ਕੌਣ ਅਸਲ ਵਿਚ ਦੁਨੀਆਂ ʼਤੇ ਰਾਜ ਕਰਦਾ ਹੈ?
ਹੋ ਸਕਦਾ ਹੈ ਕਿ ਤੁਸੀਂ ਆਪ ਕਦੇ ਕਿਸੇ ਅੰਡਰਵਰਲਡ ਦੇ ਡਾਨ ਨੂੰ ਨਹੀਂ ਮਿਲੇ ਹੋ। ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਉਹ ਹੈ ਹੀ ਨਹੀਂ? ਅਪਰਾਧ ਦੀ ਦੁਨੀਆਂ ਦੇ ਇਹ ਡਾਨ ਅਕਸਰ ਆਪਣੀ ਪਛਾਣ ਛੁਪਾਉਣ ਵਿਚ ਮਾਹਰ ਹੁੰਦੇ ਹਨ। ਉਹ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛਿਓਂ ਵੀ ਆਪਣੇ ਕੰਮ ਜਾਰੀ ਰੱਖਦੇ ਹਨ। ਫਿਰ ਵੀ ਅਖ਼ਬਾਰਾਂ ਦੀਆਂ ਇਹ ਸੁਰਖੀਆਂ ਪੜ੍ਹਨ ਨੂੰ ਮਿਲਦੀਆਂ ਹਨ ਜਿਵੇਂ ਨਸ਼ਿਆਂ ਦੇ ਵਪਾਰੀਆਂ ਦੀ ਆਪਸ ਵਿਚ ਲੜਾਈ, ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫ਼ਾਸ਼ ਅਤੇ ਮਨੁੱਖਾਂ ਦੀ ਤਸਕਰੀ ਵਗੈਰਾ-ਵਗੈਰਾ। ਇਹ ਕੰਮ ਸਾਨੂੰ ਉਨ੍ਹਾਂ ਦੇ ਮਾੜੇ ਅਸਰਾਂ, ਬੁਰੇ ਨਤੀਜਿਆਂ ਅਤੇ ਡਾਨਾਂ ਦੀ ਹੋਂਦ ਬਾਰੇ ਯਾਦ ਦਿਲਾਉਂਦੇ ਹਨ। ਉਹ ਸਮਾਜ ਦਾ ਜੋ ਨੁਕਸਾਨ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਡਾਨ ਅਸਲ ਵਿਚ ਹਨ।
ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦੱਸਿਆ ਹੈ ਕਿ ਸ਼ੈਤਾਨ ਅਸਲੀ ਸ਼ਖ਼ਸ ਹੈ ਜੋ ਇਕ ਤਾਕਤਵਰ ਡਾਨ ਦੀ ਤਰ੍ਹਾਂ “ਝੂਠੀਆਂ ਨਿਸ਼ਾਨੀਆਂ” ਅਤੇ ‘ਹਰ ਗ਼ਲਤ ਤਰੀਕੇ’ ਦੇ ਜ਼ਰੀਏ ਆਪਣੀ ਮਰਜ਼ੀ ਪੂਰੀ ਕਰਦਾ ਹੈ। ਦਰਅਸਲ ਬਾਈਬਲ ਕਹਿੰਦੀ ਹੈ ਕਿ ਉਹ “ਚਾਨਣ ਦਾ ਦੂਤ ਹੋਣ ਦਾ ਦਿਖਾਵਾ ਕਰਦਾ ਹੈ।” (2 