ਅਧਿਆਇ 5
‘ਅਸੀਂ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’
ਰਸੂਲ ਵਿਰੋਧ ਦੇ ਬਾਵਜੂਦ ਡਟੇ ਰਹਿ ਕੇ ਸਾਰੇ ਸੱਚੇ ਮਸੀਹੀਆਂ ਲਈ ਮਿਸਾਲ ਕਾਇਮ ਕਰਦੇ ਹਨ
ਰਸੂਲਾਂ ਦੇ ਕੰਮ 5:12–6:7 ਵਿੱਚੋਂ
1-3. (ੳ) ਰਸੂਲਾਂ ਨੂੰ ਮਹਾਸਭਾ ਸਾਮ੍ਹਣੇ ਕਿਉਂ ਲਿਆਂਦਾ ਗਿਆ ਅਤੇ ਅਸਲੀ ਮੁੱਦਾ ਕੀ ਸੀ? (ਅ) ਰਸੂਲਾਂ ਨੇ ਜੋ ਵੀ ਕੀਤਾ, ਉਸ ਬਾਰੇ ਜਾਣਨ ਵਿਚ ਅਸੀਂ ਕਿਉਂ ਗਹਿਰੀ ਦਿਲਚਸਪੀ ਰੱਖਦੇ ਹਾਂ?
ਮਹਾਸਭਾ ਦੇ ਨਿਆਂਕਾਰਾਂ ਦਾ ਗੁੱਸਾ ਉਬਾਲੇ ਖਾ ਰਿਹਾ ਹੈ! ਇਸ ਉੱਚ ਅਦਾਲਤ ਅੱਗੇ ਯਿਸੂ ਦੇ ਰਸੂਲ ਖੜ੍ਹੇ ਹਨ। ਇਸ ਦੀ ਵਜ੍ਹਾ ਕੀ ਹੈ? ਯੂਸੁਫ਼ ਕਾਇਫ਼ਾ ਜੋ ਮਹਾਸਭਾ ਦਾ ਪ੍ਰਧਾਨ ਅਤੇ ਮਹਾਂ ਪੁਜਾਰੀ ਹੈ, ਉਨ੍ਹਾਂ ਨੂੰ ਕਹਿੰਦਾ ਹੈ: “ਅਸੀਂ ਤੁਹਾਨੂੰ ਸਖ਼ਤੀ ਨਾਲ ਹੁਕਮ ਦਿੱਤਾ ਸੀ ਕਿ ਇਸ ਨਾਂ ʼਤੇ ਸਿੱਖਿਆ ਦੇਣੀ ਬੰਦ ਕਰੋ।” ਗੁੱਸੇ ਵਿਚ ਅੰਨ੍ਹਾ ਹੋਇਆ ਇਹ ਪ੍ਰਧਾਨ ਯਿਸੂ ਦਾ ਨਾਂ ਵੀ ਆਪਣੀ ਜ਼ਬਾਨ ʼਤੇ ਨਹੀਂ ਲਿਆਉਣਾ ਚਾਹੁੰਦਾ। ਕਾਇਫ਼ਾ ਅੱਗੇ ਕਹਿੰਦਾ ਹੈ: “ਪਰ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਤੁਸੀਂ ਪੱਕਾ ਧਾਰ ਲਿਆ ਹੈ ਕਿ ਤੁਸੀਂ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਪਾਓਗੇ।” (ਰਸੂ. 5:28) ਉਸ ਦੇ ਕਹਿਣ ਦਾ ਮਤਲਬ ਸਾਫ਼ ਸੀ: ਪ੍ਰਚਾਰ ਕਰਨਾ ਬੰਦ ਕਰੋ, ਨਹੀਂ ਤਾਂ ਤੁਹਾਡੀ ਖ਼ੈਰ ਨਹੀਂ!
2 ਕਾਇਫ਼ਾ ਦੀ ਧਮਕੀ ਸੁਣ ਕੇ ਰਸੂਲ ਕੀ ਕਰਨਗੇ? ਯਿਸੂ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ ਕਿਉਂਕਿ ਪਰਮੇਸ਼ੁਰ ਨੇ ਸਾਰਾ ਅਧਿਕਾਰ ਉਸ ਨੂੰ ਦਿੱਤਾ ਸੀ। (ਮੱਤੀ 28:18-20) ਕੀ ਇਨਸਾਨਾਂ ਦੀਆਂ ਧਮਕੀਆਂ ਨਾਲ ਰਸੂਲਾਂ ਦੇ ਮੂੰਹ ਬੰਦ ਹੋ ਜਾਣਗੇ? ਜਾਂ ਕੀ ਉਹ ਆਪਣੇ ਇਰਾਦੇ ਦੇ ਪੱਕੇ ਰਹਿਣਗੇ ਅਤੇ ਪ੍ਰਚਾਰ ਕਰਦੇ ਰਹਿਣਗੇ? ਰਸੂਲਾਂ ਅੱਗੇ ਅਸਲੀ ਮੁੱਦਾ ਇਹ ਹੈ: ਕੀ ਉਹ ਪਰਮੇਸ਼ੁਰ ਦਾ ਹੁਕਮ ਮੰਨਣਗੇ ਜਾਂ ਇਨਸਾਨਾਂ ਦਾ? ਪਤਰਸ ਰਸੂਲ ਸਾਰੇ ਰਸੂਲਾਂ ਵੱਲੋਂ ਬਿਨਾਂ ਝਿਜਕੇ ਦਲੇਰੀ ਨਾਲ ਸਾਫ਼-ਸਾਫ਼ ਜਵਾਬ ਦਿੰਦਾ ਹੈ।
3 ਸੱਚੇ ਮਸੀਹੀ ਹੋਣ ਕਰਕੇ ਅਸੀਂ ਇਹ ਜਾਣਨ ਵਿਚ ਗਹਿਰੀ ਦਿਲਚਸਪੀ ਰੱਖਦੇ ਹਾਂ ਕਿ ਰਸੂਲਾਂ ਨੇ ਮਹਾਸਭਾ ਦੀਆਂ ਧਮਕੀਆਂ ਸੁਣ ਕੇ ਕੀ ਕੀਤਾ ਸੀ। ਕਿਉਂ? ਕਿਉਂਕਿ ਸਾਨੂੰ ਵੀ ਪ੍ਰਚਾਰ ਕਰਨ ਦਾ ਹੁਕਮ ਮਿਲਿਆ ਹੈ। ਪਰਮੇਸ਼ੁਰ ਦੇ ਇਸ ਹੁਕਮ ਨੂੰ ਮੰਨਣ ਕਰਕੇ ਸਾਡਾ ਵੀ ਵਿਰੋਧ ਹੋ ਸਕਦਾ ਹੈ। (ਮੱਤੀ 10:22) ਹੋ ਸਕਦਾ ਹੈ ਕਿ ਵਿਰੋਧੀ ਸਾਡੇ ਕੰਮ ʼਤੇ ਪਾਬੰਦੀ ਲਾਉਣ ਜਾਂ ਬੰਦ ਕਰਨ ਦੀ ਕੋਸ਼ਿਸ਼ ਕਰਨ। ਉਦੋਂ ਅਸੀਂ ਕੀ ਕਰਾਂਗੇ? ਸਾਨੂੰ ਰਸੂਲਾਂ ਦੀ ਦਲੇਰੀ ਦੇ ਨਾਲ-ਨਾਲ ਉਨ੍ਹਾਂ ਹਾਲਾਤਾਂ ਉੱਤੇ ਗੌਰ ਕਰ ਕੇ ਫ਼ਾਇਦਾ ਹੋਵੇਗਾ ਜਿਨ੍ਹਾਂ ਕਰਕੇ ਰਸੂਲਾਂ ਨੂੰ ਮਹਾਸਭਾ ਸਾਮ੍ਹਣੇ ਪੇਸ਼ ਹੋਣਾ ਪਿਆ ਸੀ।a
“ਯਹੋਵਾਹ ਦੇ ਦੂਤ ਨੇ ਆ ਕੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ” (ਰਸੂ. 5:12-21ੳ)
4, 5. ਕਾਇਫ਼ਾ ਅਤੇ ਸਦੂਕੀ ਕਿਉਂ ‘ਈਰਖਾ ਨਾਲ ਭਰ ਗਏ’ ਸਨ?
