“ਧੀਰਜ ਰੱਖਦੇ ਹੋਏ ਫਲ” ਦੇਣ ਵਾਲਿਆਂ ਨੂੰ ਯਹੋਵਾਹ ਪਿਆਰ ਕਰਦਾ ਹੈ
‘ਚੰਗੀ ਜ਼ਮੀਨ ਉੱਤੇ ਬੀਆਂ ਦੇ ਡਿਗਣ ਦਾ ਮਤਲਬ, ਉਹ ਲੋਕ ਹਨ ਜੋ ਧੀਰਜ ਰੱਖਦੇ ਹੋਏ ਫਲ ਦਿੰਦੇ ਹਨ।’—ਲੂਕਾ 8:15.
1, 2. (ੳ) ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਤੋਂ ਹੌਸਲਾ ਕਿਉਂ ਮਿਲਦਾ ਹੈ ਜਿਹੜੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਦੇ ਰਹਿੰਦੇ ਹਨ ਜਿੱਥੇ ਜ਼ਿਆਦਾਤਰ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਯਿਸੂ ਨੇ ‘ਆਪਣੇ ਪ੍ਰਚਾਰ ਦੇ ਇਲਾਕੇ’ ਬਾਰੇ ਕੀ ਕਿਹਾ? (ਫੁਟਨੋਟ ਦੇਖੋ।)
ਅਮਰੀਕਾ ਦੇ ਰਹਿਣ ਵਾਲਾ ਪਾਇਨੀਅਰ ਜੋੜਾ ਸਰਜੀਓ ਅਤੇ ਓਲੀਡਾ 80 ਤੋਂ ਜ਼ਿਆਦਾ ਸਾਲਾਂ ਦੇ ਹਨ। ਲੱਤਾਂ ਵਿਚ ਬਹੁਤ ਦਰਦ ਰਹਿਣ ਕਰਕੇ ਹੁਣ ਉਨ੍ਹਾਂ ਲਈ ਤੁਰਨਾ-ਫਿਰਨਾ ਮੁਸ਼ਕਲ ਹੋ ਗਿਆ ਹੈ। ਪਰ ਜਿੱਦਾਂ ਉਹ ਦਹਾਕਿਆਂ ਤੋਂ ਕਰਦੇ ਆ ਰਹੇ ਹਨ, ਉਹ ਰੋਜ਼ ਸਵੇਰੇ ਤੁਰ ਕੇ ਸੱਤ ਵਜੇ ਸ਼ਹਿਰ ਦੇ ਚੌਂਕ ʼਤੇ ਪਹੁੰਚ ਜਾਂਦੇ ਹਨ। ਉਹ ਬੱਸ ਅੱਡੇ ਦੇ ਨੇੜੇ ਰੁਕਦੇ ਹਨ ਜਿੱਥੋਂ ਦੀ ਬਹੁਤ ਲੋਕ ਲੰਘਦੇ ਹਨ ਅਤੇ ਪ੍ਰਕਾਸ਼ਨ ਵੰਡਦੇ ਹਨ। ਭਾਵੇਂ ਜ਼ਿਆਦਾਤਰ ਲੋਕ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦੇ, ਪਰ ਸਰਜੀਓ ਅਤੇ ਓਲੀਡਾ ਆਪਣੀ ਜਗ੍ਹਾ ʼਤੇ ਹੀ ਖੜ੍ਹੇ ਰਹਿੰਦੇ ਹਨ ਅਤੇ ਲੋਕਾਂ ਵੱਲ ਦੇਖ ਕੇ ਮੁਸਕਰਾਉਂਦੇ ਹਨ। ਦੁਪਹਿਰ ਨੂੰ ਉਹ ਹੌਲੀ-ਹੌਲੀ ਤੁਰ ਕੇ ਘਰ ਚਲੇ ਜਾਂਦੇ ਹਨ। ਅਗਲੀ ਸਵੇਰ ਉਹ ਉਸੇ ਜਗ੍ਹਾ ਪਹੁੰਚ ਜਾਂਦੇ ਹਨ। ਉਹ ਹਫ਼ਤੇ ਵਿਚ ਛੇ ਦਿਨ ਇਸੇ ਤਰ੍ਹਾਂ ਪ੍ਰਚਾਰ ਕਰਦੇ ਹਨ।
2 ਸਰਜੀਓ ਅਤੇ ਓਲੀਡਾ ਵਰਗੇ ਬਹੁਤ ਸਾਰੇ ਵਫ਼ਾਦਾਰ ਭੈਣ-ਭਰਾ ਕਈ ਸਾਲਾਂ ਤੋਂ ਉਸ ਇਲਾਕੇ ਵਿਚ ਪ੍ਰਚਾਰ ਕਰ ਰਹੇ ਹਨ ਜਿੱਥੇ ਬਹੁਤ ਘੱਟ ਲੋਕ ਉਨ੍ਹਾਂ ਦੀ ਗੱਲ ਸੁਣਦੇ ਹਨ। ਜੇ ਤੁਸੀਂ ਵੀ ਧੀਰਜ ਰੱਖਦੇ ਹੋਏ ਇਹੋ ਜਿਹੇ ਇਲਾਕੇ ਵਿਚ ਪ੍ਰਚਾਰ ਕਰਦੇ ਆ ਰਹੇ ਹੋ, ਤਾਂ ਤੁਸੀਂ ਤਾਰੀਫ਼ ਦੇ ਲਾਇਕ ਹੋ।a ਭੈਣਾਂ-ਭਰਾਵਾਂ ਨੂੰ ਤੁਹਾਡੀ ਮਿਸਾਲ ਤੋਂ ਬਹੁਤ ਹੌਸਲਾ ਮਿਲਦਾ ਹੈ, ਉਨ੍ਹਾਂ ਨੂੰ ਵੀ ਜੋ ਬਹੁਤ ਸਾਲਾਂ ਤੋਂ ਸੇਵਾ ਕਰ ਰਹੇ ਹਨ। ਧਿਆਨ ਦਿਓ ਕਿ ਇਕ ਸਫ਼ਰੀ ਨਿਗਾਹਬਾਨ ਨੇ ਕੀ ਕਿਹਾ: “ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਮੈਂ ਜੋਸ਼ ਨਾਲ ਭਰ ਜਾਂਦਾ ਹਾਂ।” “ਉਨ੍ਹਾਂ ਦੀ ਵਫ਼ਾਦਾਰੀ ਦੇਖ ਕੇ ਮੈਨੂੰ ਦਲੇਰੀ ਤੇ ਹਿੰਮਤ ਮਿਲਦੀ ਹੈ।” “ਉਨ੍ਹਾਂ ਦੀਆਂ ਮਿਸਾਲਾਂ ਮੇਰੇ ਦਿਲ ਨੂੰ ਛੂਹ ਜਾਂਦੀਆਂ ਹਨ।”
3. ਅਸੀਂ ਕਿਹੜੇ ਤਿੰਨ ਸਵਾਲਾਂ ʼਤੇ ਗੌਰ ਕਰਾਂਗੇ ਅਤੇ ਕਿਉਂ?
