ਪਾਠ 3
‘ਉਹ ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਨਿਹਚਾ ਹੈ’
1, 2. ਨੂਹ ਦੇ ਜ਼ਮਾਨੇ ਤੋਂ ਦੁਨੀਆਂ ਕਿਵੇਂ ਬਦਲ ਗਈ ਅਤੇ ਅਬਰਾਮ ਨੇ ਕਿਵੇਂ ਮਹਿਸੂਸ ਕੀਤਾ?
ਅਬਰਾਮ ਦੀ ਨਜ਼ਰ ਊਰ ਸ਼ਹਿਰ ਦੇ ਉੱਚੇ ਮੰਦਰ ʼਤੇ ਪੈਂਦੀ ਹੈ।a ਮੰਦਰ ਵਿਚ ਚੰਨ ਦੇਵਤਾ ਦੇ ਪੁਜਾਰੀ ਬਲ਼ੀਆਂ ਚੜ੍ਹਾ ਰਹੇ ਹਨ। ਰੌਲ਼ਾ ਪੈ ਰਿਹਾ ਹੈ ਅਤੇ ਧੂੰਆਂ ਉੱਪਰ ਉੱਠ ਰਿਹਾ ਹੈ। ਇਹ ਦੇਖ ਕੇ ਅਬਰਾਮ ਆਪਣਾ ਮੂੰਹ ਦੂਜੇ ਪਾਸੇ ਘੁਮਾ ਲੈਂਦਾ ਹੈ ਅਤੇ ਸਿਰ ਹਿਲਾਉਂਦਾ ਹੋਇਆ ਮੱਥੇ ਵੱਟ ਪਾਉਂਦਾ ਹੈ। ਭੀੜ-ਭੜੱਕੇ ਵਾਲੀਆਂ ਗਲੀਆਂ ਵਿੱਚੋਂ ਦੀ ਆਪਣੇ ਘਰ ਨੂੰ ਜਾਂਦੇ ਹੋਏ ਉਹ ਊਰ ਸ਼ਹਿਰ ਵਿਚ ਫੈਲੀ ਮੂਰਤੀ-ਪੂਜਾ ਬਾਰੇ ਸੋਚਦਾ ਹੈ। ਨੂਹ ਦੇ ਜ਼ਮਾਨੇ ਤੋਂ ਝੂਠੀ ਭਗਤੀ ਦੀਆਂ ਜੜ੍ਹਾਂ ਦੁਬਾਰਾ ਤੋਂ ਪੂਰੀ ਦੁਨੀਆਂ ਵਿਚ ਫੈਲ ਗਈਆਂ ਹਨ!
2 ਅਬਰਾਮ ਦੇ ਪੈਦਾ ਹੋਣ ਤੋਂ ਦੋ ਸਾਲ ਪਹਿਲਾਂ ਨੂਹ ਦੀ ਮੌਤ ਹੋ ਗਈ। ਨੂਹ ਅਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਵਿੱਚੋਂ ਬਾਹਰ ਆ ਕੇ ਯਹੋਵਾਹ ਨੂੰ ਬਲ਼ੀ ਚੜ੍ਹਾਈ ਅਤੇ ਯਹੋਵਾਹ ਨੇ ਆਕਾਸ਼ ਵਿਚ ਇਕ ਸਤਰੰਗੀ ਪੀਂਘ ਪ੍ਰਗਟ ਕੀਤੀ। (ਉਤ. 8:20; 9:12-14) ਉਦੋਂ ਦੁਨੀਆਂ ਵਿਚ ਸਿਰਫ਼ ਸੱਚੀ ਭਗਤੀ ਹੁੰਦੀ ਸੀ। ਪਰ ਨੂਹ ਤੋਂ ਲੈ ਕੇ ਅਬਰਾਮ ਦੇ ਸਮੇਂ ਤਕ ਨੌਂ ਪੀੜ੍ਹੀਆਂ ਬੀਤ ਚੁੱਕੀਆਂ ਹਨ ਅਤੇ ਧਰਤੀ ʼਤੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਸੱਚੇ ਭਗਤਾਂ ਦੀ ਗਿਣਤੀ ਥੋੜ੍ਹੀ ਹੈ। ਲੋਕ ਹਰ ਪਾਸੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਹਨ। ਅਬਰਾਮ ਦਾ ਪਿਤਾ ਤਾਰਹ ਵੀ ਮੂਰਤੀ-ਪੂਜਾ ਕਰਦਾ ਹੈ ਅਤੇ ਸ਼ਾਇਦ ਉਹ ਮੂਰਤੀਆਂ ਬਣਾਉਂਦਾ ਹੈ।—ਯਹੋ. 24:2.
ਅਬਰਾਮ ਨਿਹਚਾ ਦੀ ਸ਼ਾਨਦਾਰ ਮਿਸਾਲ ਕਿਵੇਂ ਬਣਿਆ?
3. ਅਬਰਾਮ ਕਿਸ ਗੁਣ ਕਰਕੇ ਬਾਕੀ ਲੋਕਾਂ ਨਾਲੋਂ ਵੱਖਰਾ ਸੀ ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?
3 ਆਪਣੀ ਨਿਹਚਾ ਕਰਕੇ ਅਬਰਾਮ ਉਸ ਵਕਤ ਦੇ ਲੋਕਾਂ ਤੋਂ ਬਿਲਕੁਲ ਵੱਖਰਾ ਸੀ। ਪੌਲੁਸ ਰਸੂਲ ਨੇ ਬਾਅਦ ਵਿਚ ਉਸ ਬਾਰੇ ਕਿਹਾ ਕਿ ‘ਉਹ ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਨਿਹਚਾ ਹੈ।’ (ਰੋਮੀਆਂ 4:11 ਪੜ੍ਹੋ।) ਆਓ ਆਪਾਂ ਦੇਖੀਏ ਕਿ ਨਿਹਚਾ ਪੱਕੀ ਕਰਨ ਵਿਚ ਕਿਹੜੀ ਗੱਲ ਨੇ ਅਬਰਾਮ ਦੀ ਮਦਦ ਕੀਤੀ। ਅਸੀਂ ਉਸ ਤੋਂ ਸਿੱਖ ਸਕਦੇ ਹਾਂ ਕਿ ਅਸੀਂ ਆਪਣੀ ਨਿਹਚਾ ਕਿਵੇਂ ਪੱਕੀ ਕਰੀਏ।
ਜਲ-ਪਰਲੋ ਤੋਂ ਬਾਅਦ ਦੀ ਦੁਨੀਆਂ ਵਿਚ ਯਹੋਵਾਹ ਦੀ ਸੇਵਾ
4, 5. ਅਬਰਾਮ ਨੇ ਸ਼ਾਇਦ ਕਿਸ ਤੋਂ ਯਹੋਵਾਹ ਬਾਰੇ ਸਿੱਖਿਆ ਹੋਣਾ ਅਤੇ ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ?