4 ਯਾਦ ਕਰੋ ਕਿ ਪਤਰਸ ਅਤੇ ਯੂਹੰਨਾ ਨੇ ਪਹਿਲੀ ਵਾਰ ਪ੍ਰਚਾਰ ਬੰਦ ਕਰਨ ਦਾ ਹੁਕਮ ਮਿਲਣ ਤੇ ਕੀ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ: “ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।” (ਰਸੂ. 4:20) ਮਹਾਸਭਾ ਨਾਲ ਟੱਕਰ ਹੋਣ ਤੋਂ ਬਾਅਦ ਪਤਰਸ ਤੇ ਯੂਹੰਨਾ ਨੇ ਬਾਕੀ ਰਸੂਲਾਂ ਨਾਲ ਮੰਦਰ ਵਿਚ ਪ੍ਰਚਾਰ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਣ ਅਤੇ ਬੀਮਾਰਾਂ ਨੂੰ ਠੀਕ ਕਰਨ ਵਰਗੇ ਚਮਤਕਾਰ ਕੀਤੇ। ਇਹ ਚਮਤਕਾਰ ਉਨ੍ਹਾਂ ਨੇ ਮੰਦਰ ਦੇ ਪੂਰਬ ਵੱਲ “ਸੁਲੇਮਾਨ ਦੇ ਬਰਾਂਡੇ” ਵਿਚ ਕੀਤੇ ਸਨ ਜਿੱਥੇ ਬਹੁਤ ਸਾਰੇ ਯਹੂਦੀ ਇਕੱਠੇ ਹੁੰਦੇ ਸਨ। ਕਈ ਤਾਂ ਪਤਰਸ ਦਾ ਪਰਛਾਵਾਂ ਪੈਣ ਤੇ ਹੀ ਠੀਕ ਹੋ ਜਾਂਦੇ ਸਨ! ਜਿਨ੍ਹਾਂ ਲੋਕਾਂ ਨੂੰ ਠੀਕ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਚੇਲਿਆਂ ਨਾਲ ਮਿਲ ਕੇ ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਲੱਗ ਪਏ। ਨਤੀਜੇ ਵਜੋਂ “ਪ੍ਰਭੂ ਉੱਤੇ ਨਿਹਚਾ ਕਰਨ ਵਾਲੇ ਆਦਮੀਆਂ ਤੇ ਤੀਵੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ।”—ਰਸੂ. 5:12-15.
5 ਕਾਇਫ਼ਾ ਅਤੇ ਉਸ ਦੇ ਨਾਲ ਦੇ ਹੋਰ ਸਦੂਕੀ ‘ਈਰਖਾ ਨਾਲ ਭਰ ਗਏ’ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਜੇਲ੍ਹ ਵਿਚ ਸੁਟਵਾ ਦਿੱਤਾ। (ਰਸੂ. 5:17, 18) ਸਦੂਕੀਆਂ ਦਾ ਪਾਰਾ ਕਿਉਂ ਚੜ੍ਹਿਆ ਹੋਇਆ ਸੀ? ਕਿਉਂਕਿ ਰਸੂਲ ਇਹ ਸਿਖਾ ਰਹੇ ਸਨ ਕਿ ਯਿਸੂ ਦੁਬਾਰਾ ਜੀਉਂਦਾ ਹੋ ਗਿਆ ਸੀ ਜਦ ਕਿ ਸਦੂਕੀ ਨਹੀਂ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਰਸੂਲ ਕਹਿ ਰਹੇ ਸਨ ਕਿ ਸਿਰਫ਼ ਯਿਸੂ ਉੱਤੇ ਨਿਹਚਾ ਕਰ ਕੇ ਹੀ ਲੋਕ ਬਚ ਸਕਦੇ ਸਨ। ਪਰ ਸਦੂਕੀਆਂ ਨੂੰ ਇਸ ਗੱਲ ਦਾ ਡਰ ਸੀ ਕਿ ਜੇ ਲੋਕ ਯਿਸੂ ਨੂੰ ਆਪਣਾ ਆਗੂ ਮੰਨਣ ਲੱਗ ਪਏ, ਤਾਂ ਰੋਮੀ ਉਨ੍ਹਾਂ ਦੀ ਕੌਮ ਉੱਤੇ ਹਮਲਾ ਕਰ ਦੇਣਗੇ। (ਯੂਹੰ. 11:48) ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਸਦੂਕੀ ਰਸੂਲਾਂ ਦਾ ਮੂੰਹ ਬੰਦ ਕਰਨ ਤੇ ਤੁਲੇ ਹੋਏ ਸਨ!
6. ਯਹੋਵਾਹ ਦੇ ਸੇਵਕਾਂ ਉੱਤੇ ਅਤਿਆਚਾਰ ਕਰਨ ਪਿੱਛੇ ਆਮ ਤੌਰ ਤੇ ਕਿਨ੍ਹਾਂ ਦਾ ਹੱਥ ਹੁੰਦਾ ਹੈ ਅਤੇ ਸਾਨੂੰ ਇਸ ਤੋਂ ਹੈਰਾਨੀ ਕਿਉਂ ਨਹੀਂ ਹੁੰਦੀ?
6 ਅੱਜ ਵੀ ਯਹੋਵਾਹ ਦੇ ਸੇਵਕਾਂ ʼਤੇ ਅਤਿਆਚਾਰ ਕਰਨ ਪਿੱਛੇ ਆਮ ਤੌਰ ਤੇ ਧਾਰਮਿਕ ਕੱਟੜਪੰਥੀਆਂ ਦਾ ਹੱਥ ਹੁੰਦਾ ਹੈ। ਉਹ ਅਕਸਰ ਸਰਕਾਰੀ ਅਧਿਕਾਰੀਆਂ ਅਤੇ ਮੀਡੀਆ ਦੇ ਜ਼ਰੀਏ ਆਪਣੇ ਦਬਦਬੇ ਦਾ ਇਸਤੇਮਾਲ ਕਰ ਕੇ ਸਾਡਾ ਪ੍ਰਚਾਰ ਦਾ ਕੰਮ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੀ ਇਹ ਸਾਡੇ ਲਈ ਕੋਈ ਹੈਰਾਨੀ ਦੀ ਗੱਲ ਹੈ? ਨਹੀਂ। ਕਿਉਂਕਿ ਰਾਜ ਦਾ ਸੰਦੇਸ਼ ਸੁਣਾ ਕੇ ਅਸੀਂ ਝੂਠੇ ਧਰਮਾਂ ਦੀ ਪੋਲ ਖੋਲ੍ਹਦੇ ਹਾਂ। ਇਸ ਕਰਕੇ ਨੇਕਦਿਲ ਲੋਕਾਂ ਨੇ ਬਾਈਬਲ ਵਿਚ ਦੱਸੀਆਂ ਸੱਚਾਈਆਂ ʼਤੇ ਵਿਸ਼ਵਾਸ ਕੀਤਾ ਹੈ ਅਤੇ ਉਨ੍ਹਾਂ ਸਿੱਖਿਆਵਾਂ ਅਤੇ ਰੀਤਾਂ-ਰਿਵਾਜਾਂ ਤੋਂ ਆਜ਼ਾਦ ਹੋਏ ਹਨ ਜੋ ਬਾਈਬਲ ਦੇ ਉਲਟ ਹਨ। (ਯੂਹੰ. 8:32) ਇਸ ਲਈ ਅਸੀਂ ਹੈਰਾਨ ਨਹੀਂ ਹੁੰਦੇ ਜਦੋਂ ਸਾਡੇ ਸੰਦੇਸ਼ ਕਰਕੇ ਧਾਰਮਿਕ ਆਗੂ ਨਫ਼ਰਤ ਦੀ ਅੱਗ ਵਿਚ ਸੜ-ਬਲ਼ ਜਾਂਦੇ ਹਨ।
7, 8. ਦੂਤ ਦੇ ਹੁਕਮ ਦਾ ਰਸੂਲਾਂ ʼਤੇ ਕੀ ਅਸਰ ਪਿਆ ਹੋਣਾ ਅਤੇ ਸਾਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?
