ਸਾਨੂੰ ਫਲ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ?
“ਮੇਰੇ ਪਿਤਾ ਦੀ ਮਹਿਮਾ ਇਸ ਵਿਚ ਹੈ ਕਿ ਤੁਸੀਂ ਫਲ ਦਿੰਦੇ ਰਹੋ ਅਤੇ ਆਪਣੇ ਆਪ ਨੂੰ ਮੇਰੇ ਚੇਲੇ ਸਾਬਤ ਕਰੋ।”—ਯੂਹੰ. 15:8.
1, 2. (ੳ) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨਾਲ ਕਿਹੜੀਆਂ ਗੱਲਾਂ ਕੀਤੀਆਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖ।) (ਅ) ਸਾਨੂੰ ਪ੍ਰਚਾਰ ਕਰਦੇ ਰਹਿਣ ਦੇ ਕਾਰਨ ਕਿਉਂ ਯਾਦ ਰੱਖਣੇ ਚਾਹੀਦੇ ਹਨ? (ੲ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨਾਲ ਕਾਫ਼ੀ ਗੱਲਾਂ ਕੀਤੀਆਂ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਉਸ ਨੇ ਚੇਲਿਆਂ ਨੂੰ ਅੰਗੂਰੀ ਵੇਲ ਦੀ ਮਿਸਾਲ ਵੀ ਦਿੱਤੀ ਜਿਸ ਬਾਰੇ ਅਸੀਂ ਪਿਛਲੇ ਲੇਖ ਵਿਚ ਚਰਚਾ ਕੀਤੀ ਸੀ। ਯਿਸੂ ਨੇ ਚੇਲਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ “ਫਲ ਦਿੰਦੇ ਰਹੋ” ਯਾਨੀ ਧੀਰਜ ਨਾਲ ਰਾਜ ਦਾ ਪ੍ਰਚਾਰ ਕਰਦੇ ਰਹੋ।—ਯੂਹੰ. 15:8.
2 ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿਹੜਾ ਕੰਮ ਕਰਨਾ ਸੀ, ਸਗੋਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਹ ਕੰਮ ਕਿਉਂ ਕਰਨਾ ਸੀ। ਯਿਸੂ ਨੇ ਉਨ੍ਹਾਂ ਨੂੰ ਪ੍ਰਚਾਰ ਕਰਦੇ ਰਹਿਣ ਦੇ ਕਾਰਨ ਦੱਸੇ। ਸਾਡੇ ਲਈ ਵੀ ਇਹ ਗੱਲ ਯਾਦ ਰੱਖਣੀ ਕਿਉਂ ਜ਼ਰੂਰੀ ਹੈ ਕਿ ਸਾਨੂੰ ਪ੍ਰਚਾਰ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ? ਕਿਉਂਕਿ ਇਹ ਗੱਲ ਯਾਦ ਰੱਖ ਕੇ ਸਾਨੂੰ ਧੀਰਜ ਨਾਲ “ਸਾਰੀਆਂ ਕੌਮਾਂ ਨੂੰ ਗਵਾਹੀ” ਦੇਣ ਦੀ ਹਿੰਮਤ ਮਿਲਦੀ ਹੈ। (ਮੱਤੀ 24:13, 14) ਇਸ ਲਈ ਅਸੀਂ ਇਸ ਲੇਖ ਵਿਚ ਪਰਮੇਸ਼ੁਰ ਦੇ ਬਚਨ ਤੋਂ ਪ੍ਰਚਾਰ ਕਰਦੇ ਰਹਿਣ ਲਈ ਚਾਰ ਕਾਰਨਾਂ ʼਤੇ ਗੌਰ ਕਰਾਂਗੇ। ਨਾਲੇ ਅਸੀਂ ਯਹੋਵਾਹ ਵੱਲੋਂ ਮਿਲੇ ਚਾਰ ਤੋਹਫ਼ਿਆਂ ʼਤੇ ਵੀ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਫਲ ਦਿੰਦੇ ਰਹਿ ਸਕਦੇ ਹਾਂ।
ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ
3. (ੳ) ਯੂਹੰਨਾ 15:8 ਅਨੁਸਾਰ ਪ੍ਰਚਾਰ ਕਰਨ ਦਾ ਸਭ ਤੋਂ ਅਹਿਮ ਕਾਰਨ ਕਿਹੜਾ ਹੈ? (ਅ) ਯਿਸੂ ਦੀ ਮਿਸਾਲ ਵਿਚ ਅੰਗੂਰ ਕਿਸ ਨੂੰ ਦਰਸਾਉਂਦੇ ਹਨ ਅਤੇ ਇਹ ਮਿਸਾਲ ਢੁਕਵੀਂ ਕਿਉਂ ਹੈ?
3 ਪ੍ਰਚਾਰ ਕਰਨ ਦਾ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰਨਾ ਚਾਹੁੰਦੇ ਹਾਂ। (ਯੂਹੰਨਾ 15:1, 8 ਪੜ੍ਹੋ।) ਅੰਗੂਰੀ ਵੇਲ ਦੀ ਮਿਸਾਲ ਵਿਚ ਯਿਸੂ ਨੇ ਯਹੋਵਾਹ ਦੀ ਤੁਲਨਾ ਮਾਲੀ ਨਾਲ ਕੀਤੀ ਜੋ ਅੰਗੂਰੀ ਵੇਲ ਲਾਉਂਦਾ ਹੈ। ਯਿਸੂ ਨੇ ਆਪਣੀ ਤੁਲਨਾ ਅੰਗੂਰੀ ਵੇਲ ਨਾਲ ਅਤੇ ਚੇਲਿਆਂ ਦੀ ਤੁਲਨਾ ਟਾਹਣੀਆਂ ਨਾਲ ਕੀਤੀ। (ਯੂਹੰ. 15:5) ਇਸ ਮਿਸਾਲ ਵਿਚ ਅੰਗੂਰ ਚੇਲਿਆਂ ਵੱਲੋਂ ਪੈਦਾ ਕੀਤੇ ਫਲ ਨੂੰ ਦਰਸਾਉਂਦੇ ਹਨ ਯਾਨੀ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਨੂੰ। ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: “ਮੇਰੇ ਪਿਤਾ ਦੀ ਮਹਿਮਾ ਇਸ ਵਿਚ ਹੈ ਕਿ ਤੁਸੀਂ ਫਲ ਦਿੰਦੇ ਰਹੋ।” ਅੰਗੂਰੀ ਵੇਲ ਨੂੰ ਵਧੀਆ ਫਲ ਲੱਗਣ ʼਤੇ ਮਾਲੀ ਦੀ ਵਡਿਆਈ ਹੁੰਦੀ ਹੈ। ਇਸੇ ਤਰ੍ਹਾਂ ਜ਼ੋਰਾਂ-ਸ਼ੋਰਾ ਨਾਲ ਰਾਜ ਦਾ ਪ੍ਰਚਾਰ ਕਰ ਕੇ ਯਹੋਵਾਹ ਦੀ ਵਡਿਆਈ ਹੁੰਦੀ ਹੈ।—ਮੱਤੀ 25:20-23.
4. (ੳ) ਅਸੀਂ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਿਵੇਂ ਕਰਦੇ ਹਾਂ? (ਅ) ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ ਦੇ ਸਨਮਾਨ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
4 ਪਰਮੇਸ਼ੁਰ ਦਾ ਨਾਂ ਅੱਤ ਪਵਿੱਤਰ ਹੈ। ਅਸੀਂ ਇਸ ਨੂੰ ਹੋਰ ਪਵਿੱਤਰ ਨਹੀਂ ਕਰ ਸਕਦੇ। ਤਾਂ ਫਿਰ, ਅਸੀਂ ਪ੍ਰਚਾਰ ਕਰ ਕੇ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਿਵੇਂ ਕਰਦੇ ਹਾਂ? ਗੌਰ ਕਰੋ ਕਿ ਯਸਾਯਾਹ ਨਬੀ ਨੇ ਕੀ ਕਿਹਾ: ‘ਸੈਨਾਂ ਦਾ ਯਹੋਵਾਹ, ਉਹ ਨੂੰ ਪਵਿੱਤਰ ਮੰਨੋ।’ (ਯਸਾ. 8:13) ਯਹੋਵਾਹ ਪਰਮੇਸ਼ੁਰ ਦੇ ਨਾਂ ਨੂੰ ਸਭ ਤੋਂ ਉੱਚਾ ਸਮਝ ਕੇ ਅਤੇ ਦੂਜਿਆਂ ਨੂੰ ਇਸ ਦੀ ਪਵਿੱਤਰਤਾ ਬਾਰੇ ਸਮਝਾ ਕੇ ਅਸੀਂ ਉਸ ਦੇ ਨਾਂ ਨੂੰ ਪਵਿੱਤਰ ਕਰਦੇ ਹਾਂ। (ਮੱਤੀ 6:9) ਮਿਸਾਲ ਲਈ, ਅਸੀਂ ਲੋਕਾਂ ਨੂੰ ਯਹੋਵਾਹ ਦੇ ਸ਼ਾਨਦਾਰ ਗੁਣਾਂ ਅਤੇ ਇਨਸਾਨਾਂ ਲਈ ਰੱਖੇ ਉਸ ਦੇ ਮਕਸਦ ਬਾਰੇ ਦੱਸਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਪਰਮੇਸ਼ੁਰ ʼਤੇ ਲਾਏ ਸ਼ੈਤਾਨ ਦੇ ਸਾਰੇ ਝੂਠੇ ਇਲਜ਼ਾਮਾਂ ਦਾ ਭਾਂਡਾ ਭੰਨਦੇ ਹਾਂ। (ਉਤ. 3:1-5) ਨਾਲੇ ਅਸੀਂ ਪਰਮੇਸ਼ੁਰ ਦੇ ਨਾਂ ਨੂੰ ਉਦੋਂ ਵੀ ਪਵਿੱਤਰ ਕਰਦੇ ਹਾਂ ਜਦੋਂ ਅਸੀਂ ਲੋਕਾਂ ਨੂੰ ਸਮਝਾਉਂਦੇ ਹਾਂ ਕਿ ਸਿਰਫ਼ ਯਹੋਵਾਹ ਹੀ ਸ਼ਕਤੀਸ਼ਾਲੀ ਹੈ ਅਤੇ ਉਹ ਹੀ “ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ” ਹੈ। (ਪ੍ਰਕਾ. 4:11) 16 ਸਾਲਾਂ ਤੋਂ ਪਾਇਨੀਅਰਿੰਗ ਕਰ ਰਿਹਾ ਭਰਾ ਰੂਨ ਦੱਸਦਾ ਹੈ: “ਇਸ ਗੱਲ ਬਾਰੇ ਸੋਚ ਕੇ ਮੇਰਾ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ ਕਿ ਮੈਨੂੰ ਸਾਰੇ ਜਹਾਨ ਦੇ ਕਰਤਾਰ ਦਾ ਗਵਾਹ ਬਣਨ ਦਾ ਮੌਕਾ ਮਿਲਿਆ ਹੈ। ਇਹ ਗੱਲ ਯਾਦ ਰੱਖ ਕੇ ਪ੍ਰਚਾਰ ਲਈ ਮੇਰਾ ਜੋਸ਼ ਹੋਰ ਵੀ ਵਧ ਜਾਂਦਾ ਹੈ।”
ਅਸੀਂ ਯਹੋਵਾਹ ਤੇ ਉਸ ਦੇ ਪੁੱਤਰ ਨੂੰ ਪਿਆਰ ਕਰਦੇ ਹਾਂ
5. (ੳ) ਯੂਹੰਨਾ 15:9, 10 ਵਿਚ ਪ੍ਰਚਾਰ ਕਰਨ ਦਾ ਕਿਹੜਾ ਕਾਰਨ ਦੱਸਿਆ ਹੈ? (ਅ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਵੇਂ ਸਮਝਾਇਆ ਕਿ ਉਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਸੀ?
