ਬਪਤਿਸਮਾ ਲੈਣ ਦਾ ਕੀ ਮਤਲਬ ਹੈ?
ਬਾਈਬਲ ਕੀ ਕਹਿੰਦੀ ਹੈ?
ਬਪਤਿਸਮੇ ਦਾ ਮਤਲਬ ਹੈ, ਇਕ ਵਿਅਕਤੀ ਨੂੰ ਪਾਣੀ ਵਿਚ ਡੁਬਕੀ ਦੇਣੀ।a ਬਾਈਬਲ ਵਿਚ ਬਹੁਤ ਜਣਿਆਂ ਦੇ ਬਪਤਿਸਮੇ ਬਾਰੇ ਲਿਖਿਆ ਹੈ। (ਰਸੂਲਾਂ ਦੇ ਕੰਮ 2:41) ਇਨ੍ਹਾਂ ਵਿੱਚੋਂ ਇਕ ਹੈ, ਯਿਸੂ ਦਾ ਬਪਤਿਸਮਾ। ਯਿਸੂ ਨੇ ਯਰਦਨ ਦਰਿਆ ਦੇ ਪਾਣੀ ਵਿਚ ਡੁਬਕੀ ਲੈ ਕੇ ਬਪਤਿਸਮਾ ਲਿਆ ਸੀ। (ਮੱਤੀ 3:13, 16) ਫਿਰ ਸਾਲਾਂ ਬਾਅਦ ਇਥੋਪੀਆ ਦਾ ਇਕ ਆਦਮੀ ਜਦੋਂ ਸਫ਼ਰ ਕਰ ਰਿਹਾ ਸੀ, ਤਾਂ ਰਾਹ ਵਿਚ ਇਕ ਜਗ੍ਹਾ ʼਤੇ ਜਿੱਥੇ “ਬਹੁਤ ਸਾਰਾ ਪਾਣੀ ਸੀ” ਉੱਥੇ ਉਸ ਨੇ ਬਪਤਿਸਮਾ ਲਿਆ।—ਰਸੂਲਾਂ ਦੇ ਕੰਮ 8:36-40.
ਯਿਸੂ ਨੇ ਸਿਖਾਇਆ ਕਿ ਬਪਤਿਸਮਾ ਲੈਣਾ ਉਸ ਦੇ ਚੇਲਿਆਂ ਲਈ ਜ਼ਰੂਰੀ ਮੰਗ ਹੈ। (ਮੱਤੀ 28:19, 20) ਪਤਰਸ ਰਸੂਲ ਨੇ ਵੀ ਇਸੇ ਸਿੱਖਿਆ ʼਤੇ ਜ਼ੋਰ ਦਿੱਤਾ।—1 ਪਤਰਸ 3:21.
ਇਸ ਲੇਖ ਵਿਚ ਦੇਖੋ
ਨੰਨ੍ਹੇ-ਮੁੰਨੇ ਬੱਚਿਆਂ ਨੂੰ ਬਪਤਿਸਮਾ ਦੇਣ ਜਾਂ ਉਨ੍ਹਾਂ ਦੇ ਨਾਮਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?
ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ?
ਬਪਤਿਸਮੇ ਦਾ ਕੀ ਮਤਲਬ ਹੈ?
ਬਪਤਿਸਮਾ ਲੈ ਕੇ ਇਕ ਵਿਅਕਤੀ ਦਿਖਾਉਂਦਾ ਹੈ ਕਿ ਉਸ ਨੇ ਆਪਣੇ ਪਾਪਾਂ ਤੋਂ ਤੋਬਾ ਕਰ ਲਈ ਹੈ ਅਤੇ ਪਰਮੇਸ਼ੁਰ ਨਾਲ ਵਾਅਦਾ ਕੀਤਾ ਹੈ ਕਿ ਉਹ ਹੁਣ ਤੋਂ ਉਸ ਦੀ ਇੱਛਾ ਪੂਰੀ ਕਰੇਗਾ। ਇਸ ਦਾ ਮਤਲਬ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਹਮੇਸ਼ਾ ਯਹੋਵਾਹ ਅਤੇ ਯਿਸੂ ਦਾ ਕਹਿਣਾ ਮੰਨੇਗਾ। ਬਪਤਿਸਮਾ ਲੈਣ ਵਾਲੇ ਲੋਕ ਉਸ ਰਾਹ ʼਤੇ ਤੁਰਨਾ ਸ਼ੁਰੂ ਕਰਦੇ ਹਨ ਜੋ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਕੇ ਜਾਂਦਾ ਹੈ।
