ਅਧਿਐਨ ਲੇਖ 11
ਬਪਤਿਸਮਾ ਲੈਣ ਲਈ ਕਿਵੇਂ ਤਿਆਰੀ ਕਰੀਏ?
“ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?”—ਰਸੂ. 8:36.
ਗੀਤ 50 ਸਮਰਪਣ ਦੀ ਮੇਰੀ ਪ੍ਰਾਰਥਨਾ
ਖ਼ਾਸ ਗੱਲਾਂa
1-2. ਜੇ ਤੁਸੀਂ ਅਜੇ ਬਪਤਿਸਮੇ ਲਈ ਤਿਆਰ ਨਹੀਂ ਹੋ, ਤਾਂ ਤੁਹਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
ਜੇ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਬਹੁਤ ਹੀ ਵਧੀਆ ਟੀਚਾ ਰੱਖਿਆ ਹੈ। ਪਰ ਕੀ ਤੁਸੀਂ ਹੁਣ ਬਪਤਿਸਮਾ ਲੈਣ ਲਈ ਤਿਆਰ ਹੋ? ਜੇ ਤੁਹਾਨੂੰ ਅਤੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਤੁਸੀਂ ਤਿਆਰ ਹੋ, ਤਾਂ ਫਿਰ ਝਿਜਕ ਕਿਸ ਗੱਲ ਦੀ? ਕਿਉਂ ਨਾ ਅਗਲਾ ਮੌਕਾ ਮਿਲਦੇ ਸਾਰ ਹੀ ਇਹ ਕਦਮ ਚੁੱਕੋ। ਇੱਦਾਂ ਕਰ ਕੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕਰ ਸਕੋਗੇ ਅਤੇ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਵੀ ਮਿਲਣਗੀਆਂ।
2 ਪਰ ਕੀ ਕਿਸੇ ਨੇ ਤੁਹਾਨੂੰ ਕਿਹਾ ਹੈ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਥੋੜ੍ਹੀ ਹੋਰ ਤਰੱਕੀ ਕਰਨ ਦੀ ਲੋੜ ਹੈ? ਜਾਂ ਫਿਰ ਕੀ ਤੁਹਾਨੂੰ ਆਪ ਇਸ ਗੱਲ ਦਾ ਅਹਿਸਾਸ ਹੋਇਆ ਹੈ? ਜੇ ਹਾਂ, ਤਾਂ ਨਿਰਾਸ਼ ਨਾ ਹੋਵੋ। ਤੁਸੀਂ ਤਰੱਕੀ ਕਰ ਕੇ ਇਸ ਅਹਿਮ ਟੀਚੇ ਨੂੰ ਹਾਸਲ ਕਰ ਸਕਦੇ ਹੋ, ਫਿਰ ਚਾਹੇ ਤੁਸੀਂ ਜਵਾਨ ਹੋ ਜਾਂ ਸਿਆਣੀ ਉਮਰ ਦੇ।
‘ਮੈਨੂੰ ਕਿਹੜੀ ਗੱਲ ਰੋਕਦੀ ਹੈ?’
3. ਇਥੋਪੀਆ ਦੇ ਇਕ ਮੰਤਰੀ ਨੇ ਫ਼ਿਲਿੱਪੁਸ ਨੂੰ ਕੀ ਪੁੱਛਿਆ ਅਤੇ ਕਿਹੜਾ ਸਵਾਲ ਖੜ੍ਹਾ ਹੋਇਆ? (ਰਸੂਲਾਂ ਦੇ ਕੰਮ 8:36, 38)
3 ਰਸੂਲਾਂ ਦੇ ਕੰਮ 8:36, 38 ਪੜ੍ਹੋ। ਇਥੋਪੀਆ ਦੇ ਇਕ ਮੰਤਰੀ ਨੇ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਨੂੰ ਪੁੱਛਿਆ: “ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” ਇਥੋਪੀਆ ਦਾ ਉਹ ਆਦਮੀ ਬਪਤਿਸਮਾ ਲੈਣਾ ਚਾਹੁੰਦਾ ਸੀ। ਪਰ ਕੀ ਉਹ ਇਹ ਅਹਿਮ ਕਦਮ ਚੁੱਕਣ ਲਈ ਸੱਚ-ਮੁੱਚ ਤਿਆਰ ਸੀ?
4. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਇਥੋਪੀਆ ਦੇ ਆਦਮੀ ਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹੋਰ ਵੀ ਜ਼ਿਆਦਾ ਸਿੱਖਦਾ ਰਹੇਗਾ?
4 ਇਥੋਪੀਆ ਦਾ ਉਹ ਆਦਮੀ “ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ।” (ਰਸੂ. 8:27) ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਯਹੂਦੀ ਧਰਮ ਅਪਣਾਇਆ ਸੀ। ਬਿਨਾਂ ਸ਼ੱਕ, ਉਸ ਨੇ ਇਬਰਾਨੀ ਲਿਖਤਾਂ ਤੋਂ ਯਹੋਵਾਹ ਬਾਰੇ ਸਿੱਖਿਆ ਹੋਣਾ। ਫਿਰ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਸਿੱਖਣਾ ਚਾਹੁੰਦਾ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਗੌਰ ਕਰੋ ਕਿ ਜਦੋਂ ਫ਼ਿਲਿੱਪੁਸ ਉਸ ਨੂੰ ਸੜਕ ʼਤੇ ਮਿਲਿਆ, ਤਾਂ ਉਹ ਕੀ ਕਰ ਰਿਹਾ ਸੀ। ਉਹ ਬੜੇ ਧਿਆਨ ਨਾਲ ਯਸਾਯਾਹ ਨਬੀ ਦੀ ਕਿਤਾਬ ਪੜ੍ਹ ਰਿਹਾ ਸੀ। (ਰਸੂ. 8:28) ਉਹ ਜੋ ਪੜ੍ਹ ਰਿਹਾ ਸੀ, ਉਹ ਬਾਈਬਲ ਦੀਆਂ ਡੂੰਘੀਆਂ ਸਿੱਖਿਆਵਾਂ ਸਨ। ਉਸ ਮੰਤਰੀ ਲਈ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਹੀ ਕਾਫ਼ੀ ਨਹੀਂ ਸਨ, ਸਗੋਂ ਉਸ ਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹੋਰ ਵੀ ਜ਼ਿਆਦਾ ਸਿੱਖਦਾ ਰਹੇਗਾ।
5. ਇਥੋਪੀਆ ਦੇ ਉਸ ਆਦਮੀ ਨੇ ਸਿੱਖੀਆਂ ਗੱਲਾਂ ਮੁਤਾਬਕ ਕੰਮ ਕਿਵੇਂ ਕੀਤੇ?