5 ਯੂਹੰਨਾ 15:9, 10 ਪੜ੍ਹੋ। ਰਾਜ ਦਾ ਪ੍ਰਚਾਰ ਕਰਨ ਦਾ ਦੂਸਰਾ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਅਤੇ ਯਿਸੂ ਨੂੰ ਪਿਆਰ ਕਰਦੇ ਹਾਂ। (ਮਰ. 12:30; ਯੂਹੰ. 14:15) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਉਹ ਆਪਣੇ ਆਪ ਨੂੰ ‘ਉਸ ਦੇ ਪਿਆਰ ਦੇ ਲਾਇਕ ਬਣਾਈ ਰੱਖਣ।’ ਯਿਸੂ ਨੇ ਇਹ ਗੱਲ ਕਿਉਂ ਕਹੀ? ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਚੇਲਿਆਂ ਨੂੰ ਸੱਚੇ ਮਸੀਹੀਆਂ ਵਜੋਂ ਜ਼ਿੰਦਗੀ ਜੀਉਣ ਲਈ ਧੀਰਜ ਦੀ ਲੋੜ ਪਵੇਗੀ। ਦਰਅਸਲ, ਯੂਹੰਨਾ 15:4-10 ਵਿਚ ਯਿਸੂ ਨੇ ਕਈ ਵਾਰੀ ‘ਬਣਾਈ ਰੱਖਣ’ ਸ਼ਬਦ ਵਰਤਿਆ ਤਾਂਕਿ ਉਸ ਦੇ ਚੇਲੇ ਸਮਝ ਸਕਣ ਕਿ ਉਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਪਵੇਗੀ।
6. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹ ਦੇ ਪਿਆਰ ਦੇ ਲਾਇਕ ਬਣੇ ਰਹਿਣਾ ਚਾਹੁੰਦੇ ਹਾਂ?
6 ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹ ਦੇ ਪਿਆਰ ਦੇ ਲਾਇਕ ਬਣੇ ਰਹਿਣਾ ਚਾਹੁੰਦੇ ਹਾਂ ਅਤੇ ਉਸ ਦੀ ਮਨਜ਼ੂਰੀ ਪਾਉਣਾ ਚਾਹੁੰਦੇ ਹਾਂ? ਉਸ ਦਾ ਕਹਿਣਾ ਮੰਨ ਕੇ। ਯਿਸੂ ਨੇ ਸਾਨੂੰ ਉਹੀ ਕੰਮ ਕਰਨ ਨੂੰ ਕਹੇ ਜੋ ਉਸ ਨੇ ਆਪ ਕੀਤੇ ਸਨ। ਉਸ ਨੇ ਕਿਹਾ: “ਮੈਂ ਆਪਣੇ ਪਿਤਾ ਦੇ ਹੁਕਮ ਮੰਨ ਕੇ ਆਪਣੇ ਆਪ ਨੂੰ ਉਸ ਦੇ ਪਿਆਰ ਦੇ ਲਾਇਕ ਬਣਾਈ ਰੱਖਦਾ ਹਾਂ।” ਯਿਸੂ ਨੇ ਸਾਡੇ ਲਈ ਮਿਸਾਲ ਕਾਇਮ ਕੀਤੀ।—ਯੂਹੰ. 13:15.
7. ਆਗਿਆਕਾਰੀ ਦਾ ਪਿਆਰ ਨਾਲ ਕੀ ਸੰਬੰਧ ਹੈ?
7 ਯਿਸੂ ਨੇ ਸਮਝਾਇਆ ਕਿ ਆਗਿਆਕਾਰੀ ਦਾ ਸੰਬੰਧ ਪਿਆਰ ਨਾਲ ਹੈ। ਉਸ ਨੇ ਕਿਹਾ: “ਜਿਹੜਾ ਮੇਰੇ ਹੁਕਮਾਂ ਨੂੰ ਕਬੂਲ ਕਰਦਾ ਹੈ ਅਤੇ ਇਨ੍ਹਾਂ ਨੂੰ ਮੰਨਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ।” (ਯੂਹੰ. 14:21) ਯਿਸੂ ਦੇ ਸਾਰੇ ਹੁਕਮ ਉਸ ਦੇ ਪਿਤਾ ਵੱਲੋਂ ਹਨ। ਇਸ ਲਈ ਜਦੋਂ ਅਸੀਂ ਪ੍ਰਚਾਰ ਲਈ ਦਿੱਤਾ ਉਸ ਦਾ ਹੁਕਮ ਮੰਨਦੇ ਹਾਂ, ਤਾਂ ਅਸੀਂ ਯਹੋਵਾਹ ਲਈ ਪਿਆਰ ਵੀ ਦਿਖਾ ਰਹੇ ਹੁੰਦੇ ਹਾਂ। (ਮੱਤੀ 17:5; ਯੂਹੰ. 8:28) ਜਦੋਂ ਅਸੀਂ ਯਹੋਵਾਹ ਅਤੇ ਯਿਸੂ ਨੂੰ ਪਿਆਰ ਦਿਖਾਉਂਦੇ ਹਾਂ, ਤਾਂ ਉਹ ਸਾਨੂੰ ਆਪਣੇ ਪਿਆਰ ਦੇ ਲਾਇਕ ਬਣਾਈ ਰੱਖਦੇ ਹਨ।
ਅਸੀਂ ਲੋਕਾਂ ਨੂੰ ਚੇਤਾਵਨੀ ਦਿੰਦੇ ਹਾਂ
8, 9. (ੳ) ਪ੍ਰਚਾਰ ਕਰਨ ਦਾ ਇਕ ਹੋਰ ਕਾਰਨ ਕਿਹੜਾ ਹੈ? (ਅ) ਹਿਜ਼ਕੀਏਲ 3:18, 19 ਤੇ 18:23 ਵਿਚ ਦਰਜ ਯਹੋਵਾਹ ਦੇ ਸ਼ਬਦ ਸਾਨੂੰ ਪ੍ਰਚਾਰ ਕਰਦੇ ਰਹਿਣ ਦੀ ਹੱਲਾਸ਼ੇਰੀ ਕਿਵੇਂ ਦਿੰਦੇ ਹਨ?
8 ਪ੍ਰਚਾਰ ਕਰਨ ਦਾ ਤੀਜਾ ਕਾਰਨ ਇਹ ਹੈ ਕਿ ਪਰਮੇਸ਼ੁਰ ਦੇ ਆਉਣ ਵਾਲੇ ਦਿਨ ਬਾਰੇ ਅਸੀਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ। ਬਾਈਬਲ ਵਿਚ ਨੂਹ ਨੂੰ ‘ਧਾਰਮਿਕਤਾ ਦਾ ਪ੍ਰਚਾਰਕ’ ਕਿਹਾ ਗਿਆ ਹੈ। (2 ਪਤਰਸ 2:5 ਪੜ੍ਹੋ।) ਜਲ-ਪਰਲੋ ਆਉਣ ਤੋਂ ਪਹਿਲਾਂ, ਨੂਹ ਨੇ ਆਪਣੇ ਸੰਦੇਸ਼ ਵਿਚ ਆਉਣ ਵਾਲੇ ਵਿਨਾਸ਼ ਬਾਰੇ ਚੇਤਾਵਨੀ ਵੀ ਦਿੱਤੀ ਹੋਣੀ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਿਸੂ ਨੇ ਕਿਹਾ: “ਜਲ-ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿਚ ਲੋਕ ਖਾਂਦੇ-ਪੀਂਦੇ ਸਨ, ਆਦਮੀ ਵਿਆਹ ਕਰਾਉਂਦੇ ਸਨ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ, ਅਤੇ ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ। ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਵੀ ਇਸੇ ਤਰ੍ਹਾਂ ਹੋਵੇਗਾ।” (ਮੱਤੀ 24:38, 39) ਭਾਵੇਂ ਕਿ ਜ਼ਿਆਦਾਤਰ ਲੋਕਾਂ ਨੇ ਨੂਹ ਨੂੰ ਨਜ਼ਰਅੰਦਾਜ਼ ਕੀਤਾ, ਪਰ ਫਿਰ ਵੀ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਵੱਲੋਂ ਮਿਲਿਆਂ ਚੇਤਾਵਨੀ ਦਾ ਸੰਦੇਸ਼ ਸੁਣਾਉਂਦਾ ਰਿਹਾ।
9 ਅੱਜ ਅਸੀਂ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾ ਕੇ ਇਹ ਜਾਣਨ ਦਾ ਮੌਕਾ ਦਿੰਦੇ ਹਾਂ ਕਿ ਪਰਮੇਸ਼ੁਰ ਆਉਣ ਵਾਲੇ ਸਮੇਂ ਵਿਚ ਮਨੁੱਖਜਾਤੀ ਲਈ ਕੀ ਕਰੇਗਾ। ਯਹੋਵਾਹ ਵਾਂਗ ਅਸੀਂ ਵੀ ਚਾਹੁੰਦੇ ਹਾਂ ਕਿ ਲੋਕ ਇਸ ਸੰਦੇਸ਼ ਵੱਲ ਧਿਆਨ ਦੇ ਕੇ ‘ਜੀਉਂਦੇ ਰਹਿਣ।’ (ਹਿਜ਼. 18:23) ਘਰ-ਘਰ ਅਤੇ ਖੁੱਲ੍ਹੇ-ਆਮ ਗਵਾਹੀ ਦੇ ਕੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਇਸ ਦੁਸ਼ਟ ਦੁਨੀਆਂ ਦਾ ਖ਼ਾਤਮਾ ਕਰੇਗਾ।—ਹਿਜ਼. 3:18, 19; ਦਾਨੀ. 2:44; ਪ੍ਰਕਾ. 14:6, 7.
ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ
10. (ੳ) ਮੱਤੀ 22:39 ਵਿਚ ਪ੍ਰਚਾਰ ਕਰਨ ਦਾ ਕਿਹੜਾ ਕਾਰਨ ਦੱਸਿਆ ਗਿਆ ਹੈ? (ਅ) ਫ਼ਿਲਿੱਪੈ ਵਿਚ ਪੌਲੁਸ ਤੇ ਸੀਲਾਸ ਨੇ ਜੇਲ੍ਹਰ ਦੀ ਮਦਦ ਕਿਵੇਂ ਕੀਤੀ?
10 ਪ੍ਰਚਾਰ ਕਰਨ ਦਾ ਚੌਥਾ ਕਾਰਨ ਇਹ ਹੈ ਕਿ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ। (ਮੱਤੀ 22:39) ਪਿਆਰ ਹੋਣ ਕਰਕੇ ਅਸੀਂ ਲੋਕਾਂ ਨੂੰ ਪ੍ਰਚਾਰ ਕਰਦੇ ਰਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਹਾਲਤ ਬਦਲਣ ʼਤੇ ਲੋਕਾਂ ਦਾ ਰਵੱਈਆ ਵੀ ਬਦਲ ਜਾਂਦਾ ਹੈ। ਮਿਸਾਲ ਲਈ, ਫ਼ਿਲਿੱਪੈ ਸ਼ਹਿਰ ਵਿਚ ਵਿਰੋਧੀਆਂ ਨੇ ਪੌਲੁਸ ਤੇ ਸੀਲਾਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਪਰ ਅੱਧੀ ਰਾਤ ਨੂੰ ਭੁਚਾਲ਼ ਆਉਣ ਕਰਕੇ ਜੇਲ੍ਹ ਦੀਆਂ ਨੀਂਹਾਂ ਤਕ ਹਿੱਲ ਗਈਆਂ ਅਤੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਗਏ। ਜੇਲ੍ਹਰ ਨੂੰ ਲੱਗਾ ਕਿ ਸਾਰੇ ਕੈਦੀ ਭੱਜ ਗਏ ਹਨ ਇਸ ਲਈ ਉਹ ਡਰਦੇ ਮਾਰੇ ਆਪਣੇ ਆਪ ਨੂੰ ਜਾਨੋਂ ਮਾਰਨ ਲੱਗਾ। ਪਰ ਪੌਲੁਸ ਨੇ ਉਸ ਨੂੰ ਰੋਕਿਆ ਅਤੇ ਉੱਚੀ ਦੇਣੀ ਕਿਹਾ: “ਆਪਣੀ ਜਾਨ ਨਾ ਲੈ!” ਜੇਲ੍ਹਰ ਨੇ ਪੁੱਛਿਆ: “ਮੈਨੂੰ ਦੱਸੋ ਕਿ ਮੈਂ ਮੁਕਤੀ ਪਾਉਣ ਲਈ ਕੀ ਕਰਾਂ?” ਪੌਲੁਸ ਤੇ ਸੀਲਾਸ ਨੇ ਉਸ ਨੂੰ ਕਿਹਾ: “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ, ਫਿਰ ਤੂੰ ਅਤੇ ਤੇਰਾ ਪਰਿਵਾਰ ਬਚਾਇਆ ਜਾਵੇਗਾ।”—ਰਸੂ. 16:25-34.
