ਅਧਿਆਇ 11
ਯੂਹੰਨਾ ਰਾਹ ਤਿਆਰ ਕਰਦਾ ਹੈ
ਉਸ ਗੱਲ ਨੂੰ ਸਤਾਰਾਂ ਵਰ੍ਹੇ ਬੀਤ ਗਏ ਹਨ ਜਦੋਂ ਯਿਸੂ 12 ਵਰ੍ਹੇ ਦਾ ਇਕ ਬੱਚਾ ਹੈਕਲ ਵਿਚ ਗੁਰੂਆਂ ਨੂੰ ਸਵਾਲ ਕਰ ਰਿਹਾ ਸੀ। ਇਹ 29 ਸਾ.ਯੁ. ਦੀ ਬਸੰਤ ਰੁੱਤ ਹੈ, ਅਤੇ ਹਰ ਕੋਈ ਯਿਸੂ ਦੇ ਮਸੇਰੇ ਭਰਾ ਯੂਹੰਨਾ ਬਾਰੇ ਗੱਲਾਂ ਕਰ ਰਿਹਾ ਜਾਪਦਾ ਹੈ, ਜੋ ਯਰਦਨ ਨਦੀ ਦੇ ਆਲੇ-ਦੁਆਲੇ ਸਾਰੇ ਦੇਸ਼ ਵਿਚ ਪ੍ਰਚਾਰ ਕਰ ਰਿਹਾ ਹੈ।
ਦਿੱਖ ਅਤੇ ਬੋਲ ਦੋਨੋਂ ਵਿਚ ਯੂਹੰਨਾ ਸੱਚ-ਮੁੱਚ ਇਕ ਪ੍ਰਭਾਵਸ਼ਾਲੀ ਆਦਮੀ ਹੈ। ਉਸ ਦੇ ਕੱਪੜੇ ਊਠ ਦੇ ਵਾਲਾਂ ਦੇ ਹਨ, ਅਤੇ ਉਹ ਆਪਣੇ ਲੱਕ ਦੇ ਦੁਆਲੇ ਚੰਮ ਦੀ ਪੇਟੀ ਪਹਿਨਦਾ ਹੈ। ਉਸ ਦਾ ਭੋਜਨ ਟਿੱਡੀਆਂ ਅਤੇ ਬਣ ਦਾ ਸ਼ਹਿਦ ਹੈ। ਅਤੇ ਉਸ ਦਾ ਸੁਨੇਹਾ? “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।”
ਇਹ ਸੁਨੇਹਾ ਉਸ ਦੇ ਸਰੋਤਿਆਂ ਨੂੰ ਉਕਸਾਉਂਦਾ ਹੈ। ਬਹੁਤੇਰੇ ਤੋਬਾ ਕਰਨ ਦੀ ਆਪਣੀ ਜ਼ਰੂਰਤ ਨੂੰ ਮਹਿਸੂਸ ਕਰਦੇ ਹਨ, ਅਰਥਾਤ, ਆਪਣੇ ਰਵੱਈਏ ਨੂੰ ਬਦਲਣਾ ਅਤੇ ਆਪਣੀ ਪਿਛਲੀ ਜੀਵਨ-ਸ਼ੈਲੀ ਨੂੰ ਅਨੁਚਿਤ ਸਮਝ ਕੇ ਰੱਦ ਕਰਨਾ। ਇਸ ਲਈ ਯਰਦਨ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਤੋਂ, ਅਤੇ ਇੱਥੋਂ ਤਕ ਕਿ ਯਰੂਸ਼ਲਮ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਯੂਹੰਨਾ ਕੋਲ ਆਉਂਦੇ ਹਨ, ਅਤੇ ਉਹ ਉਨ੍ਹਾਂ ਨੂੰ ਯਰਦਨ ਦੇ ਪਾਣੀ ਵਿਚ ਡਬੋ ਕੇ ਬਪਤਿਸਮਾ ਦਿੰਦਾ ਹੈ। ਕਿਉਂ?
