ਅਧਿਆਇ 17
ਮਸੀਹ ਦੀ ਵਾਪਸੀ—ਕਿਵੇਂ ਦੇਖੀ ਜਾਂਦੀ ਹੈ?
1. (ੳ) ਮਸੀਹ ਨੇ ਕੀ ਵਾਇਦਾ ਕੀਤਾ ਸੀ? (ਅ) ਮਸੀਹ ਦੀ ਵਾਪਸੀ ਲਈ ਕਿਉਂ ਜ਼ਰੂਰਤ ਹੈ?
“ਮੈਂ ਫਿਰ ਆ ਰਿਹਾ ਹਾਂ।” (ਯੂਹੰਨਾ 14:3, ਨਿਵ) ਯਿਸੂ ਮਸੀਹ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਆਪਣੇ ਰਸੂਲਾਂ ਨਾਲ ਇਹ ਵਾਇਦਾ ਕੀਤਾ ਸੀ। ਤੁਸੀਂ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਹੁਣ ਅੱਗੇ ਨਾਲੋਂ ਉਹ ਸ਼ਾਂਤੀ, ਸਿਹਤ ਅਤੇ ਜੀਵਨ ਦੀ ਅਧਿਕ ਜ਼ਰੂਰਤ ਹੈ ਜਿਹੜੀ ਰਾਜ ਸੱਤਾ ਵਿਚ ਮਸੀਹ ਦੀ ਵਾਪਸੀ ਮਨੁੱਖਜਾਤੀ ਲਈ ਲਿਆਵੇਗੀ। ਪਰ ਮਸੀਹ ਕਿਵੇਂ ਵਾਪਸ ਆਉਂਦਾ ਹੈ। ਉਸ ਨੂੰ ਕੌਣ ਵੇਖਦੇ ਹਨ, ਅਤੇ ਕਿਸ ਤਰੀਕੇ ਨਾਲ?
2. (ੳ) ਜਦੋਂ ਉਹ ਵਾਪਸ ਆਉਂਦਾ ਹੈ, ਮਸੀਹ ਆਪਣੇ ਮਸਹ ਕੀਤੇ ਹੋਏ ਅਨੁਯਾਈਆਂ ਨੂੰ, ਜਿਨ੍ਹਾਂ ਵਿਚ ਰਸੂਲ ਵੀ ਸ਼ਾਮਲ ਹਨ, ਰਹਿਣ ਲਈ ਕਿੱਥੇ ਲੈ ਜਾਂਦਾ ਹੈ? (ਅ) ਉਥੇ ਉਨ੍ਹਾਂ ਕੋਲ ਕਿਸ ਤਰ੍ਹਾਂ ਦੇ ਸਰੀਰ ਹਨ?
2 ਆਪਣੀ ਵਾਪਸੀ ਤੇ, ਮਸੀਹ ਧਰਤੀ ਉੱਤੇ ਰਹਿਣ ਲਈ ਨਹੀਂ ਆਉਂਦਾ ਹੈ। ਇਸ ਦੀ ਬਦਾਇ, ਜਿਨ੍ਹਾਂ ਨੇ ਉਹ ਦੇ ਨਾਲ ਰਾਜਿਆਂ ਦੇ ਰੂਪ ਵਿਚ ਸ਼ਾਸਨ ਕਰਨਾ ਹੈ ਉਹ ਉਸ ਦੇ ਨਾਲ ਰਹਿਣ ਲਈ ਸਵਰਗ ਵਿਚ ਲਿਜਾਏ ਜਾਂਦੇ ਹਨ। ਯਿਸੂ ਨੇ ਆਪਣੇ ਰਸੂਲਾਂ ਨੂੰ ਆਖਿਆ: “ਮੈਂ ਫਿਰ ਆ ਰਿਹਾ ਹਾਂ ਅਤੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।” (ਯੂਹੰਨਾ 14:3, ਨਿਵ) ਤਾਂ ਫਿਰ, ਜਦੋਂ ਮਸੀਹ ਵਾਪਸ ਆਉਂਦਾ ਹੈ, ਉਹ ਜਿਹੜੇ ਸਵਰਗ ਲਿਜਾਏ ਜਾਂਦੇ ਹਨ ਆਤਮਿਕ ਵਿਅਕਤੀ ਬਣ ਜਾਂਦੇ ਹਨ, ਅਤੇ ਉਹ ਮਸੀਹ ਨੂੰ ਉਸ ਦੇ ਮਹਿਮਾਯੁਕਤ ਆਤਮਿਕ ਸਰੀਰ ਵਿਚ ਵੇਖਦੇ ਹਨ। (1 ਕੁਰਿੰਥੀਆਂ 15:44) ਪਰ ਕੀ ਬਾਕੀ ਦੀ ਮਨੁੱਖਜਾਤੀ, ਜਿਹੜੀ ਸਵਰਗ ਨਹੀਂ ਜਾਂਦੀ ਹੈ, ਮਸੀਹ ਨੂੰ ਦੇਖਦੀ ਹੈ ਜਦੋਂ ਉਹ ਵਾਪਸ ਆਉਂਦਾ ਹੈ?
ਉਹ ਮਨੁੱਖ ਦੇ ਰੂਪ ਵਿਚ ਵਾਪਸ ਕਿਉਂ ਨਹੀਂ ਆ ਸਕਦਾ
3. ਬਾਈਬਲ ਦਾ ਕਿਹੜਾ ਸਬੂਤ ਦਿਖਾਉਂਦਾ ਹੈ ਕਿ ਮਨੁੱਖ ਮਸੀਹ ਨੂੰ ਫਿਰ ਕਦੇ ਨਹੀਂ ਦੇਖਣਗੇ?
