ਅਧਿਆਇ 8
ਮੰਡਲੀ ਲਈ “ਸ਼ਾਂਤੀ ਦਾ ਸਮਾਂ ਆ ਗਿਆ”
ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਸੌਲੁਸ ਜੋਸ਼ੀਲਾ ਸੇਵਕ ਬਣ ਜਾਂਦਾ ਹੈ
ਰਸੂਲਾਂ ਦੇ ਕੰਮ 9:1-43 ਵਿੱਚੋਂ
1, 2. ਦਮਿਸਕ ਜਾ ਕੇ ਸੌਲੁਸ ਨੇ ਕੀ ਕਰਨ ਦੀ ਠਾਣੀ ਹੋਈ ਸੀ?
ਬੇਰਹਿਮ ਟੋਲੀ ਦਮਿਸਕ ਪਹੁੰਚਣ ਵਾਲੀ ਹੈ ਜਿੱਥੇ ਉਹ ਆਪਣੇ ਬੁਰੇ ਮਨਸੂਬਿਆਂ ਨੂੰ ਅੰਜਾਮ ਦੇਵੇਗੀ। ਉਹ ਆਦਮੀ ਯਿਸੂ ਦੇ ਚੇਲਿਆਂ ਨਾਲ ਘਿਰਣਾ ਕਰਦੇ ਹਨ। ਦਮਿਸਕ ਪਹੁੰਚ ਕੇ ਉਹ ਉਨ੍ਹਾਂ ਨੂੰ ਘਰਾਂ ਵਿੱਚੋਂ ਖਿੱਚ-ਧੂਹ ਕੇ ਬਾਹਰ ਕੱਢਣਗੇ, ਉਨ੍ਹਾਂ ਨੂੰ ਬੰਨ੍ਹਣਗੇ, ਜ਼ਲੀਲ ਕਰਨਗੇ ਅਤੇ ਘੜੀਸ ਕੇ ਯਰੂਸ਼ਲਮ ਲਿਆਉਣਗੇ ਜਿੱਥੇ ਮਹਾਸਭਾ ਉਨ੍ਹਾਂ ਨੂੰ ਸਜ਼ਾ ਦੇਵੇਗੀ।
2 ਇਸ ਟੋਲੀ ਦਾ ਆਗੂ ਸੌਲੁਸ ਹੈ ਜਿਸ ਦੇ ਹੱਥ ਪਹਿਲਾਂ ਹੀ ਖ਼ੂਨ ਨਾਲ ਰੰਗੇ ਹੋਏ ਹਨ।a ਹਾਲ ਹੀ ਵਿਚ ਉਹ ਆਪਣੇ ਨਾਲ ਦੇ ਕੱਟੜਪੰਥੀਆਂ ਨੂੰ ਯਿਸੂ ਦੇ ਚੇਲੇ ਇਸਤੀਫ਼ਾਨ ਦਾ ਕਤਲ ਕਰਦਿਆਂ ਦੇਖ ਕੇ ਬੜਾ ਖ਼ੁਸ਼ ਹੋਇਆ ਸੀ। (ਰਸੂ. 7:57–8:1) ਯਰੂਸ਼ਲਮ ਵਿਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਸਤਾ ਕੇ ਉਸ ਦੇ ਗੁੱਸੇ ਦੀ ਅੱਗ ਸ਼ਾਂਤ ਨਹੀਂ ਹੋਈ। ਉਹ ਹੋਰ ਥਾਵਾਂ ʼਤੇ ਵੀ ਮਸੀਹੀਆਂ ਨੂੰ ਆਪਣੇ ਜ਼ੁਲਮਾਂ ਦੀ ਅੱਗ ਵਿਚ ਸਾੜ ਕੇ ਸੁਆਹ ਕਰ ਦੇਣਾ ਚਾਹੁੰਦਾ ਹੈ। ਉਸ ਦੀਆਂ ਨਜ਼ਰਾਂ ਵਿਚ “ਪ੍ਰਭੂ ਦੇ ਰਾਹ” ʼਤੇ ਚੱਲਣ ਵਾਲੇ ਲੋਕ ਮਹਾਂਮਾਰੀ ਵਾਂਗ ਹਨ ਅਤੇ ਉਹ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੁੰਦਾ ਹੈ।—ਰਸੂ. 9:1, 2; “ਦਮਿਸਕ ਵਿਚ ਸੌਲੁਸ ਦਾ ਅਧਿਕਾਰ” ਨਾਂ ਦੀ ਡੱਬੀ ਦੇਖੋ।
3, 4. (ੳ) ਸੌਲੁਸ ਨਾਲ ਕੀ ਹੋਇਆ? (ਅ) ਅਸੀਂ ਕਿਹੜੇ ਸਵਾਲਾਂ ਉੱਤੇ ਗੌਰ ਕਰਾਂਗੇ?
3 ਅਚਾਨਕ ਸੌਲੁਸ ਦੇ ਆਲੇ-ਦੁਆਲੇ ਤੇਜ਼ ਰੌਸ਼ਨੀ ਚਮਕਦੀ ਹੈ। ਉਸ ਦੇ ਸਾਥੀਆਂ ਨੂੰ ਰੌਸ਼ਨੀ ਤਾਂ ਨਜ਼ਰ ਆਉਂਦੀ ਹੈ, ਪਰ ਉਹ ਇੰਨੇ ਸੁੰਨ ਹੋ ਜਾਂਦੇ ਹਨ ਕਿ ਉਹ ਬੋਲ ਹੀ ਨਹੀਂ ਪਾਉਂਦੇ। ਸੌਲੁਸ ਅੰਨ੍ਹਾ ਹੋ ਜਾਂਦਾ ਹੈ ਤੇ ਜ਼ਮੀਨ ʼਤੇ ਡਿਗ ਜਾਂਦਾ ਹੈ। ਉਸ ਨੂੰ ਕੁਝ ਨਜ਼ਰ ਨਹੀਂ ਆਉਂਦਾ, ਪਰ ਉਹ ਸਵਰਗੋਂ ਇਹ ਆਵਾਜ਼ ਸੁਣਦਾ ਹੈ: “ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” ਹੱਕਾ-ਬੱਕਾ ਹੋਇਆ ਸੌਲੁਸ ਪੁੱਛਦਾ ਹੈ: “ਪ੍ਰਭੂ, ਤੂੰ ਕੌਣ ਹੈਂ?” ਉਸ ਨੂੰ ਇਹ ਜਵਾਬ ਮਿਲਿਆ: “ਮੈਂ ਯਿਸੂ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।” ਸੌਲੁਸ ਇਹ ਜਵਾਬ ਸੁਣ ਕੇ ਧੁਰ ਅੰਦਰ ਤਕ ਹਿੱਲ ਗਿਆ ਹੋਣਾ।—ਰਸੂ. 9:3-5; 22:9.
4 ਅਸੀਂ ਸੌਲੁਸ ਨੂੰ ਕਹੇ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ? ਸੌਲੁਸ ਦੇ ਮਸੀਹੀ ਬਣਨ ਨਾਲ ਜੁੜੀਆਂ ਘਟਨਾਵਾਂ ਉੱਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਸੌਲੁਸ ਦੇ ਮਸੀਹੀ ਬਣਨ ਤੋਂ ਬਾਅਦ ਆਏ ਸ਼ਾਂਤੀ ਦੇ ਸਮੇਂ ਦਾ ਮੰਡਲੀ ਨੇ ਜਿਸ ਤਰ੍ਹਾਂ ਫ਼ਾਇਦਾ ਲਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
“ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” (ਰਸੂ. 9:1-5)
5, 6. ਸੌਲੁਸ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
5 ਜਦੋਂ ਯਿਸੂ ਨੇ ਸੌਲੁਸ ਨੂੰ ਦਮਿਸਕ ਜਾਂਦਿਆਂ ਰਾਹ ਵਿਚ ਰੋਕਿਆ ਸੀ, ਤਾਂ ਯਿਸੂ ਨੇ ਇਹ ਨਹੀਂ ਪੁੱਛਿਆ: “ਤੂੰ ਕਿਉਂ ਮੇਰੇ ਚੇਲਿਆਂ ਉੱਤੇ ਜ਼ੁਲਮ ਕਰਦਾ ਹੈਂ?” ਪਰ ਉਸ ਨੇ ਪੁੱਛਿਆ: “ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” (ਰਸੂ. 9:4) ਜੀ ਹਾਂ, ਯਿਸੂ ਆਪਣੇ ਚੇਲਿਆਂ ਉੱਤੇ ਹੁੰਦੇ ਜ਼ੁਲਮਾਂ ਦੀ ਮਾਰ ਨੂੰ ਖ਼ੁਦ ਮਹਿਸੂਸ ਕਰਦਾ ਹੈ।—ਮੱਤੀ 25:34-40, 45.
6 ਜੇ ਮਸੀਹ ਉੱਤੇ ਨਿਹਚਾ ਕਰਨ ਕਰਕੇ ਤੁਹਾਡੇ ਉੱਤੇ ਜ਼ੁਲਮ ਕੀਤੇ ਜਾ ਰਹੇ ਹਨ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੇ ਯਿਸੂ ਤੁਹਾਡੀ ਹਾਲਤ ਤੋਂ ਅਣਜਾਣ ਨਹੀਂ ਹਨ। (ਮੱਤੀ 10:22, 28-31) ਯਹੋਵਾਹ ਹਾਲ ਦੀ ਘੜੀ ਵਿਚ ਸ਼ਾਇਦ ਇਹ ਅਜ਼ਮਾਇਸ਼ ਨਾ ਹਟਾਵੇ। ਯਾਦ ਕਰੋ ਕਿ ਯਿਸੂ ਨੇ ਦੇਖਿਆ ਸੀ ਕਿ ਇਸਤੀਫ਼ਾਨ ਦੇ ਕਤਲ ਵਿਚ ਸੌਲੁਸ ਦਾ ਵੀ ਹੱਥ ਸੀ ਅਤੇ ਉਹ ਯਰੂਸ਼ਲਮ ਵਿਚ ਵਫ਼ਾਦਾਰ ਚੇਲਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਘੜੀਸ ਲਿਆਉਂਦਾ ਸੀ। (ਰਸੂ. 8:3) ਪਰ ਯਿਸੂ ਨੇ ਉਸ ਸਮੇਂ ਦਖ਼ਲ ਨਹੀਂ ਦਿੱਤਾ। ਫਿਰ ਵੀ ਯਹੋਵਾਹ ਨੇ ਮਸੀਹ ਦੇ ਜ਼ਰੀਏ ਇਸਤੀਫ਼ਾਨ ਤੇ ਹੋਰ ਚੇਲਿਆਂ ਨੂੰ ਵਫ਼ਾਦਾਰ ਰਹਿਣ ਲਈ ਲੋੜੀਂਦੀ ਤਾਕਤ ਦਿੱਤੀ।
7. ਅਤਿਆਚਾਰਾਂ ਦਾ ਸਾਮ੍ਹਣਾ ਕਰਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?
7 ਤੁਸੀਂ ਵੀ ਅਤਿਆਚਾਰਾਂ ਦਾ ਸਾਮ੍ਹਣਾ ਕਰ ਸਕਦੇ ਹੋ ਜੇ ਤੁਸੀਂ (1) ਹਰ ਹਾਲ ਵਿਚ ਵਫ਼ਾਦਾਰ ਰਹਿਣ ਦੀ ਠਾਣ ਲਓ। (2) ਯਹੋਵਾਹ ਤੋਂ ਮਦਦ ਮੰਗੋ। (ਫ਼ਿਲਿ. 4:6, 7) (3) ਬਦਲਾ ਲੈਣ ਦਾ ਕੰਮ ਯਹੋਵਾਹ ਦੇ ਹੱਥਾਂ ਵਿਚ ਛੱਡ ਦਿਓ। (ਰੋਮੀ. 12:17-21) (4) ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਸਹਿਣ ਦੀ ਤਾਕਤ ਦੇਵੇਗਾ ਜਦ ਤਕ ਉਹ ਅਜ਼ਮਾਇਸ਼ ਨੂੰ ਹਟਾ ਨਹੀਂ ਦਿੰਦਾ।—ਫ਼ਿਲਿ. 4:12, 13.
‘ਸੌਲੁਸ ਮੇਰੇ ਭਰਾ, ਪ੍ਰਭੂ ਨੇ ਮੈਨੂੰ ਘੱਲਿਆ ਹੈ’ (ਰਸੂ. 9:6-17)
8, 9. ਹਨਾਨਿਆ ਨੇ ਜ਼ਿੰਮੇਵਾਰੀ ਮਿਲਣ ਤੇ ਕਿਵੇਂ ਮਹਿਸੂਸ ਕੀਤਾ ਹੋਣਾ?
8 “ਪ੍ਰਭੂ, ਤੂੰ ਕੌਣ ਹੈਂ?” ਸੌਲੁਸ ਦੇ ਇਸ ਸਵਾਲ ਦਾ ਜਵਾਬ ਦੇਣ ਤੋਂ ਬਾਅਦ ਯਿਸੂ ਨੇ ਉਸ ਨੂੰ ਕਿਹਾ: “ਹੁਣ ਉੱਠ ਅਤੇ ਸ਼ਹਿਰ ਨੂੰ ਚਲਾ ਜਾਹ ਅਤੇ ਤੈਨੂੰ ਦੱਸਿਆ ਜਾਵੇਗਾ ਕਿ ਤੂੰ ਕੀ ਕਰਨਾ ਹੈ।” (ਰਸੂ. 9:6) ਅੰਨ੍ਹੇ ਸੌਲੁਸ ਨੂੰ ਦਮਿਸਕ ਵਿਚ ਉਸ ਜਗ੍ਹਾ ਲਿਜਾਇਆ ਗਿਆ ਜਿੱਥੇ ਉਸ ਨੇ ਠਹਿਰਨਾ ਸੀ। ਉੱਥੇ ਉਸ ਨੇ ਤਿੰਨ ਦਿਨ ਵਰਤ ਰੱਖਿਆ ਅਤੇ ਪ੍ਰਾਰਥਨਾ ਕੀਤੀ। ਇਸ ਸਮੇਂ ਦੌਰਾਨ ਯਿਸੂ ਨੇ ਉਸ ਸ਼ਹਿਰ ਵਿਚ ਹਨਾਨਿਆ ਨਾਂ ਦੇ ਚੇਲੇ ਨਾਲ ਸੌਲੁਸ ਬਾਰੇ ਗੱਲ ਕੀਤੀ। ਦਮਿਸਕ ਵਿਚ ਰਹਿਣ ਵਾਲੇ ‘ਸਾਰੇ ਯਹੂਦੀਆਂ ਵਿਚ ਹਨਾਨਿਆ ਦੀ ਨੇਕਨਾਮੀ ਸੀ।’—ਰਸੂ. 22:12.