11, 12. (ੳ) ਜੇਲ੍ਹਰ ਦੀ ਮਿਸਾਲ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? (ਅ) ਅਸੀਂ ਪ੍ਰਚਾਰ ਕਿਉਂ ਕਰਦੇ ਰਹਿਣਾ ਚਾਹੁੰਦੇ ਹਾਂ?
11 ਜੇਲ੍ਹਰ ਦੀ ਮਿਸਾਲ ਤੋਂ ਸਾਨੂੰ ਪ੍ਰਚਾਰ ਦੇ ਕੰਮ ਬਾਰੇ ਕੀ ਸਿੱਖਣ ਨੂੰ ਮਿਲਦਾ ਹੈ? ਗੌਰ ਕਰੋ ਕਿ ਭੁਚਾਲ਼ ਆਉਣ ਤੋਂ ਬਾਅਦ ਹੀ ਜੇਲ੍ਹਰ ਦਾ ਰਵੱਈਆ ਬਦਲਿਆ ਤੇ ਉਸ ਨੇ ਮਦਦ ਮੰਗੀ। ਬਿਲਕੁਲ ਇਸੇ ਤਰ੍ਹਾਂ, ਕੁਝ ਲੋਕ ਜਿਹੜੇ ਬਾਈਬਲ ਦਾ ਸੰਦੇਸ਼ ਨਹੀਂ ਸੁਣਨਾ ਚਾਹੁੰਦੇ ਉਨ੍ਹਾਂ ਦਾ ਰਵੱਈਆ ਬਦਲ ਸਕਦਾ ਹੈ। ਜ਼ਿੰਦਗੀ ਵਿਚ ਮੁਸ਼ਕਲਾਂ ਦਾ ਭੁਚਾਲ਼ ਆਉਣ ʼਤੇ ਉਹ ਸ਼ਾਇਦ ਮਦਦ ਲੈਣੀ ਚਾਹੁਣ। ਮਿਸਾਲ ਲਈ, ਕੁਝ ਲੋਕ ਨੌਕਰੀ ਛੁੱਟਣ ਕਰਕੇ ਜਾਂ ਜੀਵਨ ਸਾਥੀ ਤੋਂ ਤਲਾਕ ਹੋਣ ਕਰਕੇ ਸਦਮੇ ਵਿਚ ਹੋਣ। ਹੋਰ ਲੋਕ ਸ਼ਾਇਦ ਗੰਭੀਰ ਬੀਮਾਰੀ ਲੱਗਣ ਕਰਕੇ ਜਾਂ ਆਪਣੇ ਕਿਸੇ ਪਿਆਰੇ ਦੀ ਮੌਤ ਕਰਕੇ ਨਿਰਾਸ਼ ਹੋਣ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ, ਤਾਂ ਉਹ ਸ਼ਾਇਦ ਜ਼ਿੰਦਗੀ ਬਾਰੇ ਅਜਿਹੇ ਸਵਾਲ ਪੁੱਛਣੇ ਸ਼ੁਰੂ ਕਰਨ ਜਿਨ੍ਹਾਂ ਬਾਰੇ ਉਨ੍ਹਾਂ ਨੇ ਪਹਿਲਾਂ ਕਦੇ ਸੋਚਿਆ ਹੀ ਨਾ ਹੋਵੇ। ਸ਼ਾਇਦ ਉਹ ਪੁੱਛਣ, ‘ਮੈਨੂੰ ਆਪਣੇ ਬਚਾਅ ਲਈ ਕੀ ਕਰਨਾ ਚਾਹੀਦਾ ਹੈ?’ ਸ਼ਾਇਦ ਉਹ ਜ਼ਿੰਦਗੀ ਵਿਚ ਪਹਿਲੀ ਵਾਰ ਸਾਡੇ ਸੰਦੇਸ਼ ਨੂੰ ਸੁਣਨ ਜਿਸ ਤੋਂ ਉਨ੍ਹਾਂ ਨੂੰ ਉਮੀਦ ਮਿਲ ਸਕਦੀ ਹੈ।
12 ਜੇ ਅਸੀਂ ਵਫ਼ਾਦਾਰੀ ਨਾਲ ਪ੍ਰਚਾਰ ਕਰਦੇ ਰਹਿੰਦੇ ਹਾਂ, ਤਾਂ ਅਸੀਂ ਉਦੋਂ ਵੀ ਲੋਕਾਂ ਨੂੰ ਸੰਦੇਸ਼ ਦੱਸਾਂਗੇ ਜਦੋਂ ਉਹ ਹਾਲਾਤ ਬਦਲਣ ʼਤੇ ਸੁਣਨਾ ਚਾਹੁੰਣਗੇ ਅਤੇ ਦਿਲਾਸਾ ਪਾਉਣਾ ਚਾਹੁਣਗੇ। (ਯਸਾ. 61:1) 38 ਸਾਲਾਂ ਤੋਂ ਪਾਇਨੀਅਰਿੰਗ ਕਰ ਰਹੀ ਭੈਣ ਸ਼ਾਰਲਟ ਕਹਿੰਦੀ ਹੈ: “ਅੱਜ ਲੋਕਾਂ ਨੂੰ ਕੋਈ ਸੁੱਧ-ਬੁੱਧ ਨਹੀਂ ਹੈ। ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੈ।” ਏਵੋਰ, ਜੋ 34 ਸਾਲਾਂ ਤੋਂ ਪਾਇਨੀਅਰ ਹੈ, ਕਹਿੰਦੀ ਹੈ: “ਅੱਜ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਿਰਾਸ਼ ਹਨ। ਮੈਂ ਦਿਲੋਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੀ ਹਾਂ ਜਿਸ ਕਰਕੇ ਮੈਨੂੰ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪ੍ਰਚਾਰ ਕਰਨ ਦਾ ਇਕ ਜ਼ਬਰਦਸਤ ਕਾਰਨ ਇਹ ਹੈ ਕਿ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ!
ਧੀਰਜ ਰੱਖਣ ਵਿਚ ਮਦਦ ਕਰਨ ਵਾਲੇ ਤੋਹਫ਼ੇ
13, 14. (ੳ) ਯੂਹੰਨਾ 15:11 ਵਿਚ ਕਿਹੜੇ ਤੋਹਫ਼ੇ ਬਾਰੇ ਦੱਸਿਆ ਗਿਆ ਹੈ? (ਅ) ਅਸੀਂ ਉਹ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ ਜੋ ਯਿਸੂ ਕੋਲ ਹੈ? (ੲ) ਖ਼ੁਸ਼ ਹੋਣ ਕਰਕੇ ਸਾਨੂੰ ਪ੍ਰਚਾਰ ਕਰਨ ਵਿਚ ਮਦਦ ਕਿਵੇਂ ਮਿਲਦੀ ਹੈ?
13 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਰਸੂਲਾਂ ਨਾਲ ਗੱਲ ਕਰਦਿਆਂ ਕੁਝ ਤੋਹਫ਼ਿਆਂ ਦਾ ਜ਼ਿਕਰ ਕੀਤਾ ਸੀ। ਇਨ੍ਹਾਂ ਤੋਹਫ਼ਿਆਂ ਦੀ ਮਦਦ ਨਾਲ ਰਸੂਲ ਫਲ ਦਿੰਦੇ ਰਹਿ ਸਕਦੇ ਸਨ। ਇਹ ਤੋਹਫ਼ੇ ਕਿਹੜੇ ਹਨ ਅਤੇ ਇਹ ਤੋਹਫ਼ੇ ਅੱਜ ਸਾਡੀ ਮਦਦ ਕਿਵੇਂ ਕਰ ਸਕਦੇ ਹਨ?
14 ਖ਼ੁਸ਼ੀ ਦਾ ਤੋਹਫ਼ਾ। ਕੀ ਪ੍ਰਚਾਰ ਦਾ ਕੰਮ ਕਰਨਾ ਸਾਡੇ ਲਈ ਇਕ ਬੋਝ ਹੈ? ਕਦੇ ਵੀ ਨਹੀਂ। ਅੰਗੂਰੀ ਵੇਲ ਦੀ ਮਿਸਾਲ ਦੇਣ ਤੋਂ ਬਾਅਦ ਯਿਸੂ ਨੇ ਕਿਹਾ ਕਿ ਪ੍ਰਚਾਰ ਕਰ ਕੇ ਸਾਨੂੰ ਉਹ ਖ਼ੁਸ਼ੀ ਮਿਲੇਗੀ ਜੋ ਉਸ ਨੂੰ ਮਿਲੀ ਸੀ। (ਯੂਹੰਨਾ 15:11 ਪੜ੍ਹੋ।) ਪਰ ਉਹ ਕਿਵੇਂ? ਯਿਸੂ ਦੀ ਮਿਸਾਲ ਯਾਦ ਕਰੋ, ਉਸ ਨੇ ਆਪਣੀ ਤੁਲਨਾ ਅੰਗੂਰੀ ਵੇਲ ਨਾਲ ਕੀਤੀ ਸੀ ਅਤੇ ਆਪਣੇ ਚੇਲਿਆਂ ਦੀ ਤੁਲਨਾ ਟਾਹਣੀਆਂ ਨਾਲ। ਟਾਹਣੀਆਂ ਨੂੰ ਪਾਣੀ ਅਤੇ ਪੌਸ਼ਟਿਕ ਤੱਤ ਉਦੋਂ ਤਕ ਹੀ ਮਿਲਣਗੇ, ਜਦੋਂ ਤਕ ਉਹ ਅੰਗੂਰੀ ਵੇਲ ਨਾਲ ਜੁੜੀਆਂ ਰਹਿਣਗੀਆਂ। ਇਸੇ ਤਰ੍ਹਾਂ ਅਸੀਂ ਯਿਸੂ ਵਰਗੀ ਖ਼ੁਸ਼ੀ ਉਦੋਂ ਤਕ ਹੀ ਪਾ ਸਕਾਂਗੇ, ਜਦੋਂ ਤਕ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਰਹਾਂਗੇ ਅਤੇ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਦੇ ਰਹਾਂਗੇ। ਇਹ ਉਹ ਖ਼ੁਸ਼ੀ ਹੈ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਮਿਲਦੀ ਹੈ। (ਯੂਹੰ. 4:34; 17:13; 1 ਪਤ. 2:21) ਭੈਣ ਹੈਨਾ ਨੂੰ ਪਾਇਨੀਅਰਿੰਗ ਕਰਦਿਆਂ 40 ਤੋਂ ਜ਼ਿਆਦਾ ਸਾਲ ਹੋ ਗਏ ਹਨ ਅਤੇ ਉਹ ਦੱਸਦੀ ਹੈ: “ਜੋ ਖ਼ੁਸ਼ੀ ਮੈਨੂੰ ਪ੍ਰਚਾਰ ਕਰ ਕੇ ਮਿਲਦੀ ਹੈ, ਉਸ ਖ਼ੁਸ਼ੀ ਤੋਂ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ।” ਖ਼ੁਸ਼ ਹੋਣ ਕਰਕੇ ਸਾਨੂੰ ਉਦੋਂ ਵੀ ਪ੍ਰਚਾਰ ਕਰਦੇ ਰਹਿਣ ਦੀ ਤਾਕਤ ਮਿਲਦੀ ਹੈ ਜਦੋਂ ਜ਼ਿਆਦਾਤਰ ਲੋਕ ਸਾਡੀ ਗੱਲ ਨਹੀਂ ਸੁਣਦੇ।—ਮੱਤੀ 5:10-12.
15. (ੳ) ਯੂਹੰਨਾ 14:27 ਵਿਚ ਕਿਹੜੇ ਤੋਹਫ਼ੇ ਬਾਰੇ ਦੱਸਿਆ ਗਿਆ ਹੈ? (ਅ) ਫਲ ਦਿੰਦੇ ਰਹਿਣ ਲਈ ਸ਼ਾਂਤੀ ਦਾ ਗੁਣ ਸਾਡੀ ਮਦਦ ਕਿਵੇਂ ਕਰਦਾ ਹੈ?
15 ਸ਼ਾਂਤੀ ਦਾ ਤੋਹਫ਼ਾ। (ਯੂਹੰਨਾ 14:27 ਪੜ੍ਹੋ।) ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਆਪਣੇ ਰਸੂਲਾਂ ਨੂੰ ਕਿਹਾ: “ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ।” ਯਿਸੂ ਦੀ ਸ਼ਾਂਤੀ ਪ੍ਰਚਾਰ ਕਰਦੇ ਰਹਿਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ? ਪ੍ਰਚਾਰ ਕਰ ਕੇ ਸਾਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਕੰਮ ਕਰ ਕੇ ਅਸੀਂ ਯਹੋਵਾਹ ਅਤੇ ਯਿਸੂ ਦਾ ਜੀ ਖ਼ੁਸ਼ ਕਰ ਰਹੇ ਹੁੰਦੇ ਹਾਂ। (ਜ਼ਬੂ. 149:4; ਰੋਮੀ. 5:3, 4; ਕੁਲੁ. 3:15) ਉਲਫ਼, ਜੋ 45 ਸਾਲਾਂ ਤੋਂ ਪਾਇਨੀਅਰ ਹੈ, ਕਹਿੰਦਾ ਹੈ: “ਚਾਹੇ ਪ੍ਰਚਾਰ ਕਰ ਕੇ ਮੈਂ ਥੱਕ ਜਾਂਦਾ ਹਾਂ, ਪਰ ਫਿਰ ਵੀ ਇਸ ਤੋਂ ਮੈਨੂੰ ਖ਼ੁਸ਼ੀ ਮਿਲਦੀ ਹੈ ਅਤੇ ਇਸ ਨਾਲ ਮੇਰੀ ਜ਼ਿੰਦਗੀ ਨੂੰ ਮਕਸਦ ਮਿਲਿਆ ਹੈ।” ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਕਦੇ ਨਾ ਖ਼ਤਮ ਹੋਣ ਵਾਲੀ ਸ਼ਾਂਤੀ ਮਿਲੀ ਹੈ!
16. (ੳ) ਯੂਹੰਨਾ 15:15 ਵਿਚ ਕਿਹੜੇ ਤੋਹਫ਼ੇ ਬਾਰੇ ਦੱਸਿਆ ਗਿਆ ਹੈ? (ਅ) ਰਸੂਲ ਯਿਸੂ ਦੇ ਦੋਸਤ ਕਿਵੇਂ ਬਣੇ ਰਹਿ ਸਕਦੇ ਸਨ?
16 ਦੋਸਤੀ ਦਾ ਤੋਹਫ਼ਾ। ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ ਕਿ “ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।” ਇਹ ਗੱਲ ਕਹਿਣ ਤੋਂ ਬਾਅਦ ਯਿਸੂ ਨੇ ਸਮਝਾਇਆ ਕਿ ਰਸੂਲਾਂ ਲਈ ਨਿਰਸੁਆਰਥ ਪਿਆਰ ਦਿਖਾਉਣਾ ਕਿਉਂ ਜ਼ਰੂਰੀ ਸੀ। (ਯੂਹੰ. 15:11-13) ਫਿਰ ਉਸ ਨੇ ਕਿਹਾ: “ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ।” ਯਿਸੂ ਦੇ ਦੋਸਤ ਬਣਨਾ ਕਿੰਨਾ ਹੀ ਅਨਮੋਲ ਤੋਹਫ਼ਾ! ਪਰ ਰਸੂਲ ਯਿਸੂ ਦੇ ਦੋਸਤ ਕਿਵੇਂ ਬਣੇ ਰਹਿ ਸਕਦੇ ਸਨ? ਯਿਸੂ ਨੇ ਸਮਝਾਇਆ: “ਵਧਦੇ ਜਾਓ ਅਤੇ ਫਲ ਦਿੰਦੇ ਰਹੋ।” (ਯੂਹੰਨਾ 15:14-16 ਪੜ੍ਹੋ।) ਦੂਸਰੇ ਤਰੀਕੇ ਨਾਲ ਕਹੀਏ, ਤਾਂ ਪ੍ਰਚਾਰ ਕਰਦੇ ਰਹੋ। ਇਹ ਗੱਲ ਕਹਿਣ ਤੋਂ ਲਗਭਗ ਦੋ ਸਾਲ ਪਹਿਲਾਂ ਉਸ ਨੇ ਆਪਣੇ ਰਸੂਲਾਂ ਨੂੰ ਕਿਹਾ: “ਜਾਓ ਅਤੇ ਇਹ ਪ੍ਰਚਾਰ ਕਰੋ: ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ।’” (ਮੱਤੀ 10:7) ਇਸ ਲਈ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਆਪਣੇ ਚੇਲਿਆਂ ਨੂੰ ਧੀਰਜ ਨਾਲ ਪ੍ਰਚਾਰ ਕਰਦੇ ਰਹਿਣ ਲਈ ਕਿਹਾ। (ਮੱਤੀ 24:13; ਮਰ. 3:14) ਪਰ ਯਿਸੂ ਜਾਣਦਾ ਸੀ ਕਿ ਇਹ ਸੌਖਾ ਨਹੀਂ ਸੀ। ਪਰ ਉਹ ਸਫ਼ਲ ਹੋ ਸਕਦੇ ਸਨ ਅਤੇ ਉਸ ਦੇ ਦੋਸਤ ਬਣੇ ਰਹਿ ਸਕਦੇ ਸਨ। ਕਿਵੇਂ? ਇਕ ਹੋਰ ਤੋਹਫ਼ੇ ਦੀ ਮਦਦ ਨਾਲ।
17, 18. (ੳ) ਯੂਹੰਨਾ 15:7 ਵਿਚ ਕਿਹੜੇ ਤੋਹਫ਼ੇ ਬਾਰੇ ਦੱਸਿਆ ਗਿਆ ਹੈ? (ਅ) ਇਸ ਤੋਹਫ਼ੇ ਸਦਕਾ ਚੇਲਿਆਂ ਦੀ ਮਦਦ ਕਿਵੇਂ ਹੋਈ? (ੲ) ਅੱਜ ਕਿਹੜੇ ਤੋਹਫ਼ਿਆਂ ਸਦਕਾ ਸਾਡੀ ਮਦਦ ਹੁੰਦੀ ਹੈ?
