ਅਧਿਆਇ 15
ਯਿਸੂ ਦਾ ਪਹਿਲਾ ਚਮਤਕਾਰ
ਅੰਦ੍ਰਿਯਾਸ, ਪਤਰਸ, ਯੂਹੰਨਾ, ਫ਼ਿਲਿੱਪੁਸ, ਨਥਾਨਿਏਲ, ਅਤੇ ਸ਼ਾਇਦ ਯਾਕੂਬ ਨੂੰ ਯਿਸੂ ਦੇ ਪਹਿਲੇ ਚੇਲੇ ਬਣੇ ਅਜੇ ਇਕ ਜਾਂ ਦੋ ਦਿਨ ਹੀ ਹੋਏ ਹਨ। ਇਹ ਸਭੇ ਹੁਣ ਗਲੀਲ ਜ਼ਿਲ੍ਹੇ ਵਿਖੇ ਆਪਣੇ ਘਰ ਦੇ ਰਾਹ ਪਏ ਹਨ, ਜਿੱਥੋਂ ਦੇ ਉਹ ਸਾਰੇ ਰਹਿਣ ਵਾਲੇ ਹਨ। ਉਹ ਕਾਨਾ ਜਾ ਰਹੇ ਹਨ, ਜੋ ਨਥਾਨਿਏਲ ਦਾ ਜੱਦੀ ਪਿੰਡ ਹੈ, ਅਤੇ ਜੋ ਨਾਸਰਤ, ਜਿੱਥੇ ਯਿਸੂ ਖ਼ੁਦ ਵੱਡਾ ਹੋਇਆ ਸੀ, ਤੋਂ ਥੋੜ੍ਹੀ ਹੀ ਦੂਰ ਪਹਾੜੀਆਂ ਉੱਪਰ ਸਥਿਤ ਹੈ। ਉਹ ਕਾਨਾ ਵਿਖੇ ਇਕ ਵਿਆਹ ਦੇ ਭੋਜਨ ਲਈ ਬੁਲਾਏ ਗਏ ਹਨ।
ਯਿਸੂ ਦੀ ਮਾਤਾ ਵੀ ਵਿਆਹ ਤੇ ਆਈ ਹੋਈ ਹੈ। ਵਿਆਹ ਹੋਣ ਵਾਲਿਆਂ ਦੇ ਪਰਿਵਾਰ ਦੀ ਸਨੇਹੀ ਮਿੱਤਰ ਹੋਣ ਦੇ ਨਾਤੇ, ਇੰਜ ਲੱਗਦਾ ਹੈ ਕਿ ਮਰਿਯਮ ਬਹੁਤ ਸਾਰੇ ਮਹਿਮਾਨਾਂ ਦੀਆਂ ਲੋੜ੍ਹਾਂ ਨੂੰ ਪੂਰਿਆਂ ਕਰਨ ਵਿਚ ਰੁਝੀ ਹੋਈ ਹੈ। ਇਸ ਲਈ ਜਲਦੀ ਹੀ ਇਕ ਘਾਟ ਉਸ ਦੇ ਧਿਆਨ ਵਿਚ ਆ ਜਾਂਦੀ ਹੈ, ਜਿਸ ਦੀ ਉਹ ਯਿਸੂ ਨੂੰ ਖ਼ਬਰ ਕਰਦੀ ਹੈ: “ਉਨ੍ਹਾਂ ਕੋਲ ਮੈ ਨਾ ਰਹੀ।”
ਇਸ ਤਰ੍ਹਾਂ, ਜਦੋਂ ਮਰਿਯਮ ਅਸਲ ਵਿਚ ਸੁਝਾਉ ਦਿੰਦੀ ਹੈ ਕਿ ਯਿਸੂ ਦਾਖ ਰਸ ਦੀ ਘਾਟ ਲਈ ਕੁਝ ਕਰੇ, ਤਾਂ ਯਿਸੂ ਪਹਿਲਾਂ ਹਿਚਕਿਚਾਉਂਦਾ ਹੈ। “ਮੈਨੂੰ ਤੈਨੂੰ ਕੀ?” ਉਹ ਪੁੱਛਦਾ ਹੈ। ਪਰਮੇਸ਼ੁਰ ਦਾ ਨਿਯੁਕਤ ਰਾਜਾ ਹੋਣ ਦੇ ਨਾਤੇ, ਉਸ ਨੂੰ ਆਪਣੇ ਕੰਮਾਂ ਵਿਚ ਪਰਿਵਾਰ ਜਾਂ ਦੋਸਤਾਂ ਵੱਲੋਂ ਨਿਰਦੇਸ਼ਿਤ ਨਹੀਂ ਹੋਣਾ ਹੈ। ਇਸ ਲਈ ਮਰਿਯਮ ਬੁੱਧੀਮਤਾ ਨਾਲ ਇਸ ਮਾਮਲੇ ਨੂੰ ਆਪਣੇ ਪੁੱਤਰ ਤੇ ਛੱਡਦੀ ਹੋਈ, ਕੇਵਲ ਟਹਿਲੂਆਂ ਨੂੰ ਇਹ ਕਹਿੰਦੀ ਹੈ: “ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ।”
