ਅਧਿਆਇ 68
ਸੱਤਵੇਂ ਦਿਨ ਤੇ ਹੋਰ ਸਿੱਖਿਆ
ਡੇਰਿਆਂ ਦੇ ਪਰਬ ਦਾ ਆਖ਼ਰੀ ਦਿਨ, ਅਰਥਾਤ ਸੱਤਵਾਂ ਦਿਨ ਅਜੇ ਚਲ ਰਿਹਾ ਹੈ। ਯਿਸੂ ਹੈਕਲ ਦੇ “ਖ਼ਜਾਨੇ” ਨਾਮਕ ਹਿੱਸੇ ਵਿਚ ਸਿੱਖਿਆ ਦੇ ਰਿਹਾ ਹੈ। ਜਾਪਦਾ ਹੈ ਕਿ ਇਹ ਔਰਤਾਂ ਦਾ ਵਿਹੜਾ ਅਖਵਾਉਣ ਵਾਲੇ ਹਿੱਸੇ ਵਿਚ ਹੈ ਜਿੱਥੇ ਉਹ ਬਕਸੇ ਪਏ ਹਨ ਜਿਨ੍ਹਾਂ ਵਿਚ ਲੋਕੀ ਆਪਣਾ ਚੰਦਾ ਪਾਉਂਦੇ ਹਨ।
ਪਰਬ ਦੇ ਦੌਰਾਨ ਹਰ ਰਾਤ, ਹੈਕਲ ਦੇ ਇਸ ਇਲਾਕੇ ਵਿਚ ਰੌਸ਼ਨੀ ਦਾ ਇਕ ਖ਼ਾਸ ਪ੍ਰਦਰਸ਼ਨ ਹੁੰਦਾ ਹੈ। ਇੱਥੇ ਚਾਰ ਵਿਸ਼ਾਲ ਸ਼ਮਾਦਾਨ ਰੱਖੇ ਜਾਂਦੇ ਹਨ, ਜਿਸ ਦੇ ਹਰ ਇਕ ਵਿਚ ਤੇਲ ਨਾਲ ਭਰੇ ਹੋਏ ਚਾਰ ਵੱਡੇ ਦੀਵੇ ਹਨ। 16 ਦੀਵਿਆਂ ਦੇ ਤੇਲ ਨਾਲ ਬਲਦੇ ਹੋਏ ਇਨ੍ਹਾਂ ਸ਼ਮਾਦਾਨਾਂ ਦਾ ਚਾਨਣ ਇੰਨਾ ਤੇਜ਼ ਹੈ ਕਿ ਇਹ ਰਾਤ ਨੂੰ ਦੂਰ-ਦੂਰ ਤਕ ਆਲੇ-ਦੁਆਲੇ ਰੌਸ਼ਨੀ ਪਾਉਂਦਾ ਹੈ। ਯਿਸੂ ਹੁਣ ਜੋ ਕਹਿੰਦਾ ਹੈ, ਸ਼ਾਇਦ ਉਸ ਦੇ ਸਰੋਤਿਆਂ ਨੂੰ ਇਸ ਪ੍ਰਦਰਸ਼ਨ ਦੀ ਯਾਦ ਕਰਵਾਏ। “ਜਗਤ ਦਾ ਚਾਨਣ ਮੈਂ ਹਾਂ,” ਯਿਸੂ ਘੋਸ਼ਣਾ ਕਰਦਾ ਹੈ। “ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।”
ਫ਼ਰੀਸੀ ਇਤਰਾਜ਼ ਕਰਦੇ ਹਨ: “ਤੂੰ ਆਪਣੇ ਉੱਤੇ ਆਪੇ ਸਾਖੀ ਦਿੰਦਾ ਹੈਂ। ਤੇਰੀ ਸਾਖੀ ਸੱਚੀ ਨਹੀਂ।”
ਜਵਾਬ ਵਿਚ ਯਿਸੂ ਕਹਿੰਦਾ ਹੈ: “ਭਾਵੇਂ ਮੈਂ ਆਪਣੇ ਉੱਤੇ ਆਪੇ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੈਂ ਕਿੱਧਰੋਂ ਆਇਆ ਹਾਂ ਅਤੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿੱਧਰੋਂ ਆਉਂਦਾ ਅਤੇ ਕਿੱਧਰ ਨੂੰ ਜਾਂਦਾ ਹਾਂ।” ਉਹ ਅੱਗੇ ਕਹਿੰਦਾ ਹੈ: “ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰਾ ਪਿਤਾ ਜਿਨ੍ਹ ਮੈਨੂੰ ਘੱਲਿਆ ਮੇਰੇ ਉੱਤੇ ਸਾਖੀ ਦਿੰਦਾ ਹੈ।”
“ਕਿੱਥੇ ਹੈ ਤੇਰਾ ਪਿਤਾ?” ਫ਼ਰੀਸੀ ਜਾਣਨਾ ਚਾਹੁੰਦੇ ਹਨ।
“ਤੁਸੀਂ ਨਾ ਮੈਨੂੰ ਜਾਣਦੇ ਹੋ, ਨਾ ਮੇਰੇ ਪਿਤਾ ਨੂੰ,” ਯਿਸੂ ਜਵਾਬ ਦਿੰਦਾ ਹੈ। “ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ।” ਭਾਵੇਂ ਕਿ ਫ਼ਰੀਸੀ ਅਜੇ ਵੀ ਯਿਸੂ ਨੂੰ ਗਿਰਫ਼ਤਾਰ ਕਰਵਾਉਣਾ ਚਾਹੁੰਦੇ ਹਨ, ਪਰ ਕੋਈ ਉਸ ਤੇ ਹੱਥ ਨਹੀਂ ਪਾਉਂਦਾ।
“ਮੈਂ ਤਾਂ ਚੱਲਿਆ ਜਾਂਦਾ ਹਾਂ,” ਯਿਸੂ ਫਿਰ ਕਹਿੰਦਾ ਹੈ। “ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ।”
ਇਸ ਤੇ ਯਹੂਦੀ ਅਚੰਭਾ ਕਰਨ ਲੱਗਦੇ ਹਨ: “ਭਲਾ, ਉਹ ਆਪਣਾ ਘਾਤ ਕਰੂ? ਉਹ ਜੋ ਆਖਦਾ ਹੈ ਭਈ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ?”
