ਪਾਠ 23
ਬਪਤਿਸਮਾ—ਇਕ ਵਧੀਆ ਜ਼ਿੰਦਗੀ ਦੀ ਸ਼ੁਰੂਆਤ
ਯਿਸੂ ਨੇ ਸਿਖਾਇਆ ਸੀ ਕਿ ਉਸ ਦੇ ਚੇਲੇ ਬਣਨ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। (ਮੱਤੀ 28:19, 20 ਪੜ੍ਹੋ।) ਪਰ ਸਵਾਲ ਹੈ ਕਿ ਬਪਤਿਸਮਾ ਕੀ ਹੁੰਦਾ ਹੈ? ਨਾਲੇ ਇਕ ਵਿਅਕਤੀ ਬਪਤਿਸਮਾ ਲੈਣ ਲਈ ਕੀ ਕਰ ਸਕਦਾ ਹੈ?
1. ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ?
“ਬਪਤਿਸਮਾ” ਇਕ ਯੂਨਾਨੀ ਸ਼ਬਦ ਦਾ ਅਨੁਵਾਦ ਹੈ ਜਿਸ ਦਾ ਮਤਲਬ ਹੈ ਪਾਣੀ ਵਿਚ “ਡੁਬਕੀ ਦੇਣੀ।” ਯਿਸੂ ਦਾ ਬਪਤਿਸਮਾ ਇਸੇ ਤਰ੍ਹਾਂ ਹੋਇਆ ਸੀ। ਉਸ ਨੂੰ ਯਰਦਨ ਦਰਿਆ ਵਿਚ ਡੁਬਕੀ ਦਿੱਤੀ ਗਈ ਸੀ ਅਤੇ ਫਿਰ ਉਹ “ਪਾਣੀ ਵਿੱਚੋਂ ਉੱਪਰ ਆਇਆ।” (ਮੱਤੀ 3:13, 16) ਸੱਚੇ ਮਸੀਹੀਆਂ ਨੂੰ ਵੀ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਬਪਤਿਸਮਾ ਦਿੱਤਾ ਜਾਂਦਾ ਹੈ।
2. ਬਪਤਿਸਮਾ ਲੈ ਕੇ ਇਕ ਵਿਅਕਤੀ ਕੀ ਦਿਖਾਉਂਦਾ ਹੈ?
ਬਪਤਿਸਮਾ ਲੈ ਕੇ ਇਕ ਵਿਅਕਤੀ ਦਿਖਾਉਂਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਹੈ। ਉਹ ਸਮਰਪਣ ਕਿਵੇਂ ਕਰਦਾ ਹੈ? ਬਪਤਿਸਮੇ ਤੋਂ ਪਹਿਲਾਂ ਉਹ ਇਕੱਲਿਆਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਹਮੇਸ਼ਾ ਉਸ ਦੀ ਸੇਵਾ ਕਰਨੀ ਚਾਹੁੰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਹੁਣ ਤੋਂ ਸਿਰਫ਼ ਉਸ ਦੀ ਭਗਤੀ ਕਰੇਗਾ ਤੇ ਉਸ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਪਹਿਲੀ ਜਗ੍ਹਾ ਦੇਵੇਗਾ। ਉਹ ਫ਼ੈਸਲਾ ਕਰਦਾ ਹੈ ਕਿ ਉਹ ‘ਆਪਣੇ ਆਪ ਦਾ ਤਿਆਗ ਕਰੇਗਾ’ ਅਤੇ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲੇਗਾ ਅਤੇ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰੇਗਾ। (ਮੱਤੀ 16:24) ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਹੀ ਇਕ ਵਿਅਕਤੀ ਯਹੋਵਾਹ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਗੂੜ੍ਹੀ ਦੋਸਤੀ ਕਰ ਪਾਉਂਦਾ ਹੈ।
3. ਬਪਤਿਸਮਾ ਲੈਣ ਲਈ ਇਕ ਵਿਅਕਤੀ ਨੂੰ ਕੀ ਕਰਨ ਦੀ ਲੋੜ ਹੈ?
ਬਪਤਿਸਮਾ ਲੈਣ ਦਾ ਟੀਚਾ ਹਾਸਲ ਕਰਨ ਲਈ ਇਕ ਵਿਅਕਤੀ ਨੂੰ ਯਹੋਵਾਹ ਬਾਰੇ ਸਿੱਖਣ ਅਤੇ ਉਸ ʼਤੇ ਆਪਣੀ ਨਿਹਚਾ ਵਧਾਉਣ ਦੀ ਲੋੜ ਹੈ। (ਇਬਰਾਨੀਆਂ 11:6 ਪੜ੍ਹੋ।) ਜਿੱਦਾਂ-ਜਿੱਦਾਂ ਉਹ ਇਸ ਤਰ੍ਹਾਂ ਕਰੇਗਾ, ਯਹੋਵਾਹ ਲਈ ਉਸ ਦਾ ਪਿਆਰ ਵਧਦਾ ਜਾਵੇਗਾ। ਫਿਰ ਆਪਣੇ ਆਪ ਉਸ ਦਾ ਦਿਲ ਕਰੇਗਾ ਕਿ ਉਹ ਦੂਜਿਆਂ ਨੂੰ ਉਸ ਬਾਰੇ ਦੱਸੇ ਅਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਵੇ। (2 ਤਿਮੋਥਿਉਸ 4:2; 1 ਯੂਹੰਨਾ 5:3) ਜਦੋਂ ਉਸ ਦਾ ‘ਚਾਲ-ਚਲਣ ਇਹੋ ਜਿਹਾ ਹੋਵੇਗਾ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ’ ਚਾਹੀਦਾ ਹੈ, ਤਾਂ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕਰ ਸਕਦਾ ਹੈ।—ਕੁਲੁੱਸੀਆਂ 1:9, 10.a
ਹੋਰ ਸਿੱਖੋ
ਬਾਈਬਲ ਵਿਚ ਯਿਸੂ ਦੇ ਬਪਤਿਸਮੇ ਬਾਰੇ ਜੋ ਦੱਸਿਆ ਗਿਆ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਇਕ ਵਿਅਕਤੀ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਆਓ ਜਾਣੀਏ।
4. ਯਿਸੂ ਦੇ ਬਪਤਿਸਮੇ ਬਾਰੇ ਜੋ ਦੱਸਿਆ ਗਿਆ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
ਯਿਸੂ ਦੇ ਬਪਤਿਸਮੇ ਬਾਰੇ ਹੋਰ ਜਾਣਨ ਲਈ ਮੱਤੀ 3:13-17 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਜਦੋਂ ਯਿਸੂ ਦਾ ਬਪਤਿਸਮਾ ਹੋਇਆ, ਤਾਂ ਕੀ ਉਹ ਨਿਆਣਾ ਸੀ?
ਕੀ ਯਿਸੂ ʼਤੇ ਪਾਣੀ ਛਿੜਕ ਕੇ ਬਪਤਿਸਮਾ ਦਿੱਤਾ ਗਿਆ ਸੀ? ਉਸ ਦਾ ਬਪਤਿਸਮਾ ਕਿਵੇਂ ਹੋਇਆ ਸੀ?
ਬਪਤਿਸਮੇ ਤੋਂ ਬਾਅਦ ਯਿਸੂ ਨੇ ਉਹ ਖ਼ਾਸ ਕੰਮ ਸ਼ੁਰੂ ਕੀਤਾ ਜਿਸ ਲਈ ਯਹੋਵਾਹ ਨੇ ਉਸ ਨੂੰ ਭੇਜਿਆ ਸੀ। ਲੂਕਾ 3:21-23 ਅਤੇ ਯੂਹੰਨਾ 6:38 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਪਤਿਸਮੇ ਤੋਂ ਬਾਅਦ ਯਿਸੂ ਨੇ ਕਿਹੜੇ ਕੰਮ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ?
5. ਤੁਸੀਂ ਵੀ ਬਪਤਿਸਮਾ ਲੈਣ ਦਾ ਟੀਚਾ ਹਾਸਲ ਕਰ ਸਕਦੇ ਹੋ
ਸ਼ਾਇਦ ਤੁਹਾਨੂੰ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਤੋਂ ਡਰ ਲੱਗਦਾ ਹੋਵੇ। ਭਾਵੇਂ ਇਹ ਬਹੁਤ ਵੱਡਾ ਫ਼ੈਸਲਾ ਹੈ, ਪਰ ਜੇ ਤੁਸੀਂ ਯਹੋਵਾਹ ਬਾਰੇ ਸਿੱਖਦੇ ਰਹੋਗੇ, ਤਾਂ ਇਕ ਸਮਾਂ ਆਵੇਗਾ ਜਦੋਂ ਤੁਹਾਨੂੰ ਲੱਗੇਗਾ ਕਿ ਤੁਸੀਂ ਬਪਤਿਸਮੇ ਲਈ ਤਿਆਰ ਹੋ। ਆਓ ਦੇਖੀਏ ਕਿ ਕੁਝ ਲੋਕਾਂ ਨੇ ਇਹ ਕਦਮ ਚੁੱਕਣ ਲਈ ਕੀ ਕੀਤਾ। ਵੀਡੀਓ ਦੇਖੋ।
ਯੂਹੰਨਾ 17:3 ਅਤੇ ਯਾਕੂਬ 1:5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਪਤਿਸਮਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ?
ਸਮਰਪਣ ਕਰਨ ਲਈ ਅਸੀਂ ਯਹੋਵਾਹ ਨੂੰ ਕਹਿੰਦੇ ਹਾਂ ਕਿ ਅਸੀਂ ਹਮੇਸ਼ਾ ਉਸ ਦੀ ਸੇਵਾ ਕਰਾਂਗੇ
ਬਪਤਿਸਮਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ
6. ਬਪਤਿਸਮਾ ਲੈ ਕੇ ਤੁਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣੋਗੇ
ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਗਵਾਹ ਇਕ ਪਰਿਵਾਰ ਵਾਂਗ ਹਨ। ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਣ ਅਤੇ ਉਨ੍ਹਾਂ ਦੀ ਪਰਵਰਿਸ਼ ਵੱਖੋ-ਵੱਖਰੇ ਮਾਹੌਲ ਵਿਚ ਹੋਈ ਹੋਵੇ, ਫਿਰ ਵੀ ਉਹ ਇੱਕੋ ਜਿਹੀਆਂ ਸਿੱਖਿਆਵਾਂ ਅਤੇ ਨੈਤਿਕ ਮਿਆਰਾਂ ʼਤੇ ਚੱਲਦੇ ਹਨ। ਜਦੋਂ ਇਕ ਵਿਅਕਤੀ ਬਪਤਿਸਮਾ ਲੈਂਦਾ ਹੈ, ਤਾਂ ਉਹ ਇਸ ਪਰਿਵਾਰ ਦਾ ਹਿੱਸਾ ਬਣ ਜਾਂਦਾ ਹੈ। ਜ਼ਬੂਰ 25:14 ਅਤੇ 1 ਪਤਰਸ 2:17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਪਤਿਸਮਾ ਲੈਣ ਤੋਂ ਬਾਅਦ ਤੁਹਾਡਾ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਬਣ ਜਾਵੇਗਾ?
ਕੁਝ ਲੋਕਾਂ ਦਾ ਕਹਿਣਾ ਹੈ: “ਮੈਂ ਅਜੇ ਬਪਤਿਸਮਾ ਲੈਣ ਲਈ ਤਿਆਰ ਨਹੀਂ ਹਾਂ।”
ਸ਼ਾਇਦ ਤੁਸੀਂ ਵੀ ਇੱਦਾਂ ਹੀ ਸੋਚੋ, ਫਿਰ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਬਪਤਿਸਮਾ ਲੈਣ ਦਾ ਟੀਚਾ ਰੱਖਣਾ ਵਧੀਆ ਹੋਵੇਗਾ?
ਹੁਣ ਤਕ ਅਸੀਂ ਸਿੱਖਿਆ
ਯਿਸੂ ਨੇ ਸਿਖਾਇਆ ਸੀ ਕਿ ਉਸ ਦੇ ਚੇਲੇ ਬਣਨ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਪਰ ਬਪਤਿਸਮਾ ਲੈਣ ਲਈ ਇਕ ਵਿਅਕਤੀ ਨੂੰ ਯਹੋਵਾਹ ʼਤੇ ਆਪਣੀ ਨਿਹਚਾ ਮਜ਼ਬੂਤ ਕਰਨ, ਉਸ ਦੇ ਮਿਆਰਾਂ ਮੁਤਾਬਕ ਜੀਉਣ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀ ਲੋੜ ਹੈ।
ਤੁਸੀਂ ਕੀ ਕਹੋਗੇ?
ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ ਅਤੇ ਬਪਤਿਸਮਾ ਲੈਣਾ ਜ਼ਰੂਰੀ ਕਿਉਂ ਹੈ?
ਸਮਰਪਣ ਕਰਨ ਅਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ?
ਸਮਰਪਣ ਕਰਨ ਅਤੇ ਬਪਤਿਸਮਾ ਲੈਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?
ਇਹ ਵੀ ਦੇਖੋ
ਜਾਣੋ ਕਿ ਬਪਤਿਸਮਾ ਲੈਣ ਦਾ ਕੀ ਮਤਲਬ ਹੈ ਅਤੇ ਕੀ ਨਹੀਂ।
ਆਓ ਗੌਰ ਕਰੀਏ ਕਿ ਇਕ ਵਿਅਕਤੀ ਬਪਤਿਸਮਾ ਲੈਣ ਲਈ ਕੀ ਕਰ ਸਕਦਾ ਹੈ।
“ਯਹੋਵਾਹ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਬਪਤਿਸਮੇ ਲਈ ਜ਼ਰੂਰੀ ਹਨ” (ਪਹਿਰਾਬੁਰਜ, ਮਾਰਚ 2020)
ਇਕ ਆਦਮੀ ਨੇ ਸਿਰਫ਼ ਜਜ਼ਬਾਤਾਂ ਵਿਚ ਆ ਕੇ ਬਪਤਿਸਮਾ ਨਹੀਂ ਲਿਆ। ਆਓ ਪੜ੍ਹੀਏ ਕਿ ਉਸ ਨੇ ਇਹ ਫ਼ੈਸਲਾ ਕਿਸ ਆਧਾਰ ʼਤੇ ਲਿਆ।
“ਉਹ ਚਾਹੁੰਦੇ ਸਨ ਕਿ ਮੈਂ ਖ਼ੁਦ ਸੱਚਾਈ ਦੀ ਜਾਂਚ ਕਰਾਂ” (ਪਹਿਰਾਬੁਰਜ, ਮਾਰਚ-ਅਪ੍ਰੈਲ 2013)
ਗੌਰ ਕਰੋ ਕਿ ਬਪਤਿਸਮਾ ਲੈਣ ਦਾ ਟੀਚਾ ਰੱਖਣਾ ਕਿਉਂ ਜ਼ਰੂਰੀ ਹੈ ਅਤੇ ਤੁਸੀਂ ਇਸ ਨੂੰ ਕਿਵੇਂ ਹਾਸਲ ਕਰ ਸਕਦੇ ਹੋ।
a ਜੇ ਇਕ ਵਿਅਕਤੀ ਦਾ ਪਹਿਲਾਂ ਕਿਸੇ ਹੋਰ ਧਰਮ ਵਿਚ ਬਪਤਿਸਮਾ ਹੋ ਚੁੱਕਾ ਹੈ, ਤਾਂ ਉਸ ਨੂੰ ਦੁਬਾਰਾ ਬਪਤਿਸਮਾ ਲੈਣਾ ਪਵੇਗਾ। ਕਿਉਂ? ਕਿਉਂਕਿ ਜਿਸ ਧਰਮ ਨੂੰ ਉਹ ਮੰਨਦਾ ਸੀ, ਉਸ ਵਿਚ ਬਾਈਬਲ ਦੀਆਂ ਸੱਚਾਈਆਂ ਨਹੀਂ ਸਿਖਾਈਆਂ ਗਈਆਂ ਸਨ।—ਰਸੂਲਾਂ ਦੇ ਕੰਮ 19:1-5 ਅਤੇ ਪਾਠ 13 ਦੇਖੋ।