ਜਦੋ ਯਿਸੂ ਰਾਜ ਦੇ ਤੇਜ ਵਿਚ ਆਉਂਦਾ ਹੈ
“ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।” —ਮੱਤੀ 16:28.
1, 2. ਪੰਤੇਕੁਸਤ 32 ਸਾ.ਯੁ. ਤੋਂ ਕੁਝ ਦੇਰ ਬਾਅਦ ਕੀ ਹੋਇਆ, ਅਤੇ ਉਸ ਘਟਨਾ ਦਾ ਕੀ ਮਕਸਦ ਸੀ?
ਪੰਤੇਕੁਸਤ 32 ਸਾ.ਯੁ. ਤੋਂ ਕੁਝ ਦੇਰ ਬਾਅਦ, ਯਿਸੂ ਮਸੀਹ ਦੇ ਤਿੰਨ ਰਸੂਲਾਂ ਨੇ ਇਕ ਯਾਦ ਰੱਖਣ ਯੋਗ ਦਰਸ਼ਣ ਦੇਖਿਆ। ਪ੍ਰੇਰਿਤ ਰਿਕਾਰਡ ਦੇ ਅਨੁਸਾਰ, “ਯਿਸੂ ਪਤਰਸ ਅਤੇ ਯਾਕੂਬ ਅਤੇ ਉਹ ਦੇ ਭਾਈ ਯੂਹੰਨਾ ਨੂੰ ਨਾਲ ਲੈਕੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ। ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ।”—ਮੱਤੀ 17:1, 2.
2 ਰੂਪਾਂਤਰਣ ਦਰਸ਼ਣ ਇਕ ਨਾਜ਼ੁਕ ਸਮੇਂ ਤੇ ਆਇਆ। ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਦੱਸਣਾ ਸ਼ੁਰੂ ਕੀਤਾ ਸੀ ਕਿ ਉਹ ਯਰੂਸ਼ਲਮ ਵਿਚ ਦੁੱਖ ਝੱਲੇਗਾ ਅਤੇ ਮਰ ਜਾਵੇਗਾ, ਪਰ ਉਨ੍ਹਾਂ ਨੂੰ ਉਸ ਦੇ ਸ਼ਬਦਾਂ ਨੂੰ ਸਮਝਣਾ ਮੁਸ਼ਕਲ ਲੱਗਿਆ। (ਮੱਤੀ 16:21-23) ਦਰਸ਼ਣ ਨੇ ਯਿਸੂ ਦੇ ਤਿੰਨ ਰਸੂਲਾਂ ਦੀ ਨਿਹਚਾ ਨੂੰ ਮਜ਼ਬੂਤ ਬਣਾਇਆ ਤਾਂ ਜੋ ਉਹ ਉਸ ਦੀ ਆ ਰਹੀ ਮੌਤ ਲਈ ਅਤੇ ਉਸ ਮਗਰੋਂ ਮਸੀਹੀ ਕਲੀਸਿਯਾ ਤੇ ਆਉਣ ਵਾਲੇ ਸਾਲਾਂ ਦੇ ਸਖ਼ਤ ਕਾਰਜ ਅਤੇ ਪਰਤਾਵੇ ਲਈ ਤਿਆਰ ਰਹਿ ਸਕਣ। ਕੀ ਅੱਜ ਅਸੀਂ ਇਸ ਦਰਸ਼ਣ ਤੋਂ ਕੁਝ ਸਿੱਖ ਸਕਦੇ ਹਾਂ? ਜੀ ਹਾਂ, ਕਿਉਂਕਿ ਜਿਸ ਗੱਲ ਦਾ ਇਹ ਪੂਰਵ-ਪਰਛਾਵਾਂ ਸੀ, ਉਹ ਦਰਅਸਲ ਸਾਡੇ ਸਮੇਂ ਵਿਚ ਪੂਰੀ ਹੁੰਦੀ ਹੈ।
3, 4. (ੳ) ਰੂਪਾਂਤਰਣ ਤੋਂ ਛੇ ਦਿਨ ਪਹਿਲਾਂ ਯਿਸੂ ਨੇ ਕੀ ਕਿਹਾ ਸੀ? (ਅ) ਵਰਣਨ ਕਰੋ ਕਿ ਰੂਪਾਂਤਰਣ ਦੇ ਦੌਰਾਨ ਕੀ ਹੋਇਆ।
3 ਰੂਪਾਂਤਰਣ ਤੋਂ ਛੇ ਦਿਨ ਪਹਿਲਾਂ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਦੱਸਿਆ: “ਮਨੁੱਖ ਦਾ ਪੁੱਤ੍ਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਅਤੇ ਉਸ ਸਮੇ ਉਹ ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ।” ਇਹ ਬਾਣੀ “ਰੀਤੀ-ਵਿਵਸਥਾ ਦੀ ਸਮਾਪਤੀ” (ਨਿ ਵ) ਵਿਚ ਪੂਰੀ ਹੋਵੇਗੀ। ਯਿਸੂ ਨੇ ਅੱਗੇ ਬਿਆਨ ਕੀਤਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।” (ਮੱਤੀ 16:27, 28; 24:3; 25:31-34, 41; ਦਾਨੀਏਲ 12:4) ਰੂਪਾਂਤਰਣ ਇਸ ਪਿਛਲੇਰੀ ਬਾਣੀ ਦੀ ਪੂਰਤੀ ਵਿਚ ਹੋਇਆ ਸੀ।
4 ਉਨ੍ਹਾਂ ਤਿੰਨ ਰਸੂਲਾਂ ਨੇ ਅਸਲ ਵਿਚ ਕੀ ਦੇਖਿਆ ਸੀ? ਇਸ ਘਟਨਾ ਬਾਰੇ ਲੂਕਾ ਦਾ ਵਰਣਨ ਇਹ ਹੈ: “ਉਹ [ਯਿਸੂ] ਦੇ ਪ੍ਰਾਰਥਨਾ ਕਰਦਿਆਂ ਉਹ ਦੇ ਮੂੰਹ ਦਾ ਰੂਪ ਹੋਰ ਹੀ ਹੋ ਗਿਆ ਅਤੇ ਉਹ ਦੀ ਪੁਸ਼ਾਕ ਚਿੱਟੀ ਅਤੇ ਚਮਕੀਲੀ ਹੋ ਗਈ। ਅਰ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ। ਓਹ ਤੇਜ ਵਿੱਚ ਵਿਖਾਲੀ ਦੇ ਕੇ ਉਹ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਹ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ।” ਫਿਰ, “ਬੱਦਲ ਨੇ ਆਣ ਕੇ [ਰਸੂਲਾਂ] ਉੱਤੇ ਛਾਉਂ ਕੀਤੀ ਅਰ ਓਹ ਬੱਦਲ ਵਿੱਚ ਵੜਦੇ ਹੀ ਡਰ ਗਏ। ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਜੋ ਇਹ ਮੇਰਾ ਪੁੱਤ੍ਰ ਹੈ, ਮੇਰਾ ਚੁਣਿਆ ਹੋਇਆ, ਇਹ ਦੀ ਸੁਣੋ।”—ਲੂਕਾ 9:29-31, 34, 35.
ਸਾਡੀ ਨਿਹਚਾ ਮਜ਼ਬੂਤ ਬਣਦੀ ਹੈ
5. ਰੂਪਾਂਤਰਣ ਦਾ ਰਸੂਲ ਪਤਰਸ ਤੇ ਕੀ ਅਸਰ ਪਿਆ?
