ਅਧਿਆਇ 11
‘ਉਹ ਖ਼ੁਸ਼ੀ ਅਤੇ ਪਵਿੱਤਰ ਸ਼ਕਤੀ ਨਾਲ ਭਰੇ ਰਹੇ’
ਪੌਲੁਸ ਵਿਰੋਧੀਆਂ ਅਤੇ ਗੱਲ ਨਾ ਸੁਣਨ ਵਾਲਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ
ਰਸੂਲਾਂ ਦੇ ਕੰਮ 13:1-52 ਵਿੱਚੋਂ
1, 2. ਕਿਹੜੀ ਖ਼ਾਸ ਗੱਲ ਕਰਕੇ ਬਰਨਾਬਾਸ ਅਤੇ ਸੌਲੁਸ ਸਫ਼ਰ ʼਤੇ ਗਏ ਸਨ ਅਤੇ ਉਨ੍ਹਾਂ ਨੇ ਰਸੂਲਾਂ ਦੇ ਕੰਮ 1:8 ਦੀ ਭਵਿੱਖਬਾਣੀ ਪੂਰੀ ਕਰਨ ਵਿਚ ਕੀ ਯੋਗਦਾਨ ਪਾਇਆ?
ਇਹ ਅੰਤਾਕੀਆ ਦੀ ਮੰਡਲੀ ਲਈ ਖ਼ੁਸ਼ੀ ਦਾ ਦਿਨ ਹੈ। ਮੰਡਲੀ ਦੇ ਸਾਰੇ ਨਬੀਆਂ ਅਤੇ ਸਿੱਖਿਅਕਾਂ ਵਿੱਚੋਂ ਬਰਨਾਬਾਸ ਅਤੇ ਸੌਲੁਸ ਨੂੰ ਪਵਿੱਤਰ ਸ਼ਕਤੀ ਨੇ ਦੂਰ-ਦੂਰ ਜਾ ਕੇ ਖ਼ੁਸ਼ ਖ਼ਬਰੀ ਸੁਣਾਉਣ ਲਈ ਚੁਣਿਆ ਹੈ।a (ਰਸੂ. 13:1, 2) ਇਹ ਸੱਚ ਹੈ ਕਿ ਇਸ ਤੋਂ ਪਹਿਲਾਂ ਵੀ ਕਾਬਲ ਭਰਾਵਾਂ ਨੂੰ ਦੂਜੀਆਂ ਥਾਵਾਂ ʼਤੇ ਘੱਲਿਆ ਜਾ ਚੁੱਕਾ ਹੈ। ਪਰ ਪਹਿਲਾਂ ਇਹ ਭਰਾ ਸਿਰਫ਼ ਉਨ੍ਹਾਂ ਇਲਾਕਿਆਂ ਵਿਚ ਗਏ ਸਨ ਜਿੱਥੇ ਮਸੀਹੀ ਧਰਮ ਜੜ੍ਹ ਫੜ ਚੁੱਕਾ ਸੀ। (ਰਸੂ. 8:14; 11:22) ਇਸ ਵਾਰ ਬਰਨਾਬਾਸ ਅਤੇ ਸੌਲੁਸ ਨੂੰ ਉਨ੍ਹਾਂ ਇਲਾਕਿਆਂ ਵਿਚ ਭੇਜਿਆ ਜਾਵੇਗਾ ਜਿੱਥੇ ਜ਼ਿਆਦਾਤਰ ਲੋਕਾਂ ਨੇ ਖ਼ੁਸ਼ ਖ਼ਬਰੀ ਨਹੀਂ ਸੁਣੀ ਹੈ। ਯੂਹੰਨਾ ਮਰਕੁਸ ਵੀ ਉਨ੍ਹਾਂ ਨਾਲ ਜਾਵੇਗਾ ਜੋ ਉਨ੍ਹਾਂ ਦੀ ਸੇਵਾ ਕਰੇਗਾ।
2 ਤਕਰੀਬਨ 14 ਸਾਲ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਬਰਨਾਬਾਸ ਅਤੇ ਸੌਲੁਸ ਹੋਰ ਦੇਸ਼ਾਂ ਵਿਚ ਪ੍ਰਚਾਰ ਕਰ ਕੇ ਯਿਸੂ ਦੀ ਇਸ ਭਵਿੱਖਬਾਣੀ ਦੀ ਪੂਰਤੀ ਵਿਚ ਆਪਣਾ ਯੋਗਦਾਨ ਪਾਉਣਗੇ।b
‘ਖ਼ਾਸ ਕੰਮ ਲਈ ਅਲੱਗ ਰੱਖੇ’ ਗਏ (ਰਸੂ. 13:1-12)
3. ਕਿਹੜੀਆਂ ਗੱਲਾਂ ਕਰਕੇ ਪਹਿਲੀ ਸਦੀ ਵਿਚ ਸਫ਼ਰ ਕਰਨਾ ਔਖਾ ਸੀ?
3 ਅੱਜ ਮੋਟਰ-ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਇਕ-ਦੋ ਘੰਟਿਆਂ ਵਿਚ ਕਿਤੇ ਦੀ ਕਿਤੇ ਪਹੁੰਚਿਆ ਜਾ ਸਕਦਾ ਹੈ। ਪਰ ਪਹਿਲੀ ਸਦੀ ਵਿਚ ਇਸ ਤਰ੍ਹਾਂ ਨਹੀਂ ਸੀ। ਉਸ ਜ਼ਮਾਨੇ ਵਿਚ ਜ਼ਿਆਦਾ ਕਰਕੇ ਲੋਕ ਉੱਚੇ-ਨੀਵੇਂ ਰਾਹਾਂ ਉੱਤੇ ਪੈਦਲ ਸਫ਼ਰ ਕਰਦੇ ਸਨ। ਇਕ ਵਿਅਕਤੀ ਇਕ ਦਿਨ ਵਿਚ ਲਗਭਗ 30 ਕਿਲੋਮੀਟਰ (20 ਮੀਲ) ਤੁਰ ਸਕਦਾ ਸੀ ਤੇ ਸਾਰਾ ਦਿਨ ਤੁਰ-ਤੁਰ ਕੇ ਉਹ ਥੱਕ ਕੇ ਚੂਰ ਹੋ ਜਾਂਦਾ ਸੀ!c ਹਾਲਾਂਕਿ ਬਰਨਾਬਾਸ ਅਤੇ ਸੌਲੁਸ ਦੂਰ-ਦੂਰ ਜਾ ਕੇ ਪ੍ਰਚਾਰ ਕਰਨ ਲਈ ਉਤਾਵਲੇ ਸਨ, ਪਰ ਉਨ੍ਹਾਂ ਨੂੰ ਪਤਾ ਸੀ ਕਿ ਇਸ ਵਾਸਤੇ ਉਨ੍ਹਾਂ ਨੂੰ ਕਿੰਨੀ ਮਿਹਨਤ ਕਰਨੀ ਪਵੇਗੀ ਅਤੇ ਆਪਣਾ ਸੁੱਖ-ਆਰਾਮ ਤਿਆਗਣਾ ਪਵੇਗਾ।—ਮੱਤੀ 16:24.