ਯੂਹੰਨਾ ਲੋਕਾਂ ਨੂੰ ਪਰਮੇਸ਼ੁਰ ਦੇ ਬਿਵਸਥਾ ਨੇਮ ਦੇ ਵਿਰੁੱਧ ਕੀਤੇ ਉਨ੍ਹਾਂ ਦੇ ਪਾਪਾਂ ਦੀ ਦਿਲੀ ਤੋਬਾ ਦੇ ਇਕ ਪ੍ਰਤੀਕ, ਜਾਂ ਸਵੀਕ੍ਰਿਤੀ ਦੇ ਤੌਰ ਤੇ ਬਪਤਿਸਮਾ ਦਿੰਦਾ ਹੈ। ਇਸ ਕਰਕੇ, ਜਦੋਂ ਕੁਝ ਫ਼ਰੀਸੀ ਅਤੇ ਸਦੂਕੀ ਯਰਦਨ ਦੇ ਕੋਲ ਆਉਂਦੇ ਹਨ, ਤਾਂ ਯੂਹੰਨਾ ਉਨ੍ਹਾਂ ਦੀ ਨਿੰਦਿਆ ਕਰਦਾ ਹੈ। “ਹੇ ਸੱਪਾਂ ਦੇ ਬੱਚਿਓ!” ਉਹ ਕਹਿੰਦਾ ਹੈ। “ਤੁਸੀਂ ਤੋਬਾ ਜੋਗਾ ਫਲ ਦਿਓ। ਅਤੇ ਆਪਣੇ ਮਨ ਵਿੱਚ ਇਸ ਗੱਲ ਦੇ ਕਹਿਣ ਦੀ ਸੋਚ ਨਾ ਕਰੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ। ਅਤੇ ਬਿਰਛਾਂ ਦੀ ਜੜ੍ਹ ਉੱਤੇ ਹੁਣ ਕੁਹਾੜਾ ਰੱਖਿਆ ਹੋਇਆ ਹੈ ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।”
ਕਿਉਂਕਿ ਯੂਹੰਨਾ ਸਾਰਿਆਂ ਦਾ ਧਿਆਨ ਖਿੱਚ ਰਿਹਾ ਹੈ, ਯਹੂਦੀ ਲੋਕ ਜਾਜਕਾਂ ਅਤੇ ਲੇਵੀਆਂ ਨੂੰ ਉਸ ਕੋਲ ਭੇਜਦੇ ਹਨ। ਉਹ ਪੁੱਛਦੇ ਹਨ: “ਤੂੰ ਕੌਣ ਹੈਂ?”
“ਮੈਂ ਮਸੀਹ ਨਹੀਂ ਹਾਂ,” ਯੂਹੰਨਾ ਕਬੂਲ ਕਰਦਾ ਹੈ।
“ਫੇਰ ਕੀ ਤੂੰ ਏਲੀਯਾਹ ਹੈਂ?” ਉਹ ਪੁੱਛਦੇ ਹਨ।
“ਮੈਂ ਨਹੀਂ ਹਾਂ,” ਉਹ ਜਵਾਬ ਦਿੰਦਾ ਹੈ।
“ਭਲਾ, ਤੂੰ ਉਹ ਨਬੀ ਹੈਂ?”
“ਨਹੀਂ!”
ਸੋ ਉਹ ਜ਼ਿੱਦ ਕਰਦੇ ਹਨ: “ਤੂੰ ਕੌਣ ਹੈਂ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ? ਤੂੰ ਆਪਣੇ ਵਿਖੇ ਕੀ ਆਖਦਾ ਹੈਂ?”