5 ਰਸੂਲ ਪਤਰਸ ਨੇ ਪਹਿਲਾਂ ਹੀ ਯਿਸੂ ਦੀ ਸ਼ਨਾਖਤ ‘ਮਸੀਹ ਜੀਉਂਦੇ ਪਰਮੇਸ਼ੁਰ ਦੇ ਪੁੱਤ੍ਰ’ ਵਜੋਂ ਕੀਤੀ ਸੀ। (ਮੱਤੀ 16:16) ਸਵਰਗ ਤੋਂ ਯਹੋਵਾਹ ਦੀ ਬਾਣੀ ਨੇ ਇਹ ਸ਼ਨਾਖਤ ਪੱਕੀ ਕੀਤੀ, ਅਤੇ ਯਿਸੂ ਦੇ ਰੂਪਾਂਤਰਣ ਦਾ ਦਰਸ਼ਣ ਮਸੀਹ ਦੇ ਰਾਜ ਸੱਤਾ ਅਤੇ ਤੇਜ ਵਿਚ ਆਖ਼ਰਕਾਰ ਮਨੁੱਖਜਾਤੀ ਦਾ ਨਿਰਣਾ ਕਰਨ ਲਈ ਆਉਣ ਦਾ ਇਕ ਪੂਰਵ-ਅਨੁਭਵ ਸੀ। ਰੂਪਾਂਤਰਣ ਤੋਂ 30 ਨਾਲੋਂ ਜ਼ਿਆਦਾ ਸਾਲਾਂ ਬਾਅਦ, ਪਤਰਸ ਨੇ ਲਿਖਿਆ: “ਅਸਾਂ ਤੁਹਾਨੂੰ ਆਪਣੇ ਪ੍ਰਭੁ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖ ਕੇ ਕੀਤਾ। ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ ਜਿਸ ਵੇਲੇ ਓਸ ਡਾਢੇ ਭੜਕ ਵਾਲੇ ਤੇਜ ਤੋਂ ਉਹ ਨੂੰ ਇਹ ਸ਼ਬਦ ਆਇਆ ਭਈ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸੰਨ ਹਾਂ। ਅਤੇ ਇਹ ਸ਼ਬਦ ਅਸਾਂ ਜਿਸ ਵੇਲੇ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸਾਂ ਤਾਂ ਅਕਾਸ਼ੋਂ ਆਉਂਦਾ ਸੁਣਿਆ।”—2 ਪਤਰਸ 1:16-18; 1 ਪਤਰਸ 4:17.
6. ਰੂਪਾਂਤਰਣ ਤੋਂ ਬਾਅਦ ਘਟਨਾਵਾਂ ਕਿਸ ਤਰ੍ਹਾਂ ਪ੍ਰਗਟ ਹੋਈਆਂ?
6 ਤਿੰਨ ਰਸੂਲਾਂ ਨੇ ਜੋ ਦੇਖਿਆ, ਉਸ ਤੋਂ ਸਾਡੀ ਨਿਹਚਾ ਵੀ ਅੱਜ ਮਜ਼ਬੂਤ ਬਣਦੀ ਹੈ। ਬੇਸ਼ੱਕ 32 ਸਾ.ਯੁ. ਤੋਂ ਘਟਨਾਵਾਂ ਅੱਗੇ ਵੱਧਦੀਆਂ ਗਈਆਂ ਹਨ। ਅਗਲੇ ਸਾਲ, ਯਿਸੂ ਦੀ ਮੌਤ ਹੋਈ ਅਤੇ ਉਹ ਜੀ ਉਠਾਇਆ ਗਿਆ, ਅਤੇ ਉਹ ਸਵਰਗ ਵਿਚ ਆਪਣੇ ਪਿਤਾ ਦੇ ਸੱਜੇ ਹੱਥ ਜਾ ਬੈਠਾ। (ਰਸੂਲਾਂ ਦੇ ਕਰਤੱਬ 2:29-36) ਉਸ ਸਾਲ ਦੇ ਪੰਤੇਕੁਸਤ ਤੇ, ਨਵਾਂ ‘ਪਰਮੇਸ਼ੁਰ ਦਾ ਇਸਰਾਏਲ’ ਉਤਪੰਨ ਕੀਤਾ ਗਿਆ, ਅਤੇ ਯਰੂਸ਼ਲਮ ਤੋਂ ਲੈ ਕੇ ਧਰਤੀ ਦਿਆਂ ਸਿਰਿਆਂ ਤਕ ਇਕ ਪ੍ਰਚਾਰ ਦੀ ਮੁਹਿੰਮ ਸ਼ੁਰੂ ਹੋ ਗਈ। (ਗਲਾਤੀਆਂ 6:16; ਰਸੂਲਾਂ ਦੇ ਕਰਤੱਬ 1:8) ਤਕਰੀਬਨ ਇੱਕਦਮ ਯਿਸੂ ਦੇ ਪੈਰੋਕਾਰਾਂ ਦੀ ਨਿਹਚਾ ਪਰਤਾਈ ਗਈ ਸੀ। ਰਸੂਲ ਗਿਰਫ਼ਤਾਰ ਕੀਤੇ ਗਏ ਅਤੇ ਸਖ਼ਤੀ ਨਾਲ ਮਾਰੇ ਕੁੱਟੇ ਗਏ ਕਿਉਂਕਿ ਉਨ੍ਹਾਂ ਨੇ ਪ੍ਰਚਾਰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਥੋੜ੍ਹੀ ਦੇਰ ਵਿਚ ਇਸਤੀਫ਼ਾਨ ਕਤਲ ਕੀਤਾ ਗਿਆ। ਫਿਰ ਯਾਕੂਬ, ਜੋ ਰੂਪਾਂਤਰਣ ਦਾ ਚਸ਼ਮਦੀਦ ਗਵਾਹ ਸੀ, ਮਾਰਿਆ ਗਿਆ। (ਰਸੂਲਾਂ ਦੇ ਕਰਤੱਬ 5:17-40; 6:8–7:60; 12:1, 2) ਫਿਰ ਵੀ, ਪਤਰਸ ਅਤੇ ਯੂਹੰਨਾ, ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਹੋਰ ਕਈ ਸਾਲ ਜੀਉਂਦੇ ਬਚੇ ਰਹੇ। ਅਸਲ ਵਿਚ, ਪਹਿਲੀ ਸਦੀ ਸਾ.ਯੁ. ਦੀ ਸਮਾਪਤੀ ਤਕ, ਯੂਹੰਨਾ ਨੇ ਯਿਸੂ ਦੇ ਸਵਰਗੀ ਤੇਜ ਬਾਰੇ ਹੋਰ ਦਰਸ਼ਣਾਂ ਦੀਆਂ ਝਲਕਾਂ ਨੂੰ ਦਰਜ ਕੀਤਾ।—ਪਰਕਾਸ਼ ਦੀ ਪੋਥੀ 1:12-20; 14:14; 19:11-16.
7. (ੳ) ਰੂਪਾਂਤਰਣ ਦਰਸ਼ਣ ਕਦੋਂ ਪੂਰਾ ਹੋਣਾ ਸ਼ੁਰੂ ਹੋ ਗਿਆ ਸੀ? (ਅ) ਯਿਸੂ ਨੇ ਕਈਆਂ ਨੂੰ ਕਦੋਂ ਉਨ੍ਹਾਂ ਦੀ ਕਰਨੀ ਮੂਜਬ ਫਲ ਦਿੱਤਾ?
