ਯਹੋਵਾਹ ਦਾ ਬਚਨ ਜੀਉਂਦਾ ਹੈ
ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਵਿਚ ਮਸੀਹੀ ਕਲੀਸਿਯਾ ਦੇ ਸਥਾਪਿਤ ਹੋਣ ਅਤੇ ਇਸ ਵਿਚ ਬਾਅਦ ʼਚ ਹੋਏ ਵਾਧੇ ਦਾ ਇਤਿਹਾਸ ਦੱਸਿਆ ਗਿਆ ਹੈ। ਇਹ ਪੋਥੀ ਲੂਕਾ ਨੇ ਲਿਖੀ ਸੀ ਜੋ ਇਕ ਡਾਕਟਰ ਸੀ। ਉਸ ਨੇ ਇਸ ਪੋਥੀ ਵਿਚ 33 ਈ. ਤੋਂ ਲੈ ਕੇ 61 ਈ. ਤਕ 28 ਸਾਲਾਂ ਦੌਰਾਨ ਹੋਏ ਪ੍ਰਚਾਰ ਦੇ ਕੰਮ ਦਾ ਬਿਰਤਾਂਤ ਦੱਸਿਆ ਹੈ।
ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਦਾ ਪਹਿਲਾ ਹਿੱਸਾ ਪਤਰਸ ਰਸੂਲ ਦੇ ਕੰਮਾਂ ਬਾਰੇ ਹੈ ਅਤੇ ਆਖ਼ਰੀ ਹਿੱਸਾ ਪੌਲੁਸ ਰਸੂਲ ਦੇ ਕੰਮਾਂ ਬਾਰੇ। ਲੂਕਾ ਨੇ “ਅਸੀਂ” ਅਤੇ “ਸਾਡੇ” ਆਦਿ ਪੜਨਾਂਵ ਵਰਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕੁਝ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ। ਇਸ ਪੋਥੀ ਦੇ ਸੰਦੇਸ਼ ਵੱਲ ਧਿਆਨ ਦੇ ਕੇ ਪਰਮੇਸ਼ੁਰ ਦੇ ਬਚਨ ਲਈ ਸਾਡੀ ਕਦਰ ਵਧੇਗੀ ਕਿਉਂਕਿ ਇਸ ਵਿਚ ਇਨਸਾਨਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੀ ਸ਼ਕਤੀ ਹੈ। (ਇਬ. 4:12) ਨਾਲੇ ਇਹ ਨਾ ਸਿਰਫ਼ ਸਾਨੂੰ ਯਹੋਵਾਹ ਦੀ ਸੇਵਾ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰੇਗਾ ਸਗੋਂ ਪਰਮੇਸ਼ੁਰ ਦੇ ਰਾਜ ਵਿਚ ਸਾਡੀ ਉਮੀਦ ਵੀ ਪੱਕੀ ਕਰੇਗਾ।
ਪਤਰਸ ਨੇ “ਸੁਰਗ ਦੇ ਰਾਜ ਦੀਆਂ ਕੁੰਜੀਆਂ” ਵਰਤੀਆਂ