ਯੂਹੰਨਾ ਸਮਝਾਉਂਦਾ ਹੈ: “ਜਿਸ ਪਰਕਾਰ ਯਸਾਯਾਹ ਨਬੀ ਨੇ ਆਖਿਆ, ਮੈਂ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਅਵਾਜ਼ ਹਾਂ ਕਿ ਪ੍ਰਭੁ ਦਾ ਰਸਤਾ ਸਿੱਧਾ ਕਰੋ।”
“ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ, ਨਾ ਉਹ ਨਬੀ, ਤਾਂ ਫੇਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?” ਉਹ ਜਾਣਨਾ ਚਾਹੁੰਦੇ ਹਨ।
“ਮੈਂ ਤਾਂ ਜਲ ਨਾਲ ਬਪਤਿਸਮਾ ਦਿੰਦਾ ਹਾਂ,” ਉਹ ਜਵਾਬ ਦਿੰਦਾ ਹੈ। “ਤੁਹਾਡੇ ਵਿਚਕਾਰ ਇੱਕ ਖਲੋਤਾ ਹੈ ਜਿਹ ਨੂੰ ਤੁਸੀਂ ਨਹੀਂ ਪਛਾਣਦੇ, ਉਹੀ ਜੋ ਮੇਰੇ ਮਗਰੋਂ ਆਉਣ ਵਾਲਾ ਹੈ।”
ਯੂਹੰਨਾ ਲੋਕਾਂ ਨੂੰ ਮਸੀਹਾ, ਜੋ ਰਾਜਾ ਬਣੇਗਾ, ਨੂੰ ਕਬੂਲ ਕਰਨ ਲਈ ਉਚਿਤ ਹਿਰਦੇ ਦੀ ਦਸ਼ਾ ਵਿਚ ਲਿਆ ਕੇ ਰਾਹ ਤਿਆਰ ਕਰ ਰਿਹਾ ਹੈ। ਇਸੇ ਦੇ ਬਾਰੇ, ਯੂਹੰਨਾ ਕਹਿੰਦਾ ਹੈ: “ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ ਅਤੇ ਮੈਂ ਉਹ ਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ।” ਅਸਲ ਵਿਚ, ਯੂਹੰਨਾ ਇਹ ਵੀ ਕਹਿੰਦਾ ਹੈ: “ਜੋ ਮੇਰੇ ਮਗਰੋਂ ਆਉਣ ਵਾਲਾ ਹੈ ਸੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ।”
ਇਸ ਤਰ੍ਹਾਂ, ਯੂਹੰਨਾ ਦਾ ਸੁਨੇਹਾ, “ਸੁਰਗ ਦਾ ਰਾਜ ਨੇੜੇ ਆਇਆ ਹੈ,” ਇਕ ਜਨ ਘੋਸ਼ਣਾ ਵਜੋਂ ਕੰਮ ਕਰਦਾ ਹੈ ਕਿ ਯਹੋਵਾਹ ਦੇ ਨਿਯੁਕਤ ਰਾਜਾ, ਯਿਸੂ ਮਸੀਹ ਦੀ ਸੇਵਕਾਈ ਲਗਭਗ ਸ਼ੁਰੂ ਹੋਣ ਵਾਲੀ ਹੈ। ਯੂਹੰਨਾ 1:6-8, 15-28; ਮੱਤੀ 3:1-12; ਲੂਕਾ 3:1-18; ਰਸੂਲਾਂ ਦੇ ਕਰਤੱਬ 19:4.
▪ ਯੂਹੰਨਾ ਕਿਸ ਤਰ੍ਹਾਂ ਦਾ ਆਦਮੀ ਹੈ?
▪ ਯੂਹੰਨਾ ਲੋਕਾਂ ਨੂੰ ਬਪਤਿਸਮਾ ਕਿਉਂ ਦਿੰਦਾ ਹੈ?
▪ ਯੂਹੰਨਾ ਕਿਉਂ ਕਹਿ ਸਕਦਾ ਹੈ ਕਿ ਸਵਰਗ ਦਾ ਰਾਜ ਨੇੜੇ ਆਇਆ ਹੈ?