7 ਯੂਹੰਨਾ ਦੇ ਦੇਖੇ ਹੋਏ ਦਰਸ਼ਣਾਂ ਵਿੱਚੋਂ ਕਈ ਦਰਸ਼ਣ, 1914 ਵਿਚ “ਪ੍ਰਭੁ ਦੇ ਦਿਨ” ਦੇ ਸ਼ੁਰੂ ਤੋਂ ਹੁਣ ਤੀਕ, ਪੂਰੇ ਹੋ ਚੁੱਕੇ ਹਨ। (ਪਰਕਾਸ਼ ਦੀ ਪੋਥੀ 1:10) ਜਿਵੇਂ ਰੂਪਾਂਤਰਣ ਰਾਹੀਂ ਪੂਰਵ-ਪਰਛਾਵਾਂ ਪਾਇਆ ਗਿਆ, ਯਿਸੂ ਦੇ ‘ਆਪਣੇ ਪਿਤਾ ਦੇ ਤੇਜ ਨਾਲ ਆਉਣ’ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਦਰਸ਼ਣ 1914 ਵਿਚ, ਪਰਮੇਸ਼ੁਰ ਦੇ ਸਵਰਗੀ ਰਾਜ ਦੇ ਜਨਮ ਤੇ, ਪੂਰਾ ਹੋਣਾ ਸ਼ੁਰੂ ਹੋ ਗਿਆ। ਜਦੋਂ ਯਿਸੂ, ਇਕ ਨਵੇਂ ਤਖ਼ਤਨਸ਼ੀਨ ਰਾਜੇ ਵਜੋਂ, ਦਿਨ ਦੇ ਤਾਰੇ ਵਾਂਗ ਵਿਸ਼ਵ ਪਰਦੇ ਤੇ ਚੜ੍ਹਿਆ, ਤਾਂ ਮਾਨੋ ਨਵੇਂ ਦਿਨ ਦੀ ਪੌਹ ਫੁੱਟੀ। (2 ਪਤਰਸ 1:19; ਪਰਕਾਸ਼ ਦੀ ਪੋਥੀ 11:15; 22:16) ਕੀ ਯਿਸੂ ਨੇ ਉਸ ਸਮੇਂ ਤੇ ਕਈਆਂ ਨੂੰ ਉਨ੍ਹਾਂ ਦੀ ਕਰਨੀ ਮੂਜਬ ਫਲ ਦਿੱਤਾ ਸੀ? ਜੀ ਹਾਂ। ਇਸ ਦਾ ਠੋਸ ਸਬੂਤ ਹੈ ਕਿ ਛੇਤੀ ਉਸ ਪਿੱਛੋਂ ਮਸਹ ਕੀਤੇ ਹੋਏ ਮਸੀਹੀਆਂ ਦਾ ਸਵਰਗੀ ਪੁਨਰ-ਉਥਾਨ ਸ਼ੁਰੂ ਹੋ ਗਿਆ।—2 ਤਿਮੋਥਿਉਸ 4:8; ਪਰਕਾਸ਼ ਦੀ ਪੋਥੀ 14:13.
8. ਕਿਹੜੀਆਂ ਘਟਨਾਵਾਂ ਰੂਪਾਂਤਰਣ ਦਰਸ਼ਣ ਦੀ ਪੂਰਤੀ ਦੇ ਸਿਖਰ ਨੂੰ ਸੰਕੇਤ ਕਰਨਗੀਆਂ?
8 ਪਰੰਤੂ, ਜਲਦੀ ਹੀ, ਯਿਸੂ “ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ” ਸਾਰੀ ਮਨੁੱਖਜਾਤੀ ਦਾ ਨਿਰਣਾ ਕਰਨ ਲਈ ਆਵੇਗਾ। (ਮੱਤੀ 25:31) ਉਸ ਸਮੇਂ ਤੇ, ਉਹ ਆਪਣੇ ਆਪ ਨੂੰ ਆਪਣੇ ਡਾਢੇ ਭੜਕ ਵਾਲੇ ਤੇਜ ਨਾਲ ਜ਼ਾਹਰ ਕਰੇਗਾ ਅਤੇ “ਹਰੇਕ” ਨੂੰ ਉਸ ਦੀ ਕਰਨੀ ਦਾ ਹੱਕੀ ਫਲ ਦੇਵੇਗਾ। ਭੇਡ-ਸਮਾਨ ਵਿਅਕਤੀ ਉਨ੍ਹਾਂ ਲਈ ਤਿਆਰ ਕੀਤੇ ਹੋਏ ਰਾਜ ਵਿਚ ਸਦੀਪਕ ਜੀਵਨ ਦੇ ਵਾਰਸ ਹੋਣਗੇ, ਅਤੇ ਬੱਕਰੀ-ਸਮਾਨ ਵਿਅਕਤੀ “ਸਦੀਪਕ ਸਜ਼ਾ” ਵਿਚ ਜਾਣਗੇ। ਰੂਪਾਂਤਰਣ ਦਰਸ਼ਣ ਦੀ ਪੂਰਤੀ ਦੀ ਇਹ ਕਿੰਨੀ ਸ਼ਾਨਦਾਰ ਸਮਾਪਤੀ ਹੋਵੇਗੀ!—ਮੱਤੀ 25:34, 41, 46; ਮਰਕੁਸ 8:38; 2 ਥੱਸਲੁਨੀਕੀਆਂ 1:6-10.
ਯਿਸੂ ਦੇ ਤੇਜਵਾਨ ਸਾਥੀ
9. ਕੀ ਸਾਨੂੰ ਰੂਪਾਂਤਰਣ ਦਰਸ਼ਣ ਦੀ ਪੂਰਤੀ ਵਿਚ ਮੂਸਾ ਅਤੇ ਏਲੀਯਾਹ ਨੂੰ ਯਿਸੂ ਦੇ ਨਾਲ ਹੋਣ ਦੀ ਆਸ ਕਰਨੀ ਚਾਹੀਦੀ ਹੈ? ਵਿਆਖਿਆ ਕਰੋ।
9 ਰੂਪਾਂਤਰਣ ਵਿਚ ਯਿਸੂ ਇਕੱਲਾ ਨਹੀਂ ਸੀ। ਮੂਸਾ ਅਤੇ ਏਲੀਯਾਹ ਉਸ ਨਾਲ ਦੇਖੇ ਗਏ ਸਨ। (ਮੱਤੀ 17:2, 3) ਕੀ ਉਹ ਸੱਚ-ਮੁੱਚ ਮੌਜੂਦ ਸਨ? ਜੀ ਨਹੀਂ, ਕਿਉਂਕਿ ਦੋਵੇਂ ਮਨੁੱਖ ਬਹੁਤ ਦੇਰ ਤੋਂ ਮਰ ਚੁੱਕੇ ਸਨ ਅਤੇ ਪੁਨਰ-ਉਥਾਨ ਦੀ ਉਡੀਕ ਕਰਦੇ ਹੋਏ ਮਿੱਟੀ ਵਿਚ ਸੁੱਤੇ ਹੋਏ ਸਨ। (ਉਪਦੇਸ਼ਕ ਦੀ ਪੋਥੀ 9:5, 10; ਇਬਰਾਨੀਆਂ 11:35) ਕੀ ਉਹ ਯਿਸੂ ਨਾਲ ਪੇਸ਼ ਹੋਣਗੇ ਜਦੋਂ ਉਹ ਸਵਰਗੀ ਤੇਜ ਵਿਚ ਆਉਂਦਾ ਹੈ? ਜੀ ਨਹੀਂ, ਕਿਉਂਕਿ ਮੂਸਾ ਅਤੇ ਏਲੀਯਾਹ ਮਾਨਵ ਲਈ ਸਵਰਗੀ ਉਮੀਦ ਦੇ ਖੁੱਲ੍ਹਣ ਤੋਂ ਪਹਿਲਾਂ ਜੀਉਂਦੇ ਸਨ। ਉਹ ਧਰਤੀ ਉੱਤੇ ‘ਧਰਮੀ ਦੇ ਜੀ ਉੱਠਣ’ ਵਿਚ ਸ਼ਾਮਲ ਹੋਣਗੇ। (ਰਸੂਲਾਂ ਦੇ ਕਰਤੱਬ 24:15) ਇਸ ਲਈ ਰੂਪਾਂਤਰਣ ਦਰਸ਼ਣ ਵਿਚ ਉਨ੍ਹਾਂ ਦਾ ਵਿਖਾਈ ਦੇਣਾ ਪ੍ਰਤੀਕਾਤਮਕ ਹੈ। ਕਿਸ ਦਾ ਪ੍ਰਤੀਕ?
