ਸਮੇਂ ਅਤੇ ਵੇਲੇ ਯਹੋਵਾਹ ਦੇ ਹੱਥਾਂ ਵਿਚ ਹਨ
“ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।”—ਰਸੂਲਾਂ ਦੇ ਕਰਤੱਬ 1:7.
1. ਯਿਸੂ ਨੇ ਆਪਣੇ ਰਸੂਲਾਂ ਦੇ ਸਮੇਂ-ਸੰਬੰਧੀ ਸਵਾਲਾਂ ਦਾ ਕਿਵੇਂ ਜਵਾਬ ਦਿੱਤਾ ਸੀ?
ਜਿਹੜੇ ਲੋਕ ਈਸਾਈ-ਜਗਤ ਵਿਚ ਅਤੇ ਪੂਰੀ ਧਰਤੀ ਉੱਤੇ “ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ,” ਕੀ ਉਨ੍ਹਾਂ ਲਈ ਇਹ ਸੋਚਣਾ ਸੁਭਾਵਕ ਨਹੀਂ ਹੈ ਕਿ ਇਹ ਦੁਸ਼ਟ ਵਿਵਸਥਾ ਕਦੋਂ ਖ਼ਤਮ ਹੋਵੇਗੀ ਅਤੇ ਪਰਮੇਸ਼ੁਰ ਦਾ ਧਰਮੀ ਨਵਾਂ ਸੰਸਾਰ ਕਦੋਂ ਇਸ ਦੀ ਥਾਂ ਲਵੇਗਾ? (ਹਿਜ਼ਕੀਏਲ 9:4; 2 ਪਤਰਸ 3:13) ਯਿਸੂ ਦੇ ਰਸੂਲਾਂ ਨੇ ਉਸ ਦੀ ਮੌਤ ਤੋਂ ਪਹਿਲਾਂ ਅਤੇ ਪੁਨਰ-ਉਥਾਨ ਤੋਂ ਬਾਅਦ ਉਸ ਨੂੰ ਸਮੇਂ-ਸੰਬੰਧੀ ਸਵਾਲ ਪੁੱਛੇ। (ਮੱਤੀ 24:3; ਰਸੂਲਾਂ ਦੇ ਕਰਤੱਬ 1:6) ਪਰੰਤੂ, ਜਵਾਬ ਵਿਚ, ਯਿਸੂ ਨੇ ਉਨ੍ਹਾਂ ਨੂੰ ਤਾਰੀਖ਼ਾਂ ਦਾ ਹਿਸਾਬ ਕਰਨ ਦਾ ਤਰੀਕਾ ਨਹੀਂ ਦੱਸਿਆ। ਇਕ ਪਾਸੇ ਉਸ ਨੇ ਉਨ੍ਹਾਂ ਨੂੰ ਸੰਯੁਕਤ ਲੱਛਣ ਦਿੱਤਾ ਸੀ, ਅਤੇ ਦੂਜੇ ਪਾਸੇ ਉਸ ਨੇ ਕਿਹਾ ਕਿ “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।”—ਰਸੂਲਾਂ ਦੇ ਕਰਤੱਬ 1:7.
2. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਨੂੰ ਅੰਤ ਦੇ ਸਮੇਂ ਦੌਰਾਨ ਵਾਪਰਨ ਵਾਲੀਆਂ ਘਟਨਾਵਾਂ ਸੰਬੰਧੀ ਆਪਣੇ ਪਿਤਾ ਦੀ ਸਮਾਂ-ਸਾਰਣੀ ਬਾਰੇ ਹਮੇਸ਼ਾ ਨਹੀਂ ਪਤਾ ਸੀ?
2 ਭਾਵੇਂ ਕਿ ਯਿਸੂ ਯਹੋਵਾਹ ਦਾ ਇਕਲੌਤਾ ਪੁੱਤਰ ਹੈ, ਉਸ ਨੂੰ ਘਟਨਾਵਾਂ ਸੰਬੰਧੀ ਆਪਣੇ ਪਿਤਾ ਦੀ ਸਮਾਂ-ਸਾਰਣੀ ਬਾਰੇ ਹਮੇਸ਼ਾ ਪਤਾ ਨਹੀਂ ਸੀ। ਅੰਤ ਦਿਆਂ ਦਿਨਾਂ ਬਾਰੇ ਆਪਣੀ ਭਵਿੱਖਬਾਣੀ ਵਿਚ, ਯਿਸੂ ਨੇ ਨਿਮਰਤਾ ਨਾਲ ਸਵੀਕਾਰ ਕੀਤਾ: “ਪਰ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:36) ਯਿਸੂ ਆਪਣੇ ਪਿਤਾ ਦੀ ਧੀਰਜ ਨਾਲ ਉਡੀਕ ਕਰਨ ਲਈ ਤਿਆਰ ਸੀ ਕਿ ਉਹ ਉਸ ਨੂੰ ਇਸ ਦੁਸ਼ਟ ਰੀਤੀ-ਵਿਵਸਥਾ ਵਿਰੁੱਧ ਵਿਨਾਸ਼ਕਾਰੀ ਕਾਰਵਾਈ ਕਰਨ ਦਾ ਸਹੀ ਸਮਾਂ ਦੱਸੇ।a
3. ਪਰਮੇਸ਼ੁਰ ਦੇ ਮਕਸਦ ਸੰਬੰਧੀ ਸਵਾਲਾਂ ਬਾਰੇ ਯਿਸੂ ਦੇ ਜਵਾਬਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
3 ਯਿਸੂ ਤੋਂ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਸਵਾਲ ਪੁੱਛੇ ਗਏ ਸਨ ਕਿ ਇਹ ਕਦੋਂ ਵਾਪਰਨਗੀਆਂ। ਜੋ ਜਵਾਬ ਉਸ ਨੇ ਦਿੱਤੇ ਸਨ ਉਨ੍ਹਾਂ ਤੋਂ ਦੋ ਸਿੱਟੇ ਕੱਢੇ ਦਾ ਸਕਦੇ ਹਨ। ਪਹਿਲਾ, ਕਿ ਯਹੋਵਾਹ ਦੀ ਸਮਾਂ-ਸਾਰਣੀ ਹੈ; ਅਤੇ ਦੂਜਾ, ਕਿ ਸਿਰਫ਼ ਉਹ ਹੀ ਇਸ ਨੂੰ ਬਣਾਉਂਦਾ ਹੈ, ਅਤੇ ਉਸ ਦੇ ਸੇਵਕਾਂ ਨੂੰ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਸ ਦੇ ਸਮਿਆਂ ਅਤੇ ਵੇਲਿਆਂ ਬਾਰੇ ਪਹਿਲਾਂ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ।
ਯਹੋਵਾਹ ਦੇ ਸਮੇਂ ਅਤੇ ਵੇਲੇ
4. ਰਸੂਲਾਂ ਦੇ ਕਰਤੱਬ 1:7 ਤੇ “ਸਮਿਆਂ” ਅਤੇ “ਵੇਲਿਆਂ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦਾਂ ਦੇ ਕੀ ਅਰਥ ਹਨ?
4 “ਸਮਿਆਂ” ਅਤੇ “ਵੇਲਿਆਂ” ਦਾ ਕੀ ਅਰਥ ਹੈ? ਰਸੂਲਾਂ ਦੇ ਕਰਤੱਬ 1:7 ਵਿਚ ਦਰਜ ਕੀਤੇ ਗਏ ਯਿਸੂ ਦੇ ਬਿਆਨ ਵਿਚ ਸਮੇਂ ਦੇ ਦੋ ਪਹਿਲੂ ਹਨ। “ਸਮਿਆਂ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਦਾ ਅਰਥ ਹੈ “ਮਿਆਦ ਦੇ ਤੌਰ ਤੇ ਸਮਾਂ,” ਸਮੇਂ ਦੀ ਇਕ ਅਵਧੀ (ਛੋਟੀ ਜਾਂ ਲੰਬੀ)। “ਵੇਲਿਆਂ” ਉਸ ਸ਼ਬਦ ਦਾ ਅਨੁਵਾਦ ਹੈ ਜੋ ਕਿਸੇ ਨਿਯੁਕਤ ਜਾਂ ਠਹਿਰਾਏ ਹੋਏ ਸਮੇਂ, ਜਾਂ ਕਿਸੇ ਖ਼ਾਸ ਵੇਲੇ ਜਾਂ ਸਮੇਂ ਵੱਲ ਸੰਕੇਤ ਕਰਦਾ ਹੈ ਜਿਸ ਦੇ ਖ਼ਾਸ ਲੱਛਣ ਹਨ। ਇਨ੍ਹਾਂ ਦੋ ਮੁਢਲੇ ਸ਼ਬਦਾਂ ਬਾਰੇ, ਡਬਲਯੂ. ਈ. ਵਾਈਨ ਕਹਿੰਦਾ ਹੈ: “ਰਸੂਲਾਂ ਦੇ ਕਰਤੱਬ 1:7 ਵਿਚ, ‘ਪਿਤਾ ਨੇ’ ਸਮੇਂ (ਕ੍ਰੋਨੋਸ), ਯਾਨੀ ਸਮੇਂ ਦੀਆਂ ਅਵਧੀਆਂ, ਅਤੇ ਵੇਲੇ (ਕੈਰੋਸ), ਯਾਨੀ ਖ਼ਾਸ ਘਟਨਾਵਾਂ ਵਾਲੇ ਕਾਲ, ਦੋਵੇਂ ‘ਆਪਣੇ ਹੀ ਅਧਿਕਾਰ ਵਿਚ ਰੱਖੇ ਹਨ’।”
5. ਭ੍ਰਿਸ਼ਟ ਸੰਸਾਰ ਨੂੰ ਖ਼ਤਮ ਕਰਨ ਦੇ ਆਪਣੇ ਮਕਸਦ ਬਾਰੇ ਯਹੋਵਾਹ ਨੇ ਨੂਹ ਨੂੰ ਕਦੋਂ ਦੱਸਿਆ ਸੀ, ਅਤੇ ਨੂਹ ਨੇ ਕਿਹੜਾ ਦੂਹਰਾ ਕੰਮ ਪੂਰਾ ਕੀਤਾ ਸੀ?
5 ਜਲ-ਪਰਲੋ ਤੋਂ ਪਹਿਲਾਂ, ਇਨਸਾਨਾਂ ਅਤੇ ਸਰੀਰਕ ਰੂਪ ਧਾਰਣ ਵਾਲੇ ਬਾਗ਼ੀ ਦੂਤਾਂ ਦੁਆਰਾ ਭ੍ਰਿਸ਼ਟ ਕੀਤੇ ਗਏ ਸੰਸਾਰ ਲਈ, ਪਰਮੇਸ਼ੁਰ ਨੇ 120 ਸਾਲਾਂ ਦਾ ਸਮਾਂ ਨਿਯਤ ਕੀਤਾ ਸੀ। (ਉਤਪਤ 6:1-3) ਧਰਮੀ ਨੂਹ ਉਸ ਸਮੇਂ ਤੇ 480 ਸਾਲਾਂ ਦਾ ਸੀ। (ਉਤਪਤ 7:6) ਉਹ ਬੇਔਲਾਦ ਸੀ ਅਤੇ ਅਗਲੇ 20 ਸਾਲਾਂ ਤਕ ਉਸ ਦੇ ਕੋਈ ਔਲਾਦ ਪੈਦਾ ਨਹੀਂ ਹੋਈ ਸੀ। (ਉਤਪਤ 5:32) ਬਹੁਤ ਸਮੇਂ ਬਾਅਦ, ਜਦੋਂ ਨੂਹ ਦੇ ਪੁੱਤਰ ਬਾਲਗ ਹੋ ਗਏ ਸਨ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਏ ਸਨ, ਤਾਂ ਉਦੋਂ ਪਰਮੇਸ਼ੁਰ ਨੇ ਨੂਹ ਨੂੰ ਧਰਤੀ ਤੋਂ ਦੁਸ਼ਟਤਾ ਨੂੰ ਹਟਾਉਣ ਦੇ ਆਪਣੇ ਮਕਸਦ ਬਾਰੇ ਦੱਸਿਆ। (ਉਤਪਤ 6:9-13, 18) ਫਿਰ ਵੀ, ਭਾਵੇਂ ਕਿ ਨੂਹ ਨੂੰ ਕਿਸ਼ਤੀ ਬਣਾਉਣ ਅਤੇ ਆਪਣੇ ਸਮੇਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਦੂਹਰਾ ਕੰਮ ਸੌਂਪਿਆ ਗਿਆ ਸੀ, ਯਹੋਵਾਹ ਨੇ ਉਸ ਨੂੰ ਆਪਣੇ ਸਮੇਂ ਬਾਰੇ ਨਹੀਂ ਦੱਸਿਆ ਸੀ।—ਉਤਪਤ 6:14; 2 ਪਤਰਸ 2:5.
6. (ੳ) ਨੂਹ ਨੇ ਕਿਵੇਂ ਦਿਖਾਇਆ ਕਿ ਉਸ ਨੇ ਸਮੇਂ-ਸੰਬੰਧੀ ਮਾਮਲੇ ਯਹੋਵਾਹ ਦੇ ਹੱਥਾਂ ਵਿਚ ਛੱਡੇ? (ਅ) ਅਸੀਂ ਨੂਹ ਦੀ ਉਦਾਹਰਣ ਉੱਤੇ ਕਿਵੇਂ ਚੱਲ ਸਕਦੇ ਹਾਂ?
6 ਦਹਾਕਿਆਂ ਤਕ—ਸ਼ਾਇਦ ਅੱਧੀ ਸਦੀ ਲਈ—‘ਨੂਹ ਨੇ ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਹੀ ਕੀਤਾ।’ ਉਸ ਨੇ ਇਕ ਪੱਕੀ ਤਾਰੀਖ਼ ਜਾਣਨ ਤੋਂ ਬਗੈਰ ਇਹ “ਨਿਹਚਾ ਨਾਲ” ਕੀਤਾ। (ਉਤਪਤ 6:22; ਇਬਰਾਨੀਆਂ 11:7) ਯਹੋਵਾਹ ਨੇ ਉਸ ਨੂੰ ਘਟਨਾਵਾਂ ਦੇ ਸਹੀ ਸਮੇਂ ਬਾਰੇ ਤਦ ਤਕ ਜਾਣਕਾਰੀ ਨਹੀਂ ਦਿੱਤੀ ਜਦ ਤਕ ਜਲ-ਪਰਲੋ ਦੇ ਸ਼ੁਰੂ ਹੋਣ ਵਿਚ ਸਿਰਫ਼ ਇਕ ਹਫ਼ਤਾ ਨਹੀਂ ਰਹਿ ਗਿਆ ਸੀ। (ਉਤਪਤ 7:1-5) ਯਹੋਵਾਹ ਵਿਚ ਆਪਣੇ ਪੂਰੇ ਭਰੋਸੇ ਅਤੇ ਪੂਰੀ ਨਿਹਚਾ ਕਰਕੇ ਨੂਹ ਸਮੇਂ-ਸੰਬੰਧੀ ਮਾਮਲਿਆਂ ਨੂੰ ਪਰਮੇਸ਼ੁਰ ਦੇ ਹੱਥਾਂ ਵਿਚ ਛੱਡ ਸਕਿਆ। ਅਤੇ ਨੂਹ ਉਦੋਂ ਕਿੰਨਾ ਧੰਨਵਾਦੀ ਹੋਇਆ ਹੋਣਾ ਜਦੋਂ ਉਸ ਨੇ ਜਲ-ਪਰਲੋ ਦੌਰਾਨ ਯਹੋਵਾਹ ਦੀ ਸੁਰੱਖਿਆ ਅਨੁਭਵ ਕੀਤੀ ਅਤੇ ਬਾਅਦ ਵਿਚ ਜਦੋਂ ਉਸ ਨੇ ਸਾਫ਼ ਕੀਤੀ ਹੋਈ ਧਰਤੀ ਤੇ ਪੈਰ ਧਰੇ! ਇਸੇ ਤਰ੍ਹਾਂ ਦੀ ਮੁਕਤੀ ਦੀ ਉਮੀਦ ਨੂੰ ਨਜ਼ਰ ਵਿਚ ਰੱਖਦੇ ਹੋਏ, ਕੀ ਸਾਨੂੰ ਪਰਮੇਸ਼ੁਰ ਵਿਚ ਅਜਿਹੀ ਨਿਹਚਾ ਨਹੀਂ ਕਰਨੀ ਚਾਹੀਦੀ?
7, 8. (ੳ) ਕੌਮਾਂ ਅਤੇ ਵਿਸ਼ਵ ਸ਼ਕਤੀਆਂ ਹੋਂਦ ਵਿਚ ਕਿਵੇਂ ਆਈਆਂ ਸਨ? (ਅ) ਯਹੋਵਾਹ ਨੇ ਕਿਸ ਤਰੀਕੇ ਵਿਚ ‘ਥਾਪੇ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ’?
7 ਜਲ-ਪਰਲੋ ਤੋਂ ਬਾਅਦ, ਨੂਹ ਦੀ ਜ਼ਿਆਦਾਤਰ ਸੰਤਾਨ ਨੇ ਯਹੋਵਾਹ ਦੀ ਸੱਚੀ ਉਪਾਸਨਾ ਤਿਆਗ ਦਿੱਤੀ। ਇੱਕੋ ਜਗ੍ਹਾ ਤੇ ਰਹਿਣ ਦੇ ਟੀਚੇ ਨਾਲ, ਉਹ ਇਕ ਸ਼ਹਿਰ ਅਤੇ ਝੂਠੀ ਉਪਾਸਨਾ ਲਈ ਇਕ ਬੁਰਜ ਬਣਾਉਣ ਲੱਗ ਪਏ। ਯਹੋਵਾਹ ਨੇ ਤੈ ਕੀਤਾ ਕਿ ਦਖ਼ਲ ਦੇਣ ਦਾ ਸਮਾਂ ਆ ਗਿਆ ਸੀ। ਉਸ ਨੇ ਉਨ੍ਹਾਂ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਅਤੇ ‘ਉਨ੍ਹਾਂ ਨੂੰ ਬਾਬਲ ਤੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।’ (ਉਤਪਤ 11:4, 8, 9) ਬਾਅਦ ਵਿਚ, ਅਲੱਗ-ਅਲੱਗ ਬੋਲੀਆਂ ਬੋਲਣ ਵਾਲੇ ਸਮੂਹ ਵੱਧ ਕੇ ਕੌਮਾਂ ਬਣ ਗਏ, ਜਿਨ੍ਹਾਂ ਵਿੱਚੋਂ ਕੁਝ ਕੌਮਾਂ ਨੇ ਦੂਸਰੀਆਂ ਕੌਮਾਂ ਉੱਤੇ ਚੜ੍ਹਾਈ ਕੀਤੀ ਅਤੇ ਇਲਾਕਾਈ ਸ਼ਕਤੀਆਂ ਬਣ ਗਈਆਂ, ਅਤੇ ਵਿਸ਼ਵ ਸ਼ਕਤੀਆਂ ਵੀ।—ਉਤਪਤ 10:32.
8 ਪਰਮੇਸ਼ੁਰ ਨੇ ਆਪਣੇ ਮਕਸਦ ਦੀ ਪੂਰਤੀ ਵਿਚ, ਕਦੀ-ਕਦੀ ਕੌਮੀ ਹੱਦਾਂ ਨਿਰਧਾਰਿਤ ਕੀਤੀਆਂ ਹਨ ਅਤੇ ਇਹ ਵੀ ਨਿਰਧਾਰਿਤ ਕੀਤਾ ਕਿ ਕੋਈ ਖ਼ਾਸ ਕੌਮ ਸਥਾਨਕ ਖੇਤਰ ਵਿਚ ਜਾਂ ਇਕ ਵਿਸ਼ਵ ਸ਼ਕਤੀ ਵਜੋਂ ਕਿਸ ਸਮੇਂ ਤੇ ਰਾਜ ਕਰੇਗੀ। (ਉਤਪਤ 15:13, 14, 18-21; ਕੂਚ 23:31; ਬਿਵਸਥਾ ਸਾਰ 2:17-22; ਦਾਨੀਏਲ 8:5-7, 20, 21) ਰਸੂਲ ਪੌਲੁਸ ਨੇ ਯਹੋਵਾਹ ਦੇ ਸਮਿਆਂ ਅਤੇ ਵੇਲਿਆਂ ਦੇ ਇਸ ਪਹਿਲੂ ਦਾ ਜ਼ਿਕਰ ਉਦੋਂ ਕੀਤਾ ਜਦੋਂ ਉਸ ਨੇ ਅਥੇਨੈ ਵਿਚ ਯੂਨਾਨੀ ਬੁੱਧੀਮਾਨ ਲੋਕਾਂ ਨੂੰ ਦੱਸਿਆ: “ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ . . . ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ।”—ਰਸੂਲਾਂ ਦੇ ਕਰਤੱਬ 17:24, 26.
9. ਯਹੋਵਾਹ ਨੇ ਰਾਜਿਆਂ ਦੇ ਸੰਬੰਧ ਵਿਚ ਕਿਵੇਂ ‘ਸਮਿਆਂ ਤੇ ਵੇਲਿਆਂ ਨੂੰ ਬਦਲਿਆ’ ਹੈ?
9 ਇਸ ਦਾ ਮਤਲਬ ਇਹ ਨਹੀਂ ਹੈ ਕਿ ਯਹੋਵਾਹ ਸਾਰੀਆਂ ਰਾਜਨੀਤਿਕ ਜਿੱਤਾਂ ਅਤੇ ਕੌਮਾਂ ਵਿਚਕਾਰ ਹੋਈਆਂ ਤਬਦੀਲੀਆਂ ਲਈ ਜ਼ਿੰਮੇਵਾਰ ਹੈ। ਲੇਕਿਨ, ਆਪਣੇ ਮਕਸਦ ਨੂੰ ਪੂਰਾ ਕਰਨ ਲਈ ਉਹ ਜਦੋਂ ਚਾਹੇ ਦਖ਼ਲ ਦੇ ਸਕਦਾ ਹੈ। ਇਸ ਲਈ, ਨਬੀ ਦਾਨੀਏਲ, ਜਿਸ ਨੇ ਬਾਬਲੀ ਵਿਸ਼ਵ ਸ਼ਕਤੀ ਦੇ ਅੰਤ ਅਤੇ ਉਸ ਦੀ ਜਗ੍ਹਾ ਮਾਦੀ-ਫਾਰਸੀ ਨੂੰ ਆਉਂਦੇ ਦੇਖਣਾ ਸੀ, ਨੇ ਯਹੋਵਾਹ ਬਾਰੇ ਕਿਹਾ: “ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਅਸਥਾਪਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਗਿਆਨੀਆਂ ਨੂੰ ਗਿਆਨ ਦਿੰਦਾ ਹੈ।”—ਦਾਨੀਏਲ 2:21; ਯਸਾਯਾਹ 44:24–45:7.
‘ਵੇਲਾ ਨੇੜੇ ਸੀ’
10, 11. (ੳ) ਯਹੋਵਾਹ ਨੇ ਅਬਰਾਹਾਮ ਦੀ ਸੰਤਾਨ ਨੂੰ ਗ਼ੁਲਾਮੀ ਤੋਂ ਛੁਡਾਉਣ ਦਾ ਸਮਾਂ ਕਿੰਨਾ ਚਿਰ ਪਹਿਲਾਂ ਨਿਯਤ ਕੀਤਾ ਸੀ? (ਅ) ਕਿਹੜੀ ਗੱਲ ਇਹ ਸੰਕੇਤ ਕਰਦੀ ਹੈ ਕਿ ਇਸਰਾਏਲੀਆਂ ਨੂੰ ਪੱਕਾ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਕਦੋਂ ਮੁਕਤ ਕੀਤਾ ਜਾਣਾ ਸੀ?
10 ਚਾਰ ਸਦੀਆਂ ਪਹਿਲਾਂ, ਯਹੋਵਾਹ ਨੇ ਉਹ ਸਾਲ ਨਿਯਤ ਕੀਤਾ ਜਦੋਂ ਉਹ ਮਿਸਰੀ ਵਿਸ਼ਵ ਸ਼ਕਤੀ ਦੇ ਰਾਜੇ ਨੂੰ ਨੀਵਾਂ ਕਰੇਗਾ ਅਤੇ ਅਬਰਾਹਾਮ ਦੀ ਸੰਤਾਨ ਨੂੰ ਗ਼ੁਲਾਮੀ ਤੋਂ ਆਜ਼ਾਦ ਕਰੇਗਾ। ਅਬਰਾਹਾਮ ਨੂੰ ਆਪਣਾ ਮਕਸਦ ਪ੍ਰਗਟ ਕਰਦੇ ਹੋਏ, ਪਰਮੇਸ਼ੁਰ ਨੇ ਵਾਅਦਾ ਕੀਤਾ: “ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗ਼ੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ। ਅਤੇ ਉਸ ਕੌਮ ਦਾ ਵੀ ਜਿਹ ਦੀ ਉਹ ਗ਼ੁਲਾਮੀ ਕਰਨਗੇ ਮੈਂ ਨਿਆਉਂ ਕਰਾਂਗਾ ਅਤੇ ਇਹਦੇ ਮਗਰੋਂ ਓਹ ਵੱਡੇ ਮਾਲ ਧਨ ਨਾਲ ਨਿੱਕਲ ਆਉਣਗੇ।” (ਉਤਪਤ 15:13, 14) ਮਹਾਂ ਸਭਾ ਦੇ ਸਾਮ੍ਹਣੇ ਇਸਰਾਏਲ ਦੇ ਇਤਿਹਾਸ ਦਾ ਸਾਰ ਦਿੰਦੇ ਹੋਏ, ਇਸਤੀਫ਼ਾਨ ਨੇ ਇਸ 400 ਸਾਲ ਦੇ ਸਮੇਂ ਬਾਰੇ ਜ਼ਿਕਰ ਕੀਤਾ ਅਤੇ ਕਿਹਾ: “ਪਰ ਜਾਂ ਉਸ ਕਰਾਰ ਦਾ ਵੇਲਾ ਜਿਹ ਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਨੇਮ ਕੀਤਾ ਸੀ ਨੇੜੇ ਆਇਆ ਤਾਂ ਓਹ ਲੋਕ ਮਿਸਰ ਵਿੱਚ ਵਧਣ ਅਤੇ ਬਹੁਤ ਹੋਣ ਲੱਗੇ। ਉਸ ਵੇਲੇ ਤੀਕੁਰ ਕਿ ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸੁਫ਼ ਨੂੰ ਨਾ ਜਾਣਦਾ ਸੀ।”—ਰਸੂਲਾਂ ਦੇ ਕਰਤੱਬ 7:6, 17, 18.
11 ਇਸ ਨਵੇਂ ਫ਼ਿਰਊਨ ਨੇ ਇਸਰਾਏਲੀਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦਾ ਮੰਦਾ ਹਾਲ ਕੀਤਾ। ਮੂਸਾ ਨੇ ਹਾਲੇ ਉਤਪਤ ਦੀ ਕਿਤਾਬ ਨਹੀਂ ਲਿਖੀ ਸੀ, ਹਾਲਾਂਕਿ ਇਹ ਸੰਭਵ ਹੈ ਕਿ ਅਬਰਾਹਾਮ ਨਾਲ ਕੀਤੇ ਗਏ ਯਹੋਵਾਹ ਦੇ ਵਾਅਦੇ ਜਾਂ ਤਾਂ ਮੂਸਾ ਨੂੰ ਮੂੰਹ-ਜ਼ਬਾਨੀ ਜਾਂ ਲਿਖ ਕੇ ਦੱਸੇ ਗਏ ਸਨ। ਫਿਰ ਵੀ, ਇਸ ਤਰ੍ਹਾਂ ਲੱਗਦਾ ਹੈ ਕਿ ਜੋ ਜਾਣਕਾਰੀ ਇਸਰਾਏਲੀਆਂ ਕੋਲ ਸੀ ਉਸ ਨਾਲ ਉਹ ਅਤਿਆਚਾਰ ਤੋਂ ਮੁਕਤੀ ਦੀ ਪੱਕੀ ਤਾਰੀਖ਼ ਦਾ ਹਿਸਾਬ ਨਹੀਂ ਲਗਾ ਸਕੇ। ਪਰਮੇਸ਼ੁਰ ਨੂੰ ਪਤਾ ਸੀ ਕਿ ਉਸ ਨੇ ਕਦੋਂ ਉਨ੍ਹਾਂ ਨੂੰ ਮੁਕਤ ਕਰਨਾ ਸੀ, ਲੇਕਿਨ ਜ਼ਾਹਰਾ ਤੌਰ ਤੇ ਦੁੱਖ ਭੋਗ ਰਹੇ ਇਸਰਾਏਲੀਆਂ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ। ਅਸੀਂ ਪੜ੍ਹਦੇ ਹਾਂ: “ਐਉਂ ਹੋਇਆ ਕਿ ਬਹੁਤ ਦਿਨਾਂ ਦੇ ਪਿੱਛੋਂ ਮਿਸਰ ਦਾ ਰਾਜਾ ਮਰ ਗਿਆ ਅਰ ਇਸਰਾਏਲੀਆਂ ਨੇ ਗੁਲਾਮੀ ਦੇ ਕਾਰਨ ਹੌਕੇ ਲਏ ਅਤੇ ਧਾਹਾਂ ਮਾਰ ਮਾਰ ਕੇ ਰੋਏ ਅਤੇ ਇਨ੍ਹਾਂ ਦੀ ਦੁਹਾਈ ਜੋ ਗੁਲਾਮੀ ਦੇ ਕਾਰਨ ਸੀ ਪਰਮੇਸ਼ੁਰ ਤੀਕ ਅੱਪੜੀ। ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਹੂੰਗ ਸੁਣੀ ਅਤੇ ਪਰਮੇਸ਼ੁਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਸੀ ਚੇਤੇ ਕੀਤਾ। ਤਾਂ ਪਰਮੇਸ਼ੁਰ ਨੇ ਇਸਰਾਏਲੀਆਂ ਵੱਲ ਨਿਗਾਹ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਖ਼ਬਰ ਲਈ।”—ਕੂਚ 2:23-25.
12. ਇਸਤੀਫ਼ਾਨ ਨੇ ਕਿਵੇਂ ਦਿਖਾਇਆ ਸੀ ਕਿ ਮੂਸਾ ਨੇ ਯਹੋਵਾਹ ਦੇ ਸਮੇਂ ਤੋਂ ਪਹਿਲਾਂ ਕਾਰਵਾਈ ਕੀਤੀ?
12 ਇਸਰਾਏਲ ਦੀ ਮੁਕਤੀ ਦੇ ਐਨ ਸਹੀ ਸਮੇਂ ਬਾਰੇ ਜਾਣਕਾਰੀ ਨਾ ਹੋਈ, ਇਸਤੀਫ਼ਾਨ ਦੇ ਇਸ ਬਿਆਨ ਤੋਂ ਵੀ ਪਤਾ ਲਗਾਇਆ ਜਾ ਸਕਦਾ ਸੀ। ਮੂਸਾ ਬਾਰੇ ਗੱਲ ਕਰਦੇ ਹੋਏ, ਉਸ ਨੇ ਕਿਹਾ: “ਜਦ ਉਹ ਪੂਰਿਆਂ ਚਾਹਲੀਆਂ ਵਰਿਹਾਂ ਦਾ ਹੋਣ ਲੱਗਾ ਤਦ ਉਹ ਦੇ ਮਨ ਵਿੱਚ ਆਇਆ ਭਈ ਮੈਂ ਜਾ ਕੇ ਆਪਣੇ ਭਾਈ ਇਸਰਾਏਲੀਆਂ ਦੀ ਖਬਰ ਲਵਾਂ। ਤਦ ਇੱਕ ਉੱਤੇ ਵਾਧਾ ਹੁੰਦਾ ਵੇਖ ਕੇ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਅਰ ਜਿਹ ਦੇ ਨਾਲ ਜ਼ੋਰਾਵਰੀ ਹੋਈ ਸੀ ਉਹ ਦਾ ਵੱਟਾ ਲਿਆ। ਤਾਂ ਉਸ ਨੇ ਸੋਚਿਆ ਭਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਓਹ ਨਾ ਸਮਝੇ।” (ਟੇਢੇ ਟਾਈਪ ਸਾਡੇ।) (ਰਸੂਲਾਂ ਦੇ ਕਰਤੱਬ 7:23-25) ਇੱਥੇ ਮੂਸਾ ਨੇ ਪਰਮੇਸ਼ੁਰ ਦੇ ਸਮੇਂ ਤੋਂ 40 ਸਾਲ ਪਹਿਲਾਂ ਕਾਰਵਾਈ ਕੀਤੀ। ਇਸਤੀਫ਼ਾਨ ਨੇ ਦਿਖਾਇਆ ਕਿ ਮੂਸਾ ਨੂੰ ਹੋਰ 40 ਸਾਲ ਉਡੀਕ ਕਰਨੀ ਪਈ ਸੀ ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਨੇ ‘ਉਸ ਦੇ ਹੱਥੀਂ ਇਸਰਾਏਲੀਆਂ ਨੂੰ ਛੁਟਕਾਰਾ ਦਿੱਤਾ।’—ਰਸੂਲਾਂ ਦੇ ਕਰਤੱਬ 7:30-36.
13. ਸਾਡੀ ਸਥਿਤੀ ਮਿਸਰ ਤੋਂ ਮੁਕਤ ਹੋਣ ਤੋਂ ਪਹਿਲਾਂ ਇਸਰਾਏਲੀਆਂ ਦੀ ਸਥਿਤੀ ਵਰਗੀ ਕਿਵੇਂ ਹੈ?
13 ਭਾਵੇਂ ਕਿ ‘ਉਸ ਕਰਾਰ ਦਾ ਵੇਲਾ ਨੇੜੇ ਆ ਰਿਹਾ ਸੀ’ ਅਤੇ ਸਹੀ ਸਾਲ ਪਰਮੇਸ਼ੁਰ ਦੁਆਰਾ ਨਿਯਤ ਕੀਤਾ ਗਿਆ ਸੀ, ਮੂਸਾ ਅਤੇ ਸਾਰੇ ਇਸਰਾਏਲ ਨੂੰ ਨਿਹਚਾ ਕਰਨੀ ਪਈ ਸੀ। ਇਸ ਦਾ ਪਹਿਲਾਂ ਤੋਂ ਹੀ ਹਿਸਾਬ ਲਗਾ ਸਕਣ ਤੋਂ ਬਗੈਰ, ਉਨ੍ਹਾਂ ਨੂੰ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਦੀ ਉਡੀਕ ਕਰਨੀ ਪਈ ਸੀ। ਅਸੀਂ ਵੀ ਪੂਰਾ ਵਿਸ਼ਵਾਸ ਰੱਖਦੇ ਹਾਂ ਕਿ ਇਸ ਦੁਸ਼ਟ ਰੀਤੀ-ਵਿਵਸਥਾ ਤੋਂ ਸਾਡੀ ਮੁਕਤੀ ਦਾ ਸਮਾਂ ਨੇੜੇ ਆ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਇਸ ਲਈ, ਕੀ ਸਾਨੂੰ ਆਪਣੀ ਨਿਹਚਾ ਪ੍ਰਗਟ ਕਰਨ ਅਤੇ ਯਹੋਵਾਹ ਦੇ ਵੱਡੇ ਦਿਨ ਦੇ ਸਹੀ ਸਮੇਂ ਦੀ ਉਡੀਕ ਕਰਨ ਲਈ ਤਿਆਰ ਨਹੀਂ ਹੋਣਾ ਚਾਹੀਦਾ? (2 ਪਤਰਸ 3:11-13) ਤਾਂ ਫਿਰ, ਮੂਸਾ ਅਤੇ ਇਸਰਾਏਲੀਆਂ ਵਾਂਗ, ਅਸੀਂ ਵੀ ਸ਼ਾਇਦ ਯਹੋਵਾਹ ਦੀ ਉਸਤਤ ਵਿਚ, ਮੁਕਤੀ ਦਾ ਇਕ ਸ਼ਾਨਦਾਰ ਗੀਤ ਗਾਈਏ।—ਕੂਚ 15:1-19.
‘ਜਾਂ ਸਮਾ ਹੋਇਆ’
14, 15. ਸਾਨੂੰ ਕਿਵੇਂ ਪਤਾ ਹੈ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਧਰਤੀ ਉੱਤੇ ਭੇਜਣ ਲਈ ਇਕ ਸਮਾਂ ਨਿਯਤ ਕੀਤਾ ਸੀ, ਅਤੇ ਨਬੀ ਅਤੇ ਦੂਤ ਵੀ ਕਿਸ ਚੀਜ਼ ਲਈ ਜਾਗਦੇ ਸਨ?
14 ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਲਈ ਧਰਤੀ ਉੱਤੇ ਮਸੀਹਾ ਵਜੋਂ ਆਉਣ ਦਾ ਸਮਾਂ ਨਿਯਤ ਕੀਤਾ ਸੀ। ਪੌਲੁਸ ਨੇ ਲਿਖਿਆ: “ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰਾ ਦੇ ਮਤਹਿਤ ਜੰਮਿਆ।” (ਗਲਾਤੀਆਂ 4:4) ਇਹ ਇਕ ਸੰਤਾਨ ਭੇਜਣ ਦੇ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਸੀ—ਇਕ ‘ਸ਼ਾਂਤੀ ਦਾਤਾ,’ ਜਿਸ ਦੀ ‘ਲੋਕ ਆਗਿਆਕਾਰੀ’ ਕਰਨਗੇ।—ਉਤਪਤ 3:15; 49:10.
15 ਪਰਮੇਸ਼ੁਰ ਦੇ ਨਬੀ—ਅਤੇ ਦੂਤ ਵੀ—ਉਸ “ਸਮੇਂ” ਲਈ ਜਾਗਦੇ ਰਹੇ ਜਦੋਂ ਮਸੀਹਾ ਧਰਤੀ ਉੱਤੇ ਪ੍ਰਗਟ ਹੋਣਾ ਸੀ ਅਤੇ ਪਾਪੀ ਮਨੁੱਖਜਾਤੀ ਲਈ ਮੁਕਤੀ ਮੁਮਕਿਨ ਬਣਾਈ ਜਾਂਦੀ। “ਇਸੇ ਮੁਕਤੀ ਦੇ ਵਿਖੇ” ਪਤਰਸ ਨੇ ਕਿਹਾ, “ਉਨ੍ਹਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਅਗੰਮ ਵਾਕ ਕੀਤਾ। ਅਤੇ ਓਹ ਇਹ ਖੋਜ ਵਿਚਾਰ ਕਰਦੇ ਸਨ ਭਈ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਸੀ ਜਦ ਮਸੀਹ ਦਿਆਂ ਦੁਖਾਂ ਦੇ ਅਤੇ ਉਨ੍ਹਾਂ ਦੇ ਪਿੱਛੋਂ ਦੀ ਮਹਿਮਾ ਦੇ ਵਿਖੇ ਅੱਗੋਂ ਹੀ ਸਾਖੀ ਦਿੰਦਾ ਸੀ ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦਾ ਪਤਾ ਦਿੰਦਾ ਸੀ। . . . ਦੂਤ ਵੱਡੀ ਚਾਹ ਨਾਲ ਇਨ੍ਹਾਂ ਗੱਲਾਂ ਨੂੰ ਮਲੂਮ ਕਰਨਾ ਚਾਹੁੰਦੇ ਹਨ।”—1 ਪਤਰਸ 1:1-5, 10-12.
16, 17. (ੳ) ਯਹੋਵਾਹ ਨੇ ਪਹਿਲੀ ਸਦੀ ਦੇ ਯਹੂਦੀਆਂ ਦੀ ਕਿਸ ਭਵਿੱਖਬਾਣੀ ਰਾਹੀਂ ਮਸੀਹਾ ਦੀ ਉਡੀਕ ਕਰਨ ਵਿਚ ਮਦਦ ਕੀਤੀ ਸੀ? (ਅ) ਦਾਨੀਏਲ ਦੀ ਭਵਿੱਖਬਾਣੀ ਨੇ ਯਹੂਦੀਆਂ ਦੇ ਮਸੀਹਾ ਦੀ ਉਡੀਕ ਉੱਤੇ ਕਿਵੇਂ ਪ੍ਰਭਾਵ ਪਾਇਆ ਸੀ?
16 ਯਹੋਵਾਹ ਨੇ ਦ੍ਰਿੜ੍ਹ ਨਿਹਚਾ ਰੱਖਣ ਵਾਲੇ ਆਪਣੇ ਨਬੀ ਦਾਨੀਏਲ ਦੇ ਰਾਹੀਂ ‘ਸੱਤਰ ਸਾਤਿਆਂ’ ਦੀ ਇਕ ਭਵਿੱਖਬਾਣੀ ਕੀਤੀ ਸੀ। ਇਹ ਭਵਿੱਖਬਾਣੀ ਪਹਿਲੀ ਸਦੀ ਦੇ ਯਹੂਦੀਆਂ ਨੂੰ ਇਹ ਜਾਣਕਾਰੀ ਦਿੰਦੀ ਹੈ ਕਿ ਵਾਅਦਾ ਕੀਤੇ ਹੋਏ ਮਸੀਹਾ ਦੇ ਪ੍ਰਗਟ ਹੋਣ ਦਾ ਸਮਾਂ ਨੇੜੇ ਆ ਰਿਹਾ ਸੀ। ਇਕ ਹਿੱਸੇ ਵਿਚ, ਭਵਿੱਖਬਾਣੀ ਨੇ ਬਿਆਨ ਕੀਤਾ: “ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ ਸੱਤ ਸਾਤੇ ਹੋਣਗੇ ਅਤੇ ਬਾਹਠ ਸਾਤੇ।” (ਦਾਨੀਏਲ 9:24, 25) ਯਹੂਦੀ, ਕੈਥੋਲਿਕ, ਅਤੇ ਪ੍ਰੋਟੈਸਟੈਂਟ ਵਿਦਵਾਨ ਆਮ ਤੌਰ ਤੇ ਸਹਿਮਤ ਹੁੰਦੇ ਹਨ ਕਿ ਇੱਥੇ ਜ਼ਿਕਰ ਕੀਤੇ ਗਏ ‘ਸਾਤਿਆਂ’ ਦਾ ਅਰਥ ਹਫ਼ਤਿਆਂ ਦੇ ਸਾਲ ਹੈ। ਦਾਨੀਏਲ 9:25 ਦੇ 69 “ਸਾਤੇ” (483 ਸਾਲ) 455 ਸਾ.ਯੁ.ਪੂ. ਵਿਚ ਸ਼ੁਰੂ ਹੋਏ ਸਨ, ਜਦੋਂ ਫਾਰਸੀ ਪਾਤਸ਼ਾਹ ਅਰਤਹਸ਼ਸ਼ਤਾ ਨੇ ਨਹਮਯਾਹ ਨੂੰ ‘ਯਰੂਸ਼ਲਮ ਦੂਜੀ ਵਾਰ ਉਸਾਰਨ’ ਦਾ ਅਧਿਕਾਰ ਦਿੱਤਾ। (ਨਹਮਯਾਹ 2:1-8) ਇਹ 483 ਸਾਲ, 29 ਸਾ.ਯੁ. ਵਿਚ ਖ਼ਤਮ ਹੋਏ ਜਦੋਂ ਯਿਸੂ ਦਾ ਬਪਤਿਸਮਾ ਹੋਇਆ ਅਤੇ ਉਹ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ, ਇਸ ਤਰ੍ਹਾਂ ਉਹ ਮਸੀਹਾ, ਜਾਂ ਮਸੀਹ ਬਣਿਆ।—ਮੱਤੀ 3:13-17.
17 ਇਸ ਗੱਲ ਦਾ ਤਾਂ ਪਤਾ ਨਹੀਂ ਕਿ ਪਹਿਲੀ ਸਦੀ ਦੇ ਯਹੂਦੀ ਇਹ ਜਾਣਦੇ ਸਨ ਜਾਂ ਨਹੀਂ ਕਿ 483 ਸਾਲ ਕਦੋਂ ਸ਼ੁਰੂ ਹੋਏ। ਲੇਕਿਨ ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ, ਤਾਂ “ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ?” (ਲੂਕਾ 3:15) ਕੁਝ ਬਾਈਬਲ ਵਿਦਵਾਨ ਇਸ ਉਡੀਕ ਨੂੰ ਦਾਨੀਏਲ ਦੀ ਭਵਿੱਖਬਾਣੀ ਨਾਲ ਜੋੜਦੇ ਹਨ। ਇਸ ਆਇਤ ਉੱਤੇ ਟਿੱਪਣੀ ਕਰਦੇ ਹੋਏ, ਮੈਥਿਯੂ ਹੈਨਰੀ ਨੇ ਲਿਖਿਆ: “ਸਾਨੂੰ ਇੱਥੇ ਦੱਸਿਆ ਗਿਆ ਹੈ . . . ਕਿ ਯੂਹੰਨਾ ਦੇ ਪ੍ਰਚਾਰ ਅਤੇ ਬਪਤਿਸਮੇ ਤੋਂ ਲੋਕ ਕਿਵੇਂ ਮਸੀਹਾ ਬਾਰੇ ਸੋਚਣ ਅਤੇ ਉਸ ਦੇ ਆਉਣ ਨੂੰ ਬਹੁਤ ਨੇੜੇ ਸਮਝਣ ਲੱਗੇ। . . . ਦਾਨੀਏਲ ਦੇ ਸੱਤਰ ਹਫ਼ਤੇ ਹੁਣ ਖ਼ਤਮ ਹੋ ਰਹੇ ਸਨ।” ਵਿਗੁਰੁ, ਬਕਵੇਜ਼, ਅਤੇ ਬਰਾਸਾਕ ਦੁਆਰਾ ਫਰਾਂਸੀਸੀ ਮੈਨੁਏਲ ਬਿਬਲੀਕ ਨੇ ਬਿਆਨ ਕੀਤਾ: “ਲੋਕ ਜਾਣਦੇ ਸੀ ਕਿ ਦਾਨੀਏਲ ਦੁਆਰਾ ਨਿਯਤ ਕੀਤੇ ਗਏ ਸੱਤਰ ਹਫ਼ਤਿਆਂ ਦੇ ਸਾਲ ਖ਼ਤਮ ਹੋਣ ਵਾਲੇ ਸਨ; ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਐਲਾਨ, ਕਿ ਪਰਮੇਸ਼ੁਰ ਦਾ ਰਾਜ ਨੇੜੇ ਸੀ, ਨੂੰ ਸੁਣ ਕੇ ਹੈਰਾਨ ਨਹੀਂ ਸੀ।” ਯਹੂਦੀ ਵਿਦਵਾਨ ਅਬਾ ਹਿਲਲ ਸਿਲਵਾ ਨੇ ਲਿਖਿਆ ਕਿ ਉਸ ਸਮੇਂ ਦੀ “ਪ੍ਰਚਲਿਤ ਤਾਰੀਖ਼ਾਂ” ਦੇ ਅਨੁਸਾਰ, “ਮਸੀਹਾ ਦੀ 25 ਤੋਂ 50 ਸਾ.ਯੁ. ਦੇ ਵਿਚਕਾਰ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ।”
ਘਟਨਾਵਾਂ—ਨਾ ਕਿ ਸਮੇਂ ਦੇ ਹਿਸਾਬ
18. ਜਦ ਕਿ ਦਾਨੀਏਲ ਦੀ ਭਵਿੱਖਬਾਣੀ ਨੇ ਯਹੂਦੀਆਂ ਨੂੰ ਉਹ ਸਮਾਂ ਜਾਣਨ ਵਿਚ ਮਦਦ ਕੀਤੀ ਜਦੋਂ ਮਸੀਹਾ ਦੀ ਉਡੀਕ ਕੀਤੀ ਜਾ ਸਕਦੀ ਸੀ, ਯਿਸੂ ਦੇ ਮਸੀਹਾ ਹੋਣ ਦਾ ਸਭ ਤੋਂ ਮੰਨਣਯੋਗ ਸਬੂਤ ਕਿਹੜਾ ਸੀ?
18 ਭਾਵੇਂ ਕਿ ਤਾਰੀਖ਼ਾਂ ਨੇ ਯਹੂਦੀ ਲੋਕਾਂ ਦੀ ਜ਼ਾਹਰਾ ਤੌਰ ਤੇ ਇਹ ਜਾਣਨ ਵਿਚ ਮਦਦ ਕੀਤੀ ਕਿ ਮਸੀਹਾ ਨੇ ਕਦੋਂ ਪ੍ਰਗਟ ਹੋਣਾ ਸੀ, ਫਿਰ ਵੀ ਬਾਅਦ ਦੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਇਸ ਨੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਯਿਸੂ ਵਿਚ ਮਸੀਹਾ ਵਜੋਂ ਵਿਸ਼ਵਾਸ ਰੱਖਣ ਵਿਚ ਮਦਦ ਨਹੀਂ ਕੀਤੀ। ਆਪਣੀ ਮੌਤ ਤੋਂ ਤਕਰੀਬਨ ਇਕ ਸਾਲ ਪਹਿਲਾਂ, ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?” ਉਨ੍ਹਾਂ ਨੇ ਜਵਾਬ ਦਿੱਤਾ: “ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਹੋਰ ਏਲੀਯਾਹ ਅਤੇ ਹੋਰ ਭਈ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।” (ਲੂਕਾ 9:18, 19) ਸਾਡੇ ਕੋਲ ਕੋਈ ਵੀ ਲਿਖਿਤ ਰਿਕਾਰਡ ਨਹੀਂ ਹੈ ਕਿ ਯਿਸੂ ਨੇ ਕਦੀ ਵੀ ਆਪਣੇ ਆਪ ਨੂੰ ਮਸੀਹਾ ਸਾਬਤ ਕਰਨ ਲਈ ਪ੍ਰਤੀਕਾਤਮਕ ਹਫ਼ਤਿਆਂ ਦੀ ਭਵਿੱਖਬਾਣੀ ਦਾ ਹਵਾਲਾ ਦਿੱਤਾ ਸੀ। ਲੇਕਿਨ ਇਕ ਮੌਕੇ ਤੇ, ਉਸ ਨੇ ਕਿਹਾ: “ਜਿਹੜੀ ਸਾਖੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਸਾਖੀ ਨਾਲੋਂ ਵੱਡੀ ਹੈ ਕਿਉਂਕਿ ਜੋ ਕੰਮ ਪਿਤਾ ਨੇ ਮੈਨੂੰ ਸੰਪੂਰਣ ਕਰਨ ਲਈ ਸੌਂਪੇ ਹਨ ਅਰਥਾਤ ਏਹੋ ਕੰਮ ਜੋ ਮੈਂ ਕਰਦਾ ਹਾਂ ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਪਿਤਾ ਨੇ ਮੈਨੂੰ ਘੱਲਿਆ ਹੈ।” (ਯੂਹੰਨਾ 5:36) ਦੱਸੀ ਗਈ ਕਿਸੇ ਵੀ ਤਾਰੀਖ਼ ਦੀ ਬਜਾਇ, ਯਿਸੂ ਦੇ ਪ੍ਰਚਾਰ, ਉਸ ਦੇ ਚਮਤਕਾਰਾਂ, ਅਤੇ ਉਸ ਦੀ ਮੌਤ ਵੇਲੇ ਵਾਪਰੀਆਂ ਘਟਨਾਵਾਂ (ਚਮਤਕਾਰੀ ਹਨੇਰਾ, ਹੈਕਲ ਦੇ ਪਰਦੇ ਦਾ ਪਾਟਣਾ, ਅਤੇ ਭੁਚਾਲ) ਨੇ ਗਵਾਹੀ ਦਿੱਤੀ ਕਿ ਉਹ ਪਰਮੇਸ਼ੁਰ ਵੱਲੋਂ ਘੱਲਿਆ ਗਿਆ ਮਸੀਹਾ ਸੀ।—ਮੱਤੀ 27:45, 51, 54; ਯੂਹੰਨਾ 7:31; ਰਸੂਲਾਂ ਦੇ ਕਰਤੱਬ 2:22.
19. (ੳ) ਮਸੀਹੀਆਂ ਨੂੰ ਕਿਸ ਤਰ੍ਹਾਂ ਪਤਾ ਲੱਗਣਾ ਸੀ ਕਿ ਯਰੂਸ਼ਲਮ ਦਾ ਵਿਨਾਸ਼ ਨੇੜੇ ਸੀ? (ਅ) ਮੁਢਲੇ ਮਸੀਹੀਆਂ ਨੂੰ, ਜੋ ਯਰੂਸ਼ਲਮ ਤੋਂ ਭੱਜ ਗਏ ਸਨ, ਅਜੇ ਹੋਰ ਨਿਹਚਾ ਦੀ ਕਿਉਂ ਲੋੜ ਸੀ?
19 ਇਸੇ ਤਰ੍ਹਾਂ, ਯਿਸੂ ਦੀ ਮੌਤ ਤੋਂ ਬਾਅਦ, ਮੁਢਲੇ ਮਸੀਹੀਆਂ ਨੂੰ ਯਹੂਦੀ ਰੀਤੀ-ਵਿਵਸਥਾ ਦੇ ਆਉਣ ਵਾਲੇ ਅੰਤ ਦਾ ਹਿਸਾਬ ਲਗਾਉਣ ਲਈ ਕੋਈ ਵੀ ਤਰੀਕਾ ਨਹੀਂ ਦਿੱਤਾ ਗਿਆ ਸੀ। ਇਹ ਸੱਚ ਹੈ ਕਿ ਪ੍ਰਤੀਕਾਤਮਕ ਹਫ਼ਤਿਆਂ ਬਾਰੇ ਦਾਨੀਏਲ ਦੀ ਭਵਿੱਖਬਾਣੀ ਨੇ ਉਸ ਵਿਵਸਥਾ ਦੇ ਵਿਨਾਸ਼ ਦਾ ਜ਼ਿਕਰ ਕੀਤਾ ਸੀ। (ਦਾਨੀਏਲ 9:26ਅ, 27ਅ) ਲੇਕਿਨ ਇਹ ‘ਸੱਤਰ ਸਾਤਿਆਂ’ (455 ਸਾ.ਯੁ.ਪੂ.-36 ਸਾ.ਯੁ.) ਦੇ ਅੰਤ ਤੋਂ ਬਾਅਦ ਹੋਣਾ ਸੀ। ਦੂਸਰੇ ਸ਼ਬਦਾਂ ਵਿਚ, 36 ਸਾ.ਯੁ. ਵਿਚ ਪਹਿਲੇ ਗ਼ੈਰ-ਯਹੂਦੀਆਂ ਦਾ ਯਿਸੂ ਦੇ ਪੈਰੋਕਾਰ ਬਣਨ ਤੋਂ ਬਾਅਦ, ਦਾਨੀਏਲ ਅਧਿਆਇ 9 ਨੇ ਮਸੀਹੀਆਂ ਲਈ ਕੋਈ ਵੀ ਹੋਰ ਤਾਰੀਖ਼ਵਾਰ ਜਾਣਕਾਰੀ ਪੇਸ਼ ਨਹੀਂ ਕੀਤੀ। ਉਨ੍ਹਾਂ ਲਈ, ਘਟਨਾਵਾਂ, ਨਾ ਕਿ ਤਾਰੀਖ਼ਵਾਰ, ਸੰਕੇਤ ਕਰਦੀਆਂ ਕਿ ਯਹੂਦੀ ਵਿਵਸਥਾ ਛੇਤੀ ਹੀ ਖ਼ਤਮ ਹੋ ਜਾਵੇਗੀ। ਯਿਸੂ ਦੁਆਰਾ ਦੱਸੀਆਂ ਗਈਆਂ ਉਹ ਘਟਨਾਵਾਂ, 66 ਸਾ.ਯੁ. ਤੋਂ ਸਿਖਰ ਤਕ ਪਹੁੰਚਣ ਲੱਗੀਆਂ, ਜਦੋਂ ਰੋਮੀ ਲਸ਼ਕਰਾਂ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਅਤੇ ਫਿਰ ਪਿੱਛੇ ਹਟ ਗਏ। ਇਸ ਨੇ ਯਰੂਸ਼ਲਮ ਅਤੇ ਯਹੂਦਿਯਾ ਦੇ ਵਫ਼ਾਦਾਰ, ਸਚੇਤ ਮਸੀਹੀਆਂ ਨੂੰ ‘ਪਹਾੜਾਂ ਨੂੰ ਭੱਜਣ’ ਦਾ ਮੌਕਾ ਦਿੱਤਾ। (ਲੂਕਾ 21:20-22) ਕਿਸੇ ਵੀ ਤਾਰੀਖ਼ ਦੇ ਸੰਕੇਤ ਤੋਂ ਬਗੈਰ, ਉਨ੍ਹਾਂ ਮੁਢਲੇ ਮਸੀਹੀਆਂ ਨੂੰ ਪਤਾ ਨਹੀਂ ਸੀ ਕਿ ਯਰੂਸ਼ਲਮ ਦਾ ਵਿਨਾਸ਼ ਕਦੋਂ ਆਵੇਗਾ। ਆਪਣੇ ਘਰਾਂ, ਖੇਤਾਂ ਅਤੇ ਦੁਕਾਨਾਂ ਨੂੰ ਛੱਡ ਕੇ ਯਰੂਸ਼ਲਮ ਤੋਂ ਬਾਹਰ ਕੁਝ ਚਾਰ ਸਾਲਾਂ ਤਕ ਰਹਿਣ ਵਾਸਤੇ ਉਨ੍ਹਾਂ ਨੂੰ ਕਿੰਨੀ ਨਿਹਚਾ ਦਿਖਾਉਣੀ ਪਈ ਸੀ, ਜਦ ਤਕ ਰੋਮੀ ਸੈਨਾ 70 ਸਾ.ਯੁ. ਵਿਚ ਵਾਪਸ ਆ ਕੇ ਯਹੂਦੀ ਵਿਵਸਥਾ ਨਾਸ ਨਾ ਕਰ ਗਈ!—ਲੂਕਾ 19:41-44.
20. (ੳ) ਅਸੀਂ ਨੂਹ, ਮੂਸਾ ਅਤੇ ਯਹੂਦਿਯਾ ਵਿਚ ਪਹਿਲੀ-ਸਦੀ ਮਸੀਹੀਆਂ ਦੀ ਉਦਾਹਰਣ ਤੋਂ ਕਿਸ ਤਰ੍ਹਾਂ ਲਾਭ ਪ੍ਰਾਪਤ ਕਰ ਸਕਦੇ ਹਾਂ? (ਅ) ਅਸੀਂ ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕਰਾਂਗੇ?
20 ਨੂਹ, ਮੂਸਾ, ਅਤੇ ਯਹੂਦਿਯਾ ਵਿਚ ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਅਸੀਂ ਵੀ ਅੱਜ ਭਰੋਸੇ ਨਾਲ ਸਮੇਂ ਅਤੇ ਵੇਲੇ ਯਹੋਵਾਹ ਦੇ ਹੱਥਾਂ ਵਿਚ ਛੱਡ ਸਕਦੇ ਹਾਂ। ਸਾਡਾ ਵਿਸ਼ਵਾਸ ਕਿ ਅਸੀਂ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ ਅਤੇ ਕਿ ਸਾਡੀ ਮੁਕਤੀ ਨੇੜੇ ਹੈ, ਸਿਰਫ਼ ਤਾਰੀਖ਼ਾਂ ਦੇ ਹਿਸਾਬ ਉੱਤੇ ਨਿਰਭਰ ਨਹੀਂ ਲੇਕਿਨ ਬਾਈਬਲ ਭਵਿੱਖਬਾਣੀਆਂ ਦੀ ਪੂਰਤੀ ਵਿਚ ਅਸਲੀ ਘਟਨਾਵਾਂ ਉੱਤੇ ਨਿਰਭਰ ਹੈ। ਇਸ ਤੋਂ ਇਲਾਵਾ, ਭਾਵੇਂ ਅਸੀਂ ਮਸੀਹ ਦੀ ਮੌਜੂਦਗੀ ਦੇ ਸਮੇਂ ਦੌਰਾਨ ਜੀ ਰਹੇ ਹਾਂ, ਅਸੀਂ ਨਿਹਚਾ ਕਰਨ ਅਤੇ ਜਾਗਦੇ ਰਹਿਣ ਦੀ ਜ਼ਰੂਰਤ ਤੋਂ ਮੁਕਤ ਨਹੀਂ ਕੀਤੇ ਗਏ ਹਾਂ। ਸਾਨੂੰ ਸ਼ਾਸਤਰ ਵਿਚ ਪੂਰਵ-ਸੂਚਿਤ ਕੀਤੀਆਂ ਗਈਆਂ ਰੋਮਾਂਚਕ ਘਟਨਾਵਾਂ ਦੀ ਵੱਡੀ ਚਾਹ ਨਾਲ ਉਡੀਕ ਕਰਨੀ ਚਾਹੀਦੀ ਹੈ। ਇਹ ਅਗਲੇ ਲੇਖ ਦਾ ਵਿਸ਼ਾ ਹੋਵੇਗਾ।
[ਫੁਟਨੋਟ]
a ਪਹਿਰਾਬੁਰਜ (ਅੰਗ੍ਰਜ਼ੀ), ਅਗਸਤ 1, 1996, ਸਫ਼ੇ 30-1 ਦੇਖੋ।
ਪੁਨਰ-ਵਿਚਾਰ ਵਜੋਂ
◻ ਯਿਸੂ ਨੇ ਆਪਣੇ ਰਸੂਲਾਂ ਨੂੰ ਯਹੋਵਾਹ ਦੇ ਸਮਿਆਂ ਅਤੇ ਵੇਲਿਆਂ ਬਾਰੇ ਕੀ ਦੱਸਿਆ ਸੀ?
◻ ਨੂਹ ਨੂੰ ਕਿੰਨਾ ਚਿਰ ਪਹਿਲਾਂ ਪਤਾ ਲੱਗਾ ਸੀ ਕਿ ਜਲ-ਪਰਲੋ ਕਦੋਂ ਸ਼ੁਰੂ ਹੋਵੇਗੀ?
◻ ਕਿਸ ਚੀਜ਼ ਨੇ ਸੰਕੇਤ ਕੀਤਾ ਕਿ ਮੂਸਾ ਅਤੇ ਇਸਰਾਏਲੀਆਂ ਨੂੰ ਪੱਕਾ ਪਤਾ ਨਹੀਂ ਸੀ ਕਿ ਮਿਸਰ ਤੋਂ ਕਦੋਂ ਉਹ ਮੁਕਤ ਕੀਤੇ ਜਾਣਗੇ?
◻ ਯਹੋਵਾਹ ਦੇ ਸਮਿਆਂ ਅਤੇ ਵੇਲਿਆਂ ਸੰਬੰਧੀ ਬਾਈਬਲ ਉਦਾਹਰਣਾਂ ਤੋਂ ਅਸੀਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਾਂ?
[ਸਫ਼ੇ 20 ਉੱਤੇ ਤਸਵੀਰ]
ਨੂਹ ਆਪਣੀ ਨਿਹਚਾ ਕਰਕੇ ਸਮੇਂ-ਸੰਬੰਧੀ ਮਾਮਲੇ ਯਹੋਵਾਹ ਦੇ ਹੱਥਾਂ ਵਿਚ ਛੱਡ ਸਕਿਆ