4. (ੳ) ਬਰਨਾਬਾਸ ਅਤੇ ਸੌਲੁਸ ਨੂੰ ਚੁਣਨ ਦੀ ਹਿਦਾਇਤ ਕਿਸ ਨੇ ਦਿੱਤੀ ਸੀ ਅਤੇ ਦੂਸਰੇ ਭਰਾਵਾਂ ਨੇ ਕੀ ਰਵੱਈਆ ਦਿਖਾਇਆ? (ਅ) ਜਿਨ੍ਹਾਂ ਨੂੰ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿੰਮੇਵਾਰੀਆਂ ਮਿਲਦੀਆਂ ਹਨ, ਸਾਨੂੰ ਉਨ੍ਹਾਂ ਦੀ ਹਿਮਾਇਤ ਕਿਵੇਂ ਕਰਨੀ ਚਾਹੀਦੀ ਹੈ?
4 ਪਰ ਪਵਿੱਤਰ ਸ਼ਕਤੀ ਨੇ ਬਰਨਾਬਾਸ ਅਤੇ ਸੌਲੁਸ ਨੂੰ ‘ਖ਼ਾਸ ਕੰਮ ਲਈ ਅਲੱਗ ਰੱਖਣ’ ਦੀ ਹਿਦਾਇਤ ਕਿਉਂ ਦਿੱਤੀ ਸੀ? (ਰਸੂ. 13:2) ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਇਨ੍ਹਾਂ ਭਰਾਵਾਂ ਨੂੰ ਚੁਣਨ ਦੀ ਹਿਦਾਇਤ ਪਵਿੱਤਰ ਸ਼ਕਤੀ ਨੇ ਦਿੱਤੀ ਸੀ। ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਅੰਤਾਕੀਆ ਮੰਡਲੀ ਦੇ ਨਬੀ ਅਤੇ ਸਿੱਖਿਅਕ ਇਸ ਫ਼ੈਸਲੇ ਦੇ ਵਿਰੁੱਧ ਸਨ। ਇਸ ਦੀ ਬਜਾਇ, ਉਨ੍ਹਾਂ ਨੇ ਇਸ ਫ਼ੈਸਲੇ ਦੀ ਪੂਰੀ ਹਿਮਾਇਤ ਕੀਤੀ। ਜ਼ਰਾ ਸੋਚੋ ਬਰਨਾਬਾਸ ਅਤੇ ਸੌਲੁਸ ਨੂੰ ਕਿੰਨਾ ਚੰਗਾ ਲੱਗਾ ਹੋਣਾ ਜਦੋਂ ਉਨ੍ਹਾਂ ਦੇ ਮਸੀਹੀ ਭਰਾਵਾਂ ਨੇ ਬਿਨਾਂ ਕਿਸੇ ਈਰਖਾ ਦੇ ਵਰਤ ਰੱਖਿਆ ਤੇ ਪ੍ਰਾਰਥਨਾ ਕੀਤੀ ਅਤੇ ਫਿਰ ਉਨ੍ਹਾਂ ਉੱਤੇ “ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਘੱਲ ਦਿੱਤਾ।” (ਰਸੂ. 13:3) ਸਾਨੂੰ ਮੰਡਲੀ ਦੇ ਨਿਗਾਹਬਾਨਾਂ ਅਤੇ ਹੋਰ ਜ਼ਿੰਮੇਵਾਰ ਭਰਾਵਾਂ ਦੀ ਹਿਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਈਰਖਾ ਕਰਨ ਦੀ ਬਜਾਇ ਸਾਨੂੰ ‘ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਨਾਲ ਪਿਆਰ ਕਰਨਾ ਅਤੇ ਉਨ੍ਹਾਂ ਦੀ ਜ਼ਿਆਦਾ ਇੱਜ਼ਤ ਕਰਨੀ’ ਚਾਹੀਦੀ ਹੈ।—1 ਥੱਸ. 5:13.
5. ਦੱਸੋ ਕਿ ਸਾਈਪ੍ਰਸ ਟਾਪੂ ਉੱਤੇ ਗਵਾਹੀ ਦੇਣ ਲਈ ਪੌਲੁਸ ਤੇ ਬਰਨਾਬਾਸ ਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਹੋਣੀ।
5 ਬਰਨਾਬਾਸ ਅਤੇ ਸੌਲੁਸ ਅੰਤਾਕੀਆ ਤੋਂ ਤੁਰ ਕੇ ਨੇੜੇ ਦੀ ਬੰਦਰਗਾਹ ਸਿਲੂਕੀਆ ਪਹੁੰਚ ਗਏ। ਉੱਥੋਂ ਉਹ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਾਈਪ੍ਰਸ ਟਾਪੂ ਚਲੇ ਗਏ ਜੋ ਉੱਥੋਂ ਲਗਭਗ 200 ਕਿਲੋਮੀਟਰ (ਲਗਭਗ 120 ਮੀਲ) ਦੂਰ ਸੀ।d ਸਾਈਪ੍ਰਸ ਦਾ ਹੋਣ ਕਰਕੇ ਬਰਨਾਬਾਸ ਉੱਥੇ ਖ਼ੁਸ਼ ਖ਼ਬਰੀ ਸੁਣਾਉਣ ਲਈ ਉਤਾਵਲਾ ਸੀ। ਟਾਪੂ ਦੇ ਪੂਰਬੀ ਕੰਢੇ ਉੱਤੇ ਸ਼ਹਿਰ ਸਲਮੀਸ ਪਹੁੰਚ ਕੇ ਉਨ੍ਹਾਂ ਭਰਾਵਾਂ ਨੇ ਸਮਾਂ ਬਰਬਾਦ ਨਹੀਂ ਕੀਤਾ। ਉਨ੍ਹਾਂ ਨੇ ਤੁਰੰਤ “ਯਹੂਦੀਆਂ ਦੇ ਸਭਾ ਘਰਾਂ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।”e (ਰਸੂ. 13:5) ਬਰਨਾਬਾਸ ਅਤੇ ਸੌਲੁਸ ਤੁਰ ਕੇ ਟਾਪੂ ਦੇ ਇਕ ਸਿਰੇ ਤੋਂ ਦੂਜੇ ਸਿਰੇ ਚਲੇ ਗਏ, ਸ਼ਾਇਦ ਉਹ ਰਾਹ ਵਿਚ ਮੁੱਖ ਸ਼ਹਿਰਾਂ ਵਿਚ ਪ੍ਰਚਾਰ ਕਰਦੇ ਗਏ ਹੋਣੇ। ਉਹ ਜਿਹੜੇ ਵੀ ਰਾਹ ਗਏ ਹੋਣੇ, ਉਨ੍ਹਾਂ ਨੂੰ ਲਗਭਗ 150 ਕਿਲੋਮੀਟਰ (ਲਗਭਗ 100 ਮੀਲ) ਤੁਰਨਾ ਪਿਆ ਹੋਣਾ!
6, 7. (ੳ) ਸਰਗੀਉਸ ਪੌਲੂਸ ਕੌਣ ਸੀ ਅਤੇ ਬਰਯੇਸੂਸ ਨੇ ਉਸ ਨੂੰ ਖ਼ੁਸ਼ ਖ਼ਬਰੀ ਸੁਣਨ ਤੋਂ ਰੋਕਣ ਦੀ ਕਿਉਂ ਕੋਸ਼ਿਸ਼ ਕੀਤੀ? (ਅ) ਸੌਲੁਸ ਨੇ ਬਰਯੇਸੂਸ ਦੇ ਵਿਰੋਧ ਦਾ ਕਿਵੇਂ ਸਾਮ੍ਹਣਾ ਕੀਤਾ?
6 ਪਹਿਲੀ ਸਦੀ ਵਿਚ ਸਾਈਪ੍ਰਸ ਝੂਠੀ ਭਗਤੀ ਵਿਚ ਖੁੱਭਿਆ ਹੋਇਆ ਸੀ। ਬਰਨਾਬਾਸ ਅਤੇ ਸੌਲੁਸ ਨੇ ਖ਼ਾਸਕਰ ਪਾਫੁਸ ਪਹੁੰਚ ਕੇ ਇਹ ਗੱਲ ਦੇਖੀ ਜੋ ਟਾਪੂ ਦੇ ਪੱਛਮੀ ਕੰਢੇ ਉੱਤੇ ਸੀ। ਉੱਥੇ ਉਹ “ਬਰਯੇਸੂਸ ਨਾਂ ਦੇ ਇਕ ਯਹੂਦੀ ਨੂੰ ਮਿਲੇ ਜਿਹੜਾ ਜਾਦੂਗਰ ਅਤੇ ਝੂਠਾ ਨਬੀ ਸੀ। ਉਹ ਜਾਦੂਗਰ ਪ੍ਰਾਂਤ ਦੇ ਰਾਜਪਾਲ ਸਰਗੀਉਸ ਪੌਲੂਸ ਲਈ ਕੰਮ ਕਰਦਾ ਸੀ ਜੋ ਇਕ ਸਮਝਦਾਰ ਇਨਸਾਨ ਸੀ।”f ਪਹਿਲੀ ਸਦੀ ਵਿਚ ਕਈ ਵੱਡੇ-ਵੱਡੇ ਰੋਮੀ ਲੋਕ ਅਹਿਮ ਫ਼ੈਸਲੇ ਕਰਨ ਵੇਲੇ ਕਿਸੇ ਜਾਦੂਗਰ ਜਾਂ ਜੋਤਸ਼ੀ ਦੀ ਸਲਾਹ ਲੈਂਦੇ ਸਨ, ਇੱਥੋਂ ਤਕ ਕਿ ਸਮਝਦਾਰ ਸਰਗੀਉਸ ਪੌਲੂਸ ਵੀ। ਪਰ ਸਰਗੀਉਸ ਪੌਲੂਸ ਦੀ ਖ਼ੁਸ਼ ਖ਼ਬਰੀ ਦੇ ਸੰਦੇਸ਼ ਵਿਚ ਦਿਲਚਸਪੀ ਜਾਗ ਉੱਠੀ ਅਤੇ “ਉਸ ਦੇ ਦਿਲ ਵਿਚ ਪਰਮੇਸ਼ੁਰ ਦਾ ਬਚਨ ਸੁਣਨ ਦੀ ਬੜੀ ਤਮੰਨਾ ਸੀ।” ਇਹ ਗੱਲ ਬਰਯੇਸੂਸ ਨੂੰ ਚੰਗੀ ਨਹੀਂ ਲੱਗੀ ਜੋ ਏਲੀਮਸ ਨਾਂ ਤੋਂ ਵੀ ਜਾਣਿਆ ਜਾਂਦਾ ਸੀ ਜਿਸ ਦਾ ਮਤਲਬ ਸੀ “ਜਾਦੂਗਰ।”—ਰਸੂ. 13:6-8.
7 ਬਰਯੇਸੂਸ ਨੇ ਰਾਜ ਦੀ ਖ਼ੁਸ਼ ਖ਼ਬਰੀ ਦਾ ਵਿਰੋਧ ਕੀਤਾ। ਸਰਗੀਉਸ ਪੌਲੂਸ ਦੇ ਸਲਾਹਕਾਰ ਵਜੋਂ ਆਪਣੀ ਨੌਕਰੀ ਨੂੰ ਬਚਾਉਣ ਦਾ ਉਸ ਕੋਲ ਇੱਕੋ-ਇਕ ਚਾਰਾ ਸੀ ਕਿ ਉਹ ਉਸ ਨੂੰ ਪ੍ਰਭੂ ਉੱਤੇ ‘ਨਿਹਚਾ ਕਰਨ ਤੋਂ ਰੋਕੇ।’ (ਰਸੂ. 13:8) ਪਰ ਸੌਲੁਸ ਚੁੱਪ-ਚਾਪ ਬੈਠਾ ਜਾਦੂਗਰ ਨੂੰ ਆਪਣੇ ਇਰਾਦੇ ਵਿਚ ਕਾਮਯਾਬ ਹੁੰਦਾ ਨਹੀਂ ਦੇਖਦਾ ਰਿਹਾ। ਸੋ ਸੌਲੁਸ ਨੇ ਕੀ ਕੀਤਾ? ਬਿਰਤਾਂਤ ਦੱਸਦਾ ਹੈ: “ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ, ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਸ ਨੇ ਏਲੀਮਸ ਨੂੰ ਬੜੇ ਧਿਆਨ ਨਾਲ ਦੇਖ ਕੇ ਕਿਹਾ: ‘ਓਏ ਸ਼ੈਤਾਨ ਦਿਆ ਬੱਚਿਆ, ਤੂੰ ਹਰ ਤਰ੍ਹਾਂ ਦੇ ਛਲ-ਕਪਟ ਅਤੇ ਬੁਰਾਈ ਨਾਲ ਭਰਿਆ ਹੋਇਆ ਹੈਂ ਅਤੇ ਹਰ ਨੇਕ ਕੰਮ ਦਾ ਦੁਸ਼ਮਣ ਹੈਂ! ਕੀ ਤੂੰ ਯਹੋਵਾਹ ਦੇ ਸਿੱਧੇ ਰਾਹਾਂ ਨੂੰ ਵਿਗਾੜਨ ਤੋਂ ਬਾਜ਼ ਨਹੀਂ ਆਏਂਗਾ? ਹੁਣ ਦੇਖ! ਯਹੋਵਾਹ ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਲਈ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕੇਂਗਾ।’ ਉਸੇ ਵੇਲੇ ਏਲੀਮਸ ਦੀਆਂ ਅੱਖਾਂ ਅੱਗੇ ਸੰਘਣੀ ਧੁੰਦ ਅਤੇ ਹਨੇਰਾ ਛਾ ਗਿਆ ਅਤੇ ਉਹ ਲੋਕਾਂ ਨੂੰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ।”g ਇਸ ਚਮਤਕਾਰ ਦਾ ਨਤੀਜਾ ਕੀ ਹੋਇਆ? “ਰਾਜਪਾਲ ਇਹ ਸਭ ਕੁਝ ਦੇਖ ਕੇ ਨਿਹਚਾ ਕਰਨ ਲੱਗ ਪਿਆ ਕਿਉਂਕਿ ਉਹ ਯਹੋਵਾਹ ਬਾਰੇ ਸਿੱਖ ਕੇ ਦੰਗ ਰਹਿ ਗਿਆ ਸੀ।”—ਰਸੂ. 13:9-12.
8. ਅੱਜ ਅਸੀਂ ਪੌਲੁਸ ਵਾਂਗ ਦਲੇਰੀ ਕਿਵੇਂ ਦਿਖਾ ਸਕਦੇ ਹਾਂ?
8 ਪੌਲੁਸ ਬਰਯੇਸੂਸ ਤੋਂ ਡਰਿਆ ਨਹੀਂ। ਉਸੇ ਤਰ੍ਹਾਂ ਸਾਨੂੰ ਵੀ ਵਿਰੋਧੀਆਂ ਤੋਂ ਡਰਨਾ ਨਹੀਂ ਚਾਹੀਦਾ ਜੋ ਰਾਜ ਦੀ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਰੱਖਣ ਵਾਲਿਆਂ ਦੀ ਨਿਹਚਾ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਠੀਕ ਹੈ ਕਿ ਸਾਨੂੰ ‘ਹਮੇਸ਼ਾ ਸਲੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਤਾਂਕਿ ਸੁਣਨ ਵਾਲੇ ਨੂੰ ਸਾਡੀਆਂ ਗੱਲਾਂ ਚੰਗੀਆਂ ਲੱਗਣ।’ (ਕੁਲੁ. 4:6) ਪਰ ਇਸ ਦੇ ਨਾਲ-ਨਾਲ ਸਾਨੂੰ ਦੂਜਿਆਂ ਤੋਂ ਡਰਦੇ ਮਾਰੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਅਸੀਂ ਝੂਠੇ ਧਰਮਾਂ ਦੀ ਪੋਲ ਖੋਲ੍ਹਣ ਤੋਂ ਵੀ ਨਹੀਂ ਡਰਾਂਗੇ ਜੋ ਬਰਯੇਸੂਸ ਵਾਂਗ ‘ਯਹੋਵਾਹ ਦੇ ਸਿੱਧੇ ਰਾਹਾਂ ਨੂੰ ਵਿਗਾੜਨ ਤੋਂ ਬਾਜ਼ ਨਹੀਂ ਆਉਂਦੇ।’ (ਰਸੂ. 13:10) ਆਓ ਆਪਾਂ ਪੌਲੁਸ ਵਾਂਗ ਦਲੇਰੀ ਨਾਲ ਸੱਚਾਈ ਦਾ ਐਲਾਨ ਕਰੀਏ ਅਤੇ ਨੇਕ ਲੋਕਾਂ ਦੇ ਦਿਲਾਂ ਨੂੰ ਛੂਹੀਏ। ਭਾਵੇਂ ਅੱਜ ਪਰਮੇਸ਼ੁਰ ਦੀ ਮਦਦ ਦਾ ਸਬੂਤ ਉੱਨਾ ਸਾਫ਼ ਨਹੀਂ ਦਿਖਾਈ ਦਿੰਦਾ ਜਿੰਨਾ ਪੌਲੁਸ ਦੇ ਮਾਮਲੇ ਵਿਚ ਦਿਖਾਈ ਦਿੰਦਾ ਸੀ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਪਵਿੱਤਰ ਸ਼ਕਤੀ ਦੇ ਜ਼ਰੀਏ ਨੇਕਦਿਲ ਲੋਕਾਂ ਨੂੰ ਸੱਚਾਈ ਵੱਲ ਖਿੱਚੇਗਾ।—ਯੂਹੰ. 6:44.
“ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ” (ਰਸੂ. 13:13-43)
9. ਪੌਲੁਸ ਅਤੇ ਬਰਨਾਬਾਸ ਨੇ ਅੱਜ ਮੰਡਲੀ ਵਿਚ ਅਗਵਾਈ ਕਰਨ ਵਾਲਿਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ?
9 ਉਹ ਤਿੰਨੇ ਜਣੇ ਸਮੁੰਦਰੀ ਜਹਾਜ਼ ਵਿਚ ਬੈਠ ਕੇ ਪਾਫੁਸ ਤੋਂ ਪਰਗਾ ਨੂੰ ਚੱਲ ਪਏ ਜੋ ਲਗਭਗ 250 ਕਿਲੋਮੀਟਰ (ਲਗਭਗ 150 ਮੀਲ) ਦੂਰ ਏਸ਼ੀਆ ਮਾਈਨਰ ਦੇ ਤਟ ਉੱਤੇ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਉਸ ਵੇਲੇ ਇਕ ਤਬਦੀਲੀ ਹੋਈ। ਰਸੂਲਾਂ ਦੇ ਕੰਮ 13:13 ਵਿਚ ਇਨ੍ਹਾਂ ਤਿੰਨਾਂ ਜਣਿਆਂ ਦੀ ਪਛਾਣ ‘ਪੌਲੁਸ ਅਤੇ ਉਸ ਦੇ ਸਾਥੀਆਂ’ ਵਜੋਂ ਕਰਾਈ ਗਈ ਹੈ। ਪੌਲੁਸ ਦਾ ਜ਼ਿਕਰ ਪਹਿਲਾਂ ਆਉਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਹੁਣ ਪੌਲੁਸ ਨੇ ਮਿਸ਼ਨਰੀ ਸੇਵਾ ਵਿਚ ਆਪਣੇ ਸਾਥੀਆਂ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਬਰਨਾਬਾਸ ਪੌਲੁਸ ਨਾਲ ਈਰਖਾ ਕਰਨ ਲੱਗ ਪਿਆ ਸੀ। ਇਸ ਦੀ ਬਜਾਇ, ਇਹ ਦੋਵੇਂ ਭਰਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ। ਇਸ ਤਰ੍ਹਾਂ ਪੌਲੁਸ ਅਤੇ ਬਰਨਾਬਾਸ ਨੇ ਅੱਜ ਮੰਡਲੀ ਵਿਚ ਅਗਵਾਈ ਕਰਨ ਵਾਲਿਆਂ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਮਸੀਹੀ ਦੂਜਿਆਂ ਤੋਂ ਵੱਡੇ ਬਣਨ ਲਈ ਇਕ-ਦੂਜੇ ਨਾਲ ਮੁਕਾਬਲਾ ਕਰਨ ਦੀ ਬਜਾਇ ਯਿਸੂ ਦੀ ਇਹ ਗੱਲ ਯਾਦ ਰੱਖਦੇ ਹਨ: “ਤੁਸੀਂ ਸਾਰੇ ਜਣੇ ਭਰਾ ਹੋ।” ਉਸ ਨੇ ਇਹ ਵੀ ਕਿਹਾ ਸੀ: “ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।”—ਮੱਤੀ 23:8, 12.
10. ਪਰਗਾ ਤੋਂ ਅੰਤਾਕੀਆ ਤਕ ਦੇ ਸਫ਼ਰ ਬਾਰੇ ਦੱਸੋ।
10 ਪਰਗਾ ਪਹੁੰਚਣ ਤੋਂ ਬਾਅਦ ਪੌਲੁਸ ਅਤੇ ਬਰਨਾਬਾਸ ਨੂੰ ਛੱਡ ਕੇ ਯੂਹੰਨਾ ਮਰਕੁਸ ਵਾਪਸ ਯਰੂਸ਼ਲਮ ਚਲਾ ਗਿਆ। ਬਾਈਬਲ ਵਿਚ ਉਸ ਦੇ ਅਚਾਨਕ ਚਲੇ ਜਾਣ ਦਾ ਕਾਰਨ ਨਹੀਂ ਦੱਸਿਆ ਹੈ। ਪੌਲੁਸ ਅਤੇ ਬਰਨਾਬਾਸ ਪਰਗਾ ਤੋਂ ਪਸੀਦੀਆ ਦੇ ਸ਼ਹਿਰ ਅੰਤਾਕੀਆ ਚਲੇ ਗਏ ਜੋ ਗਲਾਤੀਆ ਸੂਬੇ ਵਿਚ ਸੀ। ਇਹ ਸਫ਼ਰ ਸੌਖਾ ਨਹੀਂ ਸੀ ਕਿਉਂਕਿ ਇਹ ਸ਼ਹਿਰ ਸਮੁੰਦਰ ਤਲ ਤੋਂ 3,600 ਫੁੱਟ (1,100 ਮੀਟਰ) ਦੀ ਉਚਾਈ ʼਤੇ ਸੀ। ਪਹਾੜੀ ਰਾਹ ਖ਼ਤਰਨਾਕ ਹੁੰਦੇ ਸਨ ਜਿੱਥੇ ਥਾਂ-ਥਾਂ ਲੁਟੇਰੇ ਹੁੰਦੇ ਸਨ। ਇਹੀ ਨਹੀਂ, ਲੱਗਦਾ ਹੈ ਕਿ ਉਸ ਸਮੇਂ ਦੌਰਾਨ ਉਸ ਦੀ ਸਿਹਤ ਵੀ ਖ਼ਰਾਬ ਹੋਣੀ ਸ਼ੁਰੂ ਹੋ ਗਈ ਸੀ।h
11, 12. ਪਸੀਦੀਆ ਦੇ ਸ਼ਹਿਰ ਅੰਤਾਕੀਆ ਦੇ ਸਭਾ ਘਰ ਵਿਚ ਗੱਲ ਕਰਦਿਆਂ ਪੌਲੁਸ ਨੇ ਲੋਕਾਂ ਦੀ ਦਿਲਚਸਪੀ ਕਿਵੇਂ ਜਗਾਈ?
11 ਅੰਤਾਕੀਆ ਵਿਚ ਪੌਲੁਸ ਅਤੇ ਬਰਨਾਬਾਸ ਸਬਤ ਦੇ ਦਿਨ ਸਭਾ ਘਰ ਵਿਚ ਗਏ। ਬਾਈਬਲ ਦੱਸਦੀ ਹੈ: “ਸਾਰਿਆਂ ਸਾਮ੍ਹਣੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਦੇ ਪੜ੍ਹੇ ਜਾਣ ਤੋਂ ਬਾਅਦ ਸਭਾ ਘਰ ਦੇ ਨਿਗਾਹਬਾਨਾਂ ਨੇ ਉਨ੍ਹਾਂ ਨੂੰ ਕਿਹਾ: ‘ਭਰਾਵੋ, ਜੇ ਤੁਹਾਡੇ ਕੋਲ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ ਹਨ, ਤਾਂ ਦੱਸੋ।’” (ਰਸੂ. 13:15) ਪੌਲੁਸ ਗੱਲ ਕਰਨ ਲਈ ਖੜ੍ਹਾ ਹੋਇਆ।
12 ਪੌਲੁਸ ਨੇ ਇਸ ਤਰ੍ਹਾਂ ਆਪਣੀ ਗੱਲ ਸ਼ੁਰੂ ਕੀਤੀ: “ਇਜ਼ਰਾਈਲੀ ਭਰਾਵੋ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਹੋਰ ਲੋਕੋ।” (ਰਸੂ. 13:16) ਸਭਾ ਘਰ ਵਿਚ ਯਹੂਦੀਆਂ ਤੋਂ ਇਲਾਵਾ ਉਹ ਲੋਕ ਵੀ ਸਨ ਜਿਨ੍ਹਾਂ ਨੇ ਯਹੂਦੀ ਧਰਮ ਅਪਣਾਇਆ ਹੋਇਆ ਸੀ। ਇਹ ਸਾਰੇ ਲੋਕ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਬਾਰੇ ਨਹੀਂ ਜਾਣਦੇ ਸਨ। ਇਸ ਲਈ ਪੌਲੁਸ ਨੇ ਇਨ੍ਹਾਂ ਲੋਕਾਂ ਦੀ ਦਿਲਚਸਪੀ ਕਿਵੇਂ ਜਗਾਈ? ਸਭ ਤੋਂ ਪਹਿਲਾਂ ਉਸ ਨੇ ਯਹੂਦੀ ਧਰਮ ਦੇ ਇਤਿਹਾਸ ਬਾਰੇ ਗੱਲ ਕੀਤੀ। ਉਸ ਨੇ ਸਮਝਾਇਆ ਕਿ ਯਹੋਵਾਹ ਨੇ ਕਿਵੇਂ ‘ਇਜ਼ਰਾਈਲੀਆਂ ਨੂੰ ਉੱਚਾ ਕੀਤਾ ਜਦੋਂ ਉਹ ਮਿਸਰ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਸਨ’ ਅਤੇ ਉਨ੍ਹਾਂ ਦੇ ਆਜ਼ਾਦ ਹੋਣ ਤੋਂ ਬਾਅਦ “ਉਸ ਨੇ ਉਜਾੜ ਵਿਚ ਲਗਭਗ 40 ਸਾਲ ਉਨ੍ਹਾਂ ਨੂੰ ਝੱਲਿਆ।” ਪੌਲੁਸ ਨੇ ਇਹ ਵੀ ਦੱਸਿਆ ਕਿ ਇਜ਼ਰਾਈਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ਉੱਤੇ ਕਿਵੇਂ ਕਬਜ਼ਾ ਕੀਤਾ ਅਤੇ ਯਹੋਵਾਹ ਨੇ ਕਿਵੇਂ “ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ।” (ਰਸੂ. 13:17-19) ਕਿਹਾ ਗਿਆ ਹੈ ਕਿ ਪੌਲੁਸ ਨੇ ਉਨ੍ਹਾਂ ਹਵਾਲਿਆਂ ਉੱਤੇ ਗੱਲ ਕੀਤੀ ਹੋਣੀ ਜੋ ਉਸ ਦਿਨ ਕੁਝ ਸਮਾਂ ਪਹਿਲਾਂ ਪੜ੍ਹੇ ਗਏ ਸਨ। ਜੇ ਇਹ ਸੱਚ ਹੈ, ਤਾਂ ਪਤਾ ਲੱਗਦਾ ਹੈ ਕਿ ਪੌਲੁਸ ਜਾਣਦਾ ਸੀ ਕਿ “ਹਰ ਤਰ੍ਹਾਂ ਦੇ ਲੋਕਾਂ” ਦੀ ਕਿਵੇਂ ਮਦਦ ਕੀਤੀ ਜਾ ਸਕਦੀ ਸੀ।—1 ਕੁਰਿੰ. 9:22.
13. ਅਸੀਂ ਲੋਕਾਂ ਦੀ ਦਿਲਚਸਪੀ ਕਿਵੇਂ ਜਗਾ ਸਕਦੇ ਹਾਂ?