ਪਰਮੇਸ਼ੁਰ ਦੀ ਸ਼ਕਤੀ ਪਾਉਣ ਤੋਂ ਬਾਅਦ ਰਸੂਲਾਂ ਨੇ ਦਲੇਰੀ ਨਾਲ ਪ੍ਰਚਾਰ ਕੀਤਾ। ਪਤਰਸ ਨੇ “ਸੁਰਗ ਦੇ ਰਾਜ ਦੀਆਂ ਕੁੰਜੀਆਂ” ਵਿੱਚੋਂ ਪਹਿਲੀ ਕੁੰਜੀ ਵਰਤ ਕੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਮੈਂਬਰ ਬਣਨ ਦਾ ਮੌਕਾ ਦਿੱਤਾ। ਇਨ੍ਹਾਂ ਵਿੱਚੋਂ ਕਈਆਂ ਨੇ “ਉਹ ਦੀ ਗੱਲ ਮੰਨ ਲਈ” ਅਤੇ ਮਸੀਹੀ ਬਣੇ। (ਮੱਤੀ 16:19; ਰਸੂ. 2:5, 41) ਭਾਵੇਂ ਕਿ ਵਿਰੋਧਤਾ ਕਾਰਨ ਯਿਸੂ ਦੇ ਚੇਲੇ ਵੱਖ-ਵੱਖ ਥਾਵਾਂ ʼਤੇ ਖਿੰਡ ਗਏ, ਪਰ ਨਤੀਜਾ ਇਹ ਨਿਕਲਿਆ ਕਿ ਪ੍ਰਚਾਰ ਦਾ ਕੰਮ ਹੋਰ ਵੀ ਫੈਲ ਗਿਆ।
ਇਹ ਸੁਣ ਕੇ ਕਿ ਸਾਮਰਿਯਾ ਦੇ ਲੋਕਾਂ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਸੀ, ਯਰੂਸ਼ਲਮ ਤੋਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਕੋਲ ਘੱਲਿਆ। ਸਾਮਰੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਆਉਣ ਦਾ ਸੱਦਾ ਦੇ ਕੇ ਪਤਰਸ ਨੇ ਦੂਜੀ ਕੁੰਜੀ ਇਸਤੇਮਾਲ ਕੀਤੀ। (ਰਸੂ. 8:14-17) ਯਿਸੂ ਦੇ ਮੁੜ ਜ਼ਿੰਦਾ ਕੀਤੇ ਜਾਣ ਦੇ ਸਾਲ ਕੁ ਬਾਅਦ ਸ਼ਾਇਦ ਤਰਸੁਸ ਦਾ ਸੌਲੁਸ ਮਸੀਹੀ ਬਣ ਗਿਆ ਸੀ। 36 ਈ. ਵਿਚ ਪਤਰਸ ਨੇ ਤੀਜੀ ਕੁੰਜੀ ਵਰਤੀ ਅਤੇ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਆਪਣੀ ਸ਼ਕਤੀ ਦਿੱਤੀ।—ਰਸੂ. 10:45.
ਕੁਝ ਸਵਾਲਾਂ ਦੇ ਜਵਾਬ:
2:44-47; 4:34, 35—ਭੈਣਾਂ-ਭਰਾਵਾਂ ਨੇ ਕਿਉਂ ਆਪਣੀਆਂ ਜ਼ਮੀਨਾਂ ਤੇ ਘਰ ਵੇਚ ਕੇ ਪੈਸਾ ਵੰਡਿਆ? ਪਰਮੇਸ਼ੁਰ ਦੇ ਸੇਵਕ ਬਣਨ ਵਾਲੇ ਬਹੁਤ ਸਾਰੇ ਲੋਕ ਦੂਰੋਂ-ਦੂਰੋਂ ਆਏ ਸਨ ਤੇ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਬਚੇ ਸਨ ਕਿ ਉਹ ਯਰੂਸ਼ਲਮ ਵਿਚ ਹੋਰ ਜ਼ਿਆਦਾ ਦੇਰ ਰਹਿ ਸਕਣ। ਉਹ ਚਾਹੁੰਦੇ ਸੀ ਕਿ ਉਹ ਆਪਣੇ ਇਸ ਨਵੇਂ ਧਰਮ ਬਾਰੇ ਹੋਰ ਸਿੱਖਿਆ ਲੈਣ ਅਤੇ ਦੂਜਿਆਂ ਨੂੰ ਪ੍ਰਚਾਰ ਕਰਨ। ਇਸ ਲਈ ਕੁਝ ਮਸੀਹੀਆਂ ਨੇ ਆਪਣੀਆਂ ਜ਼ਮੀਨਾਂ ਤੇ ਘਰ ਵੇਚ ਕੇ ਉਨ੍ਹਾਂ ਲੋੜਵੰਦਾਂ ਨੂੰ ਪੈਸਾ ਵੰਡਿਆ ਸੀ।
5:34-39—ਲੂਕਾ ਨੂੰ ਕਿਵੇਂ ਪਤਾ ਲੱਗਾ ਕਿ ਗਮਲੀਏਲ ਨੇ ਮਹਾਸਭਾ ਵਿਚ ਕੀ-ਕੀ ਕਿਹਾ ਸੀ? ਤਿੰਨ ਕਾਰਨ ਹੋ ਸਕਦੇ ਹਨ: (1) ਪੌਲੁਸ, ਜੋ ਪਹਿਲਾਂ ਗਮਲੀਏਲ ਦਾ ਚੇਲਾ ਹੁੰਦਾ ਸੀ, ਨੇ ਲੂਕਾ ਨੂੰ ਦੱਸਿਆ; (2) ਲੂਕਾ ਨੇ ਨਿਕੁਦੇਮੁਸ ਵਰਗੇ ਮਹਾਸਭਾ ਦੇ ਕਿਸੇ ਹਮਦਰਦ ਮੈਂਬਰ ਨਾਲ ਗੱਲ ਕੀਤੀ; (3) ਯਹੋਵਾਹ ਨੇ ਇਹ ਗੱਲ ਲੂਕਾ ਨੂੰ ਦੱਸੀ।
7:59—ਕੀ ਇਸਤੀਫ਼ਾਨ ਯਿਸੂ ਨੂੰ ਪ੍ਰਾਰਥਨਾ ਕਰ ਰਿਹਾ ਸੀ? ਨਹੀਂ। ਇਕ ਇਨਸਾਨ ਨੂੰ ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ ਤੇ ਸਿਰਫ਼ ਉਸੇ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਲੂਕਾ 4:8; 6:12) ਆਮ ਕਰਕੇ ਇਸਤੀਫ਼ਾਨ ਯਿਸੂ ਦਾ ਨਾਮ ਲੈ ਕੇ ਯਹੋਵਾਹ ਅੱਗੇ ਬੇਨਤੀ ਕਰਦਾ ਹੁੰਦਾ ਸੀ। (ਯੂਹੰ. 15:16) ਪਰ ਇੱਥੇ ਇਸਤੀਫ਼ਾਨ ਨੇ ਦਰਸ਼ਣ ਵਿਚ “ਮਨੁੱਖ ਦੇ ਪੁੱਤ੍ਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ” ਦੇਖਿਆ। (ਰਸੂ. 7:56) ਇਸਤੀਫ਼ਾਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਿਸੂ ਨੂੰ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ ਗਈ ਸੀ। ਇਸ ਲਈ ਉਸ ਨੇ ਯਿਸੂ ਨਾਲ ਸਿੱਧੀ ਗੱਲ ਕੀਤੀ ਕਿ ਸਮਾਂ ਆਉਣ ʼਤੇ ਉਹ ਉਸ ਨੂੰ ਚੇਤੇ ਕਰੇ। ਪਰ ਉਸ ਨੇ ਯਿਸੂ ਨੂੰ ਪ੍ਰਾਰਥਨਾ ਨਹੀਂ ਕੀਤੀ।—ਯੂਹੰ. 5:27-29.
ਸਾਡੇ ਲਈ ਸਬਕ:
1:8. ਯਹੋਵਾਹ ਦੇ ਸੇਵਕ ਸੰਸਾਰ ਭਰ ਵਿਚ ਪ੍ਰਚਾਰ ਦਾ ਕੰਮ ਉਸ ਦੀ ਸ਼ਕਤੀ ਤੋਂ ਬਿਨਾਂ ਨਹੀਂ ਕਰ ਸਕਦੇ।
4:36–5:11. ਰਸੂਲਾਂ ਨੇ ਕੁਪਰੁਸੀ ਦੇ ਯੂਸੁਫ਼ ਦਾ ਨਾਂ ਬਰਨਬਾਸ ਰੱਖਿਆ ਸੀ ਜਿਸ ਦਾ ਮਤਲਬ ਹੈ, “ਉਪਦੇਸ਼ ਦਾ ਪੁੱਤ੍ਰ।” ਉਨ੍ਹਾਂ ਨੇ ਸ਼ਾਇਦ ਉਸ ਦਾ ਨਾਂ ਬਰਨਬਾਸ ਇਸ ਲਈ ਰੱਖਿਆ ਕਿਉਂਕਿ ਉਹ ਦੂਸਰਿਆਂ ਨੂੰ ਪਿਆਰ ਕਰਦਾ ਸੀ, ਰਹਿਮਦਿਲ ਸੀ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਸਾਨੂੰ ਵੀ ਉਸ ਵਰਗੇ ਬਣਨ ਦੀ ਲੋੜ ਹੈ ਨਾ ਕਿ ਹਨਾਨਿਯਾ ਅਤੇ ਸਫ਼ੀਰਾ ਵਰਗੇ ਜੋ ਬੇਈਮਾਨ, ਪਖੰਡੀ ਤੇ ਧੋਖੇਬਾਜ਼ ਸਨ।
9:23-25. ਪ੍ਰਚਾਰ ਕਰਦੇ ਰਹਿਣ ਲਈ ਆਪਣੇ ਦੁਸ਼ਮਣਾਂ ਤੋਂ ਬਚ ਨਿਕਲਣਾ ਬੁਜ਼ਦਿਲੀ ਨਹੀਂ ਹੈ।
9:28-30. ਕੁਝ ਇਲਾਕਿਆਂ ਵਿਚ ਜਾਂ ਕੁਝ ਲੋਕਾਂ ਨੂੰ ਪ੍ਰਚਾਰ ਕਰਨ ਨਾਲ ਸਾਡੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ ਜਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਜੋਖਮ ਵਿਚ ਪੈ ਸਕਦਾ ਹੈ। ਇਸ ਲਈ ਸਾਨੂੰ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਕਿੱਥੇ ਅਤੇ ਕਦੋਂ ਪ੍ਰਚਾਰ ਕਰਾਂਗੇ।
9:31. ਹਾਲਾਤਾਂ ਦੇ ਠੀਕ ਰਹਿੰਦਿਆਂ ਸਾਨੂੰ ਬਾਈਬਲ ਦਾ ਅਧਿਐਨ ਅਤੇ ਇਸ ਉੱਤੇ ਮਨਨ ਕਰ ਕੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ। ਬਾਈਬਲ ਦੀਆਂ ਗੱਲਾਂ ਲਾਗੂ ਕਰ ਕੇ ਅਸੀਂ ਯਹੋਵਾਹ ਦਾ ਭੈ ਰੱਖ ਸਕਾਂਗੇ ਅਤੇ ਜੋਸ਼ ਨਾਲ ਪ੍ਰਚਾਰ ਕਰ ਸਕਾਂਗੇ।
ਪੌਲੁਸ ਦੀ ਜੋਸ਼ੀਲੀ ਸੇਵਕਾਈ
ਸੰਨ 44 ਈ. ਵਿਚ ਆਗਬੁਸ ਅੰਤਾਕਿਯਾ ਨੂੰ ਆਇਆ ਜਿੱਥੇ ਬਰਨਬਾਸ ਅਤੇ ਪੌਲੁਸ (ਜਿਸ ਨੂੰ ਸੌਲੁਸ ਵੀ ਕਿਹਾ ਜਾਂਦਾ ਸੀ) ਨੂੰ ਸਿੱਖਿਆ ਦਿੰਦੇ ਹੋਏ “ਪੂਰਾ ਸਾਲ” ਹੋ ਗਿਆ ਸੀ। ਆਗਬੁਸ ਨੇ ਦੱਸਿਆ ਕਿ “ਵੱਡਾ ਕਾਲ” ਪਵੇਗਾ। ਇਹ ਭਵਿੱਖਬਾਣੀ ਦੋ ਸਾਲ ਬਾਅਦ ਪੂਰੀ ਹੋਈ। (ਰਸੂ. 11:26-28) ਯਰੂਸ਼ਲਮ ਵਿਚ “ਆਪਣੀ ਸੇਵਾ ਪੂਰੀ ਕਰ ਕੇ” ਬਰਨਬਾਸ ਅਤੇ ਪੌਲੁਸ ਅੰਤਾਕਿਯਾ ਨੂੰ ਮੁੜ ਗਏ। (ਰਸੂ. 12:25) 47 ਈ. ਵਿਚ, ਪੌਲੁਸ ਦੇ ਮਸੀਹੀ ਬਣਨ ਤੋਂ 12 ਸਾਲਾਂ ਬਾਅਦ, ਬਰਨਬਾਸ ਅਤੇ ਪੌਲੁਸ ਇਕ ਮਿਸ਼ਨਰੀ ਦੌਰੇ ʼਤੇ ਗਏ। (ਰਸੂ. 13:1-4) 48 ਈ. ਵਿਚ ਉਹ ਅੰਤਾਕਿਯਾ ਨੂੰ ਵਾਪਸ ਗਏ ਜਿੱਥੇ ਉਹ “ਪਰਮੇਸ਼ੁਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ।”—ਰਸੂ. 14:26.
ਲਗਭਗ ਨੌਂ ਮਹੀਨਿਆਂ ਬਾਅਦ ਪੌਲੁਸ ਸੀਲਾਸ ਨੂੰ ਆਪਣੇ ਨਾਲ ਲੈ ਕੇ ਦੂਜੇ ਮਿਸ਼ਨਰੀ ਦੌਰੇ ਲਈ ਨਿਕਲ ਤੁਰਿਆ। (ਰਸੂ. 15:40) ਰਾਹ ਵਿਚ ਤਿਮੋਥਿਉਸ ਅਤੇ ਲੂਕਾ ਪੌਲੁਸ ਨਾਲ ਰਲ ਗਏ। ਲੂਕਾ ਫ਼ਿਲਿੱਪੈ ਵਿਚ ਰਹਿ ਪਿਆ, ਪਰ ਪੌਲੁਸ ਅਥੇਨੈ ਨੂੰ ਤੇ ਫਿਰ ਕੁਰਿੰਥੁਸ ਨੂੰ ਗਿਆ ਜਿੱਥੇ ਉਹ ਅਕੂਲਾ ਤੇ ਪ੍ਰਿਸਕਿੱਲਾ ਨੂੰ ਮਿਲਿਆ। ਉੱਥੇ ਪੌਲੁਸ ਡੇਢ ਸਾਲ ਰਿਹਾ। (ਰਸੂ. 18:11) ਤਿਮੋਥਿਉਸ ਅਤੇ ਸੀਲਾਸ ਨੂੰ ਕੁਰਿੰਥੁਸ ਵਿਚ ਛੱਡ ਕੇ ਪੌਲੁਸ ਅਕੂਲਾ ਤੇ ਪ੍ਰਿਸਕਿੱਲਾ ਦੇ ਨਾਲ 52 ਈ. ਦੇ ਸ਼ੁਰੂ ਵਿਚ ਸੁਰਿਯਾ ਨੂੰ ਚੱਲਿਆ ਗਿਆ। (ਰਸੂ. 18:18) ਅਕੂਲਾ ਤੇ ਪ੍ਰਿਸਕਿੱਲਾ ਅਫ਼ਸੁਸ ਤਕ ਉਸ ਦੇ ਨਾਲ ਰਹੇ ਅਤੇ ਫਿਰ ਉੱਥੇ ਹੀ ਰਹਿ ਗਏ।
ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਕੁਝ ਸਮਾਂ ਰਹਿ ਕੇ ਪੌਲੁਸ 52 ਈ. ਨੂੰ ਆਪਣੇ ਤੀਜੇ ਦੌਰੇ ʼਤੇ ਗਿਆ। (ਰਸੂ. 18:23) ਅਫ਼ਸੁਸ ਵਿਚ “ਪ੍ਰਭੁ ਦਾ ਬਚਨ ਵਧਿਆ ਅਤੇ ਪਰਬਲ ਹੋਇਆ।” (ਰਸੂ. 19:20) ਪੌਲੁਸ ਲਗਭਗ ਤਿੰਨ ਸਾਲ ਉੱਥੇ ਰਿਹਾ। (ਰਸੂ. 20:31) 56 ਈ. ਦੇ ਪੰਤੇਕੁਸਤ ਦੇ ਦਿਨ ਪੌਲੁਸ ਯਰੂਸ਼ਲਮ ਵਿਚ ਸੀ। ਉਸ ਦੀ ਗਿਰਫ਼ਤਾਰੀ ਤੋਂ ਬਾਅਦ ਉਸ ਨੇ ਅਧਿਕਾਰੀਆਂ ਨੂੰ ਦਲੇਰੀ ਨਾਲ ਗਵਾਹੀ ਦਿੱਤੀ। ਰੋਮ ਵਿਚ ਪੌਲੁਸ ਨੂੰ ਦੋ ਸਾਲਾਂ ਤਕ (ਲਗਭਗ 59-61 ਈ.) ਇਕ ਘਰ ਵਿਚ ਕੈਦ ਰੱਖਿਆ ਗਿਆ। ਇਸ ਦੇ ਬਾਵਜੂਦ ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਦੇ ਮੌਕੇ ਲੱਭੇ ਅਤੇ ਉਹ “ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ।”—ਰਸੂ. 28:30, 31.
ਕੁਝ ਸਵਾਲਾਂ ਦੇ ਜਵਾਬ:
14:8-13—ਲੁਸਤ੍ਰਾ ਵਿਚ ਲੋਕਾਂ ਨੇ “ਬਰਨਬਾਸ ਦਾ ਨਾਉਂ ਦਿਔਸ ਅਤੇ ਪੌਲੁਸ ਦਾ ਨਾਉਂ ਹਰਮੇਸ” ਕਿਉਂ ਰੱਖਿਆ ਸੀ? ਯੂਨਾਨੀ ਮਿਥਿਹਾਸ ਵਿਚ ਦਿਔਸ ਦੇਵਤਿਆਂ ਦਾ ਰਾਜਾ ਸੀ ਅਤੇ ਉਸ ਦਾ ਪੁੱਤਰ ਹਰਮੇਸ ਆਪਣੀ ਬੋਲਣ ਦੀ ਕਲਾ ਲਈ ਮਸ਼ਹੂਰ ਸੀ। ਪੌਲੁਸ ਨੇ ਬੋਲਣ ਵਿਚ ਪਹਿਲ ਕੀਤੀ, ਇਸ ਲਈ ਲੋਕਾਂ ਨੇ ਉਸ ਨੂੰ ਹਰਮੇਸ ਕਿਹਾ ਅਤੇ ਬਰਨਬਾਸ ਨੂੰ ਦਿਔਸ।
16:6, 7—ਪਰਮੇਸ਼ੁਰ ਨੇ ਪੌਲੁਸ ਤੇ ਉਸ ਦੇ ਸਾਥੀਆਂ ਨੂੰ ਅਸਿਯਾ ਅਤੇ ਬਿਥੁਨਿਯਾ ਵਿਚ ਕਿਉਂ ਨਹੀਂ ਜਾਣ ਦਿੱਤਾ? ਉੱਥੇ ਪ੍ਰਚਾਰ ਕਰਨ ਵਾਲੇ ਥੋੜ੍ਹੇ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਜਿਹੇ ਇਲਾਕਿਆਂ ਵਿਚ ਜਾਣ ਲਈ ਪ੍ਰੇਰਿਆ ਜਿੱਥੇ ਜ਼ਿਆਦਾ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮਸੀਹੀ ਬਣ ਸਕਦੇ ਸਨ।
18:12-17—ਜਦ ਲੋਕ ਸੋਸਥਨੇਸ ਨੂੰ ਮਾਰ ਰਹੇ ਸਨ, ਤਾਂ ਗਾਲੀਓ ਡਿਪਟੀ ਨੇ ਇਸ ਬਾਰੇ ਕੁਝ ਕੀਤਾ ਕਿਉਂ ਨਹੀਂ? ਗਾਲੀਓ ਨੇ ਸ਼ਾਇਦ ਸੋਚਿਆ ਕਿ ਜਿਸ ਬੰਦੇ ਨੇ ਲੋਕਾਂ ਨੂੰ ਪੌਲੁਸ ਦੇ ਖ਼ਿਲਾਫ਼ ਭੜਕਾਇਆ ਸੀ, ਉਹ ਆਪਣੀ ਕੀਤੀ ਦਾ ਫਲ ਭੁਗਤ ਰਿਹਾ ਸੀ। ਪਰ ਇਸ ਘਟਨਾ ਦਾ ਚੰਗਾ ਨਤੀਜਾ ਨਿਕਲਿਆ ਕਿਉਂਕਿ ਸੋਸਥਨੇਸ ਮਸੀਹੀ ਬਣ ਗਿਆ। ਬਾਅਦ ਵਿਚ ਪੌਲੁਸ ਨੇ ਉਸ ਬਾਰੇ ਗੱਲ ਕਰਦੇ ਹੋਏ ਕਿਹਾ “ਸਾਡਾ ਭਰਾ ਸੋਸਥਨੇਸ।”—1 ਕੁਰਿੰ. 1:1.
18:18—ਪੌਲੁਸ ਨੇ ਕਿਹੜੀ ਮੰਨਤ ਮੰਨੀ ਸੀ? ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਪੌਲੁਸ ਨੇ ਨਜ਼ੀਰ ਬਣਨ ਦੀ ਸੁੱਖਣਾ ਸੁੱਖੀ ਸੀ। (ਗਿਣ. 6:1-21) ਪਰ ਬਾਈਬਲ ਵਿਚ ਇਹ ਨਹੀਂ ਦੱਸਿਆ ਹੈ ਕਿ ਪੌਲੁਸ ਦੀ ਮੰਨਤ ਕੀ ਸੀ। ਇਸ ਤੋਂ ਇਲਾਵਾ ਬਾਈਬਲ ਇਹ ਨਹੀਂ ਦੱਸਦੀ ਕਿ ਪੌਲੁਸ ਨੇ ਇਹ ਮੰਨਤ ਮਸੀਹੀ ਬਣਨ ਤੋਂ ਪਹਿਲਾਂ ਜਾਂ ਬਾਅਦ ਵਿਚ ਮੰਨੀ ਸੀ ਤੇ ਨਾ ਹੀ ਦੱਸਦੀ ਹੈ ਕਿ ਉਹ ਇਸ ਮੰਨਤ ਅਨੁਸਾਰ ਜੀਣਾ ਸ਼ੁਰੂ ਕਰ ਰਿਹਾ ਸੀ ਜਾਂ ਕਿ ਉਹ ਇਸ ਮੰਨਤ ਤੋਂ ਮੁਕਤ ਹੋਣ ਜਾ ਰਿਹਾ ਸੀ। ਜੋ ਵੀ ਸੀ, ਅਜਿਹੀ ਸੁੱਖਣਾ ਸੁੱਖਣੀ ਗ਼ਲਤ ਨਹੀਂ ਸੀ।
ਸਾਡੇ ਲਈ ਸਬਕ:
12:5-11. ਅਸੀਂ ਆਪਣੇ ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ ਤੇ ਸਾਨੂੰ ਕਰਨੀ ਵੀ ਚਾਹੀਦੀ ਹੈ।
12:21-23; 14:14-18. ਹੇਰੋਦੇਸ ਨੇ ਉਹ ਵਡਿਆਈ ਸਵੀਕਾਰ ਕੀਤੀ ਜਿਸ ਦਾ ਹੱਕਦਾਰ ਸਿਰਫ਼ ਪਰਮੇਸ਼ੁਰ ਸੀ। ਇਹ ਪੌਲੁਸ ਅਤੇ ਬਰਨਬਾਸ ਦੀ ਮਿਸਾਲ ਤੋਂ ਬਿਲਕੁਲ ਉਲਟ ਸੀ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਵਡਿਆਈ ਕਰਨ ਤੋਂ ਇਕਦਮ ਰੋਕ ਦਿੱਤਾ ਸੀ। ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਉਸ ਲਈ ਆਪਣੀ ਵਡਿਆਈ ਨਹੀਂ ਕਰਵਾਉਣੀ ਚਾਹੀਦੀ।
14:5-7. ਸਮਝਦਾਰੀ ਤੋਂ ਕੰਮ ਲੈ ਕੇ ਅਸੀਂ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿ ਸਕਦੇ ਹਾਂ।—ਮੱਤੀ 10:23.
14:22. ਮਸੀਹੀਆਂ ਨੂੰ ਪਤਾ ਹੈ ਕਿ ਉਨ੍ਹਾਂ ਉੱਤੇ ਬਿਪਤਾਵਾਂ ਆਉਣਗੀਆਂ। ਉਹ ਆਪਣੀ ਨਿਹਚਾ ਦਾ ਸਮਝੌਤਾ ਕਰ ਕੇ ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰਦੇ।—2 ਤਿਮੋ. 3:12.
16:1, 2. ਨੌਜਵਾਨਾਂ ਨੂੰ ਕਲੀਸਿਯਾ ਵਿਚ ਮਿਹਨਤ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਯਹੋਵਾਹ ਦੀ ਮਦਦ ਨਾਲ ਨੇਕਨਾਮ ਖੱਟਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
16:3. ਲੋਕਾਂ ਨੂੰ ਸੱਚਾਈ ਵੱਲ ਖਿੱਚਣ ਲਈ ਸਾਨੂੰ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ।—1 ਕੁਰਿੰ. 9:19-23.
20:20, 21. ਘਰ-ਘਰ ਪ੍ਰਚਾਰ ਕਰਨਾ ਸਾਡੀ ਸੇਵਕਾਈ ਦਾ ਅਹਿਮ ਹਿੱਸਾ ਹੈ।
20:24; 21:13. ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਸਾਨੂੰ ਆਪਣੀ ਜਾਨ ਨਾਲੋਂ ਵੀ ਪਿਆਰਾ ਹੈ।
21:21-26. ਸਾਨੂੰ ਚੰਗੀ ਸਲਾਹ ਸਵੀਕਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
25:8-12. ਅੱਜ ਮਸੀਹੀਆਂ ਨੂੰ “ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ” ਲਈ ਕਾਨੂੰਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।—ਫ਼ਿਲਿ. 1:7.
26:24, 25. ਭਾਵੇਂ ਕਿ ਕਈ ਲੋਕਾਂ ਨੂੰ ਸਾਡੀਆਂ ਗੱਲਾਂ ਫਜ਼ੂਲ ਲੱਗਦੀਆਂ ਹਨ, ਫਿਰ ਵੀ ਸਾਨੂੰ “ਸਚਿਆਈ ਅਤੇ ਸੋਝੀ ਦੀਆਂ ਗੱਲਾਂ” ਦਾ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।—1 ਕੁਰਿੰ. 2:14.
[ਸਫ਼ਾ 30 ਉੱਤੇ ਤਸਵੀਰ]
ਪਤਰਸ ਨੇ “ਸੁਰਗ ਦੇ ਰਾਜ ਦੀਆਂ ਕੁੰਜੀਆਂ” ਕਦੋਂ ਇਸਤੇਮਾਲ ਕੀਤੀਆਂ ਸਨ?
[ਸਫ਼ਾ 31 ਉੱਤੇ ਤਸਵੀਰ]
ਸੰਸਾਰ ਭਰ ਵਿਚ ਪ੍ਰਚਾਰ ਦਾ ਕੰਮ ਪਰਮੇਸ਼ੁਰ ਦੀ ਸ਼ਕਤੀ ਨਾਲ ਹੀ ਕੀਤਾ ਜਾ ਰਿਹਾ ਹੈ