3 ਉਸੇ ਰਾਤ ਯਿਸੂ ਨੇ ਆਪਣਿਆਂ ਰਸੂਲਾਂ ਨੂੰ ਇਹ ਵੀ ਆਖਿਆ: “ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਨਾ ਵੇਖੇਗਾ।” (ਯੂਹੰਨਾ 14:19) ਇਹ “ਜਗਤ” ਮਨੁੱਖਜਾਤੀ ਨੂੰ ਸੰਕੇਤ ਕਰਦਾ ਹੈ। ਤਾਂ ਸਾਫ਼ ਤੌਰ ਤੇ ਯਿਸੂ ਨੇ ਇੱਥੇ ਆਖਿਆ ਸੀ ਕਿ ਉਸ ਦੇ ਸਵਰਗ ਚੜ੍ਹ ਜਾਣ ਤੋਂ ਬਾਅਦ ਧਰਤੀ ਉੱਤੇ ਲੋਕ ਉਸ ਨੂੰ ਫਿਰ ਨਹੀਂ ਵੇਖਣਗੇ। ਰਸੂਲ ਪੌਲੁਸ ਨੇ ਲਿਖਿਆ: “ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰਾਂ ਉਹ ਨੂੰ ਫੇਰ ਨਹੀਂ ਜਾਣਦੇ।”—2 ਕੁਰਿੰਥੀਆਂ 5:16.
4. ਕੀ ਦਿਖਾਉਂਦਾ ਹੈ ਕਿ ਮਸੀਹ ਇਕ ਸ਼ਕਤੀਸ਼ਾਲੀ ਅਦ੍ਰਿਸ਼ਟ ਆਤਮਿਕ ਵਿਅਕਤੀ ਦੇ ਰੂਪ ਵਿਚ ਵਾਪਸ ਆਉਂਦਾ ਹੈ?
4 ਫਿਰ ਭੀ ਅਨੇਕ ਵਿਅਕਤੀ ਇਹ ਮੰਨਦੇ ਹਨ ਕਿ ਮਸੀਹ ਉਹੀ ਸਰੀਰ ਵਿਚ ਵਾਪਸ ਮੁੜੇਗਾ ਜਿਸ ਵਿਚ ਉਹ ਮਾਰਿਆ ਗਿਆ ਸੀ, ਅਤੇ ਸਾਰੇ ਜਿਹੜੇ ਧਰਤੀ ਉੱਤੇ ਰਹਿੰਦੇ ਹਨ ਉਹ ਉਸ ਨੂੰ ਵੇਖਣਗੇ। ਪਰ ਫਿਰ, ਬਾਈਬਲ ਆਖਦੀ ਹੈ ਕਿ ਮਸੀਹ ਤੇਜ ਨਾਲ ਸਾਰੇ ਦੂਤਾਂ ਸਣੇ ਆਉਂਦਾ ਹੈ, ਅਤੇ ਉਹ “ਆਪਣੇ ਤੇਜ ਦੇ ਸਿੰਘਾਸਣ ਉੱਤੇ” ਬੈਠਦਾ ਹੈ। (ਮੱਤੀ 25:31) ਅਗਰ ਯਿਸੂ ਇਕ ਮਨੁੱਖ ਦੇ ਰੂਪ ਵਿਚ ਆਵੇ ਅਤੇ ਇਕ ਪਾਰਥਿਵ ਸਿੰਘਾਸਣ ਉੱਤੇ ਬੈਠੇ, ਤਾਂ ਉਹ ਪਦਵੀ ਵਿਚ ਦੂਤਾਂ ਨਾਲੋਂ ਨੀਵਾਂ ਹੋ ਜਾਵੇਗਾ। ਪਰ ਉਹ ਪਰਮੇਸ਼ੁਰ ਦੇ ਇਨ੍ਹਾਂ ਸਾਰਿਆਂ ਆਤਮਿਕ ਪੁੱਤਰਾਂ ਵਿਚੋਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਅਤੇ ਤੇਜੱਸਵੀ ਦੂਤ ਦੇ ਰੂਪ ਵਿਚ ਆਉਂਦਾ ਹੈ ਅਤੇ ਤਾਂਹੀਓ ਅਦ੍ਰਿਸ਼ਟ ਹੈ, ਜਿਸ ਤਰ੍ਹਾਂ ਉਹ ਵੀ ਅਦ੍ਰਿਸ਼ਟ ਹਨ।—ਫ਼ਿਲਿੱਪੀਆਂ 2:8-11.
5. ਮਸੀਹ ਇਕ ਮਾਨਵ ਸਰੀਰ ਵਿਚ ਕਿਉਂ ਵਾਪਸ ਨਹੀਂ ਆ ਸਕਦਾ ਸੀ?
5 ਦੂਰਸੇ ਪਾਸੇ, 1,900 ਤੋਂ ਜ਼ਿਆਦਾ ਸਾਲ ਪਹਿਲਾਂ ਯਿਸੂ ਲਈ ਇਹ ਆਵੱਸ਼ਕ ਸੀ ਕਿ ਉਹ ਆਪਣੇ ਆਪ ਨੂੰ ਨੀਵਾਂ ਕਰ ਕੇ ਇਕ ਮਨੁੱਖ ਬਣੇ। ਉਸ ਲਈ ਇਹ ਜ਼ਰੂਰੀ ਸੀ ਕਿ ਉਹ ਸਾਡੇ ਲਈ ਆਪਣਾ ਸੰਪੂਰਣ ਮਾਨਵ ਜੀਵਨ ਇਕ ਰਿਹਾਈ-ਕੀਮਤ ਦੇ ਰੂਪ ਵਿਚ ਦੇਵੇ। ਇਕ ਵਾਰ ਯਿਸੂ ਨੇ ਇਹ ਗੱਲ ਇਸ ਤਰ੍ਹਾਂ ਵਿਆਖਿਆ ਕੀਤੀ: “ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ।” (ਯੂਹੰਨਾ 6:51) ਇਸ ਤਰ੍ਹਾਂ ਯਿਸੂ ਨੇ ਮਨੁੱਖਜਾਤੀ ਲਈ ਆਪਣੀ ਸਰੀਰਕ ਦੇਹ ਤਿਆਗ ਦਿੱਤੀ। ਇਹ ਬਲੀਦਾਨ ਕਿੰਨੇ ਚਿਰ ਲਈ ਲਾਗੂ ਹੋਣਾ ਸੀ? ਰਸੂਲ ਪੌਲੁਸ ਉੱਤਰ ਦਿੰਦਾ ਹੈ: “ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਸਦਾ ਲਈ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ।” (ਇਬਰਾਨੀਆਂ 10:10, ਨਿਵ) ਇਸ ਜਗਤ ਦੇ ਜੀਉਣ ਲਈ ਆਪਣਾ ਸਰੀਰ ਤਿਆਗ ਦੇਣ ਤੋਂ ਬਾਅਦ, ਮਸੀਹ ਕਦੇ ਵੀ ਨਹੀਂ ਫਿਰ ਇਸ ਨੂੰ ਲੈ ਕੇ ਮੁੜ ਇਕ ਮਨੁੱਖ ਬਣ ਸਕਦਾ ਸੀ। ਇਸ ਮੂਲ ਕਾਰਨ ਕਰਕੇ ਉਸ ਦੀ ਵਾਪਸੀ ਕਦੇ ਵੀ ਇਕ ਮਾਨਵ ਸਰੀਰ ਵਿਚ ਨਹੀਂ ਹੋ ਸਕਦੀ ਹੈ ਜਿਹੜਾ ਉਸ ਨੇ ਇੱਕੋ ਵਾਰ ਸਦਾ ਲਈ ਬਲੀਦਾਨ ਕਰ ਦਿੱਤਾ ਸੀ।
ਸਰੀਰਕ ਦੇਹ ਸਵਰਗ ਨਹੀਂ ਲਿਜਾਈ ਗਈ
6. ਅਨੇਕ ਵਿਅਕਤੀ ਇਹ ਕਿਉਂ ਮੰਨਦੇ ਹਨ ਕਿ ਮਸੀਹ ਆਪਣੀ ਸਰੀਰਕ ਦੇਹ ਸਵਰਗ ਲੈ ਗਿਆ ਸੀ?
