ਯਿਸੂ ਦੇ ਰਸੂਲਾਂ ਤੋਂ ਜਾਗਦੇ ਰਹਿਣਾ ਸਿੱਖੋ
“ਮੇਰੇ ਨਾਲ ਜਾਗਦੇ ਰਹੋ।”—ਮੱਤੀ 26:38.
1-3. ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਰਸੂਲ ਜਾਗਦੇ ਰਹਿਣ ਵਿਚ ਕਿਵੇਂ ਨਾਕਾਮ ਰਹੇ ਅਤੇ ਕਿੱਦਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਇਸ ਗ਼ਲਤੀ ਤੋਂ ਸਬਕ ਸਿੱਖਿਆ ਸੀ?
ਜ਼ਰਾ ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੀ ਆਖ਼ਰੀ ਰਾਤ ਦੀ ਕਲਪਨਾ ਕਰੋ। ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨਾਲ ਆਪਣੀ ਮਨਪਸੰਦ ਜਗ੍ਹਾ ਗਥਸਮਨੀ ਬਾਗ਼ ਵਿਚ ਆਇਆ। ਉਸ ਨਾਲ ਅੱਗੇ ਜੋ ਵੀ ਹੋਣਾ ਸੀ, ਉਸ ਕਰਕੇ ਉਹ ਬਹੁਤ ਪਰੇਸ਼ਾਨ ਸੀ। ਇਸ ਲਈ ਯਿਸੂ ਕਿਸੇ ਇਕਾਂਤ ਜਗ੍ਹਾ ਜਾਣਾ ਚਾਹੁੰਦਾ ਸੀ ਤਾਂਕਿ ਉਹ ਇਸ ਬਾਰੇ ਪ੍ਰਾਰਥਨਾ ਕਰ ਸਕੇ।—ਮੱਤੀ 26:36; ਯੂਹੰ. 18:1, 2.
2 ਤਿੰਨ ਰਸੂਲ, ਪਤਰਸ, ਯਾਕੂਬ ਤੇ ਯੂਹੰਨਾ ਯਿਸੂ ਦੇ ਨਾਲ ਬਾਗ਼ ਦੇ ਅੰਦਰ ਤਕ ਗਏ। ਇਕ ਜਗ੍ਹਾ ਆ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।” ਇਹ ਕਹਿ ਕੇ ਉਹ ਪ੍ਰਾਰਥਨਾ ਕਰਨ ਚਲਾ ਗਿਆ। ਜਦੋਂ ਉਹ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਉਸ ਦੇ ਦੋਸਤ ਘੂਕ ਸੁੱਤੇ ਪਏ ਸਨ। ਉਸ ਨੇ ਦੁਬਾਰਾ ਉਨ੍ਹਾਂ ਨੂੰ ਬੇਨਤੀ ਕੀਤੀ: “ਜਾਗਦੇ ਰਹੋ।” ਪਰ ਉਹ ਦੁਬਾਰਾ ਦੋ ਵਾਰ ਸੌਂ ਗਏ। ਬਾਅਦ ਵਿਚ ਉਸੇ ਰਾਤ ਜੋ ਹੋਇਆ, ਉਸ ਵਾਸਤੇ ਉਹ ਤਿਆਰ ਨਹੀਂ ਸਨ। ਉਹ ਜਾਗਦੇ ਰਹਿਣ ਵਿਚ ਨਾਕਾਮ ਰਹੇ ਅਤੇ ਯਿਸੂ ਨੂੰ ਛੱਡ ਕੇ ਭੱਜ ਗਏ।—ਮੱਤੀ 26:38, 41, 56.
3 ਰਸੂਲਾਂ ਨੂੰ ਇਸ ਗੱਲ ਦਾ ਅਫ਼ਸੋਸ ਜ਼ਰੂਰ ਹੋਇਆ ਹੋਣਾ ਕਿ ਉਹ ਜਾਗਦੇ ਨਹੀਂ ਰਹੇ। ਉਨ੍ਹਾਂ ਵਫ਼ਾਦਾਰ ਰਸੂਲਾਂ ਨੇ ਛੇਤੀ ਆਪਣੀ ਇਸ ਗ਼ਲਤੀ ਤੋਂ ਸਬਕ ਸਿੱਖਿਆ। ਬਾਈਬਲ ਵਿਚ ਰਸੂਲਾਂ ਦੇ ਕੰਮ ਨਾਂ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਜਾਗਦੇ ਰਹਿਣ ਵਿਚ ਬਹੁਤ ਹੀ ਵਧੀਆ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਵਫ਼ਾਦਾਰੀ ਨੇ ਬਾਕੀ ਮਸੀਹੀਆਂ ਦੀ ਵੀ ਜਾਗਦੇ ਰਹਿਣ ਵਿਚ ਮਦਦ ਕੀਤੀ। ਸਾਨੂੰ ਤਾਂ ਅੱਜ ਜਾਗਦੇ ਰਹਿਣ ਦੀ ਹੋਰ ਵੀ ਜ਼ਿਆਦਾ ਲੋੜ ਹੈ। (ਮੱਤੀ 24:42) ਆਓ ਆਪਾਂ ਜਾਗਦੇ ਰਹਿਣ ਦੇ ਸੰਬੰਧ ਵਿਚ ਤਿੰਨ ਗੱਲਾਂ ʼਤੇ ਗੌਰ ਕਰੀਏ ਜੋ ਅਸੀਂ ਰਸੂਲਾਂ ਦੇ ਕੰਮ ਦੀ ਕਿਤਾਬ ਤੋਂ ਸਿੱਖਦੇ ਹਾਂ।
ਪ੍ਰਚਾਰ ਵਿਚ ਅਗਵਾਈ ਲਈ ਸਚੇਤ ਰਹੇ
4, 5. ਪਵਿੱਤਰ ਸ਼ਕਤੀ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਕਿਵੇਂ ਅਗਵਾਈ ਦਿੱਤੀ ਸੀ?
4 ਜਾਗਦੇ ਰਹਿਣ ਬਾਰੇ ਅਸੀਂ ਰਸੂਲਾਂ ਤੋਂ ਪਹਿਲੀ ਗੱਲ ਇਹ ਸਿੱਖਦੇ ਹਾਂ: ਰਸੂਲ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਕਿੱਥੇ ਪ੍ਰਚਾਰ ਕਰਨਾ ਚਾਹੀਦਾ ਹੈ। ਇਕ ਬਿਰਤਾਂਤ ਵਿਚ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਤੋਂ ਮਿਲੀ ਪਵਿੱਤਰ ਸ਼ਕਤੀ ਨਾਲ ਯਿਸੂ ਨੇ ਕਿਵੇਂ ਪੌਲੁਸ ਰਸੂਲ ਤੇ ਉਸ ਦੇ ਸਾਥੀਆਂ ਦੀ ਸਫ਼ਰ ਦੌਰਾਨ ਅਗਵਾਈ ਕੀਤੀ ਸੀ। (ਰਸੂ. 2:33) ਆਓ ਆਪਾਂ ਇਸ ਸਫ਼ਰ ʼਤੇ ਉਨ੍ਹਾਂ ਦੇ ਨਾਲ ਚੱਲੀਏ।—ਰਸੂਲਾਂ ਦੇ ਕੰਮ 16:6-10 ਪੜ੍ਹੋ।
5 ਪੌਲੁਸ, ਸੀਲਾਸ ਤੇ ਤਿਮੋਥਿਉਸ ਦੱਖਣੀ ਗਲਾਤੀਆ ਦੇ ਸ਼ਹਿਰ ਲੁਸਤ੍ਰਾ ਤੋਂ ਤੁਰ ਪਏ ਸਨ। ਕਈ ਦਿਨਾਂ ਬਾਅਦ ਉਹ ਇਕ ਮੁੱਖ ਰੋਮੀ ਸੜਕ ʼਤੇ ਪਹੁੰਚੇ। ਇਹ ਸੜਕ ਪੱਛਮ ਵੱਲ ਏਸ਼ੀਆ ਜ਼ਿਲ੍ਹੇ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਜਾਂਦੀ ਸੀ। ਉਹ ਉਸ ਇਲਾਕੇ ਦੇ ਸ਼ਹਿਰਾਂ ਵਿਚ ਜਾਣਾ ਚਾਹੁੰਦੇ ਸਨ ਜਿੱਥੇ ਲੋਕਾਂ ਨੇ ਮਸੀਹ ਬਾਰੇ ਨਹੀਂ ਸੁਣਿਆ ਸੀ। ਪਰ ਕਿਸੇ ਚੀਜ਼ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ। ਆਇਤ 6 ਵਿਚ ਲਿਖਿਆ ਹੈ: “ਉਹ ਫ਼ਰੂਗੀਆ ਅਤੇ ਗਲਾਤੀਆ ਦੇ ਇਲਾਕਿਆਂ ਵਿੱਚੋਂ ਦੀ ਲੰਘੇ ਕਿਉਂਕਿ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਏਸ਼ੀਆ ਜ਼ਿਲ੍ਹੇ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ।” ਪਵਿੱਤਰ ਸ਼ਕਤੀ ਨੇ ਕਿਸੇ ਤਰੀਕੇ ਨਾਲ ਉਨ੍ਹਾਂ ਨੂੰ ਏਸ਼ੀਆ ਜ਼ਿਲ੍ਹੇ ਵਿਚ ਪ੍ਰਚਾਰ ਕਰਨ ਤੋਂ ਰੋਕਿਆ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਪੌਲੁਸ ਤੇ ਉਸ ਦੇ ਸਾਥੀਆਂ ਨੂੰ ਕਿਸੇ ਹੋਰ ਜਗ੍ਹਾ ਘੱਲਣਾ ਚਾਹੁੰਦਾ ਸੀ।
6, 7. (ੳ) ਜਦੋਂ ਪੌਲੁਸ ਤੇ ਉਸ ਦੇ ਸਾਥੀ ਬਿਥੁਨੀਆ ਲਾਗੇ ਪਹੁੰਚੇ, ਤਾਂ ਉਨ੍ਹਾਂ ਨਾਲ ਕੀ ਹੋਇਆ? (ਅ) ਉਨ੍ਹਾਂ ਚੇਲਿਆਂ ਨੇ ਕੀ ਫ਼ੈਸਲਾ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
6 ਫਿਰ ਉਹ ਸਾਰੇ ਕਿੱਥੇ ਚਲੇ ਗਏ? ਆਇਤ 7 ਵਿਚ ਦੱਸਿਆ ਹੈ: “ਫਿਰ ਜਦੋਂ ਉਹ ਮੁਸੀਆ ਪਹੁੰਚੇ, ਤਾਂ ਉਨ੍ਹਾਂ ਨੇ ਬਿਥੁਨੀਆ ਵਿਚ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਪਵਿੱਤਰ ਸ਼ਕਤੀ ਦੇ ਰਾਹੀਂ ਯਿਸੂ ਨੇ ਉਨ੍ਹਾਂ ਨੂੰ ਉੱਥੇ ਜਾਣ ਨਾ ਦਿੱਤਾ।” ਏਸ਼ੀਆ ਵਿਚ ਪ੍ਰਚਾਰ ਕਰਨ ਤੋਂ ਰੋਕੇ ਜਾਣ ਤੇ ਪੌਲੁਸ ਅਤੇ ਉਸ ਦੇ ਸਾਥੀ ਉੱਤਰ ਵੱਲ ਤੁਰ ਪਏ ਅਤੇ ਉਨ੍ਹਾਂ ਦਾ ਇਰਾਦਾ ਬਿਥੁਨੀਆ ਦੇ ਇਲਾਕੇ ਦੇ ਸ਼ਹਿਰਾਂ ਵਿਚ ਪ੍ਰਚਾਰ ਕਰਨ ਦਾ ਸੀ। ਪਰ ਜਦੋਂ ਉਹ ਬਿਥੁਨੀਆ ਲਾਗੇ ਪਹੁੰਚੇ, ਤਾਂ ਯਿਸੂ ਨੇ ਇਕ ਵਾਰ ਫਿਰ ਪਵਿੱਤਰ ਸ਼ਕਤੀ ਦੇ ਰਾਹੀਂ ਉਨ੍ਹਾਂ ਨੂੰ ਰੋਕਿਆ। ਇਸ ਕਰਕੇ ਉਹ ਉਲਝਣ ਵਿਚ ਪੈ ਗਏ ਹੋਣੇ ਕਿ ਉਹ ਕਿੱਧਰ ਨੂੰ ਜਾਣ। ਉਹ ਜਾਣਦੇ ਸਨ ਕਿ ਉਨ੍ਹਾਂ ਨੇ ਕਿਸ ਗੱਲ ਦਾ ਪ੍ਰਚਾਰ ਕਰਨਾ ਸੀ ਅਤੇ ਕਿਵੇਂ ਪ੍ਰਚਾਰ ਕਰਨਾ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿੱਥੇ ਪ੍ਰਚਾਰ ਕਰਨ। ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਏਸ਼ੀਆ ਦਾ ਦਰਵਾਜ਼ਾ ਖੜਕਾਇਆ, ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਫਿਰ ਉਨ੍ਹਾਂ ਨੇ ਬਿਥੁਨੀਆ ਦਾ ਦਰਵਾਜ਼ਾ ਖੜਕਾਇਆ, ਤਾਂ ਉਹ ਵੀ ਨਹੀਂ ਖੁੱਲ੍ਹਿਆ। ਕੀ ਉਨ੍ਹਾਂ ਨੇ ਦਰਵਾਜ਼ੇ ਖੜਕਾਉਣੇ ਬੰਦ ਕਰ ਦਿੱਤੇ? ਉਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਨੇ ਇਸ ਤਰ੍ਹਾਂ ਨਹੀਂ ਕੀਤਾ।