ਖ਼ੈਰ, ਉੱਥੇ ਪੱਥਰ ਦੇ ਛੇ ਵੱਡੇ ਮੱਟ ਹਨ, ਹਰ ਇਕ ਵਿਚ 40 ਲਿਟਰ ਤੋਂ ਜ਼ਿਆਦਾ ਪਾਣੀ ਪੈ ਸਕਦਾ ਹੈ। ਯਿਸੂ ਟਹਿਲੂਆਂ ਨੂੰ ਹਿਦਾਇਤ ਦਿੰਦਾ ਹੈ: “ਮੱਟਾਂ ਵਿੱਚ ਜਲ ਭਰੋ।” ਅਤੇ ਸੇਵਾਦਾਰ ਉਨ੍ਹਾਂ ਨੂੰ ਨੱਕੋ-ਨੱਕ ਭਰ ਦਿੰਦੇ ਹਨ। ਫਿਰ ਯਿਸੂ ਕਹਿੰਦਾ ਹੈ: “ਹੁਣ ਕੱਢੋ ਅਤੇ ਸਭਾ ਦੇ ਪਰਧਾਨ ਕੋਲ ਲੈ ਜਾਓ।”
ਪਰਧਾਨ ਉਸ ਦਾਖ ਰਸ ਦੇ ਉੱਤਮ ਦਰਜੇ ਤੋਂ ਪ੍ਰਭਾਵਿਤ ਹੁੰਦਾ ਹੈ, ਇਹ ਨਾ ਜਾਣਦੇ ਹੋਏ ਕਿ ਇਹ ਚਮਤਕਾਰੀ ਢੰਗ ਨਾਲ ਤਿਆਰ ਕੀਤੀ ਗਈ ਹੈ। ਲਾੜੇ ਨੂੰ ਸੱਦ ਕੇ ਉਹ ਕਹਿੰਦਾ ਹੈ: “ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ, ਪਰ ਤੈਂ ਅੱਛੀ ਮੈ ਹੁਣ ਤੀਕਰ ਰੱਖ ਛੱਡੀ ਹੈ!”
ਇਹ ਯਿਸੂ ਦਾ ਪਹਿਲਾ ਚਮਤਕਾਰ ਹੈ, ਅਤੇ ਇਸ ਨੂੰ ਦੇਖ ਕੇ ਉਸ ਦੇ ਨਵੇਂ ਚੇਲਿਆਂ ਦੀ ਨਿਹਚਾ ਮਜ਼-ਬੂਤ ਹੁੰਦੀ ਹੈ। ਇਸ ਤੋਂ ਬਾਅਦ, ਉਹ ਸਭ ਉਸ ਦੀ ਮਾਤਾ ਅਤੇ ਉਸ ਦੇ ਮਤਰੇਏ ਭਰਾਵਾਂ ਨਾਲ ਕਫ਼ਰਨਾਹੂਮ ਦੇ ਨਗਰ ਨੂੰ ਯਾਤਰਾ ਕਰਦੇ ਹਨ, ਜੋ ਗਲੀਲ ਦੀ ਝੀਲ ਦੇ ਨੇੜੇ ਹੈ। ਯੂਹੰਨਾ 2:1-12.
▪ ਯਿਸੂ ਦੀ ਸੇਵਕਾਈ ਦੇ ਦੌਰਾਨ ਕਾਨਾ ਵਿਖੇ ਵਿਆਹ ਕਦੋਂ ਹੁੰਦਾ ਹੈ?
▪ ਯਿਸੂ ਆਪਣੀ ਮਾਤਾ ਦੇ ਸੁਝਾਉ ਤੇ ਇਤਰਾਜ਼ ਕਿਉਂ ਕਰਦਾ ਹੈ?
▪ ਯਿਸੂ ਕਿਹੜਾ ਚਮਤਕਾਰ ਕਰਦਾ ਹੈ, ਅਤੇ ਇਸ ਦਾ ਦੂਜਿਆਂ ਤੇ ਕੀ ਅਸਰ ਹੁੰਦਾ ਹੈ?