6 ਫਿਰ ਵੀ, ਅਨੇਕ ਵਿਅਕਤੀ ਇਹ ਮੰਨਦੇ ਹਨ ਕਿ ਮਸੀਹ ਆਪਣੀ ਸਰੀਰਕ ਦੇਹ ਸਵਰਗ ਲੈ ਗਿਆ ਸੀ। ਉਹ ਇਸ ਹਕੀਕਤ ਵੱਲ ਸੰਕੇਤ ਕਰਦੇ ਹਨ ਕਿ ਜਦੋਂ ਮਸੀਹ ਮਰੇ ਹੋਇਆਂ ਵਿਚੋਂ ਜੀ ਉਠਾਇਆ ਗਿਆ, ਤਦ ਉਸ ਦੀ ਸਰੀਰਕ ਦੇਹ ਉਸ ਕਬਰ ਵਿਚ ਨਹੀਂ ਸੀ। (ਮਰਕੁਸ 16:5-7) ਇਸ ਦੇ ਇਲਾਵਾ, ਆਪਣੀ ਮੌਤ ਦੇ ਬਾਅਦ, ਯਿਸੂ ਆਪਣੇ ਚੇਲਿਆਂ ਨੂੰ ਇਹ ਦਿਖਾਉਣ ਲਈ ਕਿ ਉਹ ਜੀਉਂਦਾ ਹੈ, ਉਨ੍ਹਾਂ ਲਈ ਇਕ ਸਰੀਰਕ ਦੇਹ ਵਿਚ ਪ੍ਰਗਟ ਹੋਇਆ ਸੀ। ਇਕ ਵਾਰ ਉਸ ਨੇ ਰਸੂਲ ਥੋਮਾ ਕੋਲੋਂ ਆਪਣੀ ਵੱਖੀ ਦੀ ਗਲੀ ਵਿਚ ਹੱਥ ਵੀ ਪੁਆਇਆ ਸੀ ਤਾਂ ਕਿ ਥੋਮਾ ਇਸ ਗੱਲ ਉੱਤੇ ਵਿਸ਼ਵਾਸ ਕਰੇ ਕਿ ਉਹ ਵਾਸਤਵ ਵਿਚ ਪੁਨਰ-ਉਥਿਤ ਹੋ ਗਿਆ ਸੀ। (ਯੂਹੰਨਾ 20:24-27) ਕੀ ਇਹ ਨਹੀਂ ਸਾਬਤ ਕਰਦਾ ਹੈ ਕਿ ਮਸੀਹ ਉਸੇ ਹੀ ਸਰੀਰ ਵਿਚ ਜੀ ਉਠਾਇਆ ਗਿਆ ਸੀ ਜਿਸ ਵਿਚ ਉਹ ਮਾਰਿਆ ਗਿਆ ਸੀ?
7. ਕੀ ਸਾਬਤ ਕਰਦਾ ਹੈ ਕਿ ਮਸੀਹ ਇਕ ਆਤਮਿਕ ਵਿਅਕਤੀ ਦੇ ਰੂਪ ਵਿਚ ਸਵਰਗ ਗਿਆ ਸੀ?
7 ਨਹੀਂ, ਇਹ ਨਹੀਂ ਸਾਬਤ ਕਰਦਾ ਹੈ। ਬਾਈਬਲ ਬਹੁਤ ਸਪੱਸ਼ਟ ਹੈ ਜਦੋਂ ਉਹ ਆਖਦੀ ਹੈ: “ਮਸੀਹ ਨੇ ਭੀ ਇੱਕ ਵਾਰ ਪਾਪਾਂ ਦੇ ਪਿੱਛੇ ਦੁਖ ਝੱਲਿਆ . . .। ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਵਾਲਿਆ ਗਿਆ।” (1 ਪਤਰਸ 3:18, ਟੇਢੇ ਟਾਈਪ ਸਾਡੇ) ਮਨੁੱਖ ਮਾਸ-ਅਤੇ-ਲਹੂ ਵਾਲੇ ਸਰੀਰਾਂ ਦੇ ਨਾਲ ਸਵਰਗ ਵਿਚ ਨਹੀਂ ਰਹਿ ਸਕਦੇ ਹਨ। ਸਵਰਗੀ ਜੀਵਨ ਦੇ ਪੁਨਰ-ਉਥਾਨ ਦੇ ਸੰਬੰਧ ਵਿਚ, ਬਾਈਬਲ ਆਖਦੀ ਹੈ: “ਉਹ ਪ੍ਰਾਣਕ ਸਰੀਰ ਹੋਕੇ ਬੀਜਿਆ ਜਾਂਦਾ ਹੈ, ਉਹ ਆਤਮਕ ਸਰੀਰ ਹੋਕੇ ਜੀ ਉੱਠਦਾ ਹੈ। . . . ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋ ਸੱਕਦੇ।” (1 ਕੁਰਿੰਥੀਆਂ 15:44-50, ਟੇਢੇ ਟਾਈਪ ਸਾਡੇ) ਕੇਵਲ ਆਤਮਿਕ ਸਰੀਰਾਂ ਵਾਲੇ ਆਤਮਿਕ ਵਿਅਕਤੀ ਹੀ ਸਵਰਗ ਵਿਚ ਰਹਿ ਸਕਦੇ ਹਨ।
8. ਮਸੀਹ ਦੀ ਮਾਨਵ ਦੇਹ ਨੂੰ ਕੀ ਹੋਇਆ?