10, 11. ਵੱਖਰੀਆਂ ਪਰਿਸਥਿਤੀਆਂ ਵਿਚ ਮੂਸਾ ਅਤੇ ਏਲੀਯਾਹ ਕਿਨ੍ਹਾਂ ਨੂੰ ਚਿਤ੍ਰਿਤ ਕਰਦੇ ਹਨ?
10 ਦੂਸਰੀਆਂ ਪਰਿਸਥਿਤੀਆਂ ਵਿਚ, ਮੂਸਾ ਅਤੇ ਏਲੀਯਾਹ ਭਵਿੱਖ-ਸੂਚਕ ਹਨ। ਬਿਵਸਥਾ ਨੇਮ ਦੇ ਵਿਚੋਲੇ ਵਜੋਂ, ਮੂਸਾ ਯਿਸੂ ਦਾ ਪੂਰਵ-ਪਰਛਾਵਾਂ ਸੀ, ਜੋ ਨਵੇਂ ਨੇਮ ਦਾ ਵਿਚੋਲਾ ਹੈ। (ਬਿਵਸਥਾ ਸਾਰ 18:18; ਗਲਾਤੀਆਂ 3:19; ਇਬਰਾਨੀਆਂ 8:6) ਏਲੀਯਾਹ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪੂਰਵ-ਪਰਛਾਵਾਂ ਸੀ, ਜੋ ਮਸੀਹਾ ਦਾ ਪੂਰਵਗਾਮੀ ਸੀ। (ਮੱਤੀ 17:11-13) ਅੱਗੇ, ਪਰਕਾਸ਼ ਦੀ ਪੋਥੀ ਦੇ ਅਧਿਆਇ 11 ਦੇ ਪ੍ਰਸੰਗ ਵਿਚ, ਮੂਸਾ ਅਤੇ ਏਲੀਯਾਹ ਅੰਤ ਦੇ ਸਮੇਂ ਵਿਚ ਮਸਹ ਕੀਤੇ ਹੋਏ ਬਕੀਏ ਦਾ ਪੂਰਵ-ਪਰਛਾਵਾਂ ਹਨ। ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ?
11 ਖ਼ੈਰ ਪਰਕਾਸ਼ ਦੀ ਪੋਥੀ 11:1-6 ਖੋਲ੍ਹੋ। ਆਇਤ 3 ਵਿਚ ਅਸੀਂ ਪੜ੍ਹਦੇ ਹਾਂ: “ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਦਾਨ ਕਰਾਂਗਾ ਭਈ ਓਹ ਤਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ।” ਵਿਸ਼ਵ ਯੁੱਧ I ਦੇ ਦੌਰਾਨ ਇਹ ਭਵਿੱਖਬਾਣੀ ਮਸਹ ਕੀਤੇ ਹੋਏ ਬਕੀਏ ਤੇ ਪੂਰੀ ਹੋਈ ਸੀ।a ਦੋ ਗਵਾਹ ਕਿਉਂ? ਕਿਉਂਕਿ ਮਸਹ ਕੀਤਾ ਹੋਇਆ ਬਕੀਆ ਅਜਿਹੇ ਕੰਮ ਕਰਦਾ ਹੈ ਜੋ, ਅਧਿਆਤਮਿਕ ਤਰੀਕੇ ਵਿਚ, ਮੂਸਾ ਅਤੇ ਏਲੀਯਾਹ ਦੇ ਕੰਮਾਂ ਵਰਗੇ ਹਨ। ਆਇਤਾਂ 5 ਅਤੇ 6 ਅੱਗੇ ਕਹਿੰਦੀਆਂ ਹਨ: “ਜੇ ਕੋਈ [ਦੋ ਗਵਾਹਾਂ] ਦਾ ਵਿਗਾੜ ਕਰਨਾ ਚਾਹੇ ਤਾਂ ਓਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਓਹਨਾਂ ਦੇ ਵੈਰੀਆਂ ਨੂੰ ਚੱਟ ਕਰ ਜਾਂਦੀ ਹੈ। ਸੋ ਜੇ ਕੋਈ ਓਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਅਵੱਸ਼ ਹੈ ਜੋ ਉਹ ਇਸੇ ਪਰਕਾਰ ਮਾਰਿਆ ਜਾਵੇ। ਅਕਾਸ਼ ਬੰਦ ਕਰਨਾ ਓਹਨਾਂ ਦੇ ਵੱਸ ਹੈ ਭਈ ਓਹਨਾਂ ਦੇ ਅਗੰਮ ਵਾਕ ਦੇ ਦਿਨੀਂ ਵਰਖਾ ਨਾ ਪਵੇ, ਅਤੇ ਪਾਣੀ ਓਹਨਾਂ ਦੇ ਵੱਸ ਵਿੱਚ ਹਨ ਭਈ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦ ਕਦੇ ਓਹਨਾਂ ਦਾ ਜੀ ਕਰੇ ਧਰਤੀ ਨੂੰ ਸਭ ਪਰਕਾਰ ਦੀਆਂ ਬਵਾਂ ਨਾਲ ਮਾਰਨ।” ਇਸ ਤਰ੍ਹਾਂ, ਸਾਨੂੰ ਮੂਸਾ ਅਤੇ ਏਲੀਯਾਹ ਰਾਹੀਂ ਕੀਤੇ ਗਏ ਚਮਤਕਾਰ ਚੇਤੇ ਆਉਂਦੇ ਹਨ।—ਗਿਣਤੀ 16:31-34; 1 ਰਾਜਿਆਂ 17:1; 2 ਰਾਜਿਆਂ 1:9-12.
12. ਰੂਪਾਂਤਰਣ ਦੇ ਪ੍ਰਸੰਗ ਵਿਚ, ਮੂਸਾ ਅਤੇ ਏਲੀਯਾਹ ਕਿਨ੍ਹਾਂ ਨੂੰ ਚਿਤ੍ਰਿਤ ਕਰਦੇ ਹਨ?
12 ਤਾਂ ਫਿਰ, ਰੂਪਾਂਤਰਣ ਦੇ ਪ੍ਰਸੰਗ ਵਿਚ ਮੂਸਾ ਅਤੇ ਏਲੀਯਾਹ ਕਿਸ ਦਾ ਪੂਰਵ-ਪਰਛਾਵਾਂ ਹਨ? ਲੂਕਾ ਕਹਿੰਦਾ ਕਿ ਉਹ “ਤੇਜ ਵਿੱਚ” ਯਿਸੂ ਨਾਲ ਵਿਖਾਈ ਦਿੱਤੇ। (ਲੂਕਾ 9:31) ਸਪਸ਼ਟ ਤੌਰ ਤੇ, ਉਹ ਉਨ੍ਹਾਂ ਮਸੀਹੀਆਂ ਦਾ ਪੂਰਵ-ਪਰਛਾਵਾਂ ਹਨ ਜੋ ਯਿਸੂ ਨਾਲ ‘ਸਾਂਝੇ ਅਧਿਕਾਰੀਆਂ’ ਵਜੋਂ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਹਨ ਅਤੇ ਜਿਨ੍ਹਾਂ ਨੇ ਸਿੱਟੇ ਵਜੋਂ ਉਹ ਦੇ ਨਾਲ ‘ਵਡਿਆਏ ਜਾਣ’ ਦੀ ਅਦਭੁਤ ਆਸ ਹਾਸਲ ਕੀਤੀ ਹੈ। (ਰੋਮੀਆਂ 8:17) ਪੁਨਰ-ਉਥਿਤ ਮਸਹ ਕੀਤੇ ਹੋਏ ਵਿਅਕਤੀ ਯਿਸੂ ਦੇ ਨਾਲ ਹੋਣਗੇ ਜਦੋਂ ਉਹ ਆਪਣੇ ਪਿਤਾ ਦੇ ਤੇਜ ਨਾਲ “ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ” ਦੇਣ ਆਵੇਗਾ।—ਮੱਤੀ 16:27.