3 ਇਸ ਲੇਖ ਵਿਚ ਆਪਾਂ ਤਿੰਨ ਸਵਾਲਾਂ ਦੇ ਜਵਾਬ ਲਵਾਂਗੇ: ਅਸੀਂ ਕਦੀ-ਕਦੀ ਨਿਰਾਸ਼ ਕਿਉਂ ਹੋ ਜਾਂਦੇ ਹਾਂ? ਫਲ ਦੇਣ ਦਾ ਕੀ ਮਤਲਬ ਹੈ? ਧੀਰਜ ਰੱਖਦੇ ਹੋਏ ਅਸੀਂ ਫਲ ਕਿਵੇਂ ਦਿੰਦੇ ਰਹਿ ਸਕਦੇ ਹਾਂ? ਇਨ੍ਹਾਂ ਗੱਲਾਂ ਤੋਂ ਸਾਨੂੰ ਹਿੰਮਤ ਮਿਲੇਗੀ ਕਿ ਅਸੀਂ ਯਿਸੂ ਵੱਲੋਂ ਦਿੱਤਾ ਕੰਮ ਕਰਦਿਆਂ ਕਦੇ ਹਾਰ ਨਾ ਮੰਨੀਏ।
ਅਸੀਂ ਨਿਰਾਸ਼ ਕਿਉਂ ਹੁੰਦੇ ਹਾਂ?
4. (ੳ) ਯਹੂਦੀਆਂ ਦੇ ਬੁਰੇ ਰਵੱਈਏ ਦਾ ਪੌਲੁਸ ʼਤੇ ਕੀ ਅਸਰ ਪਿਆ? (ਅ) ਪੌਲੁਸ ਇਸ ਤਰ੍ਹਾਂ ਕਿਉਂ ਮਹਿਸੂਸ ਕਰਦਾ ਸੀ?
4 ਕੀ ਤੁਸੀਂ ਕਦੇ ਇਸ ਕਰਕੇ ਨਿਰਾਸ਼ ਹੁੰਦੇ ਹੋ ਕਿਉਂਕਿ ਤੁਹਾਡੇ ਇਲਾਕੇ ਵਿਚ ਲੋਕ ਰਾਜ ਦਾ ਸੰਦੇਸ਼ ਸੁਣਨਾ ਹੀ ਨਹੀਂ ਚਾਹੁੰਦੇ? ਜੇ ਹਾਂ, ਤਾਂ ਤੁਸੀਂ ਪੌਲੁਸ ਰਸੂਲ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਉਹ ਲਗਭਗ 30 ਸਾਲ ਪ੍ਰਚਾਰ ਕਰਦਾ ਰਿਹਾ ਅਤੇ ਉਸ ਨੇ ਕਈਆਂ ਦੀ ਮਸੀਹੀ ਬਣਨ ਵਿਚ ਮਦਦ ਕੀਤੀ। (ਰਸੂ. 14:21; 2 ਕੁਰਿੰ. 3:2, 3) ਪਰ ਫਿਰ ਵੀ ਬਹੁਤ ਸਾਰੇ ਯਹੂਦੀਆਂ ਨੇ ਪੌਲੁਸ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ, ਇੱਥੋਂ ਤਕ ਕਿ ਕਈਆਂ ਨੇ ਉਸ ਨੂੰ ਸਤਾਇਆ ਵੀ। (ਰਸੂ. 14:19; 17:1, 4, 5, 13) ਇਸ ਬੁਰੇ ਰਵੱਈਏ ਦਾ ਪੌਲੁਸ ʼਤੇ ਕੀ ਅਸਰ ਪਿਆ? ਉਸ ਨੇ ਕਿਹਾ: “ਮੈਂ ਬਹੁਤ ਦੁਖੀ ਹਾਂ ਅਤੇ ਮੇਰਾ ਦਿਲ ਗਮ ਨਾਲ ਭਰਿਆ ਹੋਇਆ ਹੈ।” (ਰੋਮੀ. 9:1-3) ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰਦਾ ਸੀ? ਕਿਉਂਕਿ ਉਸ ਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਸੀ ਅਤੇ ਉਹ ਲੋਕਾਂ ਨੂੰ ਪਿਆਰ ਕਰਦਾ ਸੀ। ਪੌਲੁਸ ਦਿਲੋਂ ਯਹੂਦੀਆਂ ਦੀ ਪਰਵਾਹ ਕਰਦਾ ਸੀ। ਉਸ ਨੂੰ ਦੁੱਖ ਲੱਗਦਾ ਸੀ ਜਦੋਂ ਲੋਕ ਪਰਮੇਸ਼ੁਰ ਦੀ ਦਇਆ ਨੂੰ ਠੁਕਰਾਉਂਦੇ ਸਨ।
5. (ੳ) ਕਿਹੜੀ ਗੱਲ ਸਾਨੂੰ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ? (ਅ) ਕਦੇ-ਕਦੇ ਅਸੀਂ ਨਿਰਾਸ਼ ਕਿਉਂ ਹੋ ਜਾਂਦੇ ਹਾਂ?
