ਅਧਿਆਇ 81
ਯਿਸੂ ਨੂੰ ਮਾਰਨ ਦੀਆਂ ਹੋਰ ਕੋਸ਼ਿਸ਼ਾਂ
ਕਿਉਂਕਿ ਇਹ ਸਿਆਲ ਦੀ ਰੁੱਤ ਹੈ, ਯਿਸੂ ਵਰਾਂਡਿਆਂ ਦੇ ਇਲਾਕੇ ਵਿਚ ਘੁੰਮ-ਫਿਰ ਰਿਹਾ ਹੈ ਜੋ ਸੁਲੇਮਾਨ ਦਾ ਦਲਾਨ ਅਖਵਾਉਂਦਾ ਹੈ। ਇਹ ਹੈਕਲ ਦੇ ਨਾਲ-ਨਾਲ ਹੈ। ਇੱਥੇ ਯਹੂਦੀ ਉਸ ਨੂੰ ਘੇਰ ਲੈਂਦੇ ਹਨ ਅਤੇ ਕਹਿਣ ਲੱਗਦੇ ਹਨ: “ਤੂੰ ਕਦਕੁ ਤਾਈਂ ਸਾਨੂੰ ਦੁਬਧਾ ਵਿੱਚ ਰੱਖੇਂਗਾ? ਜੇ ਤੂੰ ਮਸੀਹ ਹੈਂ ਤਾਂ ਖੋਲ੍ਹ ਕੇ ਸਾਨੂੰ ਦੱਸ ਦਿਹ।”
“ਮੈਂ ਤਾਂ ਤੁਹਾਨੂੰ ਦੱਸਿਆ,” ਯਿਸੂ ਜਵਾਬ ਦਿੰਦਾ ਹੈ, “ਪਰ ਤੁਸੀਂ ਪਰਤੀਤ ਨਹੀਂ ਕਰਦੇ।” ਯਿਸੂ ਨੇ ਉਨ੍ਹਾਂ ਨੂੰ ਸਿੱਧੇ ਤੌਰ ਤੇ ਨਹੀਂ ਦੱਸਿਆ ਕਿ ਉਹ ਮਸੀਹ ਸੀ, ਜਿਵੇਂ ਕਿ ਉਸ ਨੇ ਖੂਹ ਵਿਖੇ ਉਸ ਸਾਮਰੀ ਔਰਤ ਨੂੰ ਦੱਸਿਆ ਸੀ। ਫਿਰ ਵੀ ਉਸ ਨੇ, ਅਸਲ ਵਿਚ, ਆਪਣੀ ਪਛਾਣ ਪ੍ਰਗਟ ਕੀਤੀ ਸੀ ਜਦੋਂ ਉਸ ਨੇ ਉਨ੍ਹਾਂ ਨੂੰ ਸਮਝਾਇਆ ਸੀ ਕਿ ਉਹ ਉਤਾਹਾਂ ਤੋਂ ਹੈ ਅਤੇ ਅਬਰਾਹਾਮ ਤੋਂ ਪਹਿਲਾਂ ਰਹਿ ਚੁੱਕਾ ਹੈ।
ਪਰੰਤੂ, ਯਿਸੂ ਚਾਹੁੰਦਾ ਹੈ ਕਿ ਲੋਕੀ ਉਸ ਦੇ ਕੰਮਾਂ ਦੀ ਤੁਲਨਾ ਮਸੀਹ ਦੁਆਰਾ ਪੂਰੇ ਕੀਤੇ ਜਾਣ ਵਾਲੇ ਬਾਈਬਲ ਵਿਚ ਪੂਰਵ ਦਸੇ ਗਏ ਕੰਮਾਂ ਨਾਲ ਕਰ ਕੇ, ਆਪਣੇ ਆਪ ਇਸ ਨਤੀਜੇ ਉੱਤੇ ਪਹੁੰਚਣ ਕਿ ਉਹ ਮਸੀਹ ਹੈ। ਇਸ ਕਰਕੇ ਉਸ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਆਗਿਆ ਦਿੱਤੀ ਸੀ ਕਿ ਕਿਸੇ ਨੂੰ ਨਾ ਦੱਸਣ ਕਿ ਉਹ ਮਸੀਹ ਸੀ। ਅਤੇ ਇਸ ਕਰਕੇ ਉਹ ਹੁਣ ਅੱਗੇ ਜਾ ਕੇ ਇਨ੍ਹਾਂ ਵੈਰਭਾਵੀ ਯਹੂਦੀਆਂ ਨੂੰ ਕਹਿੰਦਾ ਹੈ: “ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਤੇ ਕਰਦਾ ਹਾਂ ਓਹ ਮੇਰੇ ਉੱਤੇ ਸਾਖੀ ਦਿੰਦੇ ਹਨ। ਪਰ ਤੁਸੀਂ ਪਰਤੀਤ ਨਹੀਂ ਕਰਦੇ।”