ਮੂਸਾ ਅਤੇ ਏਲੀਯਾਹ ਵਰਗੇ ਗਵਾਹ
13. ਕਿਹੜੇ ਲੱਛਣ ਦਿਖਾਉਂਦੇ ਹਨ ਕਿ ਮੂਸਾ ਅਤੇ ਏਲੀਯਾਹ ਭਵਿੱਖ-ਸੂਚਕ ਰੂਪ ਵਿਚ ਯਿਸੂ ਦੇ ਮਸਹ ਕੀਤੇ ਹੋਏ ਤੇਜਵਾਨ ਸਾਂਝੇ ਅਧਕਾਰੀਆਂ ਨੂੰ ਠੀਕ ਚਿਤ੍ਰਿਤ ਕਰਦੇ ਹਨ?
13 ਉੱਘੇ ਲੱਛਣ ਦਿਖਾਉਂਦੇ ਹਨ ਕਿ ਮੂਸਾ ਅਤੇ ਏਲੀਯਾਹ ਭਵਿੱਖ-ਸੂਚਕ ਰੂਪ ਵਿਚ ਯਿਸੂ ਦੇ ਮਸਹ ਕੀਤੇ ਹੋਏ ਸਾਂਝੇ ਅਧਕਾਰੀਆਂ ਨੂੰ ਠੀਕ ਚਿੱਤ੍ਰਿਤ ਕਰਦੇ ਹਨ। ਮੂਸਾ ਅਤੇ ਏਲੀਯਾਹ ਦੋਹਾਂ ਨੇ ਯਹੋਵਾਹ ਦੇ ਪ੍ਰਵਕਤਾ ਵਜੋਂ ਕਈਆਂ ਸਾਲਾਂ ਲਈ ਸੇਵਾ ਕੀਤੀ। ਦੋਹਾਂ ਨੇ ਇਕ ਰਾਜੇ ਦੇ ਕ੍ਰੋਧ ਦਾ ਸਾਮ੍ਹਣਾ ਕੀਤਾ। ਔਖੇ ਸਮੇਂ ਵਿਚ, ਦੋਹਾਂ ਨੂੰ ਵਿਦੇਸ਼ੀ ਪਰਿਵਾਰਾਂ ਤੋਂ ਸਹਾਰਾ ਮਿਲਿਆ। ਦੋਹਾਂ ਨੇ ਦਲੇਰੀ ਨਾਲ ਬਾਦਸ਼ਾਹਾਂ ਅੱਗੇ ਭਵਿੱਖਬਾਣੀ ਕੀਤੀ ਅਤੇ ਝੂਠੇ ਨਬੀਆਂ ਦੇ ਟਾਕਰੇ ਵਿਚ ਦ੍ਰਿੜ੍ਹ ਰਹੇ। ਮੂਸਾ ਅਤੇ ਏਲੀਯਾਹ ਦੋਹਾਂ ਨੇ ਸੀਨਈ ਪਹਾੜ (ਜੋ ਹੋਰੇਬ ਵੀ ਕਹਿਲਾਉਂਦਾ ਸੀ) ਉੱਤੇ ਯਹੋਵਾਹ ਦੀ ਤਾਕਤ ਦੇ ਪ੍ਰਦਰਸ਼ਨ ਦੇਖੇ। ਦੋਹਾਂ ਨੇ ਯਰਦਨ ਦੇ ਪੂਰਬੀ ਪਾਸੇ ਉੱਤਰਗਾਮੀਆਂ ਨੂੰ ਨਿਯੁਕਤ ਕੀਤਾ। ਅਤੇ ਯਿਸੂ ਦੇ ਜੀਵਨਕਾਲ ਦੌਰਾਨ ਹੋਣ ਵਾਲੇ ਚਮਤਕਾਰਾਂ ਤੋਂ ਇਲਾਵਾ, ਮੂਸਾ (ਯਹੋਸ਼ੁਆ ਦੇ ਨਾਲ) ਅਤੇ ਏਲੀਯਾਹ (ਅਲੀਸ਼ਾ ਦੇ ਨਾਲ) ਦੇ ਸਮਿਆਂ ਨੇ ਸਭ ਤੋਂ ਵਧ ਚਮਤਕਾਰ ਦੇਖੇ।b
14. ਮੂਸਾ ਅਤੇ ਏਲੀਯਾਹ ਵਾਂਗ, ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੇ ਪ੍ਰਵਕਤਾ ਵਜੋਂ ਕਿਸ ਤਰ੍ਹਾਂ ਸੇਵਾ ਕਰਦੇ ਰਹੇ ਹਨ?
14 ਕੀ ਇਹ ਸਭ ਕੁਝ ਸਾਨੂੰ ਪਰਮੇਸ਼ੁਰ ਦੇ ਇਸਰਾਏਲ ਦਾ ਚੇਤਾ ਨਹੀਂ ਕਰਾਉਂਦਾ ਹੈ? ਵਾਕਈ, ਇਹ ਕਰਾਉਂਦਾ ਹੈ। ਯਿਸੂ ਨੇ ਆਪਣੇ ਵਫ਼ਾਦਾਰ ਪੈਰੋਕਾਰਾਂ ਨੂੰ ਕਿਹਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:19, 20) ਇਨ੍ਹਾਂ ਸ਼ਬਦਾਂ ਦੀ ਆਗਿਆ-ਪਾਲਣ ਕਰਦੇ ਹੋਏ, ਪੰਤੇਕੁਸਤ 33 ਸਾ.ਯੁ. ਤੋਂ ਲੈ ਕੇ ਹੁਣ ਤਕ, ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੇ ਪ੍ਰਵਕਤਾ ਵਜੋਂ ਸੇਵਾ ਕਰਦੇ ਰਹੇ ਹਨ। ਮੂਸਾ ਅਤੇ ਏਲੀਯਾਹ ਵਾਂਗ, ਇਨ੍ਹਾਂ ਨੇ ਰਾਜਿਆਂ ਦੇ ਕ੍ਰੋਧ ਦਾ ਸਾਮ੍ਹਣਾ ਕੀਤਾ ਹੈ ਅਤੇ ਉਨ੍ਹਾਂ ਨੂੰ ਗਵਾਹੀ ਦਿੱਤੀ ਹੈ। ਯਿਸੂ ਨੇ ਆਪਣੇ 12 ਰਸੂਲਾਂ ਨੂੰ ਕਿਹਾ: “ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੋ।” (ਮੱਤੀ 10:18) ਮਸੀਹੀ ਕਲੀਸਿਯਾ ਦੇ ਇਤਿਹਾਸ ਦੇ ਦੌਰਾਨ ਉਸ ਦੇ ਸ਼ਬਦ ਵਾਰ ਵਾਰ ਪੂਰੇ ਹੋਏ ਹਨ।—ਰਸੂਲਾਂ ਦੇ ਕਰਤੱਬ 25:6, 11, 12, 24-27; 26:3.
15, 16. ਇਕ ਪਾਸੇ ਮਸਹ ਕੀਤੇ ਹੋਏ, ਤੇ ਦੂਜੇ ਪਾਸੇ ਮੂਸਾ ਅਤੇ ਏਲੀਯਾਹ ਦੋਹਾਂ ਵਿਚਕਾਰ ਕੀ ਸਮਾਨਤਾਵਾਂ ਹਨ (ੳ) ਸੱਚਾਈ ਲਈ ਨਿਡਰਤਾ ਨਾਲ ਡਟੇ ਰਹਿਣ ਦੇ ਮਾਮਲੇ ਵਿਚ? (ਅ) ਉਨ੍ਹਾਂ ਨੂੰ ਗ਼ੈਰ-ਇਸਰਾਏਲੀਆਂ ਤੋਂ ਮਦਦ ਮਿਲਣ ਦੇ ਸੰਬੰਧ ਵਿਚ?