4 ਅਬਰਾਮ ਨੇ ਯਹੋਵਾਹ ਪਰਮੇਸ਼ੁਰ ਬਾਰੇ ਕਿਵੇਂ ਸਿੱਖਿਆ? ਉਨ੍ਹਾਂ ਦਿਨਾਂ ਵਿਚ ਧਰਤੀ ਉੱਤੇ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕ ਸਨ। ਉਨ੍ਹਾਂ ਵਿੱਚੋਂ ਇਕ ਸੀ ਸ਼ੇਮ। ਭਾਵੇਂ ਕਿ ਉਹ ਨੂਹ ਦਾ ਜੇਠਾ ਪੁੱਤਰ ਨਹੀਂ ਸੀ, ਫਿਰ ਵੀ ਅਕਸਰ ਉਸ ਦੇ ਨਾਂ ਦਾ ਜ਼ਿਕਰ ਪਹਿਲਾਂ ਕੀਤਾ ਜਾਂਦਾ ਹੈ। ਸ਼ਾਇਦ ਇਸ ਲਈ ਕਿਉਂਕਿ ਸ਼ੇਮ ਦੀ ਨਿਹਚਾ ਬੇਮਿਸਾਲ ਸੀ।b ਜਲ-ਪਰਲੋ ਤੋਂ ਕੁਝ ਸਮੇਂ ਬਾਅਦ ਨੂਹ ਨੇ ਯਹੋਵਾਹ ਨੂੰ “ਸ਼ੇਮ ਦਾ ਪਰਮੇਸ਼ੁਰ” ਕਿਹਾ ਸੀ। (ਉਤ. 9:26) ਸ਼ੇਮ ਨੇ ਯਹੋਵਾਹ ਅਤੇ ਸੱਚੀ ਭਗਤੀ ਲਈ ਆਦਰ ਦਿਖਾਇਆ ਸੀ।
5 ਇਹ ਮੁਮਕਿਨ ਹੈ ਕਿ ਅਬਰਾਮ ਸ਼ੇਮ ਨੂੰ ਜਾਣਦਾ ਸੀ। ਅਬਰਾਮ ਨੂੰ ਛੋਟੇ ਹੁੰਦਿਆਂ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਉਸ ਦੇ ਵੱਡ-ਵਡੇਰਿਆਂ ਵਿੱਚੋਂ ਇਕ ਜਣਾ ਹਾਲੇ ਵੀ ਜੀਉਂਦਾ ਸੀ ਜਿਸ ਨੇ ਆਪਣੀ ਅੱਖੀਂ ਮਨੁੱਖੀ ਇਤਿਹਾਸ ਦੀਆਂ ਚਾਰ ਸਦੀਆਂ ਦੇਖੀਆਂ ਸਨ! ਸ਼ੇਮ ਨੇ ਕਿੰਨਾ ਕੁਝ ਦੇਖਿਆ ਸੀ: ਜਲ-ਪਰਲੋ ਤੋਂ ਪਹਿਲਾਂ ਦੀ ਬੁਰੀ ਦੁਨੀਆਂ, ਜਲ-ਪਰਲੋ ਵਿਚ ਦੁਨੀਆਂ ਦਾ ਨਾਸ਼, ਧਰਤੀ ਉੱਤੇ ਆਬਾਦੀ ਵਧਣ ਕਰਕੇ ਪਹਿਲੀਆਂ ਕੌਮਾਂ ਦੀ ਸ਼ੁਰੂਆਤ ਅਤੇ ਬਾਬਲ ਦਾ ਬੁਰਜ ਬਣਾਉਣ ਵੇਲੇ ਨਿਮਰੋਦ ਦੀ ਬਗਾਵਤ। ਵਫ਼ਾਦਾਰ ਸ਼ੇਮ ਨੇ ਉਸ ਬਗਾਵਤ ਵਿਚ ਹਿੱਸਾ ਨਹੀਂ ਲਿਆ ਸੀ। ਇਸ ਲਈ ਜਦੋਂ ਯਹੋਵਾਹ ਨੇ ਬੁਰਜ ਬਣਾਉਣ ਵਾਲਿਆਂ ਦੀ ਭਾਸ਼ਾ ਬਦਲੀ, ਤਾਂ ਸ਼ੇਮ ਤੇ ਉਸ ਦਾ ਪਰਿਵਾਰ ਉਹੀ ਭਾਸ਼ਾ ਬੋਲਦਾ ਰਿਹਾ ਜੋ ਨੂਹ ਬੋਲਦਾ ਸੀ। ਉਸ ਪਰਿਵਾਰ ਵਿਚ ਅਬਰਾਮ ਵੀ ਸੀ। ਇਸ ਲਈ, ਅਬਰਾਮ ਛੋਟੇ ਹੁੰਦਿਆਂ ਤੋਂ ਹੀ ਸ਼ੇਮ ਦਾ ਬਹੁਤ ਆਦਰ ਕਰਦਾ ਸੀ। ਇਸ ਤੋਂ ਇਲਾਵਾ, ਸ਼ੇਮ ਅਬਰਾਮ ਦੇ ਮਰਨ ਤੋਂ ਕੁਝ ਕੁ ਸਾਲ ਪਹਿਲਾਂ ਮਰਿਆ ਸੀ। ਇਸ ਲਈ ਅਬਰਾਮ ਨੇ ਸ਼ਾਇਦ ਸ਼ੇਮ ਤੋਂ ਯਹੋਵਾਹ ਬਾਰੇ ਸਿੱਖਿਆ ਹੋਣਾ।
6. (ੳ) ਅਬਰਾਮ ਨੇ ਕਿਵੇਂ ਦਿਖਾਇਆ ਕਿ ਉਹ ਜਲ-ਪਰਲੋ ਦੇ ਆਉਣ ਦਾ ਕਾਰਨ ਸਮਝ ਗਿਆ ਸੀ? (ਅ) ਅਬਰਾਮ ਅਤੇ ਸਾਰਈ ਨੇ ਕਿਹੋ ਜਿਹੀ ਜ਼ਿੰਦਗੀ ਗੁਜ਼ਾਰੀ?
6 ਅਬਰਾਮ ਨੇ ਭਾਵੇਂ ਜਿੱਦਾਂ ਮਰਜ਼ੀ ਯਹੋਵਾਹ ਬਾਰੇ ਸਿੱਖਿਆ ਹੋਣਾ, ਪਰ ਉਹ ਇਹ ਗੱਲ ਸਮਝ ਗਿਆ ਸੀ ਕਿ ਯਹੋਵਾਹ ਨੇ ਜਲ-ਪਰਲੋ ਕਿਉਂ ਲਿਆਂਦੀ ਸੀ। ਇਸ ਲਈ ਉਸ ਨੇ ਵੀ ਨੂਹ ਵਾਂਗ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਕੋਸ਼ਿਸ਼ ਕੀਤੀ। ਉਸ ਨੇ ਊਰ ਦੇ ਲੋਕਾਂ ਅਤੇ ਸ਼ਾਇਦ ਆਪਣੇ ਪਰਿਵਾਰ ਤੋਂ ਉਲਟ ਮੂਰਤੀ-ਪੂਜਾ ਨਹੀਂ ਕੀਤੀ। ਉਸ ਨੂੰ ਇਕ ਚੰਗੀ ਜੀਵਨ ਸਾਥਣ ਮਿਲੀ। ਉਸ ਦਾ ਵਿਆਹ ਸਾਰਈ ਨਾਲ ਹੋਇਆ ਜੋ ਸੋਹਣੀ ਹੋਣ ਦੇ ਨਾਲ-ਨਾਲ ਯਹੋਵਾਹ ਉੱਤੇ ਪੱਕੀ ਨਿਹਚਾ ਰੱਖਦੀ ਸੀ।c ਭਾਵੇਂ ਕਿ ਉਹ ਬੇਔਲਾਦ ਸਨ, ਇਸ ਦੇ ਬਾਵਜੂਦ ਉਹ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਖ਼ੁਸ਼ ਸਨ। ਉਨ੍ਹਾਂ ਨੇ ਆਪਣੇ ਅਨਾਥ ਭਤੀਜੇ ਲੂਤ ਦੀ ਪਰਵਰਿਸ਼ ਕੀਤੀ ਸੀ।
7. ਯਿਸੂ ਦੇ ਚੇਲੇ ਅਬਰਾਮ ਦੀ ਰੀਸ ਕਿਵੇਂ ਕਰ ਸਕਦੇ ਹਨ?
