“ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ”
“ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”—ਰੋਮੀ. 12:18.
1, 2. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ? (ਅ) ਵਿਰੋਧ ਹੋਣ ਤੇ ਸਾਨੂੰ ਜਿਵੇਂ ਪੇਸ਼ ਆਉਣਾ ਚਾਹੀਦਾ ਹੈ, ਉਸ ਬਾਰੇ ਸਾਨੂੰ ਕਿੱਥੋਂ ਸਲਾਹ ਮਿਲ ਸਕਦੀ ਹੈ?
ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਦੁਨੀਆਂ ਦੇ ਲੋਕ ਉਨ੍ਹਾਂ ਨੂੰ ਸਤਾਉਣਗੇ ਅਤੇ ਫਿਰ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਦੱਸਿਆ ਕਿ ਉਹ ਕਿਉਂ ਸਤਾਉਣਗੇ। ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।”—ਯੂਹੰ. 15:19.
2 ਪੌਲੁਸ ਰਸੂਲ ਨਾਲ ਉਹੀ ਹੋਇਆ ਜੋ ਯਿਸੂ ਨੇ ਕਿਹਾ ਸੀ। ਪੌਲੁਸ ਨੇ ਆਪਣੀ ਦੂਸਰੀ ਚਿੱਠੀ ਵਿਚ ਆਪਣੇ ਨੌਜਵਾਨ ਸਾਥੀ ਤਿਮੋਥਿਉਸ ਨੂੰ ਲਿਖਿਆ: “ਤੈਂ ਮੇਰੀ ਸਿੱਖਿਆ, ਚਾਲ ਚਲਣ, ਮਨਸ਼ਾ, ਨਿਹਚਾ, ਧੀਰਜ, ਪ੍ਰੇਮ, ਸਬਰ, ਸਤਾਏ ਜਾਣ ਅਤੇ ਦੁਖ ਸਹਿਣ ਨੂੰ ਚੰਗੀ ਤਰਾਂ ਜਾਣਿਆ।” ਪੌਲੁਸ ਨੇ ਅੱਗੇ ਕਿਹਾ: “ਹਾਂ, ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋ. 3:10-12) ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਦੇ 12ਵੇਂ ਅਧਿਆਇ ਵਿਚ ਪੌਲੁਸ ਨੇ ਵਧੀਆ ਸਲਾਹ ਦਿੱਤੀ ਕਿ ਵਿਰੋਧ ਹੋਣ ਤੇ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ। ਇਸ ਅੰਤ ਦੇ ਸਮੇਂ ਵਿਚ ਪੌਲੁਸ ਦੇ ਸ਼ਬਦਾਂ ਤੋਂ ਸਾਨੂੰ ਵੀ ਸੇਧ ਮਿਲ ਸਕਦੀ ਹੈ।
‘ਚੰਗੀਆਂ ਗੱਲਾਂ ਦਾ ਧਿਆਨ ਰੱਖੋ’
3, 4. (ੳ) ਜਿਨ੍ਹਾਂ ਦੇ ਘਰ ਦੇ ਯਹੋਵਾਹ ਨੂੰ ਨਹੀਂ ਮੰਨਦੇ, ਉਹ ਰੋਮੀਆਂ 12:17 ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਨ? (ਅ) ਗੁਆਂਢੀਆਂ ਨਾਲ ਪੇਸ਼ ਆਉਣ ਸੰਬੰਧੀ ਅਸੀਂ ਇਹੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ?
3 ਰੋਮੀਆਂ 12:17 ਪੜ੍ਹੋ। ਪੌਲੁਸ ਨੇ ਦੱਸਿਆ ਕਿ ਜਦੋਂ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇਣਾ ਚਾਹੀਦਾ। ਇਸ ਸਲਾਹ ਉੱਤੇ ਚੱਲਣਾ ਉਨ੍ਹਾਂ ਮਸੀਹੀਆਂ ਲਈ ਖ਼ਾਸ ਕਰਕੇ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਦੇ ਯਹੋਵਾਹ ਨੂੰ ਨਹੀਂ ਮੰਨਦੇ। ਮਸੀਹੀ ਪਤਨੀ ਜਾਂ ਪਤੀ ਕੌੜੇ ਸ਼ਬਦਾਂ ਦਾ ਜਵਾਬ ਕੌੜੇ ਸ਼ਬਦਾਂ ਵਿਚ ਨਹੀਂ ਦੇਵੇਗਾ ਜਾਂ ਉਸੇ ਤਰ੍ਹਾਂ ਦਾ ਮਾੜਾ ਸਲੂਕ ਨਹੀਂ ਕਰੇਗਾ ਜਿੱਦਾਂ ਦਾ ਸਲੂਕ ਪਤਨੀ ਜਾਂ ਪਤੀ ਨੇ ਕੀਤਾ ਹੈ। ‘ਬੁਰਿਆਈ ਦੇ ਵੱਟੇ ਬੁਰਿਆਈ’ ਕਰਨ ਨਾਲ ਕੁਝ ਵੀ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਕਰਨ ਨਾਲ ਮਾਹੌਲ ਹੋਰ ਵੀ ਵਿਗੜ ਸਕਦਾ ਹੈ।
4 ਪੌਲੁਸ ਬਿਹਤਰ ਤਰੀਕਾ ਦੱਸਦਾ ਹੈ: “ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ।” ਮਿਸਾਲ ਲਈ, ਘਰ ਵਿਚ ਜਦੋਂ ਪਤੀ ਪਤਨੀ ਦੇ ਵਿਸ਼ਵਾਸਾਂ ਬਾਰੇ ਕੁਝ ਬੁਰਾ-ਭਲਾ ਕਹਿੰਦਾ ਹੈ ਤੇ ਪਤਨੀ ਫਿਰ ਵੀ ਉਸ ਨਾਲ ਚੰਗਾ ਸਲੂਕ ਕਰਦੀ ਹੈ, ਤਾਂ ਘਰ ਵਿਚ ਕਲੇਸ਼ ਨਹੀਂ ਹੁੰਦਾ। (ਕਹਾ. 31:12) ਕਾਰਲੋਸ ਬੈਥਲ ਵਿਚ ਕੰਮ ਕਰਦਾ ਹੈ। ਉਹ ਦੱਸਦਾ ਹੈ ਕਿ ਉਸ ਦੇ ਮਾਤਾ ਜੀ ਨੇ ਵਿਰੋਧ ਦਾ ਸਾਮ੍ਹਣਾ ਕਿਵੇਂ ਕੀਤਾ। ਉਸ ਦੇ ਪਿਤਾ ਜੀ ਦੇ ਸਖ਼ਤ ਵਿਰੋਧ ਦੇ ਬਾਵਜੂਦ ਉਸ ਦੇ ਮਾਤਾ ਜੀ ਪਿਆਰ ਨਾਲ ਪੇਸ਼ ਆਉਂਦੇ ਸਨ ਅਤੇ ਘਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਸਨ। “ਮਾਤਾ ਜੀ ਨੇ ਹਮੇਸ਼ਾ ਸਾਨੂੰ ਇਹੀ ਕਿਹਾ ਕਿ ਅਸੀਂ ਪਿਤਾ ਜੀ ਦਾ ਆਦਰ ਕਰੀਏ। ਉਹ ਮੈਨੂੰ ਕਹਿੰਦੇ ਸਨ ਕਿ ਮੈਂ ਪਿਤਾ ਜੀ ਨਾਲ ਬੂਲ (ਫਰਾਂਸ ਵਿਚ ਖੇਡੀ ਜਾਂਦੀ ਬੋਲਿੰਗ ਗੇਮ) ਖੇਡਾਂ ਭਾਵੇਂ ਕਿ ਮੈਨੂੰ ਇਹ ਖੇਡ ਖੇਡਣੀ ਚੰਗੀ ਨਹੀਂ ਸੀ ਲੱਗਦੀ। ਪਰ ਪਿਤਾ ਜੀ ਨੂੰ ਖੇਡ ਕੇ ਮਜ਼ਾ ਆ ਜਾਂਦਾ ਸੀ।” ਬਾਅਦ ਵਿਚ ਪਿਤਾ ਜੀ ਬਾਈਬਲ ਦੀ ਸਟੱਡੀ ਕਰਨ ਲੱਗ ਪਏ ਅਤੇ ਬਪਤਿਸਮਾ ਲੈ ਲਿਆ। ਯਹੋਵਾਹ ਦੇ ਗਵਾਹਾਂ ਨੇ ਅਕਸਰ ਕੁਦਰਤੀ ਆਫ਼ਤਾਂ ਆਉਣ ਤੇ ਵੀ ਆਪਣੇ ਗੁਆਂਢੀਆਂ ਦੀ ਮਦਦ ਕਰ ਕੇ ਪੱਖ-ਪਾਤ ਦਾ ਸਾਮ੍ਹਣਾ ਕੀਤਾ ਹੈ। ਇੱਦਾਂ ਕਰ ਕੇ ਉਨ੍ਹਾਂ ਨੇ ‘ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖਿਆ ਹੈ।’
“ਅੰਗਿਆਰਿਆਂ” ਨਾਲ ਵਿਰੋਧੀਆਂ ਦੇ ਦਿਲਾਂ ਨੂੰ ਪਿਘਲਾਉਣਾ
5, 6. (ੳ) ਕਿਸ ਅਰਥ ਵਿਚ ਦੁਸ਼ਮਣਾਂ ਦੇ ਸਿਰਾਂ ʼਤੇ ‘ਅੰਗਿਆਰੇ’ ਰੱਖੇ ਜਾਣੇ ਚਾਹੀਦੇ ਹਨ? (ਅ) ਆਪਣਾ ਕੋਈ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਹੈ ਕਿ ਰੋਮੀਆਂ 12:20 ਵਿਚ ਦਿੱਤੀ ਸਲਾਹ ʼਤੇ ਚੱਲ ਕੇ ਚੰਗੇ ਨਤੀਜੇ ਨਿਕਲ ਸਕਦੇ ਹਨ।
5 ਰੋਮੀਆਂ 12:20 ਪੜ੍ਹੋ। ਇਸ ਆਇਤ ਦੇ ਸ਼ਬਦ ਲਿਖਣ ਵੇਲੇ ਪੌਲੁਸ ਦੇ ਮਨ ਵਿਚ ਕਹਾਉਤਾਂ 25:21, 22 ਸੀ ਜਿੱਥੇ ਲਿਖਿਆ ਹੈ: “ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ, ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ।” 