15 ਇਸ ਤੋਂ ਇਲਾਵਾ, ਮਸਹ ਕੀਤੇ ਹੋਏ ਮਸੀਹੀ ਮੂਸਾ ਅਤੇ ਏਲੀਯਾਹ ਦੀ ਤਰ੍ਹਾਂ ਨਿਡਰ ਹੁੰਦੇ ਹੋਏ ਧਾਰਮਿਕ ਝੂਠ ਦੇ ਵਿਰੁੱਧ ਸੱਚਾਈ ਲਈ ਡਟੇ ਰਹੇ ਹਨ। ਯਾਦ ਕਰੋ ਕਿ ਪੌਲੁਸ ਨੇ ਝੂਠੇ ਯਹੂਦੀ ਨਬੀ ਬਰਯੇਸੂਸ ਨੂੰ ਕਿਸ ਤਰ੍ਹਾਂ ਖੁਲ੍ਹਮਖੁਲ੍ਹਾ ਨਿੰਦਿਆ ਅਤੇ ਸਮਝਦਾਰੀ ਨਾਲ ਪਰ ਮਜ਼ਬੂਤੀ ਨਾਲ ਅਥੇਨੀਆਂ ਦੇ ਝੂਠੇ ਦੇਵਤਿਆਂ ਦਾ ਭੇਤ ਖੋਲ੍ਹਿਆ ਸੀ। (ਰਸੂਲਾਂ ਦੇ ਕਰਤੱਬ 13:6-12; 17:16, 22-31) ਇਹ ਵੀ ਯਾਦ ਕਰੋ, ਕਿ ਆਧੁਨਿਕ ਸਮਿਆਂ ਵਿਚ ਮਸਹ ਕੀਤੇ ਹੋਏ ਬਕੀਏ ਨੇ ਦਲੇਰੀ ਨਾਲ ਈਸਾਈ-ਜਗਤ ਦਾ ਭੇਤ ਖੋਲ੍ਹਿਆ ਹੈ ਅਤੇ ਅਜਿਹੀ ਗਵਾਹੀ ਨੇ ਈਸਾਈ-ਜਗਤ ਨੂੰ ਤੰਗ ਕੀਤਾ ਹੈ।—ਪਰਕਾਸ਼ ਦੀ ਪੋਥੀ 8:7-12.c
16 ਜਦੋਂ ਮੂਸਾ ਫ਼ਿਰਊਨ ਦੇ ਕ੍ਰੋਧ ਤੋਂ ਭੱਜਾ, ਤਾਂ ਉਸ ਨੂੰ ਇਕ ਗ਼ੈਰ-ਇਸਰਾਏਲੀ ਰਊਏਲ, ਜੋ ਯਿਥਰੋ ਵੀ ਕਹਿਲਾਉਂਦਾ ਸੀ, ਦੇ ਘਰ ਪਨਾਹ ਮਿਲੀ। ਬਾਅਦ ਵਿਚ, ਮੂਸਾ ਨੂੰ ਰਊਏਲ ਤੋਂ ਲਾਹੇਵੰਦ ਪ੍ਰਬੰਧਕੀ ਸਲਾਹ ਮਿਲੀ, ਜਿਸ ਦੇ ਪੁੱਤਰ ਹੋਬਾਬ ਨੇ ਇਸਰਾਏਲ ਨੂੰ ਉਜਾੜ ਵਿੱਚੋਂ ਰਾਹ ਦਿਖਾਇਆ ਸੀ।d (ਕੂਚ 2:15-22; 18:5-27; ਗਿਣਤੀ 10:29) ਕੀ ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰਾਂ ਨੂੰ ਵੀ ਅਜਿਹੇ ਵਿਅਕਤੀਆਂ, ਜੋ ਪਰਮੇਸ਼ੁਰ ਦੇ ਇਸਰਾਏਲ ਦੇ ਮਸਹ ਕੀਤੇ ਹੋਏ ਮੈਂਬਰ ਨਹੀਂ ਹਨ, ਤੋਂ ਇਸੇ ਤਰ੍ਹਾਂ ਮਦਦ ਮਿਲੀ ਹੈ? ਜੀ ਹਾਂ, ਉਨ੍ਹਾਂ ਨੂੰ ‘ਹੋਰ ਭੇਡਾਂ’ ਦੀ “ਵੱਡੀ ਭੀੜ” ਤੋਂ ਸਮਰਥਨ ਮਿਲਿਆ ਹੈ, ਜੋ ਅੰਤ ਦਿਆਂ ਦਿਨਾਂ ਦੇ ਦੌਰਾਨ ਪ੍ਰਗਟ ਹੋਈ ਹੈ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16; ਯਸਾਯਾਹ 61:5) ਇਨ੍ਹਾਂ “ਭੇਡਾਂ” ਵੱਲੋਂ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਦਿੱਤੇ ਗਏ ਨਿੱਘੇ, ਪ੍ਰੇਮਮਈ ਸਮਰਥਨ ਬਾਰੇ ਪਹਿਲਾਂ ਤੋਂ ਦੱਸਦੇ ਹੋਏ, ਯਿਸੂ ਨੇ ਉਨ੍ਹਾਂ ਨੂੰ ਭਵਿੱਖ-ਸੂਚਕ ਤੌਰ ਤੇ ਕਿਹਾ: “ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਰ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ, ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਅਰ ਤੁਸਾਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ। . . . ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।”—ਮੱਤੀ 25:35-40.
17. ਮਸਹ ਕੀਤੇ ਹੋਇਆਂ ਦਾ ਇਕ ਅਨੁਭਵ ਹੋਰੇਬ ਪਹਾੜ ਤੇ ਏਲੀਯਾਹ ਦੇ ਅਨੁਭਵ ਨਾਲ ਕਿਸ ਤਰ੍ਹਾਂ ਮਿਲਦਾ-ਜੁਲਦਾ ਹੈ?
17 ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਇਸਰਾਏਲ ਦਾ ਇਕ ਅਨੁਭਵ ਹੋਰੇਬ ਪਹਾੜ ਤੇ ਏਲੀਯਾਹ ਦੇ ਅਨੁਭਵ ਨਾਲ ਮਿਲਦਾ-ਜੁਲਦਾ ਸੀ।e ਏਲੀਯਾਹ ਵਾਂਗ ਜਦ ਉਹ ਰਾਣੀ ਈਜ਼ਬਲ ਤੋਂ ਭੱਜ ਰਿਹਾ ਸੀ, ਸਹਿਮੇ ਹੋਏ ਮਸਹ ਕੀਤੇ ਹੋਏ ਬਕੀਏ ਨੇ ਵਿਸ਼ਵ ਯੁੱਧ I ਦੇ ਅਖ਼ੀਰ ਵਿਚ ਸੋਚਿਆ ਕਿ ਉਨ੍ਹਾਂ ਦਾ ਕੰਮ ਪੂਰਾ ਹੋ ਗਿਆ ਸੀ। ਫਿਰ, ਏਲੀਯਾਹ ਵਾਂਗ ਹੀ, ਉਨ੍ਹਾਂ ਦਾ ਯਹੋਵਾਹ ਨਾਲ ਸਾਮ੍ਹਣਾ ਹੋਇਆ, ਜੋ ਉਨ੍ਹਾਂ ਸੰਗਠਨਾਂ ਦਾ ਨਿਆਉਂ ਕਰਨ ਲਈ ਆਇਆ ਸੀ ਜੋ ‘ਪਰਮੇਸ਼ੁਰ ਦਾ ਘਰ’ ਹੋਣ ਦਾ ਦਾਅਵਾ ਕਰਦੇ ਸਨ। (1 ਪਤਰਸ 4:17; ਮਲਾਕੀ 3:1-3) ਜਦ ਕਿ ਈਸਾਈ-ਜਗਤ ਵਿਚ ਕਮੀ ਪਾਈ ਗਈ ਸੀ, ਮਸਹ ਕੀਤਾ ਹੋਇਆ ਬਕੀਆ “ਮਾਤਬਰ ਅਤੇ ਬੁੱਧਵਾਨ ਨੌਕਰ” ਵਜੋਂ ਪਛਾਣਿਆ ਗਿਆ ਅਤੇ ਯਿਸੂ ਦੇ ਸਾਰੇ ਪਾਰਥਿਵ ਮਾਲ ਮਤਾ ਉੱਤੇ ਮੁਖ਼ਤਿਆਰ ਠਹਿਰਾਇਆ ਗਿਆ। (ਮੱਤੀ 24:45-47) ਹੋਰੇਬ ਵਿਚ, ਏਲੀਯਾਹ ਨੇ “ਇੱਕ ਹੌਲੀ ਅਤੇ ਨਿਮ੍ਹੀ ਅਵਾਜ਼” ਸੁਣੀ ਜੋ ਕਿ ਯਹੋਵਾਹ ਦੀ ਸਾਬਤ ਹੋਈ, ਜਿਸ ਨੇ ਉਸ ਨੂੰ ਹੋਰ ਕੰਮ ਦਿੱਤਾ। ਯੁੱਧ ਤੋਂ ਬਾਅਦ ਦੇ ਸਾਲਾਂ ਦੀ ਸ਼ਾਂਤ ਅਵਧੀ ਵਿਚ, ਯਹੋਵਾਹ ਦੇ ਵਫ਼ਾਦਾਰ ਮਸਹ ਕੀਤੇ ਹੋਏ ਸੇਵਕਾਂ ਨੇ ਉਸ ਦੀ ਆਵਾਜ਼ ਬਾਈਬਲ ਦੇ ਸਫ਼ਿਆਂ ਤੋਂ ਸੁਣੀ। ਉਨ੍ਹਾਂ ਨੇ ਵੀ ਸਮਝਿਆ ਕਿ ਉਨ੍ਹਾਂ ਨੇ ਇਕ ਕੰਮ ਪੂਰਾ ਕਰਨਾ ਹੈ।—1 ਰਾਜਿਆਂ 19:4, 9-18; ਪਰਕਾਸ਼ ਦੀ ਪੋਥੀ 11:7-13.