13 ਸਾਨੂੰ ਵੀ ਪ੍ਰਚਾਰ ਦੌਰਾਨ ਲੋਕਾਂ ਦੀ ਦਿਲਚਸਪੀ ਜਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਿਸਾਲ ਲਈ, ਜੇ ਸਾਨੂੰ ਕਿਸੇ ਦੇ ਧਰਮ ਬਾਰੇ ਪਤਾ ਲੱਗਦਾ ਹੈ, ਤਾਂ ਅਸੀਂ ਅਜਿਹੇ ਵਿਸ਼ੇ ਚੁਣ ਸਕਦੇ ਹਾਂ ਜੋ ਉਸ ਨੂੰ ਪਸੰਦ ਆਉਣਗੇ। ਅਸੀਂ ਬਾਈਬਲ ਵਿੱਚੋਂ ਉਨ੍ਹਾਂ ਹਵਾਲਿਆਂ ʼਤੇ ਵੀ ਗੱਲ ਕਰ ਸਕਦੇ ਹਾਂ ਜਿਨ੍ਹਾਂ ਤੋਂ ਵਿਅਕਤੀ ਵਾਕਫ਼ ਹੋਵੇ। ਜੇ ਅਸੀਂ ਉਸ ਨੂੰ ਉਸ ਦੀ ਆਪਣੀ ਬਾਈਬਲ ਵਿੱਚੋਂ ਹਵਾਲੇ ਪੜ੍ਹਾਈਏ, ਤਾਂ ਇਸ ਦਾ ਜ਼ਿਆਦਾ ਅਸਰ ਪੈ ਸਕਦਾ ਹੈ। ਇਸ ਲਈ ਸੋਚੋ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਦੇ ਦਿਲਾਂ ਨੂੰ ਛੂਹ ਸਕਦੇ ਹੋ।
14. (ੳ) ਪੌਲੁਸ ਨੇ ਯਿਸੂ ਬਾਰੇ ਖ਼ੁਸ਼ ਖ਼ਬਰੀ ਸੁਣਾਉਣੀ ਕਿਵੇਂ ਸ਼ੁਰੂ ਕੀਤੀ ਅਤੇ ਉਸ ਨੇ ਕਿਹੜੀ ਚੇਤਾਵਨੀ ਦਿੱਤੀ? (ਅ) ਪੌਲੁਸ ਦੀ ਗੱਲ ਦਾ ਲੋਕਾਂ ਨੇ ਕਿਹੋ ਜਿਹਾ ਹੁੰਗਾਰਾ ਭਰਿਆ?
14 ਇਸ ਤੋਂ ਬਾਅਦ ਪੌਲੁਸ ਨੇ ਇਜ਼ਰਾਈਲੀ ਰਾਜਿਆਂ ਦੇ ਖ਼ਾਨਦਾਨ ਬਾਰੇ ਗੱਲ ਕੀਤੀ ਜਿਸ ਵਿੱਚੋਂ ‘ਮੁਕਤੀਦਾਤਾ ਯਿਸੂ’ ਆਇਆ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਲਈ ਰਾਹ ਤਿਆਰ ਕੀਤਾ ਸੀ। ਫਿਰ ਪੌਲੁਸ ਨੇ ਦੱਸਿਆ ਕਿ ਯਿਸੂ ਨੂੰ ਕਿਵੇਂ ਮੌਤ ਦੇ ਘਾਟ ਉਤਾਰਿਆ ਗਿਆ ਸੀ ਅਤੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। (ਰਸੂ. 13:20-37) ਪੌਲੁਸ ਨੇ ਕਿਹਾ: “ਤੁਸੀਂ ਜਾਣ ਲਓ ਕਿ ਉਸੇ ਦੇ ਰਾਹੀਂ ਪਾਪਾਂ ਦੀ ਮਾਫ਼ੀ ਮਿਲੇਗੀ ਅਤੇ . . . ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।” ਫਿਰ ਪੌਲੁਸ ਨੇ ਲੋਕਾਂ ਨੂੰ ਇਹ ਚੇਤਾਵਨੀ ਦਿੱਤੀ: “ਖ਼ਬਰਦਾਰ ਰਹੋ ਕਿ ਨਬੀਆਂ ਦੀਆਂ ਲਿਖਤਾਂ ਵਿਚ ਜੋ ਲਿਖਿਆ ਹੈ, ਉਹ ਤੁਹਾਡੇ ਉੱਤੇ ਨਾ ਆ ਪਵੇ: ‘ਘਿਰਣਾ ਕਰਨ ਵਾਲਿਓ, ਦੇਖੋ, ਦੰਗ ਰਹਿ ਜਾਓ ਅਤੇ ਮਿਟ ਜਾਓ ਕਿਉਂਕਿ ਮੈਂ ਜਿਹੜਾ ਕੰਮ ਤੁਹਾਡੇ ਦਿਨਾਂ ਵਿਚ ਕਰ ਰਿਹਾ ਹਾਂ, ਉਸ ਉੱਤੇ ਤੁਸੀਂ ਕਦੇ ਵੀ ਯਕੀਨ ਨਹੀਂ ਕਰੋਗੇ, ਭਾਵੇਂ ਕੋਈ ਤੁਹਾਨੂੰ ਇਸ ਬਾਰੇ ਖੋਲ੍ਹ ਕੇ ਹੀ ਕਿਉਂ ਨਾ ਦੱਸੇ।’” ਪੌਲੁਸ ਦੀ ਗੱਲ ਦਾ ਲੋਕਾਂ ਨੇ ਭਰਵਾਂ ਹੁੰਗਾਰਾ ਭਰਿਆ। ਬਾਈਬਲ ਦੱਸਦੀ ਹੈ: “ਲੋਕਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਗਲੇ ਸਬਤ ਦੇ ਦਿਨ ਵੀ ਆ ਕੇ ਉਨ੍ਹਾਂ ਨੂੰ ਇਹ ਗੱਲਾਂ ਦੱਸਣ।” ਇਸ ਤੋਂ ਇਲਾਵਾ, ਸਭਾ ਖ਼ਤਮ ਹੋਣ ਤੋਂ ਬਾਅਦ “ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕ ਪੌਲੁਸ ਅਤੇ ਬਰਨਾਬਾਸ ਦੇ ਪਿੱਛੇ-ਪਿੱਛੇ ਤੁਰ ਪਏ।”—ਰਸੂ. 13:38-43.
“ਅਸੀਂ ਗ਼ੈਰ-ਯਹੂਦੀ ਕੌਮਾਂ ਕੋਲ ਜਾ ਰਹੇ ਹਾਂ” (ਰਸੂ. 13:44-52)
15. ਸਬਤ ਦੇ ਦਿਨ ਪੌਲੁਸ ਦੀ ਗੱਲਬਾਤ ਤੋਂ ਬਾਅਦ ਕੀ ਹੋਇਆ?
15 ਅਗਲੇ ਸਬਤ ਦੇ ਦਿਨ ਪੌਲੁਸ ਦੀ ਗੱਲ ਸੁਣਨ ਲਈ “ਲਗਭਗ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਸੀ।” ਪਰ ਕੁਝ ਯਹੂਦੀਆਂ ਨੂੰ ਇਹ ਚੰਗਾ ਨਹੀਂ ਲੱਗਾ ਅਤੇ ਉਨ੍ਹਾਂ ਨੇ “ਬੁਰਾ-ਭਲਾ ਕਹਿ ਕੇ ਪੌਲੁਸ ਦੀਆਂ ਗੱਲਾਂ ਦਾ ਵਿਰੋਧ ਕੀਤਾ।” ਪੌਲੁਸ ਅਤੇ ਬਰਨਾਬਾਸ ਨੇ ਦਲੇਰੀ ਨਾਲ ਉਨ੍ਹਾਂ ਨੂੰ ਕਿਹਾ: “ਇਹ ਜ਼ਰੂਰੀ ਸੀ ਕਿ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ। ਪਰ ਹੁਣ ਕਿਉਂਕਿ ਤੁਸੀਂ ਇਸ ਨੂੰ ਠੁਕਰਾ ਰਹੇ ਹੋ ਅਤੇ ਦਿਖਾ ਰਹੇ ਹੋ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਲਾਇਕ ਨਹੀਂ ਹੋ, ਇਸ ਲਈ ਅਸੀਂ ਗ਼ੈਰ-ਯਹੂਦੀ ਕੌਮਾਂ ਕੋਲ ਜਾ ਰਹੇ ਹਾਂ। ਯਹੋਵਾਹ ਨੇ ਸਾਨੂੰ ਇਹ ਹੁਕਮ ਦਿੱਤਾ ਹੈ: ‘ਮੈਂ ਤੈਨੂੰ ਗ਼ੈਰ-ਯਹੂਦੀ ਕੌਮਾਂ ਲਈ ਚਾਨਣ ਠਹਿਰਾਇਆ ਹੈ ਤਾਂਕਿ ਤੂੰ ਧਰਤੀ ਦੇ ਕੋਨੇ-ਕੋਨੇ ਤਕ ਮੇਰੇ ਮੁਕਤੀ ਦੇ ਜ਼ਰੀਏ ਦਾ ਐਲਾਨ ਕਰੇਂ।’”—ਰਸੂ. 13:44-47; ਯਸਾ. 49:6.