12ਵੇਂ ਅਧਿਆਇ ਵਿਚ ਜਦੋਂ ਪੌਲੁਸ ਨੇ ਸਿਰ ʼਤੇ ਅੰਗਿਆਰਿਆਂ ਦਾ ਢੇਰ ਲਾਉਣ ਦੀ ਗੱਲ ਕੀਤੀ ਸੀ, ਤਾਂ ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਵਿਰੋਧੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਾਂ ਉਸ ਨੂੰ ਸ਼ਰਮਿੰਦਾ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਕਹਾਉਤਾਂ 25:21, 22 ਅਤੇ ਇਸ ਨਾਲ ਮਿਲਦੇ-ਜੁਲਦੇ ਪੌਲੁਸ ਦੇ ਸ਼ਬਦ ਸ਼ਾਇਦ ਪੁਰਾਣੇ ਜ਼ਮਾਨੇ ਵਿਚ ਧਾਤਾਂ ਨੂੰ ਪਿਘਲਾਉਣ ਦੇ ਤਰੀਕੇ ਵੱਲ ਸੰਕੇਤ ਕਰਦੇ ਹਨ। 19ਵੀਂ ਸਦੀ ਦੇ ਅੰਗ੍ਰੇਜ਼ੀ ਵਿਦਵਾਨ ਚਾਰਲਸ ਬ੍ਰਿਜਿਜ਼ ਨੇ ਲਿਖਿਆ: “ਸਖ਼ਤ ਧਾਤ ਦੇ ਥੱਲੇ ਅਤੇ ਉੱਪਰ ਕੋਲੇ ਪਾ ਦਿਓ; ਇਸ ਨੂੰ ਅੱਗ ਵਿਚ ਰੱਖਣ ਦੇ ਨਾਲ-ਨਾਲ ਇਸ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾ ਦਿਓ। ਕੁਝ ਲੋਕਾਂ ਦੇ ਦਿਲ ਬਹੁਤ ਸਖ਼ਤ ਹੁੰਦੇ ਹਨ ਜੋ ਉਦੋਂ ਵੀ ਨਹੀਂ ਪਿਘਲਦੇ ਜਦੋਂ ਕੋਈ ਉਨ੍ਹਾਂ ਨਾਲ ਬਹੁਤ ਧੀਰਜ ਨਾਲ ਪੇਸ਼ ਆਉਂਦਾ ਹੈ ਤੇ ਉਨ੍ਹਾਂ ਨਾਲ ਇੰਨਾ ਪਿਆਰ ਕਰਦਾ ਹੈ ਕਿ ਆਪਣਾ ਸਾਰਾ ਕੁਝ ਵਾਰਨ ਲਈ ਤਿਆਰ ਰਹਿੰਦਾ ਹੈ।”
6 ਜਿਸ ਤਰ੍ਹਾਂ ‘ਅੰਗਿਆਰੇ’ ਸਖ਼ਤ ਧਾਤ ਨੂੰ ਪਿਘਲਾ ਦਿੰਦੇ ਹਨ, ਉਸੇ ਤਰ੍ਹਾਂ ਅਸੀਂ ਆਪਣੇ ਵਿਰੋਧੀਆਂ ਨਾਲ ਪਿਆਰ ਨਾਲ ਪੇਸ਼ ਆ ਕੇ ਉਨ੍ਹਾਂ ਦੇ ਦਿਲ ਪਿਘਲਾ ਸਕਦੇ ਹਾਂ। ਅਸੀਂ ਪਿਆਰ ਨਾਲ ਪੇਸ਼ ਆ ਕੇ ਲੋਕਾਂ ਦੇ ਦਿਲ ਜਿੱਤ ਸਕਦੇ ਹਾਂ ਜਿਸ ਕਰਕੇ ਉਨ੍ਹਾਂ ਦਾ ਰਵੱਈਆ ਯਹੋਵਾਹ ਦੇ ਲੋਕਾਂ ਅਤੇ ਬਾਈਬਲ ਦੇ ਸੰਦੇਸ਼ ਪ੍ਰਤਿ ਬਦਲ ਸਕਦਾ ਹੈ। ਪਤਰਸ ਰਸੂਲ ਨੇ ਲਿਖਿਆ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।”—1 ਪਤ. 2:12.
“ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ”
7. ਯਿਸੂ ਆਪਣੇ ਚੇਲਿਆਂ ਨੂੰ ਕਿਹੜੀ ਸ਼ਾਂਤੀ ਦਿੰਦਾ ਹੈ ਅਤੇ ਇਹ ਸ਼ਾਂਤੀ ਸਾਨੂੰ ਕੀ ਕਰਨ ਲਈ ਪ੍ਰੇਰੇਗੀ?
7 ਰੋਮੀਆਂ 12:18 ਪੜ੍ਹੋ। ਰਸੂਲਾਂ ਨਾਲ ਆਪਣੀ ਆਖ਼ਰੀ ਸ਼ਾਮ ਦੌਰਾਨ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ।” (ਯੂਹੰ. 14:27) ਜਿਹੜੀ ਸ਼ਾਂਤੀ ਯਿਸੂ ਆਪਣੇ ਚੇਲਿਆਂ ਨੂੰ ਦਿੰਦਾ ਹੈ, ਉਹ ਮਨ ਦੀ ਸ਼ਾਂਤੀ ਹੈ। ਇਹ ਸ਼ਾਂਤੀ ਸਾਨੂੰ ਉਦੋਂ ਮਿਲਦੀ ਹੈ ਜਦੋਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਯਹੋਵਾਹ ਤੇ ਉਸ ਦਾ ਪਿਆਰਾ ਪੁੱਤਰ ਸਾਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਮਿਹਰ ਸਾਡੇ ʼਤੇ ਹੈ। ਇਹ ਅੰਦਰੂਨੀ ਸ਼ਾਂਤੀ ਸਾਨੂੰ ਹੋਰਨਾਂ ਨਾਲ ਸ਼ਾਂਤੀ ਨਾਲ ਰਹਿਣ ਲਈ ਪ੍ਰੇਰੇਗੀ। ਸੱਚੇ ਮਸੀਹੀ ਮਿਲਣਸਾਰ ਅਤੇ ਸ਼ਾਂਤੀ ਬਣਾਈ ਰੱਖਣ ਵਾਲੇ ਲੋਕ ਹਨ।—ਮੱਤੀ 5:9.