18. ਯਹੋਵਾਹ ਦੀ ਤਾਕਤ ਨੂੰ ਪਰਮੇਸ਼ੁਰ ਦੇ ਇਸਰਾਏਲ ਰਾਹੀਂ ਕਿਸ ਤਰ੍ਹਾਂ ਅਦਭੁਤ ਤਰੀਕਿਆਂ ਨਾਲ ਪ੍ਰਗਟ ਕੀਤਾ ਗਿਆ ਹੈ?
18 ਅਖ਼ੀਰ ਵਿਚ, ਕੀ ਯਹੋਵਾਹ ਦੀ ਤਾਕਤ ਨੂੰ ਪਰਮੇਸ਼ੁਰ ਦੇ ਇਸਰਾਏਲ ਰਾਹੀਂ ਅਦਭੁਤ ਤਰੀਕਿਆਂ ਨਾਲ ਪ੍ਰਗਟ ਕੀਤਾ ਗਿਆ ਹੈ? ਯਿਸੂ ਦੀ ਮੌਤ ਤੋਂ ਬਾਅਦ, ਰਸੂਲਾਂ ਨੇ ਅਨੇਕ ਚਮਤਕਾਰ ਕੀਤੇ, ਪਰ ਇਹ ਹੌਲੀ ਹੌਲੀ ਮੁੱਕ ਗਏ। (1 ਕੁਰਿੰਥੀਆਂ 13:8-13) ਅੱਜ ਕੱਲ੍ਹ, ਅਸੀਂ ਚਮਤਕਾਰਾਂ ਨੂੰ ਸਰੀਰਕ ਤੌਰ ਤੇ ਨਹੀਂ ਦੇਖਦੇ ਹਾਂ। ਦੂਜੇ ਪਾਸੇ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ।” (ਯੂਹੰਨਾ 14:12) ਇਸ ਦੀ ਆਰੰਭਕ ਪੂਰਤੀ ਤਦ ਹੋਈ ਜਦੋਂ ਯਿਸੂ ਦੇ ਚੇਲਿਆਂ ਨੇ ਪਹਿਲੀ ਸਦੀ ਵਿਚ ਸਾਰੇ ਰੋਮੀ ਸਾਮਰਾਜ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। (ਰੋਮੀਆਂ 10:18) ਅੱਜ ਹੋਰ ਵੀ ਵੱਡੇ ਕੰਮ ਕੀਤੇ ਗਏ ਹਨ ਜਿਉਂ-ਜਿਉਂ ਮਸਹ ਕੀਤੇ ਹੋਏ ਬਕੀਏ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਾਰਜ ਵਿਚ ਅਗਵਾਈ ਕੀਤੀ ਹੈ ਤਾਂ ਜੋ ‘ਸਾਰੀ ਦੁਨੀਆ ਵਿੱਚ ਸਭ ਕੌਮਾਂ ਉੱਤੇ ਸਾਖੀ ਹੋਵੇ।’ (ਮੱਤੀ 24:14) ਨਤੀਜਾ? 20ਮੀਂ ਸਦੀ ਨੇ ਇਤਿਹਾਸ ਵਿਚ ਸਭ ਤੋਂ ਵਧ ਯਹੋਵਾਹ ਦੇ ਸਮਰਪਿਤ, ਵਫ਼ਾਦਾਰ ਸੇਵਕਾਂ ਦੇ ਇਕੱਠੇ ਹੋਣ ਦੀ ਸਾਖੀ ਭਰੀ ਹੈ। (ਪਰਕਾਸ਼ ਦੀ ਪੋਥੀ 5:9, 10; 7:9, 10) ਯਹੋਵਾਹ ਦੀ ਤਾਕਤ ਦਾ ਕਿੰਨਾ ਸ਼ਾਨਦਾਰ ਸਬੂਤ!—ਯਸਾਯਾਹ 60:22.
ਯਿਸੂ ਦੇ ਭਰਾ ਤੇਜ ਨਾਲ ਆਉਂਦੇ ਹਨ
19. ਯਿਸੂ ਦੇ ਮਸਹ ਕੀਤੇ ਹੋਏ ਭਰਾ ਉਸ ਨਾਲ ਕਦੋਂ ਤੇਜ ਵਿਚ ਦੇਖੇ ਜਾਂਦੇ ਹਨ?
19 ਜਿਉਂ ਹੀ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਦਾ ਬਕੀਆ ਆਪਣਾ ਪਾਰਥਿਵ ਜੀਵਨ ਖ਼ਤਮ ਕਰਦਾ ਹੈ, ਉਹ ਉਸ ਦੇ ਨਾਲ ਵਡਿਆਏ ਜਾਂਦੇ ਹਨ। (ਰੋਮੀਆਂ 2:6, 7; 1 ਕੁਰਿੰਥੀਆਂ 15:53; 1 ਥੱਸਲੁਨੀਕੀਆਂ 4:14, 17) ਇਸ ਤਰ੍ਹਾਂ ਉਹ ਸਵਰਗੀ ਰਾਜ ਵਿਚ ਅਮਰ ਰਾਜੇ ਅਤੇ ਜਾਜਕ ਬਣ ਜਾਂਦੇ ਹਨ। ਤਦ ਉਹ ਯਿਸੂ ਦੇ ਨਾਲ, ‘ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਹਕੂਮਤ ਕਰਨਗੇ ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਿਣੀ ਚਿਣੀ ਕਰ ਦੇਈਦਾ ਹੈ।’ (ਪਰਕਾਸ਼ ਦੀ ਪੋਥੀ 2:27; 20:4-6; ਜ਼ਬੂਰ 110:2, 5, 6) ਯਿਸੂ ਦੇ ਨਾਲ, ਉਹ ਸਿੰਘਾਸਣਾਂ ਉੱਤੇ ਬੈਠਣਗੇ ਅਤੇ “ਇਸਰਾਏਲ ਦੀਆਂ ਬਾਰਾਂ ਗੋਤਾਂ” ਦਾ ਨਿਆਉਂ ਕਰਨਗੇ। (ਮੱਤੀ 19:28) ਹਾਹੁਕੇ ਭਰਦੀ ਸਰਿਸ਼ਟੀ ਵੱਡੀ ਚਾਹ ਨਾਲ ਇਨ੍ਹਾਂ ਘਟਨਾਵਾਂ ਨੂੰ ਉਡੀਕਦੀ ਹੈ ਜੋ “ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ” ਦਾ ਹਿੱਸਾ ਹਨ।—ਰੋਮੀਆਂ 8:19-21; 2 ਥੱਸਲੁਨੀਕੀਆਂ 1:6-8.