5 ਪੌਲੁਸ ਵਾਂਗ ਅਸੀਂ ਵੀ ਪ੍ਰਚਾਰ ਕਰਦੇ ਹਾਂ ਕਿਉਂਕਿ ਸਾਨੂੰ ਲੋਕਾਂ ਦੀ ਪਰਵਾਹ ਹੈ ਅਤੇ ਅਸੀਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। (ਮੱਤੀ 22:39; 1 ਕੁਰਿੰ. 11:1) ਅਸੀਂ ਆਪਣੀ ਜ਼ਿੰਦਗੀ ਵਿਚ ਦੇਖਿਆ ਹੈ ਕਿ ਯਹੋਵਾਹ ਦੀ ਸੇਵਾ ਕਰਨੀ ਸਭ ਤੋਂ ਵਧੀਆ ਗੱਲ ਹੈ। ਨਾਲੇ ਅਸੀਂ ਚਾਹੁੰਦੇ ਹਾਂ ਕਿ ਲੋਕ ਖ਼ੁਦ ਦੇਖਣ ਕਿ ਪਰਮੇਸ਼ੁਰ ਦੀ ਭਗਤੀ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ! ਇਸ ਲਈ ਅਸੀਂ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਉਹ ਯਹੋਵਾਹ ਅਤੇ ਧਰਤੀ ਲਈ ਰੱਖੇ ਉਸ ਦੇ ਮਕਸਦ ਬਾਰੇ ਸਿੱਖਣ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਉਨ੍ਹਾਂ ਲਈ ਬਹੁਤ ਸੋਹਣਾ ਤੋਹਫ਼ਾ ਲੈ ਕੇ ਗਏ ਹਾਂ ਤੇ ਉਨ੍ਹਾਂ ਦੀਆਂ ਮਿੰਨਤਾਂ ਕਰ ਰਹੇ ਹਾਂ: ‘ਕਿਰਪਾ ਕਰ ਕੇ ਇਸ ਨੂੰ ਰੱਖ ਲਓ।’ ਸੋ ਜਦੋਂ ਉਹ ਸਾਡਾ ਤੋਹਫ਼ਾ ਨਹੀਂ ਲੈਂਦੇ, ਤਾਂ ਸਾਨੂੰ “ਦੁੱਖ” ਤਾਂ ਲੱਗਣਾ ਹੀ ਹੈ, ਜਿੱਦਾਂ ਪੌਲੁਸ ਨੂੰ ਲੱਗਾ ਸੀ। ਪਰ ਅਸੀਂ ਇਸ ਕਰਕੇ ਦੁਖੀ ਨਹੀਂ ਹੁੰਦੇ ਕਿਉਂਕਿ ਸਾਡੇ ਵਿਚ ਨਿਹਚਾ ਦੀ ਕਮੀ ਹੈ, ਸਗੋਂ ਅਸੀਂ ਇਸ ਕਰਕੇ ਦੁਖੀ ਹੁੰਦੇ ਹਾਂ ਕਿਉਂਕਿ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ। ਚਾਹੇ ਅਸੀਂ ਕਈ ਵਾਰ ਨਿਰਾਸ਼ ਹੋ ਜਾਂਦੇ ਹਾਂ, ਪਰ ਫਿਰ ਵੀ ਅਸੀਂ ਪ੍ਰਚਾਰ ਕਰਦੇ ਰਹਿੰਦੇ ਹਾਂ। ਐਲੇਨਾ 25 ਤੋਂ ਜ਼ਿਆਦਾ ਸਾਲਾਂ ਤੋਂ ਪਾਇਨੀਅਰਿੰਗ ਕਰ ਰਹੀ ਹੈ। ਸ਼ਾਇਦ ਅਸੀਂ ਵੀ ਐਲੇਨਾ ਨਾਲ ਸਹਿਮਤ ਹੋਵਾਂਗੇ: “ਚਾਹੇ ਮੈਨੂੰ ਪ੍ਰਚਾਰ ਦਾ ਕੰਮ ਕਰਨਾ ਔਖਾ ਲੱਗਦਾ, ਪਰ ਫਿਰ ਵੀ ਮੈਂ ਇਸ ਤੋਂ ਸਿਵਾਇ ਹੋਰ ਕੋਈ ਵੀ ਕੰਮ ਨਹੀਂ ਕਰਨਾ ਚਾਹਾਂਗੀ।”
ਫਲ ਦੇਣ ਦਾ ਕੀ ਮਤਲਬ ਹੈ?
6. ਅਸੀਂ ਕਿਹੜੇ ਸਵਾਲਾਂ ਦੇ ਜਵਾਬ ਲਵਾਂਗੇ?
6 ਅਸੀਂ ਇਹ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਅਸੀਂ ਚਾਹੇ ਜਿੱਥੇ ਵੀ ਪ੍ਰਚਾਰ ਕਰੀਏ, ਅਸੀਂ ਇਸ ਕੰਮ ਵਿਚ ਸਫ਼ਲ ਹੋ ਸਕਦੇ ਹਾਂ? ਇਸ ਜ਼ਰੂਰੀ ਸਵਾਲ ਦਾ ਜਵਾਬ ਲੈਣ ਲਈ ਆਓ ਆਪਾਂ ਯਿਸੂ ਦੀਆਂ ਦੋ ਮਿਸਾਲਾਂ ʼਤੇ ਚਰਚਾ ਕਰੀਏ। ਇਨ੍ਹਾਂ ਵਿਚ ਉਸ ਨੇ ‘ਫਲ ਦੇਣ’ ਦੀ ਲੋੜ ਬਾਰੇ ਦੱਸਿਆ। (ਮੱਤੀ 13:23) ਪਹਿਲੀ ਮਿਸਾਲ ਅੰਗੂਰੀ ਵੇਲ ਦੀ ਹੈ।
7. (ੳ) ਯਿਸੂ ਦੀ ਮਿਸਾਲ ਵਿਚ “ਮਾਲੀ,” “ਅੰਗੂਰੀ ਵੇਲ” ਅਤੇ “ਟਾਹਣੀਆਂ” ਕੌਣ ਹਨ? (ਅ) ਸਾਨੂੰ ਹਾਲੇ ਵੀ ਕਿਸ ਸਵਾਲ ਦਾ ਜਵਾਬ ਜਾਣਨ ਦੀ ਲੋੜ ਹੈ?
7 ਯੂਹੰਨਾ 15:1-5, 8 ਪੜ੍ਹੋ। ਇਸ ਮਿਸਾਲ ਵਿਚ ਯਿਸੂ ਨੇ ਸਮਝਾਇਆ ਕਿ “ਮਾਲੀ” ਯਹੋਵਾਹ ਹੈ। “ਅੰਗੂਰੀ ਵੇਲ” ਯਿਸੂ ਖ਼ੁਦ ਆਪ ਹੈ ਅਤੇ ਉਸ ਦੇ ਚੇਲੇ “ਟਾਹਣੀਆਂ” ਹਨ।b ਫਿਰ ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: “ਮੇਰੇ ਪਿਤਾ ਦੀ ਮਹਿਮਾ ਇਸ ਵਿਚ ਹੈ ਕਿ ਤੁਸੀਂ ਫਲ ਦਿੰਦੇ ਰਹੋ ਅਤੇ ਆਪਣੇ ਆਪ ਨੂੰ ਮੇਰੇ ਚੇਲੇ ਸਾਬਤ ਕਰੋ।” ਤਾਂ ਫਿਰ ਫਲ ਦੇਣ ਦਾ ਕੀ ਮਤਲਬ ਹੈ? ਇਸ ਮਿਸਾਲ ਵਿਚ ਯਿਸੂ ਨੇ ਕਿਸੇ ਖ਼ਾਸ ਫਲ ਦਾ ਜ਼ਿਕਰ ਨਹੀਂ ਕੀਤਾ, ਪਰ ਇਸ ਸਵਾਲ ਦਾ ਜਵਾਬ ਜਾਣਨ ਲਈ ਉਸ ਨੇ ਇਕ ਸੰਕੇਤ ਦਿੱਤਾ।
8. (ੳ) ਯਿਸੂ ਦੀ ਇਸ ਮਿਸਾਲ ਵਿਚ “ਫਲ ਦੇਣ” ਦਾ ਮਤਲਬ ਨਵੇਂ ਚੇਲੇ ਬਣਾਉਣਾ ਕਿਉਂ ਨਹੀਂ ਹੈ? (ਅ) ਯਹੋਵਾਹ ਦੇ ਹੁਕਮਾਂ ਬਾਰੇ ਕਿਹੜੀ ਗੱਲ ਸੱਚ ਹੈ?
8 ਯਿਸੂ ਨੇ ਆਪਣੇ ਪਿਤਾ ਬਾਰੇ ਕਿਹਾ: “ਜਿਹੜੀ ਟਾਹਣੀ ਫਲ ਨਹੀਂ ਦਿੰਦੀ, ਪਿਤਾ ਉਸ ਨੂੰ ਕੱਟ ਦਿੰਦਾ ਹੈ।” ਕਹਿਣ ਦਾ ਮਤਲਬ ਜੇ ਅਸੀਂ ਫਲ ਦਿੰਦੇ ਹਾਂ, ਤਾਂ ਹੀ ਯਹੋਵਾਹ ਸਾਨੂੰ ਆਪਣੇ ਸੇਵਕ ਸਮਝਦਾ ਹੈ। (ਮੱਤੀ 13:23; 21:43) ਸੋ ਇਸ ਮਿਸਾਲ ਵਿਚ ਫਲ ਦੇਣ ਦਾ ਮਤਲਬ ਨਵੇਂ ਚੇਲੇ ਬਣਾਉਣਾ ਨਹੀਂ ਹੈ। (ਮੱਤੀ 28:19) ਜੇ ਇਸ ਤਰ੍ਹਾਂ ਹੁੰਦਾ, ਤਾਂ ਉਹ ਸਾਰੇ ਵਫ਼ਾਦਾਰ ਗਵਾਹ ਜਿਹੜੇ ਕਿਸੇ ਨੂੰ ਯਿਸੂ ਦਾ ਚੇਲਾ ਨਹੀਂ ਬਣਾ ਸਕੇ ਉਹ ਸਾਰੇ ਫਲ ਨਾ ਦੇਣ ਵਾਲੀ ਟਹਿਣੀ ਵਰਗੇ ਹੋਣੇ ਸਨ। ਪਰ ਇਹ ਗੱਲ ਸੱਚ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਲੋਕਾਂ ʼਤੇ ਚੇਲਾ ਬਣਨ ਦਾ ਦਬਾਅ ਨਹੀਂ ਪਾ ਸਕਦੇ। ਨਾਲੇ ਯਹੋਵਾਹ ਵੀ ਪਿਆਰ ਕਰਨ ਵਾਲਾ ਹੈ। ਉਹ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਨਹੀਂ ਕਰ ਸਕਦੇ। ਪਰ ਉਹ ਸਾਨੂੰ ਉਹ ਕੰਮ ਕਰਨ ਨੂੰ ਕਹਿੰਦਾ ਹੈ ਜੋ ਸਾਡੇ ਹੱਥ-ਵੱਸ ਹੈ।—ਬਿਵ. 30:11-14.
9. (ੳ) ਅਸੀਂ ਫਲ ਕਿਵੇਂ ਦਿੰਦੇ ਹਾਂ? (ਅ) ਅਸੀਂ ਅੱਗੇ ਕਿਹੜੀ ਮਿਸਾਲ ʼਤੇ ਚਰਚਾ ਕਰਾਂਗੇ?
9 ਸੋ ਫਲ ਦੇਣ ਦਾ ਕੀ ਮਤਲਬ ਹੈ? ਇਹ ਉਹ ਕੰਮ ਹੈ ਜੋ ਅਸੀਂ ਸਾਰੇ ਕਰ ਸਕਦੇ ਹਾਂ। ਯਹੋਵਾਹ ਨੇ ਆਪਣੇ ਸਾਰੇ ਸੇਵਕਾਂ ਨੂੰ ਕਿਹੜਾ ਕੰਮ ਕਰਨ ਨੂੰ ਦਿੱਤਾ ਹੈ? ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ।c (ਮੱਤੀ 24:14) ਇਹ ਗੱਲ ਯਿਸੂ ਵੱਲੋਂ ਦੱਸੀ ਬੀ ਬੀਜਣ ਵਾਲੇ ਦੀ ਮਿਸਾਲ ਤੋਂ ਪਤਾ ਲੱਗਦੀ ਹੈ। ਆਓ ਆਪਾਂ ਹੁਣ ਇਸ ਮਿਸਾਲ ʼਤੇ ਚਰਚਾ ਕਰੀਏ।
10. (ੳ) ਯਿਸੂ ਦੀ ਮਿਸਾਲ ਵਿਚ ਬੀ ਅਤੇ ਜ਼ਮੀਨ ਕਿਸ ਨੂੰ ਦਰਸਾਉਂਦੇ ਹਨ? (ਅ) ਕਣਕ ਦਾ ਬੂਟਾ ਕੀ ਪੈਦਾ ਕਰਦਾ ਹੈ?
10 ਲੂਕਾ 8:5-8, 11-15 ਪੜ੍ਹੋ। ਬੀ ਬੀਜਣ ਵਾਲੇ ਦੀ ਮਿਸਾਲ ਵਿਚ ਯਿਸੂ ਨੇ ਸਮਝਾਇਆ ਕਿ ਬੀ “ਪਰਮੇਸ਼ੁਰ ਦਾ ਬਚਨ” ਯਾਨੀ ਰਾਜ ਦੀ ਖ਼ੁਸ਼ ਖ਼ਬਰੀ ਹੈ। ਮਿੱਟੀ ਇਨਸਾਨ ਦਾ ਦਿਲ ਹੈ। ਚੰਗੀ ਜ਼ਮੀਨ ਵਿਚ ਡਿੱਗਣ ਵਾਲੇ ਬੀ ਨੇ ਜੜ੍ਹ ਫੜੀ, ਪੁੰਗਰਿਆਂ ਅਤੇ ਪੌਦਾ ਬਣ ਗਿਆ। ਪੌਦੇ ਨੇ ਵੱਧ ਕੇ “ਸੌ ਗੁਣਾ ਫਲ ਦਿੱਤਾ।” ਜੇ ਪੌਦਾ ਕਣਕ ਦਾ ਹੈ, ਤਾਂ ਉਹ ਕਿਹੜਾ ਫਲ ਪੈਦਾ ਕਰੇਗਾ? ਕੀ ਉਹ ਛੋਟੇ-ਛੋਟੇ ਕਣਕ ਦੇ ਬੂਟੇ ਪੈਦਾ ਕਰੇਗਾ? ਨਹੀਂ, ਉਹ ਬੀ ਪੈਦਾ ਕਰੇਗਾ। ਉਹ ਬੀ ਅਗਾਂਹ ਜਾ ਕੇ ਪੌਦੇ ਬਣਨਗੇ। ਇਸ ਮਿਸਾਲ ਵਿਚ ਇਕ ਬੀ ਨੇ ਸੋ ਬੀ ਪੈਦਾ ਕੀਤੇ। ਇਸ ਤੋਂ ਅਸੀਂ ਪ੍ਰਚਾਰ ਦੇ ਕੰਮ ਬਾਰੇ ਕੀ ਸਿੱਖਦੇ ਹਾਂ?
11. (ੳ) ਬੀ ਬੀਜਣ ਵਾਲੇ ਦੀ ਮਿਸਾਲ ਤੋਂ ਅਸੀਂ ਪ੍ਰਚਾਰ ਦੇ ਕੰਮ ਬਾਰੇ ਕੀ ਸਿੱਖਦੇ ਹਾਂ? (ਅ) ਅਸੀਂ ਰਾਜ ਦੇ ਨਵੇਂ ਬੀ ਕਿਵੇਂ ਪੈਦਾ ਕਰਦੇ ਹਨ?
11 ਜਦੋਂ ਸਾਡੇ ਮਸੀਹੀ ਮਾਪਿਆਂ ਜਾਂ ਹੋਰ ਗਵਾਹਾਂ ਨੇ ਸਾਨੂੰ ਪਹਿਲੀ ਵਾਰ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ, ਤਾਂ ਮਾਨੋ ਉਨ੍ਹਾਂ ਨੇ ਚੰਗੀ ਜ਼ਮੀਨ ਵਿਚ ਬੀ ਬੀਜਿਆ ਸੀ। ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਸੱਚਾਈ ਦਾ ਬੀ ਸਾਡੇ ਦਿਲ ਵਿਚ ਬੀਜਿਆ ਗਿਆ। ਉਹ ਬੀ ਵਧਦਾ ਗਿਆ ਅਤੇ ਸਮੇਂ ਦੇ ਬੀਤਣ ਨਾਲ ਉਸ ਨੇ ਫਲ ਪੈਦਾ ਕੀਤਾ। ਨਾਲੇ ਅਸੀਂ ਪਹਿਲਾਂ ਵੀ ਦੇਖਿਆ ਸੀ ਕਿ ਕਣਕ ਦਾ ਪੌਦਾ ਨਵੇਂ ਪੌਦੇ ਪੈਦਾ ਨਹੀਂ ਕਰਦਾ, ਸਗੋਂ ਉਹ ਫਲ ਵਜੋਂ ਬੀ ਪੈਦਾ ਕਰਦਾ ਹੈ। ਉਸੇ ਤਰ੍ਹਾਂ ਸਾਡਾ ਫਲ ਨਵੇਂ ਚੇਲੇ ਨਹੀਂ, ਸਗੋਂ ਸਾਡਾ ਫਲ ਨਵੇਂ ਰਾਜ ਦੇ ਬੀ ਹਨ।d ਅਸੀਂ ਇਹ ਕਿਵੇਂ ਕਰਦੇ ਹਾਂ? ਜਦੋਂ ਵੀ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦੇ ਹਾਂ, ਤਾਂ ਅਸੀਂ ਉਸ ਪੌਦੇ ਦੇ ਬੀ ਖਿਲਾਰ ਰਹੇ ਹੁੰਦੇ ਹਾਂ ਜਿਸ ਦਾ ਬੀ ਸਾਡੇ ਦਿਲ ਵਿਚ ਬੀਜਿਆ ਗਿਆ ਸੀ। (ਲੂਕਾ 6:45; 8:1) ਇਸ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦੇ ਰਹਾਂਗੇ, ਤਾਂ ਅਸੀਂ “ਧੀਰਜ ਰੱਖਦੇ ਹੋਏ ਫਲ ਦਿੰਦੇ” ਰਹਾਂਗੇ।
12. (ੳ) ਅਸੀਂ ਯਿਸੂ ਦੀ ਅੰਗੂਰੀ ਵੇਲ ਅਤੇ ਬੀ ਬੀਜਣ ਵਾਲੇ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (ਅ) ਇਹ ਸਬਕ ਸਿੱਖ ਕੇ ਤੁਹਾਨੂੰ ਕਿਵੇਂ ਲੱਗਦਾ ਹੈ?
12 ਅਸੀਂ ਯਿਸੂ ਦੀ ਅੰਗੂਰੀ ਵੇਲ ਅਤੇ ਬੀ ਬੀਜਣ ਵਾਲੇ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਅਸੀਂ ਸਿੱਖਿਆ ਕਿ “ਫਲ ਦੇਣ” ਦਾ ਮਤਲਬ ਇਹ ਨਹੀਂ ਕਿ ਲੋਕ ਸਾਡੀ ਗੱਲ ਸੁਣਦੇ ਹਨ ਜਾਂ ਨਹੀਂ। ਫਲ ਦੇਣ ਦਾ ਮਤਲਬ ਹੈ ਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੀਏ। ਪੌਲੁਸ ਨੇ ਵੀ ਕੁਝ ਅਜਿਹਾ ਕਿਹਾ, ਜਦੋਂ ਉਸ ਨੇ ਸਮਝਾਇਆ: “ਹਰ ਇਕ ਨੂੰ ਆਪੋ ਆਪਣੀ ਮਿਹਨਤ ਦਾ ਫਲ ਮਿਲੇਗਾ।” (1 ਕੁਰਿੰ. 3:8) ਯਹੋਵਾਹ ਸਾਡੇ ਕੰਮਾਂ ਬਦਲੇ ਸਾਨੂੰ ਬਰਕਤ ਦੇਵੇਗਾ, ਨਾ ਕੀ ਸਾਡੇ ਕੰਮ ਦੇ ਨਤੀਜਿਆਂ ਬਦਲੇ। 20 ਸਾਲਾਂ ਤੋਂ ਪਾਇਨੀਅਰਿੰਗ ਕਰਨ ਵਾਲੀ ਭੈਣ ਮਾਟੀਲਡਾ ਦੱਸਦੀ ਹੈ, “ਮੈਨੂੰ ਇਹ ਜਾਣ ਕੇ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਸਾਡੇ ਜਤਨਾਂ ʼਤੇ ਬਰਕਤ ਦਿੰਦਾ ਹੈ।”
ਫਲ ਦਿੰਦੇ ਰਹਿਣ ਲਈ ਅਸੀਂ ਧੀਰਜ ਕਿਵੇਂ ਰੱਖ ਸਕਦੇ ਹਾਂ?
13, 14. ਰੋਮੀਆਂ 10:1, 2 ਵਿਚ ਦੱਸੇ ਕਿਹੜੇ ਕਾਰਨਾਂ ਕਰਕੇ ਪੌਲੁਸ ਪ੍ਰਚਾਰ ਕਰਦਾ ਰਿਹਾ?
13 “ਧੀਰਜ ਰੱਖਦੇ ਹੋਏ ਫਲ” ਦੇਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਆਓ ਆਪਾਂ ਪੌਲੁਸ ਦੀ ਮਿਸਾਲ ʼਤੇ ਹੋਰ ਧਿਆਨ ਨਾਲ ਗੌਰ ਕਰੀਏ। ਅਸੀਂ ਜਾਣਦੇ ਹਾਂ ਕਿ ਪੌਲੁਸ ਵੀ ਨਿਰਾਸ਼ ਹੋ ਗਿਆ ਸੀ ਜਦੋਂ ਯਹੂਦੀਆਂ ਨੇ ਰਾਜ ਦਾ ਸੰਦੇਸ਼ ਠੁਕਰਾ ਦਿੱਤਾ ਸੀ। ਪਰ ਫਿਰ ਵੀ ਪੌਲੁਸ ਪ੍ਰਚਾਰ ਕਰਦਾ ਰਿਹਾ। ਉਹ ਯਹੂਦੀਆਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ? ਇਸ ਬਾਰੇ ਉਸ ਨੇ ਦੱਸਿਆ: “ਮੇਰੀ ਇਹੀ ਦਿਲੀ ਇੱਛਾ ਹੈ ਅਤੇ ਮੈਂ ਇਜ਼ਰਾਈਲੀਆਂ ਲਈ ਪਰਮੇਸ਼ੁਰ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਉਹ ਬਚਾਏ ਜਾਣ। ਅਤੇ ਮੈਂ ਉਨ੍ਹਾਂ ਬਾਰੇ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ ਹੈ।” (ਰੋਮੀ. 10:1, 2) ਸੋ ਪੌਲੁਸ ਪ੍ਰਚਾਰ ਕਿਉਂ ਕਰਦਾ ਰਿਹਾ?
14 ਪਹਿਲਾ, ਪੌਲੁਸ ਨੇ ਕਿਹਾ ਕਿ ਉਹ ਯਹੂਦੀਆਂ ਨੂੰ ਇਸ ਲਈ ਪ੍ਰਚਾਰ ਕਰਦਾ ਸੀ ਕਿਉਂਕਿ ਇਹ ‘ਉਸ ਦੀ ਇਹੀ ਦਿਲੀ ਇੱਛਾ’ ਸੀ। ਉਹ ਦਿਲੋਂ ਚਾਹੁੰਦਾ ਸੀ ਕਿ ਉਹ ਬਚਾਏ ਜਾਣ। (ਰੋਮੀ. 11:13, 14) ਦੂਜਾ, ਉਹ ਉਨ੍ਹਾਂ ਲਈ “ਪਰਮੇਸ਼ੁਰ ਨੂੰ ਇਹੀ ਬੇਨਤੀ ਕਰਦਾ” ਸੀ। ਪੌਲੁਸ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਸੰਦੇਸ਼ ਸਵੀਕਾਰ ਕਰਨ ਵਿਚ ਉਹ ਯਹੂਦੀ ਲੋਕਾਂ ਦੀ ਮਦਦ ਕਰੇ। ਤੀਜਾ, ਪੌਲੁਸ ਨੇ ਕਿਹਾ: ‘ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ’ ਸਨ। ਪੌਲੁਸ ਨੇ ਲੋਕਾਂ ਵਿਚ ਚੰਗੇ ਗੁਣ ਦੇਖੇ ਅਤੇ ਪਰਮੇਸ਼ੁਰ ਦੀ ਭਗਤੀ ਲਈ ਉਨ੍ਹਾਂ ਦਾ ਜੋਸ਼ ਦੇਖਿਆ। ਉਹ ਜਾਣਦਾ ਸੀ ਕਿ ਉਸ ਵਾਂਗ ਜੋਸ਼ੀਲੇ ਯਹੂਦੀ, ਮਸੀਹ ਦੇ ਜੋਸ਼ੀਲੇ ਚੇਲੇ ਬਣ ਸਕਦੇ ਹਨ।
15. ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਮਿਸਾਲ ਦਿਓ।
15 ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਪਹਿਲਾ, ਅਸੀਂ ਦਿਲੋਂ ਉਨ੍ਹਾਂ ਲੋਕਾਂ ਦੀ ਭਾਲ ਕਰਨੀ ਚਾਹੁੰਦੇ ਹਾਂ “ਜੋ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ। ਦੂਜਾ, ਅਸੀਂ ਯਹੋਵਾਹ ਅੱਗੇ ਬੇਨਤੀ ਕਰਦੇ ਹਾਂ ਕਿ ਪ੍ਰਚਾਰ ਵਿਚ ਸਾਡਾ ਸੰਦੇਸ਼ ਸੁਣਨ ਲਈ ਉਹ ਲੋਕਾਂ ਦੇ ਦਿਲ ਖੋਲ੍ਹੇ। (ਰਸੂ. 13:48; 16:14) ਲਗਭਗ 30 ਸਾਲਾਂ ਤੋਂ ਪਾਇਨੀਅਰਿੰਗ ਕਰਨ ਵਾਲੀ ਭੈਣ ਸਿਲਵੀਆਨਾ ਨੇ ਇਸੇ ਤਰ੍ਹਾਂ ਕੀਤਾ। ਉਹ ਕਹਿੰਦੀ ਹੈ: “ਆਪਣੇ ਇਲਾਕੇ ਵਿਚ ਕਿਸੇ ਦੇ ਘਰ ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਸਹੀ ਨਜ਼ਰੀਆ ਬਣਾਈ ਰੱਖ ਸਕਾਂ।” ਅਸੀਂ ਇਹ ਵੀ ਪ੍ਰਾਰਥਨਾ ਕਰਦੇ ਹਾਂ ਕਿ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਦੂਤ ਸਾਡੀ ਮਦਦ ਕਰਨ। (ਮੱਤੀ 10:11-13; ਪ੍ਰਕਾ. 14:6) 30 ਤੋਂ ਜ਼ਿਆਦਾ ਸਾਲਾਂ ਤੋਂ ਪਾਇਨੀਅਰਿੰਗ ਕਰਨ ਵਾਲਾ ਭਰਾ ਰੌਬਰਟ ਦੱਸਦਾ ਹੈ: “ਦੂਤਾਂ ਨਾਲ ਮਿਲ ਕੇ ਕੰਮ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਦੂਤ ਜਾਣਦੇ ਹਨ ਕਿ ਘਰ-ਮਾਲਕ ਦੇ ਘਰ ਅੰਦਰ ਕੀ ਚੱਲ ਰਿਹਾ ਹੈ।” ਤੀਜਾ, ਅਸੀਂ ਲੋਕਾਂ ਵਿਚ ਚੰਗੇ ਗੁਣ ਦੇਖਦੇ ਹਾਂ ਅਤੇ ਉਮੀਦ ਰੱਖਦੇ ਹਾਂ ਕਿ ਇਹ ਵੀ ਯਹੋਵਾਹ ਦੀ ਭਗਤੀ ਕਰਨਗੇ। ਮੰਡਲੀ ਦੇ ਬਜ਼ੁਰਗ ਭਰਾ ਕਾਰਲ ਨੂੰ ਬਪਤਿਸਮਾ ਲਏ ਨੂੰ 50 ਤੋਂ ਵੀ ਜ਼ਿਆਦਾ ਸਾਲ ਹੋ ਗਏ ਹਨ ਅਤੇ ਉਹ ਕਹਿੰਦਾ ਹੈ: “ਨੇਕਦਿਲ ਇਨਸਾਨ ਬਾਰੇ ਜਾਣਨ ਲਈ ਮੈਂ ਉਨ੍ਹਾਂ ਵਿਚ ਛੋਟੀਆਂ-ਛੋਟੀਆਂ ਗੱਲਾਂ ਦੇਖਦਾ ਹੈ, ਜਿਵੇਂ ਕਿ ਉਨ੍ਹਾਂ ਦੀ ਮੁਸਕਰਾਹਟ, ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਜਾਂ ਦਿਲੋਂ ਪੁੱਛੇ ਉਨ੍ਹਾਂ ਦੇ ਸਵਾਲ।” ਇਹ ਸਭ ਕੁਝ ਕਰ ਕੇ ਅਸੀਂ ਪੌਲੁਸ ਵਾਂਗ “ਧੀਰਜ ਰੱਖਦੇ ਹੋਏ ਫਲ ਦਿੰਦੇ” ਰਹਿ ਸਕਦੇ ਹਾਂ।
“ਆਪਣਾ ਹੱਥ ਢਿੱਲਾ ਨਾ ਹੋਣ ਦੇਹ”
16, 17. (ੳ) ਉਪਦੇਸ਼ਕ ਦੀ ਪੋਥੀ 11:6 ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? (ਅ) ਸਾਨੂੰ ਦੇਖਣ ਵਾਲੇ ਲੋਕਾਂ ʼਤੇ ਪ੍ਰਚਾਰ ਦੇ ਕੰਮ ਦਾ ਕੀ ਅਸਰ ਪੈਂਦਾ ਹੈ?
16 ਚਾਹੇ ਸਾਨੂੰ ਲੱਗੇ ਕਿ ਕੋਈ ਸਾਡੀ ਗੱਲ ਨਹੀਂ ਸੁਣਦਾ, ਪਰ ਇਹ ਕਦੇ ਨਾ ਭੁੱਲਿਓ ਕਿ ਸਾਡਾ ਪ੍ਰਚਾਰ ਦਾ ਕੰਮ ਲੋਕਾਂ ʼਤੇ ਕਿੰਨਾ ਅਸਰ ਪਾਉਂਦਾ ਹੈ। (ਉਪਦੇਸ਼ਕ ਦੀ ਪੋਥੀ 11:6 ਪੜ੍ਹੋ।) ਭਾਵੇਂ ਲੋਕ ਸਾਡੀ ਗੱਲ ਨਾ ਵੀ ਸੁਣਨ, ਪਰ ਉਹ ਦੇਖਦੇ ਹਨ ਕਿ ਅਸੀਂ ਸਾਫ਼-ਸੁਥਰੇ ਕੱਪੜੇ ਪਾਉਂਦੇ ਅਤੇ ਅਦਬ ਤੇ ਦੋਸਤਾਨਾ ਤਰੀਕੇ ਨਾਲ ਗੱਲ ਕਰਦੇ ਹਾਂ। ਇਹ ਗੱਲਾਂ ਸ਼ਾਇਦ ਉਨ੍ਹਾਂ ʼਤੇ ਚੰਗਾ ਅਸਰ ਪਾਉਣ। ਸਾਡੇ ਬਾਰੇ ਗ਼ਲਤ ਸੋਚਣ ਵਾਲੇ ਵੀ ਸ਼ਾਇਦ ਇਕ ਸਮੇਂ ʼਤੇ ਸਾਡੇ ਬਾਰੇ ਸਹੀ ਸੋਚਣ ਲੱਗ ਪੈਣ। ਸਰਜੀਓ ਅਤੇ ਓਲੀਡਾ ਨੇ ਇਹ ਗੱਲ ਸੱਚ ਸਾਬਤ ਹੁੰਦੇ ਦੇਖੀ।
17 ਸਰਜੀਓ ਕਹਿੰਦਾ ਹੈ: “ਸਿਹਤ ਖ਼ਰਾਬ ਹੋਣ ਕਰਕੇ ਅਸੀਂ ਥੋੜ੍ਹੇ ਸਮੇਂ ਲਈ ਚੌਂਕ ਵਿਚ ਨਹੀਂ ਜਾ ਸਕੇ। ਜਦੋਂ ਅਸੀਂ ਵਾਪਸ ਗਏ, ਤਾਂ ਰਾਹੀ ਸਾਨੂੰ ਪੁੱਛਣ ਲੱਗੇ, ‘ਕੀ ਹੋਇਆ? ਅਸੀਂ ਤੁਹਾਨੂੰ ਯਾਦ ਕਰਦੇ ਸੀ।’” ਓਲੀਡਾ ਮੁਸਕਰਾਉਂਦੀ ਹੋਈ ਦੱਸਦੀ ਹੈ: “ਬੱਸ ਡਰਾਈਵਰ ਸਾਨੂੰ ਦੇਖ ਕੇ ਹੱਥ ਹਿਲਾਉਂਦੇ ਹਨ ਅਤੇ ਕੁਝ ਡਰਾਈਵਰ ਬੱਸ ਵਿੱਚੋਂ ਉੱਚੀ ਦੇਣੀ ਕਹਿੰਦੇ ਹਨ: ‘ਬਹੁਤ ਵਧੀਆ ਕੰਮ ਕਰਦੇ ਪਏ!’ ਉਹ ਸਾਡੇ ਕੋਲੋਂ ਰਸਾਲੇ ਵੀ ਲੈਂਦੇ ਹਨ।” ਇਕ ਦਿਨ ਸਰਜੀਓ ਅਤੇ ਓਲੀਡਾ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਪ੍ਰਚਾਰ ਕਰ ਰਹੇ ਸਨ। ਉਹ ਦੋਨੋਂ ਹੈਰਾਨ ਰਹਿ ਗਏ ਜਦੋਂ ਇਕ ਆਦਮੀ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ ਅਤੇ ਉਨ੍ਹਾਂ ਦੇ ਕੰਮ ਲਈ ਸ਼ੁਕਰੀਆ ਅਦਾ ਕੀਤਾ।
18. ਤੁਸੀਂ “ਧੀਰਜ ਰੱਖਦੇ ਹੋਏ ਫਲ” ਦੇਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ?
18 “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ” ਦੇ ਅਹਿਮ ਕੰਮ ਵਿਚ ਹਿੱਸਾ ਲੈਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ “ਆਪਣਾ ਹੱਥ ਢਿੱਲਾ” ਨਾ ਪੈਣ ਦੇਈਏ। (ਮੱਤੀ 24:14) ਪਰ ਸਭ ਤੋਂ ਜ਼ਿਆਦਾ ਖ਼ੁਸ਼ੀ ਸਾਨੂੰ ਇਸ ਗੱਲ ਤੋਂ ਮਿਲਦੀ ਹੈ ਕਿ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ। “ਧੀਰਜ ਰੱਖਦੇ ਹੋਏ ਫਲ” ਦੇਣ ਵਾਲਿਆਂ ਨੂੰ ਉਹ ਪਿਆਰ ਕਰਦਾ ਹੈ।
a ਇੱਥੋਂ ਤਕ ਕਿ ਯਿਸੂ ਨੇ ਵੀ ਕਿਹਾ ਉਸ ਲਈ “ਆਪਣੇ ਇਲਾਕੇ” ਵਿਚ ਪ੍ਰਚਾਰ ਕਰਨਾ ਔਖਾ ਸੀ। ਚਾਰੇ ਇੰਜੀਲਾਂ ਦੇ ਲਿਖਾਰੀਆਂ ਨੇ ਇਹੀ ਗੱਲ ਲਿਖੀ।—ਮੱਤੀ 13:57; ਮਰ. 6:4; ਲੂਕਾ 4:24; ਯੂਹੰ. 4:44.
b ਇਸ ਮਿਸਾਲ ਵਿਚ ਦੱਸੀਆਂ ਟਾਹਣੀਆਂ ਸਵਰਗੀ ਜਾਣ ਵਾਲੇ ਚੁਣੇ ਹੋਏ ਮਸੀਹੀ ਹਨ। ਪਰ ਮਿਸਾਲ ਵਿਚ ਦਿੱਤੇ ਸਬਕ ਪਰਮੇਸ਼ੁਰ ਦੇ ਸਾਰੇ ਸੇਵਕਾਂ ʼਤੇ ਲਾਗੂ ਹੁੰਦੇ ਹਨ।
c “ਫਲ ਦੇਣ” ਦਾ ਮਤਲਬ ਪਵਿੱਤਰ ਸ਼ਕਤੀ ਦੇ “ਗੁਣ” ਪੈਦਾ ਕਰਨਾ ਵੀ ਹੈ। ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ “ਬੁੱਲ੍ਹਾਂ ਦਾ ਫਲ” ਪੈਦਾ ਕਰਨ ਯਾਨੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ʼਤੇ ਗੌਰ ਕਰਾਂਗੇ।—ਗਲਾ. 5:22, 23; ਇਬ. 13:15.
d ਹੋਰ ਮੌਕਿਆਂ ʼਤੇ ਯਿਸੂ ਨੇ ਚੇਲੇ ਬਣਾਉਣ ਦੇ ਕੰਮ ਬਾਰੇ ਸਮਝਾਉਣ ਲਈ ਬੀ ਬੀਜਣ ਅਤੇ ਵਾਢੀ ਕਰਨ ਦੀਆਂ ਮਿਸਾਲਾਂ ਦਿੱਤੀਆਂ ਸਨ।—ਮੱਤੀ 9:37; ਯੂਹੰ. 4:35-38.