‘ਸਿੱਖਿਆ ਦੇਣ ਵਿੱਚ ਲੱਗਾ ਰਹੀਂ’
“ਤੁਸੀਂ ਮੈਨੂੰ ਗੁਰੂ ਅਤੇ ਪ੍ਰਭੁ ਕਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ।” (ਯੂਹੰ. 13:13) ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਸ਼ਬਦ ਕਹਿ ਕੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹ ਵਾਕਈ ਗੁਰੂ ਯਾਨੀ ਸਿੱਖਿਅਕ ਸੀ। ਫਿਰ ਸਵਰਗ ਚਲੇ ਜਾਣ ਤੋਂ ਥੋੜ੍ਹੀ ਹੀ ਦੇਰ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: ‘ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।’ (ਮੱਤੀ 28:19, 20) ਬਾਅਦ ਵਿਚ ਪੌਲੁਸ ਰਸੂਲ ਨੇ ਵੀ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਬਣਨ ਦੀ ਅਹਿਮੀਅਤ ʼਤੇ ਜ਼ੋਰ ਦਿੱਤਾ ਸੀ। ਉਸ ਨੇ ਮਸੀਹੀ ਬਜ਼ੁਰਗ ਤਿਮੋਥਿਉਸ ਨੂੰ ਸਲਾਹ ਦਿੱਤੀ: ‘ਤੂੰ ਸਿੱਖਿਆ ਦੇਣ ਵਿੱਚ ਲੱਗਾ ਰਹੀਂ। ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।’—1 ਤਿਮੋ. 4:13-15.
ਉਨ੍ਹਾਂ ਜ਼ਮਾਨਿਆਂ ਦੀ ਤਰ੍ਹਾਂ ਅੱਜ ਵੀ ਪ੍ਰਚਾਰ ਅਤੇ ਸਾਡੀਆਂ ਸਭਾਵਾਂ ਵਿਚ ਸਿੱਖਿਆ ਦੇਣ ਦਾ ਕੰਮ ਬਹੁਤ ਅਹਿਮ ਹੈ। ਅਸੀਂ ਸਿੱਖਿਆ ਦੇਣ ਵਿਚ ਕਿੱਦਾਂ ਲੱਗੇ ਰਹਿ ਸਕਦੇ ਹਾਂ ਤੇ ਇਸ ਦੀ ਮਦਦ ਸਦਕਾ ਕਿਨ੍ਹਾਂ ਤਰੀਕਿਆਂ ਨਾਲ ਬਾਈਬਲ ਦੇ ਸਿੱਖਿਅਕਾਂ ਵਜੋਂ ਤਰੱਕੀ ਕਰ ਸਕਦੇ ਹਾਂ?
ਮਹਾਨ ਸਿੱਖਿਅਕ ਦੀ ਰੀਸ ਕਰੋ
ਯਿਸੂ ਦੀ ਗੱਲ ਸੁਣਨ ਵਾਲੇ ਕਈ ਲੋਕਾਂ ਨੂੰ ਉਸ ਦਾ ਸਿੱਖਿਆ ਦੇਣ ਦਾ ਢੰਗ ਪਸੰਦ ਆਇਆ। ਧਿਆਨ ਦਿਓ ਕਿ ਨਾਸਰਤ ਵਿਚ ਯਹੂਦੀ ਸਭਾ-ਘਰ ਵਿਚ ਉਸ ਦੀਆਂ ਗੱਲਾਂ ਨੂੰ ਸੁਣ ਕੇ ਲੋਕਾਂ ʼਤੇ ਕੀ ਅਸਰ ਪਿਆ। ਇੰਜੀਲ ਦੇ ਲਿਖਾਰੀ ਲੂਕਾ ਨੇ ਦੱਸਿਆ ਕਿ “ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਨ੍ਹਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ” ਹੋਏ। (ਲੂਕਾ 4:22) ਯਿਸੂ ਦੇ ਚੇਲਿਆਂ ਨੇ ਉਸੇ ਤਰ੍ਹਾਂ ਪ੍ਰਚਾਰ ਕੀਤਾ ਜਿੱਦਾਂ ਉਨ੍ਹਾਂ ਦੇ ਪ੍ਰਭੂ ਯਿਸੂ ਨੇ ਕੀਤਾ ਸੀ। ਦਰਅਸਲ ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰ. 10:33) ਯਿਸੂ ਦੇ ਤਰੀਕਿਆਂ ਨੂੰ ਅਪਣਾ ਕੇ ਪੌਲੁਸ ‘ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦੇਣ’ ਵਿਚ ਬਹੁਤ ਅਸਰਕਾਰੀ ਬਣਿਆ।—ਰਸੂ. 20:20.
“ਬਜ਼ਾਰ ਵਿੱਚ” ਸਿੱਖਿਆ ਦਿੱਤੀ
ਅਸੀਂ ਰਸੂਲਾਂ ਦੇ ਕਰਤੱਬ ਦੇ 17ਵੇਂ ਅਧਿਆਇ ਵਿਚ ਪੌਲੁਸ ਦੀ ਮਿਸਾਲ ਬਾਰੇ ਪੜ੍ਹ ਕੇ ਦੇਖ ਸਕਦੇ ਹਾਂ ਕਿ ਉਹ ਖੁੱਲ੍ਹੇ-ਆਮ ਪ੍ਰਚਾਰ ਕਰਦਾ ਸੀ। ਅਸੀਂ ਦੇਖਦੇ ਹਾਂ ਕਿ ਉਹ ਯੂਨਾਨ ਵਿਚ ਅਥੇਨੈ ਸ਼ਹਿਰ ਗਿਆ ਸੀ। ਪੌਲੁਸ ਨੇ ਉਸ ਸ਼ਹਿਰ ਵਿਚ ਸੜਕਾਂ ʼਤੇ ਅਤੇ ਜਨਤਕ ਥਾਵਾਂ ਉੱਤੇ ਮੂਰਤਾਂ ਦੇਖੀਆਂ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਦੇਖ ਕੇ ਪੌਲੁਸ ਨੂੰ ਦੁੱਖ ਹੋਇਆ! ਫਿਰ ਵੀ ਉਸ ਨੇ ਆਪਣੇ ਜਜ਼ਬਾਤਾਂ ʼਤੇ ਕਾਬੂ ਰੱਖਿਆ। “ਉਹ ਸਮਾਜ ਵਿੱਚ . . . ਰੋਜ ਬਜ਼ਾਰ ਵਿੱਚ ਉਨ੍ਹਾਂ ਨਾਲ ਜੋ ਉਸ ਨੂੰ ਮਿਲਦੇ ਸਨ ਗਿਆਨ ਗੋਸ਼ਟ ਕਰਦਾ ਸੀ।” (ਰਸੂ. 17:16, 17) ਸਾਡੇ ਲਈ ਕਿੰਨੀ ਵਧੀਆ ਮਿਸਾਲ! ਸਾਨੂੰ ਕਿਸੇ ਦੀ ਨਿੰਦਿਆ ਕਰਨ ਦੀ ਬਜਾਇ ਸਾਰੇ ਪਿਛੋਕੜਾਂ ਦੇ ਲੋਕਾਂ ਨਾਲ ਅਦਬ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਵੇਂ ਲੋਕ ਸਾਡਾ ਸੰਦੇਸ਼ ਸੁਣਨ ਲਈ ਰਾਜ਼ੀ ਹੋਣਗੇ ਤੇ ਝੂਠੇ ਧਰਮਾਂ ਤੋਂ ਛੁਟਕਾਰਾ ਪਾ ਸਕਣਗੇ।—ਰਸੂ. 10:34, 35; ਪਰ. 18:4.
ਬਾਜ਼ਾਰ ਵਿਚ ਪੌਲੁਸ ਅਜਿਹੇ ਕਈ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ। ਉਸ ਦੇ ਸੁਣਨ ਵਾਲਿਆਂ ਵਿੱਚੋਂ ਕੁਝ ਫ਼ਿਲਾਸਫ਼ਰ ਸਨ ਜਿਨ੍ਹਾਂ ਦੇ ਵਿਚਾਰ ਉਨ੍ਹਾਂ ਸੱਚਾਈਆਂ ਦੇ ਉਲਟ ਸਨ ਜੋ ਉਹ ਪ੍ਰਚਾਰ ਕਰ ਰਿਹਾ ਸੀ। ਜਦੋਂ ਉਹ ਪੌਲੁਸ ਨਾਲ ਝਗੜਾ ਕਰਨ ਲੱਗ ਪਏ, ਤਾਂ ਉਸ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਕੁਝ ਲੋਕਾਂ ਨੇ ਉਸ ਨੂੰ “ਬਕਵਾਦੀ” ਕਿਹਾ ਸੀ (ਯੂਨਾਨੀ ਭਾਸ਼ਾ ਵਿਚ ਜੋ ਸ਼ਬਦ ਇੱਥੇ ਵਰਤਿਆ ਗਿਆ ਹੈ, ਉਹ ਦਾ ਮਤਲਬ “ਬੀ ਚੁਗਣ ਵਾਲਾ” ਸੀ)। ਕਈਆਂ ਨੇ ਕਿਹਾ: “ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਮਲੂਮ ਹੁੰਦਾ ਹੈ।”—ਰਸੂ. 17:18.
ਪਰ ਪੌਲੁਸ ਨੇ ਉਨ੍ਹਾਂ ਦੀਆਂ ਨਿੰਦਿਆ ਭਰੀਆਂ ਗੱਲਾਂ ਸੁਣ ਕੇ ਹਿੰਮਤ ਨਹੀਂ ਹਾਰੀ। ਇਸ ਦੀ ਬਜਾਇ, ਜਦੋਂ ਉਸ ਨੂੰ ਆਪਣੀਆਂ ਸਿੱਖਿਆਵਾਂ ਸਮਝਾਉਣ ਲਈ ਕਿਹਾ ਗਿਆ, ਤਾਂ ਉਸ ਨੇ ਮੌਕੇ ਦਾ ਫ਼ਾਇਦਾ ਉਠਾ ਕੇ ਇਕ ਵਧੀਆ ਭਾਸ਼ਣ ਦਿੱਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸਿੱਖਿਆ ਦੇਣ ਵਿਚ ਕਿੰਨਾ ਮਾਹਰ ਸੀ। (ਰਸੂ. 17:19-22; 1 ਪਤ. 3:15) ਆਓ ਆਪਾਂ ਉਸ ਦੇ ਭਾਸ਼ਣ ਵੱਲ ਧਿਆਨ ਦੇਈਏ ਅਤੇ ਉਹ ਗੱਲਾਂ ਸਿੱਖੀਏ ਜੋ ਸਿੱਖਿਆ ਦੇਣ ਦੀ ਸਾਡੀ ਕਲਾ ਸੁਧਾਰ ਸਕਦੀਆਂ ਹਨ।
ਉਨ੍ਹਾਂ ਵਿਸ਼ਿਆਂ ਬਾਰੇ ਗੱਲ ਕਰੋ ਜਿਨ੍ਹਾਂ ਨਾਲ ਲੋਕ ਸਹਿਮਤ ਹੋਣ
ਪੌਲੁਸ ਨੇ ਕਿਹਾ: “ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ। ਕਿਉਂ ਜੋ ਮੈਂ . . . ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਭੀ ਵੇਖੀ ਜਿਹ ਦੇ ਉੱਤੇ ਇਹ ਲਿਖਿਆ ਹੋਇਆ ਸੀ “ਅਣਜਾਤੇ ਦੇਵ ਲਈ”। ਉਪਰੰਤ ਜਿਹ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਓਸੇ ਦੀ ਖਬਰ ਦਿੰਦਾ ਹਾਂ।”—ਰਸੂ. 17:22, 23.
ਪੌਲੁਸ ਆਲੇ-ਦੁਆਲੇ ਦਾ ਬਹੁਤ ਧਿਆਨ ਰੱਖਦਾ ਸੀ। ਉਸ ਨੇ ਧਿਆਨ ਨਾਲ ਜੋ ਵੀ ਦੇਖਿਆ, ਉਸ ਤੋਂ ਉਸ ਨੇ ਆਪਣੇ ਹਾਜ਼ਰੀਨਾਂ ਬਾਰੇ ਕਾਫ਼ੀ ਕੁਝ ਸਿੱਖਿਆ। ਅਸੀਂ ਵੀ ਆਲੇ-ਦੁਆਲੇ ਦੀਆਂ ਚੀਜ਼ਾਂ ਦੇਖ ਕੇ ਲੋਕਾਂ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਵਿਹੜੇ ਵਿਚ ਖਿਡਾਉਣਿਆਂ ਜਾਂ ਦਰਵਾਜ਼ੇ ʼਤੇ ਲੱਗੀਆਂ ਚੀਜ਼ਾਂ ਤੋਂ ਕਾਫ਼ੀ ਕੁਝ ਪਤਾ ਚੱਲ ਜਾਂਦਾ ਹੈ। ਜੇ ਸਾਨੂੰ ਲੋਕਾਂ ਦੇ ਹਾਲਾਤਾਂ ਦਾ ਕੁਝ ਅੰਦਾਜ਼ਾ ਹੈ, ਤਾਂ ਅਸੀਂ ਧਿਆਨ ਨਾਲ ਦੇਖ ਸਕਦੇ ਹਾਂ ਕਿ ਅਸੀਂ ਕੀ ਕਹਿਣਾ ਹੈ ਅਤੇ ਕਿਵੇਂ ਕਹਿਣਾ ਹੈ।—ਕੁਲੁ. 4:6.
ਪੌਲੁਸ ਸਹੀ ਨਜ਼ਰੀਏ ਨਾਲ ਲੋਕਾਂ ਨੂੰ ਸੰਦੇਸ਼ ਸੁਣਾਉਂਦਾ ਸੀ। ਉਸ ਨੂੰ ਅਹਿਸਾਸ ਹੋਇਆ ਕਿ ਅਥੇਨੈ ਦੇ ਲੋਕਾਂ ਦੀ ‘ਪੂਜਾ’ ਝੂਠੇ ਗਿਆਨ ʼਤੇ ਆਧਾਰਿਤ ਸੀ। ਪੌਲੁਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਹ ਸੱਚੇ ਪਰਮੇਸ਼ੁਰ ਦੀ ਕਿਵੇਂ ਭਗਤੀ ਕਰ ਸਕਦੇ ਸਨ। (1 ਕੁਰਿੰ. 14:8) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਹੀ ਨਜ਼ਰੀਏ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਸਾਫ਼-ਸਾਫ਼ ਐਲਾਨ ਕਰੀਏ!
ਸਮਝਦਾਰੀ ਤੇ ਨਿਰਪੱਖਤਾ ਨਾਲ ਪ੍ਰਚਾਰ ਕਰੋ
ਪੌਲੁਸ ਨੇ ਅੱਗੇ ਕਿਹਾ: “ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਇਆਂ ਹੋਇਆਂ ਮੰਦਰਾਂ ਵਿੱਚ ਨਹੀਂ ਵੱਸਦਾ ਹੈ। ਤੇ ਨਾ ਕਿਸੇ ਚੀਜ਼ ਤੋਂ ਥੁੜ ਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਆਪੇ ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।”—ਰਸੂ. 17:24, 25.
ਪੌਲੁਸ ਨੇ ਸਮਝਦਾਰੀ ਨਾਲ ਯਹੋਵਾਹ ਨੂੰ “ਅਕਾਸ਼ ਅਤੇ ਧਰਤੀ ਦਾ ਮਾਲਕ” ਕਹਿ ਕੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਉਹ ਸਾਡਾ ਜੀਵਨਦਾਤਾ ਹੈ। ਸਾਡੇ ਲਈ ਕਿੱਡਾ ਵੱਡਾ ਸਨਮਾਨ ਹੈ ਕਿ ਅਸੀਂ ਵੱਖੋ-ਵੱਖਰੇ ਧਰਮਾਂ ਅਤੇ ਸਭਿਆਚਾਰਾਂ ਦੇ ਨੇਕਦਿਲ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਹੀ ਹਰ ਜੀਵ-ਜੰਤੂ ਦਾ ਜੀਵਨਦਾਤਾ ਹੈ!—ਜ਼ਬੂ. 36:9.
ਪੌਲੁਸ ਨੇ ਅੱਗੇ ਕਿਹਾ: “ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ . . . ਇੱਕ ਤੋਂ ਰਚਿਆ ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ। ਭਈ ਓਹ ਪਰਮੇਸ਼ੁਰ ਨੂੰ ਭਾਲਣ ਭਈ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।”—ਰਸੂ. 17:26, 27.
ਸਿੱਖਿਆ ਦੇਣ ਦੇ ਸਾਡੇ ਢੰਗ ਤੋਂ ਲੋਕਾਂ ਨੂੰ ਪਤਾ ਚੱਲ ਸਕਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਾਂ। ਬਿਨਾਂ ਪੱਖ-ਪਾਤ ਕੀਤੇ ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਉਸ ਨੂੰ “ਭਾਲਣ” ਦਿੰਦਾ ਹੈ ਤਾਂਕਿ ਉਹ “ਉਸ ਨੂੰ ਟੋਹ ਕੇ ਲੱਭ ਲੈਣ।” ਇਸੇ ਤਰ੍ਹਾਂ ਅਸੀਂ ਵੀ ਬਿਨਾਂ ਪੱਖ-ਪਾਤ ਕੀਤੇ ਸਾਰਿਆਂ ਨੂੰ ਪ੍ਰਚਾਰ ਕਰਦੇ ਹਾਂ। ਅਸੀਂ ਸਿਰਜਣਹਾਰ ਨੂੰ ਮੰਨਣ ਵਾਲਿਆਂ ਦੀ ਮਦਦ ਕਰਦੇ ਹਾਂ ਕਿ ਉਹ ਉਸ ਨਾਲ ਨਜ਼ਦੀਕੀ ਰਿਸ਼ਤਾ ਬਣਾਉਣ ਜਿਸ ਕਾਰਨ ਉਨ੍ਹਾਂ ਨੂੰ ਹਮੇਸ਼ਾ ਬਰਕਤਾਂ ਮਿਲਣਗੀਆਂ। (ਯਾਕੂ. 4:8) ਪਰ ਅਸੀਂ ਰੱਬ ਨੂੰ ਨਾ ਮੰਨਣ ਵਾਲਿਆਂ ਦੀ ਕਿੱਦਾਂ ਮਦਦ ਕਰਦੇ ਹਾਂ? ਅਸੀਂ ਪੌਲੁਸ ਦੀ ਮਿਸਾਲ ʼਤੇ ਚੱਲਦੇ ਹਾਂ। ਧਿਆਨ ਦਿਓ ਕਿ ਉਸ ਨੇ ਅੱਗੇ ਕੀ ਕਿਹਾ।
“ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਭੀ ਕਿੰਨਿਆਂ ਨੇ ਆਖਿਆ ਹੈ ਭਈ ਅਸੀਂ ਤਾਂ ਉਹ ਦੀ ਅੰਸ ਭੀ ਹਾਂ। ਸੋ ਪਰਮੇਸ਼ੁਰ ਦੀ ਅੰਸ ਹੋ ਕੇ ਸਾਨੂੰ ਜੋਗ ਨਹੀਂ ਜੋ ਇਹ ਸਮਝੀਏ ਭਈ ਪਰਮੇਸ਼ੁਰ ਸੋਨੇ ਚਾਂਦੀ ਯਾ ਪੱਥਰ ਵਰਗਾ ਹੈ ਜਿਹ ਨੂੰ ਮਨੁੱਖ ਦੀ ਹਥੌਟੀ ਅਤੇ ਮਨ ਨੇ ਘੜਿਆ ਹੈ।”—ਰਸੂ. 17:28, 29.
ਪੌਲੁਸ ਨੇ ਇੱਥੇ ਅਥੇਨੀਆਂ ਦੇ ਮੰਨੇ-ਪ੍ਰਮੰਨੇ ਕਵੀਆਂ ਦੇ ਹਵਾਲੇ ਦੇ ਕੇ ਲੋਕਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਵਿਸ਼ਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨਾਲ ਸਾਨੂੰ ਪਤਾ ਹੈ ਕਿ ਲੋਕ ਸਹਿਮਤ ਹੋਣਗੇ। ਮਿਸਾਲ ਲਈ, ਪੌਲੁਸ ਦੀ ਇਬਰਾਨੀਆਂ ਨੂੰ ਲਿਖੀ ਪੱਤਰੀ ਵਿਚ ਦਿੱਤੀ ਉਸ ਦੀ ਉਦਾਹਰਣ ਅੱਜ ਵੀ ਉੱਨੀ ਹੀ ਮੰਨਣਯੋਗ ਹੈ ਜਿੰਨੀ ਉਸ ਦੇ ਜ਼ਮਾਨੇ ਵਿਚ ਸੀ। ਉਸ ਨੇ ਕਿਹਾ ਸੀ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬ. 3:4) ਇਸ ਸੌਖੀ ਉਦਾਹਰਣ ਬਾਰੇ ਸੋਚਣ ਨਾਲ ਲੋਕ ਸਾਡੇ ਸੱਚੇ ਸੰਦੇਸ਼ ਨੂੰ ਕਬੂਲ ਕਰਨ ਲਈ ਰਾਜ਼ੀ ਹੋ ਸਕਦੇ ਹਨ। ਪੌਲੁਸ ਦੇ ਭਾਸ਼ਣ ਵਿਚ ਇਕ ਹੋਰ ਅਸਰਕਾਰੀ ਸਿੱਖਿਆ ਦੇਣ ਦੇ ਤਰੀਕੇ ਵੱਲ ਧਿਆਨ ਦਿਓ—ਪ੍ਰੇਰਣਾ।
ਸਮੇਂ ਦੀ ਨਜ਼ਾਕਤ ʼਤੇ ਜ਼ੋਰ ਦਿਓ
ਪੌਲੁਸ ਨੇ ਕਿਹਾ: “ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮਿਆਂ ਵੱਲੋਂ ਅੱਖੀਆਂ ਫੇਰ ਲਈਆਂ ਸਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ। ਕਿਉਂ ਜੋ ਉਸ ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ।”—ਰਸੂ. 17:30, 31.
ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕੁਝ ਸਮੇਂ ਲਈ ਰਹਿਣ ਦੀ ਇਜਾਜ਼ਤ ਦਿੱਤੀ ਹੈ ਜਿਸ ਕਰਕੇ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਦੇ ਸਮੇਂ ਦੀ ਨਜ਼ਾਕਤ ʼਤੇ ਜ਼ੋਰ ਦਿੰਦੇ ਹੋਏ ਪੂਰੇ ਭਰੋਸੇ ਨਾਲ ਦੱਸੀਏ ਕਿ ਜਲਦੀ ਹੀ ਆਉਣ ਵਾਲੇ ਪਰਮੇਸ਼ੁਰ ਦੇ ਰਾਜ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ।—2 ਤਿਮੋ. 3:1-5.
ਤਰ੍ਹਾਂ-ਤਰ੍ਹਾਂ ਦੇ ਹੁੰਗਾਰੇ
“ਜਾਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ ਪਰ ਹੋਰਨਾਂ ਆਖਿਆ, ਅਸੀਂ ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ। ਸੋ ਪੌਲੁਸ ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ। ਪਰੰਤੂ ਕਈ ਪੁਰਖਾਂ ਨੇ ਉਹ ਦੇ ਨਾਲ ਰਲ ਕੇ ਪਰਤੀਤ ਕੀਤੀ।”—ਰਸੂ. 17:32-34.
ਕਈ ਝੱਟ ਸਾਡੀ ਸਿੱਖਿਆ ਨੂੰ ਸਵੀਕਾਰ ਕਰਦੇ ਹਨ, ਪਰ ਦੂਸਰਿਆਂ ਨੂੰ ਸ਼ਾਇਦ ਸਾਡੀਆਂ ਗੱਲਾਂ ʼਤੇ ਵਿਸ਼ਵਾਸ ਕਰਨ ਲਈ ਸਮਾਂ ਲੱਗੇ। ਪਰ ਜਦੋਂ ਸਾਡੇ ਵੱਲੋਂ ਸਾਫ਼-ਸਾਫ਼ ਤੇ ਸਰਲ ਸ਼ਬਦਾਂ ਵਿਚ ਸੱਚਾਈ ਸਮਝਾਉਣ ਨਾਲ ਕੋਈ ਵਿਅਕਤੀ ਯਹੋਵਾਹ ਬਾਰੇ ਸਹੀ ਗਿਆਨ ਲੈ ਲੈਂਦਾ ਹੈ, ਤਾਂ ਅਸੀਂ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਪਰਮੇਸ਼ੁਰ ਲੋਕਾਂ ਨੂੰ ਉਸ ਦੇ ਪੁੱਤਰ ਵੱਲ ਖਿੱਚਣ ਵਾਸਤੇ ਸਾਨੂੰ ਵਰਤ ਰਿਹਾ ਹੈ!—ਯੂਹੰ. 6:44.
ਅਸੀਂ ਕੀ ਸਿੱਖ ਸਕਦੇ ਹਾਂ
ਪੌਲੁਸ ਦੇ ਭਾਸ਼ਣ ਉੱਤੇ ਗੌਰ ਕਰ ਕੇ ਅਸੀਂ ਦੂਸਰਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਮਝਾਉਣ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਜੇ ਸਾਨੂੰ ਕਲੀਸਿਯਾ ਵਿਚ ਪਬਲਿਕ ਭਾਸ਼ਣ ਦੇਣ ਦਾ ਸਨਮਾਨ ਮਿਲਿਆ ਹੈ, ਤਾਂ ਅਸੀਂ ਪੌਲੁਸ ਦੀ ਰੀਸ ਕਰਦੇ ਹੋਏ ਸਮਝਦਾਰੀ ਭਰੀਆਂ ਗੱਲਾਂ ਕਹਾਂਗੇ। ਇਸ ਤਰ੍ਹਾਂ ਯਹੋਵਾਹ ਨੂੰ ਨਾ ਮੰਨਣ ਵਾਲੇ ਵਿਅਕਤੀਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਮਝਣ ਤੇ ਅਪਣਾਉਣ ਵਿਚ ਮਦਦ ਮਿਲ ਸਕਦੀ ਹੈ। ਅਸੀਂ ਇਨ੍ਹਾਂ ਸੱਚਾਈਆਂ ਨੂੰ ਸਾਫ਼-ਸਾਫ਼ ਪੇਸ਼ ਕਰਨਾ ਚਾਹੁੰਦੇ ਹਾਂ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਮੀਟਿੰਗਾਂ ਵਿਚ ਆਏ ਉਨ੍ਹਾਂ ਲੋਕਾਂ ਦੇ ਵਿਸ਼ਵਾਸਾਂ ਦੀ ਨਿੰਦਿਆ ਨਾ ਕਰੀਏ ਜੋ ਯਹੋਵਾਹ ਨੂੰ ਨਹੀਂ ਮੰਨਦੇ। ਪਰ ਇਸ ਦੇ ਨਾਲ-ਨਾਲ ਅਸੀਂ ਪ੍ਰਚਾਰ ਕਰਦਿਆਂ ਸਮਝਦਾਰੀ ਵਰਤ ਕੇ ਲੋਕਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਵੇਂ ਕਰ ਕੇ ਅਸੀਂ ਪੌਲੁਸ ਦੀ ਸਲਾਹ ਅਨੁਸਾਰ ‘ਸਿੱਖਿਆ ਦੇਣ ਵਿੱਚ ਲੱਗੇ ਰਹਾਂਗੇ।’
[ਸਫ਼ਾ 30 ਉੱਤੇ ਤਸਵੀਰ]
ਪੌਲੁਸ ਨੇ ਸਮਝਦਾਰੀ ਵਰਤਦਿਆਂ ਸਾਫ਼ ਤੇ ਸਰਲ ਤਰੀਕੇ ਨਾਲ ਸਿੱਖਿਆ ਦਿੱਤੀ ਸੀ
[ਸਫ਼ਾ 31 ਉੱਤੇ ਤਸਵੀਰ]
ਅਸੀਂ ਪ੍ਰਚਾਰ ਕਰਦਿਆਂ ਲੋਕਾਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖ ਕੇ ਪੌਲੁਸ ਦੀ ਰੀਸ ਕਰਦੇ ਹਾਂ