20. (ੳ) ਰੂਪਾਂਤਰਣ ਨੇ ਕਿਸ ਸੰਭਾਵਨਾ ਦੇ ਸੰਬੰਧ ਵਿਚ ਪਤਰਸ ਦੀ ਨਿਹਚਾ ਮਜ਼ਬੂਤ ਬਣਾਈ? (ਅ) ਰੂਪਾਂਤਰਣ ਅੱਜ ਮਸੀਹੀਆਂ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾਉਂਦਾ ਹੈ?
20 ਪੌਲੁਸ ਨੇ ‘ਵੱਡੇ ਕਸ਼ਟ’ ਦੇ ਦੌਰਾਨ ਯਿਸੂ ਦੇ ਪ੍ਰਗਟ ਹੋਣ ਬਾਰੇ ਦੱਸਿਆ ਜਦੋਂ ਉਸ ਨੇ ਲਿਖਿਆ: “ਉਹ ਆਵੇਗਾ ਭਈ ਆਪਣਿਆਂ ਸੰਤਾਂ ਵਿੱਚ ਵਡਿਆਇਆ ਜਾਵੇ ਅਤੇ ਸਾਰੇ ਨਿਹਚਾਵਾਨਾਂ ਵਿੱਚ ਅਚਰਜ ਮੰਨਿਆ ਜਾਵੇ।” (ਮੱਤੀ 24:21; 2 ਥੱਸਲੁਨੀਕੀਆਂ 1:10) ਪਤਰਸ, ਯਾਕੂਬ, ਯੂਹੰਨਾ, ਅਤੇ ਸਾਰੇ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਲਈ ਇਹ ਕਿੰਨੀ ਸ਼ਾਨਦਾਰ ਸੰਭਾਵਨਾ ਹੈ! ਰੂਪਾਂਤਰਣ ਨੇ ਪਤਰਸ ਦੀ ਨਿਹਚਾ ਮਜ਼ਬੂਤ ਬਣਾਈ। ਨਿਰਸੰਦੇਹ, ਉਸ ਬਾਰੇ ਪੜ੍ਹ ਕੇ ਸਾਡੀ ਨਿਹਚਾ ਵੀ ਮਜ਼ਬੂਤ ਬਣਦੀ ਹੈ ਅਤੇ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਯਿਸੂ ਛੇਤੀ “ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ।” ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀ ਜੋ ਇਸ ਦਿਨ ਤੀਕ ਜੀਉਂਦੇ ਰਹੇ ਹਨ, ਆਪਣੇ ਵਿਸ਼ਵਾਸ ਨੂੰ ਪੱਕਾ ਹੁੰਦਾ ਦੇਖਦੇ ਹਨ ਕਿ ਉਹ ਯਿਸੂ ਦੇ ਨਾਲ ਵਡਿਆਏ ਜਾਣਗੇ। ਹੋਰ ਭੇਡਾਂ ਦੀ ਨਿਹਚਾ ਇਸ ਗਿਆਨ ਤੋਂ ਮਜ਼ਬੂਤ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਵਿੱਚੋਂ ਬਚਾ ਕੇ ਆਨੰਦਮਈ ਨਵੇਂ ਸੰਸਾਰ ਵਿਚ ਲੈ ਜਾਵੇਗਾ। (ਪਰਕਾਸ਼ ਦੀ ਪੋਥੀ 7:14) ਅੰਤ ਤਕ ਦ੍ਰਿੜ੍ਹ ਰਹਿਣ ਲਈ ਕਿੰਨਾ ਉਤਸ਼ਾਹ! ਅਤੇ ਇਹ ਦਰਸ਼ਣ ਸਾਨੂੰ ਹੋਰ ਬਹੁਤ ਕੁਝ ਸਿਖਾ ਸਕਦਾ ਹੈ, ਜਿਵੇਂ ਅਸੀਂ ਅਗਲੇ ਲੇਖ ਵਿਚ ਦੇਖਾਂਗੇ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕਿਤਾਬਾਂ “ਤੇਰਾ ਨਾਮ ਪਾਕ ਮੰਨਿਆ ਜਾਵੇ” (ਅੰਗ੍ਰੇਜ਼ੀ), ਸਫ਼ੇ 313-14, ਅਤੇ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ), ਸਫ਼ੇ 164-5 ਦੇਖੋ।
b ਕੂਚ 2:15-22; 3:1-6; 5:2; 7:8-13; 8:18; 19:16-19; ਬਿਵਸਥਾ ਸਾਰ 31:23; 1 ਰਾਜਿਆਂ 17:8-16; 18:21-40; 19:1, 2, 8-18; 2 ਰਾਜਿਆਂ 2:1-14.
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕਿਤਾਬ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ), ਦੇ ਸਫ਼ੇ 133-41 ਦੇਖੋ।
d ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕਿਤਾਬ ਤੁਸੀਂ ਆਰਮਾਗੇਡਨ ਤੋਂ ਬਚ ਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਾ ਸਕਦੇ ਹੋ (ਅੰਗ੍ਰੇਜ਼ੀ), ਸਫ਼ੇ 281-3 ਦੇਖੋ।
e “ਤੇਰਾ ਨਾਮ ਪਾਕ ਮੰਨਿਆ ਜਾਵੇ” (ਅੰਗ੍ਰੇਜ਼ੀ), ਸਫ਼ੇ 317-20 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਯਿਸੂ ਦੇ ਨਾਲ ਰੂਪਾਂਤਰਣ ਵਿਚ ਕੌਣ ਵਿਖਾਈ ਦਿੱਤੇ ਸਨ?
◻ ਰਸੂਲਾਂ ਦੀ ਨਿਹਚਾ ਰੂਪਾਂਤਰਣ ਦੁਆਰਾ ਕਿਸ ਤਰ੍ਹਾਂ ਮਜ਼ਬੂਤ ਬਣਾਈ ਗਈ ਸੀ?
◻ ਰੂਪਾਂਤਰਣ ਵਿਚ, ਜਦੋਂ ਮੂਸਾ ਅਤੇ ਏਲੀਯਾਹ “ਤੇਜ ਵਿੱਚ” ਯਿਸੂ ਨਾਲ ਵਿਖਾਈ ਦਿੱਤੇ, ਤਾਂ ਉਹ ਕਿਸ ਨੂੰ ਦਰਸਾਉਂਦੇ ਸਨ?
◻ ਇਕ ਪਾਸੇ ਮੂਸਾ ਅਤੇ ਏਲੀਯਾਹ, ਤੇ ਦੂਜੇ ਪਾਸੇ ਪਰਮੇਸ਼ੁਰ ਦੇ ਇਸਰਾਏਲ ਦੋਹਾਂ ਵਿਚਕਾਰ ਕੀ ਸਮਾਨਤਾਵਾਂ ਹਨ?
[ਸਫ਼ੇ 23 ਉੱਤੇ ਤਸਵੀਰ]
ਰੂਪਾਂਤਰਣ ਨੇ ਪ੍ਰਾਚੀਨ ਅਤੇ ਵਰਤਮਾਨ ਮਸੀਹੀਆਂ ਦੀ ਨਿਹਚਾ ਨੂੰ ਮਜ਼ਬੂਤ ਬਣਾਇਆ ਹੈ