ਪਾਣੀ ਵਿਚ ਡੁਬਕੀ ਲੈ ਕੇ ਇਕ ਵਿਅਕਤੀ ਇਸ ਗੱਲ ਦਾ ਸਭ ਤੋਂ ਵਧੀਆ ਸਬੂਤ ਦਿੰਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਬਦਲਾਅ ਕੀਤੇ ਹਨ। ਉਹ ਕਿਵੇਂ? ਬਾਈਬਲ ਵਿਚ ਬਪਤਿਸਮੇ ਦੀ ਤੁਲਨਾ ਲਾਸ਼ ਨੂੰ ਦਫ਼ਨਾਉਣ ਨਾਲ ਕੀਤੀ ਗਈ ਹੈ। (ਰੋਮੀਆਂ 6:4; ਕੁਲੁੱਸੀਆਂ 2:12) ਪਾਣੀ ਦੇ ਅੰਦਰ ਜਾ ਕੇ ਇਕ ਵਿਅਕਤੀ ਦਿਖਾਉਂਦਾ ਹੈ ਕਿ ਉਸ ਨੇ ਆਪਣੀ ਪੁਰਾਣੀ ਜ਼ਿੰਦਗੀ ਤਿਆਗ ਦਿੱਤੀ ਹੈ। ਨਾਲੇ ਜਦੋਂ ਉਹ ਪਾਣੀ ਵਿੱਚੋਂ ਬਾਹਰ ਆਉਂਦਾ ਹੈ, ਤਾਂ ਉਹ ਦਿਖਾਉਂਦਾ ਹੈ ਕਿ ਉਹ ਇਕ ਸਮਰਪਿਤ ਮਸੀਹੀ ਵਜੋਂ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਹੈ।
ਨੰਨ੍ਹੇ-ਮੁੰਨੇ ਬੱਚਿਆਂ ਨੂੰ ਬਪਤਿਸਮਾ ਦੇਣ ਜਾਂ ਉਨ੍ਹਾਂ ਦੇ ਨਾਮਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਵਿਚ “ਨਾਮਕਰਨ”b ਸ਼ਬਦ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਨਾ ਹੀ ਬਾਈਬਲ ਇਹ ਸਿਖਾਉਂਦੀ ਹੈ ਕਿ ਨੰਨ੍ਹੇ-ਮੁੰਨੇ ਬੱਚਿਆਂ ਨੂੰ ਬਪਤਿਸਮਾ ਦੇਣਾ ਚਾਹੀਦਾ ਹੈ।
ਬਾਈਬਲ ਮੁਤਾਬਕ ਨੰਨ੍ਹੇ-ਮੁੰਨੇ ਬੱਚਿਆਂ ਨੂੰ ਬਪਤਿਸਮਾ ਦੇਣਾ ਸਹੀ ਨਹੀਂ ਹੈ। ਬਾਈਬਲ ਸਿਖਾਉਂਦੀ ਹੈ ਕਿ ਜਿਹੜਾ ਵਿਅਕਤੀ ਬਪਤਿਸਮਾ ਲੈਣਾ ਚਾਹੁੰਦਾ ਹੈ, ਉਸ ਨੂੰ ਕੁਝ ਜ਼ਰੂਰੀ ਮੰਗਾਂ ਪੂਰੀਆਂ ਕਰਨ ਦੀ ਲੋੜ ਹੁੰਦੀ ਹੈ। ਉਦਾਹਰਣ ਲਈ, ਉਸ ਨੂੰ ਘੱਟੋ-ਘੱਟ ਪਰਮੇਸ਼ੁਰ ਦੇ ਬਚਨ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਮੁਤਾਬਕ ਚੱਲਣਾ ਚਾਹੀਦਾ ਹੈ। ਉਸ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੋਣੀ ਚਾਹੀਦੀ ਹੈ। ਨਾਲੇ ਉਸ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਣੀ ਚਾਹੀਦੀ ਹੈ। (ਰਸੂਲਾਂ ਦੇ ਕੰਮ 2:38, 41; 8:12) ਪਰ ਨੰਨ੍ਹੇ-ਮੁੰਨੇ ਬੱਚੇ ਇਹ ਸਾਰਾ ਕੁਝ ਕਰਨ ਦੇ ਕਾਬਲ ਨਹੀਂ ਹੁੰਦੇ।
ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ?
ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ, “ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦਿਓ ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।” (ਮੱਤੀ 28:19, 20) ਇਸ ਆਇਤ ਵਿਚ ਲਿਖੇ ਸ਼ਬਦਾਂ “ਦੇ ਨਾਂ ʼਤੇ” ਦਾ ਮਤਲਬ ਹੈ ਕਿ ਜਿਹੜਾ ਵਿਅਕਤੀ ਬਪਤਿਸਮਾ ਲੈ ਰਿਹਾ ਹੈ, ਉਹ ਇਹ ਸਮਝਦਾ ਅਤੇ ਮੰਨਦਾ ਹੈ ਕਿ ਪਿਤਾ ਅਤੇ ਪੁੱਤਰ ਦਾ ਕੀ ਅਧਿਕਾਰ ਤੇ ਅਹੁਦਾ ਹੈ ਅਤੇ ਪਵਿੱਤਰ ਸ਼ਕਤੀ ਦੀ ਕੀ ਭੂਮਿਕਾ ਹੈ। ਇਸ ਨੂੰ ਸਮਝਣ ਲਈ ਜ਼ਰਾ ਇਸ ਗੱਲ ʼਤੇ ਗੌਰ ਕਰੋ ਕਿ ਪਤਰਸ ਰਸੂਲ ਨੇ ਇਕ ਆਦਮੀ ਨੂੰ ਕੀ ਕਿਹਾ ਜੋ ਜਨਮ ਤੋਂ ਲੰਗੜਾ ਸੀ: “ਮੈਂ ਤੈਨੂੰ ਯਿਸੂ ਮਸੀਹ ਨਾਸਰੀ ਦੇ ਨਾਂ ʼਤੇ ਕਹਿੰਦਾ ਹਾਂ, ਉੱਠ ਅਤੇ ਤੁਰ!” (ਰਸੂਲਾਂ ਦੇ ਕੰਮ 3:6) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਤਰਸ ਮਸੀਹ ਦੇ ਅਧਿਕਾਰ ਬਾਰੇ ਜਾਣਦਾ ਸੀ ਅਤੇ ਉਸ ਨੂੰ ਮੰਨਦਾ ਵੀ ਸੀ। ਇਸ ਕਰਕੇ ਉਸ ਨੇ ਚਮਤਕਾਰੀ ਤਰੀਕੇ ਨਾਲ ਉਸ ਨੂੰ ਠੀਕ ਕੀਤਾ।
“ਪਿਤਾ” ਯਹੋਵਾਹc ਪਰਮੇਸ਼ੁਰ ਨੂੰ ਕਿਹਾ ਗਿਆ ਹੈ। ਸ੍ਰਿਸ਼ਟੀਕਰਤਾ, ਜੀਵਨ ਦਾਤਾ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ।—ਉਤਪਤ 17:1; ਪ੍ਰਕਾਸ਼ ਦੀ ਕਿਤਾਬ 4:11.
“ਪੁੱਤਰ” ਯਿਸੂ ਮਸੀਹ ਹੈ ਜਿਸ ਨੇ ਸਾਡੇ ਸਾਰਿਆਂ ਲਈ ਆਪਣੀ ਜਾਨ ਦਿੱਤੀ। (ਰੋਮੀਆਂ 6:23) ਸਾਨੂੰ ਸਿਰਫ਼ ਉਦੋਂ ਹੀ ਛੁਟਕਾਰਾ ਮਿਲ ਸਕਦਾ ਹੈ ਜਦੋਂ ਅਸੀਂ ਇਹ ਗੱਲ ਸਮਝ ਤੇ ਮੰਨ ਲੈਂਦੇ ਹਾਂ ਕਿ ਇਨਸਾਨਾਂ ਲਈ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਅਹਿਮ ਭੂਮਿਕਾ ਹੈ।—ਯੂਹੰਨਾ 14:6; 20:31; ਰਸੂਲਾਂ ਦੇ ਕੰਮ 4:8-12.
“ਪਵਿੱਤਰ ਸ਼ਕਤੀ” ਪਰਮੇਸ਼ੁਰ ਦੀ ਕੰਮ ਕਰਨ ਦੀ ਸ਼ਕਤੀ ਹੈ।d ਪਰਮੇਸ਼ੁਰ ਨੇ ਆਪਣੀ ਸ਼ਕਤੀ ਰਾਹੀਂ ਦੂਤਾਂ ਨੂੰ ਬਣਾਇਆ, ਜ਼ਿੰਦਗੀ ਦੀ ਸ਼ੁਰੂਆਤ ਕੀਤੀ, ਆਪਣੇ ਨਬੀਆਂ ਤੇ ਦੂਜੇ ਲੋਕਾਂ ਨੂੰ ਸੰਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੀ ਤਾਕਤ ਦਿੱਤੀ। (ਉਤਪਤ 1:2; ਅੱਯੂਬ 33:4; ਰੋਮੀਆਂ 15:18, 19) ਨਾਲੇ ਪਰਮੇਸ਼ੁਰ ਨੇ ਪਵਿੱਤਰ ਸ਼ਕਤੀ ਰਾਹੀਂ ਬਾਈਬਲ ਦੇ ਲਿਖਾਰੀਆਂ ਨੂੰ ਉਸ ਦੇ ਵਿਚਾਰ ਲਿਖਣ ਲਈ ਪ੍ਰੇਰਿਤ ਕੀਤਾ।—2 ਪਤਰਸ 1:21.