5 ਉਹ ਆਦਮੀ ਇਥੋਪੀਆ ਦੀ ਰਾਣੀ ਕੰਦਾਕੇ ਦੇ ਦਰਬਾਰ ਦਾ ਇਕ ਮੰਤਰੀ ਸੀ ਅਤੇ “ਰਾਣੀ ਦੇ ਸਾਰੇ ਖ਼ਜ਼ਾਨੇ ਦਾ ਮੁਖਤਿਆਰ ਸੀ।” (ਰਸੂ. 8:27) ਇਸ ਲਈ ਉਸ ਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਸਨ। ਫਿਰ ਵੀ ਉਸ ਨੇ ਯਹੋਵਾਹ ਦੀ ਭਗਤੀ ਕਰਨ ਲਈ ਸਮਾਂ ਕੱਢਿਆ। ਉਸ ਨੇ ਨਾ ਸਿਰਫ਼ ਪਵਿੱਤਰ ਲਿਖਤਾਂ ਤੋਂ ਸੱਚਾਈਆਂ ਸਿੱਖੀਆਂ, ਬਲਕਿ ਉਨ੍ਹਾਂ ਮੁਤਾਬਕ ਕੰਮ ਵੀ ਕੀਤੇ। ਇਸ ਕਰਕੇ ਉਹ ਮੰਦਰ ਵਿਚ ਯਹੋਵਾਹ ਦੀ ਭਗਤੀ ਕਰਨ ਲਈ ਇਥੋਪੀਆ ਤੋਂ ਯਰੂਸ਼ਲਮ ਤਕ ਦਾ ਲੰਬਾ ਸਫ਼ਰ ਤੈਅ ਕਰ ਕੇ ਆਇਆ। ਇਹ ਸਫ਼ਰ ਕਰਨ ਵਿਚ ਬਹੁਤ ਸਮਾਂ ਲੱਗਾ ਹੋਣਾ ਅਤੇ ਕਾਫ਼ੀ ਖ਼ਰਚਾ ਵੀ ਹੋਇਆ ਹੋਣਾ। ਪਰ ਉਹ ਯਹੋਵਾਹ ਦੀ ਭਗਤੀ ਕਰਨ ਵਾਸਤੇ ਕੁਝ ਵੀ ਕਰਨ ਲਈ ਤਿਆਰ ਸੀ।
6-7. ਕਿਹੜੀਆਂ ਗੱਲਾਂ ਕਰ ਕੇ ਇਥੋਪੀਆ ਦੇ ਆਦਮੀ ਦਾ ਪਿਆਰ ਯਹੋਵਾਹ ਲਈ ਵਧਦਾ ਗਿਆ?
6 ਇਥੋਪੀਆ ਦੇ ਉਸ ਆਦਮੀ ਨੇ ਫ਼ਿਲਿੱਪੁਸ ਤੋਂ ਕਈ ਨਵੀਆਂ ਸੱਚਾਈਆਂ ਸਿੱਖੀਆਂ, ਜਿਵੇਂ ਕਿ ਉਸ ਨੇ ਜਾਣਿਆ ਕਿ ਯਿਸੂ ਹੀ ਮਸੀਹ ਹੈ। (ਰਸੂ. 8:34, 35) ਜਦੋਂ ਉਸ ਮੰਤਰੀ ਨੇ ਇਹ ਜਾਣਿਆ ਕਿ ਯਿਸੂ ਨੇ ਉਸ ਲਈ ਕੀ ਕੁਝ ਕੀਤਾ ਹੈ, ਤਾਂ ਇਹ ਗੱਲ ਜ਼ਰੂਰ ਉਸ ਦੇ ਦਿਲ ਨੂੰ ਛੂਹ ਗਈ ਹੋਣੀ। ਇਹ ਸਾਰਾ ਕੁਝ ਜਾਣ ਕੇ ਉਸ ਨੇ ਕੀ ਕੀਤਾ? ਭਾਵੇਂ ਕਿ ਉਸ ਨੇ ਪਹਿਲਾਂ ਹੀ ਯਹੂਦੀ ਧਰਮ ਅਪਣਾ ਲਿਆ ਸੀ ਅਤੇ ਸਮਾਜ ਵਿਚ ਉਸ ਦਾ ਕਾਫ਼ੀ ਰੁਤਬਾ ਸੀ। ਇਸ ਲਈ ਜੇ ਉਹ ਚਾਹੁੰਦਾ, ਤਾਂ ਇੱਦਾਂ ਹੀ ਰਹਿ ਸਕਦਾ ਸੀ। ਪਰ ਯਹੋਵਾਹ ਅਤੇ ਯਿਸੂ ਲਈ ਉਸ ਦਾ ਪਿਆਰ ਹੋਰ ਵਧਣ ਕਰਕੇ ਉਸ ਨੇ ਇਕ ਅਹਿਮ ਫ਼ੈਸਲਾ ਕੀਤਾ। ਉਹ ਚਾਹੁੰਦਾ ਸੀ ਕਿ ਉਹ ਬਪਤਿਸਮਾ ਲੈ ਕੇ ਯਿਸੂ ਮਸੀਹ ਦਾ ਚੇਲਾ ਬਣ ਜਾਵੇ। ਨਾਲੇ ਜਦੋਂ ਫ਼ਿਲਿੱਪੁਸ ਨੇ ਦੇਖਿਆ ਕਿ ਉਹ ਤਿਆਰ ਸੀ, ਤਾਂ ਉਸ ਨੇ ਉਸ ਨੂੰ ਬਪਤਿਸਮਾ ਦੇ ਦਿੱਤਾ।
7 ਜੇ ਤੁਸੀਂ ਇਥੋਪੀਆ ਦੇ ਉਸ ਆਦਮੀ ਦੀ ਰੀਸ ਕਰੋਗੇ, ਤਾਂ ਤੁਸੀਂ ਵੀ ਬਪਤਿਸਮੇ ਲਈ ਤਿਆਰ ਹੋ ਸਕੋਗੇ। ਫਿਰ ਤੁਸੀਂ ਵੀ ਪੂਰੇ ਵਿਸ਼ਵਾਸ ਨਾਲ ਕਹਿ ਸਕੋਗੇ, “ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” ਆਓ ਦੇਖੀਏ ਕਿ ਤੁਸੀਂ ਉਸ ਆਦਮੀ ਵਾਂਗ ਇਹ ਤਿੰਨੇ ਕਦਮ ਕਿਵੇਂ ਚੁੱਕ ਸਕਦੇ ਹੋ: (1) ਉਹ ਸਿੱਖਦਾ ਰਿਹਾ, (2) ਉਹ ਸਿੱਖੀਆਂ ਗੱਲਾਂ ਮੁਤਾਬਕ ਚੱਲਦਾ ਰਿਹਾ ਅਤੇ (3) ਉਹ ਪਰਮੇਸ਼ੁਰ ਲਈ ਆਪਣਾ ਪਿਆਰ ਵਧਾਉਂਦਾ ਰਿਹਾ।
ਸਿੱਖਦੇ ਰਹੋ
8. ਤੁਹਾਨੂੰ ਯੂਹੰਨਾ 17:3 ਮੁਤਾਬਕ ਕੀ ਕਰਨਾ ਚਾਹੀਦਾ ਹੈ?