8. ਅਸੀਂ ਘਰ ਵਿਚ ਅਤੇ ਕਲੀਸਿਯਾ ਵਿਚ ਸ਼ਾਂਤੀ ਕਿਵੇਂ ਰੱਖ ਸਕਦੇ ਹਾਂ?
8 ਘਰ ਵਿਚ ਸ਼ਾਂਤੀ ਬਣਾਈ ਰੱਖਣ ਦਾ ਇਕ ਤਰੀਕਾ ਹੈ ਕਿ ਅਣਬਣ ਹੋ ਜਾਣ ਤੇ ਸਾਨੂੰ ਛੇਤੀ ਤੋਂ ਛੇਤੀ ਇਕ-ਦੂਸਰੇ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਤਾਂਕਿ ਗੱਲ ਹੋਰ ਨਾ ਵਿਗੜ ਜਾਵੇ। (ਕਹਾ. 15:18; ਅਫ਼. 4:26) ਮਸੀਹੀ ਕਲੀਸਿਯਾ ʼਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਪਤਰਸ ਰਸੂਲ ਨੇ ਕਿਹਾ ਕਿ ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਜੀਭ ਕਾਬੂ ਵਿਚ ਰੱਖਣ ਦੀ ਲੋੜ ਹੈ। (1 ਪਤ. 3:10, 11) ਯਾਕੂਬ ਨੇ ਮਸੀਹੀਆਂ ਨੂੰ ਸਖ਼ਤ ਤਾੜਨਾ ਦਿੱਤੀ ਸੀ ਕਿ ਉਹ ਜ਼ਬਾਨ ਸੰਭਾਲ ਕੇ ਬੋਲਣ ਅਤੇ ਈਰਖਾ ਤੇ ਝਗੜੇ ਨਾ ਕਰਨ। ਉਸ ਨੇ ਲਿਖਿਆ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ। ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ।”—ਯਾਕੂ. 3:17, 18.
9. ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਕੋਸ਼ਿਸ਼ ਕਰਦਿਆਂ ਅਸੀਂ ਕਿਹੜੀ ਗੱਲ ਧਿਆਨ ਵਿਚ ਰੱਖਾਂਗੇ?
9 ਰੋਮੀਆਂ 12:18 ਵਿਚ ਪੌਲੁਸ ਕਹਿੰਦਾ ਹੈ ਕਿ ਸਾਨੂੰ ਨਾ ਸਿਰਫ਼ ਪਰਿਵਾਰ ਅਤੇ ਕਲੀਸਿਯਾ ਵਿਚ ਮੇਲ ਰੱਖਣ ਦੀ ਲੋੜ ਹੈ, ਸਗੋਂ ਸਾਨੂੰ ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਲੋੜ ਹੈ। ਇਹ ਮਨੁੱਖ ਸਾਡੇ ਗੁਆਂਢੀ, ਨਾਲ ਦੇ ਕੰਮ ਕਰਨ ਵਾਲੇ, ਸਕੂਲ ਦੇ ਵਿਦਿਆਰਥੀ ਅਤੇ ਉਹ ਲੋਕ ਹੋ ਸਕਦੇ ਹਨ ਜੋ ਸਾਨੂੰ ਸੇਵਕਾਈ ਦੌਰਾਨ ਮਿਲਦੇ ਹਨ। ਪਰ ਧਿਆਨ ਦਿਓ ਕਿ ਪੌਲੁਸ ਇਹ ਵੀ ਕਹਿੰਦਾ ਹੈ ਕਿ “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ।” ਇਸ ਦਾ ਮਤਲਬ ਹੈ ਕਿ ਅਸੀਂ ‘ਸਾਰਿਆਂ ਨਾਲ ਮੇਲ ਰੱਖਣ’ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਪਰ ਇੱਦਾਂ ਕਰਦਿਆਂ ਅਸੀਂ ਪਰਮੇਸ਼ੁਰ ਦੇ ਧਰਮੀ ਅਸੂਲ ਨਹੀਂ ਤੋੜਾਂਗੇ।
ਯਹੋਵਾਹ ਬਦਲਾ ਲਵੇਗਾ
10, 11. ਅਸੀਂ ਕਿਵੇਂ “ਕ੍ਰੋਧ ਨੂੰ ਜਾਣ” ਦਿੰਦੇ ਹਾਂ ਅਤੇ ਇੱਦਾਂ ਕਰਨਾ ਕਿਉਂ ਸਹੀ ਹੈ?