ਥੱਸਲੁਨੀਕੀਆਂ 2:9, 10; 2 ਕੁਰਿੰਥੀਆਂ 11:14) ਇਸ ਲਈ ਦੁਨੀਆਂ ਉੱਤੇ ਉਹ ਜੋ ਅਸਰ ਪਾਉਂਦਾ ਹੈ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਅਸਲ ਵਿਚ ਹੈ। ਫਿਰ ਵੀ ਜ਼ਿਆਦਾਤਰ ਲੋਕਾਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਜਿਸ ਦੁਸ਼ਟ ਦੂਤ ਨੂੰ ਤੁਸੀਂ ਦੇਖ ਨਹੀਂ ਸਕਦੇ ਉਹ ਅਸਲ ਵਿਚ ਹੈ। ਸ਼ੈਤਾਨ ਬਾਰੇ ਬਾਈਬਲ ਜੋ ਕਹਿੰਦੀ ਹੈ, ਉਸ ਉੱਤੇ ਗੌਰ ਕਰਨ ਤੋਂ ਪਹਿਲਾਂ ਆਓ ਆਪਾਂ ਕੁਝ ਆਮ ਰੁਕਾਵਟਾਂ ਅਤੇ ਵਿਸ਼ਵਾਸਾਂ ਦੀ ਜਾਂਚ ਕਰੀਏ ਜਿਨ੍ਹਾਂ ਕਾਰਨ ਬਹੁਤ ਸਾਰੇ ਲੋਕ ਮੰਨਦੇ ਨਹੀਂ ਕਿ ਸ਼ੈਤਾਨ ਇਕ ਅਸਲੀ ਸ਼ਖ਼ਸ ਹੈ।
◼ “ਇਕ ਪਿਆਰ ਕਰਨ ਵਾਲਾ ਪਰਮੇਸ਼ੁਰ ਸ਼ੈਤਾਨ ਨੂੰ ਕਿਵੇਂ ਬਣਾ ਸਕਦਾ ਹੈ?” ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਬਹੁਤ ਚੰਗਾ ਹੈ ਅਤੇ ਉਸ ਵਿਚ ਕੋਈ ਵੀ ਕਮੀ ਨਹੀਂ ਹੈ, ਤਾਂ ਫਿਰ ਇਹ ਸੋਚਣਾ ਸਹੀ ਨਹੀਂ ਲੱਗਦਾ ਕਿ ਉਸ ਨੇ ਇਕ ਜ਼ਾਲਮ ਤੇ ਦੁਸ਼ਟ ਦੂਤ ਬਣਾਇਆ। ਹਕੀਕਤ ਤਾਂ ਇਹ ਹੈ ਕਿ ਬਾਈਬਲ ਨਹੀਂ ਕਹਿੰਦੀ ਕਿ ਪਰਮੇਸ਼ੁਰ ਨੇ ਇਸ ਤਰ੍ਹਾਂ ਦੇ ਸ਼ਖ਼ਸ ਨੂੰ ਰਚਿਆ। ਇਸ ਦੇ ਉਲਟ ਇਹ ਪਰਮੇਸ਼ੁਰ ਬਾਰੇ ਕਹਿੰਦੀ ਹੈ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।”—ਬਿਵਸਥਾ ਸਾਰ 32:4; ਜ਼ਬੂਰਾਂ ਦੀ ਪੋਥੀ 5:4.