8 ਖੈਰ, ਫਿਰ, ਯਿਸੂ ਦੀ ਸਰੀਰਕ ਦੇਹ ਨੂੰ ਕੀ ਹੋਇਆ? ਕੀ ਉਸ ਦੇ ਚੇਲਿਆਂ ਨੇ ਉਸ ਦੀ ਕਬਰ ਖਾਲ੍ਹੀ ਨਹੀਂ ਪਾਈ ਸੀ? ਹਾਂ, ਖਾਲ੍ਹੀ ਹੀ ਪਾਈ ਸੀ, ਕਿਉਂਕਿ ਪਰਮੇਸ਼ੁਰ ਨੇ ਯਿਸੂ ਦੀ ਦੇਹ ਨੂੰ ਕੱਢ ਲਿਆ ਸੀ। ਪਰਮੇਸ਼ੁਰ ਨੇ ਇਸ ਤਰ੍ਹਾਂ ਕਿਉਂ ਕੀਤਾ? ਇਸ ਨੇ ਉਸ ਗੱਲ ਨੂੰ ਪੂਰਾ ਕੀਤਾ ਜਿਹੜੀ ਬਾਈਬਲ ਵਿਚ ਲਿਖੀ ਗਈ ਸੀ। (ਜ਼ਬੂਰਾਂ ਦੀ ਪੋਥੀ 16:10; ਰਸੂਲਾਂ ਦੇ ਕਰਤੱਬ 2:31) ਇਸ ਤਰ੍ਹਾਂ ਯਹੋਵਾਹ ਨੇ ਯਿਸੂ ਦੀ ਦੇਹ ਨੂੰ ਕੱਢ ਲੈਣਾ ਉਚਿਤ ਸਮਝਿਆ, ਜਿਸ ਤਰ੍ਹਾਂ ਉਹ ਨੇ ਪਹਿਲਾਂ ਮੂਸਾ ਦੇ ਸਰੀਰ ਨਾਲ ਵੀ ਕੀਤਾ ਸੀ। (ਬਿਵਸਥਾ ਸਾਰ 34:5, 6) ਨਾਲੇ, ਅਗਰ ਉਹ ਦੇਹ ਕਬਰ ਵਿਚ ਹੀ ਰਹਿਣ ਦਿੱਤੀ ਗਈ ਹੁੰਦੀ, ਤਾਂ ਯਿਸੂ ਦੇ ਚੇਲਿਆਂ ਨੇ ਇਹ ਨਹੀਂ ਸਮਝ ਸਕਣਾ ਸੀ ਕਿ ਉਹ ਮਰਿਆਂ ਵਿਚੋਂ ਜੀ ਉਠਾਇਆ ਜਾ ਚੁੱਕਾ ਸੀ, ਕਿਉਂਕਿ ਉਹ ਉਸ ਸਮੇਂ ਆਤਮਿਕ ਚੀਜ਼ਾਂ ਨੂੰ ਪੂਰਣ ਤੌਰ ਤੇ ਨਹੀਂ ਸਮਝਦੇ ਸਨ।
9. ਥੋਮਾ ਲਈ ਪੁਨਰ-ਉਥਿਤ ਹੋਏ ਯਿਸੂ ਦੀ ਭੌਤਿਕ ਦੇਹ ਦੇ ਜ਼ਖਮ ਵਿਚ ਆਪਣਾ ਹੱਥ ਪਾਉਣਾ ਕਿਸ ਤਰ੍ਹਾਂ ਸੰਭਵ ਹੋਇਆ?
9 ਲੇਕਨ ਕਿਉਂਜੋ ਰਸੂਲ ਥੋਮਾ ਯਿਸੂ ਦੀ ਵੱਖੀ ਦੀ ਗਲੀ ਵਿਚ ਆਪਣਾ ਹੱਥ ਪਾ ਸਕਿਆ ਸੀ, ਕੀ ਇਹ ਨਹੀਂ ਦਿਖਾਉਂਦਾ ਹੈ ਕਿ ਯਿਸੂ ਮਰਿਆਂ ਵਿਚੋਂ ਉਸੇ ਹੀ ਸਰੀਰ ਵਿਚ ਜੀ ਉਠਾਇਆ ਗਿਆ ਜਿਹੜਾ ਸੂਲੀ ਉੱਤੇ ਕਿੱਲਾਂ ਨਾਲ ਗੱਡਿਆ ਗਿਆ ਸੀ? ਨਹੀਂ, ਕਿਉਂਕਿ ਯਿਸੂ ਨੇ ਕੇਵਲ ਇਕ ਭੌਤਿਕ ਰੂਪ ਯਾ ਸਰੀਰਕ ਦੇਹ ਧਾਰਿਆ ਸੀ, ਜਿਸ ਤਰ੍ਹਾਂ ਭੂਤਕਾਲ ਵਿਚ ਦੂਤਾਂ ਨੇ ਕੀਤਾ ਸੀ। ਥੋਮਾ ਨੂੰ ਯਕੀਨ ਦਿਲਾਉਣ ਲਈ ਕਿ ਉਹ ਕੌਣ ਸੀ, ਉਸ ਨੇ ਜ਼ਖਮਾਂ ਦੀਆਂ ਗਲੀਆਂ ਵਾਲਾ ਇਕ ਸਰੀਰ ਇਸਤੇਮਾਲ ਕੀਤਾ। ਉਹ ਪੂਰਣ ਤੌਰ ਤੇ ਮਨੁੱਖ ਪ੍ਰਗਟ ਹੋਇਆ, ਯਾ ਜਾਪਿਆ, ਅਤੇ ਉਨ੍ਹਾਂ ਦੂਤਾਂ ਵਾਂਗ ਖਾ ਪੀਹ ਸਕਿਆ, ਜਿਨ੍ਹਾਂ ਦੀ ਇਕ ਵਾਰ ਅਬਰਾਹਾਮ ਨੇ ਪਰਾਹੁਣਚਾਰੀ ਕੀਤੀ ਸੀ।—ਉਤਪਤ 18:8; ਇਬਰਾਨੀਆਂ 13:2.
10. ਕੀ ਦਿਖਾਉਂਦਾ ਹੈ ਕਿ ਯਿਸੂ ਨੇ ਵੱਖਰੀਆਂ ਭੌਤਿਕ ਦੇਹਾਂ ਧਾਰੀਆਂ ਸੀ?
10 ਭਾਵੇਂ ਥੋਮਾ ਨੂੰ ਯਿਸੂ ਉਸੇ ਤਰ੍ਹਾਂ ਦੇ ਸਰੀਰ ਵਿਚ ਪ੍ਰਗਟ ਹੋਇਆ ਜਿਸ ਤਰ੍ਹਾਂ ਦੇ ਸਰੀਰ ਵਿਚ ਉਸ ਨੂੰ ਮਾਰਿਆ ਗਿਆ ਸੀ, ਉਸ ਨੇ ਵੱਖਰੇ ਤਰ੍ਹਾਂ ਦੇ ਸਰੀਰ ਵੀ ਧਾਰੇ ਜਦੋਂ ਉਹ ਆਪਣੇ ਅਨੁਯਾਈਆਂ ਨੂੰ ਪ੍ਰਗਟ ਹੋਇਆ। ਇਸ ਕਰਕੇ ਮਰਿਯਮ ਮਗਦਲੀਨੀ ਨੇ ਪਹਿਲਾਂ ਯਿਸੂ ਨੂੰ ਇਕ ਮਾਲੀ ਸਮਝਿਆ। ਹੋਰ ਵਾਰੀ ਵੀ ਉਸ ਦੇ ਚੇਲਿਆਂ ਨੇ ਉਹ ਨੂੰ ਪਹਿਲਾਂ ਨਹੀਂ ਪਛਾਣਿਆ ਸੀ। ਇਨ੍ਹਾਂ ਅਵਸਰਾਂ ਤੇ ਇਹ ਉਸ ਦਾ ਵਿਅਕਤੀਗਤ ਦਿੱਖ ਨਹੀਂ ਸੀ ਜਿਸ ਦੁਆਰਾ ਉਹ ਪਛਾਣਿਆ ਗਿਆ, ਪਰ ਕੁਝ ਸ਼ਬਦ ਯਾ ਕਾਰਜ ਸੀ ਜੋ ਉਨ੍ਹਾਂ ਨੇ ਪਛਾਣਿਆ।—ਯੂਹੰਨਾ 20:14-16; 21:6, 7; ਲੂਕਾ 24:30, 31.
11, 12. (ੳ) ਮਸੀਹ ਕਿਸ ਤਰੀਕੇ ਨਾਲ ਧਰਤੀ ਨੂੰ ਛੱਡ ਕੇ ਗਿਆ? (ਅ) ਤਾਂ ਫਿਰ ਕਿਸ ਤਰੀਕੇ ਨਾਲ ਸਾਨੂੰ ਮਸੀਹ ਦੀ ਵਾਪਸੀ ਦੀ ਉਮੀਦ ਕਰਨੀ ਚਾਹੀਦੀ ਹੈ?
11 ਆਪਣੇ ਪੁਨਰ-ਉਥਾਨ ਤੋਂ ਬਾਅਦ, 40 ਦਿਨਾਂ ਦੇ ਲਈ ਯਿਸੂ ਆਪਣੇ ਚੇਲਿਆਂ ਨੂੰ ਸਰੀਰਕ ਦੇਹ ਵਿਚ ਦਿਖਾਈ ਦਿੱਤਾ। (ਰਸੂਲਾਂ ਦੇ ਕਰਤੱਬ 1:3) ਫਿਰ ਉਹ ਸਵਰਗ ਚਲਿਆ ਗਿਆ। ਪਰ ਕਈ ਸ਼ਾਇਦ ਪੁੱਛਣ: ‘ਕੀ ਉਨ੍ਹਾਂ ਦੋ ਮੌਜੂਦ ਦੂਤਾਂ ਨੇ ਰਸੂਲਾਂ ਨੂੰ ਇਹ ਨਹੀਂ ਆਖਿਆ ਸੀ ਕਿ ਮਸੀਹ “ਓਸੇ ਤਰਾਂ ਆਵੇਗਾ ਜਿਸ ਤਰਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ”?’ (ਰਸੂਲਾਂ ਦੇ ਕਰਤੱਬ 1:11) ਹਾਂ, ਉਨ੍ਹਾਂ ਨੇ ਇਹ ਆਖਿਆ ਸੀ। ਲੇਕਨ ਇਸ ਚੀਜ਼ ਉੱਤੇ ਧਿਆਨ ਦਿਓ ਕਿ ਉਨ੍ਹਾਂ ਨੇ ਆਖਿਆ ਸੀ “ਓਸੇ ਤਰਾਂ,” ਨਾ ਕਿ ਓਸੇ ਸਰੀਰ ਵਿਚ। ਅਤੇ ਯਿਸੂ ਦੇ ਜਾਣ ਦਾ ਕੀ ਤਰੀਕਾ ਸੀ? ਇਹ ਚੁੱਪ ਚਾਪ, ਪਬਲਿਕ ਵਿਖਾਵੇ ਤੋਂ ਬਿਨਾਂ ਸੀ। ਇਸ ਬਾਰੇ ਕੇਵਲ ਉਸ ਦੇ ਰਸੂਲ ਹੀ ਜਾਣਦੇ ਸਨ। ਦੁਨੀਆਂ ਨਹੀਂ ਜਾਣਦੀ ਸੀ।
12 ਉਸ ਉੱਤੇ ਵਿਚਾਰ ਕਰੋ ਜਿਸ ਤਰ੍ਹਾਂ ਬਾਈਬਲ ਇਸ ਦਾ ਵਰਣਨ ਕਰਦੀ ਹੈ ਕਿ ਕਿਸ ਤਰੀਕੇ ਨਾਲ ਯਿਸੂ ਆਪਣੇ ਰਸੂਲਾਂ ਨੂੰ ਛੱਡ ਕੇ ਸਵਰਗ ਗਿਆ: “ਉਨ੍ਹਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬੱਦਲੀ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ।” (ਰਸੂਲਾਂ ਦੇ ਕਰਤੱਬ 1:9) ਤਾਂ ਫਿਰ ਜਦੋਂ ਯਿਸੂ ਨੇ ਅਕਾਸ਼ ਨੂੰ ਜਾਣਾ ਆਰੰਭ ਕੀਤਾ, ਇਕ ਬੱਦਲ ਨੇ ਉਸ ਨੂੰ ਰਸੂਲਾਂ ਦੀਆਂ ਸ਼ਾਬਦਿਕ ਨਜ਼ਰਾਂ ਤੋਂ ਓਹਲੇ ਕਰ ਲਿਆ। ਇਸ ਲਈ, ਵਿਦਾ ਹੋ ਰਿਹਾ ਯਿਸੂ, ਉਨ੍ਹਾਂ ਲਈ ਅਦ੍ਰਿਸ਼ਟ ਬਣ ਗਿਆ। ਉਹ ਉਸ ਨੂੰ ਨਹੀਂ ਦੇਖ ਸਕਦੇ ਸਨ। ਫਿਰ ਉਹ ਆਪਣੇ ਆਤਮਿਕ ਸਰੀਰ ਵਿਚ ਸਵਰਗ ਚੜ੍ਹ ਗਿਆ। (1 ਪਤਰਸ 3:18) ਇਸੇ ਤਰ੍ਹਾਂ ਉਸ ਦੀ ਵਾਪਸੀ ਵੀ, ਇਕ ਆਤਮਿਕ ਸਰੀਰ ਵਿਚ ਅਦ੍ਰਿਸ਼ਟ ਹੋਵੇਗੀ।
ਕਿਵੇਂ ਹਰੇਕ ਅੱਖ ਦੁਆਰਾ ਵੇਖਿਆ ਜਾਂਦਾ ਹੈ
13. ਸਾਨੂੰ ਇਹ ਬਿਆਨ ਕਿਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ “ਹਰੇਕ ਅੱਖ ਉਸ ਨੂੰ ਵੇਖੇਗੀ” ਜਦੋਂ ਮਸੀਹ ਬੱਦਲਾਂ ਦੇ ਨਾਲ ਆਉਂਦਾ ਹੈ?
13 ਤਾਂ ਫਿਰ, ਸਾਨੂੰ ਪਰਕਾਸ਼ ਦੀ ਪੋਥੀ 1:7 ਦੇ ਸ਼ਬਦ ਕਿਸ ਤਰ੍ਹਾਂ ਸਮਝਣੇ ਚਾਹੀਦੇ ਹਨ? ਉਥੇ ਰਸੂਲ ਯੂਹੰਨਾ ਲਿਖਦਾ ਹੈ: “ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਓਹ ਵੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ।” (ਟੇਢੇ ਟਾਈਪ ਸਾਡੇ) ਇੱਥੇ ਬਾਈਬਲ ਭੌਤਿਕ ਅੱਖਾਂ ਨਾਲ ਵੇਖਣ ਬਾਰੇ ਜ਼ਿਕਰ ਨਹੀਂ ਕਰਦੀ ਹੈ, ਪਰ ਪਛਾਣ ਯਾ ਮਹਿਸੂਸ ਕਰਨ ਦੇ ਅਰਥ ਵਿਚ ਆਖਦੀ ਹੈ। ਇਸ ਲਈ, ਜਦੋਂ ਇਕ ਵਿਅਕਤੀ ਕਿਸੇ ਗੱਲ ਦੀ ਪ੍ਰਤੀਤ ਕਰਦਾ ਹੈ, ਯਾ ਸਮਝ ਪਾਉਂਦਾ ਹੈ, ਤਾਂ ਉਹ ਸ਼ਾਇਦ ਆਖੇ, ‘ਮੈਂ ਵੇਖਦਾ ਹਾਂ।’ ਅਸਲ ਵਿਚ, ਬਾਈਬਲ “ਆਪਣੀ ਸਮਝਦਾਰੀ ਦੀਆਂ ਅੱਖਾਂ,” ਬਾਰੇ ਜ਼ਿਕਰ ਕਰਦੀ ਹੈ। (ਅਫ਼ਸੀਆਂ 1:18, ਕਿੰਗ ਜੇਮਜ਼ ਵਰਯਨ) ਤਾਂ ਫਿਰ ਇਨ੍ਹਾਂ ਸ਼ਬਦਾਂ “ਹਰੇਕ ਅੱਖ ਉਸ ਨੂੰ ਵੇਖੇਗੀ” ਦਾ ਅਰਥ ਇਹ ਹੈ ਕਿ ਹਰ ਇਕ ਵਿਅਕਤੀ ਉਦੋਂ ਇਸ ਗੱਲ ਨੂੰ ਸਮਝੇਗਾ ਯਾ ਪਛਾਣੇਗਾ ਕਿ ਮਸੀਹ ਮੌਜੂਦ ਹੈ।
14. (ੳ) “ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ” ਕਿਨ੍ਹਾਂ ਵਿਅਕਤੀਆਂ ਨੂੰ ਸੰਕੇਤ ਕਰਦੇ ਹਨ? (ਅ) ਉਦੋਂ ਵੱਡਾ ਸੋਗ ਕਿਉਂ ਹੋਵੇਗਾ ਜਦੋਂ ਹਰ ਇਕ ਵਿਅਕਤੀ ਆਖਰਕਾਰ ਮਸੀਹ ਦੀ ਮੌਜੂਦਗੀ ਨੂੰ ਪਛਾਣੇਗਾ?
14 ਉਹ ਜਿਨ੍ਹਾਂ ਨੇ ਯਿਸੂ ਨੂੰ ਵਾਸਤਵ ਵਿਚ “ਵਿੰਨ੍ਹਿਆਂ” ਸੀ ਧਰਤੀ ਉੱਤੇ ਹੁਣ ਜੀਉਂਦੇ ਨਹੀਂ ਹਨ। ਇਸ ਲਈ, ਇਹ ਉਨ੍ਹਾਂ ਨੂੰ ਦਰਸਾਉਂਦੇ ਹਨ ਜੋ ਮਸੀਹ ਦੇ ਆਦੁਨਿਕ-ਦਿਨਾਂ ਦੇ ਅਨੁਯਾਈਆਂ ਨੂੰ ਦੁੱਖਾਉਣ ਦੁਆਰਾ, ਉਨ੍ਹਾਂ ਪਹਿਲੀ ਸਦੀ ਦੇ ਮਨੁੱਖਾਂ ਦੇ ਆਚਰਣ ਦੀ ਨਕਲ ਕਰਦੇ ਹਨ। (ਮੱਤੀ 25:40, 45) ਮਸੀਹ ਦਾ ਅਜਿਹੇ ਦੁਸ਼ਟ ਵਿਅਕਤੀਆਂ ਨੂੰ ਵਿਨਾਸ਼ ਕਰਨ ਦਾ ਸਮਾਂ ਹੁਣ ਜਲਦੀ ਹੀ ਆਵੇਗਾ। ਉਨ੍ਹਾਂ ਨੂੰ ਇਸ ਦੇ ਬਾਰੇ ਅਗਾਊ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਜਦੋਂ ਇਹ ਵਿਨਾਸ਼ ਦੰਡ ਪੂਰਾ ਕੀਤਾ ਜਾਵੇਗਾ, ਉਹ “ਵੇਖਣਗੇ” ਯਾ ਪਛਾਣਨਗੇ ਕਿ ਕੀ ਵਾਪਰ ਰਿਹਾ ਹੈ। ਅਤੇ ਸੱਚ-ਮੁੱਚ ਹੀ ਉਨ੍ਹਾਂ ਦਾ ਸੋਗ ਬਹੁਤ ਜ਼ਿਆਦਾ ਹੋਵੇਗਾ!
ਕੀ ਮਸੀਹ ਧਰਤੀ ਉੱਤੇ ਵਾਪਸ ਆਉਂਦਾ ਹੈ?
15. “ਵਾਪਸ ਆਉਣਾ” ਸ਼ਬਦ ਅਕਸਰ ਕਿਸ ਤਰ੍ਹਾਂ ਇਸਤੇਮਾਲ ਕੀਤੇ ਜਾਂਦੇ ਹਨ?
15 ਵਾਪਸ ਆਉਣ ਦਾ ਅਰਥ ਹਮੇਸ਼ਾ ਇਹ ਨਹੀਂ ਹੁੰਦਾ ਹੈ ਕਿ ਇਕ ਵਿਅਕਤੀ ਕਿਸੇ ਸ਼ਾਬਦਿਕ ਜਗ੍ਹਾ ਜਾਂਦਾ ਹੈ। ਇਸੇ ਤਰ੍ਹਾਂ ਬੀਮਾਰ ਵਿਅਕਤੀਆਂ ਦੇ ਸੰਬੰਧ ਵਿਚ ਆਖਿਆ ਜਾਂਦਾ ਹੈ ਕਿ ਉਹ ‘ਵਾਪਸ ਤੰਦਰੁਸਤੀ ਵਿਚ ਆਏ ਹਨ।’ ਅਤੇ ਕਿਸੇ ਸਾਬਕਾ ਸ਼ਾਸਕ ਬਾਰੇ ਆਖਿਆ ਜਾ ਸਕਦਾ ਹੈ ਕਿ ਉਹ ‘ਵਾਪਸ ਸੱਤਾ ਵਿਚ ਆਇਆ।’ ਇਸੇ ਹੀ ਤਰੀਕੇ ਨਾਲ, ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ: “ਮਿਥੇ ਹੋਏ ਵੇਲੇ ਸਿਰ ਮੈਂ ਤੇਰੇ ਕੋਲ ਮੁੜ ਆਵਾਂਗਾ ਅਰ ਸਾਰਾਹ ਪੁੱਤ੍ਰ ਜਣੇਗੀ।” (ਉਤਪਤ 18:14; 21:1) ਯਹੋਵਾਹ ਦੇ ਮੁੜਨ ਦਾ ਅਰਥ ਸ਼ਾਬਦਿਕ ਤੌਰ ਤੇ ਮੁੜਨਾ ਨਹੀਂ ਸੀ, ਪਰ ਵਾਇਦਾ ਕੀਤੀ ਹੋਈ ਗੱਲ ਨੂੰ ਪੂਰੀ ਕਰਨ ਲਈ ਧਿਆਨ ਦੇਣਾ ਸੀ।
16. (ੳ) ਮਸੀਹ ਕਿਸ ਤਰ੍ਹਾਂ ਧਰਤੀ ਉੱਤੇ ਵਾਪਸ ਆਉਂਦਾ ਹੈ? (ਅ) ਮਸੀਹ ਕਦੋਂ ਵਾਪਸ ਆਇਆ, ਅਤੇ ਉਦੋਂ ਕਿਹੜੀ ਗੱਲ ਪੂਰੀ ਹੋਈ?
16 ਇਸੇ ਹੀ ਤਰੀਕੇ ਨਾਲ, ਮਸੀਹ ਦੀ ਵਾਪਸੀ ਦਾ ਅਰਥ ਇਹ ਨਹੀਂ ਹੈ ਕਿ ਉਹ ਸ਼ਾਬਦਿਕ ਰੂਪ ਵਿਚ ਧਰਤੀ ਉੱਤੇ ਮੁੜਦਾ ਹੈ। ਇਸ ਦੀ ਬਜਾਇ, ਇਸ ਦਾ ਅਰਥ ਹੈ ਕਿ ਉਹ ਧਰਤੀ ਦੇ ਪ੍ਰਤੀ ਆਪਣੀ ਰਾਜ ਸੱਤਾ ਲੈਂਦਾ ਹੈ ਅਤੇ ਉਸ ਦੀ ਤਰਫ਼ ਆਪਣਾ ਧਿਆਨ ਦਿੰਦਾ ਹੈ। ਉਸ ਨੂੰ ਇਹ ਕਰਨ ਲਈ ਆਪਣਾ ਸਵਰਗੀ ਸਿੰਘਾਸਣ ਛੱਡ ਕੇ ਵਾਸਤਵ ਵਿਚ ਧਰਤੀ ਉੱਤੇ ਆਉਣ ਦੀ ਜ਼ਰੂਰਤ ਨਹੀਂ ਹੈ। ਜਿਸ ਤਰ੍ਹਾਂ ਅਸੀਂ ਪਿਛਲੇ ਅਧਿਆਇ ਵਿਚ ਦੇਖ ਚੁੱਕੇ ਹਾਂ, ਬਾਈਬਲ ਦਾ ਸਬੂਤ ਇਹ ਪ੍ਰਦਰਸ਼ਿਤ ਕਰਦਾ ਹੈ ਕਿ 1914 ਸਾ.ਯੁ. ਵਿਚ ਮਸੀਹ ਦੇ ਵਾਪਸ ਆਉਣ ਅਤੇ ਸ਼ਾਸਨ ਕਰਨ ਦਾ ਵੇਲਾ ਆ ਗਿਆ ਸੀ। ਇਹ ਉਦੋਂ ਸੀ ਜਦ ਸਵਰਗ ਵਿਚ ਪੁਕਾਰ ਸੁਣਾਈ ਦਿੱਤੀ: “ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇਖ਼ਤਿਆਰ ਹੋ ਗਿਆ।”—ਪਰਕਾਸ਼ ਦੀ ਪੋਥੀ 12:10.
17. ਕਿਉਂਕਿ ਮਸੀਹ ਦੀ ਵਾਪਸੀ ਅਦ੍ਰਿਸ਼ਟ ਹੈ, ਉਸ ਨੇ ਕੀ ਦਿੱਤਾ ਤਾਂ ਕਿ ਅਸੀਂ ਜਾਣ ਸਕੀਏ ਕਿ ਉਹ ਵਾਪਸ ਆ ਚੁੱਕਾ ਹੈ?
17 ਕਿਉਂਕਿ ਮਸੀਹ ਦੀ ਵਾਪਸੀ ਅਦ੍ਰਿਸ਼ਟ ਹੈ, ਕੀ ਕੋਈ ਪੁਸ਼ਟੀ ਕਰਨ ਦਾ ਤਰੀਕਾ ਹੈ ਕਿ ਇਹ ਘਟਨਾ ਵਾਸਤਵ ਵਿਚ ਹੋ ਚੁੱਕੀ ਹੈ? ਹਾਂ, ਹੈ। ਮਸੀਹ ਨੇ ਆਪ ਹੀ ਇਕ ਦ੍ਰਿਸ਼ਟ “ਲੱਛਣ” ਦਿੱਤਾ ਸੀ ਜਿਸ ਦੁਆਰਾ ਅਸੀਂ ਜਾਣ ਸਕਦੇ ਹਾਂ ਕਿ ਉਹ ਅਦ੍ਰਿਸ਼ਟ ਰੂਪ ਵਿਚ ਮੌਜੂਦ ਹੈ ਅਤੇ ਇਸ ਦੁਨੀਆਂ ਦਾ ਅੰਤ ਨਜ਼ਦੀਕ ਹੈ। ਆਓ ਅਸੀਂ ਉਸ “ਲੱਛਣ” ਦੀ ਜਾਂਚ ਕਰੀਏ।
[ਸਫ਼ੇ 142 ਉੱਤੇ ਤਸਵੀਰ]
ਮਸੀਹ ਨੇ ਆਪਣਾ ਸਰੀਰ ਇਕ ਬਲੀਦਾਨ ਦੇ ਰੂਪ ਵਿਚ ਤਿਆਗ ਦਿੱਤਾ। ਉਹ ਇਹ ਨੂੰ ਕਦੇ ਵੀ ਵਾਪਸ ਲੈ ਕੇ ਫਿਰ ਇਕ ਮਨੁੱਖ ਨਹੀਂ ਬਣ ਸਕਦਾ ਹੈ
[ਸਫ਼ੇ 144, 145 ਉੱਤੇ ਤਸਵੀਰਾਂ]
ਮਰਿਯਮ ਮਗਦਲੀਨੀ ਨੇ ਯਿਸੂ ਦੇ ਪੁਨਰ-ਉਥਾਨ ਤੋਂ ਬਾਅਦ ਉਸ ਨੂੰ ਭੁਲੇਖੇ ਵਿਚ ਇਕ ਮਾਲੀ ਕਿਉਂ ਸਮਝਿਆ ਸੀ?
ਪੁਨਰ-ਉਥਿਤ ਯਿਸੂ ਨੇ ਕਿਹੜੀ ਸਰੀਰਕ ਦੇਹ ਵਿਚ ਥੋਮਾ ਨੂੰ ਆਪਣਾ ਹੱਥ ਪਾਉਣ ਲਈ ਆਖਿਆ ਸੀ?
[ਸਫ਼ੇ 147 ਉੱਤੇ ਤਸਵੀਰ]
ਮਸੀਹ ਨੇ ਉਸੇ ਤਰੀਕੇ ਵਿਚ ਵਾਪਸ ਆਉਣਾ ਸੀ ਜਿਸ ਤਰੀਕੇ ਵਿਚ ਉਸ ਨੇ ਇਹ ਧਰਤੀ ਛੱਡੀ ਸੀ। ਉਹ ਕਿਸ ਤਰੀਕੇ ਨਾਲ ਗਿਆ ਸੀ?