7 ਅਬਰਾਮ ਨੇ ਕਦੇ ਵੀ ਯਹੋਵਾਹ ਨੂੰ ਛੱਡ ਕੇ ਕਿਸੇ ਹੋਰ ਦੀ ਭਗਤੀ ਨਹੀਂ ਕੀਤੀ। ਉਹ ਅਤੇ ਸਾਰਈ ਮੂਰਤੀ-ਪੂਜਾ ਕਰਨ ਵਾਲੇ ਲੋਕਾਂ ਵਰਗੇ ਨਹੀਂ ਬਣੇ। ਜੇ ਅਸੀਂ ਆਪਣੇ ਦਿਲ ਵਿਚ ਸੱਚੀ ਨਿਹਚਾ ਪੈਦਾ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਵੀ ਇਸੇ ਤਰ੍ਹਾਂ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ “ਦੁਨੀਆਂ ਵਰਗੇ ਨਹੀਂ” ਹੋਣਗੇ ਜਿਸ ਕਰਕੇ ਦੁਨੀਆਂ ਉਨ੍ਹਾਂ ਨਾਲ ਨਫ਼ਰਤ ਕਰੇਗੀ। (ਯੂਹੰਨਾ 15:19 ਪੜ੍ਹੋ।) ਜੇ ਯਹੋਵਾਹ ਦੀ ਸੇਵਾ ਕਰਨ ਕਰਕੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਜਾਂ ਲੋਕਾਂ ਨੇ ਤੁਹਾਡੇ ਤੋਂ ਨਾਤਾ ਤੋੜ ਲਿਆ ਹੈ, ਤਾਂ ਖ਼ੁਦ ਨੂੰ ਇਕੱਲੇ ਨਾ ਸਮਝੋ। ਤੁਸੀਂ ਅਬਰਾਮ ਤੇ ਸਾਰਈ ਦੀ ਵਧੀਆ ਮਿਸਾਲ ʼਤੇ ਚੱਲ ਰਹੇ ਹੋ ਜਿਨ੍ਹਾਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ।
‘ਆਪਣੇ ਦੇਸ਼ ਨੂੰ ਛੱਡ ਕੇ ਜਾ’
8, 9. (ੳ) ਇਕ ਦਿਨ ਅਬਰਾਮ ਨੂੰ ਕਿਹੜਾ ਤਜਰਬਾ ਹੋਇਆ? (ਅ) ਅਬਰਾਮ ਨੂੰ ਯਹੋਵਾਹ ਤੋਂ ਕਿਹੜਾ ਸੰਦੇਸ਼ ਮਿਲਿਆ ਸੀ?
8 ਇਕ ਦਿਨ ਅਬਰਾਮ ਨੂੰ ਬਹੁਤ ਸ਼ਾਨਦਾਰ ਤਜਰਬਾ ਹੋਇਆ। ਉਸ ਨੂੰ ਯਹੋਵਾਹ ਪਰਮੇਸ਼ੁਰ ਤੋਂ ਇਕ ਸੰਦੇਸ਼ ਮਿਲਿਆ। ਬਾਈਬਲ ਸਾਨੂੰ ਇਸ ਬਾਰੇ ਨਹੀਂ ਦੱਸਦੀ ਕਿ ਅਬਰਾਮ ਨੂੰ ਇਹ ਸੰਦੇਸ਼ ਕਿਵੇਂ ਮਿਲਿਆ, ਪਰ ਇੰਨਾ ਜ਼ਰੂਰ ਦੱਸਦੀ ਹੈ ਕਿ ਉਸ ਵਫ਼ਾਦਾਰ ਇਨਸਾਨ ਨੂੰ “ਮਹਿਮਾਵਾਨ ਪਰਮੇਸ਼ੁਰ” ਨੇ ਦਰਸ਼ਣ ਦਿੱਤਾ ਸੀ। (ਰਸੂਲਾਂ ਦੇ ਕੰਮ 7:2, 3 ਪੜ੍ਹੋ।) ਅਬਰਾਮ ਨੂੰ ਸ਼ਾਇਦ ਇਕ ਦੂਤ ਰਾਹੀਂ ਸਾਰੇ ਬ੍ਰਹਿਮੰਡ ਦੇ ਮਾਲਕ ਦੀ ਸ਼ਾਨਦਾਰ ਮਹਿਮਾ ਦੀ ਝਲਕ ਦਿਖਾਈ ਗਈ ਸੀ। ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਬਰਾਮ ਇਹ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਬੇਜਾਨ ਮੂਰਤੀਆਂ ਅਤੇ ਜੀਉਂਦੇ ਪਰਮੇਸ਼ੁਰ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ।
9 ਯਹੋਵਾਹ ਨੇ ਅਬਰਾਮ ਨੂੰ ਸੰਦੇਸ਼ ਦਿੱਤਾ: “ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਉਸ ਦੇਸ਼ ਨੂੰ ਚਲਾ ਜਾ ਜਿਹੜਾ ਦੇਸ਼ ਮੈਂ ਤੈਨੂੰ ਦਿਖਾਵਾਂਗਾ।” ਯਹੋਵਾਹ ਨੇ ਉਸ ਨੂੰ ਕਿਸੇ ਦੇਸ਼ ਦਾ ਨਾਂ ਨਹੀਂ ਦੱਸਿਆ, ਬਸ ਇੰਨਾ ਹੀ ਕਿਹਾ ਕਿ ਉਹ ਅਬਰਾਮ ਨੂੰ ਉਹ ਦੇਸ਼ ਦਿਖਾਵੇਗਾ। ਪਰ ਪਹਿਲਾਂ ਅਬਰਾਮ ਨੂੰ ਆਪਣਾ ਦੇਸ਼ ਅਤੇ ਆਪਣੇ ਰਿਸ਼ਤੇਦਾਰ ਛੱਡ ਕੇ ਜਾਣਾ ਪੈਣਾ ਸੀ। ਪ੍ਰਾਚੀਨ ਮੱਧ-ਪੂਰਬੀ ਦੇਸ਼ਾਂ ਦੇ ਸਭਿਆਚਾਰਾਂ ਵਿਚ ਲੋਕ ਆਪਣੇ ਪਰਿਵਾਰਾਂ ਨੂੰ ਬਹੁਤ ਅਹਿਮੀਅਤ ਦਿੰਦੇ ਸਨ। ਜੇ ਕੋਈ ਆਦਮੀ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਕਿਤੇ ਦੂਰ ਰਹਿਣ ਚਲਾ ਜਾਂਦਾ ਸੀ, ਤਾਂ ਅਕਸਰ ਉਸ ਨੂੰ ਬਦਕਿਸਮਤ ਸਮਝਿਆ ਜਾਂਦਾ ਸੀ। ਕੁਝ ਲੋਕ ਤਾਂ ਪਰਿਵਾਰ ਤੋਂ ਦੂਰ ਜਾਣਾ ਮੌਤ ਤੋਂ ਵੀ ਭੈੜਾ ਸਮਝਦੇ ਸਨ!
10. ਅਬਰਾਮ ਤੇ ਸਾਰਈ ਲਈ ਆਪਣੇ ਘਰ ਨੂੰ ਛੱਡਣਾ ਸ਼ਾਇਦ ਔਖਾ ਕਿਉਂ ਸੀ?