7 ਜੇਲ੍ਹ ਵਿਚ ਆਪਣੀ ਪੇਸ਼ੀ ਦੀ ਉਡੀਕ ਕਰਦਿਆਂ ਰਸੂਲਾਂ ਨੂੰ ਆਪਣੇ ਸਿਰਾਂ ʼਤੇ ਮੌਤ ਦੀ ਤਲਵਾਰ ਲਟਕਦੀ ਨਜ਼ਰ ਆਈ ਹੋਣੀ। (ਮੱਤੀ 24:9) ਪਰ ਉਸ ਰਾਤ ਇਕ ਕਰਿਸ਼ਮਾ ਹੋਇਆ—“ਯਹੋਵਾਹ ਦੇ ਦੂਤ ਨੇ ਆ ਕੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ।”b (ਰਸੂ. 5:19) ਫਿਰ ਦੂਤ ਨੇ ਉਨ੍ਹਾਂ ਨੂੰ ਖ਼ਾਸ ਹਿਦਾਇਤ ਦਿੱਤੀ: “ਤੁਸੀਂ ਮੰਦਰ ਨੂੰ ਚਲੇ ਜਾਓ” ਅਤੇ ਲੋਕਾਂ ਨੂੰ “ਸਭ ਕੁਝ ਦੱਸਦੇ ਰਹੋ।” (ਰਸੂ. 5:20) ਇਹ ਹੁਕਮ ਮਿਲਣ ਤੇ ਚੇਲਿਆਂ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਜੋ ਕਰ ਰਹੇ ਸਨ, ਸਹੀ ਕਰ ਰਹੇ ਸਨ। ਉਨ੍ਹਾਂ ਨੂੰ ਦੂਤ ਦੀਆਂ ਗੱਲਾਂ ਤੋਂ ਹਰ ਹਾਲ ਵਿਚ ਪ੍ਰਚਾਰ ਦੇ ਕੰਮ ਵਿਚ ਡਟੇ ਰਹਿਣ ਦਾ ਵੀ ਹੌਸਲਾ ਮਿਲਿਆ ਹੋਣਾ। ਰਸੂਲ ਪੱਕੀ ਨਿਹਚਾ ਅਤੇ ਹੌਸਲੇ ਨਾਲ “ਤੜਕੇ ਮੰਦਰ ਵਿਚ ਚਲੇ ਗਏ ਅਤੇ ਲੋਕਾਂ ਨੂੰ ਸਿਖਾਉਣ ਲੱਗੇ।”—ਰਸੂ. 5:21.
8 ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੇਰੀ ਨਿਹਚਾ ਇੰਨੀ ਪੱਕੀ ਹੈ ਜਾਂ ਮੇਰੇ ਵਿਚ ਇੰਨੀ ਹਿੰਮਤ ਹੈ ਕਿ ਮੈਂ ਵਿਰੋਧ ਦੇ ਬਾਵਜੂਦ ਵੀ ਪ੍ਰਚਾਰ ਕਰਦਾ ਰਹਾਂ?’ ਸਾਨੂੰ ਇਹ ਜਾਣ ਕੇ ਹੌਸਲਾ ਮਿਲ ਸਕਦਾ ਹੈ ਕਿ “ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ” ਦੇਣ ਵਿਚ ਦੂਤ ਸਾਡਾ ਸਾਥ ਦੇ ਰਹੇ ਹਨ ਅਤੇ ਸਾਡੀ ਅਗਵਾਈ ਕਰ ਰਹੇ ਹਨ।—ਰਸੂ. 28:23; ਪ੍ਰਕਾ. 14:6, 7.
‘ਅਸੀਂ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’ (ਰਸੂ. 5:21ਅ-33)
9-11. ਮਹਾਸਭਾ ਵੱਲੋਂ ਪ੍ਰਚਾਰ ਬੰਦ ਕਰਨ ਦਾ ਹੁਕਮ ਸੁਣ ਕੇ ਰਸੂਲਾਂ ਨੇ ਕੀ ਕਿਹਾ ਸੀ ਅਤੇ ਉਨ੍ਹਾਂ ਨੇ ਸੱਚੇ ਮਸੀਹੀਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ?
9 ਅਗਲੇ ਦਿਨ ਕਾਇਫ਼ਾ ਅਤੇ ਮਹਾਸਭਾ ਦੇ ਹੋਰ ਨਿਆਂਕਾਰ ਰਸੂਲਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਤਿਆਰ ਸਨ। ਉਹ ਜੇਲ੍ਹ ਵਿਚ ਹੋਈ ਘਟਨਾ ਤੋਂ ਬਿਲਕੁਲ ਅਣਜਾਣ ਸਨ, ਇਸ ਲਈ ਉਨ੍ਹਾਂ ਨੇ ਕੈਦੀਆਂ ਨੂੰ ਲਿਆਉਣ ਲਈ ਪਹਿਰੇਦਾਰਾਂ ਨੂੰ ਘੱਲਿਆ। ਪਹਿਰੇਦਾਰਾਂ ਦੇ ਹੋਸ਼ ਉੱਡ ਗਏ ਹੋਣੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਜੇਲ੍ਹ ਨੂੰ ਜਿੰਦਾ ਲੱਗਾ ਹੋਇਆ ਸੀ ਅਤੇ “ਦਰਵਾਜ਼ਿਆਂ ʼਤੇ ਪਹਿਰੇਦਾਰ ਖੜ੍ਹੇ ਸਨ,” ਪਰ ਕੈਦੀ ਗਾਇਬ ਹੋ ਚੁੱਕੇ ਸਨ। (ਰਸੂ. 5:23) ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਰਸੂਲ ਮੰਦਰ ਵਿਚ ਸਨ ਅਤੇ ਉੱਥੇ ਯਿਸੂ ਮਸੀਹ ਬਾਰੇ ਗਵਾਹੀ ਦੇ ਰਹੇ ਸਨ। ਇਸੇ ਕੰਮ ਕਰਕੇ ਤਾਂ ਉਨ੍ਹਾਂ ਨੂੰ ਪਹਿਲਾਂ ਜੇਲ੍ਹ ਵਿਚ ਸੁੱਟਿਆ ਗਿਆ ਸੀ! ਮੁਖੀ ਅਤੇ ਪਹਿਰੇਦਾਰ ਫਟਾਫਟ ਮੰਦਰ ਵਿਚ ਜਾ ਕੇ ਕੈਦੀਆਂ ਨੂੰ ਫੜ ਕੇ ਮਹਾਸਭਾ ਸਾਮ੍ਹਣੇ ਲੈ ਆਏ।
10 ਇਸ ਅਧਿਆਇ ਦੇ ਸ਼ੁਰੂ ਵਿਚ ਅਸੀਂ ਦੇਖਿਆ ਸੀ ਕਿ ਗੁੱਸੇ ਵਿਚ ਭੜਕੇ ਧਾਰਮਿਕ ਆਗੂਆਂ ਨੇ ਰਸੂਲਾਂ ਨੂੰ ਪ੍ਰਚਾਰ ਕਰਨ ਤੋਂ ਸਖ਼ਤ ਮਨ੍ਹਾ ਕੀਤਾ ਸੀ। ਪਰ ਰਸੂਲਾਂ ਨੇ ਕੀ ਜਵਾਬ ਦਿੱਤਾ ਸੀ? ਪਤਰਸ ਨੇ ਬਾਕੀ ਰਸੂਲਾਂ ਵੱਲੋਂ ਬੋਲਦਿਆਂ ਦਲੇਰੀ ਨਾਲ ਕਿਹਾ ਸੀ: “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।” (ਰਸੂ. 