ਕੀ ਦੁਬਾਰਾ ਬਪਤਿਸਮਾ ਲੈਣਾ ਪਾਪ ਹੈ?
ਕੁਝ ਜਣੇ ਦੂਜਾ ਧਰਮ ਅਪਣਾ ਲੈਂਦੇ ਹਨ। ਪਰ ਜੇ ਕੋਈ ਪਹਿਲਾਂ ਚਰਚ ਜਾਂਦਾ ਸੀ ਅਤੇ ਉੱਥੇ ਉਸ ਦਾ ਬਪਤਿਸਮਾ ਹੋਇਆ ਸੀ, ਤਾਂ ਉਸ ਬਾਰੇ ਕੀ? ਜੇ ਉਹੀ ਵਿਅਕਤੀ ਦੁਬਾਰਾ ਬਪਤਿਸਮਾ ਲੈਂਦਾ ਹੈ, ਤਾਂ ਕੀ ਉਹ ਪਾਪ ਕਰ ਰਿਹਾ ਹੋਵੇਗਾ? ਕੁਝ ਲੋਕ ਸ਼ਾਇਦ ਕਹਿਣ, ਹਾਂ। ਉਹ ਸ਼ਾਇਦ ਅਫ਼ਸੀਆਂ 4:5 ਮੁਤਾਬਕ ਇੱਦਾਂ ਕਹਿਣ। ਇਸ ਆਇਤ ਵਿਚ ਲਿਖਿਆ ਹੈ: “ਇਕ ਹੀ ਪ੍ਰਭੂ ਹੈ, ਇਕ ਹੀ ਨਿਹਚਾ ਹੈ ਅਤੇ ਇਕ ਹੀ ਬਪਤਿਸਮਾ ਹੈ।” ਪਰ ਇਸ ਆਇਤ ਦਾ ਇਹ ਮਤਲਬ ਨਹੀਂ ਕਿ ਕੋਈ ਵਿਅਕਤੀ ਦੁਬਾਰਾ ਬਪਤਿਸਮਾ ਲੈ ਹੀ ਨਹੀਂ ਸਕਦਾ। ਉਹ ਕਿਉਂ?
ਅਗਲੀਆਂ-ਪਿਛਲੀਆਂ ਆਇਤਾਂ ਤੋਂ ਕੀ ਪਤਾ ਲੱਗਦਾ ਹੈ? ਅਫ਼ਸੀਆਂ 4:5 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਰਸੂਲ ਇਸ ਗੱਲ ʼਤੇ ਜ਼ੋਰ ਦੇ ਰਿਹਾ ਸੀ ਕਿ ਸੱਚੇ ਮਸੀਹੀਆਂ ਨੂੰ ਇੱਕੋ ਜਿਹੀਆਂ ਗੱਲਾਂ ʼਤੇ ਨਿਹਚਾ ਕਰਨੀ ਚਾਹੀਦੀ ਹੈ। (ਅਫ਼ਸੀਆਂ 4:1-3, 16) ਇਹ ਏਕਤਾ ਸਿਰਫ਼ ਤਾਂ ਹੀ ਹੋਣੀ ਸੀ ਜੇ ਉਹ ਇੱਕੋ ਪਰਮੇਸ਼ੁਰ ਦੀ ਭਗਤੀ ਕਰਦੇ; ਉਹ ਇੱਕੋ ਜਿਹੀਆਂ ਗੱਲਾਂ ʼਤੇ ਨਿਹਚਾ ਕਰਦੇ ਜਾਂ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਉਨ੍ਹਾਂ ਦੀ ਸਮਝ ਇੱਕੋ ਜਿਹੀ ਹੁੰਦੀ। ਨਾਲੇ ਉਹ ਬਪਤਿਸਮੇ ਬਾਰੇ ਬਾਈਬਲ-ਆਧਾਰਿਤ ਇੱਕੋ ਜਿਹੀਆਂ ਮੰਗਾਂ ਪੂਰੀਆਂ ਕਰਦੇ।
ਪੌਲੁਸ ਰਸੂਲ ਉਨ੍ਹਾਂ ਕੁਝ ਜਣਿਆਂ ਨੂੰ ਦੁਬਾਰਾ ਬਪਤਿਸਮਾ ਲੈਣ ਦੀ ਹੱਲਾਸ਼ੇਰੀ ਦੇ ਰਿਹਾ ਸੀ ਜਿਨ੍ਹਾਂ ਨੇ ਪਹਿਲਾਂ ਹੀ ਬਪਤਿਸਮਾ ਲਿਆ ਹੋਇਆ ਸੀ। ਉਹ ਕਿਉਂ? ਕਿਉਂਕਿ ਉਨ੍ਹਾਂ ਨੇ ਮਸੀਹੀ ਸਿੱਖਿਆਵਾਂ ਦੀ ਪੂਰੀ ਸਮਝ ਲਏ ਬਗੈਰ ਹੀ ਬਪਤਿਸਮਾ ਲੈ ਲਿਆ ਸੀ।—ਰਸੂਲਾਂ ਦੇ ਕੰਮ 19:1-5.