10 ਰੋਮੀਆਂ 12:19 ਪੜ੍ਹੋ। ਜਿਹੜੇ ਲੋਕ ਸਾਡੇ ਪ੍ਰਚਾਰ ਅਤੇ ਸੰਦੇਸ਼ ਦਾ “ਸਾਹਮਣਾ” ਯਾਨੀ ਵਿਰੋਧ ਕਰਦੇ ਹਨ, ਅਸੀਂ ਉਨ੍ਹਾਂ ਨਾਲ ਵੀ “ਸਬਰ” ਅਤੇ “ਨਰਮਾਈ” ਨਾਲ ਪੇਸ਼ ਆਵਾਂਗੇ। (2 ਤਿਮੋ. 2:23-25) ਪੌਲੁਸ ਨੇ ਮਸੀਹੀਆਂ ਨੂੰ ਕਿਹਾ ਕਿ ਉਹ ਬਦਲਾ ਨਾ ਲੈਣ, ਸਗੋਂ ‘ਕ੍ਰੋਧ ਨੂੰ ਜਾਣ ਦੇਣ।’ ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਇਹ ਪਰਮੇਸ਼ੁਰ ਉੱਤੇ ਛੱਡ ਦੇਣਾ ਚਾਹੀਦਾ ਹੈ ਕਿ ਉਹੀ ਬਦਲਾ ਲਵੇਗਾ ਕਿਉਂਕਿ ਬਦਲਾ ਲੈਣਾ ਸਾਡਾ ਕੰਮ ਨਹੀਂ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” (ਜ਼ਬੂ. 37:8) ਨਾਲੇ ਸੁਲੇਮਾਨ ਨੇ ਸਲਾਹ ਦਿੱਤੀ: “ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਵੱਟਾ ਲਵਾਂਗਾ, ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ।”—ਕਹਾ. 20:22.
11 ਜੇ ਸਤਾਉਣ ਵਾਲੇ ਸਾਨੂੰ ਕੋਈ ਨੁਕਸਾਨ ਪਹੁੰਚਾਉਂਦੇ ਹਨ, ਤਾਂ ਅਕਲਮੰਦੀ ਦੀ ਗੱਲ ਹੈ ਕਿ ਅਸੀਂ ਯਹੋਵਾਹ ʼਤੇ ਛੱਡ ਦੇਈਏ ਕਿ ਜੇ ਉਸ ਦੀ ਨਿਗਾਹ ਵਿਚ ਸਹੀ ਹੈ, ਤਾਂ ਉਹ ਸਮਾਂ ਆਉਣ ਤੇ ਉਨ੍ਹਾਂ ਨੂੰ ਸਜ਼ਾ ਜ਼ਰੂਰ ਦੇਵੇਗਾ। ਪੌਲੁਸ ਨੂੰ ਪਤਾ ਸੀ ਕਿ ਸਜ਼ਾ ਦੇਣੀ ਯਹੋਵਾਹ ਦਾ ਕੰਮ ਹੈ, ਇਸ ਲਈ ਉਸ ਨੇ ਅੱਗੇ ਕਿਹਾ: “ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਬਿਵਸਥਾ ਸਾਰ 32:35 ਦੇਖੋ।) ਜੇ ਅਸੀਂ ਖ਼ੁਦ ਬਦਲਾ ਲੈਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਉਹ ਕੰਮ ਕਰਨ ਦੀ ਗੁਸਤਾਖ਼ੀ ਕਰ ਰਹੇ ਹੋਵਾਂਗੇ ਜੋ ਕੰਮ ਕਰਨ ਦਾ ਹੱਕਦਾਰ ਸਿਰਫ਼ ਯਹੋਵਾਹ ਹੈ। ਇਸ ਤੋਂ ਇਲਾਵਾ, ਅਸੀਂ ਯਹੋਵਾਹ ਦੇ ਇਸ ਵਾਅਦੇ ʼਤੇ ਭਰੋਸਾ ਨਹੀਂ ਕਰ ਰਹੇ ਹੋਵਾਂਗੇ: “ਮੈਂ ਹੀ ਵੱਟਾ ਲਾਹਵਾਂਗਾ।”
12. ਯਹੋਵਾਹ ਦਾ ਕ੍ਰੋਧ ਕਦੋਂ ਅਤੇ ਕਿਵੇਂ ਪ੍ਰਗਟ ਹੋਵੇਗਾ?
12 ਰੋਮੀਆਂ ਨੂੰ ਆਪਣੀ ਚਿੱਠੀ ਦੇ ਮੁਢਲੇ ਹਿੱਸੇ ਵਿਚ ਪੌਲੁਸ ਨੇ ਕਿਹਾ: “ਜਿਹੜੇ ਮਨੁੱਖ ਸਚਿਆਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ ਉਨ੍ਹਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਅਕਾਸ਼ੋਂ ਪਰਗਟ ਹੋਇਆ।” (ਰੋਮੀ. 1:18) “ਵੱਡੀ ਬਿਪਤਾ” ਆਉਣ ਤੇ ਆਕਾਸ਼ੋਂ ਯਹੋਵਾਹ ਦਾ ਕ੍ਰੋਧ ਆਪਣੇ ਪੁੱਤਰ ਦੇ ਜ਼ਰੀਏ ਬੁਰੇ ਇਨਸਾਨਾਂ ਉੱਤੇ ਪ੍ਰਗਟ ਹੋਵੇਗਾ। (ਪਰ. 7:14) ਇਹ “ਪਰਮੇਸ਼ੁਰ ਦੇ ਜਥਾਰਥ ਨਿਆਉਂ ਦਾ ਪਰਮਾਣ ਹੈ।” ਧਿਆਨ ਦਿਓ ਕਿ ਇਸ ਦੇ ਸੰਬੰਧ ਵਿਚ ਪੌਲੁਸ ਨੇ ਇਕ ਹੋਰ ਚਿੱਠੀ ਵਿਚ ਕੀ ਦੱਸਿਆ: “ਕਿਉਂ ਜੋ ਪਰਮੇਸ਼ੁਰ ਦੇ ਭਾਣੇ ਇਹ ਨਿਆਉਂ ਦੀ ਗੱਲ ਹੈ ਭਈ ਜਿਹੜੇ ਤੁਹਾਨੂੰ ਦੁਖ ਦਿੰਦੇ ਹਨ ਓਹਨਾਂ ਨੂੰ ਦੁਖ ਦੇਵੇ। ਅਤੇ ਤੁਹਾਨੂੰ ਜਿਹੜੇ ਦੁਖ ਪਾਉਂਦੇ ਹੋ ਸਾਡੇ ਨਾਲ ਸੁਖ ਦੇਵੇ ਉਸ ਸਮੇਂ ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।”—2 ਥੱਸ. 1:5-8.