5:29) ਉਨ੍ਹਾਂ ਰਸੂਲਾਂ ਦੀ ਮਿਸਾਲ ਉੱਤੇ ਸਾਰੇ ਸੱਚੇ ਮਸੀਹੀ ਸਦੀਆਂ ਤੋਂ ਚੱਲ ਰਹੇ ਹਨ। ਇਨਸਾਨੀ ਹਾਕਮਾਂ ਕੋਲ ਇਹ ਅਧਿਕਾਰ ਹੈ ਕਿ ਲੋਕ ਉਨ੍ਹਾਂ ਦਾ ਕਹਿਣਾ ਮੰਨਣ। ਪਰ ਜਦੋਂ ਹਾਕਮ ਮਸੀਹੀਆਂ ਨੂੰ ਪਰਮੇਸ਼ੁਰ ਦੇ ਕਹਿਣੇ ਤੋਂ ਉਲਟ ਚੱਲਣ ਦਾ ਹੁਕਮ ਦਿੰਦੇ ਹਨ, ਤਾਂ ਮਸੀਹੀ ਉਨ੍ਹਾਂ ਦਾ ਇਹ ਹੁਕਮ ਨਹੀਂ ਮੰਨਦੇ। ਇਸ ਲਈ ਅੱਜ ਜਦੋਂ ‘ਉੱਚ ਅਧਿਕਾਰੀ’ ਸਾਡੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲਾਉਂਦੇ ਹਨ, ਤਾਂ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਜਿਸ ਨੂੰ ਕਰਨ ਦਾ ਹੁਕਮ ਪਰਮੇਸ਼ੁਰ ਨੇ ਦਿੱਤਾ ਹੈ। (ਰੋਮੀ. 13:1) ਇਸ ਦੀ ਬਜਾਇ, ਅਸੀਂ ਸਮਝਦਾਰੀ ਵਰਤਦਿਆਂ ਹੋਰ ਤਰੀਕਿਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦੇ ਰਹਾਂਗੇ।
11 ਰਸੂਲਾਂ ਦਾ ਦਲੇਰੀ ਭਰਿਆ ਜਵਾਬ ਸੁਣ ਕੇ ਨਿਆਂਕਾਰਾਂ ਦੀਆਂ ਅੱਖਾਂ ਵਿਚ ਖ਼ੂਨ ਉੱਤਰ ਆਇਆ। ਉਨ੍ਹਾਂ ਨੇ ਰਸੂਲਾਂ ਨੂੰ ‘ਜਾਨੋਂ ਮਾਰ ਦੇਣ’ ਦੀ ਠਾਣ ਲਈ। (ਰਸੂ. 5:33) ਉਨ੍ਹਾਂ ਬਹਾਦਰ ਤੇ ਜੋਸ਼ੀਲੇ ਗਵਾਹਾਂ ਨੂੰ ਆਪਣੀ ਮੌਤ ਸਾਫ਼ ਨਜ਼ਰ ਆ ਰਹੀ ਸੀ। ਪਰ ਉਨ੍ਹਾਂ ਦੀ ਮਦਦ ਲਈ ਇਕ ਬੰਦਾ ਅੱਗੇ ਆਇਆ ਜਿਸ ਤੋਂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ!
“ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ” (ਰਸੂ. 5:34-42)
12, 13. (ੳ) ਗਮਲੀਏਲ ਨੇ ਦੂਸਰੇ ਨਿਆਂਕਾਰਾਂ ਨੂੰ ਕੀ ਸਲਾਹ ਦਿੱਤੀ ਅਤੇ ਉਨ੍ਹਾਂ ਨੇ ਕੀ ਕੀਤਾ? (ਅ) ਯਹੋਵਾਹ ਅੱਜ ਆਪਣੇ ਲੋਕਾਂ ਦੀ ਮਦਦ ਕਰਨ ਲਈ ਕਿਸ ਤਰ੍ਹਾਂ ਦੇ ਲੋਕਾਂ ਨੂੰ ਵਰਤ ਸਕਦਾ ਹੈ ਅਤੇ ‘ਨੇਕ ਕੰਮ ਕਰਨ ਕਰਕੇ ਦੁੱਖ ਝੱਲਦੇ’ ਹੋਏ ਅਸੀਂ ਕਿਹੜੀਆਂ ਦੋ ਗੱਲਾਂ ਦਾ ਯਕੀਨ ਰੱਖ ਸਕਦੇ ਹਾਂ?
12 ਉਸ ਮਹਾਸਭਾ ਵਿਚ ਗਮਲੀਏਲ ਨਾਂ ਦਾ ਇਕ ਨਿਆਂਕਾਰ ਵੀ ਸੀ ਜੋ “ਕਾਨੂੰਨ ਦਾ ਸਿੱਖਿਅਕ ਸੀ ਅਤੇ ਲੋਕ ਉਸ ਦਾ ਬਹੁਤ ਆਦਰ-ਮਾਣ ਕਰਦੇ ਸਨ।”c ਉਹ ਖੜ੍ਹਾ ਹੋ ਕੇ ਗੱਲ ਕਰਨ ਲੱਗਾ। ਦੂਸਰੇ ਨਿਆਂਕਾਰਾਂ ਦੀਆਂ ਨਜ਼ਰਾਂ ਵਿਚ ਕਾਨੂੰਨ ਦੇ ਇਸ ਮਾਹਰ ਦੀ ਬਹੁਤ ਇੱਜ਼ਤ ਸੀ। ਉਸ ਨੇ ਅਦਾਲਤੀ ਕਾਰਵਾਈ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ, ਇੱਥੋਂ ਤਕ ਕਿ “ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲੈ ਜਾਣ ਦਾ ਹੁਕਮ ਦਿੱਤਾ।” (ਰਸੂ. 5:34) ਉਸ ਨੇ ਬਗਾਵਤ ਕਰਨ ਵਾਲੇ ਦੋ ਬੰਦਿਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਦੀ ਮੌਤ ਨਾਲ ਹੀ ਉਨ੍ਹਾਂ ਦੀ ਬਗਾਵਤ ਵੀ ਖ਼ਤਮ ਹੋ ਗਈ। ਇਹ ਮਿਸਾਲਾਂ ਦੇ ਕੇ ਉਸ ਨੇ ਅਦਾਲਤ ਨੂੰ ਤਾਕੀਦ ਕੀਤੀ ਕਿ ਉਹ ਰਸੂਲਾਂ ਦੇ ਮਾਮਲੇ ਵਿਚ ਧੀਰਜ ਤੋਂ ਕੰਮ ਲੈਣ ਕਿਉਂਕਿ ਇਨ੍ਹਾਂ ਦਾ ਆਗੂ ਵੀ ਅਜੇ ਕੁਝ ਸਮਾਂ ਪਹਿਲਾਂ ਮਰਿਆ ਸੀ। ਗਮਲੀਏਲ ਨੇ ਅਸਰਦਾਰ ਦਲੀਲਾਂ ਦਿੰਦੇ ਹੋਏ ਕਿਹਾ: “ਇਨ੍ਹਾਂ ਆਦਮੀਆਂ ਦੇ ਕੰਮ ਵਿਚ ਦਖ਼ਲ ਨਾ ਦਿਓ, ਸਗੋਂ ਇਨ੍ਹਾਂ ਨੂੰ ਜਾਣ ਦਿਓ। ਕਿਉਂਕਿ ਜੇ ਇਹ ਯੋਜਨਾ ਜਾਂ ਕੰਮ ਇਨਸਾਨਾਂ ਦਾ ਹੈ, ਤਾਂ ਇਹ ਖ਼ਤਮ ਹੋ ਜਾਵੇਗਾ; ਪਰ ਜੇ ਇਹ ਪਰਮੇਸ਼ੁਰ ਵੱਲੋਂ ਹੈ, ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ। ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਪਰਮੇਸ਼ੁਰ ਨਾਲ ਲੜਾਈ ਮੁੱਲ ਲੈ ਲਓ।” (ਰਸੂ. 5:38, 39) ਉਨ੍ਹਾਂ ਨਿਆਂਕਾਰਾਂ ਨੇ ਉਸ ਦੀ ਸਲਾਹ ਮੰਨੀ। ਫਿਰ ਵੀ ਉਨ੍ਹਾਂ ਨੇ ਰਸੂਲਾਂ ਨੂੰ ਕੋਰੜੇ ਮਰਵਾ ਕੇ ਹੁਕਮ ਦਿੱਤਾ ਕਿ ਉਹ “ਯਿਸੂ ਦੇ ਨਾਂ ʼਤੇ ਸਿੱਖਿਆ ਨਾ ਦੇਣ।”—ਰਸੂ. 5:40.