ਸਾਡੇ ਲਈ ਗੌਰ ਕਰਨ ਦੇ ਲਾਇਕ ਗੱਲ ਇਹ ਹੈ ਕਿ ਪਰਮੇਸ਼ੁਰ ਵੱਲੋਂ ਬਣਾਇਆ ਮੁਕੰਮਲ ਸ਼ਖ਼ਸ ਗ਼ਲਤ ਕੰਮ ਕਿਵੇਂ ਕਰ ਸਕਦਾ ਸੀ। ਪਰਮੇਸ਼ੁਰ ਨੇ ਆਪਣੇ ਪ੍ਰਾਣੀਆਂ ਨੂੰ ਰੋਬੋਟ ਵਾਂਗ ਬਣਾਉਣ ਦੀ ਬਜਾਇ ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ। ਇਸ ਲਈ ਇਕ ਮੁਕੰਮਲ ਅਤੇ ਬੁੱਧੀਮਾਨ ਪ੍ਰਾਣੀ ਚੰਗਾ ਜਾਂ ਬੁਰਾ ਕੰਮ ਕਰਨਾ ਚੁਣ ਸਕਦਾ ਹੈ। ਦਰਅਸਲ ਫ਼ੈਸਲੇ ਕਰਨ ਦੀ ਆਜ਼ਾਦੀ ਮਿਲਣ ਕਾਰਨ ਬੁੱਧੀਮਾਨ ਇਨਸਾਨ ਅਤੇ ਦੂਤ ਜੋ ਕੰਮ ਕਰਦੇ, ਉਨ੍ਹਾਂ ਤੋਂ ਸਾਬਤ ਹੋਣਾ ਸੀ ਕਿ ਉਹ ਗ਼ਲਤ ਸਨ ਜਾਂ ਸਹੀ।
ਇਸ ਲਈ ਸਹੀ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਨੇ ਆਪਣੇ ਪ੍ਰਾਣੀਆਂ ਨੂੰ ਮਰਜ਼ੀ ਕਰਨ ਦੀ ਆਜ਼ਾਦੀ ਦੇਣੀ ਹੀ ਨਹੀਂ ਸੀ ਜੇ ਉਸ ਨੇ ਉਨ੍ਹਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਣਾ ਸੀ। ਇਹ ਉਨ੍ਹਾਂ ਦੀ ਮਰਜ਼ੀ ਸੀ ਜੇ ਉਹ ਬੁਰੇ ਕੰਮ ਕਰਨੇ ਚਾਹੁੰਦੇ ਸਨ ਜਾਂ ਨਹੀਂ। ਇਸ ਆਜ਼ਾਦੀ ਦੀ ਕੁਵਰਤੋਂ ਵੱਲ ਸੰਕੇਤ ਕਰਦੇ ਹੋਏ ਯਿਸੂ ਨੇ ਸ਼ੈਤਾਨ ਬਾਰੇ ਕਿਹਾ: “[ਉਹ] ਸੱਚਾਈ ਦੇ ਰਾਹ ਤੋਂ ਭਟਕ ਗਿਆ।” (ਯੂਹੰਨਾ 8:44) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੋ ਸ਼ਖ਼ਸ ਸ਼ੈਤਾਨ ਬਣ ਗਿਆ, ਉਹ ਪਹਿਲਾਂ ਮੁਕੰਮਲ ਹੁੰਦਾ ਸੀ ਜੋ ਇਕ ਸਮੇਂ ਤੇ “ਸੱਚਾਈ ਦੇ ਰਾਹ” ʼਤੇ ਚੱਲਦਾ ਸੀ।a ਯਹੋਵਾਹ ਪਰਮੇਸ਼ੁਰ ਨੇ ਦੂਤਾਂ ਅਤੇ ਇਨਸਾਨਾਂ ਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਇਸ ਲਈ ਦਿੱਤੀ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਉਨ੍ਹਾਂ ਉੱਤੇ ਭਰੋਸਾ ਹੈ।