ਪਾਠ 54
“ਵਫ਼ਾਦਾਰ ਅਤੇ ਸਮਝਦਾਰ ਨੌਕਰ” ਕੌਣ ਹੈ ਅਤੇ ਇਹ ਕੀ ਕਰਦਾ ਹੈ?
ਯਿਸੂ ਮਸੀਹ ਮੰਡਲੀ ਦਾ ਮੁਖੀ ਹੈ। (ਅਫ਼ਸੀਆਂ 5:23) ਅੱਜ ਉਹ ਸਵਰਗ ਤੋਂ ਧਰਤੀ ਉੱਤੇ ਆਪਣੇ ਚੇਲਿਆਂ ਦੀ ਅਗਵਾਈ ਕਰ ਰਿਹਾ ਹੈ। ਕਿਵੇਂ? “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੇ ਜ਼ਰੀਏ। (ਮੱਤੀ 24:45 ਪੜ੍ਹੋ।) ਯਿਸੂ ਨੇ ਖ਼ੁਦ ਇਸ “ਨੌਕਰ” ਨੂੰ ਨਿਯੁਕਤ ਕੀਤਾ ਹੈ ਤੇ ਕੁਝ ਹੱਦ ਤਕ ਫ਼ੈਸਲੇ ਕਰਨ ਦਾ ਅਧਿਕਾਰ ਵੀ ਦਿੱਤਾ ਹੈ। ਪਰ ਇਹ ਨੌਕਰ ਜਾਣਦਾ ਹੈ ਕਿ ਇਸ ਨੇ ਯਿਸੂ ਦੇ ਅਧੀਨ ਰਹਿਣਾ ਹੈ ਅਤੇ ਮਸੀਹ ਦੇ ਭਰਾਵਾਂ ਦੀ ਸੇਵਾ ਕਰਨੀ ਹੈ। ਇਹ ਨੌਕਰ ਕੌਣ ਹੈ ਅਤੇ ਇਹ ਸਾਡਾ ਖ਼ਿਆਲ ਕਿਵੇਂ ਰੱਖਦਾ ਹੈ? ਆਓ ਜਾਣੀਏ।
1. “ਵਫ਼ਾਦਾਰ ਅਤੇ ਸਮਝਦਾਰ ਨੌਕਰ” ਕੌਣ ਹੈ?
ਯਹੋਵਾਹ ਸ਼ੁਰੂ ਤੋਂ ਹੀ ਆਪਣੇ ਲੋਕਾਂ ਨੂੰ ਕਿਸੇ ਇਕ ਆਦਮੀ ਜਾਂ ਆਦਮੀਆਂ ਦੇ ਛੋਟੇ ਸਮੂਹ ਰਾਹੀਂ ਸੇਧ ਦਿੰਦਾ ਆਇਆ ਹੈ। (ਮਲਾਕੀ 2:7; ਇਬਰਾਨੀਆਂ 1:1) ਯਿਸੂ ਦੀ ਮੌਤ ਤੋਂ ਬਾਅਦ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ। (ਰਸੂਲਾਂ ਦੇ ਕੰਮ 15:2) ਇਸੇ ਤਰ੍ਹਾਂ ਅੱਜ ਬਜ਼ੁਰਗਾਂ ਦਾ ਇਕ ਛੋਟਾ ਸਮੂਹ ਪਰਮੇਸ਼ੁਰ ਦੇ ਬਚਨ ਦੀ ਸਮਝ ਦਿੰਦਾ ਹੈ ਅਤੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦਾ ਹੈ। ਇਸ ਸਮੂਹ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਕਿਹਾ ਜਾਂਦਾ ਹੈ। ਇਹ ਪ੍ਰਬੰਧਕ ਸਭਾ ਹੀ ‘ਵਫ਼ਾਦਾਰ ਅਤੇ ਸਮਝਦਾਰ ਨੌਕਰ ਹੈ ਜਿਸ ਨੂੰ ਯਿਸੂ ਨੇ ਮੁਖਤਿਆਰ ਬਣਾਇਆ ਹੈ।’ (ਮੱਤੀ 24:45ੳ) ਪ੍ਰਬੰਧਕ ਸਭਾ ਦੇ ਸਾਰੇ ਮੈਂਬਰਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ ਅਤੇ ਉਨ੍ਹਾਂ ਦੀ ਉਮੀਦ ਹੈ ਕਿ ਉਹ ਸਵਰਗ ਵਿਚ ਮਸੀਹ ਨਾਲ ਰਾਜ ਕਰਨਗੇ।
2. ਵਫ਼ਾਦਾਰ ਨੌਕਰ ਸਾਨੂੰ ਜੋ ਭੋਜਨ ਦਿੰਦਾ ਹੈ, ਉਹ ਕੀ ਹੈ?
ਯਿਸੂ ਨੇ ਕਿਹਾ ਸੀ ਕਿ ਵਫ਼ਾਦਾਰ ਨੌਕਰ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ “ਸਹੀ ਸਮੇਂ ਤੇ ਭੋਜਨ” ਦੇਵੇਗਾ। (ਮੱਤੀ 24:45ਅ) ਇਹ ਭੋਜਨ ਕੀ ਹੈ? ਇਹ ਭੋਜਨ ਪਰਮੇਸ਼ੁਰ ਦੇ ਬਚਨ ਦੀ ਸਹੀ ਸਮਝ ਹੈ। ਜਿਵੇਂ ਭੋਜਨ ਖਾਣ ਨਾਲ ਸਾਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ ਅਤੇ ਸਾਡੀ ਸਿਹਤ ਵਧੀਆ ਰਹਿੰਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੇ ਬਚਨ ਦੀ ਸਮਝ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਜਿਸ ਕਰਕੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਪਾਉਂਦੇ ਹਾਂ ਅਤੇ ਯਿਸੂ ਵੱਲੋਂ ਦਿੱਤਾ ਕੰਮ ਕਰ ਪਾਉਂਦੇ ਹਾਂ। (1 ਤਿਮੋਥਿਉਸ 4:6) ਇਹ ਸਮਝ ਸਾਨੂੰ ਸਭਾਵਾਂ, ਅਸੈਂਬਲੀਆਂ, ਵੱਡੇ ਸੰਮੇਲਨਾਂ, ਪ੍ਰਕਾਸ਼ਨਾਂ ਅਤੇ ਵੀਡੀਓ ਰਾਹੀਂ ਮਿਲਦੀ ਹੈ। ਇਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਦੀ ਮਰਜ਼ੀ ਜਾਣ ਪਾਉਂਦੇ ਹਾਂ ਅਤੇ ਉਸ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਪਾਉਂਦੇ ਹਾਂ।
ਹੋਰ ਸਿੱਖੋ
ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਯਾਨੀ ਪ੍ਰਬੰਧਕ ਸਭਾ ਦੀ ਲੋੜ ਕਿਉਂ ਹੈ? ਆਓ ਜਾਣੀਏ।
3. ਯਹੋਵਾਹ ਦੇ ਲੋਕਾਂ ਦਾ ਸੰਗਠਨ ਹੋਣਾ ਜ਼ਰੂਰੀ ਹੈ
ਯਿਸੂ ਦੀ ਨਿਗਰਾਨੀ ਅਧੀਨ ਪ੍ਰਬੰਧਕ ਸਭਾ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਦੇਖ-ਰੇਖ ਕਰਦੀ ਹੈ। ਪਹਿਲੀ ਸਦੀ ਵਿਚ ਵੀ ਇਸੇ ਤਰ੍ਹਾਂ ਦਾ ਇੰਤਜ਼ਾਮ ਸੀ। ਵੀਡੀਓ ਦੇਖੋ।
1 ਕੁਰਿੰਥੀਆਂ 14:33, 40 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕਾਂ ਵਿਚ ਸਾਰਾ ਕੁਝ ਸਲੀਕੇ ਨਾਲ ਹੋਵੇ?
4. ਵਫ਼ਾਦਾਰ ਨੌਕਰ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਦਾ ਹੈ
ਪਹਿਲੀ ਸਦੀ ਵਿਚ ਮਸੀਹੀਆਂ ਨੇ ਪ੍ਰਚਾਰ ਦੇ ਕੰਮ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਸੀ। ਰਸੂਲਾਂ ਦੇ ਕੰਮ 8:14, 25 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਪਹਿਲੀ ਸਦੀ ਵਿਚ ਪ੍ਰਚਾਰ ਦੇ ਕੰਮ ਵਿਚ ਕੌਣ ਅਗਵਾਈ ਕਰਦਾ ਸੀ?
ਜਦੋਂ ਪਤਰਸ ਅਤੇ ਯੂਹੰਨਾ ਨੂੰ ਦੂਸਰੇ ਰਸੂਲਾਂ ਤੋਂ ਹਿਦਾਇਤਾਂ ਮਿਲੀਆਂ, ਤਾਂ ਉਨ੍ਹਾਂ ਨੇ ਕੀ ਕੀਤਾ?
ਅੱਜ ਪ੍ਰਬੰਧਕ ਸਭਾ ਵੀ ਪ੍ਰਚਾਰ ਦੇ ਕੰਮ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੰਦੀ ਹੈ। ਵੀਡੀਓ ਦੇਖੋ।
ਯਿਸੂ ਨੇ ਦੱਸਿਆ ਸੀ ਕਿ ਪ੍ਰਚਾਰ ਦਾ ਕੰਮ ਕਰਨਾ ਕਿੰਨਾ ਜ਼ਰੂਰੀ ਹੈ। ਮਰਕੁਸ 13:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਪ੍ਰਬੰਧਕ ਸਭਾ ਪ੍ਰਚਾਰ ਦੇ ਕੰਮ ਨੂੰ ਇੰਨੀ ਅਹਿਮੀਅਤ ਕਿਉਂ ਦਿੰਦੀ ਹੈ?
ਪੂਰੀ ਦੁਨੀਆਂ ਵਿਚ ਇਹ ਕੰਮ ਕਰਨ ਲਈ ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੀ ਕਿਉਂ ਲੋੜ ਹੈ?
5. ਵਫ਼ਾਦਾਰ ਨੌਕਰ ਮੰਡਲੀਆਂ ਨੂੰ ਹਿਦਾਇਤਾਂ ਦਿੰਦਾ ਹੈ
ਵਫ਼ਾਦਾਰ ਨੌਕਰ ਯਾਨੀ ਪ੍ਰਬੰਧਕ ਸਭਾ ਦੁਨੀਆਂ ਭਰ ਵਿਚ ਮੰਡਲੀਆਂ ਨੂੰ ਹਿਦਾਇਤਾਂ ਦਿੰਦੀ ਹੈ। ਉਹ ਕਿਵੇਂ ਤੈਅ ਕਰਦੀ ਹੈ ਕਿ ਕਿਹੜੀਆਂ ਹਿਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ? ਧਿਆਨ ਦਿਓ ਕਿ ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਨੇ ਇਹ ਕਿਵੇਂ ਤੈਅ ਕੀਤਾ। ਰਸੂਲਾਂ ਦੇ ਕੰਮ 15:1, 2 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਪਹਿਲੀ ਸਦੀ ਦੇ ਕੁਝ ਮਸੀਹੀਆਂ ਵਿਚ ਕਿਸ ਮਸਲੇ ਬਾਰੇ ਬਹਿਸ ਹੋਈ?
ਇਸ ਮਸਲੇ ਨੂੰ ਸੁਲਝਾਉਣ ਲਈ ਪੌਲੁਸ, ਬਰਨਾਬਾਸ ਅਤੇ ਕੁਝ ਹੋਰ ਭਰਾ ਕਿਨ੍ਹਾਂ ਕੋਲ ਗਏ?
ਰਸੂਲਾਂ ਦੇ ਕੰਮ 15:12-18, 23-29 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੇ ਫ਼ੈਸਲਾ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੀ ਸੋਚ ਜਾਣਨ ਲਈ ਕੀ ਕੀਤਾ?—ਆਇਤ 12, 15 ਅਤੇ 28 ਦੇਖੋ।
ਰਸੂਲਾਂ ਦੇ ਕੰਮ 15:30, 31 ਅਤੇ 16:4, 5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਪ੍ਰਬੰਧਕ ਸਭਾ ਦਾ ਫ਼ੈਸਲਾ ਜਾਣ ਕੇ ਪਹਿਲੀ ਸਦੀ ਦੇ ਮਸੀਹੀਆਂ ਨੇ ਕੀ ਕੀਤਾ?
ਪ੍ਰਬੰਧਕ ਸਭਾ ਦਾ ਫ਼ੈਸਲਾ ਮੰਨਣ ਕਰਕੇ ਉਨ੍ਹਾਂ ਨੂੰ ਯਹੋਵਾਹ ਤੋਂ ਕਿਹੜੀਆਂ ਬਰਕਤਾਂ ਮਿਲੀਆਂ?
2 ਤਿਮੋਥਿਉਸ 3:16 ਅਤੇ ਯਾਕੂਬ 1:5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਅੱਜ ਵੀ ਫ਼ੈਸਲੇ ਕਰਨ ਤੋਂ ਪਹਿਲਾਂ ਪ੍ਰਬੰਧਕ ਸਭਾ ਕੀ ਕਰਦੀ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਪ੍ਰਬੰਧਕ ਸਭਾ ਦੇ ਮੈਂਬਰ ਵੀ ਤਾਂ ਇਨਸਾਨ ਹੀ ਹਨ, ਇਸ ਦਾ ਮਤਲਬ ਤੁਸੀਂ ਇਨਸਾਨਾਂ ਦੀ ਗੱਲ ਮੰਨਦੇ ਹੋ।”
ਤੁਹਾਨੂੰ ਕਿਉਂ ਯਕੀਨ ਹੈ ਕਿ ਯਿਸੂ ਪ੍ਰਬੰਧਕ ਸਭਾ ਦੀ ਅਗਵਾਈ ਕਰ ਰਿਹਾ ਹੈ?
ਹੁਣ ਤਕ ਅਸੀਂ ਸਿੱਖਿਆ
“ਵਫ਼ਾਦਾਰ ਅਤੇ ਸਮਝਦਾਰ ਨੌਕਰ” ਹੀ ਪ੍ਰਬੰਧਕ ਸਭਾ ਹੈ ਜਿਸ ਨੂੰ ਮਸੀਹ ਨੇ ਨਿਯੁਕਤ ਕੀਤਾ ਹੈ। ਇਹ ਵਫ਼ਾਦਾਰ ਨੌਕਰ ਦੁਨੀਆਂ ਭਰ ਵਿਚ ਰਹਿੰਦੇ ਮਸੀਹੀਆਂ ਨੂੰ ਹਿਦਾਇਤਾਂ ਦਿੰਦਾ ਹੈ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ।
ਤੁਸੀਂ ਕੀ ਕਹੋਗੇ?
“ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਕਿਸ ਨੇ ਨਿਯੁਕਤ ਕੀਤਾ ਹੈ?
ਪ੍ਰਬੰਧਕ ਸਭਾ ਕਿਵੇਂ ਸਾਡਾ ਖ਼ਿਆਲ ਰੱਖਦੀ ਹੈ?
ਕੀ ਤੁਸੀਂ ਮੰਨਦੇ ਹੋ ਕਿ ਪ੍ਰਬੰਧਕ ਸਭਾ ਹੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਹੈ?
ਇਹ ਵੀ ਦੇਖੋ
ਜਾਣੋ ਕਿ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ।
ਦੇਖੋ ਕਿ ਪ੍ਰਬੰਧਕ ਸਭਾ ਕਿਵੇਂ ਧਿਆਨ ਰੱਖਦੀ ਹੈ ਕਿ ਉਹ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਸਹੀ ਸਮਝ ਦੇਵੇ।
ਪ੍ਰਬੰਧਕ ਸਭਾ ਦੇ ਮੈਂਬਰ ਯਿਸੂ ਦੇ ਦਿੱਤੇ ਕੰਮ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
ਸਭਾਵਾਂ ਅਤੇ ਸੰਮੇਲਨਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਪ੍ਰਬੰਧਕ ਸਭਾ ਦੀ ਅਗਵਾਈ ਕਰ ਰਿਹਾ ਹੈ?