ਉਹ ਪਰਤੀਤ ਕਿਉਂ ਨਹੀਂ ਕਰਦੇ? ਕੀ ਸਬੂਤ ਦੀ ਘਾਟ ਦੇ ਕਾਰਨ ਕਿ ਯਿਸੂ ਹੀ ਮਸੀਹ ਹੈ? ਨਹੀਂ, ਪਰੰਤੂ ਉਸ ਕਾਰਨ ਦੇ ਕਰਕੇ ਜੋ ਯਿਸੂ ਉਨ੍ਹਾਂ ਨੂੰ ਦਿੰਦਾ ਹੈ ਜਦੋਂ ਉਹ ਉਨ੍ਹਾਂ ਨੂੰ ਦੱਸਦਾ ਹੈ: “[ਤੁਸੀਂ] ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ। ਮੇਰਾ ਪਿਤਾ ਜਿਹ ਨੇ ਮੈਨੂੰ ਓਹ ਦਿੱਤੀਆਂ ਹਨ ਸਭਨਾਂ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਨ੍ਹਾਂ ਨੂੰ ਖੋਹ ਨਹੀਂ ਸੱਕਦਾ।”
ਫਿਰ ਯਿਸੂ ਆਪਣੇ ਪਿਤਾ ਨਾਲ ਆਪਣਾ ਨਜ਼ਦੀਕੀ ਰਿਸ਼ਤਾ ਬਿਆਨ ਕਰਦੇ ਹੋਏ ਸਮਝਾਉਂਦਾ ਹੈ: “ਮੈਂ ਅਰ ਪਿਤਾ ਇੱਕੋ ਹਾਂ।” ਕਿਉਂ ਜੋ ਯਿਸੂ ਧਰਤੀ ਉੱਤੇ ਹੈ ਅਤੇ ਉਸ ਦਾ ਪਿਤਾ ਸਵਰਗ ਵਿਚ ਹੈ, ਸਪੱਸ਼ਟ ਹੈ ਕਿ ਉਹ ਇਹ ਨਹੀਂ ਕਹਿ ਰਿਹਾ ਹੈ ਕਿ ਉਹ ਅਤੇ ਉਸ ਦਾ ਪਿਤਾ ਸ਼ਾਬਦਿਕ ਤੌਰ ਤੇ, ਜਾਂ ਸਰੀਰਕ ਪੱਖੋਂ, ਇਕ ਹਨ। ਇਸ ਦੀ ਬਜਾਇ, ਉਸ ਦਾ ਮਤਲਬ ਹੈ ਕਿ ਉਹ ਮਕਸਦ ਵਿਚ ਇਕ ਹਨ, ਕਿ ਉਹ ਇਕਮੁੱਠ ਹਨ।
ਯਿਸੂ ਦਿਆਂ ਸ਼ਬਦਾਂ ਤੋਂ ਕ੍ਰੋਧਿਤ ਹੋ ਕੇ, ਯਹੂਦੀ ਉਸ ਨੂੰ ਮਾਰਨ ਲਈ ਪੱਥਰ ਚੁੱਕ ਲੈਂਦੇ ਹਨ, ਜਿਵੇਂ ਉਨ੍ਹਾਂ ਨੇ ਪਹਿਲਾਂ ਵੀ ਮੰਡਪਾਂ, ਜਾਂ ਡੇਰਿਆਂ ਦੇ ਪਰਬ ਦੇ ਦੌਰਾਨ ਕੀਤਾ ਸੀ। ਆਪਣੇ ਭਾਵੀ ਕਾਤਲਾਂ ਦਾ ਦਲੇਰੀ ਨਾਲ ਸਾਮ੍ਹਣਾ ਕਰਦੇ ਹੋਏ, ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਪਿਤਾ ਦੀ ਵੱਲੋਂ ਅਨੇਕ ਚੰਗੇ ਕੰਮ ਵਿਖਾਏ। ਉਨ੍ਹਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪਥਰਾਹ ਕਰਦੇ ਹੋ?”
“ਅਸੀਂ ਤੈਨੂੰ ਚੰਗੇ ਕੰਮ ਪਿੱਛੇ ਪਥਰਾਹ ਨਹੀਂ ਕਰਦੇ,” ਉਹ ਜਵਾਬ ਦਿੰਦੇ ਹਨ, “ਪਰ ਕੁਫ਼ਰ ਪਿੱਛੇ ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ੁਰ ਬਣਾਉਂਦਾ ਹੈਂ।” ਜਦੋਂ ਕਿ ਯਿਸੂ ਨੇ ਕਦੀ ਵੀ ਇਕ ਪਰਮੇਸ਼ੁਰ ਹੋਣ ਦਾ ਦਾਅਵਾ ਨਹੀਂ ਕੀਤਾ, ਯਹੂਦੀ ਇਸ ਤਰ੍ਹਾਂ ਕਿਉਂ ਕਹਿੰਦੇ ਹਨ?