9 ਜ਼ਰਾ ਸੋਚੋ ਕਿ ਹਨਾਨਿਆ ਖ਼ੁਸ਼ ਵੀ ਹੋਇਆ ਹੋਣਾ ਤੇ ਡਰ ਵੀ ਗਿਆ ਹੋਣਾ! ਸਵਰਗੋਂ ਮੰਡਲੀ ਦਾ ਮੁਖੀ ਯਿਸੂ ਮਸੀਹ ਉਸ ਨਾਲ ਖ਼ੁਦ ਗੱਲ ਕਰ ਰਿਹਾ ਸੀ ਅਤੇ ਇਕ ਖ਼ਾਸ ਜ਼ਿੰਮੇਵਾਰੀ ਲਈ ਉਸ ਨੂੰ ਚੁਣ ਰਿਹਾ ਸੀ। ਇਕ ਪਾਸੇ ਇਹ ਉਸ ਲਈ ਕਿੰਨੇ ਮਾਣ ਦੀ ਗੱਲ ਸੀ, ਪਰ ਦੂਜੇ ਪਾਸੇ ਉਸ ਨੂੰ ਕਿੰਨਾ ਔਖਾ ਕੰਮ ਦਿੱਤਾ ਗਿਆ ਸੀ! ਜਦੋਂ ਉਸ ਨੂੰ ਕਿਹਾ ਗਿਆ ਕਿ ਉਹ ਸੌਲੁਸ ਨਾਲ ਗੱਲ ਕਰੇ, ਤਾਂ ਹਨਾਨਿਆ ਨੇ ਜਵਾਬ ਦਿੱਤਾ: “ਪ੍ਰਭੂ, ਮੈਂ ਬਹੁਤ ਸਾਰੇ ਲੋਕਾਂ ਤੋਂ ਇਸ ਆਦਮੀ ਬਾਰੇ ਸੁਣਿਆ ਹੈ ਕਿ ਇਸ ਨੇ ਯਰੂਸ਼ਲਮ ਵਿਚ ਤੇਰੇ ਪਵਿੱਤਰ ਸੇਵਕਾਂ ਉੱਤੇ ਕਿੰਨੇ ਜ਼ੁਲਮ ਕੀਤੇ ਹਨ। ਅਤੇ ਮੁੱਖ ਪੁਜਾਰੀਆਂ ਨੇ ਇਸ ਨੂੰ ਇੱਥੇ ਵੀ ਤੇਰਾ ਨਾਂ ਲੈਣ ਵਾਲੇ ਸਾਰੇ ਜਣਿਆਂ ਨੂੰ ਗਿਰਫ਼ਤਾਰ ਕਰਨ ਦਾ ਅਧਿਕਾਰ ਦਿੱਤਾ ਹੈ।”—ਰਸੂ. 9:13, 14.
10. ਹਨਾਨਿਆ ਨਾਲ ਯਿਸੂ ਦੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖਦੇ ਹਾਂ?
10 ਹਨਾਨਿਆ ਨੇ ਜਦੋਂ ਆਪਣੀ ਚਿੰਤਾ ਜ਼ਾਹਰ ਕੀਤੀ, ਤਾਂ ਯਿਸੂ ਨੇ ਉਸ ਨੂੰ ਝਿੜਕਿਆ ਨਹੀਂ। ਉਸ ਨੇ ਹਨਾਨਿਆ ਨੂੰ ਸਾਫ਼-ਸਾਫ਼ ਦੱਸਿਆ ਕਿ ਉਸ ਨੂੰ ਕੀ ਕਰਨ ਦੀ ਲੋੜ ਸੀ। ਯਿਸੂ ਨੇ ਉਸ ਨੂੰ ਇਹ ਦੱਸ ਕੇ ਉਸ ਦਾ ਮਾਣ ਰੱਖਿਆ ਕਿ ਉਹ ਉਸ ਨੂੰ ਇਹ ਔਖਾ ਕੰਮ ਕਰਨ ਲਈ ਕਿਉਂ ਕਹਿ ਰਿਹਾ ਸੀ। ਯਿਸੂ ਨੇ ਸੌਲੁਸ ਬਾਰੇ ਕਿਹਾ: “ਉਸ ਆਦਮੀ ਨੂੰ ਮੈਂ ਚੁਣਿਆ ਹੈ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ, ਰਾਜਿਆਂ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ। ਮੈਂ ਉਸ ਨੂੰ ਸਾਫ਼-ਸਾਫ਼ ਦੱਸਾਂਗਾ ਕਿ ਉਸ ਨੂੰ ਮੇਰੇ ਨਾਂ ਦੀ ਖ਼ਾਤਰ ਕਿੰਨੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (ਰਸੂ. 9:15, 16) ਹਨਾਨਿਆ ਨੇ ਫਟਾਫਟ ਯਿਸੂ ਦੀ ਆਗਿਆ ਮੰਨੀ ਅਤੇ ਤੁਰੰਤ ਜਾ ਕੇ ਸੌਲੁਸ ਨੂੰ ਮਿਲਿਆ। ਉਸ ਨੇ ਕਿਹਾ: “ਸੌਲੁਸ ਮੇਰੇ ਭਰਾ, ਰਾਹ ਵਿਚ ਆਉਂਦਿਆਂ ਤੈਨੂੰ ਪ੍ਰਭੂ ਯਿਸੂ ਦਿਖਾਈ ਦਿੱਤਾ ਸੀ, ਉਸ ਨੇ ਹੀ ਮੈਨੂੰ ਘੱਲਿਆ ਹੈ ਕਿ ਤੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਅਤੇ ਤੂੰ ਪਵਿੱਤਰ ਸ਼ਕਤੀ ਨਾਲ ਭਰ ਜਾਵੇਂ।”—ਰਸੂ. 9:17.
11, 12. ਇਸ ਬਿਰਤਾਂਤ ਤੋਂ ਸਾਨੂੰ ਕਿਹੜੀਆਂ ਗੱਲਾਂ ਪਤਾ ਲੱਗਦੀਆਂ ਹਨ?
11 ਇਸ ਬਿਰਤਾਂਤ ਤੋਂ ਸਾਨੂੰ ਕਈ ਗੱਲਾਂ ਪਤਾ ਲੱਗਦੀਆਂ ਹਨ। ਮਿਸਾਲ ਲਈ, ਆਪਣੇ ਵਾਅਦੇ ਮੁਤਾਬਕ ਯਿਸੂ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰ ਰਿਹਾ ਹੈ। (ਮੱਤੀ 28:20) ਭਾਵੇਂ ਕਿ ਅੱਜ ਉਹ ਸਾਡੇ ਨਾਲ ਖ਼ੁਦ ਗੱਲ ਨਹੀਂ ਕਰਦਾ, ਪਰ ਉਹ ਵਫ਼ਾਦਾਰ ਨੌਕਰ ਦੇ ਜ਼ਰੀਏ ਪ੍ਰਚਾਰ ਦੇ ਕੰਮ ਵਿਚ ਸੇਧ ਦਿੰਦਾ ਹੈ ਜਿਸ ਨੂੰ ਉਸ ਨੇ ਆਪਣੇ ਨੌਕਰਾਂ-ਚਾਕਰਾਂ ਦਾ ਮੁਖ਼ਤਿਆਰ ਬਣਾਇਆ ਹੈ। (ਮੱਤੀ 24:45-47) ਪ੍ਰਬੰਧਕ ਸਭਾ ਦੇ ਨਿਰਦੇਸ਼ਨ ਅਧੀਨ ਪ੍ਰਚਾਰਕਾਂ ਅਤੇ ਪਾਇਨੀਅਰਾਂ ਨੂੰ ਉਨ੍ਹਾਂ ਲੋਕਾਂ ਦੀ ਭਾਲ ਕਰਨ ਲਈ ਭੇਜਿਆ ਜਾਂਦਾ ਹੈ ਜੋ ਮਸੀਹ ਬਾਰੇ ਜਾਣਨਾ ਚਾਹੁੰਦੇ ਹਨ। ਜਿਵੇਂ ਪਿਛਲੇ ਅਧਿਆਇ ਵਿਚ ਦੱਸਿਆ ਗਿਆ ਸੀ, ਅਜਿਹੇ ਕਈ ਲੋਕ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਰਹੇ ਸਨ ਜਿਨ੍ਹਾਂ ਨੂੰ ਬਾਅਦ ਵਿਚ ਯਹੋਵਾਹ ਦੇ ਗਵਾਹ ਮਿਲੇ।—ਰਸੂ. 9:11.
12 ਹਨਾਨਿਆ ਨੇ ਯਿਸੂ ਦਾ ਕਹਿਣਾ ਮੰਨ ਕੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਜਿਸ ਕਰਕੇ ਉਸ ਨੂੰ ਖ਼ੁਸ਼ੀ ਮਿਲੀ। ਕੀ ਤੁਸੀਂ ਚੰਗੀ ਤਰ੍ਹਾਂ ਗਵਾਹੀ ਦੇਣ ਦਾ ਹੁਕਮ ਮੰਨਦੇ ਹੋ ਭਾਵੇਂ ਕਿ ਇਹ ਕੰਮ ਕਰਨ ਤੋਂ ਤੁਹਾਨੂੰ ਥੋੜ੍ਹਾ ਡਰ ਲੱਗਦਾ ਹੈ? ਕੁਝ ਜਣਿਆਂ ਨੂੰ ਘਰ-ਘਰ ਜਾਣ ਅਤੇ ਅਜਨਬੀਆਂ ਨੂੰ ਮਿਲਣ ਕਾਰਨ ਘਬਰਾਹਟ ਹੁੰਦੀ ਹੈ। ਹੋਰਨਾਂ ਨੂੰ ਕਾਰੋਬਾਰੀ ਥਾਵਾਂ ʼਤੇ, ਸੜਕਾਂ ʼਤੇ ਜਾਂ ਟੈਲੀਫ਼ੋਨ ʼਤੇ ਜਾਂ ਚਿੱਠੀਆਂ ਰਾਹੀਂ ਲੋਕਾਂ ਨੂੰ ਪ੍ਰਚਾਰ ਕਰਨਾ ਔਖਾ ਲੱਗਦਾ ਹੈ। ਆਪਣੇ ਡਰ ʼਤੇ ਕਾਬੂ ਪਾਉਣ ਕਰਕੇ ਹਨਾਨਿਆ ਨੇ ਸੌਲੁਸ ਦੀ ਪਵਿੱਤਰ ਸ਼ਕਤੀ ਪਾਉਣ ਵਿਚ ਮਦਦ ਕੀਤੀ।b ਹਨਾਨਿਆ ਬਾਖੂਬੀ ਆਪਣੀ ਜ਼ਿੰਮੇਵਾਰੀ ਨਿਭਾ ਸਕਿਆ ਕਿਉਂਕਿ ਉਸ ਨੇ ਯਿਸੂ ਉੱਤੇ ਭਰੋਸਾ ਰੱਖਿਆ ਅਤੇ ਸੌਲੁਸ ਨੂੰ ਆਪਣਾ ਭਰਾ ਸਮਝਿਆ। ਕੀ ਅਸੀਂ ਹਨਾਨਿਆ ਵਾਂਗ ਭਰੋਸਾ ਰੱਖਦੇ ਹਾਂ ਕਿ ਯਿਸੂ ਪ੍ਰਚਾਰ ਦੇ ਕੰਮ ਨੂੰ ਸੇਧ ਦੇ ਰਿਹਾ ਹੈ? ਕੀ ਸਾਡੇ ਦਿਲ ਵਿਚ ਲੋਕਾਂ ਲਈ ਹਮਦਰਦੀ ਹੈ? ਜਿਨ੍ਹਾਂ ਲੋਕਾਂ ਤੋਂ ਸਾਨੂੰ ਡਰ ਲੱਗਦਾ ਹੈ, ਕੀ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਇਕ-ਨਾ-ਇਕ ਦਿਨ ਸਾਡੇ ਮਸੀਹੀ ਭੈਣ-ਭਰਾ ਬਣਨਗੇ? ਜੇ ਹਾਂ, ਤਾਂ ਅਸੀਂ ਵੀ ਆਪਣੇ ਡਰ ਉੱਤੇ ਕਾਬੂ ਪਾ ਸਕਦੇ ਹਾਂ।—ਮੱਤੀ 9:36.
‘ਉਸ ਨੇ ਯਿਸੂ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ’ (ਰਸੂ. 9:18-30)
13, 14. ਜੇ ਤੁਸੀਂ ਬਾਈਬਲ ਸਟੱਡੀ ਕਰ ਰਹੇ ਹੋ, ਪਰ ਹਾਲੇ ਬਪਤਿਸਮਾ ਨਹੀਂ ਲਿਆ ਹੈ, ਤਾਂ ਤੁਸੀਂ ਸੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?
13 ਸੌਲੁਸ ਨੇ ਜੋ ਕੁਝ ਸਿੱਖਿਆ, ਉਸ ਮੁਤਾਬਕ ਫ਼ੌਰਨ ਕਦਮ ਚੁੱਕਿਆ। ਸੁਜਾਖਾ ਹੋਣ ਤੋਂ ਬਾਅਦ ਸੌਲੁਸ ਨੇ ਬਪਤਿਸਮਾ ਲਿਆ ਅਤੇ ਦਮਿਸਕ ਵਿਚ ਰਹਿੰਦੇ ਚੇਲਿਆਂ ਨਾਲ ਮਿਲਣ-ਗਿਲਣ ਲੱਗਾ। ਪਰ ਉਸ ਨੇ ਇਸ ਤੋਂ ਵੀ ਜ਼ਿਆਦਾ ਕੁਝ ਕੀਤਾ। “ਉਸ ਨੇ ਤੁਰੰਤ ਸਭਾ ਘਰਾਂ ਵਿਚ ਯਿਸੂ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਉਹੀ ਪਰਮੇਸ਼ੁਰ ਦਾ ਪੁੱਤਰ ਹੈ।”—ਰਸੂ. 9:20.
14 ਜੇ ਤੁਸੀਂ ਬਾਈਬਲ ਸਟੱਡੀ ਕਰ ਰਹੇ ਹੋ, ਪਰ ਹਾਲੇ ਬਪਤਿਸਮਾ ਨਹੀਂ ਲਿਆ, ਤਾਂ ਕੀ ਤੁਸੀਂ ਵੀ ਸੌਲੁਸ ਵਾਂਗ ਸਿੱਖੀਆਂ ਗੱਲਾਂ ਦੇ ਆਧਾਰ ʼਤੇ ਤੁਰੰਤ ਕਦਮ ਚੁੱਕੋਗੇ? ਇਹ ਤਾਂ ਸੱਚ ਹੈ ਕਿ ਮਸੀਹ ਨੇ ਸੌਲੁਸ ਲਈ ਚਮਤਕਾਰ ਕੀਤਾ ਸੀ ਜਿਸ ਕਰਕੇ ਉਹ ਕਦਮ ਚੁੱਕਣ ਲਈ ਪ੍ਰੇਰਿਤ ਹੋਇਆ। ਪਰ ਦੂਸਰਿਆਂ ਨੇ ਵੀ ਯਿਸੂ ਦੇ ਚਮਤਕਾਰ ਦੇਖੇ ਸਨ। ਮਿਸਾਲ ਲਈ, ਫ਼ਰੀਸੀਆਂ ਨੇ ਯਿਸੂ ਨੂੰ ਇਕ ਆਦਮੀ ਦਾ ਸੁੱਕਾ ਹੱਥ ਠੀਕ ਕਰਦੇ ਦੇਖਿਆ ਸੀ। ਬਹੁਤ ਸਾਰੇ ਯਹੂਦੀਆਂ ਨੂੰ ਪਤਾ ਸੀ ਕਿ ਯਿਸੂ ਨੇ ਲਾਜ਼ਰ ਨੂੰ ਦੁਬਾਰਾ ਜੀਉਂਦਾ ਕੀਤਾ ਸੀ। ਫਿਰ ਵੀ ਕਈਆਂ ʼਤੇ ਉਸ ਦੇ ਚਮਤਕਾਰਾਂ ਦਾ ਕੋਈ ਅਸਰ ਨਹੀਂ ਪਿਆ, ਕੁਝ ਨੇ ਤਾਂ ਯਿਸੂ ਦਾ ਵਿਰੋਧ ਵੀ ਕੀਤਾ ਸੀ। (ਮਰ. 3:1-6; ਯੂਹੰ. 12:9, 10) ਪਰ ਸੌਲੁਸ ਨੇ ਆਪਣੇ ਆਪ ਨੂੰ ਬਦਲ ਲਿਆ ਸੀ। ਸੌਲੁਸ ਨੇ ਇਸ ਤਰ੍ਹਾਂ ਕਿਉਂ ਕੀਤਾ ਜਦ ਕਿ ਦੂਸਰਿਆਂ ਨੇ ਆਪਣੇ ਆਪ ਨੂੰ ਨਹੀਂ ਬਦਲਿਆ? ਕਿਉਂਕਿ ਉਹ ਇਨਸਾਨਾਂ ਨਾਲੋਂ ਜ਼ਿਆਦਾ ਪਰਮੇਸ਼ੁਰ ਤੋਂ ਡਰਦਾ ਸੀ ਅਤੇ ਉਸ ਨੇ ਇਸ ਗੱਲ ਦੀ ਬਹੁਤ ਕਦਰ ਕੀਤੀ ਕਿ ਮਸੀਹ ਨੇ ਉਸ ਉੱਤੇ ਦਇਆ ਕੀਤੀ ਸੀ। (ਫ਼ਿਲਿ. 3:8) ਜੇ ਤੁਸੀਂ ਵੀ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਕਿਸੇ ਵੀ ਗੱਲ ਕਾਰਨ ਪ੍ਰਚਾਰ ਕਰਨ ਅਤੇ ਬਪਤਿਸਮੇ ਦੇ ਕਾਬਲ ਬਣਨ ਤੋਂ ਪਿੱਛੇ ਨਹੀਂ ਹਟੋਗੇ।
15, 16. ਸੌਲੁਸ ਨੇ ਸਭਾ ਘਰਾਂ ਵਿਚ ਕੀ ਕੀਤਾ ਅਤੇ ਦਮਿਸਕ ਦੇ ਯਹੂਦੀਆਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ?
15 ਕਲਪਨਾ ਕਰੋ, ਲੋਕ ਕਿੰਨੇ ਦੰਗ ਰਹਿ ਗਏ ਹੋਣੇ ਤੇ ਉਨ੍ਹਾਂ ਨੂੰ ਕਿੰਨਾ ਗੁੱਸਾ ਆਇਆ ਹੋਣਾ ਜਦੋਂ ਸੌਲੁਸ ਨੇ ਸਭਾ ਘਰਾਂ ਵਿਚ ਯਿਸੂ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ! ਉਨ੍ਹਾਂ ਨੇ ਪੁੱਛਿਆ: “ਕੀ ਇਹ ਉਹੀ ਆਦਮੀ ਨਹੀਂ ਜੋ ਯਰੂਸ਼ਲਮ ਵਿਚ ਯਿਸੂ ਦਾ ਨਾਂ ਲੈਣ ਵਾਲਿਆਂ ਉੱਤੇ ਕਹਿਰ ਢਾਹੁੰਦਾ ਸੀ?” (ਰਸੂ. 9:21) ਸੌਲੁਸ ਉਨ੍ਹਾਂ ਨੂੰ ਸਮਝਾਉਂਦਾ ਸੀ ਕਿ ਉਸ ਨੇ ਯਿਸੂ ਬਾਰੇ ਆਪਣਾ ਮਨ ਕਿਉਂ ਬਦਲਿਆ ਸੀ ਅਤੇ ਉਹ “ਦਲੀਲਾਂ ਦੇ ਕੇ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹ ਹੈ।” (ਰਸੂ. 9:22) ਪਰ ਦਲੀਲਾਂ ਦੇਣ ਨਾਲ ਹਰ ਕੋਈ ਨਹੀਂ ਬਦਲ ਜਾਂਦਾ। ਦਲੀਲਾਂ ਰੀਤਾਂ-ਰਿਵਾਜਾਂ ਦੀਆਂ ਜ਼ੰਜੀਰਾਂ ਨਾਲ ਜਕੜੇ ਮਨਾਂ ਨੂੰ ਆਜ਼ਾਦ ਨਹੀਂ ਕਰ ਸਕਦੀਆਂ ਜਾਂ ਘਮੰਡੀ ਲੋਕਾਂ ਦੀ ਸੋਚ ਨਹੀਂ ਬਦਲ ਸਕਦੀਆਂ। ਫਿਰ ਵੀ ਸੌਲੁਸ ਨੇ ਹਾਰ ਨਹੀਂ ਮੰਨੀ।
16 ਤਿੰਨ ਸਾਲ ਬਾਅਦ ਵੀ ਦਮਿਸਕ ਦੇ ਯਹੂਦੀ ਸੌਲੁਸ ਦਾ ਵਿਰੋਧ ਕਰ ਰਹੇ ਸਨ। ਅਖ਼ੀਰ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ। (ਰਸੂ. 9:23; 2 ਕੁਰਿੰ. 11:32, 33; ਗਲਾ. 1:13-18) ਇਸ ਸਾਜ਼ਸ਼ ਦਾ ਪਤਾ ਲੱਗਣ ਤੇ ਉਸ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਸ਼ਹਿਰ ਛੱਡਣ ਦਾ ਫ਼ੈਸਲਾ ਕੀਤਾ। ਭਰਾਵਾਂ ਨੇ ਉਸ ਨੂੰ ਵੱਡੀ ਸਾਰੀ ਟੋਕਰੀ ਵਿਚ ਬਿਠਾ ਕੇ ਸ਼ਹਿਰ ਦੀ ਕੰਧ ਵਿਚ ਰੱਖੀ ਬਾਰੀ ਥਾਣੀਂ ਥੱਲੇ ਉਤਾਰ ਦਿੱਤਾ। ਉਸ ਰਾਤ ਸੌਲੁਸ ਦੀ ਮਦਦ ਕਰਨ ਵਾਲੇ ਭਰਾਵਾਂ ਨੂੰ ਲੂਕਾ ਨੇ ‘ਸੌਲੁਸ ਦੇ ਚੇਲੇ’ ਕਿਹਾ ਸੀ। (ਰਸੂ. 9:25) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਦਮਿਸਕ ਵਿਚ ਪ੍ਰਚਾਰ ਦੌਰਾਨ ਸੌਲੁਸ ਦੀ ਗੱਲ ਸੁਣਨ ਵਾਲੇ ਕੁਝ ਲੋਕ ਮਸੀਹ ਦੇ ਚੇਲੇ ਬਣ ਗਏ ਸਨ।
17. (ੳ) ਬਾਈਬਲ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਦਾ ਕੀ ਵੱਖ-ਵੱਖ ਰਵੱਈਆ ਹੁੰਦਾ ਹੈ? (ਅ) ਤੁਹਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਕਿਉਂ?
17 ਜਦੋਂ ਤੁਸੀਂ ਆਪਣੇ ਪਰਿਵਾਰ, ਦੋਸਤਾਂ ਤੇ ਹੋਰਨਾਂ ਨੂੰ ਬਾਈਬਲ ਬਾਰੇ ਦੱਸਣਾ ਸ਼ੁਰੂ ਕੀਤਾ ਸੀ, ਤਾਂ ਤੁਸੀਂ ਸੋਚਿਆ ਹੋਣਾ ਕਿ ਸਾਰੇ ਜਣੇ ਇਨ੍ਹਾਂ ਗੱਲਾਂ ਨੂੰ ਮੰਨ ਲੈਣਗੇ ਕਿਉਂਕਿ ਬਾਈਬਲ ਵਿਚ ਦਿੱਤੀਆਂ ਦਲੀਲਾਂ ਅਸਰਦਾਰ ਹਨ। ਕੁਝ ਜਣਿਆਂ ਨੇ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਯਕੀਨ ਕੀਤਾ ਹੋਣਾ, ਪਰ ਕਈਆਂ ਨੇ ਨਹੀਂ। ਹੋ ਸਕਦਾ ਹੈ ਕਿ ਤੁਹਾਡੇ ਆਪਣਿਆਂ ਨੇ ਤੁਹਾਡੇ ਨਾਲ ਦੁਸ਼ਮਣਾਂ ਵਰਗਾ ਸਲੂਕ ਕੀਤਾ ਹੋਵੇ। (ਮੱਤੀ 10:32-38) ਪਰ ਜੇ ਤੁਸੀਂ ਬਾਈਬਲ ਵਿੱਚੋਂ ਦਲੀਲਾਂ ਦੇਣ ਦੀ ਆਪਣੀ ਕਾਬਲੀਅਤ ਸੁਧਾਰਦੇ ਰਹੋਗੇ ਅਤੇ ਆਪਣਾ ਚਾਲ-ਚਲਣ ਨੇਕ ਰੱਖੋਗੇ, ਤਾਂ ਤੁਹਾਡੇ ਵਿਰੋਧੀਆਂ ਦਾ ਦਿਲ ਪਿਘਲ ਸਕਦਾ ਹੈ।—ਰਸੂ. 17:2; 1 ਪਤ. 2:12; 3:1, 2, 7.
18, 19. (ੳ) ਜਦੋਂ ਬਰਨਬਾਸ ਨੇ ਸਾਰਿਆਂ ਨੂੰ ਸੌਲੁਸ ਬਾਰੇ ਵਿਸ਼ਵਾਸ ਦਿਵਾਇਆ, ਤਾਂ ਇਸ ਦਾ ਕੀ ਅਸਰ ਪਿਆ? (ਅ) ਅਸੀਂ ਬਰਨਾਬਾਸ ਅਤੇ ਸੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
18 ਜਦੋਂ ਸੌਲੁਸ ਨੇ ਯਰੂਸ਼ਲਮ ਆ ਕੇ ਦੱਸਿਆ ਕਿ ਉਹ ਮਸੀਹ ਦਾ ਚੇਲਾ ਬਣ ਗਿਆ ਸੀ, ਤਾਂ ਦੂਜੇ ਚੇਲਿਆਂ ਨੂੰ ਉਸ ਦੀ ਗੱਲ ʼਤੇ ਸ਼ੱਕ ਹੋਇਆ। ਪਰ ਜਦੋਂ ਬਰਨਾਬਾਸ ਨੇ ਚੇਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੌਲੁਸ ਸੱਚ ਕਹਿ ਰਿਹਾ ਸੀ, ਤਾਂ ਰਸੂਲਾਂ ਨੇ ਉਸ ਨੂੰ ਕਬੂਲ ਕਰ ਲਿਆ ਜਿਸ ਤੋਂ ਬਾਅਦ ਉਹ ਕੁਝ ਸਮਾਂ ਉਨ੍ਹਾਂ ਦੇ ਨਾਲ ਰਿਹਾ। (ਰਸੂ. 9:26-28) ਸੌਲੁਸ ਪ੍ਰਚਾਰ ਕਰਦਿਆਂ ਸਮਝਦਾਰੀ ਤੋਂ ਕੰਮ ਲੈਂਦਾ ਸੀ ਅਤੇ ਉਸ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕੋਈ ਸ਼ਰਮਿੰਦਗੀ ਨਹੀਂ ਹੁੰਦੀ ਸੀ। (ਰੋਮੀ. 1:16) ਉਸ ਨੇ ਦਲੇਰੀ ਨਾਲ ਯਰੂਸ਼ਲਮ ਵਿਚ ਪ੍ਰਚਾਰ ਕੀਤਾ। ਯਾਦ ਕਰੋ ਉਸ ਨੇ ਇੱਥੋਂ ਹੀ ਯਿਸੂ ਮਸੀਹ ਦੇ ਚੇਲਿਆਂ ਨੂੰ ਬੇਰਹਿਮੀ ਨਾਲ ਸਤਾਉਣਾ ਸ਼ੁਰੂ ਕੀਤਾ ਸੀ। ਯਰੂਸ਼ਲਮ ਦੇ ਯਹੂਦੀਆਂ ਨੂੰ ਇਹ ਜਾਣ ਕੇ ਝਟਕਾ ਲੱਗਾ ਕਿ ਉਨ੍ਹਾਂ ਦਾ ਆਪਣਾ ਬੰਦਾ ਜਿਹੜਾ ਮਸੀਹੀਆਂ ਦਾ ਖੁਰਾ-ਖੋਜ ਮਿਟਾਉਣ ਵਿਚ ਸਾਰਿਆਂ ਤੋਂ ਅੱਗੇ ਸੀ, ਆਪ ਹੀ ਮਸੀਹੀ ਬਣ ਗਿਆ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਬਾਈਬਲ ਵਿਚ ਦੱਸਿਆ ਹੈ: “ਜਦੋਂ ਭਰਾਵਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ [ਸੌਲੁਸ] ਨੂੰ ਕੈਸਰੀਆ ਲੈ ਆਏ ਅਤੇ ਉਸ ਨੂੰ ਤਰਸੁਸ ਘੱਲ ਦਿੱਤਾ।” (ਰਸੂ. 9:30) ਇਸ ਤਰ੍ਹਾਂ ਸੌਲੁਸ ਮੰਡਲੀ ਦੇ ਜ਼ਰੀਏ ਦਿੱਤੀਆਂ ਗਈਆਂ ਯਿਸੂ ਦੀਆਂ ਹਿਦਾਇਤਾਂ ਮੁਤਾਬਕ ਚੱਲਿਆ। ਇਸ ਦਾ ਸੌਲੁਸ ਅਤੇ ਮੰਡਲੀ ਦੋਵਾਂ ਨੂੰ ਫ਼ਾਇਦਾ ਹੋਇਆ।
19 ਧਿਆਨ ਦਿਓ ਕਿ ਬਰਨਾਬਾਸ ਨੇ ਪਹਿਲ ਕਰ ਕੇ ਸੌਲੁਸ ਦੀ ਮਦਦ ਕੀਤੀ ਸੀ। ਇਸ ਕਾਰਨ ਯਹੋਵਾਹ ਦੇ ਇਨ੍ਹਾਂ ਜੋਸ਼ੀਲੇ ਸੇਵਕਾਂ ਦੀ ਆਪਸ ਵਿਚ ਪੱਕੀ ਦੋਸਤੀ ਹੋ ਗਈ। ਕੀ ਤੁਸੀਂ ਵੀ ਬਰਨਾਬਾਸ ਵਾਂਗ ਨਵੇਂ ਪ੍ਰਚਾਰਕਾਂ ਦੀ ਪ੍ਰਚਾਰ ਕਰਨ ਅਤੇ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਕਰਦੇ ਹੋ? ਜੇ ਤੁਸੀਂ ਕਰੋਗੇ, ਤਾਂ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਦੂਜੇ ਪਾਸੇ, ਜੇ ਤੁਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਹੀ ਕੀਤਾ ਹੈ, ਤਾਂ ਕੀ ਤੁਸੀਂ ਸੌਲੁਸ ਵਾਂਗ ਦੂਜਿਆਂ ਦੀ ਮਦਦ ਸਵੀਕਾਰ ਕਰੋਗੇ? ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਤੁਹਾਡੇ ਪ੍ਰਚਾਰ ਕਰਨ ਦੀ ਕਲਾ ਸੁਧਰੇਗੀ, ਤੁਹਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ ਅਤੇ ਹੋਰਨਾਂ ਨਾਲ ਤੁਹਾਡੀ ਗੂੜ੍ਹੀ ਦੋਸਤੀ ਹੋਵੇਗੀ।
“ਬਹੁਤ ਸਾਰੇ ਲੋਕ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ” (ਰਸੂ. 9:31-43)
20, 21. ਪੁਰਾਣੇ ਤੇ ਮੌਜੂਦਾ ਸਮਿਆਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ ‘ਸ਼ਾਂਤੀ ਦੇ ਸਮੇਂ’ ਦਾ ਲਾਹਾ ਕਿਵੇਂ ਲਿਆ?
20 ਸੌਲੁਸ ਦੇ ਮਸੀਹੀ ਬਣਨ ਅਤੇ ਸਹੀ-ਸਲਾਮਤ ਤਰਸੁਸ ਚਲੇ ਜਾਣ ਤੋਂ ਬਾਅਦ “ਯਹੂਦਿਯਾ, ਗਲੀਲ ਅਤੇ ਸਾਮਰਿਯਾ ਦੀ ਪੂਰੀ ਮੰਡਲੀ ਲਈ ਸ਼ਾਂਤੀ ਦਾ ਸਮਾਂ ਆ ਗਿਆ।” (ਰਸੂ. 9:31) ਚੇਲਿਆਂ ਨੇ ਇਨ੍ਹਾਂ ‘ਚੰਗੇ ਹਾਲਾਤਾਂ’ ਵਿਚ ਕੀ ਕੀਤਾ? (2 ਤਿਮੋ. 4:2) ਬਾਈਬਲ ਦੱਸਦੀ ਹੈ ਕਿ ਉਹ ‘ਨਿਹਚਾ ਵਿਚ ਮਜ਼ਬੂਤ ਹੁੰਦੇ ਗਏ।’ ਰਸੂਲਾਂ ਅਤੇ ਹੋਰ ਜ਼ਿੰਮੇਵਾਰ ਭਰਾਵਾਂ ਨੇ ਚੇਲਿਆਂ ਦੀ ਨਿਹਚਾ ਹੋਰ ਮਜ਼ਬੂਤ ਕੀਤੀ। ਨਾਲੇ ਉਨ੍ਹਾਂ ਦੀ ਅਗਵਾਈ ਵਿਚ ਮੰਡਲੀ “ਯਹੋਵਾਹ ਦਾ ਡਰ ਰੱਖਦੀ ਅਤੇ ਪਵਿੱਤਰ ਸ਼ਕਤੀ ਤੋਂ ਦਿਲਾਸਾ ਪਾਉਂਦੀ ਰਹੀ।” ਮਿਸਾਲ ਲਈ, ਪਤਰਸ ਨੇ ਇਸ ਸਮੇਂ ਦੌਰਾਨ ਸ਼ਾਰੋਨ ਇਲਾਕੇ ਦੇ ਕਸਬੇ ਲੁੱਦਾ ਵਿਚ ਚੇਲਿਆਂ ਦਾ ਹੌਸਲਾ ਵਧਾਇਆ। ਉਸ ਦੇ ਜਤਨਾਂ ਨਾਲ ਉੱਥੇ ਦੇ ਕਈ ਲੋਕ “ਪ੍ਰਭੂ ਵੱਲ ਹੋ ਗਏ।” (ਰਸੂ. 9:32-35) ਚੇਲੇ ਆਪਣੇ ਕੰਮਾਂ-ਕਾਰਾਂ ਵਿਚ ਹੀ ਨਹੀਂ ਲੱਗੇ ਰਹੇ, ਸਗੋਂ ਉਨ੍ਹਾਂ ਨੇ ਇਕ-ਦੂਜੇ ਦਾ ਵੀ ਖ਼ਿਆਲ ਰੱਖਿਆ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਨਤੀਜੇ ਵਜੋਂ, ਮੰਡਲੀ ਵਿਚ “ਵਾਧਾ ਹੁੰਦਾ ਗਿਆ।”
21 ਵੀਹਵੀਂ ਸਦੀ ਦੇ ਅਖ਼ੀਰ ਵਿਚ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਲਈ “ਸ਼ਾਂਤੀ ਦਾ ਸਮਾਂ” ਆਇਆ। ਜਿਹੜੀਆਂ ਸਰਕਾਰਾਂ ਪਰਮੇਸ਼ੁਰ ਦੇ ਲੋਕਾਂ ਉੱਤੇ ਦਹਾਕਿਆਂ ਤੋਂ ਅਤਿਆਚਾਰ ਕਰ ਰਹੀਆਂ ਸਨ, ਉਹ ਰਾਤੋ-ਰਾਤ ਢਹਿ-ਢੇਰੀ ਹੋ ਗਈਆਂ ਅਤੇ ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰ ʼਤੇ ਲੱਗੀਆਂ ਪਾਬੰਦੀਆਂ ਕੁਝ ਹੱਦ ਤਕ ਘਟਾ ਦਿੱਤੀਆਂ ਗਈਆਂ ਜਾਂ ਫਿਰ ਪੂਰੀ ਤਰ੍ਹਾਂ ਹਟਾ ਦਿੱਤੀਆਂ ਗਈਆਂ। ਹਜ਼ਾਰਾਂ ਹੀ ਗਵਾਹਾਂ ਨੇ ਜ਼ੋਰਾਂ-ਸ਼ੋਰਾਂ ਨਾਲ ਖੁੱਲ੍ਹੇ-ਆਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਸ਼ਾਨਦਾਰ ਨਤੀਜੇ ਨਿਕਲੇ।
22. ਤੁਸੀਂ ਆਪਣੀ ਆਜ਼ਾਦੀ ਦਾ ਫ਼ਾਇਦਾ ਕਿਵੇਂ ਉਠਾ ਸਕਦੇ ਹੋ?
22 ਕੀ ਤੁਹਾਡੇ ਦੇਸ਼ ਵਿਚ ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ? ਇਸ ਲਈ ਕੀ ਤੁਸੀਂ ਯਹੋਵਾਹ ਦੀ ਭਗਤੀ ਕਰਨ ਦੀ ਆਜ਼ਾਦੀ ਦਾ ਪੂਰਾ-ਪੂਰਾ ਫ਼ਾਇਦਾ ਲੈ ਰਹੇ ਹੋ? ਯਾਦ ਰੱਖੋ ਕਿ ਸ਼ੈਤਾਨ ਤੁਹਾਨੂੰ ਉਕਸਾਉਣਾ ਚਾਹੁੰਦਾ ਹੈ ਕਿ ਤੁਸੀਂ ਇਸ ਆਜ਼ਾਦ ਮਾਹੌਲ ਵਿਚ ਪੈਸਾ ਕਮਾਉਣ ਵੱਲ ਧਿਆਨ ਦਿਓ, ਨਾ ਕਿ ਯਹੋਵਾਹ ਦੀ ਸੇਵਾ ਕਰਨ ਵੱਲ। (ਮੱਤੀ 13:22) ਆਪਣਾ ਧਿਆਨ ਭਟਕਣ ਨਾ ਦਿਓ। ਅੱਜ ਤੁਹਾਡੇ ਕੋਲ ਜਿੰਨਾ ਵੀ ਸ਼ਾਂਤੀ ਦਾ ਸਮਾਂ ਹੈ, ਉਸ ਦਾ ਫ਼ਾਇਦਾ ਲੈਂਦੇ ਹੋਏ ਚੰਗੀ ਤਰ੍ਹਾਂ ਗਵਾਹੀ ਦਿਓ ਅਤੇ ਮੰਡਲੀ ਦਾ ਹੌਸਲਾ ਵਧਾਓ। ਯਾਦ ਰੱਖੋ, ਪਲਕ ਝਪਕਦਿਆਂ ਹੀ ਤੁਹਾਡੇ ਹਾਲਾਤ ਬਦਲ ਸਕਦੇ ਹਨ।
23, 24. (ੳ) ਅਸੀਂ ਤਬਿਥਾ ਦੀ ਕਹਾਣੀ ਤੋਂ ਕਿਹੜੀਆਂ ਗੱਲਾਂ ਸਿੱਖਦੇ ਹਾਂ? (ਅ) ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
23 ਧਿਆਨ ਦਿਓ ਕਿ ਤਬਿਥਾ ਉਰਫ਼ ਦੋਰਕਸ ਨਾਲ ਕੀ ਹੋਇਆ ਸੀ। ਉਹ ਲੁੱਦਾ ਦੇ ਨੇੜੇ ਯਾਪਾ ਨਾਂ ਦੇ ਕਸਬੇ ਵਿਚ ਰਹਿੰਦੀ ਸੀ। ਇਹ ਵਫ਼ਾਦਾਰ ਭੈਣ “ਦੂਜਿਆਂ ਲਈ ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ।” ਇਸ ਕਰਕੇ ਉਹ ਆਪਣਾ ਸਮਾਂ ਤੇ ਚੀਜ਼ਾਂ ਅਕਲਮੰਦੀ ਨਾਲ ਇਸਤੇਮਾਲ ਕਰਦੀ ਸੀ। ਪਰ ਉਹ ਅਚਾਨਕ ਬੀਮਾਰ ਹੋ ਕੇ ਮਰ ਗਈ।c ਯਾਪਾ ਵਿਚ ਚੇਲਿਆਂ ਨੂੰ ਉਸ ਦੀ ਮੌਤ ਦਾ ਵੱਡਾ ਸਦਮਾ ਲੱਗਾ, ਖ਼ਾਸ ਕਰਕੇ ਉਨ੍ਹਾਂ ਵਿਧਵਾਵਾਂ ਨੂੰ ਜਿਨ੍ਹਾਂ ਦੀ ਤਬਿਥਾ ਮਦਦ ਕਰਦੀ ਹੁੰਦੀ ਸੀ। ਜਦੋਂ ਪਤਰਸ ਉਸ ਘਰ ਪਹੁੰਚਿਆ ਜਿੱਥੇ ਤਬਿਥਾ ਦੀ ਲਾਸ਼ ਨੂੰ ਦਫ਼ਨਾਉਣ ਤੋਂ ਪਹਿਲਾਂ ਨਲ੍ਹਾ ਕੇ ਰੱਖਿਆ ਹੋਇਆ ਸੀ, ਤਾਂ ਉਸ ਨੇ ਇਕ ਅਜਿਹਾ ਚਮਤਕਾਰ ਕੀਤਾ ਜੋ ਯਿਸੂ ਦੇ ਕਿਸੇ ਵੀ ਰਸੂਲ ਨੇ ਹਾਲੇ ਤਕ ਨਹੀਂ ਕੀਤਾ ਸੀ। ਪਤਰਸ ਨੇ ਪ੍ਰਾਰਥਨਾ ਕੀਤੀ ਅਤੇ ਫਿਰ ਤਬਿਥਾ ਨੂੰ ਜੀਉਂਦਾ ਕਰ ਦਿੱਤਾ! ਕੀ ਤੁਸੀਂ ਵਿਧਵਾਵਾਂ ਅਤੇ ਚੇਲਿਆਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾ ਸਕਦੇ ਹੋ ਜਦੋਂ ਉਨ੍ਹਾਂ ਨੇ ਕਮਰੇ ਵਿਚ ਆ ਕੇ ਜੀਉਂਦੀ-ਜਾਗਦੀ ਤਬਿਥਾ ਨੂੰ ਦੇਖਿਆ? ਇਨ੍ਹਾਂ ਗੱਲਾਂ ਤੋਂ ਚੇਲਿਆਂ ਨੂੰ ਅੱਗੇ ਆਉਣ ਵਾਲੀਆਂ ਅਜ਼ਮਾਇਸ਼ਾਂ ਸਹਿਣ ਕਰਨ ਦੀ ਹਿੰਮਤ ਮਿਲੀ ਹੋਣੀ! ਬਿਨਾਂ ਸ਼ੱਕ ਇਸ ਚਮਤਕਾਰ ਦੀ ਖ਼ਬਰ ‘ਪੂਰੇ ਯਾਪਾ ਵਿਚ ਫੈਲ ਗਈ ਅਤੇ ਬਹੁਤ ਸਾਰੇ ਲੋਕ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ।’—ਰਸੂ. 9:36-42.
24 ਤਬਿਥਾ ਦੀ ਕਹਾਣੀ ਤੋਂ ਅਸੀਂ ਦੋ ਜ਼ਰੂਰੀ ਗੱਲਾਂ ਸਿੱਖਦੇ ਹਾਂ। (1) ਜ਼ਿੰਦਗੀ ਤਾਂ ਪਾਣੀ ਦਾ ਬੁਲਬੁਲਾ ਹੈ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਕੀ ਰਹਿੰਦੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਈਏ। (ਉਪ. 7:1) (2) ਮਰੇ ਹੋਏ ਲੋਕਾਂ ਨੂੰ ਜ਼ਰੂਰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਯਹੋਵਾਹ ਨੇ ਤਬਿਥਾ ਦੇ ਭਲੇ ਕੰਮਾਂ ਨੂੰ ਦੇਖ ਕੇ ਉਸ ਨੂੰ ਇਨਾਮ ਦਿੱਤਾ। ਉਹ ਸਾਡੀ ਸਖ਼ਤ ਮਿਹਨਤ ਨੂੰ ਵੀ ਯਾਦ ਰੱਖੇਗਾ ਅਤੇ ਸਾਨੂੰ ਦੁਬਾਰਾ ਜੀਉਂਦਾ ਕਰੇਗਾ ਜੇ ਅਸੀਂ ਆਰਮਾਗੇਡਨ ਆਉਣ ਤੋਂ ਪਹਿਲਾਂ ਮਰ ਜਾਂਦੇ ਹਾਂ। (ਇਬ. 6:10) ਭਾਵੇਂ ਅਸੀਂ ਹੁਣ “ਬੁਰੇ ਹਾਲਾਤਾਂ” ਵਿੱਚੋਂ ਗੁਜ਼ਰ ਰਹੇ ਹਾਂ ਜਾਂ ‘ਸ਼ਾਂਤੀ ਦੇ ਸਮੇਂ’ ਵਿਚ ਰਹਿ ਰਹੇ ਹਾਂ, ਆਓ ਆਪਾਂ ਮਸੀਹ ਬਾਰੇ ਚੰਗੀ ਤਰ੍ਹਾਂ ਗਵਾਹੀ ਦੇਣ ਵਿਚ ਲੱਗੇ ਰਹੀਏ।—2 ਤਿਮੋ. 4:2.
a “ਫ਼ਰੀਸੀ ਸੌਲੁਸ” ਨਾਂ ਦੀ ਡੱਬੀ ਦੇਖੋ।
b ਆਮ ਤੌਰ ਤੇ ਰਸੂਲਾਂ ਰਾਹੀਂ ਹੋਰਨਾਂ ਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲਦੀ ਸੀ। ਪਰ ਲੱਗਦਾ ਹੈ ਕਿ ਯਿਸੂ ਨੇ ਹਨਾਨਿਆ ਨੂੰ ਅਧਿਕਾਰ ਦਿੱਤਾ ਸੀ ਕਿ ਉਹ ਸੌਲੁਸ ਨੂੰ ਪਵਿੱਤਰ ਸ਼ਕਤੀ ਦੀਆਂ ਦਾਤਾਂ ਦੇਵੇ। ਮਸੀਹੀ ਬਣਨ ਤੋਂ ਕਈ ਸਾਲ ਬਾਅਦ ਹੀ ਸੌਲੁਸ ਪਹਿਲੀ ਵਾਰ 12 ਰਸੂਲਾਂ ਨੂੰ ਮਿਲਿਆ ਸੀ। ਜ਼ਾਹਰ ਹੈ ਕਿ ਉਹ ਇਨ੍ਹਾਂ ਸਾਲਾਂ ਦੌਰਾਨ ਪ੍ਰਚਾਰ ਕਰਨ ਵਿਚ ਰੁੱਝਾ ਰਿਹਾ। ਇਸ ਲਈ ਯਿਸੂ ਨੇ ਸੌਲੁਸ ਨੂੰ ਪਵਿੱਤਰ ਸ਼ਕਤੀ ਦਿੱਤੀ ਜੋ ਉਸ ਦੇ ਪ੍ਰਚਾਰ ਕਰਦੇ ਰਹਿਣ ਲਈ ਜ਼ਰੂਰੀ ਸੀ।
c “ਤਬਿਥਾ—‘ਉਹ ਦੂਜਿਆਂ ਲਈ ਭਲੇ ਕੰਮ ਕਰਨ ਵਿਚ ਲੱਗੀ ਰਹਿੰਦੀ ਸੀ’” ਨਾਂ ਦੀ ਡੱਬੀ ਦੇਖੋ।