8 ਯੂਹੰਨਾ 17:3 ਪੜ੍ਹੋ। ਕੀ ਤੁਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਕਰਕੇ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕੀਤਾ ਸੀ? ਸਾਡੇ ਵਿੱਚੋਂ ਬਹੁਤ ਜਣਿਆਂ ਨੇ ਇੱਦਾਂ ਕੀਤਾ ਹੋਣਾ। ਪਰ ਕੀ ਇਨ੍ਹਾਂ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਸਿੱਖਦੇ ਰਹੀਏ? ਜੀ ਹਾਂ। ਅਸੀਂ ‘ਇੱਕੋ ਇਕ ਸੱਚੇ ਪਰਮੇਸ਼ੁਰ ਨੂੰ ਜਾਣਨਾ’ ਕਦੇ ਵੀ ਨਹੀਂ ਛੱਡਾਂਗੇ। (ਉਪ. 3:11) ਅਸੀਂ ਹਮੇਸ਼ਾ ਯਹੋਵਾਹ ਬਾਰੇ ਕੁਝ ਨਾ ਕੁਝ ਨਵਾਂ ਸਿੱਖਦੇ ਰਹਾਂਗੇ। ਅਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਉੱਨਾ ਜ਼ਿਆਦਾ ਅਸੀਂ ਉਸ ਦੇ ਨੇੜੇ ਜਾਵਾਂਗੇ।—ਜ਼ਬੂ. 73:28.
9. ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਲੈਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਇਹ ਤਾਂ ਸੱਚ ਹੈ ਕਿ ਜਦੋਂ ਅਸੀਂ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕੀਤਾ, ਤਾਂ ਅਸੀਂ ਸਿਰਫ਼ ਬਾਈਬਲ ਦੀਆਂ ਮੂਲ ਸਿੱਖਿਆਵਾਂ ਹੀ ਸਿੱਖੀਆਂ ਸਨ। ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਇਨ੍ਹਾਂ ਨੂੰ “ਬੁਨਿਆਦੀ ਗੱਲਾਂ” ਜਾਂ “ਬੁਨਿਆਦੀ ਸਿੱਖਿਆਵਾਂ” ਕਿਹਾ। ਪਰ ਇੱਦਾਂ ਕਹਿ ਕੇ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਬੁਨਿਆਦੀ ਸਿੱਖਿਆਵਾਂ ਦੀ ਅਹਿਮੀਅਤ ਘੱਟ ਹੈ, ਸਗੋਂ ਉਸ ਨੇ ਤਾਂ ਇਨ੍ਹਾਂ ਸਿੱਖਿਆਵਾਂ ਦੀ ਤੁਲਨਾ ਉਸ ਦੁੱਧ ਨਾਲ ਕੀਤੀ ਜਿਸ ਨਾਲ ਇਕ ਛੋਟੇ ਬੱਚੇ ਦਾ ਪੋਸ਼ਣ ਹੁੰਦਾ ਹੈ। (ਇਬ. 5:12; 6:1) ਪਰ ਉਸ ਨੇ ਸਾਰੇ ਮਸੀਹੀਆਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਬੁਨਿਆਦੀ ਸਿੱਖਿਆਵਾਂ ਤੋਂ ਅੱਗੇ ਵਧਣ ਅਤੇ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਸੱਚਾਈਆਂ ਸਿੱਖਣ। ਕੀ ਤੁਸੀਂ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਲਈ ਭੁੱਖ ਪੈਦਾ ਕੀਤੀ ਹੈ? ਨਾਲੇ ਕੀ ਤੁਸੀਂ ਇਸ ਭੁੱਖ ਨੂੰ ਵਧਾਉਣਾ ਚਾਹੁੰਦੇ ਹੋ ਅਤੇ ਯਹੋਵਾਹ ਤੇ ਉਸ ਦੇ ਮਕਸਦ ਬਾਰੇ ਹੋਰ ਵੀ ਸਿੱਖਣਾ ਚਾਹੁੰਦੇ ਹੋ?
10. ਕਈਆਂ ਨੂੰ ਸ਼ਾਇਦ ਪੜ੍ਹਨਾ ਜਾਂ ਅਧਿਐਨ ਕਰਨਾ ਔਖਾ ਕਿਉਂ ਲੱਗਦਾ ਹੈ?
10 ਕਈ ਲੋਕਾਂ ਨੂੰ ਪੜ੍ਹਨਾ ਜਾਂ ਅਧਿਐਨ ਕਰਨਾ ਬਹੁਤ ਔਖਾ ਲੱਗਦਾ ਹੈ। ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਕੀ ਤੁਸੀਂ ਸਕੂਲ ਵਿਚ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖਿਆ ਸੀ? ਕੀ ਤੁਹਾਨੂੰ ਪੜ੍ਹਾਈ-ਲਿਖਾਈ ਕਰਨੀ ਵਧੀਆ ਲੱਗਦੀ ਸੀ? ਜਾਂ ਜਦੋਂ ਤੁਸੀਂ ਕੁਝ ਨਵਾਂ ਸਿੱਖਦੇ ਸੀ, ਤਾਂ ਕੀ ਤੁਹਾਨੂੰ ਖ਼ੁਸ਼ੀ ਹੁੰਦੀ ਸੀ? ਜਾਂ ਫਿਰ ਤੁਹਾਨੂੰ ਇੱਦਾਂ ਲੱਗਦਾ ਸੀ ਕਿ ਇਹ ਮੇਰੇ ਵੱਸੋਂ ਬਾਹਰ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਲੋਕਾਂ ਨੂੰ ਇੱਦਾਂ ਹੀ ਲੱਗਦਾ ਹੈ। ਪਰ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। ਉਹ ਦੁਨੀਆਂ ਦਾ ਸਭ ਤੋਂ ਵਧੀਆ ਸਿੱਖਿਅਕ ਹੈ ਅਤੇ ਉਸ ਦਾ ਸਿਖਾਉਣ ਦਾ ਤਰੀਕਾ ਸਭ ਤੋਂ ਵਧੀਆ ਹੈ।
11. ਯਹੋਵਾਹ ਕਿਵੇਂ ਸਾਬਤ ਕਰਦਾ ਹੈ ਕਿ ਉਹ “ਮਹਾਨ ਸਿੱਖਿਅਕ” ਹੈ?
11 ਯਹੋਵਾਹ ਖ਼ੁਦ ਕਹਿੰਦਾ ਹੈ ਕਿ ਉਹ ਤੁਹਾਡਾ “ਮਹਾਨ ਸਿੱਖਿਅਕ” ਹੈ। (ਯਸਾ. 30:20, 21) ਉਹ ਤੁਹਾਡੇ ਨਾਲ ਧੀਰਜ ਰੱਖਦਾ ਹੈ, ਤੁਹਾਡੇ ʼਤੇ ਦਇਆ ਕਰਦਾ ਹੈ ਅਤੇ ਤੁਹਾਨੂੰ ਸਮਝਦਾ ਹੈ। ਨਾਲੇ ਉਹ ਤੁਹਾਡੇ ਵਿਚ ਖ਼ੂਬੀਆਂ ਦੇਖਦਾ ਹੈ। (ਜ਼ਬੂ. 130:3) ਪਰ ਉਹ ਤੁਹਾਡੇ ਤੋਂ ਕਦੇ ਵੀ ਕੁਝ ਇੱਦਾਂ ਦਾ ਕਰਨ ਦੀ ਉਮੀਦ ਨਹੀਂ ਰੱਖਦਾ ਜੋ ਤੁਸੀਂ ਕਰ ਹੀ ਨਹੀਂ ਸਕਦੇ। ਯਾਦ ਰੱਖੋ ਕਿ ਯਹੋਵਾਹ ਨੇ ਹੀ ਤੁਹਾਡਾ ਦਿਮਾਗ਼ ਬਣਾਇਆ ਹੈ। ਇਹ ਬੜੇ ਕਮਾਲ ਦਾ ਤੋਹਫ਼ਾ ਹੈ। (ਜ਼ਬੂ. 139:14) ਜਨਮ ਤੋਂ ਹੀ ਸਾਡੇ ਅੰਦਰ ਕੁਝ ਨਾ ਕੁਝ ਨਵਾਂ ਸਿੱਖਣ ਦੀ ਇੱਛਾ ਹੁੰਦੀ ਹੈ। ਸਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਸਿੱਖਦੇ ਰਹੀਏ ਅਤੇ ਇਸ ਤੋਂ ਖ਼ੁਸ਼ੀ ਪਾਈਏ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਹੁਣ ਤੋਂ ਹੀ ਬਾਈਬਲ ਦੀਆਂ ਸੱਚਾਈਆਂ ਲਈ ‘ਭੁੱਖ ਪੈਦਾ ਕਰੀਏ।’ (1 ਪਤ. 2:2) ਉਹ ਟੀਚੇ ਰੱਖੋ ਜੋ ਤੁਸੀਂ ਹਾਸਲ ਕਰ ਸਕਦੇ ਹੋ। ਨਾਲੇ ਬਾਈਬਲ ਪੜ੍ਹਾਈ ਅਤੇ ਅਧਿਐਨ ਲਈ ਤੁਸੀਂ ਜੋ ਸ਼ਡਿਉਲ ਬਣਾਇਆ ਹੈ, ਉਸ ਮੁਤਾਬਕ ਚੱਲੋ। (ਯਹੋ. 1:8) ਯਹੋਵਾਹ ਦੀ ਮਦਦ ਸਦਕਾ ਤੁਹਾਨੂੰ ਪੜ੍ਹਾਈ ਕਰ ਕੇ ਅਤੇ ਉਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਸਿੱਖ ਕੇ ਖ਼ੁਸ਼ੀ ਮਿਲੇਗੀ।
12. ਸਾਨੂੰ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
12 ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਬਾਕਾਇਦਾ ਸੋਚ-ਵਿਚਾਰ ਕਰਦੇ ਰਹੋ। ਜਦੋਂ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ʼਤੇ ਧਿਆਨ ਨਾਲ ਚੱਲਦੇ ਹਾਂ, ਤਾਂ ਇਨ੍ਹਾਂ ਔਖੇ ਹਾਲਾਤਾਂ ਵਿਚ ਵੀ ਅਸੀਂ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਦੇ ਹਾਂ। (1 ਪਤ. 2:21) ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਮੁਸ਼ਕਲਾਂ ਝੱਲਣੀਆਂ ਪੈਣਗੀਆਂ। (ਲੂਕਾ 14:27, 28) ਪਰ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਦੇ ਸੱਚੇ ਚੇਲੇ ਵੀ ਉਸ ਵਾਂਗ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਗੇ। (ਯੂਹੰ. 16:33) ਤਾਂ ਫਿਰ ਇਹ ਵਧੀਆ ਹੋਵੇਗਾ ਕਿ ਤੁਸੀਂ ਗਹਿਰਾਈ ਨਾਲ ਯਿਸੂ ਦੀ ਜ਼ਿੰਦਗੀ ਬਾਰੇ ਅਧਿਐਨ ਕਰੋ ਅਤੇ ਹਰ ਰੋਜ਼ ਉਸ ਦੀ ਮਿਸਾਲ ʼਤੇ ਚੱਲਣ ਦਾ ਟੀਚਾ ਰੱਖੋ।
13. ਤੁਹਾਨੂੰ ਯਹੋਵਾਹ ਤੋਂ ਕੀ ਮੰਗਦੇ ਰਹਿਣਾ ਚਾਹੀਦਾ ਹੈ ਅਤੇ ਕਿਉਂ?
13 ਸਿਰਫ਼ ਗਿਆਨ ਲੈਣਾ ਹੀ ਕਾਫ਼ੀ ਨਹੀਂ ਹੈ। ਗਿਆਨ ਲੈਣ ਪਿੱਛੇ ਤੁਹਾਡਾ ਮਕਸਦ ਯਹੋਵਾਹ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣਾ ਅਤੇ ਚੰਗੇ ਗੁਣ ਪੈਦਾ ਕਰਨਾ ਹੋਣਾ ਚਾਹੀਦਾ ਹੈ, ਜਿਵੇਂ ਕਿ ਯਹੋਵਾਹ ਲਈ ਪਿਆਰ ਅਤੇ ਨਿਹਚਾ। (1 ਕੁਰਿੰ. 8:1-3) ਉਸ ਬਾਰੇ ਸਿੱਖਦੇ ਰਹਿਣ ਦੇ ਨਾਲ-ਨਾਲ ਪ੍ਰਾਰਥਨਾ ਵਿਚ ਉਸ ਤੋਂ ਮਦਦ ਮੰਗਦੇ ਰਹੋ ਕਿ ਉਹ ਤੁਹਾਡੀ ਨਿਹਚਾ ਵਧਾਵੇ। (ਲੂਕਾ 17:5) ਉਹ ਅਜਿਹੀਆਂ ਪ੍ਰਾਰਥਨਾਵਾਂ ਦਾ ਜਵਾਬ ਖੁੱਲ੍ਹ-ਦਿਲੀ ਨਾਲ ਦਿੰਦਾ ਹੈ। ਪਰਮੇਸ਼ੁਰ ਦੇ ਬਚਨ ਬਾਰੇ ਸਹੀ ਗਿਆਨ ਹਾਸਲ ਕਰ ਕੇ ਮਜ਼ਬੂਤ ਨਿਹਚਾ ਪੈਦਾ ਹੁੰਦੀ ਹੈ ਜੋ ਤੁਹਾਡੀ ਅੱਗੇ ਕਦਮ ਚੁੱਕਣ ਵਿਚ ਮਦਦ ਕਰੇਗੀ।—ਯਾਕੂ. 2:26.
ਸਿੱਖੀਆਂ ਗੱਲਾਂ ਮੁਤਾਬਕ ਚੱਲਦੇ ਰਹੋ
14. ਪਤਰਸ ਰਸੂਲ ਨੇ ਇਸ ਗੱਲ ʼਤੇ ਕਿਵੇਂ ਜ਼ੋਰ ਦਿੱਤਾ ਕਿ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਜ਼ਰੂਰੀ ਹੈ? (ਤਸਵੀਰ ਵੀ ਦੇਖੋ।)
14 ਪਤਰਸ ਰਸੂਲ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਮਸੀਹ ਦੇ ਚੇਲਿਆਂ ਲਈ ਸਿੱਖੀਆਂ ਗੱਲਾਂ ਮੁਤਾਬਕ ਚੱਲਦੇ ਰਹਿਣਾ ਕਿੰਨਾ ਜ਼ਰੂਰੀ ਹੈ। ਇਹ ਗੱਲ ਸਮਝਾਉਣ ਲਈ ਉਸ ਨੇ ਨੂਹ ਦਾ ਜ਼ਿਕਰ ਕੀਤਾ। ਯਹੋਵਾਹ ਨੇ ਨੂਹ ਨੂੰ ਦੱਸਿਆ ਸੀ ਕਿ ਉਹ ਜਲ-ਪਰਲੋ ਲਿਆ ਕੇ ਉਸ ਸਮੇਂ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰ ਦੇਵੇਗਾ। ਪਰ ਸਿਰਫ਼ ਇਸ ਬਾਰੇ ਜਾਣਨ ਨਾਲ ਹੀ ਨੂਹ ਅਤੇ ਉਸ ਦੇ ਪਰਿਵਾਰ ਦੀ ਜਾਨ ਨਹੀਂ ਬਚਣੀ ਸੀ। ਗੌਰ ਕਰੋ ਕਿ ਪਤਰਸ ਨੇ ਜਲ-ਪਰਲੋ ਦਾ ਨਹੀਂ, ਸਗੋਂ ਉਸ ਤੋਂ ਪਹਿਲਾਂ ਦੇ ਸਮੇਂ ਬਾਰੇ ਜ਼ਿਕਰ ਕਰਦਿਆਂ ਕਿਹਾ “ਜਦੋਂ ਕਿਸ਼ਤੀ ਬਣਾਈ ਜਾ ਰਹੀ ਸੀ।” (1 ਪਤ. 3:20) ਜੀ ਹਾਂ, ਨੂਹ ਅਤੇ ਉਸ ਦੇ ਪਰਿਵਾਰ ਨੇ ਇਕ ਵੱਡੀ ਕਿਸ਼ਤੀ ਬਣਾ ਕੇ ਦਿਖਾਇਆ ਕਿ ਉਨ੍ਹਾਂ ਨੇ ਪਰਮੇਸ਼ੁਰ ਤੋਂ ਸਿੱਖੀਆਂ ਗੱਲਾਂ ਮੁਤਾਬਕ ਕੰਮ ਕੀਤਾ। (ਇਬ. 11:7) ਫਿਰ ਪਤਰਸ ਨੇ ਬਪਤਿਸਮੇ ਦੀ ਤੁਲਨਾ ਨੂਹ ਦੇ ਕਿਸ਼ਤੀ ਬਣਾਉਣ ਨਾਲ ਕੀਤੀ। ਜਿੱਦਾਂ ਨੂਹ ਨੇ ਕਿਸ਼ਤੀ ਬਣਾ ਕੇ ਆਪਣੀ ਨਿਹਚਾ ਦਾ ਸਬੂਤ ਦਿੱਤਾ, ਉਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਬਪਤਿਸਮਾ ਲੈਂਦਾ ਹੈ, ਤਾਂ ਉਹ ਸਾਰਿਆਂ ਸਾਮ੍ਹਣੇ ਆਪਣੇ ਸਮਰਪਣ ਦਾ ਸਬੂਤ ਦਿੰਦਾ ਹੈ। ਪਤਰਸ ਨੇ ਲਿਖਿਆ: ‘ਇਹ ਘਟਨਾ ਬਪਤਿਸਮੇ ਨੂੰ ਦਰਸਾਉਂਦੀ ਹੈ ਜੋ ਹੁਣ ਤੁਹਾਨੂੰ ਵੀ ਬਚਾ ਰਿਹਾ ਹੈ।’ (1 ਪਤ. 3:21) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਹੁਣ ਬਪਤਿਸਮਾ ਲੈਣ ਲਈ ਜੋ ਤਿਆਰੀ ਕਰ ਰਹੇ ਹੋ, ਉਹ ਬਿਲਕੁਲ ਉਸੇ ਤਰ੍ਹਾਂ ਹੈ ਜਿੱਦਾਂ ਨੂਹ ਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਬਣਾਉਣ ਲਈ ਕਈ ਸਾਲਾਂ ਤਕ ਮਿਹਨਤ ਕੀਤੀ। ਬਪਤਿਸਮੇ ਦੀ ਤਿਆਰੀ ਕਰਨ ਲਈ ਤੁਹਾਨੂੰ ਕਿਹੜੇ ਕੰਮ ਕਰਨ ਦੀ ਲੋੜ ਹੈ?
15. ਤੁਸੀਂ ਦਿਲੋਂ ਤੋਬਾ ਕਿਵੇਂ ਕਰ ਸਕਦੇ ਹੋ?
15 ਸਭ ਤੋਂ ਪਹਿਲਾਂ ਸਾਨੂੰ ਆਪਣੇ ਪਾਪਾਂ ਤੋਂ ਦਿਲੋਂ ਤੋਬਾ ਕਰਨੀ ਚਾਹੀਦੀ ਹੈ। (ਰਸੂ. 2:37, 38) ਜਦੋਂ ਅਸੀਂ ਸੱਚੇ ਦਿਲੋਂ ਤੋਬਾ ਕਰਾਂਗੇ, ਤਾਂ ਅਸੀਂ ਆਪਣੇ ਆਪ ਨੂੰ ਸੱਚ-ਮੱਚ ਬਦਲ ਸਕਾਂਗੇ। ਕੀ ਤੁਸੀਂ ਉਹ ਸਾਰੇ ਕੰਮ ਕਰਨੇ ਛੱਡ ਦਿੱਤੇ ਹਨ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ, ਜਿਵੇਂ ਕਿ ਅਨੈਤਿਕ ਜ਼ਿੰਦਗੀ ਜੀਉਣੀ, ਤਮਾਖੂ ਖਾਣਾ, ਗੰਦੀ ਬੋਲੀ ਬੋਲਣੀ ਜਾਂ ਗਾਲ਼ਾਂ ਕੱਢਣੀਆਂ? (1 ਕੁਰਿੰ. 6:9, 10; 2 ਕੁਰਿੰ. 7:1; ਅਫ਼. 4:29) ਜੇ ਤੁਸੀਂ ਹਾਲੇ ਤਕ ਇੱਦਾਂ ਨਹੀਂ ਕੀਤਾ ਹੈ, ਤਾਂ ਆਪਣੇ ਆਪ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕਰੋ। ਤੁਹਾਨੂੰ ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਨਾਲ ਗੱਲ ਕਰੋ ਜਾਂ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਮੰਗੋ। ਜੇ ਤੁਸੀਂ ਜਵਾਨ ਹੋ, ਤਾਂ ਤੁਸੀਂ ਆਪਣੇ ਮਾਪਿਆਂ ਤੋਂ ਮਦਦ ਮੰਗ ਸਕਦੇ ਹੋ ਤਾਂਕਿ ਤੁਸੀਂ ਆਪਣੀ ਕਿਸੇ ਬੁਰੀ ਆਦਤ ਨੂੰ ਛੱਡ ਸਕੋ ਅਤੇ ਬਪਤਿਸਮੇ ਲਈ ਤਿਆਰ ਹੋ ਸਕੋ।
16. ਯਹੋਵਾਹ ਦੀ ਭਗਤੀ ਨਾਲ ਜੁੜੇ ਕੰਮ ਕਿਹੜੇ ਹਨ?
16 ਯਹੋਵਾਹ ਦੀ ਭਗਤੀ ਦੇ ਕੰਮਾਂ ਵਿਚ ਲੱਗੇ ਰਹਿਣਾ ਵੀ ਬਹੁਤ ਜ਼ਰੂਰੀ ਹੈ, ਜਿਵੇਂ ਕਿ ਬਾਕਾਇਦਾ ਮੀਟਿੰਗਾਂ ਵਿਚ ਜਾਣਾ ਅਤੇ ਉਨ੍ਹਾਂ ਵਿਚ ਹਿੱਸਾ ਲੈਣਾ। (ਇਬ. 10:24, 25) ਨਾਲੇ ਜੇ ਤੁਸੀਂ ਪ੍ਰਚਾਰਕ ਬਣ ਗਏ ਹੋ, ਤਾਂ ਪ੍ਰਚਾਰ ਤੇ ਲਗਾਤਾਰ ਜਾਣ ਦੀ ਕੋਸ਼ਿਸ਼ ਕਰਦੇ ਰਹੋ। ਤੁਸੀਂ ਜਿੰਨਾ ਜ਼ਿਆਦਾ ਜ਼ਿੰਦਗੀਆਂ ਬਚਾਉਣ ਦਾ ਕੰਮ ਕਰੋਗੇ, ਤੁਹਾਨੂੰ ਉੱਨੀ ਹੀ ਜ਼ਿਆਦਾ ਇਸ ਕੰਮ ਤੋਂ ਖ਼ੁਸ਼ੀ ਹੋਵੇਗੀ। (2 ਤਿਮੋ. 4:5) ਜੇ ਤੁਸੀਂ ਜਵਾਨ ਹੋ, ਤਾਂ ਆਪਣੇ ਆਪ ਤੋਂ ਪੁੱਛੋ: ‘ਕੀ ਮੀਟਿੰਗਾਂ ਅਤੇ ਪ੍ਰਚਾਰ ਤੇ ਜਾਣ ਲਈ ਮੇਰੇ ਮਾਪੇ ਮੈਨੂੰ ਯਾਦ ਕਰਾਉਂਦੇ ਹਨ? ਜਾਂ ਮੈਂ ਆਪਣੇ ਆਪ ਹੀ ਇਹ ਸਾਰੇ ਕੰਮ ਕਰਦਾ ਹਾਂ?’ ਜਦੋਂ ਤੁਸੀਂ ਖ਼ੁਦ ਇਹ ਸਾਰੇ ਕੰਮ ਕਰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ, ਉਸ ʼਤੇ ਨਿਹਚਾ ਕਰਦੇ ਹੋ ਅਤੇ ਉਸ ਦੇ ਸ਼ੁਕਰਗੁਜ਼ਾਰ ਹੋ ਕਿ ਉਸ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ। ਨਾਲੇ ਇਹ ਸਾਰੇ ਕੰਮ “ਭਗਤੀ ਦੇ ਕੰਮ” ਹਨ ਅਤੇ ਇਨ੍ਹਾਂ ਨੂੰ ਕਰ ਕੇ ਤੁਸੀਂ ਯਹੋਵਾਹ ਨੂੰ ਬਲੀਦਾਨ ਚੜ੍ਹਾਉਂਦੇ ਹੋ। (2 ਪਤ. 3:11; ਇਬ. 13:15) ਜਦੋਂ ਅਸੀਂ ਬਿਨਾਂ ਕਿਸੇ ਦੇ ਕਹੇ ਅਤੇ ਆਪਣੀ ਮਰਜ਼ੀ ਨਾਲ ਯਹੋਵਾਹ ਲਈ ਕੁਝ ਕਰਦੇ ਹਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (2 ਕੁਰਿੰਥੀਆਂ 9:7 ਵਿਚ ਨੁਕਤਾ ਦੇਖੋ।) ਅਸੀਂ ਇਹ ਸਾਰਾ ਕੁਝ ਇਸ ਲਈ ਕਰਦੇ ਹਾਂ ਕਿਉਂਕਿ ਯਹੋਵਾਹ ਨੂੰ ਸਭ ਤੋਂ ਵਧੀਆ ਬਲੀਦਾਨ ਚੜ੍ਹਾ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
ਯਹੋਵਾਹ ਲਈ ਆਪਣਾ ਪਿਆਰ ਵਧਾਉਂਦੇ ਰਹੋ
17-18. ਬਪਤਿਸਮਾ ਲੈਣ ਦੇ ਯੋਗ ਬਣਨ ਲਈ ਤੁਹਾਡੇ ਵਿਚ ਕਿਹੜਾ ਖ਼ਾਸ ਗੁਣ ਹੋਣਾ ਜ਼ਰੂਰੀ ਹੈ ਅਤੇ ਕਿਉਂ? (ਕਹਾਉਤਾਂ 3:3-6)
17 ਬਪਤਿਸਮੇ ਲਈ ਤਿਆਰੀ ਕਰਦੇ ਵੇਲੇ ਤੁਹਾਡੇ ਅੱਗੇ ਕੁਝ ਮੁਸ਼ਕਲਾਂ ਵੀ ਆਉਣਗੀਆਂ। ਤੁਹਾਡੇ ਨਵੇਂ ਵਿਸ਼ਵਾਸਾਂ ਕਰਕੇ ਸ਼ਾਇਦ ਕੁਝ ਲੋਕ ਤੁਹਾਡਾ ਮਜ਼ਾਕ ਉਡਾਉਣ ਅਤੇ ਇੱਥੋਂ ਤਕ ਕਿ ਤੁਹਾਡਾ ਵਿਰੋਧ ਕਰਨ ਜਾਂ ਤੁਹਾਡੇ ʼਤੇ ਜ਼ੁਲਮ ਕਰਨ। (2 ਤਿਮੋ. 3:12) ਨਾਲੇ ਹੋ ਸਕਦਾ ਹੈ ਕਿ ਤੁਸੀਂ ਕੋਈ ਬੁਰੀ ਆਦਤ ਛੱਡਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਸੀਂ ਦੁਬਾਰਾ ਉਹੀ ਗ਼ਲਤੀ ਕਰ ਬੈਠਦੇ ਹੋ। ਜਾਂ ਸ਼ਾਇਦ ਤੁਸੀਂ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਜਾਓ ਅਤੇ ਤੁਹਾਨੂੰ ਖਿਝ ਚੜ੍ਹੇ ਕਿ ਪਤਾ ਨਹੀਂ ਤੁਸੀਂ ਬਪਤਿਸਮਾ ਲੈਣ ਦਾ ਟੀਚਾ ਕਦੋਂ ਹਾਸਲ ਕਰੋਗੇ। ਤਾਂ ਫਿਰ ਕਿਹੜਾ ਗੁਣ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਹਾਰ ਨਾ ਮੰਨੋ? ਯਹੋਵਾਹ ਲਈ ਪਿਆਰ।
18 ਤੁਹਾਡੇ ਵਿਚ ਬਹੁਤ ਸਾਰੇ ਗੁਣ ਹਨ, ਪਰ ਯਹੋਵਾਹ ਲਈ ਤੁਹਾਡਾ ਪਿਆਰ, ਤੁਹਾਡਾ ਸਭ ਤੋਂ ਵਧੀਆ ਗੁਣ ਹੈ। (ਕਹਾਉਤਾਂ 3:3-6 ਪੜ੍ਹੋ।) ਪਰਮੇਸ਼ੁਰ ਲਈ ਗੂੜ੍ਹਾ ਪਿਆਰ ਹੋਣ ਕਰਕੇ ਤੁਸੀਂ ਹਰ ਮੁਸ਼ਕਲ ਸਹਿ ਸਕਦੇ ਹੋ। ਬਾਈਬਲ ਵਿਚ ਕਈ ਵਾਰ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਸੇਵਕਾਂ ਨਾਲ ਅਟੱਲ ਪਿਆਰ ਕਰਦਾ ਹੈ। ਅਟੱਲ ਪਿਆਰ ਦਾ ਮਤਲਬ ਹੈ ਕਿ ਉਹ ਆਪਣੇ ਸੇਵਕਾਂ ਨੂੰ ਤਿਆਗਦਾ ਨਹੀਂ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਪਿਆਰ ਕਰਨਾ ਛੱਡਦਾ ਹੈ। (ਜ਼ਬੂ. 100:5) ਤੁਹਾਨੂੰ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਹੈ। (ਉਤ. 1:26) ਤਾਂ ਫਿਰ ਤੁਸੀਂ ਉਸ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹੋ?
19. ਯਹੋਵਾਹ ਨੇ ਤੁਹਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਤੁਸੀਂ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰ ਕਿਵੇਂ ਹੋ ਸਕਦੇ ਹੋ? (ਗਲਾਤੀਆਂ 2:20)
19 ਸਭ ਤੋਂ ਪਹਿਲਾਂ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਵੋ। (1 ਥੱਸ. 5:18) ਹਰ ਰੋਜ਼ ਆਪਣੇ ਆਪ ਤੋਂ ਪੁੱਛੋ, ‘ਅੱਜ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਮੇਰੇ ਨਾਲ ਪਿਆਰ ਕਰਦਾ ਹੈ?’ ਫਿਰ ਪ੍ਰਾਰਥਨਾ ਵਿਚ ਯਹੋਵਾਹ ਦਾ ਖ਼ਾਸ ਕਰਕੇ ਉਨ੍ਹਾਂ ਗੱਲਾਂ ਲਈ ਧੰਨਵਾਦ ਕਰੋ ਜੋ ਉਸ ਨੇ ਤੁਹਾਡੇ ਲਈ ਕੀਤੀਆਂ ਹਨ। ਪੌਲੁਸ ਰਸੂਲ ਵਾਂਗ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਖ਼ਾਸ ਕਰਕੇ ਤੁਹਾਡੇ ਲਈ ਕੀ ਕੁਝ ਕੀਤਾ ਹੈ। (ਗਲਾਤੀਆਂ 2:20 ਪੜ੍ਹੋ।) ਖ਼ੁਦ ਨੂੰ ਪੁੱਛੋ, ‘ਕੀ ਮੈਂ ਬਦਲੇ ਵਿਚ ਯਹੋਵਾਹ ਨੂੰ ਆਪਣਾ ਪਿਆਰ ਜ਼ਾਹਰ ਕਰਾਂਗਾ?’ ਯਹੋਵਾਹ ਲਈ ਪਿਆਰ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਕਿਸੇ ਵੀ ਪਰੀਖਿਆ ਵਿੱਚੋਂ ਨਿਕਲ ਸਕੋ ਅਤੇ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰ ਸਕੋ। ਇਸੇ ਪਿਆਰ ਕਰਕੇ ਤੁਸੀਂ ਬਾਕਾਇਦਾ ਪਰਮੇਸ਼ੁਰ ਦੀ ਭਗਤੀ ਨਾਲ ਜੁੜੇ ਕੰਮਾਂ ਵਿਚ ਲੱਗੇ ਰਹਿ ਸਕੋਗੇ ਅਤੇ ਹਰ ਰੋਜ਼ ਦਿਖਾ ਸਕੋਗੇ ਕਿ ਤੁਸੀਂ ਆਪਣੇ ਪਿਤਾ ਨੂੰ ਪਿਆਰ ਕਰਦੇ ਹੋ।
20. (ੳ) ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? (ਅ) ਇਹ ਫ਼ੈਸਲਾ ਕਿੰਨਾ ਕੁ ਜ਼ਰੂਰੀ ਹੈ?
20 ਸਮੇਂ ਦੇ ਬੀਤਣ ਨਾਲ ਯਹੋਵਾਹ ਲਈ ਤੁਹਾਡਾ ਪਿਆਰ ਤੁਹਾਨੂੰ ਪ੍ਰੇਰਿਤ ਕਰੇਗਾ ਕਿ ਤੁਸੀਂ ਇਕ ਖ਼ਾਸ ਪ੍ਰਾਰਥਨਾ ਕਰ ਕੇ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕਰੋ। ਜਦੋਂ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਹਾਨੂੰ ਇਹ ਸ਼ਾਨਦਾਰ ਉਮੀਦ ਮਿਲ ਸਕਦੀ ਹੈ: ਤੁਸੀਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੇ ਹੋ ਸਕਦੇ ਹੋ। ਯਹੋਵਾਹ ਨੂੰ ਸਮਰਪਣ ਕਰ ਕੇ ਤੁਸੀਂ ਵਾਅਦਾ ਕਰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਚੰਗੇ ਅਤੇ ਮਾੜੇ ਹਾਲਾਤਾਂ ਵਿਚ ਵੀ ਉਸ ਦੀ ਸੇਵਾ ਕਰਦੇ ਰਹੋਗੇ। ਇਹ ਇੱਦਾਂ ਦਾ ਵਾਅਦਾ ਹੈ ਜੋ ਤੁਹਾਨੂੰ ਵਾਰ-ਵਾਰ ਨਹੀਂ ਕਰਨਾ ਪੈਂਦਾ। ਇਹ ਸੱਚ ਹੈ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਬਹੁਤ ਹੀ ਗੰਭੀਰ ਫ਼ੈਸਲਾ ਹੈ, ਪਰ ਤੁਸੀਂ ਆਪਣੀ ਜ਼ਿੰਦਗੀ ਵਿਚ ਜਿੰਨੇ ਵੀ ਚੰਗੇ ਫ਼ੈਸਲੇ ਕਰੋਗੇ, ਉਨ੍ਹਾਂ ਵਿੱਚੋਂ ਇਹ ਸਭ ਤੋਂ ਚੰਗਾ ਫ਼ੈਸਲਾ ਹੋਵੇਗਾ। (ਜ਼ਬੂ. 50:14) ਸ਼ੈਤਾਨ ਪੂਰੀ ਕੋਸ਼ਿਸ਼ ਕਰੇਗਾ ਕਿ ਤੁਹਾਡੇ ਪਿਤਾ ਯਹੋਵਾਹ ਨਾਲ ਤੁਹਾਡਾ ਪਿਆਰ ਕਮਜ਼ੋਰ ਪੈ ਜਾਵੇ ਅਤੇ ਤੁਸੀਂ ਯਹੋਵਾਹ ਦੇ ਵਫ਼ਾਦਾਰ ਨਾ ਰਹੋ। ਪਰ ਕਦੇ ਵੀ ਸ਼ੈਤਾਨ ਨੂੰ ਜਿੱਤਣ ਨਾ ਦਿਓ! (ਅੱਯੂ. 27:5) ਯਹੋਵਾਹ ਲਈ ਗੂੜ੍ਹਾ ਪਿਆਰ ਹੋਣ ਕਰਕੇ ਤੁਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾ ਸਕੋਗੇ ਅਤੇ ਤੁਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਵੀ ਨੇੜੇ ਜਾਓਗੇ।
21. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਬਪਤਿਸਮਾ ਮੰਜ਼ਲ ਨਹੀਂ, ਸਗੋਂ ਸ਼ੁਰੂਆਤ ਹੈ?
21 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਬਾਅਦ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਦੱਸੋ ਕਿ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ। ਯਾਦ ਰੱਖੋ ਕਿ ਬਪਤਿਸਮਾ ਤੁਹਾਡੀ ਮੰਜ਼ਲ ਨਹੀਂ, ਸਗੋਂ ਇਕ ਸਫ਼ਰ ਦੀ ਸ਼ੁਰੂਆਤ ਹੈ। ਇਹ ਸਫ਼ਰ ਸ਼ੁਰੂ ਕਰ ਕੇ ਤੁਸੀਂ ਹਮੇਸ਼ਾ ਯਹੋਵਾਹ ਦੀ ਸੇਵਾ ਕਰਦੇ ਰਹਿ ਸਕੋਗੇ। ਇਸ ਲਈ ਹੁਣ ਤੋਂ ਹੀ ਆਪਣੇ ਪਿਤਾ ਲਈ ਆਪਣਾ ਪਿਆਰ ਵਧਾਓ। ਅਜਿਹੇ ਟੀਚੇ ਰੱਖੋ ਜਿਨ੍ਹਾਂ ਕਰਕੇ ਦਿਨ-ਬਦਿਨ ਯਹੋਵਾਹ ਲਈ ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ। ਇੱਦਾਂ ਤੁਸੀਂ ਬਪਤਿਸਮਾ ਲੈਣ ਦੇ ਯੋਗ ਬਣ ਸਕੋਗੇ। ਤੁਹਾਡੇ ਬਪਤਿਸਮੇ ਦਾ ਦਿਨ ਕਿੰਨਾ ਹੀ ਖ਼ੁਸ਼ੀਆਂ ਭਰਿਆ ਹੋਵੇਗਾ! ਪਰ ਇਹ ਤਾਂ ਸਿਰਫ਼ ਇਕ ਸ਼ੁਰੂਆਤ ਹੈ, ਇਸ ਤੋਂ ਬਾਅਦ ਯਹੋਵਾਹ ਤੁਹਾਨੂੰ ਹੋਰ ਵੀ ਬਰਕਤਾਂ ਦੇਵੇਗਾ। ਸਾਡੀ ਇਹੀ ਦੁਆ ਹੈ ਕਿ ਯਹੋਵਾਹ ਅਤੇ ਉਸ ਦੇ ਪੁੱਤਰ ਲਈ ਤੁਹਾਡਾ ਪਿਆਰ ਹਮੇਸ਼ਾ ਵਧਦਾ ਜਾਵੇ!
ਗੀਤ 135 ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”
a ਬਪਤਿਸਮਾ ਲੈਣ ਦੇ ਯੋਗ ਬਣਨ ਲਈ ਜ਼ਰੂਰੀ ਹੈ ਕਿ ਸਾਡਾ ਇਰਾਦਾ ਸਹੀ ਹੋਵੇ ਅਤੇ ਅਸੀਂ ਸਹੀ ਕੰਮ ਵੀ ਕਰੀਏ। ਇਸ ਲੇਖ ਵਿਚ ਅਸੀਂ ਇਥੋਪੀਆ ਦੇ ਇਕ ਮੰਤਰੀ ਦੀ ਮਿਸਾਲ ਤੋਂ ਦੇਖਾਂਗੇ ਕਿ ਇਕ ਬਾਈਬਲ ਵਿਦਿਆਰਥੀ ਨੂੰ ਬਪਤਿਸਮਾ ਲੈਣ ਦੇ ਯੋਗ ਬਣਨ ਲਈ ਕੀ-ਕੀ ਕਰਨ ਦੀ ਲੋੜ ਹੈ।
b ਤਸਵੀਰਾਂ ਬਾਰੇ ਜਾਣਕਾਰੀ: ਇਕ ਜਵਾਨ ਭੈਣ ਮਨ ਹੀ ਮਨ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਧੰਨਵਾਦ ਕਰ ਰਹੀ ਹੈ ਕਿ ਉਸ ਨੇ ਕਿੰਨੀਆਂ ਚੰਗੀਆਂ ਚੀਜ਼ਾਂ ਦਿੱਤੀਆਂ ਹਨ।