ਸਪੱਸ਼ਟ ਤੌਰ ਤੇ ਇਸ ਕਰਕੇ ਕਿਉਂਕਿ ਯਿਸੂ ਉਨ੍ਹਾਂ ਸ਼ਕਤੀਆਂ ਦਾ ਅਧਿਕਾਰ ਰੱਖਣ ਦਾ ਦਾਅਵਾ ਕਰਦਾ ਹੈ ਜੋ ਉਹ ਵਿਸ਼ਵਾਸ ਕਰਦੇ ਹਨ ਕਿ ਕੇਵਲ ਪਰਮੇਸ਼ੁਰ ਵਿਚ ਹੀ ਹਨ। ਉਦਾਹਰਣ ਲਈ, ਉਸ ਨੇ ਹੁਣੇ ਹੀ “ਭੇਡਾਂ” ਬਾਰੇ ਕਿਹਾ ਹੈ, “ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ,” ਜੋ ਚੀਜ਼ ਕੋਈ ਮਨੁੱਖ ਨਹੀਂ ਕਰ ਸਕਦਾ ਹੈ। ਪਰੰਤੂ, ਯਹੂਦੀ ਇਸ ਅਸਲੀਅਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਯਿਸੂ ਆਪਣੇ ਪਿਤਾ ਤੋਂ ਇਖ਼ਤਿਆਰ ਪ੍ਰਾਪਤ ਕਰਨ ਦੀ ਗੱਲ ਨੂੰ ਸਵੀਕਾਰ ਕਰਦਾ ਹੈ।
ਯਿਸੂ ਪਰਮੇਸ਼ੁਰ ਤੋਂ ਛੋਟਾ ਹੋਣ ਦਾ ਦਾਅਵਾ ਕਰਦਾ ਹੈ, ਇਸ ਗੱਲ ਨੂੰ ਦਿਖਾਉਣ ਵਾਸਤੇ ਉਹ ਅੱਗੇ ਇਹ ਪੁੱਛਦਾ ਹੈ: “ਕੀ ਤੁਹਾਡੀ ਸ਼ਰਾ ਵਿੱਚ [ਜ਼ਬੂਰ 82:6 ਵਿਖੇ] ਇਹ ਨਹੀਂ ਲਿਖਿਆ ਹੋਇਆ ਹੈ ਕਿ ਮੈਂ ਆਖਿਆ, ਤੁਸੀਂ ਦਿਓਤੇ ਹੋ? ਜੇਕਰ ਉਸ ਨੇ ਉਨ੍ਹਾਂ ਨੂੰ ਦਿਓਤੇ ਆਖਿਆ ਜਿਨ੍ਹਾਂ ਦੇ ਕੋਲ ਪਰਮੇਸ਼ੁਰ ਦੀ ਬਾਣੀ ਆਈ, . . . ਤਾਂ ਜਿਹ ਨੂੰ ਪਿਤਾ ਨੇ ਪਵਿੱਤਰ ਕਰ ਕੇ ਜਗਤ ਵਿੱਚ ਘੱਲਿਆ, ਕੀ ਤੁਸੀਂ ਉਹ ਨੂੰ ਇਹ ਆਖਦੇ ਹੋ ਭਈ ਤੂੰ ਕੁਫ਼ਰ ਬਕਦਾ ਹੈਂ ਇਸ ਲਈ ਜੋ ਮੈਂ ਕਿਹਾ ਸੀ ਕਿ ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ?”