ਭਲਿਆਈ ਨਾਲ ਬੁਰਾਈ ਨੂੰ ਜਿੱਤ ਲਓ
13, 14. (ੳ) ਵਿਰੋਧ ਆਉਣ ਤੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ? (ਅ) ਅਸੀਂ ਸਤਾਉਣ ਵਾਲਿਆਂ ਨੂੰ ਅਸੀਸ ਕਿਵੇਂ ਦੇ ਸਕਦੇ ਹਾਂ?
13 ਰੋਮੀਆਂ 12:14, 21 ਪੜ੍ਹੋ। ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਆਪਣੇ ਮਕਸਦਾਂ ਨੂੰ ਪੂਰਾ ਕਰੇਗਾ, ਇਸ ਲਈ ਅਸੀਂ ਤਨ-ਮਨ ਲਾ ਕੇ ਉਸ ਦਾ ਕੰਮ ਕਰਦੇ ਹਾਂ ਜੋ ਉਸ ਨੇ ਸਾਨੂੰ ਸੌਂਪਿਆ ਹੈ। ਅਸੀਂ ‘ਸਾਰੀ ਦੁਨੀਆਂ ਵਿੱਚ ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਦੇ ਹਾਂ। (ਮੱਤੀ 24:14) ਅਸੀਂ ਜਾਣਦੇ ਹਾਂ ਕਿ ਇਹ ਕੰਮ ਕਰਨ ਨਾਲ ਸਾਡੇ ਦੁਸ਼ਮਣਾਂ ਦਾ ਗੁੱਸਾ ਭੜਕ ਉੱਠੇਗਾ ਕਿਉਂਕਿ ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਸੀ: “ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” (ਮੱਤੀ 24:9) ਸੋ ਜਦੋਂ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਨਾ ਤਾਂ ਹੈਰਾਨ ਤੇ ਨਾ ਹੀ ਨਿਰਾਸ਼ ਹੋਣਾ ਚਾਹੀਦਾ ਹੈ। ਪਤਰਸ ਰਸੂਲ ਨੇ ਲਿਖਿਆ: “ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ। ਸਗੋਂ ਜਿੰਨੇਕੁ ਤੁਸੀਂ ਮਸੀਹ ਦੇ ਦੁਖਾਂ ਵਿੱਚ ਸਾਂਝੀ ਹੋ ਉੱਨਾਕੁ ਅਨੰਦ ਕਰੋ ਭਈ ਉਹ ਦੇ ਤੇਜ ਦੇ ਪਰਕਾਸ਼ ਹੋਣ ਦੇ ਵੇਲੇ ਭੀ ਤੁਸੀਂ ਡਾਢੇ ਅਨੰਦ ਨਾਲ ਨਿਹਾਲ ਹੋਵੋ।”—1 ਪਤ. 4:12, 13.
14 ਵਿਰੋਧੀਆਂ ਨਾਲ ਨਫ਼ਰਤ ਕਰਨ ਦੀ ਬਜਾਇ, ਅਸੀਂ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਅਣਜਾਣਪੁਣੇ ਵਿਚ ਸਾਡਾ ਵਿਰੋਧ ਕਰਦੇ ਹਨ। (2 ਕੁਰਿੰ. 4:4) ਅਸੀਂ ਪੌਲੁਸ ਦੀ ਇਸ ਸਲਾਹ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ: “ਆਪਣੇ ਦੁਖਦਾਈਆਂ ਨੂੰ ਅਸੀਸ ਦਿਓ, ਅਸੀਸ ਦਿਓ, ਫਿਟਕਾਰੋ ਨਾ!” (ਰੋਮੀ. 12:14) ਵਿਰੋਧੀਆਂ ਨੂੰ ਅਸੀਸ ਦੇਣ ਦਾ ਇਕ ਤਰੀਕਾ ਹੈ, ਉਨ੍ਹਾਂ ਲਈ ਪ੍ਰਾਰਥਨਾ ਕਰਨੀ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ: “ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ। ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ। ਜੋ ਤੁਹਾਡੀ ਪਤ ਲਾਹੁਣ ਉਨ੍ਹਾਂ ਦੇ ਲਈ ਪ੍ਰਾਰਥਨਾ ਕਰੋ।” (ਲੂਕਾ 6:27, 28) ਪੌਲੁਸ ਰਸੂਲ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਸਤਾਉਣ ਵਾਲਾ ਬੰਦਾ ਯਿਸੂ ਦਾ ਵਫ਼ਾਦਾਰ ਚੇਲਾ ਅਤੇ ਯਹੋਵਾਹ ਦਾ ਜੋਸ਼ੀਲਾ ਸੇਵਕ ਬਣ ਸਕਦਾ ਹੈ। (ਗਲਾ. 1:13-16, 23) ਇਕ ਹੋਰ ਚਿੱਠੀ ਵਿਚ ਪੌਲੁਸ ਨੇ ਕਿਹਾ: “ਅਸੀਂ ਗਾਲੀਆਂ ਖਾ ਕੇ ਅਸੀਸ ਦਿੰਦੇ ਹਾਂ। ਜਾਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ। ਜਾਂ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ।”—1 ਕੁਰਿੰ. 4:12, 13.
