ਸਿੱਖਿਆ—ਇਸ ਨੂੰ ਯਹੋਵਾਹ ਦੀ ਉਸਤਤ ਕਰਨ ਲਈ ਇਸਤੇਮਾਲ ਕਰੋ
“ਜੋ ਕੋਈ ਆਪਣੀ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ ਹੈ ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹੋ ਸੱਚਾ ਹੈ।”—ਯੂਹੰਨਾ 7:18.
1. ਸਿੱਖਿਆ ਦੀ ਪ੍ਰਣਾਲੀ ਦਾ ਕਦੋਂ ਅਤੇ ਕਿਵੇਂ ਆਰੰਭ ਹੋਇਆ?
ਸਿੱਖਿਆ ਬਹੁਤ, ਬਹੁਤ ਸਮੇਂ ਪਹਿਲਾਂ ਸ਼ੁਰੂ ਹੋਈ ਸੀ। ਆਪਣੇ ਜੇਠੇ ਪੁੱਤਰ ਨੂੰ ਰਚਣ ਦੇ ਠੀਕ ਮਗਰੋਂ ਹੀ, ਮਹਾਂ ਸਿੱਖਿਅਕ ਅਤੇ ਗੁਰੂ ਯਹੋਵਾਹ ਪਰਮੇਸ਼ੁਰ ਵੱਲੋਂ ਸਿੱਖਿਆ ਦੀ ਪ੍ਰਣਾਲੀ ਆਰੰਭ ਹੋ ਗਈ ਸੀ। (ਯਸਾਯਾਹ 30:20; ਕੁਲੁੱਸੀਆਂ 1:15) ਇਹ ਇਕ ਅਜਿਹਾ ਵਿਅਕਤੀ ਸੀ ਜੋ ਖ਼ੁਦ ਮਹਾਂ ਸਿੱਖਿਅਕ ਤੋਂ ਸਿੱਖ ਸਕਦਾ ਸੀ! ਅਣਗਿਣਤ ਹਜ਼ਾਰਾਂ ਵਰ੍ਹਿਆਂ ਦੇ ਸਮੇਂ ਲਈ ਪਿਤਾ ਦੇ ਨਾਲ ਨਜ਼ਦੀਕੀ ਸੰਗਤ ਦੇ ਦੌਰਾਨ, ਉਸ ਪੁੱਤਰ ਨੇ—ਜੋ ਮਗਰੋਂ ਯਿਸੂ ਮਸੀਹ ਦੇ ਨਾਂ ਤੋਂ ਜਾਣਿਆ ਗਿਆ—ਯਹੋਵਾਹ ਪਰਮੇਸ਼ੁਰ ਦਿਆਂ ਗੁਣਾਂ, ਕਾਰਜਾਂ, ਅਤੇ ਮਕਸਦਾਂ ਵਿਚ ਇਕ ਬਹੁਮੁੱਲੀ ਸਿੱਖਿਆ ਹਾਸਲ ਕੀਤੀ। ਬਾਅਦ ਵਿਚ, ਧਰਤੀ ਉੱਤੇ ਇਕ ਮਨੁੱਖ ਦੇ ਤੌਰ ਤੇ, ਯਿਸੂ ਕਹਿ ਸਕਿਆ: “ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ।” (ਟੇਢੇ ਟਾਈਪ ਸਾਡੇ।)—ਯੂਹੰਨਾ 8:28.
2-4. (ੳ) ਯੂਹੰਨਾ ਅਧਿਆਇ 7 ਦੇ ਅਨੁਸਾਰ, 32 ਸਾ.ਯੁ. ਵਿਚ ਡੇਹਰਿਆਂ ਦੇ ਪਰਬ ਲਈ ਯਿਸੂ ਦੀ ਮੌਜੂਦਗੀ ਦੇ ਸਮੇਂ ਕਿਹੜੇ ਹਾਲਾਤ ਪੇਸ਼ ਸਨ? (ਅ) ਯਹੂਦੀ ਲੋਕ ਯਿਸੂ ਦੀ ਸਿਖਾਉਣ ਦੀ ਯੋਗਤਾ ਬਾਰੇ ਕਿਉਂ ਹੈਰਾਨ ਸਨ?
2 ਯਿਸੂ ਨੇ ਹਾਸਲ ਕੀਤੀ ਹੋਈ ਸਿੱਖਿਆ ਨੂੰ ਕਿਵੇਂ ਇਸਤੇਮਾਲ ਕੀਤਾ? ਆਪਣੀ ਸਾਢੇ-ਤਿੰਨ-ਸਾਲ ਦੀ ਪਾਰਥਿਵ ਸੇਵਕਾਈ ਦੇ ਪੂਰੇ ਸਮੇਂ ਦੌਰਾਨ, ਉਸ ਨੇ ਸਿੱਖੀਆਂ ਹੋਈਆਂ ਗੱਲਾਂ ਨੂੰ ਬਿਨਾਂ ਥੱਕਿਆਂ ਦੂਜਿਆਂ ਨਾਲ ਸਾਂਝਿਆ ਕੀਤਾ। ਪਰੰਤੂ, ਇੰਜ ਕਰਦੇ ਹੋਏ ਉਸ ਦੇ ਮਨ ਵਿਚ ਇਕ ਮੁੱਖ ਮਕਸਦ ਸੀ। ਅਤੇ ਉਹ ਕੀ ਸੀ? ਆਓ ਅਸੀਂ ਯੂਹੰਨਾ ਅਧਿਆਇ 7 ਵਿਚ ਯਿਸੂ ਦਿਆਂ ਸ਼ਬਦਾਂ ਦੀ ਜਾਂਚ ਕਰੀਏ, ਜਿੱਥੇ ਉਹ ਆਪਣੀ ਸਿੱਖਿਆ ਦਾ ਮੂਲ ਅਤੇ ਮਕਸਦ ਦੋਵੇਂ ਸਮਝਾਉਂਦਾ ਹੈ।
3 ਸਥਿਤੀ ਉੱਤੇ ਗੌਰ ਕਰੋ। ਸੰਨ 32 ਸਾ.ਯੁ. ਦੀ ਪਤਝੜ ਸੀ, ਯਿਸੂ ਦੇ ਬਪਤਿਸਮੇ ਤੋਂ ਲਗਭਗ ਤਿੰਨ ਸਾਲ ਮਗਰੋਂ। ਯਹੂਦੀ ਲੋਕ ਡੇਹਰਿਆਂ ਦੇ ਪਰਬ ਲਈ ਯਰੂਸ਼ਲਮ ਵਿਚ ਇਕੱਠੇ ਹੋਏ ਸਨ। ਪਰਬ ਦੇ ਪਹਿਲੇ ਕੁਝ ਦਿਨਾਂ ਦੇ ਦੌਰਾਨ, ਯਿਸੂ ਬਾਰੇ ਕਾਫ਼ੀ ਚਰਚੇ ਹੋਏ ਸਨ। ਅੱਧਾ ਪਰਬ ਲੰਘਣ ਤੇ, ਯਿਸੂ ਨੇ ਹੈਕਲ ਵਿਚ ਜਾ ਕੇ ਸਿਖਾਉਣਾ ਸ਼ੁਰੂ ਕੀਤਾ। (ਯੂਹੰਨਾ 7:2, 10-14) ਹਮੇਸ਼ਾ ਵਾਂਗ, ਉਸ ਨੇ ਆਪਣੇ ਆਪ ਨੂੰ ਇਕ ਮਹਾਂ ਗੁਰੂ ਸਾਬਤ ਕੀਤਾ।—ਮੱਤੀ 13:54; ਲੂਕਾ 4:22.
4 ਯੂਹੰਨਾ ਅਧਿਆਇ 7 ਦੀ ਆਇਤ 15 ਕਹਿੰਦੀ ਹੈ: “ਤਾਂ ਯਹੂਦੀ ਅਚਰਜ ਮੰਨ ਕੇ ਬੋਲੇ, ਬਿਨ ਪੜ੍ਹੇ ਇਹ ਨੂੰ ਵਿਦਿਆ ਕਿੱਥੋਂ ਆਈ ਹੈ?” ਕੀ ਤੁਸੀਂ ਸਮਝਦੇ ਹੋ ਕਿ ਉਹ ਕਿਉਂ ਹੈਰਾਨ ਸਨ? ਯਿਸੂ ਕਿਸੇ ਵੀ ਰਾਬਿਨੀ ਸਕੂਲ ਵਿਚ ਨਹੀਂ ਗਿਆ ਸੀ, ਇਸ ਲਈ ਉਹ ਅਨਪੜ੍ਹ ਸੀ—ਅਥਵਾਂ ਉਨ੍ਹਾਂ ਨੇ ਇੰਜ ਵਿਚਾਰਿਆ! ਪਰੰਤੂ, ਯਿਸੂ ਪਵਿੱਤਰ ਲਿਖਤਾਂ ਵਿੱਚੋਂ ਹਵਾਲਿਆਂ ਨੂੰ ਆਸਾਨੀ ਨਾਲ ਲੱਭ ਕੇ ਪੜ੍ਹ ਸਕਦਾ ਸੀ। (ਲੂਕਾ 4:16-21) ਕਿਉਂ, ਇਸ ਗਲੀਲੀ ਤਰਖਾਣ ਨੇ ਉਨ੍ਹਾਂ ਨੂੰ ਮੂਸਾ ਦੀ ਬਿਵਸਥਾ ਵਿੱਚੋਂ ਵੀ ਸਿੱਖਿਆ ਦਿੱਤੀ! (ਯੂਹੰਨਾ 7:19-23) ਇਹ ਕਿਵੇਂ ਸੰਭਵ ਸੀ?