ਜਦੋਂ ਕਿ ਸ਼ਾਸਤਰ ਅਨਿਆਂਪੂਰਣ ਮਾਨਵ ਨਿਆਂਕਾਰਾਂ ਨੂੰ ਵੀ “ਦਿਓਤੇ” ਸੱਦਦੇ ਹਨ, ਤਾਂ ਇਹ ਯਹੂਦੀ ਲੋਕ ਯਿਸੂ ਦਾ ਇਹ ਕਹਿਣਾ ਕਿ, “ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ” ਵਿਚ ਕੀ ਗ਼ਲਤੀ ਲੱਭ ਸਕਦੇ ਹਨ? ਯਿਸੂ ਅੱਗੇ ਕਹਿੰਦਾ ਹੈ: “ਜੇ ਮੈਂ ਆਪਣੇ ਪਿਤਾ ਜੇਹੇ ਕੰਮ ਨਹੀਂ ਕਰਦਾ ਤਾਂ ਮੇਰੀ ਪਰਤੀਤ ਨਾ ਕਰੋ। ਪਰ ਜੇ ਮੈਂ ਕਰਦਾ ਹਾਂ ਤਾਂ ਭਾਵੇਂ ਮੇਰੀ ਪਰਤੀਤ ਨਾ ਕਰੋ ਤਦ ਵੀ ਉਨ੍ਹਾਂ ਕੰਮਾਂ ਦੀ ਪਰਤੀਤ ਕਰੋ ਤਾਂ ਤੁਸੀਂ ਜਾਣੋ ਅਤੇ ਸਮਝੋ ਜੋ ਪਿਤਾ ਮੇਰੇ ਵਿੱਚ ਅਤੇ ਮੈਂ ਪਿਤਾ ਦੇ ਵਿੱਚ ਹਾਂ।”
ਜਦੋਂ ਯਿਸੂ ਇਹ ਕਹਿੰਦਾ ਹੈ, ਤਾਂ ਯਹੂਦੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਪਰੰਤੂ ਉਹ ਬਚ ਨਿਕਲਦਾ ਹੈ, ਜਿਵੇਂ ਕਿ ਉਸ ਨੇ ਪਹਿਲਾਂ ਵੀ ਡੇਰਿਆਂ ਦੇ ਪਰਬ ਵਿਖੇ ਕੀਤਾ ਸੀ। ਉਹ ਯਰੂਸ਼ਲਮ ਛੱਡ ਕੇ ਯਰਦਨ ਨਦੀ ਦੇ ਪਾਰ ਚਲੇ ਜਾਂਦਾ ਹੈ ਜਿੱਥੇ ਲਗਭਗ ਚਾਰ ਵਰ੍ਹੇ ਪਹਿਲਾਂ ਯੂਹੰਨਾ ਨੇ ਬਪਤਿਸਮੇ ਦੇਣੇ ਸ਼ੁਰੂ ਕੀਤੇ ਸਨ। ਜਾਪਦਾ ਹੈ ਕਿ ਇਹ ਇਲਾਕਾ ਗਲੀਲ ਦੀ ਝੀਲ ਦੇ ਦੱਖਣੀ ਕੰਢੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ, ਯਰੂਸ਼ਲਮ ਤੋਂ ਦੋ-ਕੁ ਦਿਨ ਦੀ ਯਾਤਰਾ।
ਬਹੁਤੇਰੇ ਲੋਕ ਯਿਸੂ ਕੋਲ ਇਸ ਜਗ੍ਹਾ ਤੇ ਆ ਕੇ ਇਹ ਕਹਿਣ ਲੱਗਦੇ ਹਨ: “ਯੂਹੰਨਾ ਨੇ ਤਾਂ ਕੋਈ ਨਿਸ਼ਾਨ ਨਹੀਂ ਵਿਖਾਇਆ ਪਰ ਜੋ ਕੁਝ ਯੂਹੰਨਾ ਨੇ ਇਹ ਦੇ ਹੱਕ ਵਿੱਚ ਆਖਿਆ ਸੋ ਸਤ ਸੀ।” ਇਸ ਤਰ੍ਹਾਂ, ਇੱਥੇ ਬਹੁਤੇਰਿਆਂ ਨੇ ਉਸ ਉੱਤੇ ਨਿਹਚਾ ਕੀਤੀ। ਯੂਹੰਨਾ 10:22-42; 4:26; 8:23, 58; ਮੱਤੀ 16:20.
▪ ਯਿਸੂ ਕਿਸ ਜ਼ਰੀਏ ਤੋਂ ਚਾਹੁੰਦਾ ਹੈ ਕਿ ਲੋਕੀ ਉਸ ਨੂੰ ਮਸੀਹ ਦੇ ਤੌਰ ਤੇ ਪਛਾਣਨ?
▪ ਯਿਸੂ ਅਤੇ ਉਸ ਦਾ ਪਿਤਾ ਕਿਸ ਤਰ੍ਹਾਂ ਇਕ ਹਨ?
▪ ਸਪੱਸ਼ਟ ਤੌਰ ਤੇ, ਯਹੂਦੀ ਕਿਉਂ ਕਹਿੰਦੇ ਹਨ ਕਿ ਯਿਸੂ ਆਪਣੇ ਆਪ ਨੂੰ ਇਕ ਪਰਮੇਸ਼ੁਰ ਬਣਾ ਰਿਹਾ ਹੈ?
▪ ਯਿਸੂ ਦਾ ਜ਼ਬੂਰਾਂ ਦੀ ਪੋਥੀ ਵਿੱਚੋਂ ਉਤਕਥਨ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਹ ਪਰਮੇਸ਼ੁਰ ਦੇ ਬਰਾਬਰ ਹੋਣ ਦਾ ਦਾਅਵਾ ਨਹੀਂ ਕਰ ਰਿਹਾ ਹੈ?