“ਤੁਸੀਂ ਹੇਠੋਂ ਦੇ ਹੋ,” ਯਿਸੂ ਸਮਝਾਉਂਦਾ ਹੈ। “ਮੈਂ ਉੱਤੋਂ ਦਾ ਹਾਂ। ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ।” ਫਿਰ ਉਹ ਅੱਗੇ ਕਹਿੰਦਾ ਹੈ: “ਜੇ ਤੁਸੀਂ ਪਰਤੀਤ ਨਾ ਕਰੋ ਕਿ ਮੈਂ ਉਹੋ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ।”
ਨਿਰਸੰਦੇਹ, ਯਿਸੂ ਆਪਣੀ ਪੂਰਵ-ਮਾਨਵੀ ਹੋਂਦ ਅਤੇ ਵਾਅਦਾ ਕੀਤੇ ਹੋਏ ਮਸੀਹਾ, ਜਾਂ ਮਸੀਹ ਹੋਣ ਦੇ ਬਾਰੇ ਜ਼ਿਕਰ ਕਰ ਰਿਹਾ ਹੈ। ਫਿਰ ਵੀ, ਨਿਰਸੰਦੇਹ ਉਹ ਬਹੁਤ ਘਿਰਣਾ ਨਾਲ ਪੁੱਛਦੇ ਹਨ: “ਤੂੰ ਹੈਂ ਕੌਣ?”
ਉਨ੍ਹਾਂ ਦੇ ਰੱਦ ਕਰਨ ਦੇ ਬਾਵਜੂਦ ਯਿਸੂ ਜਵਾਬ ਦਿੰਦਾ ਹੈ: “ਮੈਂ ਤੁਹਾਡੇ ਨਾਲ ਗੱਲਾਂ ਵੀ ਕਿਉਂ ਕਰ ਰਿਹਾ ਹਾਂ?” (ਨਿ ਵ) ਫਿਰ ਵੀ ਉਹ ਅੱਗੇ ਕਹਿੰਦਾ ਹੈ: “ਜਿਨ ਮੈਨੂੰ ਘੱਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲੋਂ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ।” ਯਿਸੂ ਜਾਰੀ ਰੱਖਦਾ ਹੈ: “ਜਾਂ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਭਈ ਮੈਂ ਉਹੋ ਹਾਂ ਅਤੇ ਇਹ ਜੋ ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ। ਅਰ ਜਿਨ੍ਹ ਮੈਨੂੰ ਘੱਲਿਆ ਉਹ ਮੇਰੇ ਸੰਗ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂ ਜੋ ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।”
ਜਦੋਂ ਯਿਸੂ ਇਹ ਗੱਲਾਂ ਕਹਿੰਦਾ ਹੈ, ਤਾਂ ਬਹੁਤੇਰੇ ਉਸ ਉੱਤੇ ਨਿਹਚਾ ਕਰਦੇ ਹਨ। ਇਨ੍ਹਾਂ ਨੂੰ ਉਹ ਕਹਿੰਦਾ ਹੈ: “ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।”
“ਅਸੀਂ ਅਬਰਾਹਾਮ ਦੀ ਅੰਸ ਹਾਂਗੇ,” ਉਸ ਦੇ ਵਿਰੋਧੀ ਇਕੱਠੇ ਬੋਲ ਉਠਦੇ ਹਨ, “ਅਰ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿੱਕੁਰ ਆਖਦਾ ਹੈਂ ਜੋ ਤੁਸੀਂ ਅਜ਼ਾਦ ਕੀਤੇ ਜਾਓਗੇ?”
ਭਾਵੇਂ ਕਿ ਯਹੂਦੀ ਅਕਸਰ ਵਿਦੇਸ਼ੀ ਰਾਜ ਦੇ ਅਧੀਨ ਰਹੇ ਹਨ, ਉਹ ਕਿਸੇ ਵੀ ਅਤਿਆਚਾਰੀ ਨੂੰ ਆਪਣਾ ਸੁਆਮੀ ਨਹੀਂ ਮੰਨਦੇ ਹਨ। ਉਹ ਗੁਲਾਮ ਅਖਵਾਏ ਜਾਣ ਤੋਂ ਇਨਕਾਰ ਕਰਦੇ ਹਨ। ਪਰ ਯਿਸੂ ਦਰਸਾਉਂਦਾ ਹੈ ਕਿ ਉਹ ਸੱਚ-ਮੁੱਚ ਹੀ ਗੁਲਾਮ ਹਨ। ਕਿਸ ਤਰੀਕੇ ਤੋਂ? ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ।”
ਪਾਪ ਦੇ ਪ੍ਰਤੀ ਆਪਣੀ ਗੁਲਾਮੀ ਨੂੰ ਮੰਨ ਲੈਣ ਤੋਂ ਇਨਕਾਰ ਕਰਨਾ ਯਹੂਦੀਆਂ ਨੂੰ ਇਕ ਖਤਰਨਾਕ ਸਥਿਤੀ ਵਿਚ ਪਾ ਦਿੰਦਾ ਹੈ। “ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ,” ਯਿਸੂ ਸਮਝਾਉਂਦਾ ਹੈ। “ਪੁੱਤ੍ਰ ਸਦਾ ਰਹਿੰਦਾ ਹੈ।” ਕਿਉਂਕਿ ਇਕ ਗੁਲਾਮ ਨੂੰ ਵਾਰਸ ਦੇ ਅਧਿਕਾਰ ਨਹੀਂ ਹੁੰਦੇ ਹਨ, ਉਹ ਸ਼ਾਇਦ ਕਿਸੇ ਸਮੇਂ ਵੀ ਬਰਖਾਸਤਗੀ ਦੇ ਖਤਰੇ ਵਿਚ ਹੁੰਦਾ ਹੈ। ਕੇਵਲ ਪੁੱਤਰ ਜੋ ਵਾਸਤਵ ਵਿਚ ਘਰ ਵਿਚ ਪੈਦਾ ਹੋਇਆ ਜਾਂ ਗੋਦ ਲਿਆ ਗਿਆ ਹੋਵੇ “ਸਦਾ” ਰਹਿੰਦਾ ਹੈ, ਯਾਨੀ ਕਿ, ਜਦੋਂ ਤਕ ਉਹ ਜੀਉਂਦਾ ਰਹੇ।
“ਇਸ ਲਈ ਜੇ ਪੁੱਤ੍ਰ ਤੁਹਾਨੂੰ ਅਜ਼ਾਦ ਕਰੇ,” ਯਿਸੂ ਅੱਗੇ ਕਹਿੰਦਾ ਹੈ, “ਤਾਂ ਠੀਕ ਤੁਸੀਂ ਅਜ਼ਾਦ ਹੋਵੋਗੇ।” ਇਸ ਲਈ, ਜੋ ਸੱਚਾਈ ਲੋਕਾਂ ਨੂੰ ਆਜ਼ਾਦ ਕਰਦੀ ਹੈ, ਉਹ ਪੁੱਤਰ, ਯਿਸੂ ਮਸੀਹ ਦੇ ਬਾਰੇ ਸੱਚਾਈ ਹੈ। ਕੇਵਲ ਉਸ ਦੇ ਸੰਪੂਰਣ ਮਾਨਵ ਜੀਵਨ ਦੇ ਬਲੀਦਾਨ ਦੇ ਜ਼ਰੀਏ ਹੀ ਕੋਈ ਵਿਅਕਤੀ ਘਾਤਕ ਪਾਪ ਤੋਂ ਆਜ਼ਾਦ ਹੋ ਸਕਦਾ ਹੈ। ਯੂਹੰਨਾ 8:12-36.
▪ ਸੱਤਵੇਂ ਦਿਨ ਤੇ ਯਿਸੂ ਕਿੱਥੇ ਸਿੱਖਿਆ ਦਿੰਦਾ ਹੈ? ਉੱਥੇ ਰਾਤ ਦੇ ਵੇਲੇ ਕੀ ਵਾਪਰਦਾ ਹੈ, ਅਤੇ ਇਹ ਯਿਸੂ ਦੀ ਸਿੱਖਿਆ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ?
▪ ਯਿਸੂ ਆਪਣੇ ਮੂਲ ਬਾਰੇ ਕੀ ਕਹਿੰਦਾ ਹੈ, ਅਤੇ ਇਸ ਨੂੰ ਉਸ ਦੀ ਸ਼ਨਾਖਤ ਬਾਰੇ ਕੀ ਪ੍ਰਗਟ ਕਰਨਾ ਚਾਹੀਦਾ ਹੈ?
▪ ਯਹੂਦੀ ਕਿਸ ਤਰੀਕੇ ਤੋਂ ਗੁਲਾਮ ਹਨ, ਪਰੰਤੂ ਕਿਹੜੀ ਸੱਚਾਈ ਉਨ੍ਹਾਂ ਨੂੰ ਆਜ਼ਾਦ ਕਰੇਗੀ?