16. ਪੌਲੁਸ ਅਤੇ ਬਰਨਾਬਾਸ ਦੇ ਸਖ਼ਤ ਸ਼ਬਦਾਂ ਨੂੰ ਸੁਣ ਕੇ ਯਹੂਦੀਆਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ ਅਤੇ ਉਨ੍ਹਾਂ ਦੋਵਾਂ ਨੇ ਯਹੂਦੀਆਂ ਦੇ ਵਿਰੋਧ ਕਰਨ ਤੇ ਕੀ ਕੀਤਾ?
16 ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਖ਼ੁਸ਼ੀ ਹੋਈ ਅਤੇ “ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ।” (ਰਸੂ. 13:48) ਸਾਰੇ ਇਲਾਕੇ ਵਿਚ ਯਹੋਵਾਹ ਦਾ ਬਚਨ ਫੈਲਣ ਨੂੰ ਦੇਰ ਨਹੀਂ ਲੱਗੀ। ਪਰ ਯਹੂਦੀਆਂ ਨੇ ਬਿਲਕੁਲ ਵੱਖਰਾ ਰਵੱਈਆ ਦਿਖਾਇਆ। ਪੌਲੁਸ ਅਤੇ ਬਰਨਾਬਾਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਭਾਵੇਂ ਪਰਮੇਸ਼ੁਰ ਦਾ ਬਚਨ ਪਹਿਲਾਂ ਉਨ੍ਹਾਂ ਨੂੰ ਸੁਣਾਇਆ ਗਿਆ ਸੀ, ਪਰ ਉਨ੍ਹਾਂ ਨੇ ਮਸੀਹ ਨੂੰ ਠੁਕਰਾ ਦਿੱਤਾ ਸੀ ਜਿਸ ਕਰਕੇ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਵੇਗਾ। ਯਹੂਦੀਆਂ ਨੇ ਸ਼ਹਿਰ ਦੀਆਂ ਮੰਨੀਆਂ-ਪ੍ਰਮੰਨੀਆਂ ਤੀਵੀਆਂ ਅਤੇ ਵੱਡੇ-ਵੱਡੇ ਆਦਮੀਆਂ ਨੂੰ ਭੜਕਾਇਆ ਅਤੇ “ਉਨ੍ਹਾਂ ਨੇ ਪੌਲੁਸ ਅਤੇ ਬਰਨਾਬਾਸ ਨੂੰ ਮਾਰ-ਕੁੱਟ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ।” ਪੌਲੁਸ ਅਤੇ ਬਰਨਾਬਾਸ ਨੇ ਕੀ ਕੀਤਾ? ਉਨ੍ਹਾਂ ਦੋਵਾਂ ਨੇ “ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਪੈਰਾਂ ਦੀ ਧੂੜ ਝਾੜੀ ਅਤੇ ਉੱਥੋਂ ਇਕੁਨਿਉਮ ਨੂੰ ਚਲੇ ਗਏ।” ਕੀ ਇਸ ਦਾ ਮਤਲਬ ਸੀ ਕਿ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਮਸੀਹੀ ਧਰਮ ਦਾ ਅੰਤ ਹੋ ਗਿਆ ਸੀ? ਨਹੀਂ! ਅੰਤਾਕੀਆ ਦੇ ਚੇਲਿਆਂ ਦੀ “ਖ਼ੁਸ਼ੀ ਬਰਕਰਾਰ ਰਹੀ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰੇ ਰਹੇ।”—ਰਸੂ. 13:50-52.
17-19. ਅਸੀਂ ਕਿਨ੍ਹਾਂ ਗੱਲਾਂ ਵਿਚ ਪੌਲੁਸ ਅਤੇ ਬਰਨਾਬਾਸ ਦੀ ਰੀਸ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਸਾਡੀ ਖ਼ੁਸ਼ੀ ਕਿਵੇਂ ਬਰਕਰਾਰ ਰਹੇਗੀ?
17 ਇਨ੍ਹਾਂ ਵਫ਼ਾਦਾਰ ਸੇਵਕਾਂ ਨੇ ਜਿਸ ਤਰੀਕੇ ਨਾਲ ਵਿਰੋਧ ਦਾ ਸਾਮ੍ਹਣਾ ਕੀਤਾ, ਉਸ ਤੋਂ ਅਸੀਂ ਵਧੀਆ ਸਬਕ ਸਿੱਖਦੇ ਹਾਂ। ਜਦੋਂ ਦੁਨੀਆਂ ਦੇ ਵੱਡੇ-ਵੱਡੇ ਲੋਕ ਸਾਨੂੰ ਸੰਦੇਸ਼ ਸੁਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਅਸੀਂ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਨਾਲੇ ਧਿਆਨ ਦਿਓ ਕਿ ਜਦੋਂ ਅੰਤਾਕੀਆ ਦੇ ਲੋਕਾਂ ਨੇ ਸੰਦੇਸ਼ ਨਹੀਂ ਸੁਣਿਆ, ਤਾਂ ਪੌਲੁਸ ਅਤੇ ਬਰਨਾਬਾਸ ਨੇ “ਆਪਣੇ ਪੈਰਾਂ ਦੀ ਧੂੜ ਝਾੜੀ।” ਇਸ ਤਰ੍ਹਾਂ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਉਹ ਉਸ ਸ਼ਹਿਰ ਦੇ ਲੋਕਾਂ ʼਤੇ ਗੁੱਸੇ ਸਨ, ਸਗੋਂ ਇਸ ਦਾ ਇਹ ਮਤਲਬ ਸੀ ਕਿ ਲੋਕਾਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਖ਼ਤਮ ਹੋ ਗਈ ਸੀ। ਇਹ ਭਰਾ ਜਾਣਦੇ ਸਨ ਕਿ ਇਹ ਗੱਲ ਉਨ੍ਹਾਂ ਦੇ ਹੱਥ-ਵੱਸ ਨਹੀਂ ਸੀ ਕਿ ਲੋਕ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਣਗੇ, ਪਰ ਪ੍ਰਚਾਰ ਕਰਦੇ ਰਹਿਣਾ ਉਨ੍ਹਾਂ ਦੇ ਆਪਣੇ ਹੱਥ-ਵੱਸ ਸੀ। ਇਸ ਲਈ ਉਹ ਪ੍ਰਚਾਰ ਕਰਦੇ-ਕਰਦੇ ਇਕੁਨਿਉਮ ਚਲੇ ਗਏ।
18 ਅੰਤਾਕੀਆ ਦੇ ਚੇਲਿਆਂ ਬਾਰੇ ਕੀ? ਉਨ੍ਹਾਂ ਦਾ ਆਪਣੇ ਇਲਾਕੇ ਵਿਚ ਵਿਰੋਧ ਹੋ ਰਿਹਾ ਸੀ। ਪਰ ਉਨ੍ਹਾਂ ਦੀ ਖ਼ੁਸ਼ੀ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਸੀ ਕਿ ਲੋਕ ਖ਼ੁਸ਼ ਖ਼ਬਰੀ ਸੁਣਨ। ਯਿਸੂ ਨੇ ਕਿਹਾ ਸੀ: “ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!” (ਲੂਕਾ 11:28) ਪਸੀਦੀਆ ਦੇ ਸ਼ਹਿਰ ਅੰਤਾਕੀਆ ਦੇ ਚੇਲਿਆਂ ਨੇ ਇਸੇ ਤਰ੍ਹਾਂ ਕਰਨ ਦੀ ਠਾਣੀ ਹੋਈ ਸੀ।
19 ਆਓ ਆਪਾਂ ਪੌਲੁਸ ਅਤੇ ਬਰਨਾਬਾਸ ਦੀ ਤਰ੍ਹਾਂ ਹਮੇਸ਼ਾ ਯਾਦ ਰੱਖੀਏ ਕਿ ਸਾਡੀ ਜ਼ਿੰਮੇਵਾਰੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਹੈ। ਖ਼ੁਸ਼ ਖ਼ਬਰੀ ਸੁਣਨੀ ਜਾਂ ਨਾ ਸੁਣਨੀ ਲੋਕਾਂ ਦਾ ਆਪਣਾ ਫ਼ੈਸਲਾ ਹੈ। ਜੇ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਅਸੀਂ ਪਹਿਲੀ ਸਦੀ ਦੇ ਚੇਲਿਆਂ ਦੀ ਮਿਸਾਲ ʼਤੇ ਚੱਲ ਸਕਦੇ ਹਾਂ। ਸੱਚਾਈ ਦੀ ਕਦਰ ਕਰਨ ਨਾਲ ਅਤੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਣ ਨਾਲ ਅਸੀਂ ਵੀ ਵਿਰੋਧ ਦੇ ਬਾਵਜੂਦ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਦੇ ਹਾਂ।—ਗਲਾ. 5:18, 22.
a “‘ਦਿਲਾਸੇ ਦਾ ਪੁੱਤਰ’ ਬਰਨਾਬਾਸ” ਨਾਂ ਦੀ ਡੱਬੀ ਦੇਖੋ।
b ਇਸ ਸਮੇਂ ਤਕ ਦੂਰ-ਦੂਰ ਤਕ ਮੰਡਲੀਆਂ ਬਣ ਚੁੱਕੀਆਂ ਸਨ, ਜਿਵੇਂ ਯਰੂਸ਼ਲਮ ਤੋਂ ਲਗਭਗ 550 ਕਿਲੋਮੀਟਰ (ਲਗਭਗ 350 ਮੀਲ) ਦੂਰ ਉੱਤਰ ਵਿਚ ਸੀਰੀਆ ਦੇ ਸ਼ਹਿਰ ਅੰਤਾਕੀਆ ਵਿਚ।
c “ਸਫ਼ਰ ਦੌਰਾਨ ਮੁਸ਼ਕਲਾਂ” ਨਾਂ ਦੀ ਡੱਬੀ ਦੇਖੋ।
d ਪਹਿਲੀ ਸਦੀ ਵਿਚ ਸਮੁੰਦਰੀ ਜਹਾਜ਼ ਇਕ ਦਿਨ ਵਿਚ ਲਗਭਗ 150 ਕਿਲੋਮੀਟਰ (ਲਗਭਗ 100 ਮੀਲ) ਤਕ ਸਫ਼ਰ ਕਰ ਸਕਦਾ ਸੀ ਜੇ ਹਵਾਵਾਂ ਉਸੇ ਦਿਸ਼ਾ ਵਿਚ ਚੱਲਦੀਆਂ ਸਨ। ਜੇ ਮੌਸਮ ਸਫ਼ਰ ਲਈ ਢੁਕਵਾਂ ਨਹੀਂ ਹੁੰਦਾ ਸੀ, ਤਾਂ ਇੰਨਾ ਸਫ਼ਰ ਕਰਨ ਵਿਚ ਜ਼ਿਆਦਾ ਸਮਾਂ ਲੱਗਦਾ ਸੀ।
e “ਯਹੂਦੀਆਂ ਦੇ ਸਭਾ ਘਰਾਂ ਵਿਚ” ਨਾਂ ਦੀ ਡੱਬੀ ਦੇਖੋ।
f ਸਾਈਪ੍ਰਸ ਰੋਮੀ ਰਾਜ-ਸਭਾ ਦੇ ਅਧੀਨ ਸੀ ਅਤੇ ਟਾਪੂ ਦਾ ਪ੍ਰਬੰਧ ਰਾਜਪਾਲ ਦੇਖਦਾ ਸੀ।
g ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਇਸ ਸਮੇਂ ਤੋਂ ਸੌਲੁਸ ਦਾ ਜ਼ਿਕਰ ਪੌਲੁਸ ਵਜੋਂ ਕੀਤਾ ਗਿਆ ਹੈ। ਕੁਝ ਲੋਕਾਂ ਨੇ ਕਿਹਾ ਹੈ ਕਿ ਉਸ ਨੇ ਸਰਗੀਉਸ ਪੌਲੂਸ ਦੇ ਆਦਰ ਵਿਚ ਆਪਣਾ ਰੋਮੀ ਨਾਂ ਪੌਲੁਸ ਇਸਤੇਮਾਲ ਕਰਨਾ ਸ਼ੁਰੂ ਕੀਤਾ। ਪਰ ਉਹ ਸਾਈਪ੍ਰਸ ਛੱਡਣ ਤੋਂ ਬਾਅਦ ਵੀ ਇਹ ਨਾਂ ਵਰਤਦਾ ਰਿਹਾ। ਲੱਗਦਾ ਹੈ ਕਿ ਉਸ ਨੇ ਇਹ ਨਾਂ ਇਸ ਕਰਕੇ ਵਰਤਣਾ ਸ਼ੁਰੂ ਕੀਤਾ ਸੀ ਕਿਉਂਕਿ ਉਹ “ਹੋਰ ਕੌਮਾਂ ਦੇ ਲੋਕਾਂ ਕੋਲ ਘੱਲਿਆ ਹੋਇਆ ਰਸੂਲ” ਸੀ। ਉਸ ਨੇ ਇਸ ਕਰਕੇ ਵੀ ਇਹ ਰੋਮੀ ਨਾਂ ਵਰਤਿਆ ਹੋਣਾ ਕਿਉਂਕਿ ਉਸ ਦੇ ਇਬਰਾਨੀ ਨਾਂ ਸੌਲੁਸ ਦਾ ਯੂਨਾਨੀ ਵਿਚ ਉਚਾਰਣ ਇਕ ਹੋਰ ਯੂਨਾਨੀ ਸ਼ਬਦ ਨਾਲ ਮਿਲਦਾ-ਜੁਲਦਾ ਸੀ ਜਿਸ ਦਾ ਗੰਦਾ ਮਤਲਬ ਸੀ।—ਰੋਮੀ. 11:13.