—ਸਫ਼ਾ 6 ਉੱਤੇ ਡੱਬੀ “ਕੀ ਮੁਕੰਮਲ ਪ੍ਰਾਣੀ ਨਾਮੁਕੰਮਲ ਬਣ ਸਕਦਾ?” ਦੇਖੋ।
◼ “ਸ਼ੈਤਾਨ ਪਰਮੇਸ਼ੁਰ ਦਾ ਸੇਵਕ ਹੈ” ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਗੱਲ ਅੱਯੂਬ ਦੀ ਕਿਤਾਬ ਵਿਚ ਦੱਸੀ ਹੈ। ਬਾਈਬਲ ਉੱਤੇ ਟਿੱਪਣੀ ਕਰਨ ਵਾਲੀ ਇਕ ਕਿਤਾਬ ਵਿਚ ਦੱਸਿਆ ਹੈ ਕਿ ਜਦੋਂ ਸ਼ੈਤਾਨ ਨੇ ਕਿਹਾ ਸੀ ਕਿ ਉਹ ‘ਪ੍ਰਿਥਵੀ ਵਿੱਚ ਘੁੰਮ ਫਿਰ’ ਕੇ ਆਇਆ, ਤਾਂ ਉਸ ਦੀ ਇਹ ਗੱਲ ਪੁਰਾਣੇ ਜ਼ਮਾਨੇ ਦੇ ਫ਼ਾਰਸੀ ਜਾਸੂਸਾਂ ਦੇ ਕੰਮ ਨੂੰ ਸੰਕੇਤ ਕਰਦੀ ਹੈ। ਉਹ ਜਾਸੂਸ ਸਫ਼ਰ ʼਤੇ ਜਾਂਦੇ ਸਨ ਅਤੇ ਵਾਪਸ ਆ ਕੇ ਆਪਣੇ ਰਾਜੇ ਨੂੰ ਗੱਲਾਂ ਦੀ ਰਿਪੋਰਟ ਦਿੰਦੇ ਸਨ। (ਅੱਯੂਬ 1:7) ਪਰ ਜੇ ਸ਼ੈਤਾਨ ਸੱਚ-ਮੁੱਚ ਪਰਮੇਸ਼ੁਰ ਦਾ ਜਾਸੂਸ ਹੁੰਦਾ, ਤਾਂ ਉਸ ਨੂੰ ਪਰਮੇਸ਼ੁਰ ਅੱਗੇ ਇਹ ਕਹਿਣ ਦੀ ਕਿਉਂ ਲੋੜ ਸੀ ਕਿ ਉਹ ‘ਪ੍ਰਿਥਵੀ ਵਿੱਚ ਘੁੰਮ ਫਿਰ’ ਕੇ ਆਇਆ? ਅੱਯੂਬ ਦੀ ਕਿਤਾਬ ਵਿਚਲਾ ਬਿਰਤਾਂਤ ਉਸ ਨੂੰ ਪਰਮੇਸ਼ੁਰ ਦਾ ਮਿੱਤਰ ਕਹਿਣ ਦੀ ਬਜਾਇ ਸ਼ੈਤਾਨ ਕਹਿੰਦਾ ਹੈ ਜਿਸ ਦਾ ਮਤਲਬ ਹੈ “ਵਿਰੋਧੀ।” ਇਸ ਤੋਂ ਪਤਾ ਲੱਗਦਾ ਹੈ ਕਿ ਉਹ ਅਸਲ ਵਿਚ ਪਰਮੇਸ਼ੁਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। (ਅੱਯੂਬ 1:6) ਤਾਂ ਫਿਰ ਇਹ ਵਿਚਾਰ ਕਿੱਥੋਂ ਆਇਆ ਕਿ ਸ਼ੈਤਾਨ ਪਰਮੇਸ਼ੁਰ ਦੀ ਸੇਵਾ ਕਰਦਾ ਹੈ?
ਤਕਰੀਬਨ ਪਹਿਲੀ ਸਦੀ ਈਸਵੀ ਦੀਆਂ ਝੂਠੀਆਂ ਕਿਤਾਬਾਂ ਜਿਵੇਂ “ਜੁਬਲੀਆਂ ਦੀ ਇਕ ਕਿਤਾਬ” ਅਤੇ ਕੁਮਰਾਨ ਪੰਥ ਦੇ “ਨਿਯਮਾਂ ਦੀ ਕਿਤਾਬ” ਵਿਚ ਸ਼ੈਤਾਨ ਨੂੰ ਪਰਮੇਸ਼ੁਰ ਨਾਲ ਬਹਿਸ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਿਆਂ ਵੀ ਦਿਖਾਇਆ ਗਿਆ ਹੈ। ਇਤਿਹਾਸਕਾਰ ਜੇ. ਬੀ. ਰਸਲ ਆਪਣੀ ਕਿਤਾਬ ਮੇਫਿਸਤੋਫਲੀਸ ਵਿਚ ਦੱਸਦਾ ਹੈ ਕਿ ਪ੍ਰੋਟੈਸਟੈਂਟ ਸੁਧਾਰਕ ਮਾਰਟਿਨ ਲੂਥਰ ਮੁਤਾਬਕ ਸ਼ੈਤਾਨ ਪਰਮੇਸ਼ੁਰ ਦਾ ਸੰਦ ਯਾਨੀ ਪੌਦਿਆਂ ਨੂੰ “ਛਾਂਗਣ ਵਾਲੀ ਕੁੰਡੀ ਜਾਂ ਤੰਗਲੀ ਦੀ ਤਰ੍ਹਾਂ ਹੈ ਜੋ ਉਹ ਆਪਣੇ ਬਾਗ਼ ਨੂੰ ਸਾਫ਼-ਸੁਥਰਾ ਕਰਨ ਲਈ ਵਰਤਦਾ ਹੈ।” ਰਸਲ ਕਹਿੰਦਾ ਹੈ ਕਿ ਇਸ ਦਾ ਮਤਲਬ ਹੈ ਕਿ “ਤੰਗਲੀ ਘਾਹ-ਫੂਸ ਨੂੰ ਨਸ਼ਟ ਕਰ ਕੇ ਖ਼ੁਸ਼ ਤਾਂ ਹੁੰਦੀ ਹੈ,” ਪਰ ਇਹ ਪਰਮੇਸ਼ੁਰ ਦੇ ਤਾਕਤਵਰ ਹੱਥ ਵਿਚ ਰਹਿੰਦੀ ਹੈ ਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੀ ਹੈ। ਲੂਥਰ ਦੀ ਇਸ ਸਿੱਖਿਆ—ਜਿਸ ਨੂੰ ਬਾਅਦ ਵਿਚ ਫਰਾਂਸੀਸੀ ਧਰਮ-ਸ਼ਾਸਤਰੀ ਜੌਨ ਕੈਲਵਿਨ ਨੇ ਅਪਣਾਇਆ—ਨੇ ਬਹੁਤ ਸਾਰੇ ਵਿਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਇਹ ਕਿਵੇਂ ਹੋ ਸਕਦਾ ਹੈ ਕਿ ਪਿਆਰ ਕਰਨ ਵਾਲਾ ਪਰਮੇਸ਼ੁਰ ਨਾ ਸਿਰਫ਼ ਬੁਰਾਈ ਹੋਣ ਦਿੰਦਾ ਹੈ, ਸਗੋਂ ਚਾਹੁੰਦਾ ਵੀ ਹੈ ਕਿ ਬੁਰਾਈ ਹੋਵੇ? (ਯਾਕੂਬ 1:13) ਇਸ ਸਿੱਖਿਆ ਤੋਂ ਇਲਾਵਾ, 20ਵੀਂ ਸਦੀ ਵਿਚ ਹੋਈਆਂ ਖ਼ੌਫ਼ਨਾਕ ਘਟਨਾਵਾਂ ਕਾਰਨ ਬਹੁਤ ਸਾਰੇ ਲੋਕ ਵਿਸ਼ਵਾਸ ਨਹੀਂ ਕਰਦੇ ਕਿ ਪਰਮੇਸ਼ੁਰ ਅਤੇ ਸ਼ੈਤਾਨ ਹੋਂਦ ਵਿਚ ਹਨ।