7 ਫਿਰ ਬਿਥੁਨੀਆ ਵਿਚ ਪ੍ਰਚਾਰ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਨੇ ਜੋ ਫ਼ੈਸਲਾ ਕੀਤਾ, ਉਹ ਸ਼ਾਇਦ ਸਾਨੂੰ ਥੋੜ੍ਹਾ ਜਿਹਾ ਅਜੀਬ ਲੱਗੇ। ਆਇਤ 8 ਵਿਚ ਲਿਖਿਆ ਹੈ: “ਉਹ ਮੁਸੀਆ ਲੰਘ ਕੇ ਤ੍ਰੋਆਸ ਆ ਗਏ।” ਇਸ ਤੋਂ ਪਤਾ ਲੱਗਦਾ ਹੈ ਕਿ ਉਹ ਬਿਥੁਨੀਆ ਦੇ ਲਾਗਿਓਂ ਪੱਛਮ ਵੱਲ ਨੂੰ ਮੁੜ ਗਏ ਅਤੇ ਕਈ ਸ਼ਹਿਰਾਂ ਦੇ ਵਿੱਚੋਂ ਦੀ ਹੁੰਦੇ ਹੋਏ 563 ਕਿਲੋਮੀਟਰ (350 ਮੀਲ) ਤੁਰ ਕੇ ਤ੍ਰੋਆਸ ਸ਼ਹਿਰ ਪਹੁੰਚੇ। ਇਸ ਸ਼ਹਿਰ ਦੀ ਸਮੁੰਦਰੀ ਬੰਦਰਗਾਹ ਤੋਂ ਲੋਕ ਮਕਦੂਨੀਆ ਜਾ ਸਕਦੇ ਸਨ। ਉੱਥੇ ਤੀਸਰੀ ਵਾਰ ਪੌਲੁਸ ਤੇ ਉਸ ਦੇ ਸਾਥੀਆਂ ਨੇ ਦਰਵਾਜ਼ਾ ਖੜਕਾਇਆ, ਪਰ ਇਸ ਵਾਰ ਦਰਵਾਜ਼ਾ ਝੱਟ ਖੁੱਲ੍ਹ ਗਿਆ। ਆਇਤ 9 ਵਿਚ ਦੱਸਿਆ ਹੈ ਕਿ ਫਿਰ ਕੀ ਹੋਇਆ: “ਰਾਤ ਨੂੰ ਪੌਲੁਸ ਨੇ ਇਕ ਦਰਸ਼ਣ ਦੇਖਿਆ: ਮਕਦੂਨੀਆ ਦਾ ਇਕ ਆਦਮੀ ਖੜ੍ਹਾ ਪੌਲੁਸ ਨੂੰ ਬੇਨਤੀ ਕਰ ਰਿਹਾ ਸੀ: ‘ਇਸ ਪਾਰ ਮਕਦੂਨੀਆ ਵਿਚ ਆ ਕੇ ਸਾਡੀ ਮਦਦ ਕਰ।’” ਅਖ਼ੀਰ ਪੌਲੁਸ ਨੂੰ ਪਤਾ ਲੱਗ ਗਿਆ ਕਿ ਕਿੱਥੇ ਪ੍ਰਚਾਰ ਕਰਨਾ ਸੀ। ਉਹ ਸਾਰੇ ਬਿਨਾਂ ਦੇਰ ਕੀਤਿਆਂ ਸਮੁੰਦਰੀ ਜਹਾਜ਼ ਰਾਹੀਂ ਮਕਦੂਨੀਆ ਨੂੰ ਚਲੇ ਗਏ।
8, 9. ਅਸੀਂ ਪੌਲੁਸ ਦੇ ਸਫ਼ਰ ਤੋਂ ਕੀ ਸਿੱਖਦੇ ਹਾਂ?
8 ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖਦੇ ਹਾਂ? ਧਿਆਨ ਦਿਓ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਉਦੋਂ ਹੀ ਪੌਲੁਸ ਦੀ ਅਗਵਾਈ ਕੀਤੀ ਸੀ ਜਦੋਂ ਉਹ ਏਸ਼ੀਆ ਨੂੰ ਤੁਰ ਪਿਆ ਸੀ। ਫਿਰ ਯਿਸੂ ਨੇ ਉਦੋਂ ਹੀ ਪੌਲੁਸ ਨੂੰ ਰੋਕਿਆ ਸੀ ਜਦੋਂ ਉਹ ਬਿਥੁਨੀਆ ਲਾਗੇ ਪਹੁੰਚਿਆ ਸੀ। ਅਤੇ ਅਖ਼ੀਰ ਵਿਚ ਯਿਸੂ ਨੇ ਉਦੋਂ ਹੀ ਪੌਲੁਸ ਨੂੰ ਮਕਦੂਨੀਆ ਜਾਣ ਲਈ ਕਿਹਾ ਸੀ ਜਦੋਂ ਉਹ ਤ੍ਰੋਆਸ ਪਹੁੰਚਿਆ ਸੀ। ਮੰਡਲੀ ਦਾ ਮੁਖੀ ਹੋਣ ਕਰਕੇ ਯਿਸੂ ਅੱਜ ਸਾਡੀ ਵੀ ਇਸੇ ਤਰ੍ਹਾਂ ਅਗਵਾਈ ਕਰਦਾ ਹੈ। (ਕੁਲੁ. 1:18) ਉਦਾਹਰਣ ਲਈ, ਤੁਸੀਂ ਸ਼ਾਇਦ ਪਾਇਨੀਅਰਿੰਗ ਕਰਨ ਬਾਰੇ ਜਾਂ ਉਸ ਜਗ੍ਹਾ ਜਾ ਕੇ ਪ੍ਰਚਾਰ ਕਰਨ ਬਾਰੇ ਸੋਚ ਰਹੇ ਹੋਵੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਪਰ ਯਿਸੂ ਤੁਹਾਡੀ ਅਗਵਾਈ ਉਦੋਂ ਹੀ ਕਰੇਗਾ ਜਦੋਂ ਤੁਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕੋਗੇ। ਮਿਸਾਲ ਲਈ: ਡ੍ਰਾਈਵਰ ਆਪਣੀ ਕਾਰ ਨੂੰ ਤਾਂ ਹੀ ਸੱਜੇ ਜਾਂ ਖੱਬੇ ਮੋੜ ਸਕਦਾ ਹੈ ਜੇ ਕਾਰ ਚੱਲ ਰਹੀ ਹੋਵੇ। ਇਸੇ ਤਰ੍ਹਾਂ ਯਿਸੂ ਸਾਡੀ ਉਦੋਂ ਹੀ ਮਦਦ ਕਰ ਸਕਦਾ ਹੈ ਜਦੋਂ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ।
9 ਪਰ ਜੇ ਤੁਹਾਨੂੰ ਆਪਣੀ ਮਿਹਨਤ ਦਾ ਫਲ ਇਕਦਮ ਨਹੀਂ ਮਿਲਦਾ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤੁਹਾਨੂੰ ਇਹ ਸੋਚ ਕੇ ਨਿਰਾਸ਼ ਹੋ ਜਾਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਤੁਹਾਡੀ ਅਗਵਾਈ ਨਹੀਂ ਕਰ ਰਹੀ? ਯਾਦ ਕਰੋ ਕਿ ਪੌਲੁਸ ਨੂੰ ਵੀ ਕਈ ਵਾਰ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਿਆ ਸੀ। ਫਿਰ ਵੀ ਉਹ ਉਦੋਂ ਤਕ ਦਰਵਾਜ਼ੇ ਲੱਭ-ਲੱਭ ਕੇ ਖੜਕਾਉਂਦਾ ਰਿਹਾ ਜਦੋਂ ਤਕ ਇਕ ਦਰਵਾਜ਼ਾ ਖੁੱਲ੍ਹ ਨਹੀਂ ਗਿਆ। ਇਸੇ ਤਰ੍ਹਾਂ ਜੇ ਤੁਸੀਂ ਵੀ ‘ਸੇਵਾ ਕਰਨ ਦੇ ਵੱਡੇ ਦਰਵਾਜ਼ੇ’ ਦੀ ਭਾਲ ਕਰਦੇ ਰਹੋਗੇ, ਤਾਂ ਤੁਹਾਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ।—1 ਕੁਰਿੰ. 16:9, ਫੁਟਨੋਟ।
ਪ੍ਰਾਰਥਨਾ ਕਰਨ ਲਈ ਤਿਆਰ ਰਹੇ
10. ਕਿੱਦਾਂ ਪਤਾ ਲੱਗਦਾ ਹੈ ਕਿ ਜਾਗਦੇ ਰਹਿਣ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ?
10 ਪਹਿਲੀ ਸਦੀ ਦੇ ਆਪਣੇ ਮਸੀਹੀ ਭਰਾਵਾਂ ਤੋਂ ਜਾਗਦੇ ਰਹਿਣ ਦੇ ਮਾਮਲੇ ਵਿਚ ਅਸੀਂ ਦੂਜੀ ਗੱਲ ਇਹ ਸਿੱਖਦੇ ਹਾਂ ਕਿ ਉਹ ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੇ। (1 ਪਤ. 4:7) ਜਾਗਦੇ ਰਹਿਣ ਲਈ ਪ੍ਰਾਰਥਨਾ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ। ਯਾਦ ਕਰੋ ਕਿ ਗਥਸਮਨੀ ਬਾਗ਼ ਵਿਚ ਆਪਣੀ ਗਿਰਫ਼ਤਾਰੀ ਤੋਂ ਪਹਿਲਾਂ ਯਿਸੂ ਨੇ ਆਪਣੇ ਤਿੰਨ ਰਸੂਲਾਂ ਨੂੰ ਕੀ ਕਿਹਾ ਸੀ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ।”—ਮੱਤੀ 26:41.
11, 12. ਹੇਰੋਦੇਸ ਨੇ ਪਤਰਸ ਅਤੇ ਹੋਰ ਮਸੀਹੀਆਂ ਉੱਤੇ ਕਿਉਂ ਅਤੇ ਕਿਵੇਂ ਅਤਿਆਚਾਰ ਕੀਤੇ ਸਨ?
11 ਜਦੋਂ ਯਿਸੂ ਨੇ ਇਹ ਗੱਲ ਕਹੀ ਸੀ, ਉਦੋਂ ਪਤਰਸ ਵੀ ਉੱਥੇ ਸੀ ਅਤੇ ਉਸ ਨੇ ਬਾਅਦ ਵਿਚ ਆਪ ਦੇਖਿਆ ਸੀ ਕਿ ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਦਾ ਕਿੰਨਾ ਅਸਰ ਹੁੰਦਾ ਹੈ। (ਰਸੂਲਾਂ ਦੇ ਕੰਮ 12:1-6 ਪੜ੍ਹੋ।) 12ਵੇਂ ਅਧਿਆਇ ਦੀਆਂ ਪਹਿਲੀਆਂ ਕੁਝ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੂਦੀਆਂ ਨੂੰ ਖ਼ੁਸ਼ ਕਰਨ ਲਈ ਹੇਰੋਦੇਸ ਨੇ ਮਸੀਹੀਆਂ ਉੱਤੇ ਅਤਿਆਚਾਰ ਕੀਤੇ ਸਨ। ਉਹ ਸ਼ਾਇਦ ਜਾਣਦਾ ਸੀ ਕਿ ਯਾਕੂਬ ਇਕ ਰਸੂਲ ਸੀ ਅਤੇ ਯਿਸੂ ਦੇ ਬਹੁਤ ਨੇੜੇ ਸੀ। ਇਸ ਲਈ ਹੇਰੋਦੇਸ ਨੇ ਯਾਕੂਬ ਨੂੰ “ਤਲਵਾਰ ਨਾਲ ਜਾਨੋਂ ਮਾਰ ਦਿੱਤਾ।” (ਆਇਤ 2) ਮੰਡਲੀ ਦੇ ਭੈਣ-ਭਰਾ ਯਾਕੂਬ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਸ ਦੀ ਮੌਤ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਇਹ ਉਨ੍ਹਾਂ ਲਈ ਬੜੀ ਔਖੀ ਘੜੀ ਸੀ!
12 ਇਸ ਤੋਂ ਬਾਅਦ ਹੇਰੋਦੇਸ ਨੇ ਕੀ ਕੀਤਾ? ਆਇਤ 3 ਵਿਚ ਦੱਸਿਆ ਹੈ: “ਜਦੋਂ ਉਸ ਨੇ ਦੇਖਿਆ ਕਿ ਯਹੂਦੀਆਂ ਨੂੰ ਇਸ ਤੋਂ ਖ਼ੁਸ਼ੀ ਹੋਈ ਸੀ, ਤਾਂ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰ ਲਿਆ।” ਪਰ ਜੇਲ੍ਹਾਂ ਪਤਰਸ ਤੇ ਦੂਸਰੇ ਰਸੂਲਾਂ ਨੂੰ ਪਹਿਲਾਂ ਵੀ ਬੰਦ ਕਰ ਕੇ ਨਹੀਂ ਰੱਖ ਸਕੀਆਂ ਸਨ। (ਰਸੂ. 5:17-20) ਚਲਾਕ ਹੇਰੋਦੇਸ ਵੀ ਸ਼ਾਇਦ ਇਹ ਗੱਲ ਜਾਣਦਾ ਸੀ, ਇਸ ਕਰਕੇ ਉਸ ਨੇ ਆਪਣੇ ਵੱਲੋਂ ਕੋਈ ਲਾਪਰਵਾਹੀ ਨਹੀਂ ਵਰਤੀ। ਉਸ ਨੇ ਪਤਰਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਜਿੱਥੇ “ਚਾਰ-ਚਾਰ ਪਹਿਰੇਦਾਰਾਂ ਦੀਆਂ ਚਾਰ ਟੋਲੀਆਂ ਵਾਰੀ-ਵਾਰੀ ਉਸ ਉੱਤੇ ਪਹਿਰਾ ਦਿੰਦੀਆਂ ਸਨ। ਹੇਰੋਦੇਸ ਦਾ ਇਰਾਦਾ ਸੀ ਕਿ ਉਹ ਪਤਰਸ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਸਾਮ੍ਹਣੇ ਪੇਸ਼ ਕਰੇਗਾ।” (ਆਇਤ 4) ਜ਼ਰਾ ਸੋਚੋ! ਹੇਰੋਦੇਸ ਨੇ ਪਤਰਸ ਨੂੰ ਦੋ ਪਹਿਰੇਦਾਰਾਂ ਨਾਲ ਬੇੜੀਆਂ ਨਾਲ ਬੰਨ੍ਹ ਦਿੱਤਾ ਅਤੇ ਉਸ ਉੱਤੇ ਸਖ਼ਤ ਪਹਿਰਾ ਲਾ ਦਿੱਤਾ ਤਾਂਕਿ ਉਹ ਕਿਸੇ ਵੀ ਤਰੀਕੇ ਨਾਲ ਭੱਜ ਨਾ ਸਕੇ। ਹੇਰੋਦੇਸ ਪਸਾਹ ਦੇ ਤਿਉਹਾਰ ਤੋਂ ਬਾਅਦ ਉਸ ਨੂੰ ਲੋਕਾਂ ਸਾਮ੍ਹਣੇ ਪੇਸ਼ ਕਰਨਾ ਚਾਹੁੰਦਾ ਸੀ ਅਤੇ ਲੋਕਾਂ ਨੂੰ ਖ਼ੁਸ਼ ਕਰਨ ਲਈ ਉਸ ਨੂੰ ਮੌਤ ਦੀ ਸਜ਼ਾ ਦੇਣੀ ਚਾਹੁੰਦਾ ਸੀ। ਇਨ੍ਹਾਂ ਮੁਸ਼ਕਲ ਘੜੀਆਂ ਵਿਚ ਭੈਣ-ਭਰਾ ਕੀ ਕਰ ਸਕਦੇ ਸਨ?
13, 14. (ੳ) ਪਤਰਸ ਨੂੰ ਜੇਲ੍ਹ ਵਿਚ ਬੰਦ ਕੀਤੇ ਜਾਣ ਤੋਂ ਬਾਅਦ ਮੰਡਲੀ ਨੇ ਕੀ ਕੀਤਾ? (ਅ) ਪ੍ਰਾਰਥਨਾ ਕਰਨ ਦੇ ਮਾਮਲੇ ਵਿਚ ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਤੋਂ ਕੀ ਸਿੱਖ ਸਕਦੇ ਹਾਂ?
13 ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ। ਆਇਤ 5 ਵਿਚ ਲਿਖਿਆ ਹੈ: “ਜਦੋਂ ਪਤਰਸ ਜੇਲ੍ਹ ਵਿਚ ਸੀ, ਉਦੋਂ ਮੰਡਲੀ ਉਸ ਲਈ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨ ਵਿਚ ਲੱਗੀ ਰਹੀ।” ਜੀ ਹਾਂ, ਉਨ੍ਹਾਂ ਨੇ ਆਪਣੇ ਪਿਆਰੇ ਭਰਾ ਪਤਰਸ ਲਈ ਦਿਲੋਂ ਪ੍ਰਾਰਥਨਾਵਾਂ ਕੀਤੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਯਾਕੂਬ ਦੀ ਮੌਤ ਕਰਕੇ ਉਹ ਨਿਰਾਸ਼ਾ ਵਿਚ ਨਹੀਂ ਡੁੱਬੇ ਤੇ ਨਾ ਹੀ ਉਨ੍ਹਾਂ ਨੇ ਸੋਚਿਆ ਕਿ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਨਹੀਂ। ਇਸ ਦੀ ਬਜਾਇ, ਉਹ ਜਾਣਦੇ ਸਨ ਕਿ ਯਹੋਵਾਹ ਲਈ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਬਹੁਤ ਅਹਿਮੀਅਤ ਰੱਖਦੀਆਂ ਹਨ। ਜੇ ਪ੍ਰਾਰਥਨਾਵਾਂ ਉਸ ਦੀ ਇੱਛਾ ਅਨੁਸਾਰ ਕੀਤੀਆਂ ਜਾਣ, ਤਾਂ ਉਹ ਉਨ੍ਹਾਂ ਪ੍ਰਾਰਥਨਾਵਾਂ ਨੂੰ ਜ਼ਰੂਰ ਸੁਣਦਾ ਹੈ।—ਇਬ. 13:18, 19; ਯਾਕੂ. 5:16.
14 ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਤੋਂ ਕੀ ਸਿੱਖਦੇ ਹਾਂ? ਜਾਗਦੇ ਰਹਿਣ ਲਈ ਸਾਨੂੰ ਆਪਣੇ ਲਈ ਹੀ ਨਹੀਂ, ਸਗੋਂ ਆਪਣੇ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਅਫ਼. 6:18) ਕੀ ਤੁਸੀਂ ਅਜਿਹੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜਿਹੜੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ? ਕੁਝ ਭੈਣਾਂ-ਭਰਾਵਾਂ ਉੱਤੇ ਸ਼ਾਇਦ ਅਤਿਆਚਾਰ ਹੋ ਰਹੇ ਹਨ ਜਾਂ ਸਰਕਾਰੀ ਪਾਬੰਦੀਆਂ ਲੱਗੀਆਂ ਹੋਣ ਕਰਕੇ ਜਾਂ ਕੁਦਰਤੀ ਆਫ਼ਤਾਂ ਕਰਕੇ ਹੋਰ ਭੈਣ-ਭਰਾ ਮੁਸ਼ਕਲਾਂ ਸਹਿ ਰਹੇ ਹਨ। ਕਿਉਂ ਨਾ ਤੁਸੀਂ ਉਨ੍ਹਾਂ ਲਈ ਦਿਲੋਂ ਪ੍ਰਾਰਥਨਾ ਕਰੋ? ਤੁਸੀਂ ਸ਼ਾਇਦ ਕਈ ਹੋਰ ਭੈਣਾਂ-ਭਰਾਵਾਂ ਨੂੰ ਵੀ ਜਾਣਦੇ ਹੋਵੋ ਜਿਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਦੂਜਿਆਂ ਨੂੰ ਪਤਾ ਨਾ ਲੱਗੇ। ਸ਼ਾਇਦ ਉਨ੍ਹਾਂ ਦੇ ਪਰਿਵਾਰਾਂ ਵਿਚ ਸਮੱਸਿਆਵਾਂ ਹੋਣ ਜਾਂ ਉਹ ਨਿਰਾਸ਼ ਹੋ ਚੁੱਕੇ ਹੋਣ ਜਾਂ ਉਨ੍ਹਾਂ ਦੀ ਸਿਹਤ ਨਾ ਠੀਕ ਰਹਿੰਦੀ ਹੋਵੇ। ਕਿਉਂ ਨਾ ਤੁਸੀਂ ਅਜਿਹੇ ਕੁਝ ਭੈਣਾਂ-ਭਰਾਵਾਂ ਦੇ ਨਾਂ ਲੈ ਕੇ “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰੋ।—ਜ਼ਬੂ. 65:2.