ਬਪਤਿਸਮੇ ਲਈ ਸਹੀ ਆਧਾਰ ਕੀ ਹੈ? ਪਰਮੇਸ਼ੁਰ ਨੂੰ ਉਹੀ ਬਪਤਿਸਮਾ ਮਨਜ਼ੂਰ ਹੈ ਜੋ ਬਾਈਬਲ ਦੀਆਂ ਸੱਚਾਈਆਂ ਦੇ ਸਹੀ ਗਿਆਨ ʼਤੇ ਆਧਾਰਿਤ ਹੋਵੇ। (1 ਤਿਮੋਥਿਉਸ 2:3, 4) ਜੇ ਕੋਈ ਵਿਅਕਤੀ ਉਨ੍ਹਾਂ ਸਿੱਖਿਆਵਾਂ ਦੇ ਆਧਾਰ ʼਤੇ ਬਪਤਿਸਮਾ ਲੈਂਦਾ ਹੈ ਜੋ ਬਾਈਬਲ ਤੋਂ ਉਲਟ ਹਨ, ਤਾਂ ਇਹ ਬਪਤਿਸਮਾ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੋਵੇਗਾ। (ਯੂਹੰਨਾ 4:23, 24) ਹੋ ਸਕਦਾ ਹੈ ਕਿ ਉਸ ਵਿਅਕਤੀ ਦੇ ਇਰਾਦੇ ਚੰਗੇ ਹੋਣ, ਪਰ ਜੇ ਉਸ ਨੇ ਬਾਈਬਲ ਦੇ “ਸਹੀ ਗਿਆਨ ਦੇ ਮੁਤਾਬਕ” ਬਪਤਿਸਮਾ ਨਹੀਂ ਲਿਆ ਹੈ, ਤਾਂ ਉਹ ਬਪਤਿਸਮਾ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੋਵੇਗਾ। (ਰੋਮੀਆਂ 10:2) ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਲਈ ਉਸ ਨੂੰ ਕੀ ਕਰਨਾ ਪਵੇਗਾ? ਉਸ ਨੂੰ ਬਾਈਬਲ ਸੱਚਾਈਆਂ ਸਿੱਖਣੀਆਂ ਪੈਣਗੀਆਂ, ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਪਵੇਗਾ, ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਪਵੇਗੀ ਅਤੇ ਦੁਬਾਰਾ ਬਪਤਿਸਮਾ ਲੈਣਾ ਪਵੇਗਾ। ਇਨ੍ਹਾਂ ਹਾਲਾਤਾਂ ਵਿਚ ਜੇ ਉਹ ਦੁਬਾਰਾ ਬਪਤਿਸਮਾ ਲੈਂਦਾ ਹੈ, ਤਾਂ ਉਹ ਪਾਪ ਨਹੀਂ ਕਰਦਾ। ਇਸ ਦੀ ਬਜਾਇ, ਉਹ ਸਹੀ ਕਰ ਰਿਹਾ ਹੁੰਦਾ ਹੈ।
ਬਾਈਬਲ ਵਿਚ ਦਰਜ ਹੋਰ ਜਣਿਆਂ ਦੇ ਬਪਤਿਸਮੇ
ਬਾਈਬਲ ਵਿਚ ਕੁਝ ਹੋਰ ਜਣਿਆਂ ਦੇ ਬਪਤਿਸਮੇ ਦਰਜ ਹਨ, ਪਰ ਇਨ੍ਹਾਂ ਦਾ ਮਤਲਬ ਮਸੀਹ ਦੇ ਚੇਲਿਆਂ ਦੁਆਰਾ ਪਾਣੀ ਵਿਚ ਡੁਬਕੀ ਲੈਣ ਨਾਲੋਂ ਅਲੱਗ ਹੈ। ਆਓ ਆਪਾਂ ਕੁਝ ਉਦਾਹਰਣਾਂ ʼਤੇ ਗੌਰ ਕਰੀਏ।
ਯੂਹੰਨਾ ਬਪਤਿਸਮਾ ਦੇਣ ਵਾਲੇ ਰਾਹੀਂ ਦਿੱਤਾ ਬਪਤਿਸਮਾ।e ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੇ ਯੂਹੰਨਾ ਤੋਂ ਬਪਤਿਸਮਾ ਲਿਆ। ਇੱਦਾਂ ਕਰ ਕੇ ਉਨ੍ਹਾਂ ਨੇ ਦਿਖਾਇਆ ਕਿ ਉਨ੍ਹਾਂ ਨੇ ਮੂਸਾ ਦੇ ਕਾਨੂੰਨ (ਯਾਨੀ ਪਰਮੇਸ਼ੁਰ ਨੇ ਮੂਸਾ ਰਾਹੀਂ ਇਜ਼ਰਾਈਲੀਆਂ ਨੂੰ ਜੋ ਵੀ ਕਾਨੂੰਨ ਦਿੱਤੇ ਸਨ) ਖ਼ਿਲਾਫ਼ ਕੀਤੇ ਪਾਪਾਂ ਤੋਂ ਦਿਲੋਂ ਤੋਬਾ ਕੀਤੀ ਸੀ। ਯੂਹੰਨਾ ਦੇ ਬਪਤਿਸਮੇ ਤੋਂ ਲੋਕ ਨਾਸਰਤ ਦੇ ਯਿਸੂ ਨੂੰ ਮਸੀਹ ਵਜੋਂ ਪਛਾਣਨ ਅਤੇ ਕਬੂਲ ਕਰਨ ਲਈ ਤਿਆਰ ਹੋਏ।—ਲੂਕਾ 1:13-17; 3:2, 3; ਰਸੂਲਾਂ ਦੇ ਕੰਮ 19:4.
ਯਿਸੂ ਦਾ ਬਪਤਿਸਮਾ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ, ਪਰ ਇਹ ਯੂਹੰਨਾ ਰਾਹੀਂ ਦਿੱਤੇ ਹੋਰ ਬਪਤਿਸਮਿਆਂ ਨਾਲੋਂ ਬਿਲਕੁਲ ਵੱਖਰਾ ਸੀ। ਕਿਉਂ? ਕਿਉਂਕਿ ਯਿਸੂ ਮੁਕੰਮਲ ਸੀ ਅਤੇ ਉਸ ਨੇ ਕੋਈ ਪਾਪ ਨਹੀਂ ਕੀਤਾ ਸੀ। (1 ਪਤਰਸ 2:21, 22) ਇਸ ਲਈ ਉਸ ਦੇ ਬਪਤਿਸਮੇ ਵਿਚ ਆਪਣੇ ਪਾਪਾਂ ਤੋਂ ਤੋਬਾ ਕਰਨੀ ਜਾਂ “ਪਰਮੇਸ਼ੁਰ ਨੂੰ ਸਾਫ਼ ਜ਼ਮੀਰ ਵਾਸਤੇ ਫ਼ਰਿਆਦ” ਕਰਨੀ ਸ਼ਾਮਲ ਨਹੀਂ ਸੀ। (1 ਪਤਰਸ 3:21) ਉਸ ਦੇ ਬਪਤਿਸਮੇ ਤੋਂ ਜ਼ਾਹਰ ਹੋਇਆ ਕਿ ਉਹ ਭਵਿੱਖਬਾਣੀਆਂ ਮੁਤਾਬਕ ਦੱਸੇ ਮਸੀਹ ਵਜੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਖ਼ੁਦ ਨੂੰ ਪੇਸ਼ ਕਰ ਰਿਹਾ ਸੀ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਇਹ ਵੀ ਸ਼ਾਮਲ ਸੀ ਕਿ ਉਹ ਸਾਡੇ ਵਾਸਤੇ ਆਪਣੀ ਜਾਨ ਕੁਰਬਾਨ ਕਰੇ।—ਇਬਰਾਨੀਆਂ 10:7-10.
ਪਵਿੱਤਰ ਸ਼ਕਤੀ ਨਾਲ ਬਪਤਿਸਮਾ। ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਯਿਸੂ ਮਸੀਹ ਦੋਹਾਂ ਨੇ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਣ ਬਾਰੇ ਗੱਲ ਕੀਤੀ। (ਮੱਤੀ 3:11; ਲੂਕਾ 3:16; ਰਸੂਲਾਂ ਦੇ ਕੰਮ 1:1-5) ਪਵਿੱਤਰ ਸ਼ਕਤੀ ਨਾਲ ਬਪਤਿਸਮਾ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦੋਹਾਂ ਵਿਚ ਬਹੁਤ ਫ਼ਰਕ ਹੈ। (ਮੱਤੀ 28:19) ਉਹ ਕਿੱਦਾਂ?
