ਸਤਾਉਣ ਵਾਲਾ ਵੱਡੀ ਜੋਤ ਦੇਖਦਾ ਹੈ
ਸੌਲੁਸ ਯਿਸੂ ਦੇ ਚੇਲਿਆਂ ਨਾਲ ਇੰਨਾ ਗੁੱਸੇ ਸੀ ਕਿ ਉਸ ਦਾ ਖ਼ੂਨ ਖੌਲ਼ ਰਿਹਾ ਸੀ। ਇਸਤੀਫ਼ਾਨ ਨੂੰ ਪੱਥਰਾਂ ਨਾਲ ਮਾਰਨ ਤੋਂ ਇਲਾਵਾ ਉਸ ਨੇ ਯਰੂਸ਼ਲਮ ਵਿਚ ਹੋਰ ਵੀ ਕਈਆਂ ਚੇਲਿਆਂ ਨੂੰ ਸਤਾਇਆ ਸੀ। ਫਿਰ ਵੀ ਉਹ ਖ਼ੁਸ਼ ਨਹੀਂ ਸੀ, ਉਹ ਮਸੀਹੀਆਂ ਨੂੰ ਹੋਰ ਤੰਗ ਕਰਨਾ ਚਾਹੁੰਦਾ ਸੀ। “ਅਜੇ ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਹੋਇਆ [ਸੌਲੁਸ] ਸਰਦਾਰ ਜਾਜਕ ਦੇ ਕੋਲ ਗਿਆ। ਅਤੇ ਉਸ ਕੋਲੋਂ ਦੰਮਿਸਕ ਦੀਆਂ ਸਮਾਜਾਂ ਦੇ ਨਾਉਂ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਭਈ ਜੋ ਇਸ ਪੰਥ ਦੇ ਮੈਨੂੰ ਮਿਲਣ ਭਾਵੇਂ ਮਨੁੱਖ ਭਾਵੇਂ ਤੀਵੀਂ ਤਾਂ ਓਹਨਾਂ ਨੂੰ ਬੱਧੇ ਹੋਏ ਯਰੂਸ਼ਲਮ ਵਿੱਚ ਲਿਆਵਾਂ।”—ਰਸੂਲਾਂ ਦੇ ਕਰਤੱਬ 9:1, 2.
ਜਿਉਂ-ਜਿਉਂ ਸੌਲੁਸ ਦੰਮਿਸਕ ਵੱਲ ਜਾ ਰਿਹਾ ਸੀ, ਉਹ ਸ਼ਾਇਦ ਸੋਚ ਰਿਹਾ ਹੋਵੇ ਕਿ ਉਹ ਇਸ ਕੰਮ ਨੂੰ ਸਭ ਤੋਂ ਚੰਗੇ ਤਰੀਕੇ ਵਿਚ ਕਿਸ ਤਰ੍ਹਾਂ ਪੂਰਾ ਕਰ ਸਕਦਾ ਹੈ। ਸਰਦਾਰ ਜਾਜਕ ਵੱਲੋਂ ਉਸ ਨੂੰ ਇਖ਼ਤਿਆਰ ਦਿੱਤਾ ਗਿਆ ਸੀ ਜਿਸ ਦੇ ਕਾਰਨ ਸ਼ਹਿਰ ਦੇ ਵੱਡੇ ਯਹੂਦੀ ਸਮਾਜ ਦੇ ਆਗੂ ਉਸ ਨੂੰ ਸਹਾਰਾ ਜ਼ਰੂਰ ਦੇਣਗੇ। ਸੌਲੁਸ ਉਨ੍ਹਾਂ ਤੋਂ ਮਦਦ ਮੰਗੇਗਾ।
ਜਿਉਂ-ਜਿਉਂ ਸੌਲੁਸ ਆਪਣੀ ਮੰਜ਼ਲ ਦੇ ਨੇੜੇ ਪਹੁੰਚ ਰਿਹਾ ਸੀ ਉਸ ਦਾ ਜੋਸ਼ ਵਧਦਾ ਗਿਆ। ਯਰੂਸ਼ਲਮ ਤੋਂ ਦੰਮਿਸਕ ਦਾ ਸਫ਼ਰ ਬਹੁਤ ਔਖਾ ਸੀ, ਇਹ ਕੁਝ 220 ਕਿਲੋਮੀਟਰਾਂ ਦਾ ਸੀ ਅਤੇ ਪੈਦਲ ਚੱਲਦਿਆਂ ਸੱਤ-ਅੱਠ ਦਿਨ ਲੱਗ ਜਾਂਦੇ ਸਨ। ਅਚਾਨਕ ਹੀ ਦੁਪਹਿਰ ਦੇ ਸਮੇਂ ਇਕ ਜੋਤ, ਜਿਸ ਦੀ ਰੋਸ਼ਨੀ ਸੂਰਜ ਨਾਲੋਂ ਵੀ ਵੱਡੀ ਸੀ, ਉਸ ਦੇ ਆਲੇ-ਦੁਆਲੇ ਚਮਕੀ ਅਤੇ ਉਹ ਜ਼ਮੀਨ ਤੇ ਡਿੱਗ ਪਿਆ। ਉਸ ਨੇ ਇਬਰਾਨੀ ਭਾਸ਼ਾ ਵਿਚ ਇਕ ਆਵਾਜ਼ ਉਸ ਨੂੰ ਇਹ ਕਹਿੰਦੇ ਹੋਏ ਸੁਣੀ: “ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ!” ਸੌਲੁਸ ਨੇ ਪੁੱਛਿਆ “ਪ੍ਰਭੁ ਜੀ, ਤੂੰ ਕੌਣ ਹੈਂ?” ਜਵਾਬ ਆਇਆ “ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ। ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖਲੋ ਜਾਹ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ ਭਈ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੈਂ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦਿਆਂਗਾ ਤੈਨੂੰ ਸੇਵਕ ਅਤੇ ਸਾਖੀ ਠਹਿਰਾਵਾਂ। ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਹਾਂ।” ਸੌਲੁਸ ਨੇ ਪੁੱਛਿਆ: “ਹੇ ਪ੍ਰਭੁ ਮੈਂ ਕੀ ਕਰਾਂ? ਪ੍ਰਭੁ ਨੇ . . . ਆਖਿਆ, ਤੂੰ ਉੱਠ ਕੇ ਦੰਮਿਸਕ ਵਿੱਚ ਜਾਹ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ।”—ਰਸੂਲਾਂ ਦੇ ਕਰਤੱਬ 9:3-6; 22:6-10; 26:13-17.
ਸੌਲੁਸ ਨਾਲ ਸਫ਼ਰ ਕਰਨ ਵਾਲਿਆਂ ਨੇ ਆਵਾਜ਼ ਤਾਂ ਸੁਣੀ ਪਰ ਉਨ੍ਹਾਂ ਨੇ ਨਾ ਤਾਂ ਬੋਲਣ ਵਾਲੇ ਨੂੰ ਦੇਖਿਆ ਅਤੇ ਨਾ ਹੀ ਉਸ ਦੀਆਂ ਗੱਲਾਂ ਸਮਝੀਆਂ। ਜੋਤ ਦੀ ਚਮਕ ਕਾਰਨ ਜਦੋਂ ਸੌਲੁਸ ਉੱਠਿਆ ਤਾਂ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ ਸੀ ਅਤੇ ਉਸ ਨੂੰ ਹੱਥੋਂ ਫੜ ਕੇ ਦੰਮਿਸਕ ਵਿਚ ਲੈ ਜਾਣਾ ਪਿਆ। “ਉਹ ਤਿੰਨ ਦਿਨ ਅੰਨ੍ਹਾ ਰਿਹਾ ਅਤੇ ਨਾ ਕੁਝ ਖਾਧਾ ਨਾ ਪੀਤਾ।”—ਰਸੂਲਾਂ ਦੇ ਕਰਤੱਬ 9:7-9; 22:11.
ਮਨਨ ਕਰਨ ਦੇ ਤਿੰਨ ਦਿਨ
ਸਿੱਧੀ ਨਾਂ ਦੀ ਗਲੀ ਵਿਚ ਯਹੂਦਾ ਨਾਂ ਦਾ ਬੰਦਾ ਰਹਿੰਦਾ ਸੀ ਅਤੇ ਉਸ ਨੇ ਸੌਲੁਸ ਨੂੰ ਪਰਾਹੁਣਚਾਰੀ ਦਿਖਾਈ।a (ਰਸੂਲਾਂ ਦੇ ਕਰਤੱਬ 9:11) ਇਹ ਗਲੀ ਅਰਬੀ ਭਾਸ਼ਾ ਵਿਚ ਡਾਬ ਆਲ-ਮੂਸਟਕਿਮ ਸੱਦੀ ਜਾਂਦੀ ਹੈ ਅਤੇ ਇਹ ਅੱਜ ਵੀ ਦੰਮਿਸਕ ਵਿਚ ਇਕ ਵੱਡੀ ਸੜਕ ਹੈ। ਜ਼ਰਾ ਸੋਚੋ ਕਿ ਸੌਲੁਸ ਦੇ ਮਨ ਵਿਚ ਕੀ-ਕੀ ਆਇਆ ਹੋਣਾ ਜਦ ਉਹ ਯਹੂਦਾ ਦੇ ਘਰ ਵਿਚ ਸੀ। ਇਸ ਘਟਨਾ ਦੇ ਕਾਰਨ ਉਹ ਅੰਨ੍ਹਾ ਹੋ ਗਿਆ ਸੀ ਅਤੇ ਹੱਕਾ-ਬੱਕਾ ਰਹਿ ਗਿਆ ਸੀ। ਹੁਣ ਇਨ੍ਹਾਂ ਸਾਰੀਆਂ ਗੱਲਾਂ ਦੇ ਮਤਲਬ ਬਾਰੇ ਉਸ ਕੋਲ ਮਨਨ ਕਰਨ ਦਾ ਸਮਾਂ ਸੀ।
ਪ੍ਰਭੂ ਯਿਸੂ ਮਸੀਹ ਨੂੰ ਸਭ ਤੋਂ ਉੱਚੀ ਯਹੂਦੀ ਅਧਿਕਾਰ ਦੁਆਰਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ‘ਉਹ ਮਨੁੱਖਾਂ ਵੱਲੋਂ ਤੁੱਛ ਸਮਝਿਆ ਅਤੇ ਤਿਆਗਿਆ ਹੋਇਆ ਸੀ’ ਜਿਸ ਕਾਰਨ ਉਸ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ। ਪਰ ਹੁਣ ਸੌਲੁਸ ਨੂੰ ਉਸ ਸੱਚਾਈ ਦਾ ਸਾਮ੍ਹਣਾ ਕਰਨਾ ਪਿਆ ਜਿਸ ਨੂੰ ਉਸ ਨੇ ਮੂਰਖਤਾ ਸਮਝ ਕੇ ਰੱਦ ਕੀਤਾ ਸੀ ਕਿ ਯਿਸੂ ਮਸੀਹ ਜੀਉਂਦਾ ਸੀ। ਯਿਸੂ ਤਾਂ ਪਰਮੇਸ਼ੁਰ ਦੀ ਬਰਕਤ ਨਾਲ “ਅਣਪੁੱਜ ਜੋਤ” ਵਿਚ ਉਸ ਦੇ ਸੱਜੇ ਹੱਥ ਖੜ੍ਹਾ ਸੀ! ਯਿਸੂ ਹੀ ਮਸੀਹਾ ਸੀ। ਇਸਤੀਫ਼ਾਨ ਅਤੇ ਉਸ ਦੇ ਸਾਥੀ ਸਹੀ ਸਨ। (ਯਸਾਯਾਹ 53:3; ਰਸੂਲਾਂ ਦੇ ਕਰਤੱਬ 7:56; 1 ਤਿਮੋਥਿਉਸ 6:16) ਸੌਲੁਸ ਬਿਲਕੁਲ ਗ਼ਲਤ ਸੀ, ਕਿਉਂਕਿ ਜਿਨ੍ਹਾਂ ਨੂੰ ਉਹ ਸਤਾਉਂਦਾ ਸੀ ਉਹੀ ਯਿਸੂ ਦੇ ਸੱਚੇ ਚੇਲੇ ਸਨ! ਇਹ ਸਾਰੀਆਂ ਗੱਲਾਂ ਸਮਝ ਕੇ ਸੌਲੁਸ ਹੁਣ ਕਿੱਦਾਂ ‘ਪ੍ਰੈਣ ਦੀ ਆਰ ਉੱਤੇ ਲੱਤ ਮਾਰੀ’ ਜਾ ਸਕਦਾ ਸੀ? ਇਕ ਢੀਠ ਬਲਦ ਵੀ ਆਖ਼ਰਕਾਰ ਉਸ ਤਰਫ਼ ਚੱਲਾ ਜਾਂਦਾ ਹੈ ਜਿਸ ਤਰਫ਼ ਉਸ ਦਾ ਮਾਲਕ ਚਾਹੁੰਦਾ ਹੈ। ਇਸ ਲਈ, ਜੇ ਸੌਲੁਸ ਯਿਸੂ ਦੀਆਂ ਗੱਲਾਂ ਅਨੁਸਾਰ ਨਹੀਂ ਚੱਲੇਗਾ ਤਾਂ ਉਹ ਆਪਣੇ ਆਪ ਨੂੰ ਦੁੱਖ ਪਹੁੰਚਾਵੇਗਾ।
ਮਸੀਹ ਹੋਣ ਕਾਰਨ, ਯਿਸੂ ਪਰਮੇਸ਼ੁਰ ਵੱਲੋਂ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਸੀ। ਲੇਕਿਨ, ਯਹੋਵਾਹ ਨੇ ਉਸ ਨੂੰ ਸਭ ਤੋਂ ਬਦਨਾਮੀ ਵਾਲੀ ਮੌਤ ਸਹਾਰਨ ਦਿੱਤੀ ਅਤੇ ਬਿਵਸਥਾ ਦੀ ਸਜ਼ਾ ਅਧੀਨ ਮਰਨ ਦਿੱਤਾ: “ਜਿਹੜਾ ਟੰਗਿਆ ਜਾਵੇ ਉਹ ਪਰਮੇਸ਼ੁਰ ਦਾ ਸਰਾਪੀ ਹੈ।” (ਬਿਵਸਥਾ ਸਾਰ 21:23) ਯਿਸੂ ਤਸੀਹੇ ਦੀ ਸੂਲੀ ਉੱਤੇ ਟੰਗਿਆ ਹੋਇਆ ਮਰ ਗਿਆ। ਉਸ ਨੇ ਕੋਈ ਪਾਪ ਨਹੀਂ ਸੀ ਕੀਤਾ ਇਸ ਲਈ ਉਹ ਆਪਣਿਆਂ ਪਾਪਾਂ ਲਈ ਨਹੀਂ ਸਗੋਂ ਮਨੁੱਖਜਾਤੀ ਦਿਆਂ ਪਾਪਾਂ ਲਈ ਸਰਾਪਿਆ ਗਿਆ। ਸੌਲੁਸ ਨੇ ਬਾਅਦ ਵਿਚ ਸਮਝਾਇਆ: “ਜਿੰਨੇ ਸ਼ਰਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਓਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਦੇ ਕਰਨ ਵਿੱਚ ਜਿਹੜੀਆਂ ਸ਼ਰਾ ਦੇ ਪੁਸਤਕ ਵਿੱਚ ਲਿਖੀਆਂ ਹਨ ਲੱਗਾ ਨਹੀਂ ਰਹਿੰਦਾ। ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਸ਼ਰਾ ਤੋਂ ਧਰਮੀ ਕੋਈ ਨਹੀਂ ਠਹਿਰਦਾ . . . ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਭਈ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ।”—ਗਲਾਤੀਆਂ 3:10-13.
ਯਿਸੂ ਦੇ ਬਲੀਦਾਨ ਦੁਆਰਾ ਅਸੀਂ ਮੁਕਤੀ ਪਾ ਸਕਦੇ ਹਾਂ। ਇਹ ਕਿਹਾ ਜਾ ਸਕਦਾ ਹੈ ਕਿ ਇਸ ਬਲੀਦਾਨ ਨੂੰ ਕਬੂਲ ਕਰਨ ਦੁਆਰਾ ਯਹੋਵਾਹ ਨੇ ਬਿਵਸਥਾ ਅਤੇ ਉਸ ਦੇ ਸਰਾਪ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਦਿੱਤਾ। “ਯਹੂਦੀਆਂ ਦੇ ਲੇਖੇ [ਸਲੀਬ] ਠੋਕਰ ਦਾ ਕਾਰਨ” ਸੀ ਪਰ ਜਦੋਂ ਸੌਲੁਸ ਨੇ ਇਨ੍ਹਾਂ ਗੱਲਾਂ ਨੂੰ ਸਮਝਿਆ, ਤਾਂ ਉਸ ਨੇ ਇਸ ਗੱਲ ਦੀ ਕਦਰ ਕੀਤੀ ਕਿ ਸਲੀਬ ਦਾ ਪ੍ਰਬੰਧ “ਪਰਮੇਸ਼ੁਰ ਦੇ ਗਿਆਨ” ਵਜੋਂ ਕੀਤਾ ਗਿਆ ਸੀ। (1 ਕੁਰਿੰਥੀਆਂ 1:18-25; ਕੁਲੁੱਸੀਆਂ 2:14) ਮੁਕਤੀ ਸ਼ਰਾ ਦਿਆਂ ਕੰਮਾਂ ਦੁਆਰਾ ਪ੍ਰਾਪਤ ਨਹੀਂ ਹੁੰਦੀ ਬਲਕਿ ਸੌਲੁਸ ਵਰਗੇ ਪਾਪੀਆਂ ਲਈ ਪਰਮੇਸ਼ੁਰ ਦੀ ਦਿਆਲਗੀ ਦੁਆਰਾ ਮਿਲਦੀ ਹੈ। ਇਸ ਲਈ ਮੁਕਤੀ ਉਨ੍ਹਾਂ ਲੋਕਾਂ ਲਈ ਵੀ ਸੰਭਵ ਸੀ ਜੋ ਬਿਵਸਥਾ ਅਧੀਨ ਨਹੀਂ ਸਨ। ਅਤੇ ਯਿਸੂ ਸੌਲੁਸ ਨੂੰ ਗ਼ੈਰ-ਯਹੂਦੀ ਲੋਕਾਂ ਕੋਲ ਭੇਜ ਰਿਹਾ ਸੀ।—ਅਫ਼ਸੀਆਂ 3:3-7.
ਸਾਨੂੰ ਇਹ ਨਹੀਂ ਪਤਾ ਕਿ ਸੌਲੁਸ ਦੇ ਧਰਮ ਬਦਲਣ ਦੇ ਸਮੇਂ ਉਸ ਨੂੰ ਇਸ ਗੱਲ ਦੀ ਕਿੰਨੀ ਕੁ ਸਮਝ ਸੀ। ਪਰ ਯਿਸੂ ਨੇ ਕੌਮਾਂ ਨੂੰ ਪ੍ਰਚਾਰ ਕਰਨ ਬਾਰੇ ਹਾਲੇ ਕਈ ਵਾਰ ਉਸ ਨਾਲ ਗੱਲ ਕਰਨੀ ਸੀ। ਇਸ ਤੋਂ ਇਲਾਵਾ, ਸੌਲੁਸ ਨੇ ਈਸ਼ਵਰੀ ਪ੍ਰੇਰਣਾ ਦੇ ਅਧੀਨ ਇਨ੍ਹਾਂ ਸਾਰੀਆਂ ਗੱਲਾਂ ਨੂੰ ਕਈ ਸਾਲ ਬਾਅਦ ਲਿਖਿਆ ਸੀ। (ਰਸੂਲਾਂ ਦੇ ਕਰਤੱਬ 22:17-21; ਗਲਾਤੀਆਂ 1:15-18; 2:1, 2) ਲੇਕਿਨ, ਕੁਝ ਹੀ ਦਿਨ ਬਾਅਦ ਸੌਲੁਸ ਨੂੰ ਆਪਣੇ ਨਵੇਂ ਪ੍ਰਭੂ ਤੋਂ ਹੋਰ ਨਿਰਦੇਸ਼ਨ ਮਿਲੇ।
ਹਨਾਨਿਯਾਹ ਨਾਲ ਮੁਲਾਕਾਤ
ਸੌਲੁਸ ਨੂੰ ਦਰਸ਼ਣ ਦੇਣ ਤੋਂ ਬਾਅਦ ਯਿਸੂ ਨੇ ਹਨਾਨਿਯਾਹ ਨੂੰ ਵੀ ਦਰਸ਼ਣ ਦਿੱਤਾ, ਅਤੇ ਉਸ ਨੂੰ ਦੱਸਿਆ: “ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ ਜਾਹ ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮੇ ਤਰਸੁਸ ਦੇ ਰਹਿਣ ਵਾਲੇ ਦੇ ਲਈ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰਦਾ ਹੈ। ਅਤੇ ਉਸ ਨੇ ਹਨਾਨਿਯਾਹ ਨਾਮੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਡਿੱਠਾ ਹੈ ਤਾਂ ਜੋ ਫੇਰ ਸੁਜਾਖਾ ਹੋਵੇ।”—ਰਸੂਲਾਂ ਦੇ ਕਰਤੱਬ 9:11, 12.
ਹਨਾਨਿਯਾਹ ਨੇ ਸੌਲੁਸ ਬਾਰੇ ਸੁਣਿਆ ਸੀ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਉਸ ਨੇ ਯਿਸੂ ਦਿਆਂ ਸ਼ਬਦਾਂ ਤੋਂ ਇੰਨਾ ਹੈਰਾਨ ਹੋ ਕੇ ਕਿਉਂ ਕਿਹਾ ਕਿ “ਪ੍ਰਭੁ ਜੀ ਮੈਂ ਬਹੁਤਿਆਂ ਕੋਲੋਂ ਏਸ ਮਨੁੱਖ ਦੀ ਗੱਲ ਸੁਣੀ ਹੈ ਜੋ ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕੇਡੀ ਬੁਰਿਆਈ ਕੀਤੀ ਹੈ! ਅਤੇ ਉਸ ਨੇ ਪਰਧਾਨ ਜਾਜਕਾਂ ਦੀ ਵੱਲੋਂ ਇਸ ਗੱਲ ਦੀ ਮੁਖ਼ਤਿਆਰੀ ਪਾਈ ਹੈ ਭਈ ਏਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਨ੍ਹ ਲਵੇ।” ਪਰ, ਯਿਸੂ ਨੇ ਹਨਾਨਿਯਾਹ ਨੂੰ ਕਿਹਾ: “ਤੂੰ ਚੱਲਿਆ ਜਾਹ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ।”—ਰਸੂਲਾਂ ਦੇ ਕਰਤੱਬ 9:13-15.
ਹਨਾਨਿਯਾਹ ਨੂੰ ਇਸ ਗੱਲ ਤੋਂ ਤਸੱਲੀ ਮਿਲੀ ਅਤੇ ਉਹ ਯਿਸੂ ਵੱਲੋਂ ਦਿੱਤੇ ਗਏ ਪਤੇ ਤੇ ਚੱਲਾ ਗਿਆ। ਸੌਲੁਸ ਨੂੰ ਲੱਭਣ ਅਤੇ ਨਮਸਕਾਰ ਕਰਨ ਤੋਂ ਬਾਅਦ ਹਨਾਨਿਯਾਹ ਨੇ ਉਸ ਉੱਤੇ ਆਪਣੇ ਹੱਥ ਰੱਖੇ। ਬਿਰਤਾਂਤ ਕਹਿੰਦਾ ਹੈ ਕਿ “ਓਵੇਂ [ਸੌਲੁਸ] ਦੀਆਂ ਅੱਖਾਂ ਤੋਂ ਛਿਲਕੇ ਜੇਹੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ।” ਸੌਲੁਸ ਹੁਣ ਸੁਣਨ ਲਈ ਤਿਆਰ ਸੀ। ਹਨਾਨਿਯਾਹ ਦੇ ਸ਼ਬਦ ਉਸ ਗੱਲ ਨੂੰ ਪੱਕੀ ਕਰਦੇ ਹਨ ਜੋ ਸੌਲੁਸ ਨੇ ਸ਼ਾਇਦ ਯਿਸੂ ਦਿਆਂ ਸ਼ਬਦਾਂ ਤੋਂ ਸਮਝੀ ਸੀ: “ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇਂ ਅਤੇ ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ। ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੈਂ ਵੇਖੀਆਂ ਅਤੇ ਸੁਣੀਆਂ ਹਨ। ਹੁਣ ਤੂੰ ਕਿਉਂ ਢਿੱਲ ਕਰਦਾ ਹੈਂ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ।” ਇਸ ਦਾ ਨਤੀਜਾ ਕੀ ਸੀ? ਸੌਲੁਸ ਨੇ “ਉੱਠ ਕੇ ਬਪਤਿਸਮਾ ਲਿਆ ਅਰ ਪਰਸ਼ਾਦ ਛੱਕ ਕੇ ਤਕੜਾ ਹੋ ਗਿਆ।”—ਰਸੂਲਾਂ ਦੇ ਕਰਤੱਬ 9:17-19; 22:12-16.
ਇਸ ਸੌਂਪੇ ਗਏ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਬਿਰਤਾਂਤ ਵਿਚ ਵਫ਼ਾਦਾਰ ਹਨਾਨਿਯਾਹ ਦਾ ਹੋਰ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਪਰ ਸੌਲੁਸ ਦੀਆਂ ਗੱਲਾਂ ਸੁਣਨ ਵਾਲੇ ਸਾਰੇ ਹੀ ਹੈਰਾਨ ਰਹਿ ਜਾਂਦੇ ਸੀ! ਇਹ ਬੰਦਾ ਜੋ ਪਹਿਲਾ ਇਕ ਸਤਾਉਣ ਵਾਲਾ ਸੀ, ਜੋ ਦੰਮਿਸਕ ਤੋਂ ਯਿਸੂ ਦਿਆਂ ਚੇਲਿਆਂ ਨੂੰ ਗਿਰਫ਼ਤਾਰ ਕਰਨ ਆਇਆ ਸੀ, ਹੁਣ ਸਮਾਜਾਂ ਵਿਚ ਪ੍ਰਚਾਰ ਕਰਦਾ-ਫਿਰਦਾ ਸੀ ਅਤੇ ਇਹ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹਾ ਸੀ।—ਰਸੂਲਾਂ ਦੇ ਕਰਤੱਬ 9:20-22.
“ਪਰਾਈਆਂ ਕੌਮਾਂ ਦਾ ਰਸੂਲ”
ਦੰਮਿਸਕ ਨੂੰ ਜਾਣ ਵਾਲੇ ਰਸਤੇ ਤੇ ਸੌਲੁਸ ਦੇ ਅਨੁਭਵ ਨੇ ਉਸ ਨੂੰ ਚੇਲਿਆਂ ਨੂੰ ਸਤਾਉਣ ਤੋਂ ਰੋਕ ਲਿਆ। ਹੁਣ ਮਸੀਹਾ ਨੂੰ ਪਛਾਣਨ ਦੁਆਰਾ ਸੌਲੁਸ ਸਮਝ ਸਕਦਾ ਸੀ ਕਿ ਇਬਰਾਨੀ ਸ਼ਾਸਤਰ ਦੀਆਂ ਕਈ ਗੱਲਾਂ ਅਤੇ ਭਵਿੱਖਬਾਣੀਆਂ ਯਿਸੂ ਬਾਰੇ ਸਨ। ਯਿਸੂ ਨੇ ਉਸ ਨੂੰ ਦਰਸ਼ਣ ਦੇ ਕੇ ‘ਉਸ ਨੂੰ ਹੱਥ ਪਾਇਆ’ ਅਤੇ “ਪਰਾਈਆਂ ਕੌਮਾਂ ਦਾ ਰਸੂਲ” ਬਣਾਇਆ। ਇਸ ਗੱਲ ਦੀ ਜਾਣਕਾਰੀ ਨੇ ਸੌਲੁਸ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ। (ਫ਼ਿਲਿੱਪੀਆਂ 3:12; ਰੋਮੀਆਂ 11:13) ਪੌਲੁਸ ਰਸੂਲ ਵਜੋਂ ਉਸ ਨੂੰ ਉਹ ਸਨਮਾਨ ਅਤੇ ਅਧਿਕਾਰ ਮਿਲਿਆ ਜਿਸ ਨੇ ਨਾ ਸਿਰਫ਼ ਉਸ ਦੀ ਬਾਕੀ ਦੀ ਜ਼ਿੰਦਗੀ ਉੱਤੇ ਪ੍ਰਭਾਵ ਪਾਇਆ ਪਰ ਪੂਰੇ ਮਸੀਹੀ ਇਤਿਹਾਸ ਉੱਤੇ ਵੀ ਪ੍ਰਭਾਵ ਪਾਇਆ ਸੀ।
ਕਈ ਸਾਲ ਬਾਅਦ, ਜਦੋਂ ਰਸੂਲ ਵਜੋਂ ਪੌਲੁਸ ਦੇ ਅਧਿਕਾਰ ਉੱਤੇ ਬਹਿਸ ਕੀਤੀ ਗਈ ਸੀ, ਤਾਂ ਉਸ ਨੇ ਦੰਮਿਸਕ ਦੇ ਰਸਤੇ ਤੇ ਆਪਣੇ ਅਨੁਭਵ ਵੱਲ ਸੰਕੇਤ ਕਰਦੇ ਹੋਏ ਆਪਣੇ ਅਧਿਕਾਰ ਦੀ ਸਫ਼ਾਈ ਪੇਸ਼ ਕੀਤੀ। ਉਸ ਨੇ ਪੁੱਛਿਆ: “ਕੀ ਮੈਂ ਰਸੂਲ ਨਹੀਂ? ਕੀ ਮੈਂ ਯਿਸੂ ਸਾਡੇ ਪ੍ਰਭੁ ਨੂੰ ਨਹੀਂ ਵੇਖਿਆ?” ਯਿਸੂ ਦਾ ਦੂਸਰਿਆਂ ਨੂੰ ਦਰਸ਼ਣ ਦੇਣ ਬਾਰੇ ਦੱਸਣ ਤੋਂ ਬਾਅਦ, ਸੌਲੁਸ ਯਾਨੀ ਪੌਲੁਸ ਨੇ ਕਿਹਾ: “ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮ ਨੂੰ।” (1 ਕੁਰਿੰਥੀਆਂ 9:1; 15:8) ਇਸ ਤਰ੍ਹਾਂ ਸੀ ਜਿੱਦਾਂ ਯਿਸੂ ਦੇ ਸਵਰਗੀ ਤੇਜ ਦੇ ਦਰਸ਼ਣ ਦੁਆਰਾ ਸੌਲੁਸ ਨੂੰ ਸਮੇਂ ਤੋਂ ਪਹਿਲਾਂ ਹੀ ਆਤਮਿਕ ਜੀਵਨ ਵਿਚ ਜਨਮ ਲੈਣ, ਜਾਂ ਜੀ ਉਠਾਏ ਜਾਣ, ਦਾ ਸਨਮਾਨ ਮਿਲਿਆ ਹੋਵੇ।
ਸੌਲੁਸ ਨੇ ਇਸ ਸਨਮਾਨ ਦੀ ਕਦਰ ਕੀਤੀ ਅਤੇ ਇਸ ਕਦਰ ਨੂੰ ਦਿਖਾਉਣ ਵਾਸਤੇ ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਮਿਹਨਤ ਕੀਤੀ। ਉਸ ਨੇ ਲਿਖਿਆ: “ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਜੋਗ ਨਹੀਂ ਇਸ ਲਈ ਜੋ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ। ਪਰ . . . [ਪਰਮੇਸ਼ੁਰ] ਦੀ ਕਿਰਪਾ ਜੋ ਮੇਰੇ ਉੱਤੇ ਹੋਈ ਸੋ ਅਕਾਰਥ ਨਾ ਹੋਈ ਪਰ ਮੈਂ ਉਨ੍ਹਾਂ ਸਭਨਾਂ [ਰਸੂਲਾਂ] ਨਾਲੋਂ ਵਧੀਕ ਮਿਹਨਤ ਕੀਤੀ।”—1 ਕੁਰਿੰਥੀਆਂ 15:9, 10.
ਸੌਲੁਸ ਵਾਂਗ ਸ਼ਾਇਦ ਤੁਹਾਨੂੰ ਵੀ ਉਹ ਸਮਾਂ ਯਾਦ ਹੋਵੇ ਜਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਪਰਮੇਸ਼ੁਰ ਦੀ ਪ੍ਰਵਾਨਗੀ ਹਾਸਲ ਕਰਨ ਲਈ ਤੁਹਾਨੂੰ ਉਨ੍ਹਾਂ ਧਾਰਮਿਕ ਵਿਚਾਰਾਂ ਨੂੰ ਬਦਲਣਾ ਪਵੇਗਾ ਜਿਨ੍ਹਾਂ ਉੱਤੇ ਤੁਸੀਂ ਬਹੁਤ ਚਿਰ ਤੋਂ ਵਿਸ਼ਵਾਸ ਕਰਦੇ ਆਏ ਸਨ। ਬਿਨਾਂ ਸ਼ੱਕ ਤੁਸੀਂ ਬਹੁਤ ਧੰਨਵਾਦੀ ਹੋ ਕਿ ਯਹੋਵਾਹ ਨੇ ਤੁਹਾਨੂੰ ਸੱਚਾਈ ਸਮਝਣ ਵਿਚ ਮਦਦ ਦਿੱਤੀ। ਜਦੋਂ ਸੌਲੁਸ ਨੇ ਜੋਤ ਦੇਖੀ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਕੀ ਕਰਨ ਦੀ ਲੋੜ ਸੀ, ਤਾਂ ਉਹ ਉਸ ਕੰਮ ਨੂੰ ਪੂਰਾ ਕਰਨ ਤੋਂ ਝਿਜਕਿਆ ਨਹੀਂ ਸੀ। ਅਤੇ ਉਹ ਧਰਤੀ ਉੱਤੇ ਆਪਣੇ ਬਾਕੀ ਦੇ ਜੀਵਨ ਲਈ ਇਹ ਕੰਮ ਪੂਰੇ ਜੋਸ਼ ਅਤੇ ਦ੍ਰਿੜ੍ਹਤਾ ਨਾਲ ਕਰਦਾ ਰਿਹਾ। ਅੱਜ ਯਹੋਵਾਹ ਦੀ ਪ੍ਰਵਾਨਗੀ ਹਾਸਲ ਕਰਨ ਦੀ ਇੱਛਾ ਰੱਖਣ ਵਾਲਿਆਂ ਸਾਰਿਆਂ ਲਈ ਕਿੰਨੀ ਵਧੀਆ ਮਿਸਾਲ!
[ਫੁਟਨੋਟ]
a ਇਕ ਵਿਦਵਾਨ ਸੋਚਦਾ ਹੈ ਕਿ ਯਹੂਦਾ ਸ਼ਾਇਦ ਸਥਾਨਕ ਯਹੂਦੀ ਸਮਾਜ ਦਾ ਇਕ ਆਗੂ ਸੀ ਜਾਂ ਯਹੂਦੀਆਂ ਲਈ ਇਕ ਮੁਸਾਫਰਖ਼ਾਨੇ ਦਾ ਮਾਲਕ।
[ਸਫ਼ੇ 27 ਉੱਤੇ ਤਸਵੀਰ]
ਹੁਣ ਦੇ ਦੰਮਿਸਕ ਵਿਚ ਸਿੱਧੀ ਨਾਂ ਦੀ ਗਲੀ
[ਕ੍ਰੈਡਿਟ ਲਾਈਨ]
Photo by ROLOC Color Slides