13 ਅੱਜ ਵੀ ਯਹੋਵਾਹ ਆਪਣੇ ਲੋਕਾਂ ਦੀ ਮਦਦ ਲਈ ਗਮਲੀਏਲ ਵਰਗੇ ਅਸਰ-ਰਸੂਖ ਰੱਖਣ ਵਾਲੇ ਲੋਕਾਂ ਨੂੰ ਇਸਤੇਮਾਲ ਕਰ ਸਕਦਾ ਹੈ। (ਕਹਾ. 21:1) ਯਹੋਵਾਹ ਆਪਣੀ ਪਵਿੱਤਰ ਸ਼ਕਤੀ ਨਾਲ ਤਾਕਤਵਰ ਹਾਕਮਾਂ, ਜੱਜਾਂ ਅਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਆਪਣੀ ਇੱਛਾ ਮੁਤਾਬਕ ਕੰਮ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। (ਨਹ. 2:4-8) ਪਰ ਜੇ ਉਹ ਸਾਨੂੰ ‘ਨੇਕ ਕੰਮ ਕਰਨ ਕਰਕੇ ਦੁੱਖ ਝੱਲਣ’ ਵੀ ਦਿੰਦਾ ਹੈ, ਤਾਂ ਵੀ ਅਸੀਂ ਦੋ ਗੱਲਾਂ ਦਾ ਯਕੀਨ ਰੱਖ ਸਕਦੇ ਹਾਂ। (1 ਪਤ. 3:14) ਪਹਿਲੀ, ਪਰਮੇਸ਼ੁਰ ਸਾਨੂੰ ਸਹਿਣ ਦੀ ਤਾਕਤ ਦੇ ਸਕਦਾ ਹੈ। (1 ਕੁਰਿੰ. 10:13) ਦੂਸਰੀ, ਵਿਰੋਧ ਕਰਨ ਵਾਲੇ ਲੋਕ ਪਰਮੇਸ਼ੁਰ ਦੇ ਕੰਮ ਨੂੰ ‘ਖ਼ਤਮ ਨਹੀਂ ਕਰ ਸਕਦੇ।’—ਯਸਾ. 54:17.
14, 15. (ੳ) ਕੋਰੜੇ ਖਾਣ ਤੋਂ ਬਾਅਦ ਵੀ ਰਸੂਲਾਂ ਨੇ ਕਿਵੇਂ ਮਹਿਸੂਸ ਕੀਤਾ ਅਤੇ ਕਿਉਂ? (ਅ) ਇਕ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਲੋਕ ਖ਼ੁਸ਼ੀ ਨਾਲ ਦੁੱਖ ਸਹਿੰਦੇ ਹਨ।
14 ਕੀ ਕੋਰੜਿਆਂ ਦੀ ਮਾਰ ਖਾ ਕੇ ਰਸੂਲਾਂ ਦੇ ਹੌਸਲੇ ਢਹਿ ਗਏ ਜਾਂ ਉਨ੍ਹਾਂ ਦਾ ਇਰਾਦਾ ਕਮਜ਼ੋਰ ਪੈ ਗਿਆ? ਬਿਲਕੁਲ ਨਹੀਂ! ਉਹ ‘ਮਹਾਸਭਾ ਸਾਮ੍ਹਣਿਓਂ ਚਲੇ ਗਏ ਅਤੇ ਖ਼ੁਸ਼ ਸਨ।’ (ਰਸੂ. 5:41) ਉਹ “ਖ਼ੁਸ਼” ਕਿਉਂ ਸਨ? ਉਹ ਇਸ ਗੱਲੋਂ ਖ਼ੁਸ਼ ਨਹੀਂ ਸਨ ਕਿ ਉਨ੍ਹਾਂ ਨੂੰ ਕੋਰੜਿਆਂ ਦੀ ਮਾਰ ਝੱਲਣੀ ਪਈ ਸੀ। ਪਰ ਉਨ੍ਹਾਂ ਨੂੰ ਖ਼ੁਸ਼ੀ ਇਸ ਗੱਲ ਦੀ ਸੀ ਕਿ ਉਨ੍ਹਾਂ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਅਤੇ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਚੱਲਣ ਕਰਕੇ ਸਤਾਇਆ ਗਿਆ ਸੀ।—ਮੱਤੀ 5:11, 12.
15 ਪਹਿਲੀ ਸਦੀ ਦੇ ਆਪਣੇ ਇਨ੍ਹਾਂ ਭਰਾਵਾਂ ਵਾਂਗ ਅਸੀਂ ਵੀ ਖ਼ੁਸ਼ ਖ਼ਬਰੀ ਦੀ ਖ਼ਾਤਰ ਦੁੱਖ ਝੱਲ ਕੇ ਖ਼ੁਸ਼ ਹੁੰਦੇ ਹਾਂ। (1 ਪਤ. 4:12-14) ਜਦੋਂ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਜਾਂ ਸਤਾਇਆ ਜਾਂਦਾ ਜਾਂ ਜੇਲ੍ਹਾਂ ਵਿਚ ਸੁੱਟਿਆ ਜਾਂਦਾ, ਤਾਂ ਸਾਨੂੰ ਕੋਈ ਖ਼ੁਸ਼ੀ ਨਹੀਂ ਹੁੰਦੀ। ਪਰ ਸਾਨੂੰ ਇਸ ਗੱਲੋਂ ਖ਼ੁਸ਼ੀ ਜ਼ਰੂਰ ਮਿਲਦੀ ਹੈ ਕਿ ਅਸੀਂ ਆਪਣੀ ਵਫ਼ਾਦਾਰੀ ਬਣਾਈ ਰੱਖੀ ਹੈ। ਭਰਾ ਹੈਨਰੀਕ ਡੌਰਨੀਕ ਦੀ ਮਿਸਾਲ ਲੈ ਲਓ ਜਿਸ ਨੂੰ ਤਾਨਾਸ਼ਾਹੀ ਸਰਕਾਰਾਂ ਦੇ ਹੱਥੋਂ ਸਾਲਾਂ ਤਾਈਂ ਅਤਿਆਚਾਰ ਸਹਿਣੇ ਪਏ। ਉਸ ਨੂੰ ਯਾਦ ਹੈ ਕਿ ਅਗਸਤ 1944 ਵਿਚ ਅਧਿਕਾਰੀਆਂ ਨੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਤਸ਼ੱਦਦ ਕੈਂਪ ਵਿਚ ਘੱਲਣ ਦਾ ਫ਼ੈਸਲਾ ਕੀਤਾ ਸੀ। ਵਿਰੋਧੀਆਂ ਨੇ ਕਿਹਾ: “ਇਨ੍ਹਾਂ ਦੇ ਵਿਚਾਰਾਂ ਨੂੰ ਬਦਲਣਾ ਨਾਮੁਮਕਿਨ ਹੈ। ਆਪਣੇ ਧਰਮ ਦੀ ਖ਼ਾਤਰ ਇਹ ਖ਼ੁਸ਼ੀ-ਖ਼ੁਸ਼ੀ ਮਰਨ ਨੂੰ ਵੀ ਤਿਆਰ ਹਨ।” ਭਰਾ ਡੌਰਨੀਕ ਨੇ ਕਿਹਾ: “ਭਾਵੇਂ ਮੇਰੇ ਵਿਚ ਸ਼ਹੀਦ ਹੋਣ ਦੀ ਕੋਈ ਇੱਛਾ ਨਹੀਂ ਸੀ, ਪਰ ਯਹੋਵਾਹ ਦਾ ਵਫ਼ਾਦਾਰ ਰਹਿਣ ਲਈ ਹਰ ਦੁੱਖ ਝੱਲਣਾ ਮੇਰੇ ਲਈ ਮਾਣ ਦੀ ਗੱਲ ਸੀ।”—ਯਾਕੂ. 1:2-4.
16. ਰਸੂਲਾਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਗਵਾਹੀ ਦੇਣ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਅਸੀਂ ਉਨ੍ਹਾਂ ਵਾਂਗ ਪ੍ਰਚਾਰ ਕਿਵੇਂ ਕਰਦੇ ਹਾਂ?
16 ਰਸੂਲਾਂ ਨੇ ਸਮਾਂ ਬਰਬਾਦ ਕੀਤੇ ਬਿਨਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਨਿਡਰ ਹੋ ਕੇ “ਰੋਜ਼ ਬਿਨਾਂ ਰੁਕੇ ਮੰਦਰ ਵਿਚ ਤੇ ਘਰ-ਘਰ ਜਾ ਕੇ . . . ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।”d (ਰਸੂ. 5:42) ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਨੇ ਮਨ ਵਿਚ ਪੱਕਾ ਧਾਰਿਆ ਹੋਇਆ ਸੀ ਕਿ ਉਹ ਚੰਗੀ ਤਰ੍ਹਾਂ ਗਵਾਹੀ ਦੇਣਗੇ। ਧਿਆਨ ਦਿਓ ਕਿ ਉਹ ਲੋਕਾਂ ਦੇ ਘਰਾਂ ਵਿਚ ਖ਼ੁਸ਼ ਖ਼ਬਰੀ ਸੁਣਾਉਣ ਜਾਂਦੇ ਸਨ, ਜਿਵੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। (ਮੱਤੀ 10:7, 11-14) ਇਸ ਤਰ੍ਹਾਂ ਉਨ੍ਹਾਂ ਨੇ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ। ਅੱਜ ਯਹੋਵਾਹ ਦੇ ਗਵਾਹ ਵੀ ਉਨ੍ਹਾਂ ਰਸੂਲਾਂ ਵਾਂਗ ਘਰ-ਘਰ ਪ੍ਰਚਾਰ ਕਰਨ ਲਈ ਜਾਣੇ ਜਾਂਦੇ ਹਨ। ਆਪਣੇ ਇਲਾਕੇ ਦੇ ਹਰ ਘਰ ਵਿਚ ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਹਰ ਕਿਸੇ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇਣਾ ਚਾਹੁੰਦੇ ਹਾਂ। ਕੀ ਯਹੋਵਾਹ ਨੇ ਘਰ-ਘਰ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਉੱਤੇ ਬਰਕਤ ਪਾਈ ਹੈ? ਹਾਂ, ਜ਼ਰੂਰ ਪਾਈ ਹੈ। ਇਸ ਅੰਤ ਦੇ ਸਮੇਂ ਵਿਚ ਲੱਖਾਂ ਲੋਕਾਂ ਨੇ ਰਾਜ ਦੇ ਸੰਦੇਸ਼ ਨੂੰ ਕਬੂਲ ਕੀਤਾ ਹੈ ਅਤੇ ਕਈਆਂ ਨੇ ਪਹਿਲੀ ਵਾਰ ਉਦੋਂ ਖ਼ੁਸ਼ ਖ਼ਬਰੀ ਸੁਣੀ ਜਦੋਂ ਯਹੋਵਾਹ ਦੇ ਕਿਸੇ ਗਵਾਹ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ।
“ਜ਼ਰੂਰੀ ਕੰਮ” ਕਰਨ ਲਈ ਕਾਬਲ ਭਰਾ (ਰਸੂ. 6:1-6)
17-19. ਮੰਡਲੀ ਵਿਚ ਕਿਹੜਾ ਨਾਜ਼ੁਕ ਮਸਲਾ ਉੱਠਿਆ ਅਤੇ ਇਸ ਨੂੰ ਸੁਲਝਾਉਣ ਲਈ ਰਸੂਲਾਂ ਨੇ ਕਿਹੜਾ ਕਦਮ ਚੁੱਕਿਆ?