ਯਿਸੂ ਦੇ ਸਿਰਫ਼ ਕੁਝ ਹੀ ਚੇਲਿਆਂ ਦਾ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਹੋਇਆ ਹੈ। ਇਨ੍ਹਾਂ ਚੇਲਿਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ ਕਿਉਂਕਿ ਇਨ੍ਹਾਂ ਨੇ ਸਵਰਗ ਵਿਚ ਮਸੀਹ ਦੇ ਨਾਲ ਰਾਜਿਆਂ ਅਤੇ ਪੁਜਾਰੀਆਂ ਵਜੋਂ ਧਰਤੀ ʼਤੇ ਰਾਜ ਕਰਨਾ ਹੈ।f (1 ਪਤਰਸ 1:3, 4; ਪ੍ਰਕਾਸ਼ ਦੀ ਕਿਤਾਬ 5:9, 10) ਉਹ ਯਿਸੂ ਦੇ ਉਨ੍ਹਾਂ ਲੱਖਾਂ ਹੀ ਚੇਲਿਆਂ ʼਤੇ ਰਾਜ ਕਰਨਗੇ ਜਿਨ੍ਹਾਂ ਕੋਲ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ।—ਮੱਤੀ 5:5; ਲੂਕਾ 23:43.
ਮਸੀਹ ਯਿਸੂ ਵਿਚ ਬਪਤਿਸਮਾ ਅਤੇ ਉਸ ਦੀ ਮੌਤ ਵਿਚ ਬਪਤਿਸਮਾ। ਜਿਨ੍ਹਾਂ ਨੇ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਲਿਆ ਹੈ, ਉਨ੍ਹਾਂ ਨੇ ‘ਮਸੀਹ ਯਿਸੂ ਵਿਚ ਵੀ ਬਪਤਿਸਮਾ’ ਲਿਆ ਹੈ। (ਰੋਮੀਆਂ 6:3) ਇਸ ਲਈ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਯਿਸੂ ਦੇ ਸਿਰਫ਼ ਉਨ੍ਹਾਂ ਚੇਲਿਆਂ ʼਤੇ ਲਾਗੂ ਹੁੰਦਾ ਹੈ ਜੋ ਉਸ ਨਾਲ ਸਵਰਗ ਵਿਚ ਰਾਜ ਕਰਨਗੇ। ਯਿਸੂ ਵਿਚ ਬਪਤਿਸਮਾ ਲੈ ਕੇ ਉਹ ਚੁਣੀ ਹੋਈ ਮੰਡਲੀ ਦਾ ਹਿੱਸਾ ਬਣਦੇ ਹਨ। ਯਿਸੂ ਸਿਰ ਹੈ ਅਤੇ ਉਹ ਸਰੀਰ ਹਨ।—1 ਕੁਰਿੰਥੀਆਂ 12:12, 13, 27; ਕੁਲੁੱਸੀਆਂ 1:18.
ਚੁਣੇ ਹੋਏ ਮਸੀਹੀਆਂ ਨੇ “[ਯਿਸੂ] ਦੀ ਮੌਤ ਵਿਚ ਵੀ ਬਪਤਿਸਮਾ ਲੈ ਲਿਆ ਹੈ।” (ਰੋਮੀਆਂ 6:3, 4) ਇਹ ਮਸੀਹੀ ਯਿਸੂ ਦੀ ਮਿਸਾਲ ʼਤੇ ਚੱਲਦਿਆਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਪਹਿਲ ਦਿੰਦੇ ਹਨ। ਨਾਲੇ ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਧਰਤੀ ʼਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਨਹੀਂ ਹੈ। ਉਨ੍ਹਾਂ ਦਾ ਬਪਤਿਸਮਾ ਇਸ ਮਾਅਨੇ ਵਿਚ ਹੁੰਦਾ ਹੈ ਕਿ ਜਦੋਂ ਉਨ੍ਹਾਂ ਦੀ ਮੌਤ ਹੁੰਦੀ ਹੈ, ਤਾਂ ਉਨ੍ਹਾਂ ਨੂੰ ਦੂਤਾਂ ਵਜੋਂ ਸਵਰਗ ਵਿਚ ਦੁਬਾਰਾ ਜੀਉਂਦਾ ਕੀਤਾ ਜਾਂਦਾ ਹੈ।—ਰੋਮੀਆਂ 6:5; 1 ਕੁਰਿੰਥੀਆਂ 15:42-44.
ਅੱਗ ਨਾਲ ਬਪਤਿਸਮਾ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ: “[ਯਿਸੂ] ਤੁਹਾਨੂੰ ਪਵਿੱਤਰ ਸ਼ਕਤੀ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। ਉਸ ਦੀ ਤੰਗਲੀ ਉਸ ਦੇ ਹੱਥ ਵਿਚ ਹੈ ਅਤੇ ਉਹ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਕੋਠੀ ਵਿਚ ਸਾਂਭੇਗਾ ਤੇ ਤੂੜੀ ਨੂੰ ਅੱਗ ਲਾ ਦੇਵੇਗਾ ਜਿਸ ਨੂੰ ਬੁਝਾਇਆ ਨਹੀਂ ਜਾ ਸਕਦਾ।” (ਮੱਤੀ 3:11, 12) ਗੌਰ ਕਰੋ ਕਿ ਅੱਗ ਨਾਲ ਅਤੇ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਣ ਵਿਚ ਫ਼ਰਕ ਹੈ। ਯੂਹੰਨਾ ਇਸ ਮਿਸਾਲ ਰਾਹੀਂ ਕੀ ਸਮਝਾਉਣਾ ਚਾਹੁੰਦਾ ਸੀ?
ਕਣਕ ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜੋ ਯਿਸੂ ਦੀ ਸੁਣਨਗੇ ਅਤੇ ਉਸ ਦਾ ਕਹਿਣਾ ਮੰਨਣਗੇ। ਇਹ ਲੋਕ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਲੈਣ ਦੇ ਯੋਗ ਹੋਣਗੇ। ਤੂੜੀ ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜੋ ਯਿਸੂ ਦੀ ਨਹੀਂ ਸੁਣਨਗੇ। ਇਨ੍ਹਾਂ ਲੋਕਾਂ ਨੂੰ ਅੱਗ ਨਾਲ ਬਪਤਿਸਮਾ ਦਿੱਤਾ ਜਾਵੇਗਾ ਯਾਨੀ ਇਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।—ਮੱਤੀ 3:7-12; ਲੂਕਾ 3:16, 17.
a ਵਾਈਨਜ਼ ਨਾਮਕ ਬਾਈਬਲ ਦੇ ਸ਼ਬਦਾਂ ਦੀ ਡਿਕਸ਼ਨਰੀ ਮੁਤਾਬਕ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਬਪਤਿਸਮਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਡੁਬਕੀ ਦੇਣਾ।”
b “ਨਾਮਕਰਨ” (ਨਾਂ ਰੱਖਣਾ) ਇਕ ਰੀਤ ਹੈ ਜੋ ਕੁਝ ਚਰਚਾਂ ਵਿਚ ਬੱਚਿਆਂ ਦਾ ਨਾਂ ਰੱਖਣ ਲਈ ਕੀਤੀ ਜਾਂਦੀ ਹੈ ਅਤੇ ਬੱਚਿਆਂ ਦੇ ਸਿਰ ʼਤੇ ਪਾਣੀ ਛਿੜਕ ਕੇ ਜਾਂ ਪਾਣੀ ਪਾ ਕੇ “ਬਪਤਿਸਮਾ” ਦਿੱਤਾ ਜਾਂਦਾ ਹੈ।
c ਯਹੋਵਾਹ ਰੱਬ ਦਾ ਨਾਂ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।
d “ਪਵਿੱਤਰ ਸ਼ਕਤੀ ਕੀ ਹੈ?” ਨਾਂ ਦਾ ਲੇਖ ਦੇਖੋ।
e “ਯੂਹੰਨਾ ਬਪਤਿਸਮਾ ਦੇਣ ਵਾਲਾ ਕੌਣ ਸੀ?” ਨਾਂ ਦਾ ਲੇਖ ਦੇਖੋ।
f “ਸਵਰਗ ਕੌਣ ਜਾਣਗੇ?” ਨਾਂ ਦਾ ਲੇਖ ਦੇਖੋ।
g ਬਾਈਬਲ ਵਿਚ “ਬਪਤਿਸਮਾ” ਸ਼ਬਦ ਭਗਤੀ ਨਾਲ ਜੁੜੀਆਂ ਕੁਝ ਚੀਜ਼ਾਂ ਦੀ ਸਫ਼ਾਈ ਲਈ ਵੀ ਵਰਤਿਆ ਗਿਆ ਹੈ, ਜਿਵੇਂ ਕਿ ਭਾਂਡਿਆਂ ʼਤੇ ਪਾਣੀ ਪਾਉਣਾ। (ਮਰਕੁਸ 7:4; ਇਬਰਾਨੀਆਂ 9:10) ਪਰ ਇਹ ਯਿਸੂ ਦੇ ਚੇਲਿਆਂ ਦੁਆਰਾ ਪਾਣੀ ਵਿਚ ਡੁਬਕੀ ਲੈਣ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੈ।