ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਿਉਂ ਕਰੀਏ?
ਯਿਸੂ ਅਕਸਰ ਪ੍ਰਾਰਥਨਾ ਕਰਨੀ ਸਿਖਾਉਂਦਾ ਹੁੰਦਾ ਸੀ। ਉਸ ਦੇ ਜ਼ਮਾਨੇ ਵਿਚ ਯਹੂਦੀ ਧਾਰਮਿਕ ਆਗੂ “ਚੌਂਕਾਂ ਵਿਚ ਖੜ੍ਹ ਕੇ ਪ੍ਰਾਰਥਨਾ” ਕਰਦੇ ਸਨ। ਕਿਉਂ? “ਲੋਕਾਂ ਨੂੰ ਦਿਖਾਉਣ ਲਈ।” ਉਹ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਦੀ ਸ਼ਰਧਾ ਨੂੰ ਦੇਖ ਕੇ ਉਨ੍ਹਾਂ ਦੀ ਵਾਹ-ਵਾਹ ਕਰਨ। ਉਹ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਦੇ ਸਨ ਅਤੇ ਇੱਕੋ ਗੱਲ ਵਾਰ-ਵਾਰ ਦੁਹਰਾਉਂਦੇ ਸਨ ਕਿਉਂਕਿ ‘ਉਹ ਸੋਚਦੇ ਸਨ ਕਿ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ।’ (ਮੱਤੀ 6:5-8) ਯਿਸੂ ਨੇ ਦੱਸਿਆ ਕਿ ਇਹੋ ਜਿਹੀਆਂ ਪ੍ਰਾਰਥਨਾਵਾਂ ਫ਼ਜ਼ੂਲ ਹਨ। ਨਾਲੇ ਉਸ ਨੇ ਨੇਕਦਿਲ ਲੋਕਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਨ੍ਹਾਂ ਨੂੰ ਪ੍ਰਾਰਥਨਾ ਕਰਦੇ ਵੇਲੇ ਕੀ ਨਹੀਂ ਕਰਨਾ ਚਾਹੀਦਾ। ਉਸ ਨੇ ਉਨ੍ਹਾਂ ਨੂੰ ਇਹ ਵੀ ਸਿਖਾਇਆ ਕਿ ਉਨ੍ਹਾਂ ਨੂੰ ਪ੍ਰਾਰਥਨਾ ਕਿੱਦਾਂ ਕਰਨੀ ਚਾਹੀਦੀ ਹੈ।
ਯਿਸੂ ਨੇ ਸਿਖਾਇਆ ਕਿ ਸਾਡੀਆਂ ਪ੍ਰਾਰਥਨਾਵਾਂ ਤੋਂ ਸਾਡੀ ਇਹ ਇੱਛਾ ਜ਼ਾਹਰ ਹੋਣੀ ਚਾਹੀਦੀ ਹੈ ਕਿ ਪਰਮੇਸ਼ੁਰ ਦਾ ਨਾਂ ਪਵਿੱਤਰ ਕੀਤਾ ਜਾਵੇ, ਉਸ ਦਾ ਰਾਜ ਆਵੇ ਤੇ ਉਸ ਦੀ ਇੱਛਾ ਪੂਰੀ ਹੋਵੇ। ਨਾਲੇ ਯਿਸੂ ਨੇ ਇਹ ਵੀ ਸਿਖਾਇਆ ਕਿ ਅਸੀਂ ਯਹੋਵਾਹ ਨੂੰ ਆਪਣੀਆਂ ਲੋੜਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। (ਮੱਤੀ 6:9-13; ਲੂਕਾ 11:2-4) ਯਿਸੂ ਨੇ ਕਈ ਮਿਸਾਲਾਂ ਦੇ ਕੇ ਸਮਝਾਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ, ਤਾਂ ਸਾਨੂੰ ਨਿਹਚਾ ਰੱਖਣ ਤੇ ਨਿਮਰ ਹੋਣ ਦੇ ਨਾਲ-ਨਾਲ ਲਗਾਤਾਰ ਪ੍ਰਾਰਥਨਾ ਕਰਨ ਦੀ ਲੋੜ ਹੈ। (ਲੂਕਾ 11:5-13; 18:1-14) ਇਸ ਮਾਮਲੇ ਵਿਚ ਯਿਸੂ ਨੇ ਸਾਡੇ ਲਈ ਇਕ ਵਧੀਆ ਮਿਸਾਲ ਰੱਖੀ।—ਮੱਤੀ 14:23; ਮਰਕੁਸ 1:35.