17 ਨਵੀਂ ਬਣੀ ਮੰਡਲੀ ਵਿਚ ਇਕ ਖ਼ਤਰਾ ਪੈਦਾ ਹੋ ਗਿਆ। ਕਿਹੜਾ? ਉਸ ਵੇਲੇ ਬਪਤਿਸਮਾ ਲੈਣ ਵਾਲੇ ਬਹੁਤ ਸਾਰੇ ਚੇਲੇ ਦੂਜੀਆਂ ਥਾਵਾਂ ਤੋਂ ਯਰੂਸ਼ਲਮ ਆਏ ਸਨ ਅਤੇ ਘਰ ਪਰਤਣ ਤੋਂ ਪਹਿਲਾਂ ਆਪਣੇ ਨਵੇਂ ਧਰਮ ਬਾਰੇ ਹੋਰ ਸਿੱਖਣਾ ਚਾਹੁੰਦੇ ਸਨ। ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਯਰੂਸ਼ਲਮ ਦੇ ਚੇਲਿਆਂ ਨੇ ਆਪਣੀ ਇੱਛਾ ਨਾਲ ਪੈਸਾ ਦਾਨ ਕੀਤਾ। (ਰਸੂ. 2:44-46; 4:34-37) ਉਸ ਵੇਲੇ ਇਕ ਨਾਜ਼ੁਕ ਮਸਲਾ ਖੜ੍ਹਾ ਹੋ ਗਿਆ। “ਰੋਜ਼ ਭੋਜਨ ਵੰਡਣ ਵੇਲੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਸੀ।” (ਰਸੂ. 6:1) ਪਰ ਇਬਰਾਨੀ ਬੋਲਣ ਵਾਲੀਆਂ ਵਿਧਵਾਵਾਂ ਦੇ ਨਾਲ ਇਸ ਤਰ੍ਹਾਂ ਨਹੀਂ ਸੀ ਹੁੰਦਾ। ਇਸ ਮਸਲੇ ਦੀ ਜੜ੍ਹ ਪੱਖਪਾਤ ਸੀ ਜਿਸ ਨਾਲ ਮੰਡਲੀ ਵਿਚ ਫੁੱਟ ਪੈ ਸਕਦੀ ਸੀ।
18 ਉਸ ਸਮੇਂ ਮੰਡਲੀ ਵਿਚ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਰਹੇ ਰਸੂਲ ਜਾਣਦੇ ਸਨ ਕਿ ਉਨ੍ਹਾਂ ਲਈ ਇਹ ਠੀਕ ਨਹੀਂ ਸੀ ਕਿ ਉਹ ‘ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਛੱਡ ਕੇ ਭੋਜਨ ਵੰਡਣ ਦਾ ਕੰਮ ਕਰਨ।’ (ਰਸੂ. 6:2) ਇਹ ਮਸਲਾ ਸੁਲਝਾਉਣ ਲਈ ਉਨ੍ਹਾਂ ਨੇ ਚੇਲਿਆਂ ਨੂੰ ਕਿਹਾ ਕਿ ਉਹ “ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ” ਸੱਤ ਆਦਮੀਆਂ ਦੀ ਚੋਣ ਕਰਨ ਜਿਨ੍ਹਾਂ ਨੂੰ ਰਸੂਲ ਇਸ “ਜ਼ਰੂਰੀ ਕੰਮ” ਦੀ ਜ਼ਿੰਮੇਵਾਰੀ ਸੌਂਪ ਦੇਣਗੇ। (ਰਸੂ. 6:3) ਇਸ ਕੰਮ ਲਈ ਕਾਬਲ ਭਰਾਵਾਂ ਦੀ ਲੋੜ ਸੀ ਕਿਉਂਕਿ ਇਹ ਸਿਰਫ਼ ਭੋਜਨ ਵੰਡਣ ਦਾ ਹੀ ਕੰਮ ਨਹੀਂ ਸੀ, ਸਗੋਂ ਉਨ੍ਹਾਂ ਨੇ ਪੈਸੇ ਦੀ ਸਾਂਭ-ਸੰਭਾਲ ਕਰਨੀ ਸੀ, ਰਾਸ਼ਨ ਖ਼ਰੀਦਣਾ ਸੀ ਤੇ ਧਿਆਨ ਨਾਲ ਸਾਰਾ ਹਿਸਾਬ-ਕਿਤਾਬ ਰੱਖਣਾ ਸੀ। ਚੁਣੇ ਗਏ ਸਾਰੇ ਭਰਾਵਾਂ ਦੇ ਨਾਂ ਯੂਨਾਨੀ ਸਨ ਜਿਸ ਕਰਕੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਖ਼ੁਸ਼ੀ ਹੋਈ ਹੋਣੀ। ਮੰਡਲੀ ਦੁਆਰਾ ਚੁਣੇ ਗਏ ਸੱਤ ਭਰਾਵਾਂ ਬਾਰੇ ਪ੍ਰਾਰਥਨਾ ਕਰਨ ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਰਸੂਲਾਂ ਨੇ ਉਨ੍ਹਾਂ ਨੂੰ ਇਸ “ਜ਼ਰੂਰੀ ਕੰਮ” ਦੀ ਜ਼ਿੰਮੇਵਾਰੀ ਸੌਂਪ ਦਿੱਤੀ।e
19 ਕੀ ਭੋਜਨ ਵੰਡਣ ਦਾ ਕੰਮ ਕਰਨ ਦਾ ਇਹ ਮਤਲਬ ਸੀ ਕਿ ਉਨ੍ਹਾਂ ਸੱਤ ਭਰਾਵਾਂ ਨੂੰ ਪ੍ਰਚਾਰ ਕਰਨ ਦੇ ਕੰਮ ਤੋਂ ਛੁੱਟੀ ਮਿਲ ਗਈ ਸੀ? ਬਿਲਕੁਲ ਨਹੀਂ! ਉਨ੍ਹਾਂ ਭਰਾਵਾਂ ਵਿਚ ਇਸਤੀਫ਼ਾਨ ਵੀ ਸੀ ਜਿਸ ਨੇ ਬਾਅਦ ਵਿਚ ਦਲੇਰੀ ਨਾਲ ਜ਼ਬਰਦਸਤ ਗਵਾਹੀ ਦਿੱਤੀ ਸੀ। (ਰਸੂ. 6:8-10) ਉਨ੍ਹਾਂ ਸੱਤ ਭਰਾਵਾਂ ਵਿਚ ਫ਼ਿਲਿੱਪੁਸ ਵੀ ਸੀ ਜਿਹੜਾ “ਪ੍ਰਚਾਰਕ” ਦੇ ਤੌਰ ਤੇ ਮਸ਼ਹੂਰ ਸੀ। (ਰਸੂ. 21:8) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਸੱਤ ਭਰਾ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਦੇ ਰਹੇ।
20. ਅੱਜ ਪਰਮੇਸ਼ੁਰ ਦੇ ਲੋਕ ਰਸੂਲਾਂ ਦੀ ਪੈੜ ਉੱਤੇ ਕਿਵੇਂ ਚੱਲਦੇ ਹਨ?
20 ਅੱਜ ਯਹੋਵਾਹ ਦੇ ਲੋਕ ਰਸੂਲਾਂ ਦੀ ਪੈੜ ਉੱਤੇ ਚੱਲਦੇ ਹਨ। ਜਿਹੜੇ ਭਰਾ ਪਰਮੇਸ਼ੁਰੀ ਬੁੱਧ ਦਾ ਸਬੂਤ ਦਿੰਦੇ ਹਨ ਅਤੇ ਦਿਖਾਉਂਦੇ ਹਨ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਉਨ੍ਹਾਂ ʼਤੇ ਕੰਮ ਕਰ ਰਹੀ ਹੈ, ਉਨ੍ਹਾਂ ਭਰਾਵਾਂ ਨੂੰ ਮੰਡਲੀ ਵਿਚ ਬਜ਼ੁਰਗ ਜਾਂ ਸਹਾਇਕ ਸੇਵਕ ਬਣਾਏ ਜਾਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਬਾਈਬਲ ਵਿਚ ਦੱਸੀਆਂ ਮੰਗਾਂ ਨੂੰ ਪੂਰਾ ਕਰਨ ਵਾਲੇ ਭਰਾਵਾਂ ਨੂੰ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਮੰਡਲੀ ਵਿਚ ਨਿਯੁਕਤ ਕੀਤਾ ਜਾਂਦਾ ਹੈ।f (1 ਤਿਮੋ. 3:1-9, 12, 13) ਇਸ ਲਈ ਕਿਹਾ ਜਾ ਸਕਦਾ ਹੈ ਕਿ ਪਵਿੱਤਰ ਸ਼ਕਤੀ ਦੇ ਜ਼ਰੀਏ ਹੀ ਭਰਾਵਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਹ ਮਿਹਨਤੀ ਭਰਾ ਬਹੁਤ ਸਾਰੇ ਜ਼ਰੂਰੀ ਕੰਮ ਕਰਦੇ ਹਨ। ਮਿਸਾਲ ਲਈ, ਬਜ਼ੁਰਗ ਵਫ਼ਾਦਾਰ ਬਿਰਧ ਭੈਣਾਂ-ਭਰਾਵਾਂ ਲਈ ਮਦਦ ਦਾ ਪ੍ਰਬੰਧ ਕਰਦੇ ਹਨ। (ਯਾਕੂ. 1:27) ਕੁਝ ਬਜ਼ੁਰਗ ਕਿੰਗਡਮ ਹਾਲ ਬਣਾਉਣ, ਸੰਮੇਲਨਾਂ ਦਾ ਇੰਤਜ਼ਾਮ ਕਰਨ ਜਾਂ ਆਪੋ-ਆਪਣੇ ਇਲਾਕੇ ਦੀ ਹਸਪਤਾਲ ਸੰਪਰਕ ਕਮੇਟੀ ਨਾਲ ਕੰਮ ਕਰਨ ਵਿਚ ਕਾਫ਼ੀ ਰੁੱਝੇ ਹੋਏ ਹਨ। ਸਹਾਇਕ ਸੇਵਕ ਵੀ ਕਈ ਜ਼ਿੰਮੇਵਾਰੀਆਂ ਸੰਭਾਲਦੇ ਹਨ, ਪਰ ਮੰਡਲੀ ਦੀ ਦੇਖ-ਭਾਲ ਕਰਨ ਜਾਂ ਸਿੱਖਿਆ ਦੇਣ ਦੀ ਮੁੱਖ ਜ਼ਿੰਮੇਵਾਰੀ ਬਜ਼ੁਰਗਾਂ ਦੀ ਹੁੰਦੀ ਹੈ। ਸਾਰੇ ਕਾਬਲ ਭਰਾਵਾਂ ਨੂੰ ਮੰਡਲੀ ਦੀਆਂ ਜ਼ਿੰਮੇਵਾਰੀਆਂ ਤੇ ਸੰਗਠਨ ਵਿਚ ਮਿਲੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਹੈ।—1 ਕੁਰਿੰ. 9:16.
“ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ” (ਰਸੂ. 6:7)
21, 22. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਨਵੀਂ ਬਣੀ ਮੰਡਲੀ ਉੱਤੇ ਯਹੋਵਾਹ ਦੀ ਬਰਕਤ ਸੀ?
21 ਯਹੋਵਾਹ ਦੀ ਮਿਹਰ ਨਾਲ ਇਸ ਨਵੀਂ ਮੰਡਲੀ ਨੇ ਨਾ ਸਿਰਫ਼ ਸਤਾਹਟਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕੀਤਾ, ਸਗੋਂ ਉਸ ਸਮੱਸਿਆ ਨੂੰ ਵੀ ਹੱਲ ਕੀਤਾ ਜਿਸ ਨਾਲ ਫੁੱਟ ਪੈ ਸਕਦੀ ਸੀ। ਉਨ੍ਹਾਂ ਉੱਤੇ ਯਹੋਵਾਹ ਦੀ ਬਰਕਤ ਸਾਫ਼ ਦੇਖੀ ਜਾ ਸਕਦੀ ਸੀ ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ: “ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ; ਬਹੁਤ ਸਾਰੇ ਪੁਜਾਰੀ ਵੀ ਨਿਹਚਾ ਕਰਨ ਲੱਗ ਪਏ।” (ਰਸੂ. 6:7) ਇਹ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦੱਸੀਆਂ ਵਾਧੇ ਦੀਆਂ ਰਿਪੋਰਟਾਂ ਵਿੱਚੋਂ ਇਕ ਹੈ। (ਰਸੂ. 9:31; 12:24; 16:5; 19:20; 28:31) ਕੀ ਅੱਜ ਸਾਨੂੰ ਵੀ ਹੌਸਲਾ ਨਹੀਂ ਮਿਲਦਾ ਜਦੋਂ ਅਸੀਂ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਪ੍ਰਚਾਰ ਦੇ ਕੰਮ ਵਿਚ ਹੋ ਰਹੇ ਵਾਧੇ ਦੀਆਂ ਰਿਪੋਰਟਾਂ ਸੁਣਦੇ ਹਾਂ?
22 ਪਹਿਲੀ ਸਦੀ ਵਿਚ ਗੁੱਸੇ ਦੀ ਅੱਗ ਵਿਚ ਸੜ-ਬਲ਼ ਰਹੇ ਧਾਰਮਿਕ ਆਗੂ ਹਾਰ ਨਹੀਂ ਮੰਨਣ ਵਾਲੇ ਸਨ। ਜ਼ੁਲਮ ਦੀ ਹਨੇਰੀ ਵਗਣ ਵਾਲੀ ਸੀ। ਇਸਤੀਫ਼ਾਨ ਇਸ ਜ਼ੁਲਮ ਦਾ ਪਹਿਲਾ ਨਿਸ਼ਾਨਾ ਬਣਿਆ। ਅਸੀਂ ਇਸ ਬਾਰੇ ਅਗਲੇ ਅਧਿਆਇ ਵਿਚ ਦੇਖਾਂਗੇ।
a “ਮਹਾਸਭਾ—ਯਹੂਦੀਆਂ ਦੀ ਉੱਚ ਅਦਾਲਤ” ਨਾਂ ਦੀ ਡੱਬੀ ਦੇਖੋ।
b ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਇੱਥੇ ਪਹਿਲੀ ਵਾਰ ਕਿਸੇ ਦੂਤ ਦਾ ਸਿੱਧੇ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਇਸ ਕਿਤਾਬ ਵਿਚ ਤਕਰੀਬਨ 20 ਵਾਰ ਦੂਤਾਂ ਦਾ ਜ਼ਿਕਰ ਆਉਂਦਾ ਹੈ। ਰਸੂਲਾਂ ਦੇ ਕੰਮ 1:10 ਵਿਚ ‘ਚਿੱਟੇ ਕੱਪੜੇ ਪਾਈ ਦੋ ਆਦਮੀਆਂ’ ਬਾਰੇ ਗੱਲ ਕੀਤੀ ਗਈ ਹੈ ਜੋ ਅਸਲ ਵਿਚ ਦੂਤ ਸਨ।
c “ਗਮਲੀਏਲ—ਗੁਰੂਆਂ ਵਿਚ ਮੰਨਿਆ-ਪ੍ਰਮੰਨਿਆ” ਨਾਂ ਦੀ ਡੱਬੀ ਦੇਖੋ।
d “‘ਘਰ-ਘਰ’ ਪ੍ਰਚਾਰ ਕਰਨਾ” ਨਾਂ ਦੀ ਡੱਬੀ ਦੇਖੋ।
e ਉਨ੍ਹਾਂ ਭਰਾਵਾਂ ਨੇ ਬਜ਼ੁਰਗ ਬਣਨ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੋਣਾ ਕਿਉਂਕਿ ਇਸ “ਜ਼ਰੂਰੀ ਕੰਮ” ਦੀ ਜ਼ਿੰਮੇਵਾਰੀ ਭਾਰੀ ਸੀ। ਪਰ ਬਾਈਬਲ ਪੱਕਾ ਨਹੀਂ ਦੱਸਦੀ ਕਿ ਕਦੋਂ ਤੋਂ ਭਰਾਵਾਂ ਨੂੰ ਮੰਡਲੀ ਵਿਚ ਬਜ਼ੁਰਗਾਂ ਜਾਂ ਨਿਗਾਹਬਾਨਾਂ ਦੇ ਤੌਰ ਤੇ ਨਿਯੁਕਤ ਕੀਤਾ ਜਾਣ ਲੱਗਾ ਸੀ।
f ਪਹਿਲੀ ਸਦੀ ਵਿਚ ਕਾਬਲ ਭਰਾਵਾਂ ਨੂੰ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਬਜ਼ੁਰਗ ਨਿਯੁਕਤ ਕਰਨ। (ਰਸੂ. 14:23; 1 ਤਿਮੋ. 5:22; ਤੀਤੁ. 1:5) ਅੱਜ ਪ੍ਰਬੰਧਕ ਸਭਾ ਸਰਕਟ ਓਵਰਸੀਅਰਾਂ ਨੂੰ ਨਿਯੁਕਤ ਕਰਦੀ ਹੈ ਅਤੇ ਇਨ੍ਹਾਂ ਓਵਰਸੀਅਰਾਂ ਕੋਲ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ।
[ਫੁਟਨੋਟ]
g ਯਹੂਦੀਆਂ ਦਾ ਇਕ ਗ੍ਰੰਥ ਜਿਸ ਵਿਚ ਯਹੂਦੀ ਗੁਰੂਆਂ ਦੁਆਰਾ ਮੂਸਾ ਦੇ ਕਾਨੂੰਨ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਸਨ।