ਅਧਿਆਇ 123
“ਵੇਖੋ ਐਸ ਮਨੁੱਖ ਨੂੰ!”
ਯਿਸੂ ਦੇ ਹਾਵ-ਭਾਵ ਦੁਆਰਾ ਪ੍ਰਭਾਵਿਤ ਹੋ ਕੇ ਅਤੇ ਉਸ ਦੀ ਨਿਰਦੋਸ਼ਤਾ ਨੂੰ ਪਛਾਣਦੇ ਹੋਏ, ਪਿਲਾਤੁਸ ਉਸ ਨੂੰ ਛੱਡਣ ਲਈ ਇਕ ਹੋਰ ਤਰੀਕਾ ਲੱਭਦਾ ਹੈ। “ਤੁਹਾਡਾ ਇਹ ਦਸਤੂਰ ਹੈ,” ਉਹ ਭੀੜ ਨੂੰ ਦੱਸਦਾ ਹੈ, “ਜੋ ਮੈਂ ਤੁਹਾਡੇ ਲਈ ਪਸਾਹ ਦੇ ਸਮੇਂ ਇੱਕ ਨੂੰ ਛੱਡ ਦਿਆਂ।”
ਬਰੱਬਾ, ਇਕ ਬਦਨਾਮ ਕਾਤਲ, ਵੀ ਇਕ ਕੈਦੀ ਦੇ ਤੌਰ ਤੇ ਬੰਦ ਹੈ, ਇਸ ਲਈ ਪਿਲਾਤੁਸ ਪੁੱਛਦਾ ਹੈ: “ਤੁਸੀਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ, ਬਰੱਬਾ ਨੂੰ ਯਾ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ?”
ਮੁੱਖ ਜਾਜਕਾਂ ਦੁਆਰਾ ਕਾਇਲ ਕੀਤੇ ਜਾਣ ਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਭੜਕਾਇਆ ਹੈ, ਲੋਕੀ ਬਰੱਬਾ ਨੂੰ ਛੱਡਣ, ਪਰੰਤੂ ਯਿਸੂ ਨੂੰ ਮਰਵਾਉਣ ਲਈ ਮੰਗ ਕਰਦੇ ਹਨ। ਹੌਸਲਾ ਨਾ ਛੱਡਦੇ ਹੋਏ, ਪਿਲਾਤੁਸ ਇਕ ਵਾਰੀ ਫਿਰ ਪੁੱਛਦਾ ਹੈ: “ਤੁਸੀਂ ਦੋਹਾਂ ਵਿੱਚੋਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ?”
“ਬਰੱਬਾ ਨੂੰ,” ਉਹ ਚਿਲਾਉਂਦੇ ਹਨ।
“ਫੇਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ?” ਪਿਲਾਤੁਸ ਨਿਰਾਸਤਾ ਵਿਚ ਪੁੱਛਦਾ ਹੈ।
ਬੋਲਿਆਂ ਕਰ ਦੇਣ ਵਾਲੀ ਇਕ ਚਿਲਾਹਟ ਵਿਚ, ਉਹ ਜਵਾਬ ਦਿੰਦੇ ਹਨ: “ਉਸ ਨੂੰ ਸੂਲੀ ਚਾੜ੍ਹ ਦਿਓ!” (ਨਿ ਵ) “ਸੂਲੀ ਚਾੜ੍ਹ ਦਿਓ! ਉਸ ਨੂੰ ਸੂਲੀ ਚਾੜ੍ਹ ਦਿਓ!”—ਨਿ ਵ.
ਇਹ ਜਾਣਦੇ ਹੋਏ ਕਿ ਉਹ ਇਕ ਨਿਰਦੋਸ਼ ਮਨੁੱਖ ਦੀ ਮੌਤ ਦੀ ਮੰਗ ਕਰ ਰਹੇ ਹਨ, ਪਿਲਾਤੁਸ ਬੇਨਤੀ ਕਰਦਾ ਹੈ: “ਕਿਉਂ, ਇਸ ਨੇ ਕੀ ਬੁਰਿਆਈ ਕੀਤੀ? ਮੈਂ ਇਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।”
ਉਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕ੍ਰੋਧਵਾਨ ਭੀੜ ਆਪਣੇ ਧਾਰਮਿਕ ਆਗੂਆਂ ਦੁਆਰਾ ਉਕਸਾਏ ਜਾਣ ਤੇ ਚਿਲਾਉਣਾ ਜਾਰੀ ਰੱਖਦੀ ਹੈ: “ਉਸ ਨੂੰ ਸੂਲੀ ਚਾੜ੍ਹ ਦਿਓ।” ਜਾਜਕਾਂ ਦੁਆਰਾ ਪਾਗਲਪਣ ਦੀ ਹੱਦ ਤਕ ਉਕਸਾਈ ਗਈ ਭੀੜ ਖ਼ੂਨ ਦੀ ਪਿਆਸੀ ਹੈ। ਅਤੇ ਇਹ ਸੋਚਣਾ ਕਿ ਸਿਰਫ਼ ਪੰਜ ਦਿਨ ਪਹਿਲਾਂ ਹੀ, ਸੰਭਵ ਹੈ ਇਨ੍ਹਾਂ ਵਿੱਚੋਂ ਕਈ ਉਨ੍ਹਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਯਰੂਸ਼ਲਮ ਵਿਚ ਯਿਸੂ ਦਾ ਰਾਜਾ ਦੇ ਤੌਰ ਤੇ ਸੁਆਗਤ ਕੀਤਾ ਸੀ! ਇਸ ਸਮੇਂ ਦੇ ਦੌਰਾਨ ਯਿਸੂ ਦੇ ਚੇਲੇ, ਜੇਕਰ ਉਹ ਹਾਜ਼ਰ ਹਨ, ਚੁੱਪ ਅਤੇ ਅਪ੍ਰਗਟ ਰਹਿੰਦੇ ਹਨ।
ਪਿਲਾਤੁਸ, ਇਹ ਦੇਖਦੇ ਹੋਏ ਕਿ ਉਸ ਦੀ ਬੇਨਤੀ ਬੇਕਾਰ ਹੈ, ਸਗੋਂ ਇਸ ਦੀ ਬਜਾਇ, ਇਕ ਹੰਗਾਮਾ ਉਠ ਰਿਹਾ ਹੈ, ਪਾਣੀ ਲੈ ਕੇ ਭੀੜ ਦੇ ਸਾਮ੍ਹਣੇ ਆਪਣੇ ਹੱਥਾਂ ਨੂੰ ਧੋਂਦੇ ਹੋਏ ਕਹਿੰਦਾ ਹੈ: “ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ। ਤੁਸੀਂ ਜਾਣੋ।” ਇਸ ਤੇ, ਲੋਕੀ ਜਵਾਬ ਦਿੰਦੇ ਹਨ: “ਉਹ ਦਾ ਲਹੂ ਸਾਡੇ ਉੱਤੇ ਅਰ ਸਾਡੀ ਉਲਾਦ ਉੱਤੇ ਹੋਵੇ!”
ਇਸ ਲਈ, ਉਨ੍ਹਾਂ ਦੀ ਮੰਗ ਦੇ ਅਨੁਸਾਰ— ਅਤੇ ਭੀੜ ਨੂੰ ਸੰਤੁਸ਼ਟ ਕਰਨ ਦੀ ਜ਼ਿਆਦਾ ਇੱਛਾ ਰੱਖਦੇ ਹੋਏ, ਇਸ ਦੀ ਬਜਾਇ ਕਿ ਉਹ ਕੰਮ ਕਰੇ ਜੋ ਉਹ ਜਾਣਦਾ ਹੈ ਕਿ ਸਹੀ ਹੈ— ਪਿਲਾਤੁਸ ਉਨ੍ਹਾਂ ਲਈ ਬਰੱਬਾ ਨੂੰ ਛੱਡ ਦਿੰਦਾ ਹੈ। ਉਹ ਯਿਸੂ ਨੂੰ ਲੈ ਜਾਂਦਾ ਹੈ ਅਤੇ ਉਸ ਨੂੰ ਨੰਗਾ ਕਰਵਾ ਕੇ ਫਿਰ ਕੋਰੜੇ ਲਗਵਾਉਂਦਾ ਹੈ। ਇਹ ਕੋਈ ਸਾਧਾਰਣ ਕੋਰੜਿਆਂ ਦੀ ਮਾਰ ਨਹੀਂ ਸੀ। ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਕੋਰੜੇ ਮਾਰਨ ਦੇ ਰੋਮੀ ਅਭਿਆਸ ਬਾਰੇ ਵਰਣਨ ਕਰਦੀ ਹੈ:
“ਆਮ ਇਸਤੇਮਾਲ ਕੀਤਾ ਗਿਆ ਯੰਤਰ ਇਕ ਛੋਟਾ ਕੋਰੜਾ (ਚਾਬਕ ਜਾਂ ਛਾਂਟਾ) ਹੁੰਦਾ ਸੀ ਜਿਸ ਵਿਚ ਚਮੜੇ ਦੀਆਂ ਕਈ ਇਕਹਿਰੀਆਂ ਜਾਂ ਗੁੰਦੀਆਂ ਹੋਈਆਂ ਵੱਖੋ-ਵੱਖ ਲੰਬਾਈ ਦੀਆਂ ਪੱਟੀਆਂ ਹੁੰਦੀਆਂ ਸਨ, ਜਿਨ੍ਹਾਂ ਵਿਚ ਛੋਟੇ-ਛੋਟੇ ਲੋਹੇ ਦੇ ਗੋਲੇ ਜਾਂ ਭੇਡ ਦੀਆਂ ਹੱਡੀਆਂ ਦੇ ਤਿੱਖੇ ਟੁੱਕੜੇ ਕੁਝ-ਕੁਝ ਦੂਰੀ ਤੇ ਬੰਨ੍ਹੇ ਹੁੰਦੇ ਸਨ। . . . ਜਿਉਂ-ਜਿਉਂ ਰੋਮੀ ਸਿਪਾਹੀ ਪੂਰੇ ਜ਼ੋਰ ਨਾਲ ਸ਼ਿਕਾਰ ਦੀ ਪਿੱਠ ਉੱਤੇ ਬਾਰ-ਬਾਰ ਮਾਰਦੇ ਸਨ, ਤਾਂ ਲੋਹੇ ਦੇ ਗੋਲਿਆਂ ਤੋਂ ਗਹਿਰੀ ਗੁੱਝੀ ਸੱਟ ਪਹੁੰਚਦੀ, ਅਤੇ ਚਮੜੇ ਦੀਆਂ ਪੱਟੀਆਂ ਅਤੇ ਭੇਡ ਦੀਆਂ ਹੱਡੀਆਂ ਚਮੜੀ ਅਤੇ ਉਸ ਦੇ ਹੇਠਲੇ ਊਤਕਾਂ ਨੂੰ ਚੀਰ ਦਿੰਦੀਆਂ ਸਨ। ਫਿਰ, ਜਿਵੇਂ ਕੋਰੜਿਆਂ ਦੀ ਮਾਰ ਜਾਰੀ ਰਹਿੰਦੀ ਹੈ, ਚੀਰ ਹੇਠਲੇ ਪਿੰਜਰ ਦੀਆਂ ਮਾਸ-ਪੇਸ਼ੀਆਂ ਤਕ ਪਾਟ ਜਾਂਦੇ ਹਨ ਅਤੇ ਰਕਤ-ਵਹਿਣ ਮਾਸ ਦੀਆਂ ਕੰਬਦੀਆਂ ਹੋਈਆਂ ਲੀਰਾਂ ਉਤਪੰਨ ਕਰਦਾ ਹੈ”।
ਇਸ ਕਸ਼ਟਦਾਇਕ ਮਾਰ ਤੋਂ ਬਾਅਦ, ਯਿਸੂ ਨੂੰ ਹਾਕਮ ਦੇ ਮਹਿਲ ਵਿਚ ਲਿਜਾਇਆ ਜਾਂਦਾ ਹੈ, ਅਤੇ ਸਿਪਾਹੀਆਂ ਦੀ ਪੂਰੀ ਟੋਲੀ ਨੂੰ ਇਕੱਠੇ ਸੱਦਿਆ ਜਾਂਦਾ ਹੈ। ਉੱਥੇ ਸਿਪਾਹੀ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਤੇ ਦਬਾਉਂਦੇ ਹੋਏ ਉਸ ਨਾਲ ਹੋਰ ਵੀ ਬੁਰਾ ਵਰਤਾਉ ਕਰਦੇ ਹਨ। ਉਹ ਉਸ ਦੇ ਸੱਜੇ ਹੱਥ ਵਿਚ ਇਕ ਕਾਨਾ ਦਿੰਦੇ ਹਨ, ਅਤੇ ਉਹ ਉਸ ਨੂੰ ਇਕ ਬੈਂਗਣੀ ਬਸਤਰ ਪਹਿਨਾਉਂਦੇ ਹਨ, ਜਿਸ ਕਿਸਮ ਦਾ ਬਸਤਰ ਪਾਤਸ਼ਾਹਾਂ ਦੁਆਰਾ ਪਹਿਨਿਆ ਜਾਂਦਾ ਹੈ। ਫਿਰ ਉਹ ਮਜ਼ਾਕ ਉਡਾਉਂਦੇ ਹੋਏ ਉਸ ਨੂੰ ਕਹਿੰਦੇ ਹਨ: “ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!” ਨਾਲ ਹੀ, ਉਹ ਉਸ ਦੇ ਮੂੰਹ ਉੱਤੇ ਥੁੱਕਦੇ ਅਤੇ ਚਪੇੜ ਮਾਰਦੇ ਹਨ। ਫਿਰ ਉਹ ਉਸ ਦੇ ਹੱਥੋਂ ਮਜ਼ਬੂਤ ਕਾਨਾ ਲੈ ਕੇ ਇਸ ਨੂੰ ਉਸ ਦੇ ਸਿਰ ਤੇ ਮਾਰਦੇ ਹਨ, ਅਤੇ ਉਸ ਦੇ ਅਪਮਾਨਜਨਕ “ਤਾਜ” ਦੇ ਤਿੱਖੇ ਕੰਡਿਆਂ ਨੂੰ ਉਸ ਦੇ ਸਿਰ ਦੀ ਚਮੜੀ ਵਿਚ ਹੋਰ ਧੱਕਦੇ ਹਨ।
ਇਸ ਦੁਰਵਿਵਹਾਰ ਦੇ ਸਾਮ੍ਹਣੇ ਯਿਸੂ ਦਾ ਮਾਅਰਕੇ ਦਾ ਗੌਰਵ ਅਤੇ ਬਲ ਪਿਲਾਤੁਸ ਨੂੰ ਇੰਨਾ ਪ੍ਰਭਾਵਿਤ ਕਰਦਾ ਹੈ ਕਿ ਉਹ ਉਸ ਨੂੰ ਛੁਡਾਉਣ ਦੀ ਇਕ ਹੋਰ ਕੋਸ਼ਿਸ਼ ਲਈ ਪ੍ਰੇਰਿਤ ਹੁੰਦਾ ਹੈ। “ਵੇਖੋ ਮੈਂ ਉਹ ਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂ ਤੁਸੀਂ ਜਾਣੋ ਭਈ ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ,” ਉਹ ਭੀੜ ਨੂੰ ਦੱਸਦਾ ਹੈ। ਸੰਭਵ ਹੈ ਕਿ ਉਹ ਸੋਚਦਾ ਹੈ ਕਿ ਯਿਸੂ ਦੀ ਕਸ਼ਟਦਾਈ ਦਸ਼ਾ ਨੂੰ ਦੇਖ ਕੇ ਉਨ੍ਹਾਂ ਦੇ ਦਿਲ ਨਰਮ ਪੈ ਜਾਣਗੇ। ਜਿਉਂ ਹੀ ਯਿਸੂ ਨਿਰਦਈ ਭੀੜ ਦੇ ਸਾਮ੍ਹਣੇ, ਕੰਡਿਆਂ ਦਾ ਤਾਜ ਅਤੇ ਬੈਂਗਣੀ ਰੰਗ ਦਾ ਬਾਹਰੀ ਬਸਤਰ ਪਹਿਨੇ ਹੋਏ ਅਤੇ ਆਪਣੇ ਲਹੂ-ਲੁਹਾਨ ਚਿਹਰੇ ਤੇ ਦਰਦ ਚਿਤ੍ਰਿਤ ਕਰਦੇ ਹੋਏ ਖੜ੍ਹਾ ਹੁੰਦਾ ਹੈ, ਪਿਲਾਤੁਸ ਐਲਾਨ ਕਰਦਾ ਹੈ: “ਵੇਖੋ ਐਸ ਮਨੁੱਖ ਨੂੰ!”
ਭਾਵੇਂ ਕਿ ਕੁੱਟਿਆ ਅਤੇ ਮਾਰਿਆ ਗਿਆ, ਸਾਰੇ ਇਤਿਹਾਸ ਦੀ ਸਭ ਤੋਂ ਵਿਸ਼ੇਸ਼ ਹਸਤੀ ਇੱਥੇ ਖੜ੍ਹੀ ਹੈ, ਸੱਚ-ਮੁੱਚ ਹੀ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ! ਜੀ ਹਾਂ, ਯਿਸੂ ਇਕ ਅਜਿਹਾ ਸ਼ਾਂਤ ਗੌਰਵ ਅਤੇ ਸਕੂਨ ਦਿਖਾਉਂਦਾ ਹੈ ਜੋ ਅਜਿਹੀ ਮਹਾਨਤਾ ਪ੍ਰਗਟ ਕਰਦੇ ਹਨ ਜਿਸ ਨੂੰ ਪਿਲਾਤੁਸ ਵੀ ਕਬੂਲ ਕਰਦਾ ਹੈ, ਕਿਉਂਕਿ ਉਸ ਦੇ ਸ਼ਬਦ ਸਪੱਸ਼ਟ ਤੌਰ ਤੇ ਆਦਰ ਅਤੇ ਦਇਆ ਦੋਨਾਂ ਦਾ ਮਿਸ਼ਰਣ ਹਨ। ਯੂਹੰਨਾ 18:39–19:5; ਮੱਤੀ 27:15-17, 20-30; ਮਰਕੁਸ 15:6-19; ਲੂਕਾ 23:18-25.
▪ ਪਿਲਾਤੁਸ ਕਿਸ ਤਰ੍ਹਾਂ ਯਿਸੂ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਹੈ?
▪ ਪਿਲਾਤੁਸ ਕਿਸ ਤਰ੍ਹਾਂ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰਦਾ ਹੈ?
▪ ਕੋਰੜੇ ਮਾਰਨ ਵਿਚ ਕੀ ਕੁਝ ਸ਼ਾਮਲ ਹੈ?
▪ ਕੋਰੜੇ ਮਾਰੇ ਜਾਣ ਤੋਂ ਬਾਅਦ ਯਿਸੂ ਦਾ ਕਿਸ ਤਰ੍ਹਾਂ ਮਖ਼ੌਲ ਉਡਾਇਆ ਜਾਂਦਾ ਹੈ?
▪ ਪਿਲਾਤੁਸ ਯਿਸੂ ਨੂੰ ਛੱਡਣ ਦੀ ਹੋਰ ਕਿਹੜੀ ਕੋਸ਼ਿਸ਼ ਕਰਦਾ ਹੈ?