10 ਅਬਰਾਮ ਲਈ ਆਪਣਾ ਸਭ ਕੁਝ ਛੱਡ ਕੇ ਜਾਣਾ ਕਿੰਨਾ ਔਖਾ ਹੋਣਾ! ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਊਰ ਇਕ ਅਮੀਰ ਦੇਸ਼ ਸੀ ਅਤੇ ਇਸ ਵਿਚ ਕਾਫ਼ੀ ਚਹਿਲ-ਪਹਿਲ ਹੁੰਦੀ ਸੀ। (“ਉਹ ਸ਼ਹਿਰ ਜਿਸ ਨੂੰ ਅਬਰਾਮ ਤੇ ਸਾਰਈ ਨੇ ਛੱਡ ਦਿੱਤਾ” ਨਾਂ ਦੀ ਡੱਬੀ ਦੇਖੋ।) ਖੋਜਕਾਰਾਂ ਵੱਲੋਂ ਕੀਤੀ ਖੁਦਾਈ ਤੋਂ ਪਤਾ ਲੱਗਾ ਹੈ ਕਿ ਪ੍ਰਾਚੀਨ ਊਰ ਵਿਚ ਬਹੁਤ ਆਰਾਮਦਾਇਕ ਘਰ ਸਨ। ਕੁਝ ਘਰਾਂ ਵਿਚ ਪਰਿਵਾਰ ਤੇ ਨੌਕਰਾਂ-ਚਾਕਰਾਂ ਲਈ 12 ਜਾਂ ਇਸ ਤੋਂ ਜ਼ਿਆਦਾ ਕਮਰੇ ਹੁੰਦੇ ਸਨ ਅਤੇ ਵੱਡਾ ਸਾਰਾ ਵਿਹੜਾ ਹੁੰਦਾ ਸੀ। ਉੱਥੇ ਸਾਫ਼ ਪਾਣੀ ਦਾ ਵਧੀਆ ਪ੍ਰਬੰਧ ਸੀ ਅਤੇ ਉੱਥੇ ਟਾਇਲਟਾਂ ਤੇ ਨਾਲ਼ੀਆਂ ਸਨ। ਇਹ ਵੀ ਯਾਦ ਰੱਖੋ ਕਿ ਅਬਰਾਮ ਤੇ ਸਾਰਈ ਜਵਾਨ ਨਹੀਂ ਸਨ। ਅਬਰਾਮ ਦੀ ਉਮਰ 70 ਸਾਲ ਤੋਂ ਉੱਪਰ ਸੀ ਤੇ ਸਾਰਈ ਦੀ 60 ਸਾਲ ਤੋਂ ਉੱਪਰ ਸੀ। ਇਕ ਚੰਗੇ ਪਤੀ ਵਾਂਗ ਅਬਰਾਮ ਵੀ ਚਾਹੁੰਦਾ ਸੀ ਕਿ ਉਸ ਦੀ ਪਤਨੀ ਸਾਰਈ ਆਰਾਮਦਾਇਕ ਜ਼ਿੰਦਗੀ ਜੀਵੇ ਅਤੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ। ਉਨ੍ਹਾਂ ਨੇ ਪਰਮੇਸ਼ੁਰ ਤੋਂ ਮਿਲੀ ਜ਼ਿੰਮੇਵਾਰੀ ਬਾਰੇ ਆਪਸ ਵਿਚ ਜ਼ਰੂਰ ਗੱਲਬਾਤ ਕੀਤੀ ਹੋਣੀ, ਉਨ੍ਹਾਂ ਦੇ ਮਨਾਂ ਵਿਚ ਕਈ ਸਵਾਲ ਆਏ ਹੋਣੇ ਤੇ ਉਨ੍ਹਾਂ ਨੂੰ ਕਈ ਗੱਲਾਂ ਦੀ ਚਿੰਤਾ ਹੋਣੀ। ਅਬਰਾਮ ਦਾ ਦਿਲ ਕਿੰਨਾ ਖ਼ੁਸ਼ ਹੋਇਆ ਹੋਣਾ ਜਦੋਂ ਸਾਰਈ ਨੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਉਸ ਦਾ ਸਾਥ ਦਿੱਤਾ! ਆਪਣੇ ਪਤੀ ਵਾਂਗ ਸਾਰਈ ਆਪਣਾ ਸੁੱਖ-ਆਰਾਮ ਛੱਡਣ ਲਈ ਤਿਆਰ ਸੀ।
11, 12. (ੳ) ਊਰ ਛੱਡਣ ਤੋਂ ਪਹਿਲਾਂ ਕਿਹੜੀਆਂ ਤਿਆਰੀਆਂ ਅਤੇ ਫ਼ੈਸਲੇ ਕਰਨ ਦੀ ਲੋੜ ਸੀ? (ਅ) ਦੱਸੋ ਕਿ ਸਫ਼ਰ ਸ਼ੁਰੂ ਕਰਨ ਵੇਲੇ ਕੀ-ਕੀ ਹੋਇਆ।
11 ਦੇਸ਼ ਛੱਡਣ ਦਾ ਫ਼ੈਸਲਾ ਕਰਨ ਤੋਂ ਬਾਅਦ ਅਬਰਾਮ ਤੇ ਸਾਰਈ ਨੂੰ ਕਾਫ਼ੀ ਕੁਝ ਕਰਨਾ ਪਿਆ ਸੀ। ਉਨ੍ਹਾਂ ਨੇ ਬਹੁਤ ਸਾਰਾ ਸਾਮਾਨ ਬੰਨ੍ਹਣਾ ਸੀ ਅਤੇ ਹੋਰ ਕਈ ਇੰਤਜ਼ਾਮ ਕਰਨੇ ਸਨ। ਉਹ ਅਣਜਾਣੇ ਦੇਸ਼ ਦੇ ਸਫ਼ਰ ਲਈ ਕਿਹੜੀਆਂ ਚੀਜ਼ਾਂ ਲੈ ਕੇ ਜਾਣਗੇ ਤੇ ਕਿਹੜੀਆਂ ਪਿੱਛੇ ਛੱਡਣਗੇ? ਉਨ੍ਹਾਂ ਨੇ ਇਹ ਵੀ ਫ਼ੈਸਲਾ ਕਰਨਾ ਸੀ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ, ਨੌਕਰਾਂ-ਚਾਕਰਾਂ ਅਤੇ ਖ਼ਾਸ ਕਰਕੇ ਅਬਰਾਮ ਦੇ ਬਿਰਧ ਪਿਤਾ ਤਾਰਹ ਨੂੰ ਨਾਲ ਲੈ ਕੇ ਜਾਣਗੇ ਜਾਂ ਨਹੀਂ। ਉਨ੍ਹਾਂ ਨੇ ਤਾਰਹ ਨੂੰ ਆਪਣੇ ਨਾਲ ਲਿਜਾਣ ਤੇ ਉਸ ਦੀ ਦੇਖ-ਭਾਲ ਕਰਨ ਦਾ ਫ਼ੈਸਲਾ ਕੀਤਾ। ਸ਼ਾਇਦ ਤਾਰਹ ਉਨ੍ਹਾਂ ਨਾਲ ਜਾਣ ਲਈ ਦਿਲੋਂ ਰਾਜ਼ੀ ਹੋਇਆ ਹੋਣਾ ਕਿਉਂਕਿ ਬਾਈਬਲ ਦੱਸਦੀ ਹੈ ਕਿ ਤਾਰਹ ਆਪਣੇ ਪਰਿਵਾਰ ਨੂੰ ਊਰ ਵਿੱਚੋਂ ਲੈ ਕੇ ਨਿਕਲਿਆ। ਲੱਗਦਾ ਹੈ ਕਿ ਉਸ ਨੇ ਮੂਰਤੀ-ਪੂਜਾ ਕਰਨੀ ਛੱਡ ਦਿੱਤੀ ਸੀ। ਅਬਰਾਮ ਦਾ ਭਤੀਜਾ ਲੂਤ ਵੀ ਉਨ੍ਹਾਂ ਨਾਲ ਜਾਣ ਲਈ ਤਿਆਰ ਹੋ ਗਿਆ ਸੀ।—ਉਤ. 11:31.
12 ਫਿਰ ਉਹ ਦਿਨ ਆ ਗਿਆ ਜਦੋਂ ਉਨ੍ਹਾਂ ਨੇ ਸਫ਼ਰ ਸ਼ੁਰੂ ਕਰਨਾ ਸੀ। ਕਲਪਨਾ ਕਰੋ ਕਿ ਕਾਫ਼ਲਾ ਊਰ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਇਕੱਠਾ ਹੋਇਆ ਹੈ। ਊਠਾਂ ਤੇ ਗਧਿਆਂ ʼਤੇ ਸਾਮਾਨ ਲੱਦਿਆ ਹੋਇਆ ਹੈ, ਭੇਡਾਂ-ਬੱਕਰੀਆਂ ਇਕੱਠੀਆਂ ਕੀਤੀਆਂ ਹੋਈਆਂ ਹਨ, ਪਰਿਵਾਰ ਤੇ ਨੌਕਰ-ਚਾਕਰ ਆਪੋ-ਆਪਣੀ ਜਗ੍ਹਾ ʼਤੇ ਤਿਆਰ-ਬਰ-ਤਿਆਰ ਖੜ੍ਹੇ ਹਨ।d ਸ਼ਾਇਦ ਸਾਰਿਆਂ ਦੀਆਂ ਅੱਖਾਂ ਅਬਰਾਮ ʼਤੇ ਟਿਕੀਆਂ ਹੋਈਆਂ ਹਨ ਤੇ ਉਹ ਉਸ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਅਖ਼ੀਰ ਉਹ ਪਲ ਆ ਜਾਂਦਾ ਹੈ ਅਤੇ ਉਹ ਊਰ ਨੂੰ ਹਮੇਸ਼ਾ ਲਈ ਪਿੱਛੇ ਛੱਡ ਕੇ ਸਫ਼ਰ ʼਤੇ ਤੁਰ ਪੈਂਦੇ ਹਨ।
13. ਅੱਜ ਯਹੋਵਾਹ ਦੇ ਕਈ ਸੇਵਕ ਅਬਰਾਮ ਤੇ ਸਾਰਈ ਵਰਗਾ ਰਵੱਈਆ ਕਿਵੇਂ ਦਿਖਾਉਂਦੇ ਹਨ?
13 ਅੱਜ ਯਹੋਵਾਹ ਦੇ ਬਹੁਤ ਸਾਰੇ ਸੇਵਕ ਉਸ ਜਗ੍ਹਾ ਜਾਣ ਦਾ ਫ਼ੈਸਲਾ ਕਰਦੇ ਹਨ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕਈ ਭੈਣ-ਭਰਾ ਨਵੀਂ ਭਾਸ਼ਾ ਸਿੱਖਣ ਦਾ ਫ਼ੈਸਲਾ ਕਰਦੇ ਹਨ। ਜਾਂ ਕਈ ਅਜਿਹੇ ਤਰੀਕੇ ਨਾਲ ਪ੍ਰਚਾਰ ਕਰਨ ਦਾ ਫ਼ੈਸਲਾ ਕਰਦੇ ਹਨ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਾ ਵਰਤਿਆ ਹੋਵੇ ਜਾਂ ਉਨ੍ਹਾਂ ਨੂੰ ਵਰਤਣਾ ਔਖਾ ਲੱਗਦਾ ਹੋਵੇ। ਅਜਿਹੇ ਫ਼ੈਸਲੇ ਕਰਨ ਲਈ ਆਮ ਤੌਰ ਤੇ ਕੁਰਬਾਨੀਆਂ ਕਰਨ ਦੀ ਲੋੜ ਪੈਂਦੀ ਹੈ। ਉਨ੍ਹਾਂ ਨੂੰ ਕੁਝ ਹੱਦ ਤਕ ਸੁੱਖ-ਆਰਾਮ ਦੀਆਂ ਚੀਜ਼ਾਂ ਛੱਡਣੀਆਂ ਪੈਂਦੀਆਂ ਹਨ। ਅਬਰਾਮ ਤੇ ਸਾਰਈ ਵਰਗਾ ਰਵੱਈਆ ਦਿਖਾਉਣ ਵਾਲੇ ਯਹੋਵਾਹ ਦੇ ਗਵਾਹ ਤਾਰੀਫ਼ ਦੇ ਕਾਬਲ ਹਨ! ਜੇ ਸਾਡੀ ਨਿਹਚਾ ਉਨ੍ਹਾਂ ਵਰਗੀ ਹੈ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਇੰਨੀਆਂ ਬਰਕਤਾਂ ਦੇਵੇਗਾ ਜਿਨ੍ਹਾਂ ਸਾਮ੍ਹਣੇ ਸਾਡੀਆਂ ਕੁਰਬਾਨੀਆਂ ਕੁਝ ਵੀ ਨਹੀਂ ਹਨ। ਉਹ ਆਪਣੇ ਸੇਵਕਾਂ ਨੂੰ ਨਿਹਚਾ ਰੱਖਣ ਦਾ ਇਨਾਮ ਜ਼ਰੂਰ ਦਿੰਦਾ ਹੈ। (ਇਬ. 6:10; 11:6) ਕੀ ਉਸ ਨੇ ਅਬਰਾਮ ਨੂੰ ਇਨਾਮ ਦਿੱਤਾ?
ਫ਼ਰਾਤ ਦਰਿਆ ਪਾਰ ਕੀਤਾ
14, 15. ਊਰ ਤੋਂ ਹਾਰਾਨ ਤਕ ਦਾ ਸਫ਼ਰ ਕਿਹੋ ਜਿਹਾ ਸੀ ਅਤੇ ਅਬਰਾਮ ਨੂੰ ਸ਼ਾਇਦ ਹਾਰਾਨ ਵਿਚ ਕੁਝ ਸਮਾਂ ਰੁਕਣ ਦਾ ਫ਼ੈਸਲਾ ਕਿਉਂ ਲੈਣਾ ਪਿਆ?
