ਕੀ ਤੁਸੀਂ “ਭਲੇ ਬੁਰੇ ਦੀ ਜਾਚ” ਕਰ ਸਕਦੇ ਹੋ?
“ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।”—ਅਫ਼ਸੀਆਂ 5:10.
1. ਅੱਜ ਕਿਸ ਤਰੀਕੇ ਨਾਲ ਜ਼ਿੰਦਗੀ ਮੁਸ਼ਕਲ ਹੋ ਸਕਦੀ ਹੈ ਅਤੇ ਕਿਉਂ?
“ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਯਿਰਮਿਯਾਹ ਦੁਆਰਾ ਦੱਸੀ ਇਹ ਸੱਚਾਈ ਅੱਜ ਸਾਡੇ ਲਈ ਜ਼ਿਆਦਾ ਅਰਥ ਰੱਖਦੀ ਹੈ। ਕਿਉਂ? ਕਿਉਂਕਿ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਅਸੀਂ “ਅੰਤ ਦਿਆਂ ਦਿਨਾਂ” ਦੇ “ਭੈੜੇ ਸਮੇਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਹਰ ਰੋਜ਼ ਸਾਨੂੰ ਅਜਿਹੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿਚ ਸਾਨੂੰ ਫ਼ੈਸਲੇ ਕਰਨ ਦੀ ਲੋੜ ਪੈਂਦੀ ਹੈ। ਫ਼ੈਸਲੇ ਚਾਹੇ ਵੱਡੇ ਹੋਣ ਜਾਂ ਛੋਟੇ, ਇਹ ਸਾਡੀ ਸਿਹਤ, ਭਾਵਨਾਵਾਂ ਅਤੇ ਅਧਿਆਤਮਿਕਤਾ ਉੱਤੇ ਬਹੁਤ ਅਸਰ ਪਾ ਸਕਦੇ ਹਨ।
2. ਕਿਹੜੇ ਫ਼ੈਸਲੇ ਸ਼ਾਇਦ ਮਾਮੂਲੀ ਸਮਝੇ ਜਾਂਦੇ ਹਨ, ਪਰ ਇਨ੍ਹਾਂ ਬਾਰੇ ਸਮਰਪਿਤ ਮਸੀਹੀਆਂ ਦਾ ਕੀ ਨਜ਼ਰੀਆ ਹੈ?
2 ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਸੀਂ ਕਈ ਤਰ੍ਹਾਂ ਦੇ ਫ਼ੈਸਲੇ ਕਰਦੇ ਹਾਂ ਜੋ ਆਮ ਤੌਰ ਤੇ ਰੁਟੀਨ ਜਾਂ ਮਾਮੂਲੀ ਸਮਝੇ ਜਾਂਦੇ ਹਨ। ਉਦਾਹਰਣ ਲਈ ਅਸੀਂ ਰੋਜ਼ ਫ਼ੈਸਲਾ ਕਰਦੇ ਹਾਂ ਕਿ ਕਿਹੜੇ ਕੱਪੜੇ ਪਾਉਣੇ ਹਨ, ਕੀ ਖਾਣਾ ਹੈ, ਕਿਹੜੇ ਲੋਕਾਂ ਨੂੰ ਮਿਲਣਾ ਹੈ ਆਦਿ। ਅਸੀਂ ਇਨ੍ਹਾਂ ਮਾਮਲਿਆਂ ਵਿਚ ਜ਼ਿਆਦਾ ਸੋਚ-ਵਿਚਾਰ ਨਹੀਂ ਕਰਦੇ। ਪਰ ਕੀ ਅਜਿਹੇ ਮਾਮਲੇ ਸੱਚ-ਮੁੱਚ ਮਾਮੂਲੀ ਹਨ? ਸਮਰਪਿਤ ਮਸੀਹੀ ਹੋਣ ਦੇ ਨਾਤੇ ਪਹਿਰਾਵੇ, ਖਾਣ-ਪੀਣ, ਬੋਲੀ ਅਤੇ ਆਚਰਣ ਦੇ ਸੰਬੰਧ ਵਿਚ ਕੀਤੇ ਫ਼ੈਸਲੇ ਬਹੁਤ ਹੀ ਗੰਭੀਰ ਗੱਲ ਹਨ ਕਿਉਂਕਿ ਇਨ੍ਹਾਂ ਤੋਂ ਹਮੇਸ਼ਾ ਨਜ਼ਰ ਆਉਣਾ ਚਾਹੀਦਾ ਹੈ ਕਿ ਅਸੀਂ ਅੱਤ ਮਹਾਨ ਯਹੋਵਾਹ ਪਰਮੇਸ਼ੁਰ ਦੇ ਸੇਵਕ ਹਾਂ। ਇਸ ਸੰਬੰਧੀ ਸਾਨੂੰ ਪੌਲੁਸ ਰਸੂਲ ਦੇ ਸ਼ਬਦ ਯਾਦ ਆਉਂਦੇ ਹਨ: “ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪਿੰਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰਥੀਆਂ 10:31; ਕੁਲੁੱਸੀਆਂ 4:6; 1 ਤਿਮੋਥਿਉਸ 2:9, 10.
3. ਕਿਹੜੇ ਮਾਮਲਿਆਂ ਬਾਰੇ ਫ਼ੈਸਲੇ ਕਰਨ ਤੋਂ ਪਹਿਲਾਂ ਸਾਨੂੰ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ?
3 ਕੁਝ ਅਜਿਹੇ ਵੀ ਫ਼ੈਸਲੇ ਹੁੰਦੇ ਹਨ ਜਿਨ੍ਹਾਂ ਬਾਰੇ ਹੋਰ ਵੀ ਜ਼ਿਆਦਾ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਦੀ ਲੋੜ ਪੈਂਦੀ ਹੈ। ਉਦਾਹਰਣ ਲਈ, ਵਿਆਹ ਕਰਾਉਣ ਜਾਂ ਕੁਆਰੇ ਰਹਿਣ ਦਾ ਫ਼ੈਸਲਾ ਸਾਡੀ ਜ਼ਿੰਦਗੀ ਉੱਤੇ ਲੰਮੇ ਸਮੇਂ ਤਕ ਡੂੰਘਾ ਅਸਰ ਪਾ ਸਕਦਾ ਹੈ। ਬੇਸ਼ੱਕ, ਵਿਆਹ ਕਰਾਉਣ ਲਈ ਸਹੀ ਵਿਅਕਤੀ ਦੀ ਚੋਣ ਕਰਨੀ ਤੇ ਕਿਸੇ ਨੂੰ ਆਪਣਾ ਜੀਵਨ-ਸਾਥੀ ਬਣਾਉਣ ਦਾ ਫ਼ੈਸਲਾ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈ।a (ਕਹਾਉਤਾਂ 18:22) ਇਸ ਤੋਂ ਇਲਾਵਾ ਦੋਸਤ-ਮਿੱਤਰ, ਪੜ੍ਹਾਈ-ਲਿਖਾਈ, ਨੌਕਰੀ, ਮਨੋਰੰਜਨ ਅਤੇ ਦਿਲਪਰਚਾਵੇ ਦੇ ਮਾਮਲਿਆਂ ਵਿਚ ਵੀ ਸਾਡੇ ਫ਼ੈਸਲਿਆਂ ਦਾ ਸਾਡੀ ਅਧਿਆਤਮਿਕਤਾ ਉੱਤੇ ਅਤੇ ਸਾਡੇ ਅਨੰਤ ਭਵਿੱਖ ਉੱਤੇ ਬਹੁਤ ਜ਼ਬਰਦਸਤ ਅਸਰ ਪੈਂਦਾ ਹੈ।—ਰੋਮੀਆਂ 13:13, 14; ਅਫ਼ਸੀਆਂ 5:3, 4.
4. (ੳ) ਕਿਹੜੀ ਯੋਗਤਾ ਸਾਡੇ ਵਿਚ ਹੋਣੀ ਜ਼ਰੂਰੀ ਹੈ? (ਅ) ਸਾਨੂੰ ਕਿਹੜੇ ਸਵਾਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ?
4 ਇੰਨੇ ਸਾਰੇ ਮਾਮਲਿਆਂ ਵਿਚ ਫ਼ੈਸਲੇ ਕਰਨ ਕਰਕੇ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਵਿਚ ਸਹੀ ਤੇ ਗ਼ਲਤ ਵਿਚ ਫ਼ਰਕ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਅਤੇ ਜੋ ਸਹੀ ਲੱਗਦਾ ਹੈ ਤੇ ਜੋ ਸੱਚ-ਮੁੱਚ ਸਹੀ ਹੈ, ਉਸ ਵਿਚ ਵੀ ਫ਼ਰਕ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਬਾਈਬਲ ਚੇਤਾਵਨੀ ਦਿੰਦੀ ਹੈ: “ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾਉਤਾਂ 14:12) ਇਸ ਲਈ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਅਸੀਂ ਆਪਣੇ ਵਿਚ ਸਹੀ-ਗ਼ਲਤ ਦੀ ਪਛਾਣ ਕਰਨ ਦੀ ਯੋਗਤਾ ਕਿਵੇਂ ਪੈਦਾ ਕਰ ਸਕਦੇ ਹਾਂ? ਫ਼ੈਸਲੇ ਕਰਨ ਦੇ ਸੰਬੰਧ ਵਿਚ ਸਾਨੂੰ ਲੋੜੀਂਦੀ ਸਲਾਹ ਕਿੱਥੋਂ ਮਿਲ ਸਕਦੀ ਹੈ? ਇਸ ਸੰਬੰਧ ਵਿਚ ਬੀਤੇ ਸਮੇਂ ਦੇ ਲੋਕਾਂ ਨੇ ਤੇ ਅੱਜ ਦੇ ਲੋਕਾਂ ਨੇ ਕੀ ਕੀਤਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ?’
ਇਸ ਸੰਸਾਰ ਦੀ “ਫ਼ੈਲਸੂਫ਼ੀ ਅਤੇ ਲਾਗ ਲਪੇਟ”
5. ਪਹਿਲੀ ਸਦੀ ਦੇ ਮਸੀਹੀ ਕਿਸ ਤਰ੍ਹਾਂ ਦੀ ਦੁਨੀਆਂ ਵਿਚ ਰਹਿੰਦੇ ਸਨ?
5 ਪਹਿਲੀ ਸਦੀ ਦੇ ਮਸੀਹੀ ਅਜਿਹੀ ਦੁਨੀਆਂ ਵਿਚ ਰਹਿੰਦੇ ਸਨ ਜਿਸ ਉੱਤੇ ਯੂਨਾਨੀ ਤੇ ਰੋਮੀ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦਾ ਬਹੁਤ ਪ੍ਰਭਾਵ ਸੀ। ਇਕ ਪਾਸੇ, ਰੋਮੀ ਲੋਕਾਂ ਦਾ ਜੀਉਣ ਦਾ ਸ਼ਾਹਾਨਾ ਢੰਗ ਤੇ ਐਸ਼ੋ-ਆਰਾਮ ਸੀ ਜੋ ਬਹੁਤ ਹੀ ਮਨ-ਭਾਉਂਦਾ ਲੱਗਦਾ ਸੀ। ਦੂਜੇ ਪਾਸੇ, ਉਸ ਸਮੇਂ ਦੇ ਵਿਦਵਾਨ ਨਾ ਸਿਰਫ਼ ਪਲੈਟੋ ਅਤੇ ਅਰਸਤੂ ਦੇ ਫ਼ਲਸਫ਼ਿਆਂ ਤੋਂ ਬਹੁਤ ਪ੍ਰਭਾਵਿਤ ਸਨ ਸਗੋਂ ਅਪਿਕੂਰੀ ਅਤੇ ਸਤੋਇਕੀ ਪੰਡਿਤਾਂ ਦੇ ਨਵੇਂ-ਨਵੇਂ ਫ਼ਲਸਫ਼ਿਆਂ ਦੀ ਵੀ ਬਹੁਤ ਚਰਚਾ ਹੋ ਰਹੀ ਸੀ। ਜਦੋਂ ਪੌਲੁਸ ਰਸੂਲ ਆਪਣੇ ਦੂਸਰੇ ਮਿਸ਼ਨਰੀ ਦੌਰੇ ਦੌਰਾਨ ਐਥਿਨਜ਼ ਵਿਚ ਆਇਆ, ਤਾਂ ਉਸ ਦਾ ਸਾਮ੍ਹਣਾ ਅਪਿਕੂਰੀ ਅਤੇ ਸਤੋਇਕੀ ਫ਼ਿਲਾਸਫ਼ਰਾਂ ਨਾਲ ਹੋਇਆ ਜਿਹੜੇ ਆਪਣੇ ਆਪ ਨੂੰ “ਬਕਵਾਦੀ” ਪੌਲੁਸ ਨਾਲੋਂ ਉੱਤਮ ਸਮਝਦੇ ਸਨ।—ਰਸੂਲਾਂ ਦੇ ਕਰਤੱਬ 17:18.
6. (ੳ) ਪਹਿਲੀ ਸਦੀ ਦੇ ਕੁਝ ਮਸੀਹੀ ਕਿਸ ਚੀਜ਼ ਵੱਲ ਖਿੱਚੇ ਗਏ ਸਨ? (ਅ) ਪੌਲੁਸ ਨੇ ਕਿਹੜੀ ਚੇਤਾਵਨੀ ਦਿੱਤੀ ਸੀ?
6 ਇਸ ਲਈ ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਕਿਉਂ ਕੁਝ ਮਸੀਹੀ ਉਸ ਸਮੇਂ ਦੇ ਲੋਕਾਂ ਦੀ ਤੜਕ-ਭੜਕ ਵਾਲੀ ਜ਼ਿੰਦਗੀ ਅਤੇ ਉਨ੍ਹਾਂ ਦੇ ਅਡੰਬਰੀ ਤੌਰ-ਤਰੀਕਿਆਂ ਵੱਲ ਖਿੱਚੇ ਗਏ ਸਨ। (2 ਤਿਮੋਥਿਉਸ 4:10) ਉਨ੍ਹਾਂ ਨੂੰ ਲੱਗਦਾ ਸੀ ਕਿ ਜਿਹੜੇ ਲੋਕ ਸੰਸਾਰ ਵਿਚ ਰਚੇ-ਮਿਚੇ ਹੋਏ ਸਨ, ਉਹ ਹਰ ਪੱਖੋਂ ਖ਼ੁਸ਼ਹਾਲ ਸਨ ਅਤੇ ਉਹ ਸਹੀ ਚੋਣ ਕਰ ਰਹੇ ਸਨ। ਦੁਨੀਆਂ ਲੋਕਾਂ ਨੂੰ ਕੁਝ ਅਜਿਹੀ ਕੀਮਤੀ ਚੀਜ਼ ਪੇਸ਼ ਕਰ ਰਹੀ ਸੀ ਜੋ ਮਸੀਹੀਆਂ ਨੂੰ ਸਮਰਪਿਤ ਜੀਵਨ ਜੀ ਕੇ ਨਹੀਂ ਮਿਲਣੀ ਸੀ। ਪਰ ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।” (ਕੁਲੁੱਸੀਆਂ 2:8) ਪੌਲੁਸ ਨੇ ਇਹ ਗੱਲ ਕਿਉਂ ਕਹੀ ਸੀ?
7. ਦੁਨੀਆਂ ਦੀ ਬੁੱਧੀ ਦੀ ਕਿੰਨੀ ਕੁ ਕੀਮਤ ਹੈ?
7 ਪੌਲੁਸ ਨੇ ਇਸ ਕਰਕੇ ਚੇਤਾਵਨੀ ਦਿੱਤੀ ਸੀ ਕਿਉਂਕਿ ਉਸ ਨੇ ਦੇਖਿਆ ਸੀ ਕਿ ਜਿਹੜੇ ਦੁਨੀਆਂ ਦੀ ਤੜਕ-ਭੜਕ ਵੱਲ ਖਿੱਚੇ ਗਏ ਸਨ, ਉਨ੍ਹਾਂ ਦੀ ਸੋਚਣੀ ਖ਼ਤਰਨਾਕ ਸੀ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਉਸ ਨੇ “ਫ਼ੈਲਸੂਫ਼ੀ ਅਤੇ ਲਾਗ ਲਪੇਟ” ਸ਼ਬਦ ਵਰਤੇ। ਸ਼ਬਦ “ਫ਼ੈਲਸੂਫ਼ੀ” ਜਾਂ ਫ਼ਲਸਫ਼ੇ ਦਾ ਸ਼ਾਬਦਿਕ ਅਰਥ ਹੈ “ਬੁੱਧੀ ਦੀ ਪ੍ਰੀਤ ਅਤੇ ਭਾਲ।” ਬੁੱਧੀ ਨਾਲ ਪ੍ਰੀਤ ਕਰਨੀ ਤੇ ਇਸ ਦੀ ਭਾਲ ਕਰਨੀ ਆਪਣੇ ਆਪ ਵਿਚ ਤਾਂ ਫ਼ਾਇਦੇਮੰਦ ਹੋ ਸਕਦੀ ਹੈ। ਅਸਲ ਵਿਚ ਬਾਈਬਲ, ਖ਼ਾਸ ਕਰਕੇ ਕਹਾਉਤਾਂ ਦੀ ਕਿਤਾਬ ਸਾਰਿਆਂ ਨੂੰ ਸਹੀ ਤਰ੍ਹਾਂ ਦੇ ਗਿਆਨ ਅਤੇ ਬੁੱਧੀ ਦੀ ਤਲਾਸ਼ ਕਰਨ ਦਾ ਉਤਸ਼ਾਹ ਦਿੰਦੀ ਹੈ। (ਕਹਾਉਤਾਂ 1:1-7; 3:13-18) ਪਰ ਪੌਲੁਸ ਨੇ “ਫ਼ੈਲਸੂਫ਼ੀ” ਅਤੇ “ਲਾਗ ਲਪੇਟ” ਦੋਵਾਂ ਨੂੰ ਇਕੱਠਿਆਂ ਇਸਤੇਮਾਲ ਕੀਤਾ। ਦੂਸਰੇ ਸ਼ਬਦਾਂ ਵਿਚ, ਪੌਲੁਸ ਦੀਆਂ ਨਜ਼ਰਾਂ ਵਿਚ ਦੁਨੀਆਂ ਦੀ ਬੁੱਧ ਖੋਖਲੀ ਅਤੇ ਧੋਖਾ ਦੇਣ ਵਾਲੀ ਸੀ। ਇਕ ਫੁੱਲੇ ਹੋਏ ਭੁਕਾਨੇ ਵਾਂਗ, ਇਹ ਠੋਸ ਤਾਂ ਦਿਖਾਈ ਦਿੰਦੀ ਸੀ, ਪਰ ਇਸ ਵਿਚ ਸਿਰਫ਼ ਫੋਕੀਆਂ ਗੱਲਾਂ ਹੀ ਭਰੀਆਂ ਹੋਈਆਂ ਸਨ। ਇਸ ਲਈ ਸੰਸਾਰ ਦੀ ਨਿਗੂਣੀ “ਫ਼ੈਲਸੂਫ਼ੀ ਅਤੇ ਲਾਗ ਲਪੇਟ” ਦੇ ਆਧਾਰ ਤੇ ਸਹੀ-ਗ਼ਲਤ ਦੀ ਪਛਾਣ ਕਰਨੀ ਵਿਅਰਥ ਹੁੰਦੀ, ਇੱਥੋਂ ਤਕ ਕਿ ਖ਼ਤਰਨਾਕ ਵੀ।
ਜਿਹੜੇ “ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ” ਕਹਿੰਦੇ ਹਨ
8. (ੳ) ਲੋਕ ਕਿਨ੍ਹਾਂ ਕੋਲੋਂ ਸਲਾਹ ਲੈਂਦੇ ਹਨ? (ਅ) ਕਿਸ ਤਰ੍ਹਾਂ ਦੀ ਸਲਾਹ ਦਿੱਤੀ ਜਾਂਦੀ ਹੈ?
8 ਅੱਜ ਹਾਲਾਤ ਕੁਝ ਵੱਖਰੇ ਨਹੀਂ ਹਨ। ਇਨਸਾਨੀ ਜ਼ਿੰਦਗੀ ਦੇ ਤਕਰੀਬਨ ਹਰ ਖੇਤਰ ਵਿਚ ਵਿਦਵਾਨਾਂ ਦੀ ਕੋਈ ਕਮੀ ਨਹੀਂ ਹੈ। ਵਿਆਹੁਤਾ ਜ਼ਿੰਦਗੀ ਅਤੇ ਪਰਿਵਾਰਕ ਮਸਲਿਆਂ ਦੇ ਸਲਾਹਕਾਰ, ਕਾਲਮਨਵੀਸ, ਨੀਮ-ਹਕੀਮ, ਜੋਤਸ਼ੀ, ਚੇਲੇ-ਚਾਂਟੇ ਅਤੇ ਦੂਸਰੇ ਲੋਕ ਫ਼ੀਸ ਲੈ ਕੇ ਸਲਾਹ ਦੇਣ ਲਈ ਤਿਆਰ-ਬਰ-ਤਿਆਰ ਬੈਠੇ ਹਨ। ਪਰ ਕਿਸ ਤਰ੍ਹਾਂ ਦੀ ਸਲਾਹ ਦਿੱਤੀ ਜਾ ਰਹੀ ਹੈ? ਅਕਸਰ ਬਾਈਬਲ ਦੇ ਨੈਤਿਕ ਮਿਆਰਾਂ ਦੀ ਬਜਾਇ, ਨਵੀਂ ਨੈਤਿਕਤਾ ਕਹਾਉਣ ਵਾਲੇ ਜੀਵਨ-ਢੰਗ ਨੂੰ ਸ਼ਹਿ ਦਿੱਤੀ ਜਾਂਦੀ ਹੈ। ਉਦਾਹਰਣ ਲਈ ਸਰਕਾਰ ਵੱਲੋਂ “ਇੱਕੋ ਲਿੰਗ ਦੇ ਲੋਕਾਂ ਦੇ ਵਿਆਹਾਂ” ਨੂੰ ਰਜਿਸਟਰ ਕਰਨ ਤੋਂ ਨਾਂਹ ਕਹਿਣ ਤੇ ਕੈਨੇਡਾ ਦੇ ਮਸ਼ਹੂਰ ਅਖ਼ਬਾਰ ਦ ਗਲੋਬ ਐਂਡ ਮੇਲ ਦੇ ਸੰਪਾਦਕੀ ਲੇਖ ਵਿਚ ਕਿਹਾ ਗਿਆ: “ਸਾਲ 2000 ਵਿਚ ਇਹ ਬਹੁਤ ਹੀ ਅਜੀਬ ਗੱਲ ਹੈ ਕਿ ਇਕ ਵਚਨਬੱਧ ਜੋੜੇ ਨੂੰ ਜੋ ਇਕ-ਦੂਜੇ ਨੂੰ ਪਿਆਰ ਕਰਦੇ ਹਨ, ਸਿਰਫ਼ ਇਸ ਕਰਕੇ ਆਪਣੀ ਦਿਲੀ ਇੱਛਾ ਨੂੰ ਪੂਰਾ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਇੱਕੋ ਲਿੰਗ ਦੇ ਹਨ।” ਅੱਜ ਰੁਝਾਨ ਇਹ ਹੈ ਕਿ ਲੋਕ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਹਿਣਸ਼ੀਲਤਾ ਦਿਖਾਉਂਦੇ ਹਨ, ਉਹ ਕਿਸੇ ਤੇ ਉਂਗਲੀ ਨਹੀਂ ਚੁੱਕਦੇ। ਕੋਈ ਵੀ ਮਿਆਰ ਪੱਕਾ ਨਹੀਂ ਸਮਝਿਆ ਜਾਂਦਾ; ਹੁਣ ਕੋਈ ਨਹੀਂ ਕਹਿ ਸਕਦਾ ਕਿ ਕੀ ਬਿਲਕੁਲ ਸਹੀ ਹੈ ਤੇ ਕੀ ਗ਼ਲਤ।—ਜ਼ਬੂਰ 10:3, 4.
9. ਸਮਾਜ ਵਿਚ ਇੱਜ਼ਤਦਾਰ ਸਮਝੇ ਜਾਂਦੇ ਲੋਕ ਅਕਸਰ ਕੀ ਕਰਦੇ ਹਨ?
9 ਦੂਸਰੇ ਲੋਕ ਫ਼ੈਸਲੇ ਕਰਨ ਵੇਲੇ ਸਮਾਜਕ ਤੇ ਆਰਥਿਕ ਤੌਰ ਤੇ ਕਾਮਯਾਬ ਯਾਨੀ ਅਮੀਰ ਤੇ ਪ੍ਰਸਿੱਧ ਹਸਤੀਆਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਭਾਵੇਂ ਕਿ ਅਮੀਰ ਅਤੇ ਪ੍ਰਸਿੱਧ ਲੋਕਾਂ ਨੂੰ ਸਮਾਜ ਦੇ ਇੱਜ਼ਤਦਾਰ ਲੋਕ ਸਮਝਿਆ ਜਾਂਦਾ ਹੈ, ਪਰ ਉਹ ਅਕਸਰ ਆਪਣੇ ਬੁੱਲ੍ਹਾਂ ਨਾਲ ਹੀ ਈਮਾਨਦਾਰੀ ਅਤੇ ਭਰੋਸੇ ਵਰਗੇ ਗੁਣਾਂ ਦਾ ਗੁਣਗਾਣ ਕਰਦੇ ਹਨ। ਤਾਕਤ ਤੇ ਮੁਨਾਫ਼ੇ ਲਈ ਬਹੁਤ ਸਾਰੇ ਲੋਕ ਕਾਇਦੇ-ਕਾਨੂੰਨਾਂ ਅਤੇ ਨੈਤਿਕ ਸਿਧਾਂਤਾਂ ਨੂੰ ਆਪਣੇ ਪੈਰਾਂ ਹੇਠ ਕੁਚਲਣ ਦੀ ਬਿਲਕੁਲ ਪਰਵਾਹ ਨਹੀਂ ਕਰਦੇ। ਕੁਝ ਲੋਕ ਨਾਂ ਤੇ ਸ਼ੌਹਰਤ ਕਮਾਉਣ ਲਈ ਸਥਾਪਿਤ ਕਦਰਾਂ-ਕੀਮਤਾਂ ਅਤੇ ਮਿਆਰਾਂ ਨੂੰ ਤਿਆਗ ਕੇ ਕੁਝ ਅਜਿਹੇ ਘਟੀਆ ਕੰਮ ਕਰਦੇ ਹਨ ਜੋ ਦੂਜਿਆਂ ਨੂੰ ਹੈਰਾਨ ਕਰਦੇ ਹਨ। ਸਿੱਟੇ ਵਜੋਂ, ਅੱਜ ਇਕ ਅਜਿਹਾ ਮੁਨਾਫ਼ਾਖ਼ੋਰ ਤੇ ਇਜਾਜ਼ਤੀ ਸਮਾਜ ਬਣ ਰਿਹਾ ਹੈ ਜਿਸ ਦਾ ਨਾਅਰਾ ਹੈ, “ਸਭ ਕੁਝ ਜਾਇਜ਼ ਹੈ।” ਇਸ ਲਈ ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਲੋਕ ਉਲਝਣਾਂ ਵਿਚ ਪਏ ਹਨ ਤੇ ਉਨ੍ਹਾਂ ਨੂੰ ਪਤਾ ਨਹੀਂ ਚੱਲ ਰਿਹਾ ਕਿ ਕੀ ਸਹੀ ਹੈ ਤੇ ਕੀ ਗ਼ਲਤ?—ਲੂਕਾ 6:39.
10. ਭਲਾਈ ਤੇ ਬੁਰਾਈ ਸੰਬੰਧੀ ਯਸਾਯਾਹ ਦੇ ਸ਼ਬਦ ਕਿਵੇਂ ਸਹੀ ਸਾਬਤ ਹੋਏ ਹਨ?
10 ਇਸ ਨਿਕੰਮੀ ਅਗਵਾਈ ਵਿਚ ਚੱਲ ਕੇ ਕੀਤੇ ਗ਼ਲਤ ਫ਼ੈਸਲਿਆਂ ਦੇ ਭਿਆਨਕ ਨਤੀਜੇ ਸਾਡੀਆਂ ਅੱਖਾਂ ਸਾਮ੍ਹਣੇ ਹਨ—ਟੁੱਟ ਚੁੱਕੇ ਵਿਆਹ ਅਤੇ ਪਰਿਵਾਰ, ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਕੁਵਰਤੋਂ, ਨੌਜਵਾਨਾਂ ਦੀ ਗੁੰਡਾਗਰਦੀ, ਖੁੱਲ੍ਹਾ ਸੰਭੋਗ, ਜਿਨਸੀ ਬੀਮਾਰੀਆਂ ਆਦਿ। ਅਸਲ ਵਿਚ ਜਦੋਂ ਲੋਕ ਸਹੀ-ਗ਼ਲਤ ਦੀ ਪਛਾਣ ਕਰਨ ਵੇਲੇ ਸਾਰੇ ਮਿਆਰਾਂ ਨੂੰ ਛਿੱਕੇ ਟੰਗ ਦਿੰਦੇ ਹਨ, ਤਾਂ ਇਸ ਦੇ ਹੋਰ ਕੀ ਨਤੀਜੇ ਨਿਕਲ ਸਕਦੇ ਹਨ? (ਰੋਮੀਆਂ 1:28-32) ਨਬੀ ਯਸਾਯਾਹ ਨੇ ਵੀ ਇਸੇ ਤਰ੍ਹਾਂ ਕਿਹਾ ਸੀ: “ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਅਨ੍ਹੇਰ ਨੂੰ ਚਾਨਣ ਦੇ ਥਾਂ, ਅਤੇ ਚਾਨਣ ਨੂੰ ਅਨ੍ਹੇਰ ਦੇ ਥਾਂ ਰੱਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ!”—ਯਸਾਯਾਹ 5:20, 21.
11. ਸਹੀ-ਗ਼ਲਤ ਦੀ ਪਛਾਣ ਕਰਨ ਵੇਲੇ ਆਪਣੇ ਉੱਤੇ ਭਰੋਸਾ ਰੱਖਣਾ ਗ਼ਲਤ ਕਿਉਂ ਹੈ?
11 ਪਰਮੇਸ਼ੁਰ ਨੇ ਪੁਰਾਣੇ ਸਮੇਂ ਦੇ ਯਹੂਦੀਆਂ ਨੂੰ ਸਜ਼ਾ ਦਿੱਤੀ ਜਿਹੜੇ “ਆਪਣੀ ਨਿਗਾਹ ਵਿੱਚ ਸਿਆਣੇ” ਬਣ ਬੈਠੇ ਸਨ। ਇਸ ਕਰਕੇ ਸਾਡੇ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਹੀ-ਗ਼ਲਤ ਦੀ ਪਛਾਣ ਕਰਨ ਲਈ ਆਪਣੀ ਸਮਝ ਉੱਤੇ ਭਰੋਸਾ ਨਾ ਰੱਖੀਏ। ਅੱਜ ਬਹੁਤ ਸਾਰੇ ਲੋਕ ਇਸ ਵਿਚਾਰ ਨਾਲ ਸਹਿਮਤ ਹਨ ਕਿ “ਆਪਣੇ ਦਿਲ ਦੀ ਗੱਲ ਸੁਣੋ,” ਜਾਂ “ਉਹੀ ਕਰੋ ਜੋ ਤੁਹਾਨੂੰ ਸਹੀ ਲੱਗਦਾ ਹੈ।” ਕੀ ਇਸ ਤਰ੍ਹਾਂ ਕਰਨਾ ਠੀਕ ਹੈ? ਬਾਈਬਲ ਅਨੁਸਾਰ ਨਹੀਂ ਜਿਸ ਵਿਚ ਸਾਫ਼-ਸਾਫ਼ ਲਿਖਿਆ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਫ਼ੈਸਲੇ ਕਰਨ ਵੇਲੇ ਕੀ ਤੁਸੀਂ ਧੋਖੇਬਾਜ਼ ਅਤੇ ਪੁੱਜ ਕੇ ਖ਼ਰਾਬ ਬੰਦੇ ਤੋਂ ਸਲਾਹ ਲਵੋਗੇ? ਬਿਲਕੁਲ ਨਹੀਂ। ਇਸ ਦੀ ਬਜਾਇ, ਤੁਸੀਂ ਸ਼ਾਇਦ ਉਸ ਦੀ ਸਲਾਹ ਤੋਂ ਬਿਲਕੁਲ ਉਲਟ ਹੀ ਕਰੋਗੇ। ਇਸੇ ਕਰਕੇ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਮੱਤ ਨਾਲ ਤੁਰਦਾ ਹੈ ਉਹ ਛੁਡਾਇਆ ਜਾਵੇਗਾ।”—ਕਹਾਉਤਾਂ 3:5-7; 28:26.
ਉਹ ਜਾਣਨਾ ਜੋ ਪਰਮੇਸ਼ੁਰ ਨੂੰ ਪਸੰਦ ਹੈ
12. ਸਾਨੂੰ ‘ਪਰਮੇਸ਼ੁਰ ਦੀ ਇੱਛਿਆ’ ਸਿਆਣਨ ਦੀ ਕਿਉਂ ਲੋੜ ਹੈ?
12 ਜੇ ਅਸੀਂ ਸਹੀ-ਗ਼ਲਤ ਦੀ ਪਛਾਣ ਕਰਨ ਵੇਲੇ ਨਾ ਤਾਂ ਸੰਸਾਰ ਦੀ ਬੁੱਧ ਉੱਤੇ ਅਤੇ ਨਾ ਹੀ ਆਪਣੀ ਬੁੱਧ ਉੱਤੇ ਭਰੋਸਾ ਰੱਖਣਾ ਹੈ, ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਪੌਲੁਸ ਰਸੂਲ ਦੀ ਇਸ ਸਪੱਸ਼ਟ ਅਤੇ ਚੰਗੀ ਸਲਾਹ ਵੱਲ ਧਿਆਨ ਦਿਓ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਸਾਨੂੰ ਪਰਮੇਸ਼ੁਰ ਦੀ ਇੱਛਾ ਸਿਆਣਨ ਦੀ ਕਿਉਂ ਲੋੜ ਹੈ? ਬਾਈਬਲ ਵਿਚ ਯਹੋਵਾਹ ਇਸ ਦਾ ਸਪੱਸ਼ਟ ਪਰ ਜ਼ਬਰਦਸਤ ਕਾਰਨ ਦਿੰਦੇ ਹੋਏ ਕਹਿੰਦਾ ਹੈ: “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।” (ਯਸਾਯਾਹ 55:9) ਇਸ ਲਈ ਆਪਣੀ ਬੁੱਧੀ ਜਾਂ ਭਾਵਨਾਵਾਂ ਉੱਤੇ ਭਰੋਸਾ ਕਰਨ ਦੀ ਬਜਾਇ, ਸਾਨੂੰ ਸਲਾਹ ਦਿੱਤੀ ਗਈ ਹੈ: “ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।”—ਅਫ਼ਸੀਆਂ 5:10.
13. ਯੂਹੰਨਾ 17:3 ਵਿਚ ਦਰਜ ਕੀਤੇ ਗਏ ਯਿਸੂ ਦੇ ਸ਼ਬਦ ਪਰਮੇਸ਼ੁਰ ਦੀ ਇੱਛਾ ਜਾਣਨ ਦੀ ਲੋੜ ਉੱਤੇ ਕਿਵੇਂ ਜ਼ੋਰ ਦਿੰਦੇ ਹਨ?
13 ਯਿਸੂ ਮਸੀਹ ਨੇ ਇਸ ਲੋੜ ਤੇ ਜ਼ੋਰ ਦਿੱਤਾ ਸੀ ਜਦੋਂ ਉਸ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) “ਜਾਣਨ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਬਹੁਤ ਗਹਿਰਾ ਅਰਥ ਹੈ। ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਅਨੁਸਾਰ, ਇਹ ਸ਼ਬਦ “ਗਿਆਨ ਲੈ ਰਹੇ ਵਿਅਕਤੀ ਅਤੇ ਜਿਸ ਬਾਰੇ ਉਹ ਗਿਆਨ ਲੈ ਰਿਹਾ ਹੈ, ਉਨ੍ਹਾਂ ਵਿਚ ਰਿਸ਼ਤੇ ਨੂੰ ਸੰਕੇਤ ਕਰਦਾ ਹੈ; ਇਸ ਭਾਵ ਵਿਚ, ਜਿਸ ਬਾਰੇ ਗਿਆਨ ਲਿਆ ਜਾ ਰਿਹਾ ਹੈ, ਉਹ ਗਿਆਨ ਲੈ ਰਹੇ ਵਿਅਕਤੀ ਲਈ ਬਹੁਤ ਕੀਮਤੀ ਜਾਂ ਅਹਿਮ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਵਿਚ ਰਿਸ਼ਤਾ ਕਾਇਮ ਹੁੰਦਾ ਹੈ।” ਕਿਸੇ ਨਾਲ ਰਿਸ਼ਤਾ ਰੱਖਣ ਦਾ ਮਤਲਬ ਸਿਰਫ਼ ਇਹ ਜਾਣਨਾ ਹੀ ਨਹੀਂ ਹੁੰਦਾ ਕਿ ਉਹ ਕੌਣ ਹੈ ਜਾਂ ਉਸ ਦਾ ਨਾਂ ਕੀ ਹੈ। ਇਸ ਵਿਚ ਉਸ ਵਿਅਕਤੀ ਦੀ ਪਸੰਦ-ਨਾਪਸੰਦ, ਕਦਰਾਂ-ਕੀਮਤਾਂ ਤੇ ਮਿਆਰਾਂ ਨੂੰ ਜਾਣਨਾ ਅਤੇ ਉਨ੍ਹਾਂ ਦਾ ਆਦਰ ਕਰਨਾ ਵੀ ਸ਼ਾਮਲ ਹੈ।—1 ਯੂਹੰਨਾ 2:3; 4:8.
ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੋ
14. ਪੌਲੁਸ ਨੇ ਅਧਿਆਤਮਿਕ ਤੌਰ ਤੇ ਨਿਆਣਿਆਂ ਅਤੇ ਸਿਆਣੇ ਲੋਕਾਂ ਵਿਚ ਮੁੱਖ ਫ਼ਰਕ ਕੀ ਦੱਸਿਆ?
14 ਤਾਂ ਫਿਰ, ਅਸੀਂ ਸਹੀ-ਗ਼ਲਤ ਦੀ ਪਛਾਣ ਕਰਨ ਦੀ ਯੋਗਤਾ ਕਿਵੇਂ ਪੈਦਾ ਕਰ ਸਕਦੇ ਹਾਂ? ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੂੰ ਪੌਲੁਸ ਦੇ ਲਿਖੇ ਸ਼ਬਦ ਇਸ ਸਵਾਲ ਦਾ ਜਵਾਬ ਦਿੰਦੇ ਹਨ। ਉਸ ਨੇ ਲਿਖਿਆ: “ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ ਇਸ ਲਈ ਕਿ ਨਿਆਣਾ ਹੈ। ਪਰ ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” ਇੱਥੇ ਪੌਲੁਸ ਨੇ “ਦੁੱਧ” ਤੇ “ਅੰਨ” ਵਿਚ ਫ਼ਰਕ ਦੱਸਿਆ। ਪਿਛਲੀ ਆਇਤ ਵਿਚ ਉਸ ਨੇ “ਪਰਮੇਸ਼ੁਰ ਦੀ ਬਾਣੀ ਦੇ ਮੂਲ ਮੰਤਰਾਂ” ਨੂੰ ਦੁੱਧ ਕਿਹਾ। ਪਰ ਉਸ ਨੇ ਦੱਸਿਆ ਕਿ ‘ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਸਾਧੀਆਂ ਹੋਈਆਂ ਹਨ।’—ਇਬਰਾਨੀਆਂ 5:12-14.
15. ਪਰਮੇਸ਼ੁਰ ਦਾ ਸਹੀ ਗਿਆਨ ਲੈਣ ਲਈ ਸਖ਼ਤ ਮਿਹਨਤ ਕਰਨ ਦੀ ਕਿਉਂ ਲੋੜ ਹੈ?
15 ਇਸ ਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਾਏ ਜਾਂਦੇ ਉਸ ਦੇ ਮਿਆਰਾਂ ਦੀ ਸਹੀ ਸਮਝ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਬਾਈਬਲ ਵਿਚ ਸਾਨੂੰ ਨਿਯਮਾਂ ਦੀ ਲੰਬੀ ਸਾਰੀ ਸੂਚੀ ਨਹੀਂ ਦਿੱਤੀ ਗਈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਇਸ ਦੀ ਬਜਾਇ ਪੌਲੁਸ ਨੇ ਸਮਝਾਇਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 3:16, 17) ਇਸ ਸਿੱਖਿਆ, ਤਾੜਨਾ ਅਤੇ ਸੁਧਾਰ ਤੋਂ ਫ਼ਾਇਦਾ ਲੈਣ ਲਈ ਸਾਨੂੰ ਆਪਣੇ ਦਿਮਾਗ਼ ਅਤੇ ਸੋਚਣ ਸ਼ਕਤੀ ਨੂੰ ਵਰਤਣਾ ਪਵੇਗਾ। ਇਸ ਦੇ ਲਈ ਮਿਹਨਤ ਕਰਨ ਦੀ ਲੋੜ ਹੈ, ਪਰ ਇਸ ਦਾ ਫਲ ਬਹੁਤ ਹੀ ਵਧੀਆ ਹੋਵੇਗਾ ਯਾਨੀ ਅਸੀਂ ‘ਹਰੇਕ ਭਲੇ ਕੰਮ ਲਈ ਤਿਆਰ ਹੋਵਾਂਗੇ।’—ਕਹਾਉਤਾਂ 2:3-6.
16. ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣ ਦਾ ਕੀ ਮਤਲਬ ਹੈ?
16 ਫਿਰ ਪੌਲੁਸ ਨੇ ਇਹ ਵੀ ਸੰਕੇਤ ਦਿੱਤਾ ਕਿ ਸਿਆਣੇ ਲੋਕਾਂ ਦੀਆਂ ‘ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਸਾਧੀਆਂ ਹੋਈਆਂ ਹਨ।’ ਹੁਣ ਅਸੀਂ ਮੁੱਖ ਮੁੱਦੇ ਉੱਤੇ ਪਹੁੰਚੇ ਹਾਂ। ‘ਗਿਆਨ ਇੰਦਰੀਆਂ ਸਾਧੀਆਂ ਹੋਈਆਂ ਹਨ’ ਦਾ ਸ਼ਾਬਦਿਕ ਅਰਥ ਹੈ “ਇਕ [ਜਿਮਨਾਸਟ] ਵਾਂਗ ਆਪਣੀਆਂ ਗਿਆਨ ਇੰਦਰੀਆਂ ਨੂੰ ਸਿਖਲਾਈ ਦੇਣੀ।” (ਕਿੰਗਡਮ ਇੰਟਰਲਿਨੀਅਰ ਟ੍ਰਾਂਸਲੇਸ਼ਨ) ਇਕ ਤਜਰਬੇਕਾਰ ਜਿਮਨਾਸਟ ਇਕ ਰਿੰਗ ਜਾਂ ਬੈਲੈਂਸ ਬੀਮ ਉੱਤੇ ਅਜਿਹੇ ਕਰਤੱਬ ਦਿਖਾਉਂਦਾ ਹੈ ਜੋ ਗੁਰੂਤਾ ਆਕਰਸ਼ਣ-ਸ਼ਕਤੀ ਜਾਂ ਦੂਜੇ ਕੁਦਰਤੀ ਨਿਯਮਾਂ ਦਾ ਮਜ਼ਾਕ ਉਡਾਉਂਦੇ ਹੋਏ ਜਾਪਦੇ ਹਨ। ਉਸ ਦਾ ਆਪਣੇ ਅੰਗਾਂ ਉੱਤੇ ਹਮੇਸ਼ਾ ਕੰਟ੍ਰੋਲ ਰਹਿੰਦਾ ਹੈ ਅਤੇ ਉਸ ਨੂੰ ਸਹਿਜ ਸੁਭਾਅ ਹੀ ਪਤਾ ਹੁੰਦਾ ਹੈ ਕਿ ਉਹ ਅਗਲਾ ਕਿਹੜਾ ਕਦਮ ਚੁੱਕੇਗਾ ਤਾਂਕਿ ਉਹ ਆਪਣੇ ਪ੍ਰਦਰਸ਼ਨ ਨੂੰ ਸਫ਼ਲਤਾ ਨਾਲ ਖ਼ਤਮ ਕਰ ਸਕੇ। ਇਹ ਸਭ ਕੁਝ ਔਖੀ ਸਿਖਲਾਈ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੁੰਦਾ ਹੈ।
17. ਸਾਨੂੰ ਕਿਸ ਭਾਵ ਵਿਚ ਜਿਮਨਾਸਟਾਂ ਵਾਂਗ ਬਣਨਾ ਚਾਹੀਦਾ ਹੈ?
17 ਅਧਿਆਤਮਿਕ ਅਰਥ ਵਿਚ, ਜੇ ਅਸੀਂ ਯਕੀਨੀ ਹੋਣਾ ਚਾਹੁੰਦੇ ਹਾਂ ਕਿ ਅਸੀਂ ਹਮੇਸ਼ਾ ਸਹੀ ਫ਼ੈਸਲੇ ਤੇ ਸਹੀ ਚੋਣ ਕਰੀਏ, ਤਾਂ ਸਾਨੂੰ ਵੀ ਆਪਣੇ ਆਪ ਨੂੰ ਇਕ ਜਿਮਨਾਸਟ ਵਾਂਗ ਸਿਖਲਾਈ ਦੇਣੀ ਚਾਹੀਦੀ ਹੈ। ਸਾਡਾ ਆਪਣੀਆਂ ਗਿਆਨ ਇੰਦਰੀਆਂ ਅਤੇ ਅੰਗਾਂ ਉੱਤੇ ਹਰ ਵੇਲੇ ਪੂਰਾ ਕੰਟ੍ਰੋਲ ਹੋਣਾ ਚਾਹੀਦਾ ਹੈ। (ਮੱਤੀ 5:29, 30; ਕੁਲੁੱਸੀਆਂ 3:5-10) ਉਦਾਹਰਣ ਲਈ, ਕੀ ਤੁਹਾਡਾ ਆਪਣੀਆਂ ਅੱਖਾਂ ਉੱਤੇ ਪੂਰਾ ਕੰਟ੍ਰੋਲ ਹੈ ਕਿ ਤੁਸੀਂ ਅਨੈਤਿਕ ਤਸਵੀਰਾਂ ਵੱਲ ਨਹੀਂ ਦੇਖਦੇ ਜਾਂ ਆਪਣੇ ਕੰਨਾਂ ਉੱਤੇ ਕਿ ਤੁਸੀਂ ਘਟੀਆ ਸੰਗੀਤ ਜਾਂ ਗੱਲਾਂ ਨਹੀਂ ਸੁਣਦੇ? ਇਹ ਸੱਚ ਹੈ ਕਿ ਸਾਡੇ ਆਲੇ-ਦੁਆਲੇ ਅਜਿਹੀਆਂ ਘਟੀਆ ਚੀਜ਼ਾਂ ਬਹੁਤ ਪਾਈਆਂ ਜਾਂਦੀਆਂ ਹਨ। ਪਰ ਫਿਰ ਵੀ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਨੂੰ ਆਪਣੇ ਦਿਲਾਂ-ਦਿਮਾਗਾਂ ਵਿਚ ਜੜ੍ਹ ਫੜਨ ਦਿੰਦੇ ਹਾਂ ਜਾਂ ਨਹੀਂ। ਅਸੀਂ ਜ਼ਬੂਰਾਂ ਦੇ ਲਿਖਾਰੀ ਦੀ ਨਕਲ ਕਰ ਸਕਦੇ ਹਾਂ ਜਿਸ ਨੇ ਕਿਹਾ: “ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ, ਫਿਰਤੂਆਂ ਦੀ ਕਰਤੂਤ ਤੋਂ ਮੈਨੂੰ ਘਿਣ ਹੈ, ਉਹ ਮੈਨੂੰ ਨਾ ਚੰਬੜੇਗੀ। . . . ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ।”—ਜ਼ਬੂਰ 101:3, 7.
ਅਭਿਆਸ ਕਰ ਕੇ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੋ
18. ਪੌਲੁਸ ਦੀ ਇਸ ਸਲਾਹ ਤੋਂ ਕੀ ਪਤਾ ਚੱਲਦਾ ਹੈ ਕਿ “ਅਭਿਆਸ ਨਾਲ” ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੋ?
18 ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਅਸੀਂ “ਅਭਿਆਸ ਨਾਲ” ਹੀ ਸਹੀ-ਗ਼ਲਤ ਦੀ ਪਛਾਣ ਕਰਨ ਲਈ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧ ਸਕਦੇ ਹਾਂ। ਦੂਸਰੇ ਸ਼ਬਦਾਂ ਵਿਚ, ਸਾਨੂੰ ਆਪਣੀ ਦਿਮਾਗ਼ੀ ਸ਼ਕਤੀ ਨੂੰ ਵਰਤਣਾ ਸਿੱਖਣਾ ਚਾਹੀਦਾ ਹੈ ਤਾਂਕਿ ਜਦੋਂ ਵੀ ਅਸੀਂ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਅਸੀਂ ਸਿਆਣ ਸਕੀਏ ਕਿ ਇਸ ਮਾਮਲੇ ਵਿਚ ਬਾਈਬਲ ਦੇ ਕਿਹੜੇ ਸਿਧਾਂਤ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਕਿੱਦਾਂ ਲਾਗੂ ਕੀਤਾ ਜਾ ਸਕਦਾ ਹੈ। “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਦੀ ਮਦਦ ਨਾਲ ਰਿਸਰਚ ਕਰਨ ਦੀ ਆਦਤ ਪਾਓ। (ਮੱਤੀ 24:45) ਅਸੀਂ ਪਰਿਪੱਕ ਮਸੀਹੀਆਂ ਦੀ ਮਦਦ ਵੀ ਲੈ ਸਕਦੇ ਹਾਂ। ਫਿਰ ਵੀ, ਜੇ ਅਸੀਂ ਆਪ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਦੇ ਨਾਲ-ਨਾਲ ਯਹੋਵਾਹ ਦੀ ਅਗਵਾਈ ਤੇ ਆਤਮਾ ਲਈ ਉਸ ਨੂੰ ਪ੍ਰਾਰਥਨਾ ਵੀ ਕਰਦੇ ਹਾਂ, ਤਾਂ ਅੱਗੇ ਜਾ ਕੇ ਸਾਨੂੰ ਇਸ ਦੇ ਬਹੁਤ ਸਾਰੇ ਫ਼ਾਇਦੇ ਹੋਣਗੇ।—ਅਫ਼ਸੀਆਂ 3:14-19.
19. ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ ਜੇ ਅਸੀਂ ਲਗਾਤਾਰ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਾਂਗੇ?
19 ਜਦੋਂ ਅਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਦੇ ਹਾਂ, ਤਾਂ ਇਸ ਤਰ੍ਹਾਂ ਕਰਨ ਦਾ ਸਾਡਾ ਮਕਸਦ ਹੋਣਾ ਚਾਹੀਦਾ ਹੈ ਕਿ “ਅਸੀਂ ਅਗਾਹਾਂ ਨੂੰ ਇਞਾਣੇ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।” (ਅਫ਼ਸੀਆਂ 4:14) ਇਸ ਦੀ ਬਜਾਇ, ਪਰਮੇਸ਼ੁਰ ਦੀ ਇੱਛਾ ਦੇ ਗਿਆਨ ਅਤੇ ਸਮਝ ਦੇ ਆਧਾਰ ਤੇ ਅਸੀਂ ਸਮਝਦਾਰੀ ਨਾਲ ਛੋਟੇ-ਵੱਡੇ ਫ਼ੈਸਲੇ ਕਰ ਸਕਾਂਗੇ ਜੋ ਕਿ ਸਾਡੇ ਲਈ ਫ਼ਾਇਦੇਮੰਦ ਹੋਣਗੇ, ਸਾਡੇ ਸੰਗੀ ਉਪਾਸਕਾਂ ਲਈ ਹੌਸਲਾਦਾਇਕ ਹੋਣਗੇ ਅਤੇ ਸਭ ਤੋਂ ਵੱਧ ਇਹ ਸਾਡੇ ਸਵਰਗੀ ਪਿਤਾ ਨੂੰ ਖ਼ੁਸ਼ ਕਰਨਗੇ। (ਕਹਾਉਤਾਂ 27:11) ਇਨ੍ਹਾਂ ਮੁਸ਼ਕਲ ਸਮਿਆਂ ਵਿਚ ਇਹ ਕਿੰਨੀ ਵੱਡੀ ਬਰਕਤ ਤੇ ਸੁਰੱਖਿਆ ਹੈ!
[ਫੁਟਨੋਟ]
a ਡਾਕਟਰ ਟੌਮਸ ਹੋਮਜ਼ ਅਤੇ ਰਿਚਰਡ ਰੇ ਨੇ ਇਕ ਸੂਚੀ ਤਿਆਰ ਕੀਤੀ ਜਿਸ ਵਿਚ ਉਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਦੇ 40 ਤੋਂ ਜ਼ਿਆਦਾ ਸਭ ਤੋਂ ਦੁਖਦਾਈ ਤਜਰਬਿਆਂ ਨੂੰ ਦਰਜ ਕੀਤਾ। ਇਸ ਸੂਚੀ ਵਿਚ ਜੀਵਨ-ਸਾਥੀ ਦੀ ਮੌਤ, ਤਲਾਕ ਅਤੇ ਛੱਡ-ਛਡਈਆ ਪਹਿਲੇ ਤਿੰਨ ਨੰਬਰਾਂ ਤੇ ਹਨ। ਵਿਆਹ ਕਰਾਉਣਾ ਸੂਚੀ ਵਿਚ ਸੱਤਵੇਂ ਸਥਾਨ ਤੇ ਹੈ।
ਕੀ ਤੁਸੀਂ ਸਮਝਾ ਸਕਦੇ ਹੋ?
• ਸਹੀ ਫ਼ੈਸਲੇ ਕਰਨ ਲਈ ਕਿਹੜੀ ਯੋਗਤਾ ਦੀ ਲੋੜ ਹੈ?
• ਸਹੀ-ਗ਼ਲਤ ਦੀ ਪਛਾਣ ਕਰਨ ਵੇਲੇ ਪ੍ਰਸਿੱਧ ਲੋਕਾਂ ਵੱਲ ਦੇਖਣਾ ਜਾਂ ਆਪਣੀਆਂ ਭਾਵਨਾਵਾਂ ਉੱਤੇ ਭਰੋਸਾ ਰੱਖਣਾ ਨਾਸਮਝੀ ਕਿਉਂ ਹੈ?
• ਫ਼ੈਸਲੇ ਕਰਨ ਵੇਲੇ ਸਾਨੂੰ ਕਿਉਂ ਯਕੀਨੀ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ ਅਤੇ ਅਸੀਂ ਕਿੱਦਾਂ ਯਕੀਨੀ ਹੋ ਸਕਦੇ ਹਾਂ?
• ‘ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣ’ ਦਾ ਕੀ ਮਤਲਬ ਹੈ?
[ਸਫ਼ੇ 9 ਉੱਤੇ ਤਸਵੀਰ]
ਅਗਵਾਈ ਲਈ ਅਮੀਰ ਤੇ ਪ੍ਰਸਿੱਧ ਲੋਕਾਂ ਵੱਲ ਦੇਖਣਾ ਵਿਅਰਥ ਹੈ
[ਸਫ਼ੇ 10 ਉੱਤੇ ਤਸਵੀਰ]
ਇਕ ਜਿਮਨਾਸਟ ਵਾਂਗ, ਸਾਡਾ ਆਪਣੀਆਂ ਗਿਆਨ ਇੰਦਰੀਆਂ ਅਤੇ ਅੰਗਾਂ ਉੱਤੇ ਪੂਰਾ ਕੰਟ੍ਰੋਲ ਹੋਣਾ ਚਾਹੀਦਾ ਹੈ