ਬਿਨਾਂ ਸ਼ੱਕ, ਯਿਸੂ ਦੀ ਇਸ ਸਿੱਖਿਆ ਕਰਕੇ ਉਸ ਦੇ ਚੇਲਿਆਂ ਦੀਆਂ ਪ੍ਰਾਰਥਨਾਵਾਂ ਵਿਚ ਬਹੁਤ ਸੁਧਾਰ ਆਇਆ ਹੋਣਾ। ਪਰ ਪ੍ਰਾਰਥਨਾ ਕਰਨ ਦੇ ਮਾਮਲੇ ਵਿਚ ਸਭ ਤੋਂ ਅਹਿਮ ਸਬਕ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਸਿਖਾਇਆ।
“ਪ੍ਰਾਰਥਨਾ ਕਰਨ ਦੇ ਮਾਮਲੇ ਵਿਚ ਵੱਡਾ ਬਦਲਾਅ”
ਯਿਸੂ ਨੇ ਆਪਣੀ ਆਖ਼ਰੀ ਰਾਤ ਆਪਣੇ ਰਸੂਲਾਂ ਦੀ ਹੌਸਲਾ-ਅਫ਼ਜ਼ਾਈ ਕਰਨ ਵਿਚ ਲਾਈ। ਹੁਣ ਉਹ ਵੇਲਾ ਆ ਗਿਆ ਸੀ ਜਦੋਂ ਉਸ ਨੇ ਉਨ੍ਹਾਂ ਨੂੰ ਇਕ ਅਹਿਮ ਗੱਲ ਦੱਸਣੀ ਸੀ। ਯਿਸੂ ਨੇ ਕਿਹਾ: “ਮੈਂ ਹੀ ਰਾਹ, ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।” ਬਾਅਦ ਵਿਚ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ: “ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ ਤਾਂਕਿ ਪੁੱਤਰ ਦੇ ਰਾਹੀਂ ਪਿਤਾ ਦੀ ਮਹਿਮਾ ਹੋਵੇ। ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ।” ਆਪਣੀ ਗੱਲਬਾਤ ਦੇ ਅਖ਼ੀਰ ਵਿਚ ਉਸ ਨੇ ਕਿਹਾ: “ਹੁਣ ਤਕ ਤੁਸੀਂ ਮੇਰੇ ਨਾਂ ʼਤੇ ਕੁਝ ਵੀ ਨਹੀਂ ਮੰਗਿਆ ਹੈ। ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਤਾਂਕਿ ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।”—ਯੂਹੰਨਾ 14:6, 13, 14; 16:24.
ਯਿਸੂ ਦੇ ਇਹ ਸ਼ਬਦ ਬਹੁਤ ਅਹਿਮ ਸਨ। ਬਾਈਬਲ ਦੇ ਇਕ ਸ਼ਬਦ-ਕੋਸ਼ ਮੁਤਾਬਕ ਇਹ “ਪ੍ਰਾਰਥਨਾ ਦੇ ਮਾਮਲੇ ਵਿਚ ਵੱਡਾ ਬਦਲਾਅ ਸੀ।” ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਹੁਣ ਤੋਂ ਪਰਮੇਸ਼ੁਰ ਦੀ ਬਜਾਇ ਉਸ ਨੂੰ ਪ੍ਰਾਰਥਨਾ ਕੀਤੀ ਜਾਵੇ। ਇਸ ਦੀ ਬਜਾਇ, ਉਹ ਯਹੋਵਾਹ ਪਰਮੇਸ਼ੁਰ ਨਾਲ ਗੱਲਬਾਤ ਕਰਨ ਦਾ ਇਕ ਨਵਾਂ ਰਾਹ ਖੋਲ੍ਹ ਰਿਹਾ ਸੀ।
ਇਹ ਗੱਲ ਸੱਚ ਹੈ ਕਿ ਯਹੋਵਾਹ ਹਮੇਸ਼ਾ ਤੋਂ ਹੀ ਆਪਣੇ ਵਫ਼ਾਦਾਰ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਆਇਆ ਹੈ। (1 ਸਮੂਏਲ 1:9-19; ਜ਼ਬੂਰ 65:2) ਪਰ ਜਦੋਂ ਯਹੋਵਾਹ ਨੇ ਇਜ਼ਰਾਈਲ ਕੌਮ ਨਾਲ ਇਕਰਾਰ ਕਰ ਕੇ ਉਸ ਨੂੰ ਆਪਣੀ ਕੌਮ ਚੁਣ ਲਿਆ, ਉਦੋਂ ਤੋਂ ਜਿਹੜਾ ਵੀ ਇਨਸਾਨ ਚਾਹੁੰਦਾ ਸੀ ਕਿ ਉਸ ਦੀ ਪ੍ਰਾਰਥਨਾ ਸੁਣੀ ਜਾਵੇ, ਉਸ ਲਈ ਜ਼ਰੂਰੀ ਸੀ ਕਿ ਉਹ ਇਹ ਗੱਲ ਕਬੂਲ ਕਰੇ ਕਿ ਇਜ਼ਰਾਈਲ ਹੀ ਯਹੋਵਾਹ ਦੀ ਚੁਣੀ ਹੋਈ ਕੌਮ ਸੀ। ਬਾਅਦ ਵਿਚ ਸੁਲੇਮਾਨ ਦੇ ਸਮੇਂ ਤੋਂ ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਸੀ ਕਿ ਮੰਦਰ ਹੀ ਉਹ ਜਗ੍ਹਾ ਸੀ ਜਿਸ ਨੂੰ ਯਹੋਵਾਹ ਨੇ ਬਲ਼ੀਆਂ ਚੜ੍ਹਾਉਣ ਲਈ ਚੁਣਿਆ ਸੀ। (ਬਿਵਸਥਾ ਸਾਰ 9:29; 2 ਇਤਿਹਾਸ 6:32, 33) ਪਰ ਇਹ ਪ੍ਰਬੰਧ ਥੋੜ੍ਹੇ ਚਿਰ ਲਈ ਹੀ ਸੀ। ਜਿਵੇਂ ਪੌਲੁਸ ਰਸੂਲ ਨੇ ਲਿਖਿਆ, ਇਜ਼ਰਾਈਲੀਆਂ ਨੂੰ ਦਿੱਤਾ ਗਿਆ ਕਾਨੂੰਨ ਅਤੇ ਮੰਦਰ ਵਿਚ ਬਲ਼ੀਆਂ ਚੜ੍ਹਾਉਣ ਦਾ ਪ੍ਰਬੰਧ ‘ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਹੀ ਸੀ, ਨਾ ਕਿ ਉਨ੍ਹਾਂ ਦਾ ਅਸਲੀ ਰੂਪ।’ (ਇਬਰਾਨੀਆਂ 10:1, 2) ਇਸ ਪਰਛਾਵੇਂ ਦੀ ਜਗ੍ਹਾ ਹਕੀਕਤ ਨੇ ਲੈ ਲਈ ਸੀ। (ਕੁਲੁੱਸੀਆਂ 2:17) 33 ਈਸਵੀ ਤੋਂ ਕਿਸੇ ਨੂੰ ਵੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਲਈ ਮੂਸਾ ਦੇ ਕਾਨੂੰਨ ʼਤੇ ਚੱਲਣ ਦੀ ਲੋੜ ਨਹੀਂ ਸੀ, ਸਗੋਂ ਉਨ੍ਹਾਂ ਨੂੰ ਹੁਣ ਯਿਸੂ ਦਾ ਕਹਿਣਾ ਮੰਨਣ ਦੀ ਲੋੜ ਸੀ ਜਿਸ ਵੱਲ ਮੂਸਾ ਦਾ ਕਾਨੂੰਨ ਇਸ਼ਾਰਾ ਕਰ ਰਿਹਾ ਸੀ।—ਯੂਹੰਨਾ 15:14-16; ਗਲਾਤੀਆਂ 3:24, 25.
ਉਹ ਨਾਂ “ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ”
ਯਿਸੂ ਸਾਡਾ ਇਕ ਰੁਤਬੇਦਾਰ ਦੋਸਤ ਬਣਿਆ ਜਿਸ ਦੇ ਜ਼ਰੀਏ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ। ਇਸ ਤਰ੍ਹਾਂ ਸਾਡਾ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਲਈ ਉਹ ਇਕ ਆਧਾਰ ਬਣਿਆ ਹੈ। ਉਹ ਇਹ ਕਿੱਦਾਂ ਕਰ ਸਕਿਆ?
ਅਸੀਂ ਸਾਰੇ ਜਨਮ ਤੋਂ ਹੀ ਪਾਪੀ ਹਾਂ, ਇਸ ਲਈ ਅਸੀਂ ਅਜਿਹਾ ਕੋਈ ਕੰਮ ਨਹੀਂ ਕਰ ਸਕਦੇ ਜਾਂ ਅਜਿਹਾ ਕੋਈ ਬਲੀਦਾਨ ਨਹੀਂ ਚੜ੍ਹਾ ਸਕਦੇ ਜਿਹੜਾ ਸਾਡੇ ਪਾਪ ਮਿਟਾ ਸਕੇ ਅਤੇ ਸਾਨੂੰ ਆਪਣੇ ਪਵਿੱਤਰ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਦਾ ਹੱਕ ਦਿਵਾ ਸਕੇ। (ਰੋਮੀਆਂ 3:20, 24; ਇਬਰਾਨੀਆਂ 1:3, 4) ਪਰ ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕੀਤੀ ਤਾਂਕਿ ਇਨਸਾਨਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਮਿਲ ਸਕੇ। (ਰੋਮੀਆਂ 5:12, 18, 19) ਇਸ ਤਰ੍ਹਾਂ ਸਾਰਿਆਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਪਾ ਕੇ ਪਰਮੇਸ਼ੁਰ ਅੱਗੇ ਧਰਮੀ ਠਹਿਰਨ ਅਤੇ “ਬੇਝਿਜਕ ਹੋ ਕੇ ਗੱਲ” ਕਰਨ ਦਾ ਮੌਕਾ ਮਿਲਿਆ ਹੈ। ਪਰ ਇੱਦਾਂ ਸਿਰਫ਼ ਤਾਂ ਹੀ ਮੁਮਕਿਨ ਹੈ ਜੇ ਉਹ ਯਿਸੂ ਦੀ ਕੁਰਬਾਨੀ ʼਤੇ ਨਿਹਚਾ ਕਰਦੇ ਹਨ ਅਤੇ ਉਸ ਦੇ ਨਾਂ ʼਤੇ ਪ੍ਰਾਰਥਨਾ ਕਰਦੇ ਹਨ।—ਅਫ਼ਸੀਆਂ 3:11, 12.
ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰ ਕੇ ਅਸੀਂ ਇਨ੍ਹਾਂ ਤਿੰਨ ਗੱਲਾਂ ʼਤੇ ਆਪਣੀ ਨਿਹਚਾ ਜ਼ਾਹਰ ਕਰਦੇ ਹਾਂ: (1) ਉਹ “ਪਰਮੇਸ਼ੁਰ ਦਾ ਲੇਲਾ” ਹੈ ਜਿਸ ਦੀ ਕੁਰਬਾਨੀ ਦੇ ਜ਼ਰੀਏ ਸਾਨੂੰ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। (2) ਯਹੋਵਾਹ ਨੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਹੈ ਅਤੇ ਹੁਣ ਉਹ “ਮਹਾਂ ਪੁਜਾਰੀ” ਵਜੋਂ ਸਾਨੂੰ ਰਿਹਾਈ ਦੀ ਕੀਮਤ ਦੇ ਫ਼ਾਇਦੇ ਪਹੁੰਚਾ ਰਿਹਾ ਹੈ। (3) ਸਿਰਫ਼ ਯਿਸੂ ਹੀ ਉਹ “ਰਾਹ” ਹੈ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ।—ਯੂਹੰਨਾ 1:29; 14:6; ਇਬਰਾਨੀਆਂ 4:14, 15.
ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰ ਕੇ ਅਸੀਂ ਯਿਸੂ ਦਾ ਆਦਰ ਕਰਦੇ ਹਾਂ। ਯਿਸੂ ਦਾ ਆਦਰ ਕਰਨਾ ਸਹੀ ਹੈ ਕਿਉਂਕਿ ਯਹੋਵਾਹ ਦੀ ਇੱਛਾ ਹੈ ਕਿ “ਸਾਰੇ ਜਣੇ ਯਿਸੂ ਦੇ ਨਾਂ ʼਤੇ ਆਪਣੇ ਗੋਡੇ ਟੇਕਣ ਅਤੇ ਹਰ ਜ਼ਬਾਨ ਸਾਰਿਆਂ ਦੇ ਸਾਮ੍ਹਣੇ ਕਬੂਲ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਤਾਂਕਿ ਪਿਤਾ ਪਰਮੇਸ਼ੁਰ ਦੀ ਵਡਿਆਈ ਹੋਵੇ।” (ਫ਼ਿਲਿੱਪੀਆਂ 2:10, 11) ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਕਿਉਂਕਿ ਉਸ ਨੇ ਸਾਡੀ ਖ਼ਾਤਰ ਆਪਣਾ ਪੁੱਤਰ ਵਾਰ ਦਿੱਤਾ।—ਯੂਹੰਨਾ 3:16.
ਸਾਨੂੰ ਰਸਮੀ ਤੌਰ ਤੇ ਨਹੀਂ, ਸਗੋਂ “ਦਿਲੋਂ” ਪ੍ਰਾਰਥਨਾ ਕਰਨੀ ਚਾਹੀਦੀ ਹੈ
ਬਾਈਬਲ ਵਿਚ ਯਿਸੂ ਨੂੰ ਕਈ ਨਾਂ ਅਤੇ ਖ਼ਿਤਾਬ ਦਿੱਤੇ ਗਏ ਹਨ ਜਿਨ੍ਹਾਂ ਤੋਂ ਅਸੀਂ ਉਸ ਦੇ ਰੁਤਬੇ ਦੀ ਅਹਿਮੀਅਤ ਨੂੰ ਸਮਝ ਸਕਦੇ ਹਾਂ। ਇਨ੍ਹਾਂ ਨਾਵਾਂ ਅਤੇ ਖ਼ਿਤਾਬਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਸਾਡੇ ਲਈ ਜੋ ਕੀਤਾ, ਜੋ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜੋ ਕਰੇਗਾ, ਉਸ ਤੋਂ ਸਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। (“ਯਿਸੂ ਦਾ ਅਹਿਮ ਕਿਰਦਾਰ” ਨਾਂ ਦੀ ਡੱਬੀ ਦੇਖੋ।) ਵਾਕਈ, ‘ਯਿਸੂ ਨੂੰ ਉਹ ਨਾਂ ਦਿੱਤਾ ਗਿਆ ਜੋ ਸਾਰੇ ਨਾਵਾਂ ਨਾਲੋਂ ਉੱਚਾ ਹੈ।’a ਯਿਸੂ ਨੂੰ ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਦਿੱਤਾ ਗਿਆ ਹੈ।—ਫ਼ਿਲਿੱਪੀਆਂ 2:9; ਮੱਤੀ 28:18.
ਸਿਰਫ਼ ਰਸਮ ਨਾ ਸਮਝੋ
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਯੂਹੰਨਾ 14:13, 14) ਪਰ ਸਾਨੂੰ ਸਿਰਫ਼ ਰਸਮੀ ਤੌਰ ਤੇ “ਯਿਸੂ ਦੇ ਨਾਂ ʼਤੇ” ਸ਼ਬਦ ਨਹੀਂ ਦੁਹਰਾਉਣੇ ਚਾਹੀਦੇ। ਕਿਉਂ ਨਹੀਂ?
ਇਕ ਮਿਸਾਲ ʼਤੇ ਗੌਰ ਕਰੋ। ਜਦੋਂ ਤੁਹਾਨੂੰ ਕਿਸੇ ਕੰਪਨੀ ਦੇ ਮਾਲਕ ਤੋਂ ਕੋਈ ਚਿੱਠੀ ਆਉਂਦੀ ਹੈ, ਤਾਂ ਉਸ ਦੇ ਅਖ਼ੀਰ ਵਿਚ ਲਿਖਿਆ ਹੁੰਦਾ ਹੈ, “ਤੁਹਾਡਾ ਵਿਸ਼ਵਾਸ ਪਾਤਰ।” ਪਰ ਕੀ ਇਹ ਸ਼ਬਦ ਚਿੱਠੀ ਲਿਖਣ ਵਾਲੇ ਦੀਆਂ ਅਸਲੀ ਭਾਵਨਾਵਾਂ ਨੂੰ ਬਿਆਨ ਕਰਦੇ ਹਨ ਜਾਂ ਕੀ ਇਹ ਸ਼ਬਦ ਸਿਰਫ਼ ਰਸਮੀ ਤੌਰ ਤੇ ਚਿੱਠੀ ਵਿਚ ਲਿਖੇ ਜਾਂਦੇ ਹਨ? ਜਦੋਂ ਅਸੀਂ ਆਪਣੀ ਪ੍ਰਾਰਥਨਾ ਦੇ ਅਖ਼ੀਰ ਵਿਚ “ਯਿਸੂ ਦੇ ਨਾਂ ʼਤੇ” ਸ਼ਬਦ ਕਹਿੰਦੇ ਹਾਂ, ਤਾਂ ਇਹ ਚਿੱਠੀ ਦੇ ਅਖ਼ੀਰ ਵਿਚ ਲਿਖੇ ਜਾਂਦੇ ਰਸਮੀ ਸ਼ਬਦਾਂ ਵਾਂਗ ਨਹੀਂ ਹੋਣੇ ਚਾਹੀਦੇ, ਸਗੋਂ ਸਾਨੂੰ ਇਨ੍ਹਾਂ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ। ਚਾਹੇ ਅਸੀਂ “ਲਗਾਤਾਰ ਪ੍ਰਾਰਥਨਾ” ਕਰਨੀ ਹੈ, ਪਰ ਜ਼ਰੂਰੀ ਹੈ ਕਿ ਅਸੀਂ “ਦਿਲੋਂ” ਪ੍ਰਾਰਥਨਾ ਕਰੀਏ, ਨਾ ਕਿ ਸਿਰਫ਼ ਰਸਮੀ ਤੌਰ ਤੇ।—1 ਥੱਸਲੁਨੀਕੀਆਂ 5:17; ਜ਼ਬੂਰ 119:145.
ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀਆਂ ਪ੍ਰਾਰਥਨਾਵਾਂ ਵਿਚ “ਯਿਸੂ ਦੇ ਨਾਂ ʼਤੇ” ਸ਼ਬਦ ਰਸਮ ਬਣ ਕੇ ਨਾ ਰਹਿ ਜਾਣ? ਕਿਉਂ ਨਾ ਯਿਸੂ ਦੇ ਗੁਣਾਂ ʼਤੇ ਗੌਰ ਕਰੋ? ਸੋਚੋ ਕਿ ਉਸ ਨੇ ਹੁਣ ਤਕ ਤੁਹਾਡੇ ਲਈ ਕੀ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰਨਾ ਚਾਹੁੰਦਾ ਹੈ। ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਅਤੇ ਵਡਿਆਈ ਕਰੋ ਕਿ ਉਸ ਨੇ ਆਪਣੇ ਪੁੱਤਰ ਨੂੰ ਕਿੰਨੇ ਸ਼ਾਨਦਾਰ ਤਰੀਕੇ ਨਾਲ ਵਰਤਿਆ ਹੈ। ਇੱਦਾਂ ਕਰਨ ਨਾਲ ਤੁਹਾਡਾ ਯਿਸੂ ਦੇ ਇਸ ਵਾਅਦੇ ʼਤੇ ਭਰੋਸਾ ਹੋਰ ਵਧੇਗਾ: “ਜੇ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਕੁਝ ਵੀ ਮੰਗੋਗੇ, ਤਾਂ ਉਹ ਤੁਹਾਨੂੰ ਦੇ ਦੇਵੇਗਾ।”—ਯੂਹੰਨਾ 16:23.
a ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਨਾਂ” ਕੀਤਾ ਗਿਆ ਹੈ, ਉਹ “ਅਧਿਕਾਰ, ਕਿਰਦਾਰ, ਅਹੁਦਾ, ਸ਼ਾਨੋ-ਸ਼ੌਕਤ, ਤਾਕਤ ਅਤੇ ਮਹਾਨਤਾ” ਨੂੰ ਦਰਸਾਉਂਦਾ ਹੈ।—ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼।