ ਉਸ ਨੂੰ ਵੇਖਿਆ ਸੀ ਓਨ ਪਿਤਾ ਨੂੰ ਵੀ ਵੇਖਿਆ ਹੈ,’ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਹੋਵਾਹ ਆਪਣੇ ਹਰ ਇਕ ਸੇਵਕ ਵਿਚ ਇਸੇ ਤਰ੍ਹਾਂ ਦੀ ਦਿਲਚਸਪੀ ਰੱਖਦਾ ਹੈ।—ਯੂਹੰਨਾ 14:9.
ਯਹੋਵਾਹ ਇਕ ਫਲ-ਦਾਤਾ ਬਣਦਾ ਹੈ
ਪਰਮੇਸ਼ੁਰ ਦੇ ਬਾਰੇ ਗਿਆਨ ਲੈਣ ਵਿਚ, ਉਸ ਦੇ ਵਿਅਕਤਿੱਤਵ ਦੇ ਹਰੇਕ ਪਹਿਲੂ ਨੂੰ ਜਾਣਨਾ ਸ਼ਾਮਲ ਹੈ, ਜਿਵੇਂ ਇਹ ਬਾਈਬਲ ਵਿਚ ਪ੍ਰਗਟ ਕੀਤੇ ਗਏ ਹਨ। ਯਹੋਵਾਹ ਦੇ ਨਾਂ ਦਾ ਅਰਥ ਹੀ ਇਹ ਹੈ ਕਿ “ਉਹ ਹੋਂਦ ਵਿਚ ਲਿਆਉਂਦਾ ਹੈ,” ਇਹ ਸੰਕੇਤ ਕਰਦੇ ਹੋਏ ਕਿ ਯਹੋਵਾਹ ਆਪਣੀ ਇੱਛਾ ਪੂਰੀ ਕਰਨ ਦੇ ਲਈ ਉਹੋ ਕੁਝ ਬਣ ਸਕਦਾ ਹੈ ਜੋ ਉਹ ਬਣਨਾ ਪਸੰਦ ਕਰਦਾ ਹੈ। ਪੂਰੇ ਇਤਿਹਾਸ ਦੇ ਦੌਰਾਨ, ਉਸ ਨੇ ਵਿਭਿੰਨ ਭੂਮਿਕਾਵਾਂ ਅਪਣਾਈਆਂ ਹਨ, ਜਿਨ੍ਹਾਂ ਵਿਚ ਸ੍ਰਿਸ਼ਟੀਕਰਤਾ, ਪਿਤਾ, ਸਰਬਸੱਤਾਵਾਨ ਪ੍ਰਭੂ, ਅਯਾਲੀ, ਸੈਨਾਵਾਂ ਦਾ ਯਹੋਵਾਹ, ਪ੍ਰਾਰਥਨਾ ਦਾ ਸੁਣਨ ਵਾਲਾ, ਨਿਆਈ, ਮਹਾਨ ਸਿੱਖਿਅਕ, ਅਤੇ ਛੁਟਕਾਰਾ ਦੇਣ ਵਾਲੇ ਦੀਆਂ ਭੂਮਿਕਾਵਾਂ ਸ਼ਾਮਲ ਹਨ।b
ਪਰਮੇਸ਼ੁਰ ਦੇ ਨਾਂ ਦੇ ਪੂਰਣ ਅਰਥ ਨੂੰ ਸਮਝਣ ਦੇ ਲਈ, ਸਾਨੂੰ ਯਹੋਵਾਹ ਨੂੰ ਫਲ-ਦਾਤਾ ਦੀ ਭੂਮਿਕਾ ਵਿਚ ਵੀ ਜਾਣਨ ਦੀ ਜ਼ਰੂਰਤ ਹੈ। ਪੌਲੁਸ ਨੇ ਲਿਖਿਆ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.
ਯਹੋਵਾਹ ਨੇ ਉਨ੍ਹਾਂ ਨਾਲ ਇਕ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦਾ ਵਾਅਦਾ ਕੀਤਾ ਹੈ, ਜੋ ਅੱਜ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਨੀ ਚੁਣਦੇ ਹਨ। ਉਸ ਮਹਾਨ ਵਾਅਦੇ ਦੀ ਪੂਰਤੀ ਨੂੰ ਉਤਸ਼ਾਹ ਨਾਲ ਉਡੀਕਣਾ ਸਵਾਰਥੀ ਨਹੀਂ ਹੈ, ਨਾ ਹੀ ਆਪਣੇ ਆਪ ਨੂੰ ਉੱਥੇ ਰਹਿੰਦਿਆਂ ਹੋਏ ਦੀ ਕਲਪਨਾ ਕਰਨੀ ਇਕ ਗੁਸਤਾਖ਼ੀ ਹੈ। ਮੂਸਾ ਦਾ ‘ਫਲ ਵੱਲ ਧਿਆਨ ਸੀ।’ (ਇਬਰਾਨੀਆਂ 11:26) ਉਸੇ ਤਰ੍ਹਾਂ ਪੌਲੁਸ ਨੇ ਵੀ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਦੇ ਲਈ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਨੂੰ ਉਤਸੁਕਤਾਪੂਰਵਕ ਉਡੀਕਿਆ। ਉਸ ਨੇ ਲਿਖਿਆ: “[ਮੈਂ] ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।”—ਫ਼ਿਲਿੱਪੀਆਂ 3:14.
ਤੁਸੀਂ ਵੀ ਉਤਸ਼ਾਹ ਦੇ ਨਾਲ ਉਸ ਪ੍ਰਤਿਫਲ ਨੂੰ ਉਡੀਕ ਸਕਦੇ ਹੋ, ਜੋ ਯਹੋਵਾਹ ਧੀਰਜ ਰੱਖਣ ਵਾਲਿਆਂ ਨੂੰ ਵਾਅਦਾ ਕਰਦਾ ਹੈ। ਉਸ ਪ੍ਰਤਿਫਲ ਨੂੰ ਉਡੀਕਣਾ, ਪਰਮੇਸ਼ੁਰ ਦੇ ਬਾਰੇ ਤੁਹਾਡੇ ਗਿਆਨ ਅਤੇ ਉਸ ਦੀ ਸੇਵਾ ਵਿਚ ਤੁਹਾਡੇ ਧੀਰਜ ਦਾ ਇਕ ਅਨਿਖੜ ਭਾਗ ਹੈ। ਇਸ ਲਈ ਰੋਜ਼ਾਨਾ ਉਨ੍ਹਾਂ ਬਰਕਤਾਂ ਉੱਤੇ ਮਨਨ ਕਰੋ ਜੋ ਯਹੋਵਾਹ ਨੇ ਤੁਹਾਡੇ ਲਈ ਸਾਂਭ ਰੱਖੀਆਂ ਹਨ। ਮੇਰੀ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਨੇ ਇਹ ਕਰਨ ਦਾ ਖ਼ਾਸ ਜਤਨ ਕੀਤਾ ਹੈ। ਉਹ ਕਹਿੰਦੀ ਹੈ, “ਮੇਰੇ ਜੀਵਨ ਵਿਚ ਪਹਿਲੀ ਵਾਰ, ਮੈਂ ਹਾਲ ਹੀ ਵਿਚ ਇਹ ਸਵੀਕਾਰ ਕੀਤਾ ਕਿ ਯਿਸੂ ਦਾ ਰਿਹਾਈ-ਕੀਮਤ ਬਲੀਦਾਨ ਮੈਨੂੰ ਲਾਗੂ ਹੁੰਦਾ ਹੈ। ਮੈਂ ਹੁਣ ਮਹਿਸੂਸ ਕਰਨ ਲੱਗੀ ਹਾਂ ਕਿ ਯਹੋਵਾਹ ਮੇਰੇ ਬਾਰੇ ਇਕ ਵਿਅਕਤੀ ਦੇ ਤੌਰ ਤੇ ਪਰਵਾਹ ਕਰਦਾ ਹੈ। ਮੈਨੂੰ ਇਕ ਮਸੀਹੀ ਬਣੀ ਨੂੰ 20 ਸਾਲ ਤੋਂ ਉੱਤੇ ਹੋ ਗਏ ਹਨ, ਪਰੰਤੂ ਕੇਵਲ ਹਾਲ ਹੀ ਵਿਚ ਮੈਂ ਸੱਚ-ਮੁੱਚ ਇਸ ਉੱਤੇ ਵਿਸ਼ਵਾਸ ਕਰਨ ਲੱਗੀ ਹਾਂ।”
ਅਧਿਐਨ ਅਤੇ ਬਾਈਬਲ ਉੱਤੇ ਹਾਰਦਿਕ ਮਨਨ ਦੇ ਦੁਆਰਾ, ਮੇਰੀ, ਲੱਖਾਂ ਹੀ ਦੂਜੇ ਲੋਕਾਂ ਸਹਿਤ ਇਹ ਸਿੱਖ ਰਹੀ ਹੈ ਕਿ ਯਹੋਵਾਹ ਆਪਣੇ ਲੋਕਾਂ ਦੇ ਬਾਰੇ ਕੇਵਲ ਇਕ ਸਮੂਹ ਦੇ ਤੌਰ ਤੇ ਹੀ ਨਹੀਂ, ਬਲਕਿ ਵਿਅਕਤੀਗਤ ਤੌਰ ਤੇ ਵੀ ਪਰਵਾਹ ਕਰਦਾ ਹੈ। ਰਸੂਲ ਪਤਰਸ ਨੂੰ ਇਸ ਬਾਰੇ ਇੰਨਾ ਯਕੀਨ ਸੀ ਕਿ ਉਸ ਨੇ ਲਿਖਿਆ: “ਆਪਣੀ ਸਾਰੀ ਚਿੰਤਾ [ਪਰਮੇਸ਼ੁਰ] ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਜੀ ਹਾਂ, ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ! (w96 3/1)
[ਫੁਟਨੋਟ]
a ਇਕ ਕੁੱਪੀ, ਪਸ਼ੂਆਂ ਦੇ ਚੰਮ ਦਾ ਬਣਿਆ ਇਕ ਪਾਤਰ ਹੁੰਦਾ ਸੀ, ਜਿਸ ਨੂੰ ਅਜਿਹੀਆਂ ਚੀਜ਼ਾਂ ਜਿਵੇਂ ਕਿ ਪਾਣੀ, ਤੇਲ, ਦੁੱਧ, ਦਾਖ ਰਸ, ਮੱਖਣ, ਅਤੇ ਪਨੀਰ ਰੱਖਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਪ੍ਰਾਚੀਨ ਕੁੱਪੀਆਂ ਬਹੁਤ ਵਿਭਿੰਨ ਤਰ੍ਹਾਂ ਦੇ ਸਾਈਜ਼ਾਂ ਅਤੇ ਆਕਾਰਾਂ ਦੀਆਂ ਹੁੰਦੀਆਂ ਸਨ, ਜਿਨ੍ਹਾਂ ਵਿੱਚੋਂ ਕਈ ਚਮੜੇ ਦੀਆਂ ਥੈਲੀਆਂ ਹੁੰਦੀਆਂ ਸਨ ਅਤੇ ਦੂਜੀਆਂ ਡੱਟਾਂ ਵਾਲੀਆਂ ਤੰਗ-ਗਰਦਨਦਾਰ ਪਾਤਰ ਹੁੰਦੀਆਂ ਸਨ।
b ਦੇਖੋ ਨਿਆਈਆਂ 11:27; ਜ਼ਬੂਰ 23:1; 65:2; 73:28; 89:26; ਯਸਾਯਾਹ 8:13; 30:20; 40:28; 41:14; ਨਾਲੇ ਦੇਖੋ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ, ਅੰਤਿਕਾ 1J, ਸਫ਼ਾ 1568.
[ਸਫ਼ੇ 6 ਉੱਤੇ ਡੱਬੀ]
ਪੁਨਰ-ਉਥਾਨ—ਸਬੂਤ ਕਿ ਪਰਮੇਸ਼ੁਰ ਪਰਵਾਹ ਕਰਦਾ ਹੈ
ਹਰੇਕ ਵਿਅਕਤੀ ਵਿਚ ਪਰਮੇਸ਼ੁਰ ਦੀ ਦਿਲਚਸਪੀ ਦਾ ਯਕੀਨੀ ਸਬੂਤ ਬਾਈਬਲ ਵਿਚ ਯੂਹੰਨਾ 5:28, 29 ਵਿਚ ਪਾਇਆ ਜਾਂਦਾ ਹੈ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ [“ਸਮਾਰਕ ਕਬਰਾਂ,” ਨਿ ਵ] ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”
ਦਿਲਚਸਪੀ ਦੀ ਗੱਲ ਹੈ ਕਿ ਇੱਥੇ ਯੂਨਾਨੀ ਸ਼ਬਦ ਟੇਫ਼ੌਸ (ਕਬਰ) ਦੀ ਬਜਾਇ ਨੇਮੈਈਓਨ (ਸਮਾਰਕ ਕਬਰ) ਇਸਤੇਮਾਲ ਕੀਤਾ ਗਿਆ ਹੈ। ਸ਼ਬਦ ਟੇਫ਼ੌਸ ਕੇਵਲ ਇਕ ਦਫ਼ਨ ਦਾ ਵਿਚਾਰ ਪ੍ਰਗਟ ਕਰਦਾ ਹੈ। ਪਰੰਤੂ ਨੇਮੈਈਓਨ ਸੰਕੇਤ ਕਰਦਾ ਹੈ ਕਿ ਮਰੇ ਹੋਏ ਵਿਅਕਤੀ ਦੇ ਰੀਕਾਰਡ ਨੂੰ ਚੇਤੇ ਰੱਖਿਆ ਜਾਂਦਾ ਹੈ।
ਇਸ ਸੰਬੰਧ ਵਿਚ, ਜ਼ਰਾ ਸੋਚੋ ਕਿ ਪੁਨਰ-ਉਥਾਨ ਯਹੋਵਾਹ ਪਰਮੇਸ਼ੁਰ ਤੋਂ ਕਿਸ ਚੀਜ਼ ਦੀ ਮੰਗ ਕਰੇਗਾ। ਕਿਸੇ ਵਿਅਕਤੀ ਨੂੰ ਵਾਪਸ ਜ਼ਿੰਦਾ ਕਰਨ ਦੇ ਲਈ, ਉਸ ਨੂੰ ਉਸ ਵਿਅਕਤੀ ਦੇ ਬਾਰੇ ਸਭ ਕੁਝ ਜਾਣਨ ਦੀ ਜ਼ਰੂਰਤ ਹੈ—ਜਿਸ ਵਿਚ ਉਸ ਦੀਆਂ ਜਮਾਂਦਰੂ ਵਿਸ਼ੇਸ਼ਤਾਵਾਂ ਅਤੇ ਪੂਰੀ ਯਾਦਾਸ਼ਤ ਸ਼ਾਮਲ ਹਨ। ਕੇਵਲ ਉਦੋਂ ਹੀ ਉਸ ਵਿਅਕਤੀ ਨੂੰ ਉਸੇ ਹੀ ਵਿਅਕਤਿੱਤਵ ਦੇ ਨਾਲ ਮੁੜ ਬਹਾਲ ਕੀਤਾ ਜਾ ਸਕਦਾ ਹੈ।
ਨਿਰਸੰਦੇਹ, ਇਹ ਮਾਨਵੀ ਦ੍ਰਿਸ਼ਟੀਕੋਣ ਤੋਂ ਅਸੰਭਵ ਹੈ, ਪਰੰਤੂ “ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।” (ਮਰਕੁਸ 10:27) ਉਹ ਇਹ ਵੀ ਪਤਾ ਲਗਾ ਸਕਦਾ ਹੈ ਕਿ ਇਕ ਵਿਅਕਤੀ ਦੇ ਦਿਲ ਵਿਚ ਕੀ ਹੈ। ਹਾਲਾਂਕਿ ਇਕ ਵਿਅਕਤੀ ਨੂੰ ਮਰਿਆਂ ਕਾਫ਼ੀ ਸਦੀਆਂ ਬੀਤ ਚੁੱਕੀਆਂ ਹੋਣ, ਉਸ ਦੇ ਬਾਰੇ ਪਰਮੇਸ਼ੁਰ ਦੀ ਯਾਦਾਸ਼ਤ ਕਾਇਮ ਰਹਿੰਦੀ ਹੈ; ਇਹ ਕਦੇ ਵੀ ਫਿੱਕੀ ਨਹੀਂ ਪੈਂਦੀ ਹੈ। (ਅੱਯੂਬ 14:13-15) ਇਸ ਲਈ, ਅਬਰਾਹਾਮ, ਇਸਹਾਕ, ਅਤੇ ਯਾਕੂਬ ਦਾ ਜ਼ਿਕਰ ਕਰਦੇ ਸਮੇਂ, ਯਿਸੂ ਉਨ੍ਹਾਂ ਦੇ ਮਰਨ ਤੋਂ ਸਦੀਆਂ ਬਾਅਦ ਵੀ ਕਹਿ ਸਕਿਆ ਕਿ ਯਹੋਵਾਹ “ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਟੇਢੇ ਟਾਈਪ ਸਾਡੇ।)—ਲੂਕਾ 20:38.
ਇਸ ਲਈ, ਅਰਬਾਂ ਹੀ ਲੋਕ ਜੋ ਮਰ ਚੁੱਕੇ ਹਨ, ਉਹ ਪੂਰੇ ਵੇਰਵੇ ਸਹਿਤ ਯਹੋਵਾਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ। ਕੀ ਹੀ ਹੈਰਾਨਕੁਨ ਸਬੂਤ ਕਿ ਪਰਮੇਸ਼ੁਰ ਮਾਨਵ ਦੇ ਬਾਰੇ ਵਿਅਕਤੀਗਤ ਤੌਰ ਤੇ ਪਰਵਾਹ ਕਰਦਾ ਹੈ!
[ਸਫ਼ੇ 7 ਉੱਤੇ ਤਸਵੀਰ]
ਯਿਸੂ ਨੇ ਉਨ੍ਹਾਂ ਵਿਅਕਤੀਆਂ ਵਿਚ ਨਿੱਜੀ ਦਿਲਚਸਪੀ ਰੱਖੀ ਜਿਨ੍ਹਾਂ ਨੂੰ ਉਸ ਨੇ ਚੰਗਾ ਕੀਤਾ