17 ਪ੍ਰਾਰਥਨਾ ਦੇ ਜਵਾਬ ਦਾ ਤੋਹਫ਼ਾ। ਯਿਸੂ ਨੇ ਕਿਹਾ: “ਤੁਸੀਂ ਜੋ ਵੀ ਮੰਗੋਗੇ, ਤੁਹਾਨੂੰ ਦਿੱਤਾ ਜਾਵੇਗਾ।” (ਯੂਹੰ. 15:7, 16) ਯਿਸੂ ਦਾ ਇਹ ਵਾਅਦਾ ਸੁਣ ਕੇ ਰਸੂਲਾਂ ਦਾ ਹੌਸਲਾ ਜ਼ਰੂਰ ਬੁਲੰਦ ਹੋਇਆ ਹੋਣਾ!a ਰਸੂਲਾਂ ਨੂੰ ਇਸ ਗੱਲ ਦੀ ਪੂਰੀ ਸਮਝ ਨਹੀਂ ਸੀ ਕਿ ਯਿਸੂ ਜਲਦੀ ਹੀ ਮਰਨ ਵਾਲਾ ਸੀ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਯਿਸੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ ਹੋਣਾ। ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਦੇਣ ਲਈ ਅਤੇ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਸੀ। ਪਰਮੇਸ਼ੁਰ ਨੇ ਇਹੀ ਕੀਤਾ। ਯਿਸੂ ਦੀ ਮੌਤ ਤੋਂ ਜਲਦੀ ਬਾਅਦ ਰਸੂਲਾਂ ਨੇ ਦਲੇਰੀ ਲਈ ਯਹੋਵਾਹ ਅੱਗੇ ਤਰਲੇ ਕੀਤੇ ਅਤੇ ਯਹੋਵਾਹ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ।—ਰਸੂ. 4:29, 31.
18 ਇਹ ਗੱਲ ਅੱਜ ਵੀ ਸੱਚ ਹੈ। ਧੀਰਜ ਨਾਲ ਪ੍ਰਚਾਰ ਕਰ ਕੇ ਅਸੀਂ ਯਿਸੂ ਦੇ ਦੋਸਤ ਬਣੇ ਰਹਿੰਦੇ ਹਾਂ। ਨਾਲੇ ਜਦੋਂ ਸਾਨੂੰ ਪ੍ਰਚਾਰ ਕਰਨਾ ਔਖਾ ਲੱਗਦਾ ਹੈ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਮਦਦ ਲਈ ਕੀਤੀਆਂ ਸਾਡੀਆਂ ਬੇਨਤੀਆਂ ਦਾ ਜਵਾਬ ਦੇਣ ਲਈ ਤਿਆਰ ਹੈ। (ਫ਼ਿਲਿ. 4:13) ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਅਤੇ ਯਿਸੂ ਸਾਡਾ ਦੋਸਤ ਹੈ। ਇਨ੍ਹਾਂ ਤੋਹਫ਼ਿਆਂ ਦੀ ਮਦਦ ਨਾਲ ਸਾਨੂੰ ਫਲ ਦਿੰਦੇ ਰਹਿਣ ਦੀ ਹਿੰਮਤ ਮਿਲਦੀ ਹੈ।—ਯਾਕੂ. 1:17.
19. (ੳ) ਅਸੀਂ ਪ੍ਰਚਾਰ ਵਿਚ ਕਿਉਂ ਲੱਗੇ ਰਹਿੰਦੇ ਹਾਂ? (ਅ) ਪਰਮੇਸ਼ੁਰ ਤੋਂ ਮਿਲੇ ਕੰਮ ਨੂੰ ਪੂਰਾ ਕਰਨ ਲਈ ਕਿਹੜੀਆਂ ਗੱਲਾਂ ਸਾਡੀ ਮਦਦ ਕਰਦੀਆਂ ਹਨ?
19 ਅਸੀਂ ਇਸ ਲੇਖ ਵਿਚ ਪ੍ਰਚਾਰ ਕਰਨ ਦੇ ਚਾਰ ਕਾਰਨਾਂ ʼਤੇ ਗੌਰ ਕੀਤਾ ਹੈ: (1) ਯਹੋਵਾਹ ਦੀ ਮਹਿਮਾ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰਨਾ, (2) ਯਹੋਵਾਹ ਅਤੇ ਯਿਸੂ ਲਈ ਆਪਣੇ ਪਿਆਰ ਦਾ ਸਬੂਤ ਦੇਣਾ, (3) ਲੋਕਾਂ ਨੂੰ ਚੇਤਾਵਨੀ ਦੇਣੀ ਅਤੇ (4) ਲੋਕਾਂ ਲਈ ਆਪਣਾ ਪਿਆਰ ਦਿਖਾਉਣਾ। ਅਸੀਂ ਚਾਰ ਤੋਹਫ਼ਿਆਂ ਬਾਰੇ ਵੀ ਸਿੱਖਿਆ ਹੈ: ਖ਼ੁਸ਼ੀ, ਸ਼ਾਂਤੀ, ਦੋਸਤੀ ਅਤੇ ਪ੍ਰਾਰਥਨਾਵਾਂ ਦੇ ਜਵਾਬ। ਇਨ੍ਹਾਂ ਤੋਹਫ਼ਿਆਂ ਦੀ ਮਦਦ ਸਦਕਾ ਸਾਨੂੰ ਪਰਮੇਸ਼ੁਰ ਤੋਂ ਮਿਲੇ ਕੰਮ ਨੂੰ ਪੂਰਾ ਕਰਨ ਲਈ ਹਿੰਮਤ ਮਿਲਦੀ ਹੈ। ਯਹੋਵਾਹ ਸਾਡੀਆਂ ਅਣਥੱਕ ਕੋਸ਼ਿਸ਼ਾਂ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ ਜੋ ਅਸੀਂ “ਫਲ ਦਿੰਦੇ” ਰਹਿਣ ਲਈ ਕਰਦੇ ਹਾਂ।
a ਆਪਣੇ ਚੇਲਿਆਂ ਨਾਲ ਗੱਲ ਕਰਦਿਆਂ ਯਿਸੂ ਨੇ ਉਨ੍ਹਾਂ ਨੂੰ ਕਈ ਵਾਰ ਕਿਹਾ ਕਿ ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ।—ਯੂਹੰ. 14:13; 15:7, 16; 16:23.