◼ “ਸ਼ੈਤਾਨ ਸਿਰਫ਼ ਅੰਦਰਲੀ ਬੁਰਾਈ ਹੈ” ਜੇ ਅਸੀਂ ਸ਼ੈਤਾਨ ਨੂੰ ਸਿਰਫ਼ ਆਪਣੇ ਅੰਦਰਲੀ ਬੁਰਾਈ ਸਮਝੀਏ, ਤਾਂ ਬਾਈਬਲ ਦੇ ਕੁਝ ਹਵਾਲੇ ਸਾਡੇ ਲਈ ਸਮਝਣੇ ਲਗਭਗ ਨਾਮੁਮਕਿਨ ਹਨ। ਮਿਸਾਲ ਲਈ, ਅੱਯੂਬ 2:3-6 ਵਿਚ ਪਰਮੇਸ਼ੁਰ ਕਿਸ ਨਾਲ ਗੱਲ ਕਰ ਰਿਹਾ ਸੀ? ਕੀ ਉਹ ਸੱਚ-ਮੁੱਚ ਅੱਯੂਬ ਦੇ ਅੰਦਰਲੀ ਬੁਰਾਈ ਨਾਲ ਗੱਲ ਕਰ ਰਿਹਾ ਸੀ ਜਾਂ ਕੀ ਉਹ ਸ਼ਾਇਦ ਆਪਣੇ ਨਾਲ ਗੱਲ ਕਰ ਰਿਹਾ ਸੀ? ਇਸ ਤੋਂ ਇਲਾਵਾ, ਕੀ ਪਰਮੇਸ਼ੁਰ ਅੱਯੂਬ ਨੂੰ ਭਲਾ ਇਨਸਾਨ ਕਹਿ ਕੇ ਉਸ ਦੀ ਤਾਰੀਫ਼ ਕਰਦਾ ਜੇ ਉਸ ਨੇ ਬਾਅਦ ਵਿਚ ਕਠੋਰਤਾ ਨਾਲ ਅੱਯੂਬ ਨੂੰ ਪਰਖਣਾ ਸੀ? ਇਸ ਤਰ੍ਹਾਂ ਕਹਿ ਕੇ ਅਸੀਂ ਪਰਮੇਸ਼ੁਰ ਨੂੰ ਬੁਰਾ ਕਹਿੰਦੇ ਹਾਂ, ਨਾ ਕਿ ਅਜਿਹਾ ਪਰਮੇਸ਼ੁਰ ਜਿਸ ਵਿਚ “ਕਿਸੇ ਤਰ੍ਹਾਂ ਦਾ ਭੈੜ ਨਹੀਂ।” (ਭਜਨ 92:15, CL) ਪਰਮੇਸ਼ੁਰ ਨੇ ਇਸ ਤੋਂ ਬਿਲਕੁਲ ਉਲਟ ਕੀਤਾ। ਉਸ ਨੇ “ਆਪਣਾ ਹੱਥ ਵਧਾ ਕੇ” ਅੱਯੂਬ ਨੂੰ ਨੁਕਸਾਨ ਪਹੁੰਚਾਉਣ ਤੋਂ ਮਨ੍ਹਾ ਕਰ ਦਿੱਤਾ। ਜ਼ਾਹਰ ਹੈ ਕਿ ਸ਼ੈਤਾਨ ਕੋਈ ਅੰਦਰਲੀ ਬੁਰਾਈ ਜਾਂ ਪਰਮੇਸ਼ੁਰ ਦਾ ਮਾੜਾ ਗੁਣ ਨਹੀਂ ਹੈ, ਸਗੋਂ ਉਹ ਇਕ ਅਦਿੱਖ ਸ਼ਖ਼ਸ ਹੈ ਜਿਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲਿਆ।
ਦੁਨੀਆਂ ਉੱਤੇ ਅਸਲ ਵਿਚ ਕਿਸ ਦਾ ਰਾਜ ਚੱਲਦਾ ਹੈ?
ਅੱਜ ਕਈ ਸੋਚਦੇ ਹਨ ਕਿ ਸ਼ੈਤਾਨ ਦੀ ਹੋਂਦ ਨੂੰ ਮੰਨਣਾ ਪੁਰਾਣਾ ਖ਼ਿਆਲ ਹੈ। ਪਰ ਹੋਰ ਕੋਈ ਵੀ ਜਾਣਕਾਰੀ ਸਾਨੂੰ ਯਕੀਨ ਨਹੀਂ ਦਿਵਾ ਸਕਦੀ ਕਿ ਅੱਜ ਇੰਨੀ ਬੁਰਾਈ ਕਿਉਂ ਹੈ, ਸਿਵਾਇ ਇਸ ਦੇ ਕਿ ਬੁਰਾਈ ਦੇ ਪਿੱਛੇ ਸ਼ੈਤਾਨ ਹੈ। ਅਸਲ ਵਿਚ ਸ਼ੈਤਾਨ ਦੀ ਹੋਂਦ ਨੂੰ ਨਾ ਮੰਨਣ ਦਾ ਅੰਜਾਮ ਇਹ ਹੋਇਆ ਹੈ ਕਿ ਕਈ ਲੋਕਾਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਨਹੀਂ ਕੀਤਾ ਤੇ ਨੈਤਿਕ ਮਿਆਰਾਂ ਦੀ ਉਲੰਘਣਾ ਕਰ ਕੇ ਸਾਰੀਆਂ ਹੱਦਾਂ ਪਾਰ ਕਰ ਲਈਆਂ।
19ਵੀਂ ਸਦੀ ਦੇ ਕਵੀ ਸ਼ਾਰਲ-ਪਾਈਏਰ ਬਾਓਦਲੇਅਰ ਨੇ ਲਿਖਿਆ, “ਸ਼ੈਤਾਨ ਦੀ ਸਭ ਤੋਂ ਵੱਡੀ ਚਾਲ ਸਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਪਰਮੇਸ਼ੁਰ ਨਹੀਂ ਹੈ।” ਸ਼ੈਤਾਨ ਨੇ ਆਪਣੀ ਪਛਾਣ ਲੁਕਾਉਣ ਦੁਆਰਾ ਲੋਕਾਂ ਦੇ ਮਨਾਂ ਵਿਚ ਸ਼ੱਕ ਪੈਦਾ ਕੀਤਾ ਹੈ ਕਿ ਪਰਮੇਸ਼ੁਰ ਨਹੀਂ ਹੈ। ਜੇ ਸ਼ੈਤਾਨ ਹੋਂਦ ਵਿਚ ਨਾ ਹੁੰਦਾ, ਤਾਂ ਕੀ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੀ ਬੁਰਾਈ ਦੀ ਜੜ੍ਹ ਪਰਮੇਸ਼ੁਰ ਹੈ? ਕੀ ਸ਼ੈਤਾਨ ਲੋਕਾਂ ਨੂੰ ਇਹੀ ਯਕੀਨ ਨਹੀਂ ਦਿਵਾਉਣਾ ਚਾਹੁੰਦਾ?
ਅਪਰਾਧੀ ਦੁਨੀਆਂ ਦੇ ਡਾਨ ਦੀ ਤਰ੍ਹਾਂ ਸ਼ੈਤਾਨ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਪਛਾਣ ਲੁਕਾਉਂਦਾ ਹੈ। ਉਸ ਦਾ ਕੀ ਮਕਸਦ ਹੈ? ਬਾਈਬਲ ਜਵਾਬ ਦਿੰਦੀ ਹੈ: “ਇਸ ਦੁਨੀਆਂ ਦੇ ਈਸ਼ਵਰ ਨੇ ਇਨ੍ਹਾਂ ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ ਤਾਂਕਿ ਉਨ੍ਹਾਂ ਉੱਤੇ ਮਸੀਹ ਬਾਰੇ, ਜਿਹੜਾ ਪਰਮੇਸ਼ੁਰ ਦਾ ਸਰੂਪ ਹੈ, ਸ਼ਾਨਦਾਰ ਖ਼ੁਸ਼ ਖ਼ਬਰੀ ਦਾ ਚਾਨਣ ਨਾ ਚਮਕੇ।”—2 ਕੁਰਿੰਥੀਆਂ 4:4.
ਇਕ ਜ਼ਰੂਰੀ ਸਵਾਲ ਦਾ ਜਵਾਬ ਜਾਣਨਾ ਹਾਲੇ ਵੀ ਬਾਕੀ ਹੈ। ਪਰਮੇਸ਼ੁਰ ਇਸ ਚਲਾਕ ਦਿਮਾਗ਼ ਵਾਲੇ ਸ਼ੈਤਾਨ ਦਾ ਕੀ ਕਰੇਗਾ ਜੋ ਸਾਰੀ ਬੁਰਾਈ ਅਤੇ ਦੁੱਖਾਂ ਦੀ ਜੜ੍ਹ ਹੈ? ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ। (w11-E 09/01)
[ਫੁਟਨੋਟ]
a ਪਰਮੇਸ਼ੁਰ ਨੇ ਸ਼ੈਤਾਨ ਦੀ ਬਗਾਵਤ ਨੂੰ ਇਕਦਮ ਕਿਉਂ ਨਹੀਂ ਕੁਚਲ ਦਿੱਤਾ, ਇਹ ਜਾਣਨ ਲਈ ਯਹੋਵਾਹ ਦੇ ਗਵਾਹਾਂ ਵੱਲੋਂ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਅਧਿਆਇ 11 ਦੇਖੋ।
[ਸਫ਼ਾ 25 ਉੱਤੇ ਸੁਰਖੀ]
ਕੀ ਸ਼ੈਤਾਨ ਪਰਮੇਸ਼ੁਰ ਦਾ ਸੇਵਕ ਹੈ ਜਾਂ ਉਸ ਦਾ ਵਿਰੋਧੀ?
[ਸਫ਼ਾ 26 ਉੱਤੇ ਡੱਬੀ⁄ਤਸਵੀਰ]
ਕੀ ਮੁਕੰਮਲ ਪ੍ਰਾਣੀ ਨਾਮੁਕੰਮਲ ਬਣ ਸਕਦਾ ਹੈ?
ਸ਼ੁਰੂ ਵਿਚ ਪਰਮੇਸ਼ੁਰ ਨੇ ਦੂਤਾਂ ਅਤੇ ਇਨਸਾਨਾਂ ਨੂੰ ਮੁਕੰਮਲ ਬਣਾਇਆ ਸੀ, ਪਰ ਉਹ ਪੂਰੀ ਤਰ੍ਹਾਂ ਆਜ਼ਾਦ ਨਹੀਂ ਸਨ। ਆਦਮ ਨੇ ਪਰਮੇਸ਼ੁਰ ਵੱਲੋਂ ਦਿੱਤੇ ਗਏ ਕੁਦਰਤੀ ਨਿਯਮਾਂ ਮੁਤਾਬਕ ਚੱਲਣਾ ਸੀ। ਮਿਸਾਲ ਲਈ, ਉਹ ਮਿੱਟੀ, ਪੱਥਰ ਜਾਂ ਲੱਕੜ ਨਹੀਂ ਸੀ ਖਾ ਸਕਦਾ। ਜੇ ਖਾਂਦਾ, ਤਾਂ ਉਸ ਨੇ ਬੀਮਾਰ ਹੋ ਜਾਣਾ ਸੀ। ਇਸੇ ਤਰ੍ਹਾਂ ਜੇ ਉਹ ਗੁਰੂਤਾ ਦੇ ਨਿਯਮ ਦੀ ਉਲੰਘਣਾ ਕਰ ਕੇ ਕਿਸੇ ਉੱਚੇ ਪਹਾੜ ਤੋਂ ਛਾਲ ਮਾਰ ਦਿੰਦਾ, ਤਾਂ ਉਸ ਨੇ ਮਰ ਜਾਣਾ ਸੀ ਜਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣਾ ਸੀ।
ਇਸੇ ਤਰ੍ਹਾਂ ਕੋਈ ਮੁਕੰਮਲ ਇਨਸਾਨ ਜਾਂ ਕੋਈ ਦੂਤ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਦੀ ਉਲੰਘਣਾ ਕਰ ਕੇ ਬੁਰੇ ਅੰਜਾਮ ਤੋਂ ਬਚ ਨਹੀਂ ਸੀ ਸਕਦਾ। ਤਾਂ ਫਿਰ, ਜਦ ਕੋਈ ਪ੍ਰਾਣੀ ਫ਼ੈਸਲੇ ਕਰਨ ਦੀ ਆਪਣੀ ਆਜ਼ਾਦੀ ਦਾ ਗ਼ਲਤ ਇਸਤੇਮਾਲ ਕਰਦਾ ਹੈ, ਤਾਂ ਉਸ ਕੋਲੋਂ ਆਸਾਨੀ ਨਾਲ ਗ਼ਲਤੀ ਅਤੇ ਪਾਪ ਹੋ ਸਕਦਾ ਹੈ।—ਉਤਪਤ 1:29; ਮੱਤੀ 4:4.