15, 16. (ੳ) ਦੱਸੋ ਕਿ ਯਹੋਵਾਹ ਦੇ ਦੂਤ ਨੇ ਪਤਰਸ ਨੂੰ ਜੇਲ੍ਹ ਵਿੱਚੋਂ ਕਿਵੇਂ ਛੁਡਾਇਆ ਸੀ? (ਖੱਬੇ ਪਾਸੇ ਦਿੱਤੀ ਤਸਵੀਰ ਦੇਖੋ।) (ਅ) ਇਹ ਸੋਚ ਕੇ ਹੌਸਲਾ ਕਿਉਂ ਮਿਲਦਾ ਹੈ ਕਿ ਯਹੋਵਾਹ ਨੇ ਪਤਰਸ ਨੂੰ ਬਚਾਇਆ?
15 ਪਤਰਸ ਨਾਲ ਕੀ ਹੋਇਆ? ਜੇਲ੍ਹ ਵਿਚ ਆਖ਼ਰੀ ਰਾਤ ਨੂੰ ਜਦੋਂ ਉਹ ਦੋ ਪਹਿਰੇਦਾਰਾਂ ਦੇ ਗੱਭੇ ਗੂੜ੍ਹੀ ਨੀਂਦ ਸੁੱਤਾ ਪਿਆ ਸੀ, ਤਾਂ ਉਸ ਵੇਲੇ ਚਮਤਕਾਰੀ ਘਟਨਾਵਾਂ ਘਟੀਆਂ। (ਰਸੂਲਾਂ ਦੇ ਕੰਮ 12:7-11 ਪੜ੍ਹੋ।) ਉਸ ਵੇਲੇ ਜੋ ਹੋਇਆ, ਉਸ ਦੀ ਕਲਪਨਾ ਕਰੋ: ਅਚਾਨਕ ਉਸ ਦੀ ਕੋਠੜੀ ਚਾਨਣ ਨਾਲ ਭਰ ਗਈ। ਇਕ ਦੂਤ ਉੱਥੇ ਖੜ੍ਹਾ ਸੀ, ਪਰ ਉਹ ਪਹਿਰੇਦਾਰਾਂ ਨੂੰ ਦਿਖਾਈ ਨਹੀਂ ਦੇ ਰਿਹਾ ਸੀ। ਉਸ ਨੇ ਫਟਾਫਟ ਪਤਰਸ ਨੂੰ ਜਗਾਇਆ। ਪਤਰਸ ਦੇ ਹੱਥਾਂ ਦੀਆਂ ਬੇੜੀਆਂ ਆਪਣੇ ਆਪ ਖੁੱਲ੍ਹ ਕੇ ਡਿਗ ਪਈਆਂ। ਫਿਰ ਦੂਤ ਪਤਰਸ ਨੂੰ ਕੋਠੜੀ ਤੋਂ ਬਾਹਰ ਲੈ ਗਿਆ ਅਤੇ ਉਹ ਪਹਿਰੇਦਾਰਾਂ ਦੀ ਚੌਂਕੀ ਕੋਲੋਂ ਦੀ ਲੰਘ ਕੇ ਲੋਹੇ ਦੇ ਵੱਡੇ ਸਾਰੇ ਦਰਵਾਜ਼ੇ ਕੋਲ ਆਏ ਜੋ “ਆਪਣੇ ਆਪ ਖੁੱਲ੍ਹ ਗਿਆ।” ਬਾਹਰ ਆ ਕੇ ਦੂਤ ਅਲੋਪ ਹੋ ਗਿਆ ਅਤੇ ਪਤਰਸ ਆਜ਼ਾਦ ਹੋ ਗਿਆ।
16 ਕੀ ਇਹ ਸੋਚ ਕੇ ਸਾਡੀ ਨਿਹਚਾ ਮਜ਼ਬੂਤ ਨਹੀਂ ਹੁੰਦੀ ਕਿ ਯਹੋਵਾਹ ਕੋਲ ਆਪਣੇ ਸੇਵਕਾਂ ਨੂੰ ਬਚਾਉਣ ਦੀ ਤਾਕਤ ਹੈ? ਪਰ ਅਸੀਂ ਇਹ ਆਸ ਨਹੀਂ ਰੱਖਦੇ ਕਿ ਉਹ ਅੱਜ ਸਾਨੂੰ ਚਮਤਕਾਰ ਕਰ ਕੇ ਮੁਸ਼ਕਲਾਂ ਵਿੱਚੋਂ ਕੱਢੇ। ਫਿਰ ਵੀ ਸਾਨੂੰ ਪੂਰੀ ਨਿਹਚਾ ਹੈ ਕਿ ਉਹ ਅੱਜ ਵੀ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਪਣੀ ਸ਼ਕਤੀ ਵਰਤਦਾ ਹੈ। (2 ਇਤ. 16:9) ਆਪਣੀ ਪਵਿੱਤਰ ਸ਼ਕਤੀ ਨਾਲ ਉਹ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਦੇ ਕਾਬਲ ਬਣਾਉਂਦਾ ਹੈ। (2 ਕੁਰਿੰ. 4:7; 2 ਪਤ. 2:9) ਨਾਲੇ ਯਹੋਵਾਹ ਆਪਣੇ ਪੁੱਤਰ ਨੂੰ ਸ਼ਕਤੀ ਦੇਵੇਗਾ ਕਿ ਉਹ ਲੱਖਾਂ ਮਰ ਚੁੱਕੇ ਲੋਕਾਂ ਨੂੰ ਮੌਤ ਦੀ ਕੈਦ ਵਿੱਚੋਂ ਆਜ਼ਾਦ ਕਰੇ। (ਯੂਹੰ. 5:28, 29) ਪਰਮੇਸ਼ੁਰ ਦੇ ਵਾਅਦਿਆਂ ਉੱਤੇ ਨਿਹਚਾ ਰੱਖਣ ਨਾਲ ਸਾਨੂੰ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਮਿਲੇਗੀ।
ਮੁਸ਼ਕਲਾਂ ਦੇ ਬਾਵਜੂਦ ਚੰਗੀ ਤਰ੍ਹਾਂ ਗਵਾਹੀ ਦੇਣੀ
17. ਬਿਨਾਂ ਸਮਾਂ ਗੁਆਏ ਜੋਸ਼ ਨਾਲ ਪ੍ਰਚਾਰ ਕਰਨ ਦੇ ਮਾਮਲੇ ਵਿਚ ਪੌਲੁਸ ਰਸੂਲ ਨੇ ਕਿਵੇਂ ਵਧੀਆ ਮਿਸਾਲ ਕਾਇਮ ਕੀਤੀ?
17 ਜਾਗਦੇ ਰਹਿਣ ਬਾਰੇ ਰਸੂਲਾਂ ਤੋਂ ਅਸੀਂ ਤੀਸਰੀ ਗੱਲ ਇਹ ਸਿੱਖਦੇ ਹਾਂ ਕਿ ਉਹ ਮੁਸ਼ਕਲਾਂ ਦੇ ਬਾਵਜੂਦ ਚੰਗੀ ਤਰ੍ਹਾਂ ਗਵਾਹੀ ਦਿੰਦੇ ਰਹੇ। ਜਾਗਦੇ ਰਹਿਣ ਲਈ ਬਿਨਾਂ ਸਮਾਂ ਗੁਆਏ ਜੋਸ਼ ਨਾਲ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਮਾਮਲੇ ਵਿਚ ਪੌਲੁਸ ਰਸੂਲ ਨੇ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਜੋਸ਼ ਨਾਲ ਪ੍ਰਚਾਰ ਕਰਨ ਵਿਚ ਮਿਹਨਤ ਕੀਤੀ, ਦੂਰ-ਦੂਰ ਤਕ ਸਫ਼ਰ ਕੀਤਾ ਅਤੇ ਬਹੁਤ ਸਾਰੀਆਂ ਮੰਡਲੀਆਂ ਸ਼ੁਰੂ ਕੀਤੀਆਂ। ਉਸ ਨੇ ਬਹੁਤ ਸਾਰੀਆਂ ਮੁਸੀਬਤਾਂ ਸਹੀਆਂ, ਪਰ ਉਸ ਨੇ ਕਦੀ ਆਪਣੇ ਜੋਸ਼ ਨੂੰ ਠੰਢਾ ਨਹੀਂ ਪੈਣ ਦਿੱਤਾ ਜਾਂ ਸਮਾਂ ਨਹੀਂ ਗੁਆਇਆ।—2 ਕੁਰਿੰ. 11:23-29.
18. ਰੋਮ ਵਿਚ ਕੈਦ ਹੁੰਦੇ ਹੋਏ ਵੀ ਪੌਲੁਸ ਗਵਾਹੀ ਕਿਵੇਂ ਦਿੰਦਾ ਰਿਹਾ?
18 ਰਸੂਲਾਂ ਦੇ ਕੰਮ ਦੇ 28ਵੇਂ ਅਧਿਆਇ ਵਿਚ ਅਸੀਂ ਪੌਲੁਸ ਬਾਰੇ ਆਖ਼ਰੀ ਵਾਰ ਪੜ੍ਹਦੇ ਹਾਂ। ਪੌਲੁਸ ਰੋਮ ਪਹੁੰਚ ਗਿਆ ਸੀ ਜਿੱਥੇ ਉਸ ਨੇ ਰਾਜਾ ਨੀਰੋ ਸਾਮ੍ਹਣੇ ਪੇਸ਼ ਹੋਣਾ ਸੀ। ਉਹ ਨੂੰ ਹਿਰਾਸਤ ਵਿਚ ਰੱਖਿਆ ਗਿਆ, ਸ਼ਾਇਦ ਉਸ ਨੂੰ ਪਹਿਰੇਦਾਰ ਦੇ ਨਾਲ ਬੇੜੀਆਂ ਨਾਲ ਬੰਨ੍ਹਿਆ ਗਿਆ ਸੀ। ਪਰ ਬੇੜੀਆਂ ਉਸ ਜੋਸ਼ੀਲੇ ਰਸੂਲ ਨੂੰ ਰੋਕ ਨਹੀਂ ਸਕੀਆਂ। ਪੌਲੁਸ ਪ੍ਰਚਾਰ ਕਰਨ ਦੇ ਤਰੀਕੇ ਲੱਭਦਾ ਰਿਹਾ। (ਰਸੂਲਾਂ ਦੇ ਕੰਮ 28:17, 23, 24 ਪੜ੍ਹੋ।) ਤਿੰਨ ਦਿਨਾਂ ਬਾਅਦ ਉਸ ਨੇ ਰੋਮ ਵਿਚ ਰਹਿੰਦੇ ਮੰਨੇ-ਪ੍ਰਮੰਨੇ ਯਹੂਦੀ ਆਦਮੀਆਂ ਨੂੰ ਬੁਲਾਇਆ ਤਾਂਕਿ ਉਹ ਉਨ੍ਹਾਂ ਨੂੰ ਗਵਾਹੀ ਦੇ ਸਕੇ। ਮਿੱਥੇ ਦਿਨ ਤੇ ਉਸ ਨੇ ਹੋਰ ਵੀ ਚੰਗੀ ਤਰ੍ਹਾਂ ਗਵਾਹੀ ਦਿੱਤੀ। ਆਇਤ 23 ਵਿਚ ਲਿਖਿਆ ਹੈ: “ਉਨ੍ਹਾਂ [ਰੋਮ ਦੇ ਯਹੂਦੀਆਂ] ਨੇ ਉਸ ਨਾਲ ਗੱਲ ਕਰਨ ਲਈ ਇਕ ਦਿਨ ਰੱਖਿਆ ਅਤੇ ਉਸ ਦਿਨ ਹੋਰ ਵੀ ਜ਼ਿਆਦਾ ਲੋਕ ਉਸ ਦੇ ਘਰ ਇਕੱਠੇ ਹੋਏ। ਅਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਪੌਲੁਸ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦਾ ਰਿਹਾ ਅਤੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿੱਚੋਂ ਦਲੀਲਾਂ ਦੇ ਕੇ ਉਸ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਯਿਸੂ ਉੱਤੇ ਨਿਹਚਾ ਕਰਨ।”
19, 20. (ੳ) ਪੌਲੁਸ ਵਧੀਆ ਢੰਗ ਨਾਲ ਗਵਾਹੀ ਕਿਉਂ ਦੇ ਸਕਿਆ? (ਅ) ਜਦੋਂ ਕਈਆਂ ਨੇ ਖ਼ੁਸ਼ ਖ਼ਬਰੀ ਉੱਤੇ ਵਿਸ਼ਵਾਸ ਨਹੀਂ ਕੀਤਾ, ਤਾਂ ਪੌਲੁਸ ਨੇ ਆਪਣਾ ਰਵੱਈਆ ਕਿਹੋ ਜਿਹਾ ਰੱਖਿਆ?
19 ਪੌਲੁਸ ਵਧੀਆ ਢੰਗ ਨਾਲ ਗਵਾਹੀ ਕਿਉਂ ਦੇ ਸਕਿਆ? ਆਇਤ 23 ʼਤੇ ਗੌਰ ਕਰੋ ਜਿਸ ਵਿਚ ਇਸ ਦੇ ਕਾਰਨ ਦਿੱਤੇ ਗਏ ਹਨ। (1) ਉਸ ਨੇ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਬਾਰੇ ਗੱਲ ਕੀਤੀ। (2) ਉਸ ਨੇ “ਦਲੀਲਾਂ ਦੇ ਕੇ” ਯਹੂਦੀਆਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ। (3) ਉਸ ਨੇ ਧਰਮ-ਗ੍ਰੰਥ ਵਿੱਚੋਂ ਗੱਲ ਕੀਤੀ। (4) ਉਸ ਨੇ ਆਪਣੇ ਬਾਰੇ ਨਹੀਂ ਸੋਚਿਆ, ਸਗੋਂ “ਸਵੇਰ ਤੋਂ ਲੈ ਕੇ ਸ਼ਾਮ ਤਕ” ਗਵਾਹੀ ਦਿੰਦਾ ਰਿਹਾ। ਭਾਵੇਂ ਪੌਲੁਸ ਨੇ ਵਧੀਆ ਢੰਗ ਨਾਲ ਗੱਲ ਕੀਤੀ, ਪਰ ਕਈਆਂ ਨੇ ਉਸ ਦੀ ਗੱਲ ਉੱਤੇ ਵਿਸ਼ਵਾਸ ਨਹੀਂ ਕੀਤਾ। ਆਇਤ 24 ਵਿਚ ਲਿਖਿਆ ਹੈ: “ਕੁਝ ਲੋਕ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਲੱਗ ਪਏ; ਪਰ ਕਈਆਂ ਨੇ ਵਿਸ਼ਵਾਸ ਨਾ ਕੀਤਾ।” ਉੱਥੇ ਲੋਕਾਂ ਵਿਚ ਝਗੜਾ ਹੋ ਗਿਆ ਤੇ ਸਾਰੇ ਆਪੋ-ਆਪਣੇ ਰਾਹੇ ਪੈ ਗਏ।
20 ਕੀ ਪੌਲੁਸ ਇਸ ਗੱਲੋਂ ਨਿਰਾਸ਼ ਹੋਇਆ ਕਿ ਕਈਆਂ ਨੇ ਖ਼ੁਸ਼ ਖ਼ਬਰੀ ਉੱਤੇ ਵਿਸ਼ਵਾਸ ਨਹੀਂ ਕੀਤਾ ਸੀ? ਬਿਲਕੁਲ ਨਹੀਂ! ਰਸੂਲਾਂ ਦੇ ਕੰਮ 28:30, 31 ਵਿਚ ਅਸੀਂ ਪੜ੍ਹਦੇ ਹਾਂ: “ਸੋ ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿਚ ਰਿਹਾ ਅਤੇ ਜਿਹੜੇ ਵੀ ਉਸ ਨੂੰ ਮਿਲਣ ਆਉਂਦੇ ਸਨ, ਉਹ ਉਨ੍ਹਾਂ ਸਾਰਿਆਂ ਦਾ ਪਿਆਰ ਨਾਲ ਸੁਆਗਤ ਕਰਦਾ ਸੀ। ਉਹ ਬੇਝਿਜਕ ਹੋ ਕੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਸਿਖਾਉਂਦਾ ਸੀ।” ਇਸ ਚੰਗੀ ਗੱਲ ਨਾਲ ਰਸੂਲਾਂ ਦੇ ਕੰਮ ਦੀ ਕਿਤਾਬ ਖ਼ਤਮ ਹੁੰਦੀ ਹੈ।
21. ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
21 ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਘਰ ਵਿਚ ਕੈਦ ਵਿਚ ਹੋਣ ਕਰਕੇ ਪੌਲੁਸ ਘਰ-ਘਰ ਪ੍ਰਚਾਰ ਕਰਨ ਨਹੀਂ ਜਾ ਸਕਦਾ ਸੀ। ਫਿਰ ਵੀ ਉਸ ਨੇ ਆਪਣਾ ਰਵੱਈਆ ਚੰਗਾ ਰੱਖਿਆ ਅਤੇ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਦਾ ਰਿਹਾ ਜਿਹੜੇ ਉਸ ਨੂੰ ਮਿਲਣ ਆਉਂਦੇ ਸਨ। ਇਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਬਹੁਤ ਸਾਰੇ ਲੋਕ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਬੰਦ ਹੋਣ ਦੇ ਬਾਵਜੂਦ ਆਪਣੀ ਖ਼ੁਸ਼ੀ ਨੂੰ ਬਰਕਰਾਰ ਰੱਖਦੇ ਹਨ ਅਤੇ ਪ੍ਰਚਾਰ ਕਰਦੇ ਰਹਿੰਦੇ ਹਨ। ਸਾਡੇ ਕਈ ਪਿਆਰੇ ਭੈਣ-ਭਰਾ ਬਿਰਧ ਜਾਂ ਬੀਮਾਰ ਹੋਣ ਕਰਕੇ ਕਿਤੇ ਆ-ਜਾ ਨਹੀਂ ਸਕਦੇ। ਫਿਰ ਵੀ ਉਹ ਡਾਕਟਰਾਂ, ਨਰਸਾਂ ਜਾਂ ਹੋਰ ਮਿਲਣ-ਗਿਲਣ ਵਾਲਿਆਂ ਨੂੰ ਪ੍ਰਚਾਰ ਕਰਦੇ ਹਨ। ਉਨ੍ਹਾਂ ਦੀ ਦਿਲੀ ਇੱਛਾ ਇਹੀ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਨ। ਅਸੀਂ ਉਨ੍ਹਾਂ ਦੀ ਮਿਸਾਲ ਦੀ ਬਹੁਤ ਕਦਰ ਕਰਦੇ ਹਾਂ!
22. ਇਸ ਬੁਰੀ ਦੁਨੀਆਂ ਦੇ ਅੰਤ ਦੀ ਉਡੀਕ ਕਰਦਿਆਂ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
22 ਸੋ ਅਸੀਂ ਰਸੂਲਾਂ ਅਤੇ ਪਹਿਲੀ ਸਦੀ ਦੇ ਹੋਰ ਮਸੀਹੀਆਂ ਤੋਂ ਜਾਗਦੇ ਰਹਿਣ ਦੇ ਸੰਬੰਧ ਵਿਚ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਬੁਰੀ ਦੁਨੀਆਂ ਦੇ ਅੰਤ ਦੀ ਉਡੀਕ ਕਰਦਿਆਂ ਆਓ ਆਪਾਂ ਦਲੇਰੀ ਅਤੇ ਜੋਸ਼ ਨਾਲ ਗਵਾਹੀ ਦੇਣ ਵਿਚ ਪਹਿਲੀ ਸਦੀ ਦੇ ਮਸੀਹੀਆਂ ਦੀ ਮਿਸਾਲ ਉੱਤੇ ਚੱਲਦੇ ਰਹੀਏ। ਅੱਜ ਸਾਡੇ ਲਈ ਪਰਮੇਸ਼ੁਰ ਦੇ ਰਾਜ ਬਾਰੇ “ਚੰਗੀ ਤਰ੍ਹਾਂ ਗਵਾਹੀ” ਦੇਣ ਤੋਂ ਇਲਾਵਾ ਹੋਰ ਕੋਈ ਵੱਡਾ ਸਨਮਾਨ ਨਹੀਂ ਹੈ।—ਰਸੂ. 28:23.
[ਸਫ਼ਾ 12 ਉੱਤੇ ਤਸਵੀਰ]
ਇਕ ਦੂਤ ਪਤਰਸ ਨੂੰ ਲੋਹੇ ਦੇ ਵੱਡੇ ਸਾਰੇ ਦਰਵਾਜ਼ੇ ਵਿੱਚੋਂ ਦੀ ਕੱਢ ਕੇ ਲੈ ਗਿਆ