14 ਕਾਫ਼ਲੇ ਨੂੰ ਸਫ਼ਰ ਕਰਨ ਦੀ ਹੌਲੀ-ਹੌਲੀ ਆਦਤ ਪੈ ਗਈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਅਬਰਾਮ ਤੇ ਸਾਰਈ ਕਦੇ-ਕਦੇ ਜਾਨਵਰਾਂ ਉੱਤੇ ਬੈਠ ਜਾਂਦੇ ਹੋਣੇ ਤੇ ਕਦੇ-ਕਦੇ ਤੁਰਨ ਲੱਗ ਪੈਂਦੇ ਹੋਣੇ। ਉਹ ਆਪਸ ਵਿਚ ਗੱਲਾਂ-ਬਾਤਾਂ ਕਰਦੇ ਹੋਣੇ। ਤੁਰੇ ਜਾਂਦੇ ਜਾਨਵਰਾਂ ਦੇ ਗਲਾਂ ਵਿਚ ਪਾਈਆਂ ਘੰਟੀਆਂ ਦੀ ਆਵਾਜ਼ ਸੁਣਾਈ ਦਿੰਦੀ ਹੋਣੀ। ਹੌਲੀ-ਹੌਲੀ ਘੱਟ ਤਜਰਬੇਕਾਰ ਮੁਸਾਫ਼ਰ ਵੀ ਤੰਬੂਆਂ ਨੂੰ ਲਾਉਣ ਅਤੇ ਪੁੱਟਣ ਵਿਚ ਮਾਹਰ ਹੋ ਗਏ। ਇਸ ਦੇ ਨਾਲ-ਨਾਲ ਉਹ ਬਿਰਧ ਤਾਰਹ ਨੂੰ ਆਰਾਮ ਨਾਲ ਊਠ ਜਾਂ ਗਧੇ ʼਤੇ ਬਿਠਾਉਣਾ ਸਿੱਖ ਗਏ ਹੋਣੇ। ਉਹ ਫ਼ਰਾਤ ਦਰਿਆ ਦੇ ਕੰਢੇ-ਕੰਢੇ ਉੱਤਰ-ਪੱਛਮ ਵੱਲ ਨੂੰ ਚਲੇ ਗਏ। ਸਫ਼ਰ ਕਰਦੇ-ਕਰਦੇ ਕਈ ਦਿਨ ਤੇ ਹਫ਼ਤੇ ਲੰਘਦੇ ਗਏ।
15 ਅਖ਼ੀਰ 960 ਕਿਲੋਮੀਟਰ (ਲਗਭਗ 600 ਮੀਲ) ਸਫ਼ਰ ਕਰਨ ਤੋਂ ਬਾਅਦ ਉਹ ਅਮੀਰ ਸ਼ਹਿਰ ਹਾਰਾਨ ਪਹੁੰਚੇ ਜਿੱਥੇ ਪੂਰਬੀ ਤੇ ਪੱਛਮੀ ਦੇਸ਼ਾਂ ਦੇ ਵਪਾਰੀਆਂ ਦੇ ਕਾਫ਼ਲੇ ਰੁਕਦੇ ਸਨ। ਸ਼ਹਿਰੋਂ ਬਾਹਰ ਮਿੱਟੀ ਦੀਆਂ ਝੌਂਪੜੀਆਂ ਸਨ ਜੋ ਦੇਖਣ ਨੂੰ ਸ਼ਹਿਦ ਦੇ ਛੱਤੇ ਵਰਗੀਆਂ ਲੱਗਦੀਆਂ ਸਨ। ਉੱਥੇ ਇਹ ਪਰਿਵਾਰ ਕੁਝ ਸਮੇਂ ਲਈ ਠਹਿਰਿਆ। ਸ਼ਾਇਦ ਕਮਜ਼ੋਰ ਹੋਣ ਕਰਕੇ ਤਾਰਹ ਹੋਰ ਸਫ਼ਰ ਨਹੀਂ ਕਰ ਸਕਦਾ ਸੀ।
16, 17. (ੳ) ਕਿਸ ਇਕਰਾਰ ਕਰਕੇ ਅਬਰਾਮ ਖ਼ੁਸ਼ ਸੀ? (ਅ) ਹਾਰਾਨ ਵਿਚ ਯਹੋਵਾਹ ਨੇ ਉਸ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?
16 ਤਾਰਹ 205 ਸਾਲ ਦੀ ਉਮਰ ਹੋਣ ਤੇ ਗੁਜ਼ਰ ਗਿਆ। (ਉਤ. 11:32) ਅਬਰਾਮ ਨੂੰ ਇਸ ਦੁੱਖ ਦੀ ਘੜੀ ਵਿਚ ਦਿਲਾਸਾ ਮਿਲਿਆ ਜਦੋਂ ਯਹੋਵਾਹ ਨੇ ਉਸ ਨਾਲ ਦੁਬਾਰਾ ਗੱਲ ਕੀਤੀ। ਉਸ ਨੇ ਅਬਰਾਮ ਨੂੰ ਊਰ ਵਿਚ ਦਿੱਤੀਆਂ ਹਿਦਾਇਤਾਂ ਫਿਰ ਦੁਹਰਾਈਆਂ ਅਤੇ ਆਪਣੇ ਵਾਅਦਿਆਂ ਬਾਰੇ ਹੋਰ ਦੱਸਿਆ। ਅਬਰਾਮ ਨਾਲ ਵਾਅਦਾ ਕੀਤਾ ਗਿਆ ਕਿ ਉਹ “ਇੱਕ ਵੱਡੀ ਕੌਮ” ਬਣੇਗਾ ਅਤੇ ਉਸ ਕਰਕੇ ਧਰਤੀ ਉੱਤੇ ਸਾਰੇ ਪਰਿਵਾਰਾਂ ਨੂੰ ਬਰਕਤਾਂ ਮਿਲਣਗੀਆਂ। (ਉਤਪਤ 12:2, 3 ਪੜ੍ਹੋ।) ਹਾਰਾਨ ਵਿਚ ਪਰਮੇਸ਼ੁਰ ਨੇ ਉਸ ਨੂੰ ਦੁਬਾਰਾ ਭਰੋਸਾ ਦਿਵਾਇਆ ਕਿ ਉਹ ਆਪਣਾ ਇਕਰਾਰ ਜ਼ਰੂਰ ਪੂਰਾ ਕਰੇਗਾ। ਇਹ ਸੁਣ ਕੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਨਾਲੇ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਹਾਰਾਨ ਤੋਂ ਤੁਰਨ ਦਾ ਸਮਾਂ ਆ ਗਿਆ ਸੀ।
17 ਯਹੋਵਾਹ ਦੀਆਂ ਬਰਕਤਾਂ ਨਾਲ ਹਾਰਾਨ ਵਿਚ ਅਬਰਾਮ ਕੋਲ ਬਹੁਤ ਜ਼ਿਆਦਾ ਧਨ-ਦੌਲਤ ਹੋ ਗਈ ਅਤੇ ਉਸ ਦੇ ਨੌਕਰਾਂ-ਚਾਕਰਾਂ ਦੀ ਗਿਣਤੀ ਵਧ ਗਈ। (ਉਤ. 12:5) ਇਕ ਕੌਮ ਬਣਨ ਲਈ ਅਬਰਾਮ ਨੂੰ ਧਨ-ਦੌਲਤ ਅਤੇ ਨੌਕਰਾਂ-ਚਾਕਰਾਂ ਦੀ ਲੋੜ ਸੀ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਸੇਵਕਾਂ ਨੂੰ ਅਮੀਰ ਨਹੀਂ ਬਣਾਉਂਦਾ, ਪਰ ਉਨ੍ਹਾਂ ਨੂੰ ਉਹ ਸਭ ਕੁਝ ਦਿੰਦਾ ਹੈ ਜੋ ਉਸ ਦੀ ਮਰਜ਼ੀ ਪੂਰੀ ਕਰਨ ਲਈ ਜ਼ਰੂਰੀ ਹੈ। ਬੁਲੰਦ ਹੌਸਲੇ ਨਾਲ ਅਬਰਾਮ ਨੇ ਅਣਜਾਣ ਜਗ੍ਹਾ ਨੂੰ ਆਪਣਾ ਸਫ਼ਰ ਜਾਰੀ ਰੱਖਿਆ।
18. (ੳ) ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਦਾ ਇਕ ਅਹਿਮ ਦਿਨ ਕਦੋਂ ਆਇਆ? (ਅ) ਅੱਗੇ ਚੱਲ ਕੇ 14 ਨੀਸਾਨ ਨੂੰ ਹੋਰ ਕਿਹੜੀਆਂ ਅਹਿਮ ਘਟਨਾਵਾਂ ਵਾਪਰੀਆਂ? (“ਬਾਈਬਲ ਦੇ ਇਤਿਹਾਸ ਵਿਚ ਅਹਿਮ ਤਾਰੀਖ਼” ਨਾਂ ਦੀ ਡੱਬੀ ਦੇਖੋ।)
18 ਹਾਰਾਨ ਤੋਂ ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਕਰਕਮਿਸ਼ ਸ਼ਹਿਰ ਆਉਂਦਾ ਸੀ ਜਿੱਥੋਂ ਦੀ ਕਾਫ਼ਲੇ ਆਮ ਤੌਰ ਤੇ ਫ਼ਰਾਤ ਦਰਿਆ ਪਾਰ ਕਰਦੇ ਸਨ। ਸ਼ਾਇਦ ਅਬਰਾਮ ਦਾ ਇਸ ਜਗ੍ਹਾ ʼਤੇ ਆਉਣਾ ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਦਾ ਇਕ ਅਹਿਮ ਦਿਨ ਸੀ। ਉਸ ਦਿਨ ਯਾਨੀ 14 ਨੀਸਾਨ 1943 ਈਸਵੀ ਪੂਰਵ ਨੂੰ ਅਬਰਾਮ ਆਪਣੇ ਕਾਫ਼ਲੇ ਨੂੰ ਦਰਿਆ ਪਾਰ ਲੈ ਕੇ ਗਿਆ ਸੀ। (ਕੂਚ 12:40-43) ਉਸ ਦਿਨ ਅਬਰਾਮ ਨਾਲ ਕੀਤਾ ਪਰਮੇਸ਼ੁਰ ਦਾ ਇਕਰਾਰ ਪੂਰਾ ਹੋਣਾ ਸ਼ੁਰੂ ਹੋਇਆ। ਦਰਿਆ ਪਾਰ ਕਰ ਕੇ ਉਹ ਦੱਖਣ ਵੱਲ ਨੂੰ ਚਲੇ ਗਏ ਜਿੱਥੇ ਉਹ ਦੇਸ਼ ਸੀ ਜੋ ਯਹੋਵਾਹ ਨੇ ਅਬਰਾਮ ਨੂੰ ਦਿਖਾਉਣ ਦਾ ਵਾਅਦਾ ਕੀਤਾ ਸੀ।
19. ਯਹੋਵਾਹ ਨੇ ਅਬਰਾਮ ਨਾਲ ਕਿਹੜਾ ਵਾਅਦਾ ਕੀਤਾ ਤੇ ਉਸ ਦੇ ਮਨ ਵਿਚ ਸ਼ਾਇਦ ਕਿਹੜੀ ਗੱਲ ਆਈ ਹੋਵੇ?
19 ਦੱਖਣ ਵੱਲ ਸਫ਼ਰ ਕਰਦੇ ਹੋਏ ਅਬਰਾਮ ਨੇ ਸ਼ਕਮ ਦੇ ਨੇੜੇ ਮੋਰਹ ਦੇ ਵੱਡੇ ਦਰਖ਼ਤਾਂ ਕੋਲ ਡੇਰਾ ਲਾਇਆ। ਉੱਥੇ ਯਹੋਵਾਹ ਨੇ ਇਕ ਵਾਰ ਫਿਰ ਅਬਰਾਮ ਨਾਲ ਗੱਲ ਕੀਤੀ। ਇਸ ਵਾਰ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਅਬਰਾਮ ਦੀ ਸੰਤਾਨ ਉਸ ਦੇਸ਼ ਵਿਚ ਵੱਸੇਗੀ। ਕੀ ਉਦੋਂ ਅਬਰਾਮ ਦੇ ਮਨ ਵਿਚ ਅਦਨ ਦੇ ਬਾਗ਼ ਵਿਚ ਕੀਤੀ ਭਵਿੱਖਬਾਣੀ ਆਈ ਹੋਵੇਗੀ ਜਿਸ ਵਿਚ ਯਹੋਵਾਹ ਨੇ “ਸੰਤਾਨ” ਬਾਰੇ ਦੱਸਿਆ ਸੀ ਜੋ ਮਨੁੱਖਜਾਤੀ ਨੂੰ ਛੁਡਾਵੇਗੀ? (ਉਤ. 3:15; 12:7) ਹੋ ਸਕਦਾ, ਪਰ ਅਬਰਾਮ ਨੂੰ ਇਹ ਗੱਲ ਸ਼ਾਇਦ ਸਮਝ ਆਉਣ ਲੱਗ ਪਈ ਸੀ ਕਿ ਉਹ ਯਹੋਵਾਹ ਦੇ ਸ਼ਾਨਦਾਰ ਮਕਸਦ ਵਿਚ ਅਹਿਮ ਯੋਗਦਾਨ ਪਾਵੇਗਾ।
20. ਅਬਰਾਮ ਨੇ ਯਹੋਵਾਹ ਦੁਆਰਾ ਦਿੱਤੇ ਸਨਮਾਨ ਦੀ ਦਿਲੋਂ ਕਦਰ ਕਿਵੇਂ ਦਿਖਾਈ?
20 ਅਬਰਾਮ ਯਹੋਵਾਹ ਦੁਆਰਾ ਦਿੱਤੇ ਸਨਮਾਨ ਦੀ ਦਿਲੋਂ ਕਦਰ ਕਰਦਾ ਸੀ। ਉਸ ਦੇਸ਼ ਵਿਚ ਘੁੰਮਦਿਆਂ ਉਸ ਨੇ ਸਾਵਧਾਨੀ ਵਰਤੀ ਕਿਉਂਕਿ ਉੱਥੇ ਅਜੇ ਵੀ ਕਨਾਨੀ ਵੱਸਦੇ ਸਨ। ਉਸ ਨੇ ਪਹਿਲਾਂ ਮੋਰਹ ਦੇ ਵੱਡੇ ਦਰਖ਼ਤਾਂ ਦੇ ਨੇੜੇ ਤੇ ਫਿਰ ਬੈਤ-ਏਲ ਦੇ ਨੇੜੇ ਯਹੋਵਾਹ ਦੇ ਲਈ ਵੇਦੀਆਂ ਬਣਾਈਆਂ ਅਤੇ ਉਸ ਨੇ ਯਹੋਵਾਹ ਦਾ ਨਾਂ ਲਿਆ। ਉਹ ਭਵਿੱਖ ਵਿਚ ਪੈਦਾ ਹੋਣ ਵਾਲੀ ਆਪਣੀ ਸੰਤਾਨ ਬਾਰੇ ਸੋਚਦਾ ਹੋਇਆ ਯਹੋਵਾਹ ਦਾ ਧੰਨਵਾਦ ਕਰਦਾ ਹੋਣਾ। ਉਸ ਨੇ ਸ਼ਾਇਦ ਕਨਾਨੀ ਲੋਕਾਂ ਨੂੰ ਪ੍ਰਚਾਰ ਵੀ ਕੀਤਾ ਹੋਣਾ। (ਉਤਪਤ 12:7, 8 ਪੜ੍ਹੋ।) ਅਬਰਾਮ ਦੀ ਜ਼ਿੰਦਗੀ ਦੇ ਸਫ਼ਰ ਵਿਚ ਕਈ ਵੱਡੀਆਂ ਚੁਣੌਤੀਆਂ ਆਉਣੀਆਂ ਸਨ ਜਿਨ੍ਹਾਂ ਰਾਹੀਂ ਉਸ ਦੀ ਨਿਹਚਾ ਦੀ ਪਰਖ ਹੋਣੀ ਸੀ। ਪਰ ਉਹ ਸਮਝਦਾਰੀ ਦਿਖਾਉਂਦੇ ਹੋਏ ਊਰ ਵਿਚ ਛੱਡੇ ਆਪਣੇ ਘਰ-ਬਾਰ ਤੇ ਸੁੱਖ-ਆਰਾਮ ਬਾਰੇ ਸੋਚਦਾ ਨਹੀਂ ਰਿਹਾ। ਇਸ ਦੀ ਬਜਾਇ, ਉਸ ਨੇ ਆਪਣਾ ਧਿਆਨ ਯਹੋਵਾਹ ਦੇ ਵਾਅਦੇ ʼਤੇ ਲਾਈ ਰੱਖਿਆ। ਇਬਰਾਨੀਆਂ 11:10 ਅਬਰਾਮ ਬਾਰੇ ਕਹਿੰਦਾ ਹੈ: “ਅਬਰਾਹਾਮ ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ ਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਤੇ ਰਾਜ ਮਿਸਤਰੀ ਪਰਮੇਸ਼ੁਰ ਹੈ।”
21. ਅਸੀਂ ਅਬਰਾਮ ਦੇ ਮੁਕਾਬਲੇ ਪਰਮੇਸ਼ੁਰ ਦੇ ਰਾਜ ਬਾਰੇ ਕਿੰਨਾ ਕੁ ਜਾਣਦੇ ਹਾਂ ਤੇ ਤੁਹਾਨੂੰ ਕੀ ਕਰਨ ਦੀ ਪ੍ਰੇਰਣਾ ਮਿਲੀ ਹੈ?
21 ਅੱਜ ਯਹੋਵਾਹ ਦੇ ਸਾਰੇ ਸੇਵਕ ਉਸ “ਸ਼ਹਿਰ” ਯਾਨੀ ਪਰਮੇਸ਼ੁਰ ਦੇ ਰਾਜ ਬਾਰੇ ਅਬਰਾਮ ਨਾਲੋਂ ਕਿਤੇ ਜ਼ਿਆਦਾ ਜਾਣਦੇ ਹਨ। ਸਾਨੂੰ ਪਤਾ ਹੈ ਕਿ ਇਹ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ ਅਤੇ ਜਲਦੀ ਹੀ ਇਸ ਬੁਰੀ ਦੁਨੀਆਂ ਦਾ ਅੰਤ ਕਰੇਗਾ। ਨਾਲੇ ਅਸੀਂ ਜਾਣਦੇ ਹਾਂ ਕਿ ਅਬਰਾਮ ਨਾਲ ਕੀਤੇ ਵਾਅਦੇ ਵਿਚ ਦੱਸੀ “ਸੰਤਾਨ” ਯਿਸੂ ਮਸੀਹ ਹੈ ਜੋ ਇਸ ਰਾਜ ਦਾ ਰਾਜਾ ਹੈ। ਅਬਰਾਮ ਨੂੰ ਮਿਲਣਾ ਸਾਡੇ ਲਈ ਕਿੰਨੇ ਹੀ ਸਨਮਾਨ ਦੀ ਗੱਲ ਹੋਵੇਗੀ ਜਦੋਂ ਉਸ ਨੂੰ ਜੀਉਂਦਾ ਕੀਤਾ ਜਾਵੇਗਾ। ਉਸ ਸਮੇਂ ਅਬਰਾਮ ਨੂੰ ਪੂਰੀ ਤਰ੍ਹਾਂ ਸਮਝ ਆਵੇਗਾ ਕਿ ਯਹੋਵਾਹ ਦਾ ਮਕਸਦ ਕਿਵੇਂ ਪੂਰਾ ਹੋਇਆ। ਕੀ ਤੁਸੀਂ ਯਹੋਵਾਹ ਦੇ ਸਾਰੇ ਵਾਅਦੇ ਪੂਰੇ ਹੁੰਦੇ ਦੇਖਣਾ ਚਾਹੁੰਦੇ ਹੋ? ਜੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਅਬਰਾਮ ਦੇ ਨਕਸ਼ੇ-ਕਦਮਾਂ ʼਤੇ ਚੱਲੋ। ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ-ਖ਼ੁਸ਼ੀ ਸੁੱਖ-ਆਰਾਮ ਤਿਆਗਣ ਲਈ ਤਿਆਰ ਰਹੋ, ਕਹਿਣਾ ਮੰਨੋ ਤੇ ਕੋਈ ਵੀ ਜ਼ਿੰਮੇਵਾਰੀ ਮਿਲਣ ʼਤੇ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ। ਅਬਰਾਮ ਵਾਂਗ ਨਿਹਚਾ ਰੱਖਣ ਨਾਲ ਉਹ ਤੁਹਾਡਾ ਵੀ ਪਿਤਾ ਬਣ ਜਾਵੇਗਾ ਕਿਉਂਕਿ ਉਹ ‘ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਨਿਹਚਾ ਹੈ।’
a ਕਈ ਸਾਲਾਂ ਬਾਅਦ ਪਰਮੇਸ਼ੁਰ ਨੇ ਅਬਰਾਮ ਦਾ ਨਾਂ ਬਦਲ ਕੇ ਅਬਰਾਹਾਮ ਰੱਖ ਦਿੱਤਾ ਜਿਸ ਦਾ ਮਤਲਬ ਹੈ “ਬਹੁਤੀਆਂ ਕੌਮਾਂ ਦਾ ਪਿਤਾ।”—ਉਤ. 17:5.
b ਇਸੇ ਤਰ੍ਹਾਂ ਤਾਰਹ ਦੇ ਪੁੱਤਰਾਂ ਵਿੱਚੋਂ ਅਕਸਰ ਅਬਰਾਮ ਦੇ ਨਾਂ ਦਾ ਪਹਿਲਾਂ ਜ਼ਿਕਰ ਕੀਤਾ ਜਾਂਦਾ ਹੈ, ਭਾਵੇਂ ਕਿ ਉਹ ਜੇਠਾ ਪੁੱਤਰ ਨਹੀਂ ਸੀ।
d ਕੁਝ ਵਿਦਵਾਨਾਂ ਨੂੰ ਇਸ ਗੱਲ ʼਤੇ ਸ਼ੱਕ ਹੈ ਕਿ ਅਬਰਾਮ ਦੇ ਜ਼ਮਾਨੇ ਵਿਚ ਊਠ ਘਰਾਂ ਵਿਚ ਪਾਲ਼ੇ ਜਾਂਦੇ ਸਨ ਕਿ ਨਹੀਂ। ਪਰ ਉਹ ਇਸ ਗੱਲ ਦਾ ਕੋਈ ਸਬੂਤ ਨਹੀਂ ਦੇ ਸਕੇ। ਬਾਈਬਲ ਕਈ ਵਾਰ ਅਬਰਾਮ ਦੀ ਜਾਇਦਾਦ ਵਿਚ ਊਠਾਂ ਦਾ ਜ਼ਿਕਰ ਕਰਦੀ ਹੈ।—ਉਤ. 12:16; 24:35.