5, 6. (ੳ) ਯਿਸੂ ਨੇ ਆਪਣੀ ਸਿੱਖਿਆ ਦੇ ਸ੍ਰੋਤ ਨੂੰ ਕਿਵੇਂ ਸਮਝਾਇਆ? (ਅ) ਯਿਸੂ ਨੇ ਆਪਣੀ ਸਿੱਖਿਆ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕੀਤਾ?
5 ਯਿਸੂ ਨੇ ਸਮਝਾਇਆ, ਜਿਵੇਂ ਕਿ ਅਸੀਂ ਆਇਤਾਂ 16 ਅਤੇ 17 ਵਿਚ ਪੜ੍ਹਦੇ ਹਾਂ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ। ਜੇ ਕੋਈ ਉਹ ਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ੁਰ ਤੋਂ ਹੈ ਯਾ ਮੈਂ ਆਪਣੀ ਵੱਲੋਂ ਬੋਲਦਾ ਹਾਂ।” ਉਹ ਜਾਣਨਾ ਚਾਹੁੰਦੇ ਸਨ ਕਿ ਯਿਸੂ ਨੇ ਕਿਸ ਤੋਂ ਸਿੱਖਿਆ ਹਾਸਲ ਕੀਤੀ, ਅਤੇ ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਉਸ ਦੀ ਸਿੱਖਿਆ ਪਰਮੇਸ਼ੁਰ ਵੱਲੋਂ ਸੀ!—ਯੂਹੰਨਾ 12:49; 14:10.
6 ਯਿਸੂ ਨੇ ਆਪਣੀ ਸਿੱਖਿਆ ਨੂੰ ਕਿਵੇਂ ਇਸਤੇਮਾਲ ਕੀਤਾ? ਜਿਵੇਂ ਕਿ ਯੂਹੰਨਾ 7:18 ਵਿਚ ਦਰਜ ਹੈ, ਯਿਸੂ ਨੇ ਕਿਹਾ: “ਜੋ ਕੋਈ ਆਪਣੀ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ ਹੈ ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹੋ ਸੱਚਾ ਹੈ ਅਤੇ ਉਹ ਦੇ ਵਿੱਚ ਕੁਧਰਮ ਨਹੀਂ ਹੈ।” (ਟੇਢੇ ਟਾਈਪ ਸਾਡੇ।) ਕਿੰਨਾ ਉਚਿਤ ਸੀ ਕਿ ਯਿਸੂ ਨੇ ਯਹੋਵਾਹ, “ਜੋ ਗਿਆਨ ਵਿੱਚ ਸੰਪੂਰਨ ਹੈ,” ਨੂੰ ਮਹਿਮਾ ਪਹੁੰਚਾਉਣ ਲਈ ਆਪਣੀ ਸਿੱਖਿਆ ਨੂੰ ਇਸਤੇਮਾਲ ਕੀਤਾ!—ਅੱਯੂਬ 37:16.
7, 8. (ੳ) ਸਿੱਖਿਆ ਨੂੰ ਕਿਵੇਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ? (ਅ) ਇਕ ਸੰਤੁਲਿਤ ਸਿੱਖਿਆ ਦੇ ਚਾਰ ਬੁਨਿਆਦੀ ਉਦੇਸ਼ ਕੀ ਹਨ?
7 ਇਸ ਤਰ੍ਹਾਂ ਅਸੀਂ ਯਿਸੂ ਤੋਂ ਇਕ ਬਹੁਮੁੱਲਾ ਸਬਕ ਸਿੱਖਦੇ ਹਾਂ—ਸਿੱਖਿਆ ਆਪਣੇ ਆਪ ਨੂੰ ਮਹਿਮਾ ਪਹੁੰਚਾਉਣ ਲਈ ਨਹੀਂ, ਬਲਕਿ ਯਹੋਵਾਹ ਦੀ ਉਸਤਤ ਕਰਨ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। ਸਿੱਖਿਆ ਦਾ ਉਪਯੋਗ ਕਰਨ ਦਾ ਹੋਰ ਕੋਈ ਬਿਹਤਰ ਤਰੀਕਾ ਨਹੀਂ ਹੈ। ਤਾਂ ਫਿਰ, ਤੁਸੀਂ ਯਹੋਵਾਹ ਦੀ ਉਸਤਤ ਕਰਨ ਲਈ ਕਿਵੇਂ ਸਿੱਖਿਆ ਨੂੰ ਇਸਤੇਮਾਲ ਕਰ ਸਕਦੇ ਹੋ?
8 ਸਿੱਖਿਆ ਦੇਣ ਦਾ ਅਰਥ ਹੈ “ਰਸਮੀ ਹਿਦਾਇਤ ਅਤੇ ਨਿਗਰਾਨੀ ਹੇਠ ਅਭਿਆਸ ਦੇ ਦੁਆਰਾ ਖ਼ਾਸ ਕਰਕੇ ਕਿਸੇ ਹੁਨਰ, ਕਾਰੋਬਾਰ, ਜਾਂ ਪੇਸ਼ੇ ਵਿਚ ਸਿਖਲਾਈ ਦੇਣੀ।” ਆਓ ਅਸੀਂ ਹੁਣ ਇਕ ਸੰਤੁਲਿਤ ਸਿੱਖਿਆ ਦੇ ਚਾਰ ਬੁਨਿਆਦੀ ਉਦੇਸ਼ਾਂ ਉੱਤੇ ਗੌਰ ਕਰੀਏ ਅਤੇ ਇਨ੍ਹਾਂ ਵਿੱਚੋਂ ਹਰ ਇਕ ਯਹੋਵਾਹ ਦੀ ਉਸਤਤ ਕਰਨ ਲਈ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਸੰਤੁਲਿਤ ਸਿੱਖਿਆ ਤੋਂ ਸਾਨੂੰ (1) ਚੰਗਾ ਪਠਨ ਕਰਨ ਲਈ, (2) ਸਾਫ਼-ਸਾਫ਼ ਲਿਖਣ ਲਈ, (3) ਮਾਨਸਿਕ ਅਤੇ ਨੈਤਿਕ ਤੌਰ ਤੇ ਵਿਕਸਿਤ ਹੋਣ ਲਈ, ਅਤੇ (4) ਨਿੱਤ ਦੀ ਜ਼ਿੰਦਗੀ ਲਈ ਲੋੜੀਂਦੀ ਵਿਵਹਾਰਕ ਸਿਖਲਾਈ ਹਾਸਲ ਕਰਨ ਲਈ ਮਦਦ ਮਿਲਣੀ ਚਾਹੀਦੀ ਹੈ।
ਚੰਗਾ ਪਠਨ ਕਰਨਾ ਸਿੱਖਣਾ
9. ਇਕ ਚੰਗਾ ਪਾਠਕ ਹੋਣਾ ਕਿਉਂ ਮਹੱਤਵਪੂਰਣ ਹੈ?
9 ਸੂਚੀ ਵਿਚ ਪਹਿਲਾ ਹੈ ਚੰਗਾ ਪਠਨ ਕਰਨਾ ਸਿੱਖਣਾ। ਇਕ ਚੰਗਾ ਪਾਠਕ ਹੋਣਾ ਇੰਨਾ ਮਹੱਤਵਪੂਰਣ ਕਿਉਂ ਹੈ? ਦ ਵਰਲਡ ਬੁਕ ਐਨਸਾਈਕਲੋਪੀਡੀਆ ਵਿਆਖਿਆ ਕਰਦਾ ਹੈ: “ਪਠਨ . . . ਸਿੱਖਿਆ ਦਾ ਮੂਲ ਤੱਤ ਹੈ ਅਤੇ ਨਿੱਤ ਦਿਹਾੜੀ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਣ ਹੁਨਰਾਂ ਵਿੱਚੋਂ ਇਕ ਹੈ। . . . ਨਿਪੁੰਨ ਪਾਠਕ ਇਕ ਖ਼ੁਸ਼ਹਾਲ, ਉਤਪਾਦਨਸ਼ੀਲ ਸਮਾਜ ਰਚਣ ਵੱਲ ਯੋਗਦਾਨ ਦਿੰਦੇ ਹਨ। ਨਾਲ ਹੀ ਨਾਲ, ਉਹ ਖ਼ੁਦ ਵੀ ਜ਼ਿਆਦਾ ਪੂਰਣ ਅਤੇ ਸੰਤੁਸ਼ਟ ਜੀਵਨ ਦਾ ਆਨੰਦ ਮਾਣਦੇ ਹਨ।”
10. ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ, ਸਾਨੂੰ ਕਿਵੇਂ ਜ਼ਿਆਦਾ ਪੂਰਣ ਅਤੇ ਸੰਤੁਸ਼ਟ ਜੀਵਨ ਦਾ ਆਨੰਦ ਮਾਣਨ ਲਈ ਮਦਦ ਕਰਦਾ ਹੈ?
10 ਜੇਕਰ ਆਮ ਪਠਨ ਸਾਨੂੰ “ਜ਼ਿਆਦਾ ਪੂਰਣ ਅਤੇ ਸੰਤੁਸ਼ਟ ਜੀਵਨ” ਦਾ ਆਨੰਦ ਮਾਣਨ ਲਈ ਮਦਦ ਕਰ ਸਕਦਾ ਹੈ, ਤਾਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਦੇ ਬਾਰੇ ਇਹ ਗੱਲ ਹੋਰ ਕਿੰਨੀ ਜ਼ਿਆਦਾ ਸੱਚ ਹੈ! ਅਜਿਹਾ ਪਠਨ ਯਹੋਵਾਹ ਦਿਆਂ ਵਿਚਾਰਾਂ ਅਤੇ ਮਕਸਦਾਂ ਦੇ ਪ੍ਰਤੀ ਸਾਡੇ ਮਨਾਂ ਅਤੇ ਦਿਲਾਂ ਨੂੰ ਖੋਲ੍ਹ ਦਿੰਦਾ ਹੈ, ਅਤੇ ਇਨ੍ਹਾਂ ਬਾਰੇ ਇਕ ਸਪੱਸ਼ਟ ਸਮਝ ਸਾਡੇ ਜੀਵਨਾਂ ਨੂੰ ਅਰਥ ਦਿੰਦੀ ਹੈ। ਇਸ ਦੇ ਅਤਿਰਿਕਤ, ‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ,’ ਇਬਰਾਨੀਆਂ 4:12 ਕਹਿੰਦਾ ਹੈ। ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਅਤੇ ਇਸ ਉੱਤੇ ਮਨਨ ਕਰਦੇ ਹਾਂ, ਅਸੀਂ ਇਸ ਦੇ ਲੇਖਕ ਵੱਲ ਆਕਰਸ਼ਿਤ ਹੁੰਦੇ ਹਾਂ, ਅਤੇ ਉਸ ਨੂੰ ਹੋਰ ਪ੍ਰਸੰਨ ਕਰਨ ਲਈ ਆਪਣੇ ਜੀਵਨ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਹੁੰਦੇ ਹਾਂ। (ਗਲਾਤੀਆਂ 5:22, 23; ਅਫ਼ਸੀਆਂ 4:22-24) ਨਾਲ ਹੀ, ਅਸੀਂ ਜੋ ਬਹੁਮੁੱਲੀ ਸੱਚਾਈ ਪੜ੍ਹਦੇ ਹਾਂ, ਉਸ ਨੂੰ ਦੂਜਿਆਂ ਨਾਲ ਸਾਂਝਿਆਂ ਕਰਨ ਲਈ ਵੀ ਅਸੀਂ ਉਕਸਾਏ ਜਾਂਦੇ ਹਾਂ। ਇਹ ਸਭ ਕੁਝ ਮਹਾਂ ਸਿੱਖਿਅਕ, ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਦਾ ਹੈ। ਨਿਸ਼ਚੇ ਹੀ ਪਠਨ ਕਰਨ ਦੀ ਆਪਣੀ ਯੋਗਤਾ ਨੂੰ ਇਸਤੇਮਾਲ ਕਰਨ ਦਾ ਹੋਰ ਬਿਹਤਰ ਤਰੀਕਾ ਕੋਈ ਨਹੀਂ ਹੈ!
11. ਵਿਅਕਤੀਗਤ ਅਧਿਐਨ ਦੇ ਇਕ ਸੰਤੁਲਿਤ ਕਾਰਜਕ੍ਰਮ ਵਿਚ ਕੀ ਕੁਝ ਸ਼ਾਮਲ ਹੋਣਾ ਚਾਹੀਦਾ ਹੈ?
11 ਚਾਹੇ ਜਵਾਨ ਹੋਈਏ ਜਾਂ ਬਿਰਧ, ਸਾਨੂੰ ਚੰਗਾ ਪਠਨ ਕਰਨ ਲਈ ਉਤਸ਼ਾਹ ਦਿੱਤਾ ਜਾਂਦਾ ਹੈ, ਕਿਉਂਕਿ ਪਠਨ ਸਾਡੇ ਮਸੀਹੀ ਜੀਵਨ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਪਠਨ ਕਰਨ ਤੋਂ ਇਲਾਵਾ, ਵਿਅਕਤੀਗਤ ਅਧਿਐਨ ਦੇ ਇਕ ਸੰਤੁਲਿਤ ਕਾਰਜਕ੍ਰਮ ਵਿਚ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ (ਅੰਗ੍ਰੇਜ਼ੀ) ਵਿੱਚੋਂ ਬਾਈਬਲ ਪਾਠ ਉੱਤੇ ਵਿਚਾਰ ਕਰਨਾ, ਪਹਿਰਾਬੁਰਜ ਅਤੇ ਅਵੇਕ! ਪੜ੍ਹਨਾ, ਅਤੇ ਮਸੀਹੀ ਸਭਾਵਾਂ ਲਈ ਤਿਆਰੀ ਕਰਨਾ ਸ਼ਾਮਲ ਹੋਵੇਗਾ। ਅਤੇ ਮਸੀਹੀ ਸੇਵਕਾਈ ਬਾਰੇ ਕੀ? ਸਪੱਸ਼ਟ ਤੌਰ ਤੇ, ਖੁਲ੍ਹੇ-ਆਮ ਪ੍ਰਚਾਰ ਕਰਨਾ, ਰੁਚੀ ਰੱਖਣ ਵਾਲੇ ਵਿਅਕਤੀਆਂ ਨਾਲ ਪੁਨਰ-ਮੁਲਾਕਾਤ ਕਰਨਾ, ਅਤੇ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨਾ, ਇਹ ਸਭ ਕੁਝ ਚੰਗਾ ਪਠਨ ਕਰਨ ਦੀ ਯੋਗਤਾ ਦੀ ਮੰਗ ਕਰਦੇ ਹਨ।
ਸਾਫ਼-ਸਾਫ਼ ਲਿਖਣ ਲਈ ਸਿੱਖਣਾ
12. (ੳ) ਸਾਫ਼-ਸਾਫ਼ ਲਿਖਣ ਲਈ ਸਿੱਖਣਾ ਕਿਉਂ ਮਹੱਤਵਪੂਰਣ ਹੈ? (ਅ) ਲਿਖੀਆਂ ਗਈਆਂ ਲਿਖਤਾਂ ਵਿੱਚੋਂ ਸਰਬਸ੍ਰੇਸ਼ਟ ਲਿਖਤ ਕਿਹੜੀ ਸੀ?
12 ਇਕ ਦੂਜਾ ਉਦੇਸ਼ ਇਹ ਹੈ ਕਿ ਇਕ ਸੰਤੁਲਿਤ ਸਿੱਖਿਆ ਨੂੰ ਸਾਨੂੰ ਸਾਫ਼-ਸਾਫ਼ ਲਿਖਣਾ ਸਿੱਖਣ ਵਿਚ ਮਦਦ ਕਰਨੀ ਚਾਹੀਦੀ ਹੈ। ਲਿਖਤ ਨਾ ਕੇਵਲ ਸਾਡੇ ਸ਼ਬਦਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਦੀ ਹੈ ਪਰੰਤੂ ਇਹ ਉਨ੍ਹਾਂ ਨੂੰ ਕਾਇਮ ਵੀ ਰੱਖਦੀ ਹੈ। ਬਹੁਤ, ਬਹੁਤ ਸਦੀਆਂ ਪਹਿਲਾਂ, ਕੁਝ 40 ਯਹੂਦੀ ਮਨੁੱਖਾਂ ਨੇ ਪਪਾਇਰਸ ਜਾਂ ਚੰਮ-ਪੱਤਰ ਉੱਤੇ ਉਹ ਸ਼ਬਦ ਲਿਖੇ, ਜੋ ਬਾਅਦ ਵਿਚ ਪ੍ਰੇਰਿਤ ਸ਼ਾਸਤਰ ਬਣੇ। (2 ਤਿਮੋਥਿਉਸ 3:16) ਨਿਸ਼ਚੇ ਹੀ ਇਹ ਲਿਖੀਆਂ ਗਈਆਂ ਸਾਰੀਆਂ ਲਿਖਤਾਂ ਵਿੱਚੋਂ ਸਰਬਸ੍ਰੇਸ਼ਟ ਸੀ! ਨਿਰਸੰਦੇਹ ਯਹੋਵਾਹ ਨੇ ਸਦੀਆਂ ਦੇ ਦੌਰਾਨ ਉਨ੍ਹਾਂ ਪਵਿੱਤਰ ਸ਼ਬਦਾਂ ਦੀ ਨਕਲ ਅਤੇ ਮੁੜ ਨਕਲ ਨੂੰ ਮਾਰਗ-ਦਰਸ਼ਿਤ ਕੀਤਾ, ਤਾਂ ਜੋ ਉਹ ਭਰੋਸੇਯੋਗ ਰੂਪ ਵਿਚ ਸਾਡੇ ਤਕ ਪਹੁੰਚੇ ਹਨ। ਕੀ ਅਸੀਂ ਧੰਨਵਾਦੀ ਨਹੀਂ ਹਾਂ ਕਿ ਯਹੋਵਾਹ ਨੇ ਮੂੰਹਜ਼ਬਾਨੀ ਸੰਚਾਰਨ ਉੱਤੇ ਨਿਰਭਰ ਕਰਨ ਦੀ ਬਜਾਇ ਆਪਣੇ ਸ਼ਬਦਾਂ ਨੂੰ ਲਿਪੀਬੱਧ ਕੀਤਾ ਹੈ?—ਤੁਲਨਾ ਕਰੋ ਕੂਚ 34:27, 28.
13. ਕੀ ਸੰਕੇਤ ਕਰਦਾ ਹੈ ਕਿ ਇਸਰਾਏਲੀ ਲਿਖਣਾ ਜਾਣਦੇ ਸਨ?
13 ਪ੍ਰਾਚੀਨ ਸਮਿਆਂ ਵਿਚ, ਕੇਵਲ ਕੁਝ ਵਿਸ਼ੇਸ਼-ਅਧਿਕਾਰ ਪ੍ਰਾਪਤ ਵਰਗ ਹੀ, ਜਿਵੇਂ ਕਿ ਮਸੋਪੋਤਾਮੀਆ ਅਤੇ ਮਿਸਰ ਦੇ ਗ੍ਰੰਥੀ ਪੜ੍ਹੇ-ਲਿਖੇ ਹੁੰਦੇ ਸਨ। ਪਰਾਈਆਂ ਕੌਮਾਂ ਦੇ ਬਿਲਕੁਲ ਉਲਟ, ਇਸਰਾਏਲ ਵਿਚ ਸਾਰਿਆਂ ਨੂੰ ਪੜ੍ਹੇ-ਲਿਖੇ ਹੋਣ ਲਈ ਉਤਸ਼ਾਹ ਦਿੱਤਾ ਜਾਂਦਾ ਸੀ। ਬਿਵਸਥਾ ਸਾਰ 6:8, 9 ਵਿਚ ਦਿੱਤੀ ਗਈ ਆਗਿਆ ਕਿ ਇਸਰਾਏਲੀ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਲਿਖਣ, ਹਾਲਾਂਕਿ ਸਪੱਸ਼ਟ ਤੌਰ ਤੇ ਲਾਖਣਿਕ ਸੀ, ਸੰਕੇਤ ਕਰਦੀ ਹੈ ਕਿ ਉਹ ਲਿਖਣਾ ਜਾਣਦੇ ਸਨ। ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਲਿਖਣਾ ਸਿਖਾਇਆ ਜਾਂਦਾ ਸੀ। ਪ੍ਰਾਚੀਨ ਇਬਰਾਨੀ ਲਿਖਤਾਂ ਦੀ ਇਕ ਸਭ ਤੋਂ ਪੁਰਾਣੀ ਮਿਸਾਲ, ਗੇਜ਼ਰ ਕਲੰਡਰ ਦੇ ਬਾਰੇ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਇਕ ਸਕੂਲ ਜਾਂਦੇ ਬੱਚੇ ਦਾ ਸਮਰਣ ਅਭਿਆਸ ਸੀ।
14, 15. ਲਿਖਣ ਦੀ ਯੋਗਤਾ ਨੂੰ ਇਸਤੇਮਾਲ ਕਰਨ ਦੇ ਕੁਝ ਸਕਾਰਾਤਮਕ ਅਤੇ ਸੁਆਸਥਕਾਰੀ ਤਰੀਕੇ ਕਿਹੜੇ ਹਨ?
14 ਲੇਕਨ ਅਸੀਂ ਲਿਖਣ ਦੀ ਯੋਗਤਾ ਨੂੰ ਇਕ ਸਕਾਰਾਤਮਕ ਅਤੇ ਸੁਆਸਥਕਾਰੀ ਤਰੀਕੇ ਨਾਲ ਕਿਵੇਂ ਇਸਤੇਮਾਲ ਕਰ ਸਕਦੇ ਹਾਂ? ਨਿਸ਼ਚੇ ਹੀ ਮਸੀਹੀ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਵਿਚ ਨੋਟਸ ਲਿਖਣ ਦੇ ਦੁਆਰਾ ਅਸੀਂ ਇੰਜ ਕਰ ਸਕਦੇ ਹਾਂ। ਇਕ ਚਿੱਠੀ, ਭਾਵੇਂ ਕਿ “ਥੋੜੇ ਵਿੱਚ” ਲਿਖੀ ਗਈ ਹੋਵੇ, ਇਕ ਬੀਮਾਰ ਵਿਅਕਤੀ ਨੂੰ ਉਤਸ਼ਾਹ ਦੇ ਸਕਦੀ ਹੈ ਜਾਂ ਇਕ ਅਧਿਆਤਮਿਕ ਭਰਾ ਜਾਂ ਭੈਣ ਨੂੰ ਧੰਨਵਾਦ ਕਹਿ ਸਕਦੀ ਹੈ ਜੋ ਸਾਡੇ ਪ੍ਰਤੀ ਦਿਆਲੂ ਜਾਂ ਮਹਿਮਾਨਨਿਵਾਜ਼ ਸੀ। (1 ਪਤਰਸ 5:12) ਜੇ ਕਲੀਸਿਯਾ ਵਿਚ ਕਿਸੇ ਨੇ ਮੌਤ ਵਿਚ ਇਕ ਪਿਆਰੇ ਨੂੰ ਖੋਹਿਆ ਹੈ, ਤਾਂ ਇਕ ਸੰਖੇਪ ਚਿੱਠੀ ਜਾਂ ਕਾਰਡ ਸਾਡੇ ਵੱਲੋਂ ਉਸ ਵਿਅਕਤੀ ਨੂੰ ‘ਦਿਲਾਸਾ ਦੇ’ ਸਕਦਾ ਹੈ। (1 ਥੱਸਲੁਨੀਕੀਆਂ 5:14) ਇਕ ਮਸੀਹੀ ਭੈਣ ਜਿਸ ਨੇ ਕੈਂਸਰ ਦੇ ਕਾਰਨ ਆਪਣੀ ਮਾਂ ਨੂੰ ਖੋਹ ਦਿੱਤਾ, ਨੇ ਵਿਆਖਿਆ ਕੀਤੀ: “ਇਕ ਮਿੱਤਰ ਨੇ ਮੈਨੂੰ ਇਕ ਵਧੀਆ ਚਿੱਠੀ ਲਿਖੀ। ਇਸ ਤੋਂ ਮੈਨੂੰ ਸੱਚ-ਮੁੱਚ ਮਦਦ ਮਿਲੀ, ਕਿਉਂਕਿ ਮੈਂ ਇਹ ਵਾਰ-ਵਾਰ ਪੜ੍ਹ ਸਕਦੀ ਸੀ।”
15 ਲਿਖਣ ਦੀ ਯੋਗਤਾ ਨੂੰ ਇਸਤੇਮਾਲ ਕਰਨ ਦਾ ਇਕ ਬਿਹਤਰੀਨ ਤਰੀਕਾ ਹੈ ਇਕ ਰਾਜ ਗਵਾਹੀ ਦੇਣ ਲਈ ਚਿੱਠੀ ਲਿਖਣ ਦੇ ਦੁਆਰਾ ਯਹੋਵਾਹ ਦੀ ਉਸਤਤ ਕਰਨੀ। ਕਦੇ-ਕਦੇ ਇਹ ਸ਼ਾਇਦ ਜ਼ਰੂਰੀ ਹੋਵੇ ਕਿ ਨਿਖੜੇ ਖੇਤਰਾਂ ਵਿਚ ਰਹਿ ਰਹੇ ਰੁਚੀ ਰੱਖਣ ਵਾਲੇ ਨਵੇਂ ਲੋਕਾਂ ਨਾਲ ਸੰਪਰਕ ਕਾਇਮ ਰੱਖਿਆ ਜਾਵੇ। ਸ਼ਾਇਦ ਬੀਮਾਰੀ ਦੇ ਕਾਰਨ ਤੁਹਾਡੇ ਲਈ ਅਸਥਾਈ ਤੌਰ ਤੇ ਘਰ ਤੋਂ ਘਰ ਜਾਣਾ ਮੁਸ਼ਕਲ ਹੋਵੇ। ਸ਼ਾਇਦ ਇਕ ਚਿੱਠੀ ਉਨ੍ਹਾਂ ਗੱਲਾਂ ਨੂੰ ਲਿਖਤ ਵਿਚ ਕਹਿ ਸਕਦੀ ਹੈ, ਜੋ ਤੁਸੀਂ ਆਮ ਤੌਰ ਤੇ ਖ਼ੁਦ ਕਹਿੰਦੇ।
16, 17. (ੳ) ਕਿਹੜਾ ਅਨੁਭਵ ਇਕ ਰਾਜ ਗਵਾਹੀ ਦੇਣ ਲਈ ਚਿੱਠੀ ਲਿਖਣ ਦੀ ਮਹੱਤਤਾ ਨੂੰ ਪ੍ਰਦਰਸ਼ਿਤ ਕਰਦਾ ਹੈ? (ਅ) ਕੀ ਤੁਸੀਂ ਇਸ ਤਰ੍ਹਾਂ ਦਾ ਕੋਈ ਅਨੁਭਵ ਬਿਆਨ ਕਰ ਸਕਦੇ ਹੋ?
16 ਇਕ ਅਨੁਭਵ ਉੱਤੇ ਗੌਰ ਕਰੋ। ਬਹੁਤ ਸਾਲ ਪਹਿਲਾਂ ਇਕ ਗਵਾਹ ਨੇ ਇਕ ਆਦਮੀ, ਜਿਸ ਦੀ ਮੌਤ ਦੀ ਘੋਸ਼ਣਾ ਸਥਾਨਕ ਅਖ਼ਬਾਰ ਵਿਚ ਆਈ ਸੀ, ਦੀ ਵਿਧਵਾ ਨੂੰ ਰਾਜ ਗਵਾਹੀ ਦਿੰਦੇ ਹੋਏ ਇਕ ਚਿੱਠੀ ਲਿਖੀ। ਇਸ ਦਾ ਕੋਈ ਜਵਾਬ ਨਾ ਮਿਲਿਆ। ਫਿਰ, ਨਵੰਬਰ 1994 ਵਿਚ, 21 ਤੋਂ ਵੱਧ ਸਾਲਾਂ ਮਗਰੋਂ, ਉਸ ਗਵਾਹ ਨੂੰ ਇਸ ਔਰਤ ਦੀ ਬੇਟੀ ਤੋਂ ਇਕ ਚਿੱਠੀ ਮਿਲੀ। ਬੇਟੀ ਨੇ ਲਿਖਿਆ:
17 “ਅਪ੍ਰੈਲ 1973 ਵਿਚ, ਤੁਸੀਂ ਮੇਰੇ ਪਿਤਾ ਜੀ ਦੀ ਮੌਤ ਮਗਰੋਂ ਮੇਰੀ ਮਾਂ ਨੂੰ ਦਿਲਾਸਾ ਦੇਣ ਲਈ ਚਿੱਠੀ ਲਿਖੀ ਸੀ। ਮੈਂ ਉਦੋਂ ਨੌਂ ਸਾਲ ਦੀ ਸੀ। ਮੇਰੀ ਮਾਂ ਨੇ ਬਾਈਬਲ ਦਾ ਅਧਿਐਨ ਤਾਂ ਕੀਤਾ, ਲੇਕਨ ਉਹ ਅਜੇ ਤਕ ਯਹੋਵਾਹ ਦੀ ਇਕ ਸੇਵਕ ਨਹੀਂ ਬਣੀ ਹੈ। ਪਰੰਤੂ, ਉਸ ਦੇ ਅਧਿਐਨ ਦੇ ਕਾਰਨ ਆਖ਼ਰਕਾਰ ਮੈਂ ਸੱਚਾਈ ਨਾਲ ਸੰਗਤ ਰੱਖਣ ਲੱਗੀ। ਸੰਨ 1988 ਵਿਚ, ਮੈਂ ਆਪਣਾ ਬਾਈਬਲ ਅਧਿਐਨ ਆਰੰਭ ਕੀਤਾ—ਤੁਹਾਡੀ ਚਿੱਠੀ ਮਿਲਣ ਦੇ 15 ਸਾਲ ਮਗਰੋਂ। ਮਾਰਚ 9, 1990, ਨੂੰ ਮੇਰਾ ਬਪਤਿਸਮਾ ਹੋਇਆ। ਕਿੰਨੇ ਸਾਲ ਪਹਿਲਾਂ ਦੀ ਤੁਹਾਡੀ ਚਿੱਠੀ ਲਈ ਮੈਂ ਬਹੁਤ ਹੀ ਧੰਨਵਾਦੀ ਹਾਂ ਅਤੇ ਤੁਹਾਨੂੰ ਇਹ ਦੱਸ ਕੇ ਬਹੁਤ ਖ਼ੁਸ਼ ਹਾਂ ਕਿ ਜੋ ਬੀ ਤੁਸੀਂ ਬੀਜੇ ਸਨ, ਉਹ ਨਿਸ਼ਚੇ ਹੀ ਯਹੋਵਾਹ ਦੀ ਮਦਦ ਨਾਲ ਉੱਗੇ। ਮੇਰੀ ਮਾਂ ਨੇ ਮੈਨੂੰ ਉਹ ਚਿੱਠੀ ਰੱਖਣ ਲਈ ਦਿੱਤੀ, ਅਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਕੌਣ ਹੋ। ਮੈਂ ਉਮੀਦ ਰੱਖਦੀ ਹਾਂ ਕਿ ਇਹ ਚਿੱਠੀ ਤੁਹਾਡੇ ਤਕ ਪਹੁੰਚੇਗੀ।” ਬੇਟੀ ਦੀ ਚਿੱਠੀ, ਜਿਸ ਵਿਚ ਉਸ ਦਾ ਪਤਾ ਅਤੇ ਫੋਨ ਨੰਬਰ ਸੀ, ਜ਼ਰੂਰ ਉਸ ਗਵਾਹ ਤਕ ਪਹੁੰਚੀ ਜਿਸ ਨੇ ਇੰਨੇ ਸਾਲ ਪਹਿਲਾਂ ਚਿੱਠੀ ਲਿਖੀ ਸੀ। ਇਸ ਜਵਾਨ ਔਰਤ ਦੀ ਹੈਰਾਨੀ ਦੀ ਕਲਪਨਾ ਕਰੋ ਜਦੋਂ ਇਸ ਨੂੰ ਉਸ ਗਵਾਹ ਕੋਲੋਂ ਫੋਨ ਆਇਆ—ਜੋ ਅਜੇ ਵੀ ਦੂਜਿਆਂ ਨਾਲ ਰਾਜ ਦੀ ਉਮੀਦ ਸਾਂਝਿਆਂ ਕਰਨ ਲਈ ਚਿੱਠੀਆਂ ਲਿਖਦੀ ਹੈ!
ਮਾਨਸਿਕ, ਨੈਤਿਕ, ਅਤੇ ਅਧਿਆਤਮਿਕ ਤੌਰ ਤੇ ਵਿਕਸਿਤ ਹੋਣਾ
18. ਬਾਈਬਲ ਸਮਿਆਂ ਵਿਚ, ਮਾਪੇ ਆਪਣੇ ਬੱਚਿਆਂ ਦੀ ਮਾਨਸਿਕ ਅਤੇ ਨੈਤਿਕ ਸਿੱਖਿਆ ਦੀ ਕਿਵੇਂ ਦੇਖ-ਭਾਲ ਕਰਦੇ ਸਨ?