15. ਚੰਗਾਈ ਨਾਲ ਬੁਰਾਈ ਉੱਤੇ ਜਿੱਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?
15 ਸੱਚਾ ਮਸੀਹੀ ਰੋਮੀਆਂ ਦੇ 12ਵੇਂ ਅਧਿਆਇ ਦੀ ਆਖ਼ਰੀ ਆਇਤ ਉੱਤੇ ਚੱਲਦਾ ਹੈ: “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।” ਸਾਰੀ ਬੁਰਾਈ ਦੀ ਜੜ੍ਹ ਸ਼ਤਾਨ ਹੈ। (ਯੂਹੰ. 8:44; 1 ਯੂਹੰ. 5:19) ਯੂਹੰਨਾ ਰਸੂਲ ਨੂੰ ਯਿਸੂ ਨੇ ਦਰਸ਼ਣ ਵਿਚ ਦਿਖਾਇਆ ਕਿ ਉਸ ਦੇ ਮਸਹ ਕੀਤੇ ਹੋਏ ਭਰਾਵਾਂ ਨੇ “ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਉਹ [ਸ਼ਤਾਨ] ਨੂੰ ਜਿੱਤ ਲਿਆ।” (ਪਰ. 12:11) ਇਸ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਅਤੇ ਦੁਨੀਆਂ ਉੱਤੇ ਉਸ ਦੇ ਬੁਰੇ ਪ੍ਰਭਾਵ ਉੱਤੇ ਜਿੱਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਦੂਜਿਆਂ ਦਾ ਭਲਾ ਕਰੀਏ।
ਆਸ਼ਾ ਵਿਚ ਆਨੰਦ
16, 17. ਰੋਮੀਆਂ ਦੇ 12ਵੇਂ ਅਧਿਆਇ ਤੋਂ ਅਸੀਂ ਇਨ੍ਹਾਂ ਗੱਲਾਂ ਸੰਬੰਧੀ ਕੀ ਸਿੱਖਿਆ ਹੈ: (ੳ) ਸਾਨੂੰ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਚਾਹੀਦੀ ਹੈ? (ਅ) ਸਾਨੂੰ ਕਲੀਸਿਯਾ ਵਿਚ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ੲ) ਸਾਨੂੰ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜੋ ਯਹੋਵਾਹ ਨੂੰ ਨਹੀਂ ਮੰਨਦੇ?
16 ਰੋਮ ਦੇ ਮਸੀਹੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਦੇ 12ਵੇਂ ਅਧਿਆਇ ਉੱਤੇ ਸੰਖੇਪ ਵਿਚ ਚਰਚਾ ਕਰ ਕੇ ਸਾਨੂੰ ਕਈ ਗੱਲਾਂ ਯਾਦ ਕਰਾਈਆਂ ਗਈਆਂ ਹਨ। ਅਸੀਂ ਸਿੱਖਿਆ ਹੈ ਕਿ ਯਹੋਵਾਹ ਦੇ ਸਮਰਪਿਤ ਭਗਤਾਂ ਵਜੋਂ ਸਾਨੂੰ ਕੁਰਬਾਨੀਆਂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਅਸੀਂ ਇਹ ਕੁਰਬਾਨੀਆਂ ਕਰਦੇ ਹਾਂ ਕਿਉਂਕਿ ਅਸੀਂ ਦਿਮਾਗ਼ ਤੋਂ ਕੰਮ ਲੈ ਕੇ ਇਹ ਯਕੀਨ ਕਰਦੇ ਹਾਂ ਕਿ ਇੱਦਾਂ ਕਰਨਾ ਪਰਮੇਸ਼ੁਰ ਦੀ ਇੱਛਾ ਮੁਤਾਬਕ ਹੈ। ਅਸੀਂ ਪਵਿੱਤਰ ਸ਼ਕਤੀ ਨਾਲ ਸਰਗਰਮ ਹਾਂ ਅਤੇ ਜੋਸ਼ ਨਾਲ ਆਪਣੀਆਂ ਵੱਖੋ-ਵੱਖਰੀਆਂ ਦਾਤਾਂ ਵਰਤਦੇ ਹਾਂ। ਅਸੀਂ ਸਾਰੇ ਨਿਮਰਤਾ ਨਾਲ ਸੇਵਾ ਕਰਦੇ ਹਾਂ ਤੇ ਮਸੀਹੀ ਏਕਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਸੀਂ ਪਰਾਹੁਣਚਾਰੀ ਕਰਦੇ ਹਾਂ ਤੇ ਦਿਲੋਂ ਹਮਦਰਦੀ ਦਿਖਾਉਂਦੇ ਹਾਂ।
17 ਰੋਮੀਆਂ ਦੇ 12ਵੇਂ ਅਧਿਆਇ ਤੋਂ ਸਾਨੂੰ ਢੇਰ ਸਾਰੀ ਸਲਾਹ ਮਿਲਦੀ ਹੈ ਕਿ ਵਿਰੋਧ ਆਉਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਨੂੰ ਬੁਰਾਈ ਦੇ ਵੱਟੇ ਬੁਰਾਈ ਨਹੀਂ ਕਰਨੀ ਚਾਹੀਦੀ। ਸਾਨੂੰ ਭਲੇ ਕੰਮ ਕਰ ਕੇ ਵਿਰੋਧ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ। ਜਿੰਨਾ ਹੋ ਸਕੇ, ਸਾਨੂੰ ਬਾਈਬਲ ਦੇ ਸਿਧਾਂਤਾਂ ਨੂੰ ਤੋੜੇ ਬਿਨਾਂ ਸਾਰਿਆਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਗੱਲ ਪਰਿਵਾਰ ਅਤੇ ਕਲੀਸਿਯਾ ਵਿਚ, ਗੁਆਂਢੀਆਂ ਨਾਲ, ਕੰਮ ਦੀ ਥਾਂ ਤੇ, ਸਕੂਲ ਵਿਚ ਅਤੇ ਪ੍ਰਚਾਰ ਕਰਦਿਆਂ ਵੀ ਲਾਗੂ ਹੁੰਦੀ ਹੈ। ਜਦੋਂ ਲੋਕ ਸਾਡੇ ʼਤੇ ਜ਼ੁਲਮ ਢਾਹੁੰਦੇ ਹਨ, ਉਦੋਂ ਵੀ ਅਸੀਂ ਭਲਾਈ ਨਾਲ ਬੁਰਾਈ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਚੇਤੇ ਰੱਖਦੇ ਹਾਂ ਕਿ ਬਦਲਾ ਲੈਣਾ ਯਹੋਵਾਹ ਦਾ ਕੰਮ ਹੈ।
18. ਰੋਮੀਆਂ 12:12 ਵਿਚ ਕਿਹੜੇ ਤਿੰਨ ਸੁਝਾਅ ਦਿੱਤੇ ਗਏ ਹਨ?
18 ਰੋਮੀਆਂ 12:12 ਪੜ੍ਹੋ। ਇਸ ਸਾਰੀ ਚੰਗੀ ਤੇ ਵਧੀਆ ਸਲਾਹ ਤੋਂ ਇਲਾਵਾ ਪੌਲੁਸ ਸਾਨੂੰ ਤਿੰਨ ਸੁਝਾਅ ਦਿੰਦਾ ਹੈ। ਅਸੀਂ ਇਹ ਸਾਰਾ ਕੁਝ ਯਹੋਵਾਹ ਦੀ ਮਦਦ ਤੋਂ ਬਿਨਾਂ ਕਦੀ ਵੀ ਨਹੀਂ ਕਰ ਸਕਦੇ। ਇਸ ਲਈ ਪੌਲੁਸ ਸਾਨੂੰ ਨਸੀਹਤ ਦਿੰਦਾ ਹੈ ਕਿ ਅਸੀਂ ‘ਪ੍ਰਾਰਥਨਾ ਲਗਾਤਾਰ ਕਰਦੇ ਰਹੀਏ।’ ਇੱਦਾਂ ਕਰਨ ਨਾਲ ਅਸੀਂ ਉਸ ਦੀ ਅਗਲੀ ਸਲਾਹ ʼਤੇ ਚੱਲ ਸਕਾਂਗੇ ਕਿ “ਬਿਪਤਾ ਵਿੱਚ ਧੀਰਜ ਕਰੋ।” ਅਖ਼ੀਰ ਵਿਚ ਸਾਨੂੰ ਆਪਣੇ ਮਨ ਸੁਨਹਿਰੇ ਭਵਿੱਖ ਉੱਤੇ ਟਿਕਾਈ ਰੱਖਣ ਦੀ ਲੋੜ ਹੈ ਜੋ ਯਹੋਵਾਹ ਸਾਨੂੰ ਦੇਣ ਵਾਲਾ ਹੈ। ਨਾਲੇ, ਸਾਨੂੰ ਸਦਾ ਦੀ ਜ਼ਿੰਦਗੀ ਦੀ ‘ਆਸਾ ਵਿੱਚ ਅਨੰਦ’ ਕਰਦੇ ਰਹਿਣ ਦੀ ਲੋੜ ਹੈ, ਚਾਹੇ ਇਹ ਜ਼ਿੰਦਗੀ ਸਵਰਗ ਵਿਚ ਮਿਲੇ ਜਾਂ ਧਰਤੀ ʼਤੇ।
ਕੀ ਤੁਹਾਨੂੰ ਯਾਦ ਹੈ?
• ਵਿਰੋਧ ਆਉਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
• ਸਾਨੂੰ ਕਿਨ੍ਹਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਵੇਂ?
• ਸਾਨੂੰ ਬਦਲਾ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨੀ ਚਾਹੀਦੀ?
[ਸਫ਼ਾ 8 ਉੱਤੇ ਤਸਵੀਰ]
ਜੇ ਅਸੀਂ ਆਪਣੇ ਗੁਆਂਢੀਆਂ ਲਈ ਭਲੇ ਕੰਮ ਕਰੀਏ, ਤਾਂ ਉਹ ਸ਼ਾਇਦ ਸਾਡੇ ਨਾਲ ਪੱਖ-ਪਾਤ ਨਾ ਕਰਨ
[ਸਫ਼ਾ 9 ਉੱਤੇ ਤਸਵੀਰ]
ਕੀ ਤੁਸੀਂ ਕਲੀਸਿਯਾ ਵਿਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋ?