ਕੀ ਪ੍ਰੇਤਵਾਦ ਸੱਚ-ਮੁੱਚ ਸਾਡੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰ ਸਕਦਾ ਹੈ?
ਸਾਰੇ ਇਨਸਾਨਾਂ ਦੀਆਂ ਅਧਿਆਤਮਿਕ ਤੇ ਭੌਤਿਕ ਲੋੜਾਂ ਹੁੰਦੀਆਂ ਹਨ। ਇਸ ਕਰਕੇ ਲੋਕ ਅਜਿਹੇ ਸਵਾਲ ਪੁੱਛਦੇ ਹਨ ਜਿਵੇਂ ਕਿ, ਜ਼ਿੰਦਗੀ ਦਾ ਮਕਸਦ ਕੀ ਹੈ, ਲੋਕ ਦੁੱਖ ਕਿਉਂ ਭੋਗਦੇ ਹਨ ਅਤੇ ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ? ਬਹੁਤ ਸਾਰੇ ਸੁਹਿਰਦ ਲੋਕ ਅਜਿਹੇ ਸਵਾਲਾਂ ਦੇ ਜਵਾਬ ਲਈ ਚੇਲੇ-ਚਾਂਟਿਆਂ ਕੋਲ ਜਾਂਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਮਰੇ ਹੋਏ ਲੋਕਾਂ ਦੀਆਂ ਰੂਹਾਂ ਨਾਲ ਗੱਲਾਂ ਕਰਨ ਦੀ ਆਸ ਰੱਖਦੇ ਹਨ। ਇਸ ਨੂੰ ਪ੍ਰੇਤਵਾਦ ਕਿਹਾ ਜਾਂਦਾ ਹੈ।
ਬਹੁਤ ਸਾਰੇ ਦੇਸ਼ਾਂ ਵਿਚ ਲੋਕ ਪ੍ਰੇਤਵਾਦ ਨੂੰ ਮੰਨਦੇ ਹਨ ਅਤੇ ਉਹ ਸਮੂਹਾਂ ਅਤੇ ਚਰਚਾਂ ਵਿਚ ਇਕੱਠੇ ਹੁੰਦੇ ਹਨ। ਉਦਾਹਰਣ ਲਈ ਬ੍ਰਾਜ਼ੀਲ ਵਿਚ ਤਕਰੀਬਨ 40,00,000 ਪ੍ਰੇਤਵਾਦੀ ਲੋਕ ਹਨ ਜਿਹੜੇ 19ਵੀਂ ਸਦੀ ਦੇ ਈਪੋਲੀਟ ਲੇਓਨ ਡੈਨਿਜ਼ੌਰ ਰੀਵੇ ਨਾਮਕ ਇਕ ਫਰਾਂਸੀਸੀ ਸਿੱਖਿਅਕ ਅਤੇ ਫ਼ਿਲਾਸਫ਼ਰ ਦੁਆਰਾ ਕ੍ਰਮਬੱਧ ਕੀਤੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ। ਈਪੋਲੀਟ ਨੇ ਐਲਨ ਕਾਰਡਕ ਨਾਮ ਹੇਠ ਆਪਣੀਆਂ ਕਿਤਾਬਾਂ ਲਿਖੀਆਂ। ਕਾਰਡਕ ਨੇ ਸਾਲ 1854 ਵਿਚ ਪ੍ਰੇਤਵਾਦ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਬਾਅਦ ਵਿਚ ਉਸ ਨੇ ਬਹੁਤ ਸਾਰੀਆਂ ਥਾਵਾਂ ਤੇ ਚੇਲਿਆਂ-ਚਾਂਟਿਆਂ ਨੂੰ ਸਵਾਲ ਪੁੱਛੇ ਅਤੇ ਉਨ੍ਹਾਂ ਦੇ ਜਵਾਬ ਰੂਹਾਂ ਦੀ ਕਿਤਾਬ (ਅੰਗ੍ਰੇਜ਼ੀ) ਵਿਚ ਲਿਖ ਲਏ। ਇਹ ਕਿਤਾਬ 1857 ਵਿਚ ਛਪੀ ਸੀ। ਉਸ ਨੇ ਦੋ ਹੋਰ ਕਿਤਾਬਾਂ ਵੀ ਲਿਖੀਆਂ ਸਨ ਜਿਨ੍ਹਾਂ ਦੇ ਨਾਂ ਸਨ ਚੇਲੇ-ਚਾਂਟਿਆਂ ਦੀ ਕਿਤਾਬ (ਅੰਗ੍ਰੇਜ਼ੀ) ਅਤੇ ਪ੍ਰੇਤਵਾਦ ਮੁਤਾਬਕ ਇੰਜੀਲ (ਅੰਗ੍ਰੇਜ਼ੀ)।
ਪ੍ਰੇਤਵਾਦ ਵਿਚ ਤੰਤਰ-ਮੰਤਰ, ਜਾਦੂ-ਟੂਣਾ ਜਾਂ ਸ਼ਤਾਨ ਦੀ ਭਗਤੀ ਵਰਗੇ ਕੰਮ ਵੀ ਸ਼ਾਮਲ ਹਨ। ਪਰ ਐਲਨ ਕਾਰਡਕ ਦੀਆਂ ਸਿੱਖਿਆਵਾਂ ਉੱਤੇ ਚੱਲਣ ਵਾਲੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਬਿਲਕੁਲ ਵੱਖਰੀਆਂ ਹਨ। ਉਨ੍ਹਾਂ ਦੇ ਸਾਹਿੱਤ ਵਿਚ ਅਕਸਰ ਬਾਈਬਲ ਦੇ ਹਵਾਲੇ ਦਿੱਤੇ ਜਾਂਦੇ ਹਨ ਅਤੇ ਉਹ ਯਿਸੂ ਨੂੰ “ਸਾਰੀ ਇਨਸਾਨਜਾਤੀ ਦਾ ਆਗੂ ਅਤੇ ਮਿਸਾਲ” ਮੰਨਦੇ ਹਨ। ਉਹ ਕਹਿੰਦੇ ਹਨ ਕਿ ਯਿਸੂ ਦੀਆਂ ਸਿੱਖਿਆਵਾਂ “ਪਰਮੇਸ਼ੁਰੀ ਨਿਯਮਾਂ ਦਾ ਸਭ ਤੋਂ ਸ਼ੁੱਧ ਰੂਪ ਹੈ।” ਐਲਨ ਕਾਰਡਕ ਨੇ ਕਿਹਾ ਕਿ ਪ੍ਰੇਤਵਾਦੀ ਕਿਤਾਬਾਂ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਨਿਯਮਾਂ ਬਾਰੇ ਸਿਖਾਉਣ ਦਾ ਤੀਸਰਾ ਜ਼ਰੀਆ ਹਨ, ਪਹਿਲੇ ਦੋ ਜ਼ਰੀਏ ਹਨ ਮੂਸਾ ਦੀਆਂ ਸਿੱਖਿਆਵਾਂ ਅਤੇ ਯਿਸੂ ਦੀਆਂ ਸਿੱਖਿਆਵਾਂ।
ਪ੍ਰੇਤਵਾਦ ਲੋਕਾਂ ਨੂੰ ਚੰਗਾ ਲੱਗਦਾ ਹੈ ਕਿਉਂਕਿ ਇਹ ਗੁਆਂਢੀ ਨੂੰ ਪਿਆਰ ਕਰਨ ਅਤੇ ਦਾਨ-ਪੁੰਨ ਵਰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਇਕ ਪ੍ਰੇਤਵਾਦੀ ਵਿਸ਼ਵਾਸ ਹੈ: “ਦਾਨ-ਪੁੰਨ ਕੀਤੇ ਬਿਨਾਂ ਮੁਕਤੀ ਨਹੀਂ ਮਿਲ ਸਕਦੀ।” ਪ੍ਰੇਤਵਾਦ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਸਮਾਜ ਸੁਧਾਰ ਕੰਮਾਂ ਵਿਚ ਲੱਗੇ ਹੋਏ ਹਨ ਤੇ ਹਸਪਤਾਲ, ਸਕੂਲ ਤੇ ਦੂਸਰੀਆਂ ਸੰਸਥਾਵਾਂ ਖੋਲ੍ਹ ਰਹੇ ਹਨ। ਅਜਿਹੇ ਕੰਮ ਸ਼ਲਾਘਾਯੋਗ ਹਨ। ਪਰ ਪ੍ਰੇਤਵਾਦੀ ਲੋਕਾਂ ਦੀਆਂ ਸਿੱਖਿਆਵਾਂ ਬਾਈਬਲ ਵਿਚ ਦਰਜ ਕੀਤੀਆਂ ਯਿਸੂ ਦੀਆਂ ਸਿੱਖਿਆਵਾਂ ਨਾਲ ਕਿਸ ਹੱਦ ਤਕ ਮਿਲਦੀਆਂ-ਜੁਲਦੀਆਂ ਹਨ? ਆਓ ਆਪਾਂ ਦੋ ਉਦਾਹਰਣਾਂ ਉੱਤੇ ਗੌਰ ਕਰੀਏ: ਮਰੇ ਹੋਇਆਂ ਲਈ ਆਸ਼ਾ ਅਤੇ ਦੁੱਖਾਂ ਦਾ ਕਾਰਨ।
ਮਰੇ ਹੋਇਆਂ ਲਈ ਕੀ ਆਸ ਹੈ?
ਬਹੁਤ ਸਾਰੇ ਪ੍ਰੇਤਵਾਦੀ ਲੋਕ ਪੁਨਰ-ਜਨਮ ਵਿਚ ਵਿਸ਼ਵਾਸ ਰੱਖਦੇ ਹਨ। ਇਕ ਪ੍ਰੇਤਵਾਦੀ ਕਿਤਾਬ ਕਹਿੰਦੀ ਹੈ: “ਸਾਡੇ ਵਿਚਾਰ ਅਨੁਸਾਰ ਪੁਨਰ-ਜਨਮ ਹੀ ਪਰਮੇਸ਼ੁਰੀ ਨਿਆਂ ਹੈ; ਸਿਰਫ਼ ਇਹੀ ਸਿੱਖਿਆ ਭਵਿੱਖ ਬਾਰੇ ਸਾਨੂੰ ਦੱਸਦੀ ਹੈ ਤੇ ਸਾਡੀਆਂ ਆਸਾਂ ਨੂੰ ਮਜ਼ਬੂਤ ਕਰਦੀ ਹੈ।” ਪ੍ਰੇਤਵਾਦੀ ਲੋਕ ਸਮਝਾਉਂਦੇ ਹਨ ਕਿ ਮਰਨ ਤੇ ਇਨਸਾਨ ਦੀ ਰੂਹ ਸਰੀਰ ਰੂਪੀ ਪਿੰਜਰੇ ਨੂੰ ਛੱਡ ਕੇ ਆਜ਼ਾਦ ਹੋ ਜਾਂਦੀ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਬਾਅਦ ਵਿਚ ਇਹ ਰੂਹਾਂ ਪਿਛਲੇ ਜਨਮ ਵਿਚ ਕੀਤੇ ਪਾਪਾਂ ਤੋਂ ਮੁਕਤ ਹੋਣ ਲਈ ਫਿਰ ਇਨਸਾਨੀ ਜਾਮੇ ਵਿਚ ਜਨਮ ਲੈਂਦੀਆਂ ਹਨ। ਪਰ ਦੁਬਾਰਾ ਜਨਮ ਲੈਣ ਤੇ ਇਨਸਾਨ ਨੂੰ ਇਹ ਪਾਪ ਯਾਦ ਨਹੀਂ ਆਉਂਦੇ। “ਪਰਮੇਸ਼ੁਰ ਨੇ ਪਿਛਲੇ ਜਨਮ ਦੇ ਪਾਪਾਂ ਉੱਤੇ ਪਰਦਾ ਪਾਉਣਾ ਹੀ ਮੁਨਾਸਬ ਸਮਝਿਆ,” ਪ੍ਰੇਤਵਾਦ ਮੁਤਾਬਕ ਇੰਜੀਲ ਕਹਿੰਦੀ ਹੈ।
ਐਲਨ ਕਾਰਡਕ ਨੇ ਲਿਖਿਆ: “ਪੁਨਰ-ਜਨਮ ਦੀ ਸਿੱਖਿਆ ਨੂੰ ਅਸਵੀਕਾਰ ਕਰਨ ਦਾ ਮਤਲਬ ਹੈ ਮਸੀਹ ਦੀ ਸਿੱਖਿਆ ਨੂੰ ਅਸਵੀਕਾਰ ਕਰਨਾ।” ਪਰ ਯਿਸੂ ਨੇ ਕਦੀ ਵੀ “ਪੁਨਰ-ਜਨਮ” ਸ਼ਬਦ ਨਹੀਂ ਵਰਤਿਆ ਅਤੇ ਕਦੀ ਵੀ ਇਸ ਸਿੱਖਿਆ ਦਾ ਜ਼ਿਕਰ ਨਹੀਂ ਕੀਤਾ ਸੀ। (ਸਫ਼ਾ 22 ਉੱਤੇ “ਕੀ ਬਾਈਬਲ ਪੁਨਰ-ਜਨਮ ਦੀ ਸਿੱਖਿਆ ਦਿੰਦੀ ਹੈ?” ਨਾਮਕ ਡੱਬੀ ਦੇਖੋ।) ਇਸ ਦੀ ਬਜਾਇ ਯਿਸੂ ਨੇ ਮਰੇ ਹੋਇਆਂ ਦੇ ਪੁਨਰ-ਉਥਾਨ ਦੀ ਸਿੱਖਿਆ ਦਿੱਤੀ ਸੀ। ਉਸ ਨੇ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਜੀਉਂਦਾ ਕੀਤਾ ਸੀ—ਨਾਇਨ ਵਿਚ ਰਹਿੰਦੀ ਇਕ ਵਿਧਵਾ ਦੇ ਪੁੱਤਰ ਨੂੰ, ਯਹੂਦੀ ਸਭਾ-ਘਰ ਦੇ ਪ੍ਰਧਾਨ ਦੀ ਧੀ ਨੂੰ ਅਤੇ ਆਪਣੇ ਜਿਗਰੀ ਦੋਸਤ ਲਾਜ਼ਰ ਨੂੰ। (ਮਰਕੁਸ 5:22-24, 35-43; ਲੂਕਾ 7:11-15; ਯੂਹੰਨਾ 11:1-44) ਆਓ ਆਪਾਂ ਇਨ੍ਹਾਂ ਵਿੱਚੋਂ ਇਕ ਸ਼ਾਨਦਾਰ ਘਟਨਾ ਉੱਤੇ ਗੌਰ ਕਰੀਏ ਤੇ ਦੇਖੀਏ ਕਿ ਯਿਸੂ ਅਨੁਸਾਰ “ਕਿਆਮਤ” ਜਾਂ ਪੁਨਰ-ਉਥਾਨ ਦਾ ਕੀ ਮਤਲਬ ਸੀ?
ਲਾਜ਼ਰ ਦਾ ਪੁਨਰ-ਉਥਾਨ
ਯਿਸੂ ਨੇ ਸੁਣਿਆ ਸੀ ਕਿ ਉਸ ਦਾ ਦੋਸਤ ਲਾਜ਼ਰ ਬੀਮਾਰ ਸੀ। ਦੋ ਦਿਨਾਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।” ਯਿਸੂ ਦੇ ਚੇਲੇ ਉਸ ਦੀ ਗੱਲ ਨਹੀਂ ਸਮਝੇ, ਇਸ ਲਈ ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ: “ਲਾਜ਼ਰ ਮਰ ਗਿਆ ਹੈ।” ਜਦੋਂ ਯਿਸੂ ਲਾਜ਼ਰ ਦੀ ਕਬਰ ਕੋਲ ਆਇਆ, ਤਾਂ ਉਸ ਨੂੰ ਮਰੇ ਚਾਰ ਦਿਨ ਹੋ ਚੁੱਕੇ ਸਨ। ਪਰ ਯਿਸੂ ਨੇ ਕਬਰ ਦੇ ਮੂੰਹ ਉੱਤੇ ਰੱਖੇ ਪੱਥਰ ਨੂੰ ਹਟਾਉਣ ਲਈ ਕਿਹਾ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆ!” ਤੇ ਫਿਰ ਇਕ ਬਹੁਤ ਹੀ ਅਦਭੁਤ ਘਟਨਾ ਵਾਪਰੀ। “ਉਹ ਜਿਹੜਾ ਮੋਇਆ ਹੋਇਆ ਸੀ ਕਫ਼ਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ ਅਰ ਉਹ ਦੇ ਮੂੰਹ ਉੱਤੇ ਰੁਮਾਲ ਵਲ੍ਹੇਟਿਆ ਹੋਇਆ ਸੀ! ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।”—ਯੂਹੰਨਾ 11:5, 6, 11-14, 43, 44.
ਇਸ ਘਟਨਾ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਹ ਪੁਨਰ-ਜਨਮ ਨਹੀਂ ਸੀ। ਯਿਸੂ ਨੇ ਕਿਹਾ ਸੀ ਕਿ ਮਰਿਆ ਹੋਇਆ ਲਾਜ਼ਰ ਸੌਂ ਰਿਹਾ ਸੀ ਅਤੇ ਸਭ ਗੱਲਾਂ ਤੋਂ ਬੇਖ਼ਬਰ ਸੀ। ਜਿਵੇਂ ਬਾਈਬਲ ਵਿਚ ਲਿਖਿਆ ਹੈ, ‘ਉਹ ਦੇ ਪਰੋਜਨ ਨਾਸ ਹੋ ਗਏ ਸਨ।’ ਉਹ ‘ਕੁਝ ਵੀ ਨਹੀਂ ਜਾਣਦਾ’ ਸੀ। (ਜ਼ਬੂਰ 146:4; ਉਪਦੇਸ਼ਕ ਦੀ ਪੋਥੀ 9:5) ਜੀ ਉਠਾਇਆ ਗਿਆ ਲਾਜ਼ਰ ਕੋਈ ਵੱਖਰਾ ਇਨਸਾਨ ਨਹੀਂ ਸੀ ਜਿਸ ਵਿਚ ਇਕ ਆਤਮਾ ਨੇ ਪੁਨਰ-ਜਨਮ ਲਿਆ ਸੀ। ਉਸ ਦੀ ਉਹੀ ਸ਼ਖ਼ਸੀਅਤ ਤੇ ਉਹੀ ਉਮਰ ਸੀ ਅਤੇ ਉਹੀ ਯਾਦਾਂ ਸਨ। ਉਸ ਨੇ ਪਹਿਲਾਂ ਵਾਂਗ ਹੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ ਤੇ ਆਪਣੇ ਘਰ ਦਿਆਂ ਕੋਲ ਵਾਪਸ ਚਲਾ ਗਿਆ ਜੋ ਉਸ ਦੀ ਮੌਤ ਦਾ ਸੋਗ ਮਨਾ ਰਹੇ ਸਨ।—ਯੂਹੰਨਾ 12:1, 2.
ਬਾਅਦ ਵਿਚ ਲਾਜ਼ਰ ਫਿਰ ਮਰ ਗਿਆ। ਤਾਂ ਫਿਰ ਉਸ ਨੂੰ ਦੁਬਾਰਾ ਜੀਉਂਦਾ ਕਰਨ ਦਾ ਕੀ ਫ਼ਾਇਦਾ ਹੋਇਆ ਸੀ? ਯਿਸੂ ਦੁਆਰਾ ਕੀਤੇ ਗਏ ਪੁਨਰ-ਉਥਾਨ, ਜਿਨ੍ਹਾਂ ਵਿਚ ਲਾਜ਼ਰ ਦਾ ਪੁਨਰ-ਉਥਾਨ ਵੀ ਸ਼ਾਮਲ ਸੀ, ਪਰਮੇਸ਼ੁਰ ਦੇ ਇਸ ਵਾਅਦੇ ਵਿਚ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਕਿ ਉਸ ਦੇ ਨਿਯਤ ਸਮੇਂ ਉੱਤੇ ਉਸ ਦੇ ਵਫ਼ਾਦਾਰ ਸੇਵਕ ਮੁੜ ਜੀਉਂਦੇ ਕੀਤੇ ਜਾਣਗੇ। ਯਿਸੂ ਦੇ ਇਨ੍ਹਾਂ ਚਮਤਕਾਰਾਂ ਨੇ ਉਸ ਦੇ ਇਨ੍ਹਾਂ ਸ਼ਬਦਾਂ ਨੂੰ ਹੋਰ ਅਰਥਪੂਰਣ ਬਣਾਇਆ: “ਕਿਆਮਤ [“ਪੁਨਰ-ਉਥਾਨ,” ਨਿ ਵ] ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।”—ਯੂਹੰਨਾ 11:25.
ਭਵਿੱਖ ਵਿਚ ਹੋਣ ਵਾਲੇ ਉਸ ਪੁਨਰ-ਉਥਾਨ ਬਾਰੇ ਯਿਸੂ ਨੇ ਕਿਹਾ ਸੀ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਮੇਰੀ] ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।” (ਯੂਹੰਨਾ 5:28, 29) ਜਿਵੇਂ ਲਾਜ਼ਰ ਦਾ ਪੁਨਰ-ਉਥਾਨ ਹੋਇਆ ਸੀ, ਉਸੇ ਤਰ੍ਹਾਂ ਮਰੇ ਹੋਏ ਲੋਕਾਂ ਦਾ ਪੁਨਰ-ਉਥਾਨ ਹੋਵੇਗਾ। ਉਸ ਵੇਲੇ ਜੀਉਂਦੀਆਂ ਰੂਹਾਂ ਉਨ੍ਹਾਂ ਪੁਨਰ-ਉਥਿਤ ਸਰੀਰਾਂ ਵਿਚ ਦੁਬਾਰਾ ਨਹੀਂ ਆਉਣਗੀਆਂ ਜਿਹੜੇ ਗਲ-ਸੜ ਕੇ ਮਿੱਟੀ ਵਿਚ ਮਿਲ ਚੁੱਕੇ ਹਨ ਅਤੇ ਪੇੜ-ਪੌਦਿਆਂ ਜਾਂ ਦੂਸਰੀਆਂ ਜਾਨਦਾਰ ਚੀਜ਼ਾਂ ਦਾ ਹਿੱਸਾ ਬਣ ਚੁੱਕੇ ਹਨ। ਆਕਾਸ਼ ਤੇ ਧਰਤੀ ਦਾ ਸਿਰਜਣਹਾਰ ਅਤੇ ਅਸੀਮ ਬੁੱਧ ਤੇ ਸ਼ਕਤੀ ਦਾ ਮਾਲਕ ਮਰੇ ਹੋਇਆਂ ਨੂੰ ਜੀਉਂਦਾ ਕਰਨ ਦੀ ਯੋਗਤਾ ਰੱਖਦਾ ਹੈ।
ਕੀ ਯਿਸੂ ਮਸੀਹ ਦੁਆਰਾ ਪੁਨਰ-ਉਥਾਨ ਬਾਰੇ ਦਿੱਤੀ ਗਈ ਇਹ ਸਿੱਖਿਆ ਇਹ ਨਹੀਂ ਦਿਖਾਉਂਦੀ ਕਿ ਪਰਮੇਸ਼ੁਰ ਹਰ ਇਨਸਾਨ ਨਾਲ ਬਹੁਤ ਪਿਆਰ ਕਰਦਾ ਹੈ? ਪਰ ਪਹਿਲਾਂ ਜ਼ਿਕਰ ਕੀਤੇ ਗਏ ਦੂਜੇ ਸਵਾਲ ਬਾਰੇ ਕੀ ਕਿਹਾ ਜਾ ਸਕਦਾ ਹੈ?
ਦੁੱਖਾਂ ਦਾ ਕੀ ਕਾਰਨ ਹੈ?
ਬਹੁਤ ਸਾਰੇ ਦੁੱਖ ਨਾਸਮਝ, ਅਨਾੜੀ ਜਾਂ ਦੁਸ਼ਟ ਲੋਕਾਂ ਦੇ ਕੰਮਾਂ ਕਾਰਨ ਆਉਂਦੇ ਹਨ। ਪਰ ਉਨ੍ਹਾਂ ਦੁਖਦਾਈ ਘਟਨਾਵਾਂ ਬਾਰੇ ਕੀ ਜਿਨ੍ਹਾਂ ਲਈ ਇਨਸਾਨਾਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ? ਉਦਾਹਰਣ ਲਈ ਦੁਰਘਟਨਾਵਾਂ ਕਿਉਂ ਹੁੰਦੀਆਂ ਹਨ ਜਾਂ ਕੁਦਰਤੀ ਆਫ਼ਤਾਂ ਕਿਉਂ ਆਉਂਦੀਆਂ ਹਨ? ਕੁਝ ਬੱਚਿਆਂ ਦੇ ਸਰੀਰ ਵਿਚ ਜਨਮ ਤੋਂ ਹੀ ਨੁਕਸ ਕਿਉਂ ਹੁੰਦੇ ਹਨ? ਐਲਨ ਕਾਰਡਕ ਅਨੁਸਾਰ ਇਹ ਨੁਕਸ ਸਾਡੇ ਪਾਪਾਂ ਦੀ ਸਜ਼ਾ ਹਨ। ਉਸ ਨੇ ਲਿਖਿਆ: “ਜੇ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਪਾਪ ਕੀਤੇ ਹਨ। ਜੇ ਇਹ ਪਾਪ ਅਸੀਂ ਇਸ ਜਨਮ ਵਿਚ ਨਹੀਂ ਕੀਤੇ ਹਨ, ਤਾਂ ਫਿਰ ਇਹ ਜ਼ਰੂਰ ਪਿਛਲੇ ਜਨਮ ਵਿਚ ਕੀਤੇ ਹੋਣਗੇ।” ਪ੍ਰੇਤਵਾਦੀ ਲੋਕਾਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਜਾਂਦੀ ਹੈ: “ਹੇ ਪ੍ਰਭੂ, ਤੂੰ ਨਿਆਂ ਦੀ ਮੂਰਤ ਹੈਂ। ਜੋ ਬੀਮਾਰੀ ਤੂੰ ਮੈਨੂੰ ਲਾਈ ਹੈ, ਇਹ ਮੇਰੇ ਪਾਪਾਂ ਦੀ ਸਜ਼ਾ ਹੈ . . . ਮੈਂ ਇਸ ਨੂੰ ਆਪਣੇ ਪਿਛਲੇ ਜਨਮ ਦੇ ਪਾਪਾਂ ਦੇ ਪਛਤਾਵੇ ਵਜੋਂ ਅਤੇ ਆਪਣੀ ਨਿਹਚਾ ਦੀ ਅਜ਼ਮਾਇਸ਼ ਦੇ ਤੌਰ ਤੇ ਅਤੇ ਤੇਰੀ ਪਵਿੱਤਰ ਇੱਛਾ ਪ੍ਰਤੀ ਅਧੀਨਗੀ ਦੇ ਤੌਰ ਤੇ ਸਵੀਕਾਰ ਕਰਦਾ ਹਾਂ।”—ਪ੍ਰੇਤਵਾਦ ਮੁਤਾਬਕ ਇੰਜੀਲ।
ਕੀ ਯਿਸੂ ਨੇ ਅਜਿਹੀ ਕੋਈ ਸਿੱਖਿਆ ਦਿੱਤੀ ਸੀ? ਨਹੀਂ। ਯਿਸੂ ਬਾਈਬਲ ਦੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ: “ਇਨ੍ਹਾਂ ਸਭਨਾਂ ਉੱਤੇ ਸਮਾਂ ਅਤੇ ਅਣਚਿਤਵੀ ਘਟਨਾ ਵਾਪਰਦੇ ਹਨ।” (ਉਪਦੇਸ਼ਕ ਦੀ ਪੋਥੀ 9:11, ਨਿ ਵ) ਉਹ ਜਾਣਦਾ ਸੀ ਕਿ ਕਈ ਵਾਰ ਬੁਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਪਰ, ਇਹ ਜ਼ਰੂਰੀ ਨਹੀਂ ਕਿ ਇਹ ਪਾਪਾਂ ਦੀ ਸਜ਼ਾ ਹਨ।
ਯਿਸੂ ਦੀ ਜ਼ਿੰਦਗੀ ਵਿਚ ਵਾਪਰੀ ਇਕ ਘਟਨਾ ਤੇ ਗੌਰ ਕਰੋ: “ਜਾਂ [ਯਿਸੂ] ਚੱਲਿਆ ਜਾਂਦਾ ਸੀ ਤਾਂ ਉਸ ਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨ੍ਹਾ ਸੀ। ਅਰ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਸੁਆਮੀ ਜੀ ਕਿਹ ਨੇ ਪਾਪ ਕੀਤਾ ਇਸ ਨੇ ਯਾ ਇਹ ਦੇ ਮਾਪਿਆਂ ਨੇ ਜੋ ਇਹ ਅੰਨ੍ਹਾਂ ਜੰਮਿਆ ਹੈ?” ਯਿਸੂ ਨੇ ਜੋ ਜਵਾਬ ਦਿੱਤਾ ਉਸ ਨੇ ਇਸ ਮਾਮਲੇ ਉੱਤੇ ਚੰਗੀ ਤਰ੍ਹਾਂ ਚਾਨਣਾ ਪਾਇਆ: “ਨਾ ਤਾਂ ਇਸ ਨੇ ਪਾਪ ਕੀਤਾ ਨਾ ਇਹ ਦੇ ਮਾਪਿਆਂ ਨੇ ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ੁਰ ਦੇ ਕੰਮ ਉਸ ਵਿੱਚ ਪਰਗਟ ਕੀਤੇ ਜਾਣ। ਉਸ ਨੇ ਏਹ ਗੱਲਾਂ ਕਹਿ ਕੇ ਧਰਤੀ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋਈ ਅਰ ਉਹ ਮਿੱਟੀ ਉਹ ਦੀਆਂ ਅੱਖੀਆਂ ਉੱਤੇ ਮਲੀ। ਅਤੇ ਉਸ ਨੂੰ ਆਖਿਆ, ਜਾਹ ਸਿਲੋਆਮ ਦੇ ਕੁੰਡ ਵਿੱਚ . . . ਧੋ ਸੁੱਟ। ਸੋ ਉਹ ਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਚੱਲਾ ਆਇਆ।”—ਯੂਹੰਨਾ 9:1-3, 6, 7.
ਯਿਸੂ ਦੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਆਪਣੇ ਜਮਾਂਦਰੂ ਅੰਨ੍ਹੇਪਣ ਲਈ ਨਾ ਤਾਂ ਉਹ ਆਦਮੀ ਤੇ ਨਾ ਹੀ ਉਸ ਦੇ ਮਾਪੇ ਕਸੂਰਵਾਰ ਸਨ। ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਸ ਆਦਮੀ ਨੂੰ ਪਿਛਲੇ ਜਨਮ ਦੇ ਪਾਪਾਂ ਦੀ ਸਜ਼ਾ ਦਿੱਤੀ ਜਾ ਰਹੀ ਸੀ। ਇਹ ਸੱਚ ਹੈ ਕਿ ਯਿਸੂ ਜਾਣਦਾ ਸੀ ਕਿ ਸਾਰੇ ਇਨਸਾਨਾਂ ਨੂੰ ਵਿਰਸੇ ਵਿਚ ਪਾਪ ਮਿਲਿਆ ਹੈ। ਪਰ ਉਨ੍ਹਾਂ ਨੇ ਆਦਮ ਦਾ ਪਾਪ ਵਿਰਸੇ ਵਿਚ ਪਾਇਆ ਹੈ ਨਾ ਕਿ ਆਪਣੇ ਪਿਛਲੇ ਜਨਮ ਦੇ ਪਾਪ। ਆਦਮ ਦੇ ਪਾਪ ਕਰਕੇ ਸਾਰੇ ਇਨਸਾਨ ਸਰੀਰਕ ਤੌਰ ਤੇ ਨਾਮੁਕੰਮਲ ਪੈਦਾ ਹੁੰਦੇ ਹਨ, ਉਨ੍ਹਾਂ ਨੂੰ ਬੀਮਾਰੀਆਂ ਲੱਗਦੀਆਂ ਹਨ ਤੇ ਅਖ਼ੀਰ ਵਿਚ ਉਹ ਮਰ ਜਾਂਦੇ ਹਨ। (ਅੱਯੂਬ 14:4; ਜ਼ਬੂਰ 51:5; ਰੋਮੀਆਂ 5:12; 9:11) ਅਸਲ ਵਿਚ ਯਿਸੂ ਨੂੰ ਇਸੇ ਸਮੱਸਿਆ ਨੂੰ ਹੱਲ ਕਰਨ ਲਈ ਧਰਤੀ ਉੱਤੇ ਭੇਜਿਆ ਗਿਆ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕਿਹਾ ਸੀ ਕਿ ਯਿਸੂ ‘ਪਰਮੇਸ਼ੁਰ ਦਾ ਲੇਲਾ ਹੈ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!’—ਯੂਹੰਨਾ 1:29.a
ਜ਼ਰਾ ਧਿਆਨ ਦਿਓ ਕਿ ਯਿਸੂ ਨੇ ਇਹ ਵੀ ਨਹੀਂ ਕਿਹਾ ਸੀ ਕਿ ਪਰਮੇਸ਼ੁਰ ਨੇ ਜਾਣ-ਬੁੱਝ ਕੇ ਉਸ ਆਦਮੀ ਨੂੰ ਅੰਨ੍ਹਾ ਪੈਦਾ ਕੀਤਾ ਸੀ ਤਾਂਕਿ ਯਿਸੂ ਕਿਸੇ ਦਿਨ ਆ ਕੇ ਉਹ ਨੂੰ ਚੰਗਾ ਕਰ ਸਕੇ। ਇਹ ਕਿੰਨਾ ਨਿਰਦਈ ਤੇ ਸਨਕੀ ਕੰਮ ਹੁੰਦਾ! ਕੀ ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ? ਨਹੀਂ। ਇਸ ਦੀ ਬਜਾਇ ਉਸ ਅੰਨ੍ਹੇ ਆਦਮੀ ਨੂੰ ਚਮਤਕਾਰੀ ਢੰਗ ਨਾਲ ਠੀਕ ਕਰਨ ਦੁਆਰਾ ‘ਪਰਮੇਸ਼ੁਰ ਦੇ ਕੰਮ ਉਸ ਵਿੱਚ ਪਰਗਟ’ ਹੋਏ। ਦੂਸਰੀਆਂ ਬੀਮਾਰੀਆਂ ਨੂੰ ਚੰਗਾ ਕਰਨ ਦੇ ਚਮਤਕਾਰਾਂ ਵਾਂਗ, ਇਸ ਚਮਤਕਾਰ ਨੇ ਵੀ ਦੁੱਖ ਭੋਗ ਰਹੀ ਇਨਸਾਨਜਾਤੀ ਲਈ ਪਰਮੇਸ਼ੁਰ ਦੇ ਡੂੰਘੇ ਪਿਆਰ ਨੂੰ ਦਿਖਾਇਆ ਅਤੇ ਉਸ ਦੇ ਵਾਅਦੇ ਵਿਚ ਹੋਰ ਭਰੋਸਾ ਵਧਾਇਆ ਕਿ ਉਹ ਆਪਣੇ ਨਿਯਤ ਸਮੇਂ ਤੇ ਸਾਰੀਆਂ ਬੀਮਾਰੀਆਂ ਤੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ।—ਯਸਾਯਾਹ 33:24.
ਕੀ ਇਸ ਗੱਲ ਤੋਂ ਸਾਨੂੰ ਤਸੱਲੀ ਨਹੀਂ ਮਿਲਦੀ ਕਿ ਦੁੱਖ ਦੇਣ ਦੀ ਬਜਾਇ ਸਾਡਾ ਸਵਰਗੀ ਪਿਤਾ “ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ” ਦਿੰਦਾ ਹੈ? (ਮੱਤੀ 7:11) ਉਸ ਵੇਲੇ ਅੱਤ ਮਹਾਨ ਪਰਮੇਸ਼ੁਰ ਦੀ ਕਿੰਨੀ ਮਹਿਮਾ ਹੋਵੇਗੀ ਜਦੋਂ ਅੰਨ੍ਹੇ ਸੁਜਾਖ਼ੇ ਹੋ ਜਾਣਗੇ, ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ, ਲੰਗੜੇ ਤੁਰਨਗੇ, ਟਪੂਸੀਆਂ ਮਾਰਨਗੇ ਅਤੇ ਭੱਜਣਗੇ!—ਯਸਾਯਾਹ 35:5, 6.
ਆਪਣੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰਨਾ
ਯਿਸੂ ਨੇ ਕਿਹਾ ਸੀ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਜੀ ਹਾਂ, ਜਦੋਂ ਅਸੀਂ ਪਰਮੇਸ਼ੁਰ ਦੇ ਬਚਨ, ਬਾਈਬਲ ਨੂੰ ਪੜ੍ਹਦੇ ਹਾਂ ਅਤੇ ਇਸ ਅਨੁਸਾਰ ਜ਼ਿੰਦਗੀ ਬਸਰ ਕਰਦੇ ਹਾਂ, ਤਾਂ ਸਾਡੀਆਂ ਅਧਿਆਤਮਿਕ ਲੋੜਾਂ ਪੂਰੀਆਂ ਹੁੰਦੀਆਂ ਹਨ। ਚੇਲੇ-ਚਾਂਟਿਆਂ ਕੋਲ ਜਾਣ ਨਾਲ ਸਾਡੀਆਂ ਅਧਿਆਤਮਿਕ ਲੋੜਾਂ ਪੂਰੀਆਂ ਨਹੀਂ ਹੋਣਗੀਆਂ। ਅਸਲ ਵਿਚ ਅਜਿਹੇ ਕੰਮਾਂ ਨੂੰ ਉਨ੍ਹਾਂ ਸਿੱਖਿਆਵਾਂ ਵਿਚ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ ਜਿਨ੍ਹਾਂ ਨੂੰ ਐਲਨ ਕਾਰਡਕ ਨੇ ਪਰਮੇਸ਼ੁਰ ਦੇ ਨਿਯਮ ਦਾ ਪਹਿਲਾ ਜ਼ਰੀਆ ਕਿਹਾ ਸੀ।—ਬਿਵਸਥਾ ਸਾਰ 18:10-13.
ਬਹੁਤ ਸਾਰੇ ਲੋਕ, ਜਿਨ੍ਹਾਂ ਵਿਚ ਪ੍ਰੇਤਵਾਦੀ ਲੋਕ ਵੀ ਸ਼ਾਮਲ ਹਨ, ਇਸ ਗੱਲ ਨੂੰ ਮੰਨਦੇ ਹਨ ਕਿ ਪਰਮੇਸ਼ੁਰ ਸਰਬਸ਼ਕਤੀਮਾਨ, ਅਨੰਤ, ਮੁਕੰਮਲ, ਦਿਆਲੂ, ਚੰਗਾ ਅਤੇ ਇਨਸਾਫ਼ਪਸੰਦ ਹੈ। ਪਰ ਬਾਈਬਲ ਪਰਮੇਸ਼ੁਰ ਦੇ ਬਾਰੇ ਹੋਰ ਬਹੁਤ ਕੁਝ ਦੱਸਦੀ ਹੈ। ਇਹ ਦੱਸਦੀ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਜਿਸ ਦਾ ਸਾਨੂੰ ਉਸੇ ਤਰ੍ਹਾਂ ਆਦਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਯਿਸੂ ਦਾ ਕਰਦੇ ਹਾਂ। (ਮੱਤੀ 6:9; ਯੂਹੰਨਾ 17:6) ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਇਕ ਅਸਲੀ ਵਿਅਕਤੀ ਹੈ ਜਿਸ ਨਾਲ ਇਨਸਾਨ ਇਕ ਨਜ਼ਦੀਕੀ ਰਿਸ਼ਤਾ ਕਾਇਮ ਕਰ ਸਕਦੇ ਹਨ। (ਰੋਮੀਆਂ 8:38, 39) ਬਾਈਬਲ ਪੜ੍ਹਨ ਨਾਲ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਦਇਆਵਾਨ ਹੈ ਅਤੇ ਉਸ ਨੇ “ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ।” (ਜ਼ਬੂਰ 103:10) ਆਪਣੇ ਲਿਖਤੀ ਬਚਨ ਰਾਹੀਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਆਪਣੇ ਪਿਆਰ, ਸਰਬੋਚਤਾ ਅਤੇ ਸਿਆਣਪ ਨੂੰ ਪ੍ਰਗਟ ਕਰਦਾ ਹੈ। ਉਹੀ ਆਗਿਆਕਾਰੀ ਇਨਸਾਨਾਂ ਦੀ ਅਗਵਾਈ ਤੇ ਰਾਖੀ ਕਰਦਾ ਹੈ। ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦਾ ਗਿਆਨ ਲੈਣ ਨਾਲ ਸਾਨੂੰ “ਸਦੀਪਕ ਜੀਉਣ” ਮਿਲੇਗਾ।—ਯੂਹੰਨਾ 17:3.
ਬਾਈਬਲ ਸਾਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਾਰੀ ਜਾਣਕਾਰੀ ਦਿੰਦੀ ਹੈ ਅਤੇ ਇਹ ਸਾਨੂੰ ਦੱਸਦੀ ਹੈ ਕਿ ਜੇ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਪਵੇਗਾ। ਬਾਈਬਲ ਦਾ ਧਿਆਨ ਨਾਲ ਅਧਿਐਨ ਕਰਨ ਨਾਲ ਸਾਨੂੰ ਆਪਣੇ ਸਵਾਲਾਂ ਦਾ ਸਹੀ ਅਤੇ ਤਸੱਲੀਬਖ਼ਸ਼ ਜਵਾਬ ਮਿਲੇਗਾ। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ ਅਤੇ ਇਹ ਸਾਨੂੰ ਪੱਕੀ ਆਸ਼ਾ ਵੀ ਦਿੰਦੀ ਹੈ। ਇਹ ਸਾਨੂੰ ਭਰੋਸਾ ਦਿੰਦੀ ਹੈ ਕਿ ਜਲਦੀ ਹੀ ਪਰਮੇਸ਼ੁਰ “[ਇਨਸਾਨਜਾਤੀ] ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:3, 4) ਯਿਸੂ ਮਸੀਹ ਰਾਹੀਂ ਯਹੋਵਾਹ ਵਿਰਸੇ ਵਿਚ ਮਿਲੇ ਪਾਪ ਅਤੇ ਨਾਮੁਕੰਮਲਤਾ ਤੋਂ ਸਾਰੀ ਮਨੁੱਖਜਾਤੀ ਨੂੰ ਮੁਕਤ ਕਰੇਗਾ ਅਤੇ ਆਗਿਆਕਾਰੀ ਇਨਸਾਨ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ-ਹਮੇਸ਼ਾ ਲਈ ਜੀਉਣਗੇ। ਉਸ ਵੇਲੇ ਉਨ੍ਹਾਂ ਦੀਆਂ ਭੌਤਿਕ ਤੇ ਅਧਿਆਤਮਿਕ ਦੋਵੇਂ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।—ਜ਼ਬੂਰ 37:10, 11, 29; ਕਹਾਉਤਾਂ 2:21, 22; ਮੱਤੀ 5:5.
[ਫੁਟਨੋਟ]
a ਪਾਪ ਤੇ ਮੌਤ ਕਿੱਦਾਂ ਆਏ, ਇਸ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਾ ਅਧਿਆਇ 6 ਦੇਖੋ।
[ਸਫ਼ੇ 22 ਉੱਤੇ ਡੱਬੀ]
ਕੀ ਬਾਈਬਲ ਪੁਨਰ-ਜਨਮ ਦੀ ਸਿੱਖਿਆ ਦਿੰਦੀ ਹੈ?
ਕੀ ਬਾਈਬਲ ਪੁਨਰ-ਜਨਮ ਦੀ ਸਿੱਖਿਆ ਦਾ ਸਮਰਥਨ ਕਰਦੀ ਹੈ? ਕੁਝ ਆਇਤਾਂ ਉੱਤੇ ਗੌਰ ਕਰੋ ਜਿਨ੍ਹਾਂ ਨੂੰ ਇਸ ਸਿੱਖਿਆ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਵਰਤਦੇ ਹਨ:
“ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਤੀਕਰ ਅਗੰਮ ਵਾਕ ਕਰਦੇ ਸਨ। ਅਤੇ ਆਉਣ ਵਾਲਾ ਏਲੀਯਾਹ ਇਹੋ ਹੈ।”—ਮੱਤੀ 11:13, 14.
ਕੀ ਏਲੀਯਾਹ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਰੂਪ ਵਿਚ ਦੁਬਾਰਾ ਜਨਮ ਲਿਆ ਸੀ? ਜਦੋਂ ਯੂਹੰਨਾ ਨੂੰ ਪੁੱਛਿਆ ਗਿਆ: “ਕੀ ਤੂੰ ਏਲੀਯਾਹ ਹੈਂ?” ਤਾਂ ਉਸ ਨੇ ਸਪੱਸ਼ਟ ਸ਼ਬਦਾਂ ਵਿਚ ਜਵਾਬ ਦਿੱਤਾ: “ਮੈਂ ਨਹੀਂ ਹਾਂ।” (ਯੂਹੰਨਾ 1:21) ਪਰ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਯੂਹੰਨਾ “ਏਲੀਯਾਹ ਦੇ ਆਤਮਾ” ਨਾਲ ਮਸੀਹਾ ਤੋਂ ਪਹਿਲਾਂ ਆਵੇਗਾ। (ਲੂਕਾ 1:17; ਮਲਾਕੀ 4:5, 6) ਦੂਸਰੇ ਸ਼ਬਦਾਂ ਵਿਚ, ਯੂਹੰਨਾ ਬਪਤਿਸਮਾ ਦੇਣ ਵਾਲਾ ਇਸ ਭਾਵ ਵਿਚ ਏਲੀਯਾਹ ਸੀ ਕਿ ਉਸ ਨੇ ਏਲੀਯਾਹ ਵਰਗਾ ਹੀ ਕੰਮ ਕੀਤਾ ਸੀ।
“ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ। ਅਚਰਜ ਨਾ ਮੰਨੀਂ ਜੋ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਜੰਮਣਾ ਜਰੂਰ ਹੈ।”—ਯੂਹੰਨਾ 3:3, 7.
ਇਕ ਰਸੂਲ ਨੇ ਬਾਅਦ ਵਿਚ ਲਿਖਿਆ: “ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਆਪਣੀ ਅੱਤ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ।” (1 ਪਤਰਸ 1:3, 4; ਯੂਹੰਨਾ 1:12, 13) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਦੋਂ ਯਿਸੂ ਨੇ ਦੁਬਾਰਾ ਜਨਮ ਲੈਣ ਦੀ ਗੱਲ ਕੀਤੀ ਸੀ, ਤਾਂ ਉਸ ਦਾ ਮਤਲਬ ਭਵਿੱਖ ਵਿਚ ਪੁਨਰ-ਜਨਮ ਲੈਣਾ ਨਹੀਂ ਸੀ, ਸਗੋਂ ਉਹ ਅਧਿਆਤਮਿਕ ਤੌਰ ਤੇ ਦੁਬਾਰਾ ਜਨਮ ਲੈਣ ਦੀ ਗੱਲ ਕਰ ਰਿਹਾ ਸੀ ਜੋ ਉਸ ਦੇ ਪੈਰੋਕਾਰ ਜੀਉਂਦੇ-ਜੀ ਲੈਣਗੇ।
“ਜਦੋਂ ਆਦਮੀ ਮਰ ਜਾਂਦਾ ਹੈ, ਤਾਂ ਉਹ ਹਮੇਸ਼ਾ ਜੀਉਂਦਾ ਰਹਿੰਦਾ ਹੈ: ਜਦੋਂ ਧਰਤੀ ਉੱਤੇ ਮੇਰੇ ਦਿਨ ਖ਼ਤਮ ਹੋ ਜਾਂਦੇ ਹਨ, ਤਾਂ ਮੈਂ ਉਡੀਕ ਕਰਾਂਗਾ ਕਿਉਂਕਿ ਮੈਂ ਦੁਬਾਰਾ ਮੁੜ ਆਵਾਂਗਾ।”—ਪ੍ਰੇਤਵਾਦ ਮੁਤਾਬਕ ਇੰਜੀਲ ਵਿਚ ਵਰਤਿਆ ਗਿਆ ਅੱਯੂਬ 14:14 ਦਾ ਇਕ “ਯੂਨਾਨੀ ਅਨੁਵਾਦ।”
ਪੰਜਾਬੀ ਬਾਈਬਲ ਇਸ ਆਇਤ ਨੂੰ ਇਸ ਤਰ੍ਹਾਂ ਅਨੁਵਾਦ ਕਰਦੀ ਹੈ: “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ।” ਇਸ ਆਇਤ ਦੇ ਸੰਦਰਭ ਵੱਲ ਧਿਆਨ ਦਿਓ। ਤੁਸੀਂ ਦੇਖੋਗੇ ਕਿ ਮਰੇ ਹੋਏ ਲੋਕ ਕਬਰ ਵਿਚ ਆਪਣੀ ਮੁਕਤੀ ਦੀ ਉਡੀਕ ਕਰ ਰਹੇ ਹਨ। (ਆਇਤ 13) ਉਡੀਕ ਕਰਨ ਵੇਲੇ ਉਹ ਹੋਂਦ ਵਿਚ ਨਹੀਂ ਹੁੰਦੇ। “ਇਕ ਆਦਮੀ ਮਰ ਕੇ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ; ਅਤੇ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ, ਤਾਂ ਉਸ ਦਾ ਕੁਝ ਵੀ ਨਹੀਂ ਬਚਦਾ।”—ਅੱਯੂਬ 14:10, ਬੈਗਸਟਰਸ ਸੈਪਟੁਜਿੰਟ ਵਰਯਨ।
[ਸਫ਼ੇ 21 ਉੱਤੇ ਤਸਵੀਰ]
ਪੁਨਰ-ਉਥਾਨ ਦੀ ਆਸ਼ਾ ਦਿਖਾਉਂਦੀ ਹੈ ਕਿ ਪਰਮੇਸ਼ੁਰ ਹਰ ਇਨਸਾਨ ਵਿਚ ਡੂੰਘੀ ਦਿਲਚਸਪੀ ਲੈਂਦਾ ਹੈ
[ਸਫ਼ੇ 23 ਉੱਤੇ ਤਸਵੀਰਾਂ]
ਪਰਮੇਸ਼ੁਰ ਇਨਸਾਨ ਦੇ ਸਾਰੇ ਦੁੱਖਾਂ ਨੂੰ ਖ਼ਤਮ ਕਰੇਗਾ