18 ਇਕ ਤੀਸਰਾ ਉਦੇਸ਼ ਇਹ ਹੈ ਕਿ ਇਕ ਸੰਤੁਲਿਤ ਸਿੱਖਿਆ ਤੋਂ ਸਾਨੂੰ ਮਾਨਸਿਕ ਅਤੇ ਨੈਤਿਕ ਤੌਰ ਤੇ ਵਿਕਸਿਤ ਹੋਣ ਲਈ ਮਦਦ ਮਿਲਣੀ ਚਾਹੀਦੀ ਹੈ। ਬਾਈਬਲ ਸਮਿਆਂ ਵਿਚ ਬੱਚਿਆਂ ਨੂੰ ਮਾਨਸਿਕ ਅਤੇ ਨੈਤਿਕ ਸਿੱਖਿਆ ਦੇਣੀ, ਮਾਪਿਆਂ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚੋਂ ਇਕ ਸਮਝੀ ਜਾਂਦੀ ਸੀ। ਬੱਚਿਆਂ ਨੂੰ ਨਾ ਕੇਵਲ ਪੜ੍ਹਨਾ-ਲਿਖਣਾ ਸਿਖਾਇਆ ਜਾਂਦਾ ਸੀ ਪਰੰਤੂ, ਜ਼ਿਆਦਾ ਮਹੱਤਵਪੂਰਣ, ਉਨ੍ਹਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਵਿਚ ਸਿੱਖਿਆ ਦਿੱਤੀ ਜਾਂਦੀ ਸੀ, ਜਿਸ ਵਿਚ ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਕ੍ਰਿਆਵਾਂ ਸੰਮਿਲਿਤ ਸਨ। ਇਸ ਤਰ੍ਹਾਂ, ਸਿੱਖਿਆ ਵਿਚ ਉਨ੍ਹਾਂ ਦੇ ਧਾਰਮਿਕ ਫ਼ਰਜ਼ ਅਤੇ ਵਿਆਹ ਸੰਬੰਧੀ ਸਿਧਾਂਤ, ਪਰਿਵਾਰਕ ਰਿਸ਼ਤਿਆਂ, ਅਤੇ ਲਿੰਗੀ ਨੈਤਿਕਤਾ, ਅਤੇ ਨਾਲ ਹੀ ਆਪਣੇ ਸੰਗੀ ਮਨੁੱਖਾਂ ਦੇ ਪ੍ਰਤੀ ਉਨ੍ਹਾਂ ਦੇ ਫ਼ਰਜ਼ ਬਾਰੇ ਹਿਦਾਇਤ ਦੇਣਾ ਸ਼ਾਮਲ ਸੀ। ਅਜਿਹੀ ਸਿੱਖਿਆ ਨੇ ਉਨ੍ਹਾਂ ਨੂੰ ਨਾ ਕੇਵਲ ਮਾਨਸਿਕ ਅਤੇ ਨੈਤਿਕ ਤੌਰ ਤੇ ਪਰੰਤੂ ਅਧਿਆਤਮਿਕ ਤੌਰ ਤੇ ਵੀ ਵਿਕਸਿਤ ਹੋਣ ਲਈ ਮਦਦ ਕੀਤੀ।—ਬਿਵਸਥਾ ਸਾਰ 6:4-9, 20, 21; 11:18-21.
19. ਅਸੀਂ ਅਜਿਹੀ ਸਿੱਖਿਆ ਕਿੱਥੋਂ ਪਾ ਸਕਦੇ ਹਾਂ, ਜੋ ਸਾਨੂੰ ਜੀਉਣ ਲਈ ਬਿਹਤਰੀਨ ਨੈਤਿਕ ਕਦਰਾਂ-ਕੀਮਤਾਂ ਸਿਖਾਉਂਦੀ ਹੈ ਅਤੇ ਜੋ ਸਾਨੂੰ ਅਧਿਆਤਮਿਕ ਤੌਰ ਤੇ ਵਿਕਸਿਤ ਹੋਣ ਲਈ ਮਦਦ ਕਰਦੀ ਹੈ?
19 ਅੱਜ ਦੇ ਬਾਰੇ ਕੀ? ਇਕ ਚੰਗੀ ਧਰਮ-ਨਿਰਪੇਖ ਸਿੱਖਿਆ ਮਹੱਤਵਪੂਰਣ ਹੈ। ਇਹ ਸਾਨੂੰ ਮਾਨਸਿਕ ਤੌਰ ਤੇ ਵਿਕਸਿਤ ਹੋਣ ਲਈ ਮਦਦ ਕਰਦੀ ਹੈ। ਪਰੰਤੂ ਅਸੀਂ ਅਜਿਹੀ ਸਿੱਖਿਆ ਲਈ ਕਿੱਧਰ ਨੂੰ ਮੁੜ ਸਕਦੇ ਹਾਂ ਜੋ ਸਾਨੂੰ ਜੀਉਣ ਲਈ ਬਿਹਤਰੀਨ ਨੈਤਿਕ ਕਦਰਾਂ-ਕੀਮਤਾਂ ਸਿਖਾਏਗੀ ਅਤੇ ਜੋ ਸਾਨੂੰ ਅਧਿਆਤਮਿਕ ਤੌਰ ਤੇ ਵਿਕਸਿਤ ਹੋਣ ਲਈ ਮਦਦ ਕਰੇਗੀ? ਮਸੀਹੀ ਕਲੀਸਿਯਾ ਵਿਚ, ਅਸੀਂ ਦੈਵ-ਸ਼ਾਸਕੀ ਸਿੱਖਿਆ ਦਾ ਅਜਿਹਾ ਕਾਰਜਕ੍ਰਮ ਹਾਸਲ ਕਰ ਸਕਦੇ ਹਾਂ, ਜੋ ਧਰਤੀ ਉੱਤੇ ਹੋਰ ਕਿਧਰੇ ਵੀ ਉਪਲਬਧ ਨਹੀਂ ਹੈ। ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੇ ਸਾਡੇ ਵਿਅਕਤੀਗਤ ਅਧਿਐਨ ਦੇ ਜ਼ਰੀਏ ਅਤੇ ਨਾਲ ਹੀ ਕਲੀਸਿਯਾ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਵਿਚ ਪੇਸ਼ ਕੀਤੀ ਗਈ ਹਿਦਾਇਤ ਦੇ ਜ਼ਰੀਏ ਅਸੀਂ ਇਹ ਅਨਮੋਲ, ਜਾਰੀ ਸਿੱਖਿਆ—ਈਸ਼ਵਰੀ ਸਿੱਖਿਆ—ਮੁਫ਼ਤ ਵਿਚ ਹਾਸਲ ਕਰ ਸਕਦੇ ਹਾਂ! ਇਹ ਸਾਨੂੰ ਕੀ ਸਿਖਾਉਂਦੀ ਹੈ?
20. ਈਸ਼ਵਰੀ ਸਿੱਖਿਆ ਸਾਨੂੰ ਕੀ ਸਿਖਾਉਂਦੀ ਹੈ, ਅਤੇ ਇਸ ਤੋਂ ਕੀ ਪਰਿਣਿਤ ਹੁੰਦਾ ਹੈ?
20 ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰਦੇ ਹਾਂ, ਤਾਂ ਅਸੀਂ ਸ਼ਾਸਤਰ ਸੰਬੰਧੀ ਬੁਨਿਆਦੀ ਸਿੱਖਿਆਵਾਂ, ਅਰਥਾਤ “ਸਿੱਖਿਆ ਦੀਆਂ ਆਦ ਗੱਲਾਂ” ਸਿੱਖਦੇ ਹਾਂ। (ਇਬਰਾਨੀਆਂ 6:1) ਜਿਉਂ ਹੀ ਅਸੀਂ ਇਹ ਜਾਰੀ ਰੱਖਦੇ ਹਾਂ, ਅਸੀਂ “ਅੰਨ”—ਯਾਨੀ ਕਿ, ਹੋਰ ਗਹਿਰੀਆਂ ਸੱਚਾਈਆਂ—ਨੂੰ ਅਪਣਾਉਂਦੇ ਹਾਂ। (ਇਬਰਾਨੀਆਂ 5:14) ਪਰੰਤੂ, ਇਸ ਤੋਂ ਵੀ ਵੱਧ, ਅਸੀਂ ਈਸ਼ਵਰੀ ਸਿਧਾਂਤ ਸਿੱਖਦੇ ਹਾਂ ਜੋ ਸਾਨੂੰ ਉਸ ਤਰ੍ਹਾਂ ਜੀਉਣਾ ਸਿਖਾਉਂਦੇ ਹਨ, ਜਿਸ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਹੈ। ਮਿਸਾਲ ਦੇ ਲਈ, ਅਸੀਂ ਉਨ੍ਹਾਂ ਆਦਤਾਂ ਅਤੇ ਅਭਿਆਸਾਂ ਤੋਂ ਦੂਰ ਰਹਿਣਾ ਸਿੱਖਦੇ ਹਾਂ, ਜੋ ‘ਸਰੀਰ ਨੂੰ ਮਲੀਨ’ ਕਰਦੇ ਹਨ, ਅਤੇ ਅਸੀਂ ਅਧਿਕਾਰੀਆਂ ਦਾ ਅਤੇ ਦੂਜਿਆਂ ਦੇ ਸਰੀਰ ਅਤੇ ਸੰਪਤੀ ਦਾ ਆਦਰ ਕਰਨਾ ਸਿੱਖਦੇ ਹਾਂ। (2 ਕੁਰਿੰਥੀਆਂ 7:1; ਤੀਤੁਸ 3:1, 2; ਇਬਰਾਨੀਆਂ 13:4) ਇਸ ਦੇ ਅਤਿਰਿਕਤ, ਅਸੀਂ ਆਪਣੇ ਕਾਰਜ ਵਿਚ ਈਮਾਨਦਾਰ ਅਤੇ ਮਿਹਨਤੀ ਹੋਣ ਦੀ ਮਹੱਤਤਾ ਅਤੇ ਲਿੰਗੀ ਨੈਤਿਕਤਾ ਬਾਰੇ ਬਾਈਬਲ ਦੀਆਂ ਆਗਿਆਵਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਮਹੱਤਵ ਦੀ ਕਦਰ ਕਰਨ ਲੱਗਦੇ ਹਾਂ। (1 ਕੁਰਿੰਥੀਆਂ 6:9, 10; ਅਫ਼ਸੀਆਂ 4:28) ਜਿਉਂ-ਜਿਉਂ ਅਸੀਂ ਆਪਣੇ ਜੀਵਨ ਵਿਚ ਇਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਨ ਵਿਚ ਉੱਨਤੀ ਕਰਦੇ ਹਾਂ, ਅਸੀਂ ਅਧਿਆਤਮਿਕ ਤੌਰ ਤੇ ਵਧਦੇ ਹਾਂ, ਅਤੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗਹਿਰਾ ਹੁੰਦਾ ਜਾਂਦਾ ਹੈ। ਇਸ ਤੋਂ ਇਲਾਵਾ, ਸਾਡਾ ਈਸ਼ਵਰੀ ਆਚਰਣ ਸਾਨੂੰ ਚੰਗੇ ਨਾਗਰਿਕ ਬਣਾਉਂਦਾ ਹੈ, ਭਾਵੇਂ ਅਸੀਂ ਕਿੱਥੇ ਵੀ ਕਿਉਂ ਨਾ ਵੱਸਦੇ ਹੋਈਏ। ਅਤੇ ਇਹ ਸ਼ਾਇਦ ਦੂਜਿਆਂ ਨੂੰ ਈਸ਼ਵਰੀ ਸਿੱਖਿਆ ਦੇ ਸ੍ਰੋਤ—ਯਹੋਵਾਹ ਪਰਮੇਸ਼ੁਰ—ਦੀ ਮਹਿਮਾ ਕਰਨ ਲਈ ਪ੍ਰੇਰਿਤ ਕਰੇ।—1 ਪਤਰਸ 2:12.
ਨਿੱਤ ਦੀ ਜ਼ਿੰਦਗੀ ਲਈ ਵਿਵਹਾਰਕ ਸਿਖਲਾਈ
21. ਬਾਈਬਲ ਸਮਿਆਂ ਵਿਚ ਬੱਚਿਆਂ ਨੂੰ ਕਿਹੜੀ ਵਿਵਹਾਰਕ ਸਿਖਲਾਈ ਮਿਲਦੀ ਸੀ?
21 ਇਕ ਸੰਤੁਲਿਤ ਸਿੱਖਿਆ ਦਾ ਚੌਥਾ ਲਕਸ਼ ਹੈ ਇਕ ਵਿਅਕਤੀ ਨੂੰ ਨਿੱਤ ਦੀ ਜ਼ਿੰਦਗੀ ਲਈ ਲੋੜੀਂਦੀ ਵਿਵਹਾਰਕ ਸਿਖਲਾਈ ਦੇਣਾ। ਬਾਈਬਲ ਸਮਿਆਂ ਵਿਚ ਮਾਪਿਆਂ ਦੀ ਸਿੱਖਿਆ ਵਿਚ ਵਿਵਹਾਰਕ ਸਿਖਲਾਈ ਵੀ ਸ਼ਾਮਲ ਸੀ। ਕੁੜੀਆਂ ਨੂੰ ਘਰੇਲੂ ਹੁਨਰ ਸਿਖਾਏ ਜਾਂਦੇ ਸਨ। ਕਹਾਉਤਾਂ ਦਾ ਆਖ਼ਰੀ ਅਧਿਆਇ ਦਿਖਾਉਂਦਾ ਹੈ ਕਿ ਇਹ ਹੁਨਰ ਕਿੰਨੇ ਹੀ ਵਿਭਿੰਨ ਪ੍ਰਕਾਰ ਦੇ ਰਹੇ ਹੋਣਗੇ। ਇਸ ਤਰ੍ਹਾਂ, ਕੁੜੀਆਂ ਕਤਾਈ, ਬੁਣਾਈ, ਅਤੇ ਖਾਣਾ ਪਕਾਉਣ ਅਤੇ ਆਮ ਘਰੇਲੂ ਪ੍ਰਬੰਧ ਦੀ ਦੇਖ-ਭਾਲ ਕਰਨ, ਵਪਾਰ, ਅਤੇ ਜ਼ਮੀਨ ਸੰਬੰਧੀ ਕਾਰੋਬਾਰ ਕਰਨ ਲਈ ਲੈਸ ਹੋ ਜਾਂਦੀਆਂ ਸਨ। ਮੁੰਡਿਆਂ ਨੂੰ ਆਮ ਤੌਰ ਤੇ ਆਪਣੇ ਪਿਤਾ ਦਾ ਧਰਮ-ਨਿਰਪੇਖ ਕਿੱਤਾ ਸਿਖਾਇਆ ਜਾਂਦਾ ਸੀ, ਭਾਵੇਂ ਇਹ ਖੇਤੀਬਾੜੀ, ਜਾਂ ਕੋਈ ਵਪਾਰ ਜਾਂ ਕਾਰੀਗਰੀ ਹੋਵੇ। ਯਿਸੂ ਨੇ ਆਪਣੇ ਲੈਪਾਲਕ ਪਿਤਾ, ਯੂਸੁਫ਼ ਤੋਂ ਤਰਖਾਣਾ ਕੰਮ ਸਿੱਖਿਆ; ਇਸ ਲਈ, ਉਸ ਨੂੰ ਨਾ ਕੇਵਲ “ਤਰਖਾਣ ਦਾ ਪੁੱਤ੍ਰ,” ਬਲਕਿ “ਤਰਖਾਣ” ਵੀ ਸੱਦਿਆ ਜਾਂਦਾ ਸੀ।—ਮੱਤੀ 13:55; ਮਰਕੁਸ 6:3.
22, 23. (ੳ) ਸਿੱਖਿਆ ਨੂੰ ਬੱਚਿਆਂ ਨੂੰ ਕਿਸ ਗੱਲ ਲਈ ਤਿਆਰ ਕਰਨਾ ਚਾਹੀਦਾ ਹੈ? (ਅ) ਅਧਿਕ ਸਿੱਖਿਆ ਦੀ ਚੋਣ ਕਰਨ ਵਿਚ ਸਾਡਾ ਕੀ ਮਨੋਰਥ ਹੋਣਾ ਚਾਹੀਦਾ ਹੈ, ਜਦੋਂ ਇਹ ਸ਼ਾਇਦ ਜ਼ਰੂਰੀ ਜਾਪਦੀ ਹੋਵੇ?
22 ਅੱਜ ਵੀ ਇਕ ਸੰਤੁਲਿਤ ਸਿੱਖਿਆ ਵਿਚ, ਕਿਸੇ ਦਿਨ ਇਕ ਪਰਿਵਾਰ ਦੀਆਂ ਲੋੜਾਂ ਦੀ ਦੇਖ-ਭਾਲ ਕਰਨ ਦੀ ਤਿਆਰੀ ਸ਼ਾਮਲ ਹੈ। ਰਸੂਲ ਪੌਲੁਸ ਦੇ ਸ਼ਬਦ ਜੋ 1 ਤਿਮੋਥਿਉਸ 5:8 ਵਿਚ ਪਾਏ ਜਾਂਦੇ ਹਨ, ਸੰਕੇਤ ਕਰਦੇ ਹਨ ਕਿ ਆਪਣੇ ਪਰਿਵਾਰ ਲਈ ਪ੍ਰਬੰਧ ਕਰਨਾ ਇਕ ਪਵਿੱਤਰ ਜ਼ਿੰਮੇਵਾਰੀ ਹੈ। ਉਸ ਨੇ ਲਿਖਿਆ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” ਤਾਂ ਫਿਰ, ਸਿੱਖਿਆ ਨੂੰ ਜੀਵਨ ਵਿਚ ਆਉਣ ਵਾਲੀਆਂ ਜ਼ਿੰਮੇਵਾਰੀਆਂ ਲਈ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸਮਾਜ ਦੇ ਮਿਹਨਤੀ ਸਦੱਸ ਬਣਨ ਲਈ ਲੈਸ ਕਰਨਾ ਚਾਹੀਦਾ ਹੈ।
23 ਸਾਨੂੰ ਕਿੰਨੀ ਧਰਮ-ਨਿਰਪੇਖ ਸਿੱਖਿਆ ਲੈਣੀ ਚਾਹੀਦੀ ਹੈ? ਇਹ ਦੇਸ਼-ਦੇਸ਼ ਵਿਚ ਭਿੰਨ ਹੋ ਸਕਦਾ ਹੈ। ਲੇਕਨ ਜੇ ਨੌਕਰੀ ਮੰਡੀ ਉਸ ਤੋਂ ਵੀ ਵੱਧ ਸਿਖਲਾਈ ਦੀ ਮੰਗ ਕਰੇ ਜੋ ਕਾਨੂੰਨ ਦੁਆਰਾ ਆਵੱਸ਼ਕ ਨਿਊਨਤਮ ਸਿੱਖਿਆ ਹੈ, ਤਾਂ ਇਹ ਮਾਪਿਆਂ ਉੱਤੇ ਹੈ ਕਿ ਉਹ ਵਾਧੂ ਸਿੱਖਿਆ ਜਾਂ ਸਿਖਲਾਈ ਦੇ ਸੰਭਾਵੀ ਲਾਭ ਅਤੇ ਹਾਨੀਆਂ ਦੋਵੇਂ ਉੱਤੇ ਵਿਚਾਰ ਕਰਦੇ ਹੋਏ, ਆਪਣੇ ਬੱਚਿਆਂ ਨੂੰ ਅਜਿਹੇ ਅਤਿਰਿਕਤ ਅਧਿਐਨਾਂ ਬਾਰੇ ਨਿਰਣੇ ਕਰਨ ਵਿਚ ਮਾਰਗ-ਦਰਸ਼ਣ ਦੇਣ। ਪਰੰਤੂ, ਇਕ ਵਿਅਕਤੀ ਵੱਲੋਂ ਅਧਿਕ ਸਿੱਖਿਆ ਦੀ ਚੋਣ ਕਰਨ ਵਿਚ ਕੀ ਮਨੋਰਥ ਹੋਣਾ ਚਾਹੀਦਾ ਹੈ, ਜਦੋਂ ਇਹ ਸ਼ਾਇਦ ਜ਼ਰੂਰੀ ਜਾਪਦੀ ਹੋਵੇ? ਨਿਸ਼ਚੇ ਹੀ ਧਨ, ਆਤਮ-ਮਹਿਮਾ, ਜਾਂ ਪ੍ਰਸ਼ੰਸਾ ਹਾਸਲ ਕਰਨ ਦਾ ਮਨੋਰਥ ਨਹੀਂ ਹੋਣਾ ਚਾਹੀਦਾ ਹੈ। (ਕਹਾਉਤਾਂ 15:25; 1 ਤਿਮੋਥਿਉਸ 6:17) ਉਸ ਸਬਕ ਨੂੰ ਯਾਦ ਕਰੋ ਜੋ ਅਸੀਂ ਯਿਸੂ ਦੀ ਮਿਸਾਲ ਤੋਂ ਸਿੱਖਿਆ ਹੈ—ਸਿੱਖਿਆ ਯਹੋਵਾਹ ਦੀ ਉਸਤਤ ਕਰਨ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। ਜੇਕਰ ਅਸੀਂ ਅਧਿਕ ਸਿੱਖਿਆ ਚੁਣਦੇ ਹਾਂ, ਤਾਂ ਸਾਡਾ ਮਨੋਰਥ ਉਪਯੁਕਤ ਰੂਪ ਵਿਚ ਆਪਣਾ ਗੁਜ਼ਾਰਾ ਕਰਨ ਦੀ ਇੱਛਾ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਮਸੀਹੀ ਸੇਵਕਾਈ ਵਿਚ ਜਿੰਨਾ ਸੰਭਵ ਹੋਵੇ ਉੱਨੀ ਪੂਰੀ ਤਰ੍ਹਾਂ ਨਾਲ ਯਹੋਵਾਹ ਦੀ ਸੇਵਾ ਕਰ ਸਕੀਏ।—ਕੁਲੁੱਸੀਆਂ 3:23, 24.
24. ਯਿਸੂ ਤੋਂ ਸਿੱਖਿਆ ਹੋਇਆ ਕਿਹੜਾ ਸਬਕ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹੈ?
24 ਇਸ ਲਈ, ਆਓ ਅਸੀਂ ਇਕ ਸੰਤੁਲਿਤ ਧਰਮ-ਨਿਰਪੇਖ ਸਿੱਖਿਆ ਹਾਸਲ ਕਰਨ ਲਈ ਆਪਣੇ ਜਤਨਾਂ ਵਿਚ ਉੱਦਮੀ ਹੋਈਏ। ਅਸੀਂ ਈਸ਼ਵਰੀ ਸਿੱਖਿਆ ਦੇ ਜਾਰੀ ਕਾਰਜਕ੍ਰਮ ਤੋਂ ਪੂਰਾ ਲਾਭ ਚੁੱਕੀਏ, ਜੋ ਯਹੋਵਾਹ ਦੇ ਸੰਗਠਨ ਵਿਚ ਦਿੱਤੀ ਜਾਂਦੀ ਹੈ। ਅਤੇ ਅਸੀਂ ਉਸ ਬਹੁਮੁੱਲੇ ਸਬਕ ਨੂੰ ਕਦੇ ਵੀ ਨਾ ਭੁੱਲੀਏ ਜੋ ਅਸੀਂ ਯਿਸੂ ਮਸੀਹ, ਅਰਥਾਤ ਸਭ ਤੋਂ ਸਿੱਖਿਅਤ ਮਨੁੱਖ ਜੋ ਕਦੇ ਇਸ ਧਰਤੀ ਉੱਤੇ ਚੱਲਿਆ, ਤੋਂ ਸਿੱਖਿਆ ਹੈ—ਸਿੱਖਿਆ ਆਪਣੇ ਆਪ ਦੀ ਮਹਿਮਾ ਕਰਨ ਲਈ ਨਹੀਂ, ਬਲਕਿ ਸਭਨਾਂ ਵਿੱਚੋਂ ਸਰਬ-ਮਹਾਨ ਸਿੱਖਿਅਕ, ਯਹੋਵਾਹ ਦੀ ਉਸਤਤ ਕਰਨ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ! (w96 2/1)
ਤੁਹਾਡਾ ਕੀ ਜਵਾਬ ਹੈ?
◻ ਯਿਸੂ ਨੇ ਆਪਣੀ ਸਿੱਖਿਆ ਨੂੰ ਕਿਵੇਂ ਇਸਤੇਮਾਲ ਕੀਤਾ?
◻ ਚੰਗਾ ਪਠਨ ਕਰਨਾ ਸਿੱਖਣਾ ਕਿਉਂ ਮਹੱਤਵਪੂਰਣ ਹੈ?
◻ ਅਸੀਂ ਲਿਖਣ ਦੀ ਯੋਗਤਾ ਨੂੰ ਯਹੋਵਾਹ ਦੀ ਉਸਤਤ ਕਰਨ ਲਈ ਕਿਵੇਂ ਇਸਤੇਮਾਲ ਕਰ ਸਕਦੇ ਹਾਂ?
◻ ਈਸ਼ਵਰੀ ਸਿੱਖਿਆ ਸਾਨੂੰ ਕਿਵੇਂ ਨੈਤਿਕ ਅਤੇ ਅਧਿਆਤਮਿਕ ਤੌਰ ਤੇ ਵਿਕਸਿਤ ਹੋਣ ਲਈ ਮਦਦ ਕਰਦੀ ਹੈ?
◻ ਇਕ ਸੰਤੁਲਿਤ ਸਿੱਖਿਆ ਵਿਚ ਕਿਹੜੀ ਵਿਵਹਾਰਕ ਸਿਖਲਾਈ ਸ਼ਾਮਲ ਹੋਣੀ ਚਾਹੀਦੀ ਹੈ?
[ਸਫ਼ੇ 9 ਉੱਤੇ ਤਸਵੀਰ]
ਪ੍ਰਾਚੀਨ ਇਸਰਾਏਲ ਵਿਚ ਸਿੱਖਿਆ ਨੂੰ ਉਚਾ ਦਰਜਾ ਦਿੱਤਾ ਜਾਂਦਾ ਸੀ