‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ’ ਜੋ ਤੁਹਾਨੂੰ ਸੌਂਪਿਆ ਗਿਆ ਹੈ
“ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ।”—1 ਪਤ. 5:2.
1. ਜਦੋਂ ਪਤਰਸ ਨੇ ਆਪਣੀ ਪਹਿਲੀ ਚਿੱਠੀ ਲਿਖੀ ਸੀ, ਉਦੋਂ ਮਸੀਹੀ ਕਿਹੜੇ ਹਾਲਾਤਾਂ ਦਾ ਸਾਮ੍ਹਣਾ ਕਰਨ ਵਾਲੇ ਸਨ?
ਰੋਮ ਵਿਚ ਨੀਰੋ ਵੱਲੋਂ ਮਸੀਹੀਆਂ ਨੂੰ ਸਤਾਉਣ ਦਾ ਦੌਰ ਸ਼ੁਰੂ ਕਰਨ ਤੋਂ ਕੁਝ ਸਮਾਂ ਪਹਿਲਾਂ ਪਤਰਸ ਰਸੂਲ ਨੇ ਆਪਣੀ ਪਹਿਲੀ ਚਿੱਠੀ ਲਿਖੀ ਸੀ। ਉਹ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣਾ ਚਾਹੁੰਦਾ ਸੀ। ਸ਼ਤਾਨ ਮਸੀਹੀਆਂ ਨੂੰ ਪਾੜ ਖਾਣ ਲਈ “ਭਾਲਦਾ ਫਿਰਦਾ” ਸੀ। ਉਸ ਦਾ ਦ੍ਰਿੜ੍ਹਤਾ ਨਾਲ ਸਾਮ੍ਹਣਾ ਕਰਨ ਲਈ ਮਸੀਹੀਆਂ ਨੂੰ ‘ਸੁਚੇਤ ਹੋਣ’ ਅਤੇ ‘ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵੇਂ’ ਹੋਣ ਦੀ ਲੋੜ ਸੀ। (1 ਪਤ. 5:6, 8) ਉਨ੍ਹਾਂ ਨੂੰ ਇਕਮੁੱਠ ਹੋ ਕੇ ਰਹਿਣ ਦੀ ਵੀ ਲੋੜ ਸੀ। ਉਨ੍ਹਾਂ ਨੇ ‘ਇੱਕ ਦੂਏ ਨੂੰ ਚੱਕੀਂ ਚੱਕੀਂ ਪਾੜ ਨਹੀਂ ਖਾਣਾ ਸੀ’ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ‘ਇੱਕ ਦੂਏ ਤੋਂ ਨਾਸ ਹੋ ਜਾਣਾ ਸੀ!’—ਗਲਾ. 5:15.
2, 3. ਸਾਨੂੰ ਕਿਸ ਨਾਲ ਲੜਦੇ ਹੋਣਾ ਚਾਹੀਦਾ ਹੈ ਅਤੇ ਅਸੀਂ ਕਿਨ੍ਹਾਂ ਗੱਲਾਂ ਉੱਤੇ ਗੌਰ ਕਰਨ ਜਾ ਰਹੇ ਹਾਂ?
2 ਅੱਜ ਅਸੀਂ ਵੀ ਇਸੇ ਹਾਲਤ ਵਿਚ ਹਾਂ। ਸ਼ਤਾਨ ਸਾਨੂੰ ਪਾੜ ਖਾਣ ਦੇ ਮੌਕੇ ਭਾਲਦਾ ਫਿਰਦਾ ਹੈ। (ਪਰ. 12:12) ਆਉਣ ਵਾਲੇ ਸਮੇਂ ਵਿਚ “ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਵੀ ਆਪਸ ਵਿਚ ਲੜਾਈ-ਝਗੜਾ ਕਰਨ ਤੋਂ ਦੂਰ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਕਦੇ-ਕਦੇ ਸਾਨੂੰ ਕਾਬਲ ਬਜ਼ੁਰਗਾਂ ਤੋਂ ਮਦਦ ਲੈਣ ਦੀ ਲੋੜ ਹੈ।
3 ਆਓ ਪਹਿਲਾਂ ਦੇਖੀਏ ਕਿ ਬਜ਼ੁਰਗ ਸੌਂਪੇ ਗਏ ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ’ ਦੇ ਆਪਣੇ ਸਨਮਾਨ ਲਈ ਕਦਰ ਕਿਵੇਂ ਵਧਾ ਸਕਦੇ ਹਨ। (1 ਪਤ. 5:2) ਇਸ ਤੋਂ ਬਾਅਦ ਅਸੀਂ ਸਹੀ ਢੰਗ ਨਾਲ ਚਰਵਾਹੀ ਕਰਨ ਦੇ ਕੰਮ ਉੱਤੇ ਗੌਰ ਕਰਾਂਗੇ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਕਲੀਸਿਯਾ ਕਿਵੇਂ ਉਨ੍ਹਾਂ ਦਾ ਆਦਰ ਕਰ ਸਕਦੀ ਹੈ ‘ਜਿਹੜੇ ਮਿਹਨਤ ਕਰਦੇ’ ਅਤੇ ਝੁੰਡ ਦੀ ਅਗਵਾਈ ਕਰਦੇ ਹਨ। (1 ਥੱਸ. 5:12) ਇਨ੍ਹਾਂ ਗੱਲਾਂ ʼਤੇ ਗੌਰ ਕਰਨ ਨਾਲ ਅਸੀਂ ਆਪਣੇ ਮੁੱਖ ਵੈਰੀ ਦਾ ਦ੍ਰਿੜ੍ਹਤਾ ਨਾਲ ਸਾਮ੍ਹਣਾ ਕਰ ਸਕਾਂਗੇ ਕਿਉਂਕਿ ਸਾਡੀ ਲੜਾਈ ਉਸ ਨਾਲ ਚੱਲ ਰਹੀ ਹੈ।—ਅਫ਼. 6:12.
ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ
4, 5. ਬਜ਼ੁਰਗਾਂ ਨੂੰ ਇੱਜੜ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਉਦਾਹਰਣ ਦੇ ਕੇ ਸਮਝਾਓ।
4 ਪਤਰਸ ਨੇ ਪਹਿਲੀ ਸਦੀ ਦੇ ਬਜ਼ੁਰਗਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇੱਜੜ ਬਾਰੇ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣ ਜਿਸ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਸੀ। (1 ਪਤਰਸ 5:1, 2 ਪੜ੍ਹੋ।) ਭਾਵੇਂ ਕਿ ਕਲੀਸਿਯਾ ਵਿਚ ਪਤਰਸ ਨੂੰ ਥੰਮ੍ਹ ਸਮਝਿਆ ਜਾਂਦਾ ਸੀ, ਪਰ ਉਸ ਨੇ ਬਜ਼ੁਰਗਾਂ ਨਾਲ ਇਸ ਤਰ੍ਹਾਂ ਗੱਲ ਨਹੀਂ ਕੀਤੀ ਜਿਵੇਂ ਕਿ ਉਹ ਉਸ ਤੋਂ ਨੀਵੇਂ ਦਰਜੇ ਦੇ ਹੋਣ। ਇਸ ਦੀ ਬਜਾਇ ਉਸ ਨੇ ਉਨ੍ਹਾਂ ਨੂੰ ਆਪਣੇ ਨਾਲ ਦੇ ਬਜ਼ੁਰਗ ਕਹਿ ਕੇ ਉਨ੍ਹਾਂ ਨਾਲ ਗੱਲ ਕੀਤੀ। (ਗਲਾ. 2:9) ਪਤਰਸ ਵਰਗਾ ਰਵੱਈਆ ਰੱਖਦੀ ਹੋਈ ਪ੍ਰਬੰਧਕ ਸਭਾ ਅੱਜ ਕਲੀਸਿਯਾ ਦੇ ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ ਦੀ ਭਾਰੀ ਜ਼ਿੰਮੇਵਾਰੀ ਨਿਭਾਉਣ ਲਈ ਹੱਲਾਸ਼ੇਰੀ ਦਿੰਦੀ ਹੈ।
5 ਪਤਰਸ ਰਸੂਲ ਨੇ ਲਿਖਿਆ ਕਿ ਬਜ਼ੁਰਗਾਂ ਨੂੰ ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ’ ਦੀ ਲੋੜ ਸੀ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ। ਉਨ੍ਹਾਂ ਲਈ ਇਹ ਸਮਝਣਾ ਸਭ ਤੋਂ ਜ਼ਰੂਰੀ ਸੀ ਕਿ ਇੱਜੜ ਯਹੋਵਾਹ ਅਤੇ ਯਿਸੂ ਮਸੀਹ ਦਾ ਹੈ। ਬਜ਼ੁਰਗਾਂ ਨੂੰ ਲੇਖਾ ਦੇਣਾ ਪੈਣਾ ਸੀ ਕਿ ਉਹ ਪਰਮੇਸ਼ੁਰ ਦੀਆਂ ਭੇਡਾਂ ਦਾ ਕਿਵੇਂ ਖ਼ਿਆਲ ਰੱਖਦੇ ਸਨ। ਮੰਨ ਲਓ ਕਿ ਤੁਹਾਡਾ ਗੂੜ੍ਹਾ ਮਿੱਤਰ ਤੁਹਾਨੂੰ ਉਸ ਦੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਕਹਿੰਦਾ ਹੈ ਜਦ ਤਕ ਉਹ ਘਰ ਨਹੀਂ ਹੈ। ਕੀ ਤੁਸੀਂ ਬੱਚਿਆਂ ਦੀ ਚੰਗੀ ਦੇਖ-ਭਾਲ ਨਹੀਂ ਕਰੋਗੇ ਅਤੇ ਉਨ੍ਹਾਂ ਨੂੰ ਖਾਣਾ ਨਹੀਂ ਖਿਲਾਓਗੇ? ਜੇ ਉਨ੍ਹਾਂ ਵਿੱਚੋਂ ਇਕ ਬੱਚਾ ਬੀਮਾਰ ਹੋ ਗਿਆ, ਤਾਂ ਕੀ ਤੁਸੀਂ ਉਸ ਨੂੰ ਡਾਕਟਰ ਕੋਲ ਨਹੀਂ ਲੈ ਕੇ ਜਾਵੋਗੇ? ਇਸੇ ਤਰ੍ਹਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ‘ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰਨ’ ਦੀ ਲੋੜ ਹੈ ਜਿਸ ਨੂੰ “ਉਸ ਨੇ ਆਪਣੇ [ਪੁੱਤਰ ਦੇ] ਲਹੂ ਨਾਲ ਮੁੱਲ ਲਿਆ ਹੈ।” (ਰਸੂ. 20:28) ਉਹ ਯਾਦ ਰੱਖਦੇ ਹਨ ਕਿ ਹਰ ਭੇਡ ਮਸੀਹ ਯਿਸੂ ਦੇ ਬਹੁਮੁੱਲੇ ਲਹੂ ਨਾਲ ਖ਼ਰੀਦੀ ਗਈ ਹੈ। ਬਜ਼ੁਰਗਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਲੇਖਾ ਦੇਣਾ ਹੈ, ਇਸ ਲਈ ਉਹ ਇੱਜੜ ਨੂੰ ਪਰਮੇਸ਼ੁਰ ਦੇ ਗਿਆਨ ਨਾਲ ਰਜਾਉਂਦੇ, ਉਨ੍ਹਾਂ ਦੀ ਰੱਖਿਆ ਅਤੇ ਦੇਖ-ਭਾਲ ਕਰਦੇ ਹਨ।
6. ਪੁਰਾਣੇ ਜ਼ਮਾਨੇ ਦੇ ਚਰਵਾਹਿਆਂ ਦੀ ਜ਼ਿੰਮੇਵਾਰੀ ਕੀ ਸੀ?
6 ਜ਼ਰਾ ਸੋਚੋ ਕਿ ਬਾਈਬਲ ਦੇ ਜ਼ਮਾਨੇ ਵਿਚ ਚਰਵਾਹਿਆਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਸਨ। ਇੱਜੜ ਦੀ ਦੇਖ-ਭਾਲ ਕਰਨ ਲਈ ਉਨ੍ਹਾਂ ਨੂੰ ਦਿਨ ਵੇਲੇ ਧੁੱਪ ਅਤੇ ਰਾਤ ਵੇਲੇ ਠੰਢ ਸਹਿਣੀ ਪੈਂਦੀ ਸੀ। (ਉਤ. 31:40) ਇੱਥੋਂ ਤਕ ਕਿ ਉਹ ਭੇਡਾਂ ਲਈ ਆਪਣੀ ਜਾਨ ਵੀ ਖ਼ਤਰੇ ਵਿਚ ਪਾ ਦਿੰਦੇ ਸੀ। ਦਾਊਦ ਜਦੋਂ ਚਰਵਾਹਾ ਹੁੰਦਾ ਸੀ, ਉਦੋਂ ਉਸ ਨੇ ਜੰਗਲੀ ਜਾਨਵਰਾਂ ਜਿਵੇਂ ਸ਼ੇਰ ਅਤੇ ਰਿੱਛ ਤੋਂ ਆਪਣੇ ਇੱਜੜ ਨੂੰ ਬਚਾਇਆ ਸੀ। ਇਨ੍ਹਾਂ ਵਿੱਚੋਂ ਹਰ ਜਾਨਵਰ ਬਾਰੇ ਦਾਊਦ ਨੇ ਕਿਹਾ ਕਿ ਉਸ ਨੇ “ਉਸ ਨੂੰ ਬਰਾਛੋਂ [ਦਾੜ੍ਹੀਓਂ] ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮੁਕਾਇਆ।” (1 ਸਮੂ. 17:34, 35) ਕਿੰਨੀ ਬਹਾਦਰੀ ਦਿਖਾਈ ਉਸ ਨੇ! ਉਹ ਜਾਨਵਰ ਦੇ ਮੂੰਹ ਦੇ ਕਿੰਨੇ ਨੇੜੇ ਹੋਣਾ! ਫਿਰ ਵੀ ਉਹ ਭੇਡਾਂ ਨੂੰ ਬਚਾਉਣ ਤੋਂ ਪਿੱਛੇ ਨਹੀਂ ਹਟਿਆ।
7. ਬਜ਼ੁਰਗ ਸ਼ਤਾਨ ਦੇ ਮੂੰਹ ਵਿੱਚੋਂ ਮਾਨੋ ਭੇਡ ਨੂੰ ਕਿਵੇਂ ਖੋਂਹਦੇ ਹਨ?
7 ਸ਼ਤਾਨ ਦੇ ਸ਼ੇਰ ਵਰਗੇ ਹਮਲਿਆਂ ਤੋਂ ਅੱਜ ਬਜ਼ੁਰਗਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਸ਼ਾਇਦ ਸ਼ਤਾਨ ਦੇ ਮੂੰਹ ਵਿੱਚੋਂ ਭੇਡ ਨੂੰ ਖੋਹਣ ਲਈ ਦਲੇਰੀ ਦਿਖਾਉਣੀ ਪਵੇ। ਬਜ਼ੁਰਗ ਮਾਨੋ ਜੰਗਲੀ ਜਾਨਵਰ ਨੂੰ ਦਾੜ੍ਹੀਓਂ ਫੜ ਕੇ ਭੇਡ ਨੂੰ ਬਚਾ ਸਕਦੇ ਹਨ। ਕਹਿਣ ਦਾ ਮਤਲਬ ਹੈ ਕਿ ਉਹ ਨਾਸਮਝ ਭੈਣਾਂ-ਭਰਾਵਾਂ ਨਾਲ ਗੱਲ ਕਰ ਸਕਦੇ ਹਨ ਜੋ ਸ਼ਤਾਨ ਦੇ ਫੰਦਿਆਂ ਵਿਚ ਆਸਾਨੀ ਨਾਲ ਫਸ ਗਏ ਹਨ। (ਯਹੂਦਾਹ 22, 23 ਪੜ੍ਹੋ।) ਕੋਈ ਸ਼ੱਕ ਨਹੀਂ ਕਿ ਬਜ਼ੁਰਗ ਯਹੋਵਾਹ ਦੀ ਮਦਦ ਤੋਂ ਬਿਨਾਂ ਇਸ ਤਰ੍ਹਾਂ ਨਹੀਂ ਕਰਦੇ। ਉਹ ਜ਼ਖ਼ਮੀ ਭੇਡ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਪਰਮੇਸ਼ੁਰ ਦੇ ਬਚਨ ਦੀ ਮਲ੍ਹਮ ਲਾ ਕੇ ਪੱਟੀ ਬੰਨ੍ਹਦੇ ਹਨ।
8. ਬਜ਼ੁਰਗ ਇੱਜੜ ਨੂੰ ਕਿੱਧਰ ਨੂੰ ਮੋੜਦੇ ਹਨ ਅਤੇ ਕਿਵੇਂ?
8 ਚਰਵਾਹਾ ਇੱਜੜ ਨੂੰ ਹਰੇ ਘਾਹ ਦੀ ਚਰਾਂਦ ਅਤੇ ਪਾਣੀ ਕੋਲ ਵੀ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਬਜ਼ੁਰਗ ਇੱਜੜ ਨੂੰ ਕਲੀਸਿਯਾ ਵੱਲ ਮੋੜ ਕੇ ਮੀਟਿੰਗਾਂ ਵਿਚ ਲਗਾਤਾਰ ਹਾਜ਼ਰ ਹੋਣ ਦੀ ਹੱਲਾਸ਼ੇਰੀ ਦਿੰਦੇ ਹਨ ਤਾਂਕਿ ਇੱਜੜ ਨੂੰ ‘ਵੇਲੇ ਸਿਰ ਰਸਤ’ ਮਿਲ ਸਕੇ ਅਤੇ ਰੱਜ-ਪੁੱਜ ਸਕੇ। (ਮੱਤੀ 24:45) ਹੋ ਸਕਦਾ ਹੈ ਕਿ ਬਜ਼ੁਰਗਾਂ ਨੂੰ ਵਾਧੂ ਸਮਾਂ ਕੱਢ ਕੇ ਕਮਜ਼ੋਰ ਨਿਹਚਾ ਵਾਲੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਪਵੇ ਤਾਂਕਿ ਉਹ ਪਰਮੇਸ਼ੁਰ ਦੇ ਬਚਨ ਦੀ ਸਲਾਹ ਮੰਨਣ। ਹੋ ਸਕਦਾ ਹੈ ਕਿ ਭਟਕੀ ਹੋਈ ਭੇਡ ਇੱਜੜ ਕੋਲ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਆਪਣੇ ਭਰਾ ਨੂੰ ਡਰਾਉਣ ਦੀ ਬਜਾਇ ਬਜ਼ੁਰਗ ਕੋਮਲਤਾ ਨਾਲ ਬਾਈਬਲ ਦੇ ਅਸੂਲ ਸਮਝਾਉਂਦੇ ਹਨ ਅਤੇ ਦੱਸਦੇ ਹਨ ਕਿ ਉਹ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦਾ ਹੈ।
9, 10. ਕਮਜ਼ੋਰ ਨਿਹਚਾ ਵਾਲੇ ਭੈਣਾਂ-ਭਰਾਵਾਂ ਦੀ ਬਜ਼ੁਰਗਾਂ ਨੂੰ ਕਿਵੇਂ ਦੇਖ-ਭਾਲ ਕਰਨੀ ਚਾਹੀਦੀ ਹੈ?
9 ਜਦੋਂ ਤੁਸੀਂ ਬੀਮਾਰ ਹੁੰਦੇ ਹੋ, ਤਾਂ ਤੁਸੀਂ ਕਿਹੋ ਜਿਹੇ ਡਾਕਟਰ ਕੋਲ ਜਾਣਾ ਪਸੰਦ ਕਰਦੇ ਹੋ? ਕੀ ਉਸ ਕੋਲ ਜੋ ਤੁਹਾਡੀ ਮਾੜੀ-ਮੋਟੀ ਗੱਲ ਸੁਣਦਾ ਹੈ ਤੇ ਫਿਰ ਫਟਾਫਟ ਦਵਾਈ ਦੇ ਦਿੰਦਾ ਹੈ ਤਾਂਕਿ ਉਹ ਅਗਲੇ ਮਰੀਜ਼ ਨੂੰ ਦੇਖ ਸਕੇ? ਜਾਂ ਕੀ ਤੁਸੀਂ ਉਸ ਡਾਕਟਰ ਕੋਲ ਜਾਣਾ ਚਾਹੋਗੇ ਜੋ ਚੰਗੀ ਤਰ੍ਹਾਂ ਤੁਹਾਡੀ ਗੱਲ ਸੁਣੇ, ਸਮਝਾਵੇ ਕਿ ਤੁਹਾਨੂੰ ਕਿਹੜੀ ਸਮੱਸਿਆ ਹੋ ਸਕਦੀ ਹੈ ਅਤੇ ਦੱਸੇ ਕਿ ਤੁਸੀਂ ਕਿਹੜਾ-ਕਿਹੜਾ ਇਲਾਜ ਕਰਾ ਸਕਦੇ ਹੋ?
10 ਇਸੇ ਤਰ੍ਹਾਂ ਬਜ਼ੁਰਗ ਬੀਮਾਰ ਯਾਨੀ ਕਮਜ਼ੋਰ ਨਿਹਚਾ ਵਾਲੇ ਭੈਣ-ਭਰਾ ਦੀ ਗੱਲ ਸੁਣ ਸਕਦੇ ਹਨ ਅਤੇ ਮਦਦ ਕਰ ਕੇ ਜ਼ਖ਼ਮ ਠੀਕ ਕਰ ਸਕਦੇ ਹਨ। ਇਸ ਤਰ੍ਹਾਂ ਮਾਨੋ ਉਹ ‘ਯਹੋਵਾਹ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਦੇ’ ਹਨ। (ਯਾਕੂਬ 5:14, 15 ਪੜ੍ਹੋ।) ਗਿਲਆਦ ਦੀ ਬਲਸਾਨ ਮਲ੍ਹਮ ਦੀ ਤਰ੍ਹਾਂ ਪਰਮੇਸ਼ੁਰ ਦਾ ਬਚਨ ਉਸ ਬੀਮਾਰ ਭੈਣ-ਭਰਾ ਨੂੰ ਆਰਾਮ ਪਹੁੰਚਾ ਸਕਦਾ ਹੈ। (ਯਿਰ. 8:22; ਹਿਜ਼. 34:16) ਬਾਈਬਲ ਦੇ ਸਿਧਾਂਤ ਲਾਗੂ ਕਰਨ ਨਾਲ ਲੜਖੜਾਉਂਦੇ ਭੈਣ-ਭਰਾ ਦੀ ਫਿਰ ਤੋਂ ਨਿਹਚਾ ਮਜ਼ਬੂਤ ਹੋ ਸਕਦੀ ਹੈ। ਹਾਂ, ਬਜ਼ੁਰਗ ਭਲਾ ਕਰਦੇ ਹਨ ਜਦੋਂ ਉਹ ਬੀਮਾਰ ਭੇਡ ਦੀ ਗੱਲ ਸੁਣਦੇ ਹਨ ਕਿ ਉਸ ਨੂੰ ਕਿਹੜੀਆਂ ਚਿੰਤਾਵਾਂ ਹਨ ਅਤੇ ਉਸ ਨਾਲ ਪ੍ਰਾਰਥਨਾ ਕਰਦੇ ਹਨ।
ਲਚਾਰੀ ਨਾਲ ਨਹੀਂ ਸਗੋਂ ਖ਼ੁਸ਼ੀ ਨਾਲ
11. ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਖ਼ੁਸ਼ੀ ਨਾਲ ਕਰਨ ਲਈ ਕਿਹੜੀ ਗੱਲ ਬਜ਼ੁਰਗਾਂ ਨੂੰ ਪ੍ਰੇਰਦੀ ਹੈ?
11 ਪਤਰਸ ਨੇ ਅੱਗੇ ਬਜ਼ੁਰਗਾਂ ਨੂੰ ਯਾਦ ਦਿਲਾਇਆ ਕਿ ਚਰਵਾਹੀ ਦਾ ਕੰਮ ਕਿਵੇਂ ਕੀਤਾ ਜਾਣਾ ਚਾਹੀਦਾ ਅਤੇ ਕਿਵੇਂ ਨਹੀਂ। ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ “ਲਚਾਰੀ ਨਾਲ ਨਹੀਂ ਸਗੋਂ ਖ਼ੁਸ਼ੀ ਨਾਲ” ਕਰਨ ਦੀ ਲੋੜ ਹੈ। ਕਿਹੜੀ ਗੱਲ ਬਜ਼ੁਰਗਾਂ ਨੂੰ ਖ਼ੁਸ਼ੀ ਨਾਲ ਆਪਣੇ ਭਰਾਵਾਂ ਦੀ ਸੇਵਾ ਕਰਨ ਲਈ ਪ੍ਰੇਰਦੀ ਹੈ? ਯਿਸੂ ਦੀਆਂ ਭੇਡਾਂ ਦੀ ਦੇਖ-ਭਾਲ ਅਤੇ ਚਰਵਾਹੀ ਕਰਨ ਲਈ ਪਤਰਸ ਨੂੰ ਕਿਹੜੀ ਗੱਲ ਨੇ ਪ੍ਰੇਰਿਆ? ਉਹ ਆਪਣੇ ਪ੍ਰਭੂ ਨੂੰ ਪਿਆਰ ਕਰਦਾ ਸੀ। (ਯੂਹੰ. 21:15-17) ਇਸ ਪਿਆਰ ਕਾਰਨ ਬਜ਼ੁਰਗ ‘ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਂਦੇ ਹਨ ਜਿਹੜਾ ਉਨ੍ਹਾਂ ਦੇ ਲਈ ਮੋਇਆ।’ (2 ਕੁਰਿੰ. 5:14, 15) ਇਹ ਪਿਆਰ ਅਤੇ ਪਰਮੇਸ਼ੁਰ ਤੇ ਭੈਣਾਂ-ਭਰਾਵਾਂ ਲਈ ਪਿਆਰ ਬਜ਼ੁਰਗਾਂ ਨੂੰ ਮਜਬੂਰ ਕਰਦਾ ਹੈ ਕਿ ਉਹ ਇੱਜੜ ਦੀ ਸੇਵਾ ਕਰਨ ਵਿਚ ਮਿਹਨਤ, ਤਾਕਤ ਤੇ ਸਮਾਂ ਲਾਉਣ। (ਮੱਤੀ 22:37-39) ਉਹ ਉਨ੍ਹਾਂ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੇ ਹਨ ਨਾ ਕਿ ਮੱਥੇ ਤਿਊੜੀਆਂ ਪਾਉਂਦੇ ਹਨ।
12. ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਵਿਚ ਕਿੰਨੀ ਕੁ ਵਾਹ ਲਾਈ?
12 ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੀ ਸੇਵਾ ਵਿਚ ਕਿੰਨੀ ਕੁ ਵਾਹ ਲਾਉਣੀ ਚਾਹੀਦੀ ਹੈ? ਭੇਡਾਂ ਦੀ ਦੇਖ-ਭਾਲ ਕਰਨ ਲਈ ਉਹ ਪੌਲੁਸ ਰਸੂਲ ਦੀ ਰੀਸ ਕਰਦੇ ਹਨ ਜਿਸ ਨੇ ਯਿਸੂ ਦੀ ਰੀਸ ਕੀਤੀ ਸੀ। (1 ਕੁਰਿੰ. 10:33) ਥੱਸਲੁਨੀਕਾ ਦੇ ਭੈਣਾਂ-ਭਰਾਵਾਂ ਨਾਲ ਲਗਾਅ ਹੋਣ ਕਰਕੇ ਪੌਲੁਸ ਅਤੇ ਉਸ ਦੇ ਸਾਥੀ ਉਨ੍ਹਾਂ ਲਈ ‘ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਨ।’ ਇੱਦਾਂ ਕਰਦਿਆਂ ਉਨ੍ਹਾਂ ਨੇ “ਮਾਤਾ” ਵਰਗੀ ਕੋਮਲਤਾ ਦਿਖਾਈ “ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।” (1 ਥੱਸ. 2:7, 8) ਪੌਲੁਸ ਨੂੰ ਪਤਾ ਸੀ ਕਿ ਮਾਂ ਆਪਣੇ ਬੱਚਿਆਂ ਬਾਰੇ ਕਿਵੇਂ ਮਹਿਸੂਸ ਕਰਦੀ ਹੈ। ਉਹ ਉਨ੍ਹਾਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀ ਹੈ, ਇੱਥੋਂ ਤਕ ਕਿ ਅੱਧੀ ਰਾਤ ਨੂੰ ਉੱਠ ਕੇ ਉਨ੍ਹਾਂ ਨੂੰ ਦੁੱਧ ਪਿਲਾਉਂਦੀ ਹੈ।
13. ਬਜ਼ੁਰਗਾਂ ਨੂੰ ਕਿਹੜਾ ਸੰਤੁਲਨ ਰੱਖਣ ਦੀ ਲੋੜ ਹੈ?
13 ਬਜ਼ੁਰਗਾਂ ਨੂੰ ਚਰਵਾਹੀ ਕਰਨ ਦੀ ਜ਼ਿੰਮੇਵਾਰੀ ਅਤੇ ਪਰਿਵਾਰ ਪ੍ਰਤਿ ਆਪਣੇ ਫ਼ਰਜ਼ ਨਿਭਾਉਣ ਵਿਚ ਸੰਤੁਲਨ ਰੱਖਣ ਦੀ ਲੋੜ ਹੈ। (1 ਤਿਮੋ. 5:8) ਉਹ ਕਲੀਸਿਯਾ ਨਾਲ ਉਹ ਕੀਮਤੀ ਸਮਾਂ ਬਿਤਾਉਂਦੇ ਹਨ ਜੋ ਉਹ ਆਪਣੇ ਪਰਿਵਾਰ ਨਾਲ ਬਿਤਾ ਸਕਦੇ ਸਨ। ਦੋਹਾਂ ਜ਼ਿੰਮੇਵਾਰੀਆਂ ਵਿਚ ਸੰਤੁਲਨ ਰੱਖਣ ਦਾ ਇਕ ਤਰੀਕਾ ਹੈ ਹੋਰਨਾਂ ਨੂੰ ਕਦੇ-ਕਦੇ ਆਪਣੀ ਪਰਿਵਾਰਕ ਸਟੱਡੀ ਵਿਚ ਸ਼ਾਮਲ ਹੋਣ ਲਈ ਬੁਲਾਉਣਾ। ਜਪਾਨ ਵਿਚ ਮਾਸਾਨਾਓ ਨਾਂ ਦਾ ਇਕ ਬਜ਼ੁਰਗ ਸਾਲਾਂ ਤਾਈਂ ਆਪਣੀ ਪਰਿਵਾਰਕ ਸਟੱਡੀ ਵਿਚ ਕੁਆਰੇ ਭੈਣਾਂ-ਭਰਾਵਾਂ ਅਤੇ ਉਨ੍ਹਾਂ ਪਰਿਵਾਰਾਂ ਨੂੰ ਸ਼ਾਮਲ ਕਰਦਾ ਸੀ ਜਿਨ੍ਹਾਂ ਵਿਚ ਪਿਤਾ ਸੱਚਾਈ ਵਿਚ ਨਹੀਂ ਸਨ। ਸਮੇਂ ਦੇ ਬੀਤਣ ਨਾਲ ਇਨ੍ਹਾਂ ਵਿੱਚੋਂ ਕੁਝ ਬਜ਼ੁਰਗ ਬਣ ਗਏ ਅਤੇ ਉਨ੍ਹਾਂ ਨੇ ਵੀ ਮਾਸਾਨਾਓ ਦੀ ਚੰਗੀ ਮਿਸਾਲ ਦੀ ਰੀਸ ਕੀਤੀ।
ਝੂਠੇ ਨਫ਼ੇ ਨੂੰ ਛੱਡ ਕੇ ਮਨ ਦੀ ਚਾਹ ਨਾਲ ਚਰਵਾਹੀ ਕਰੋ
14, 15. ਬਜ਼ੁਰਗਾਂ ਨੂੰ “ਝੂਠੇ ਨਫ਼ੇ” ਤੋਂ ਸੁਚੇਤ ਕਿਉਂ ਰਹਿਣਾ ਚਾਹੀਦਾ ਹੈ ਅਤੇ ਉਹ ਇਸ ਮਾਮਲੇ ਵਿਚ ਪੌਲੁਸ ਦੀ ਕਿਵੇਂ ਰੀਸ ਕਰਦੇ ਹਨ?
14 ਪਤਰਸ ਨੇ ਵੀ ਬਜ਼ੁਰਗਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ‘ਝੂਠੇ ਨਫ਼ੇ ਦੇ ਕਾਰਨ ਨਹੀਂ ਸਗੋਂ ਮਨ ਦੀ ਚਾਹ ਨਾਲ’ ਇੱਜੜ ਦੀ ਚਰਵਾਹੀ ਕਰਨ। ਬਜ਼ੁਰਗਾਂ ਦੇ ਕੰਮ ਵਿਚ ਉਨ੍ਹਾਂ ਦਾ ਕਾਫ਼ੀ ਸਮਾਂ ਲੱਗ ਜਾਂਦਾ ਹੈ, ਪਰ ਇਸ ਦੇ ਬਦਲੇ ਉਹ ਕਿਸੇ ਤੋਂ ਪੈਸੇ ਦੀ ਉਮੀਦ ਨਹੀਂ ਰੱਖਦੇ। ਪਤਰਸ ਨੇ ਆਪਣੇ ਨਾਲ ਦੇ ਬਜ਼ੁਰਗਾਂ ਨੂੰ ਚੇਤਾਵਨੀ ਦੇਣੀ ਜ਼ਰੂਰੀ ਸਮਝੀ ਕਿ “ਝੂਠੇ ਨਫ਼ੇ ਦੇ ਕਾਰਨ” ਇੱਜੜ ਦੀ ਚਰਵਾਹੀ ਕਰਨੀ ਖ਼ਤਰਨਾਕ ਹੈ। ਇਹ ਖ਼ਤਰਾ ‘ਵੱਡੀ ਨਗਰੀ ਬਾਬੁਲ’ ਦੇ ਧਾਰਮਿਕ ਆਗੂਆਂ ਦੀ ਐਸ਼ੋ-ਆਰਾਮ ਦੀ ਜ਼ਿੰਦਗੀ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ, ਜਦਕਿ ਬਹੁਤ ਸਾਰੇ ਲੋਕ ਗ਼ਰੀਬੀ ਵਿਚ ਰਹਿਣ ਲਈ ਮਜਬੂਰ ਹਨ। (ਪਰ. 18:2, 3) ਇਸ ਕਾਰਨ ਅੱਜ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੇ ਕਿਸੇ ਵੀ ਝੁਕਾਅ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।
15 ਪੌਲੁਸ ਨੇ ਮਸੀਹੀ ਬਜ਼ੁਰਗਾਂ ਲਈ ਵਧੀਆ ਮਿਸਾਲ ਕਾਇਮ ਕੀਤੀ। ਰਸੂਲ ਹੋਣ ਦੇ ਨਾਤੇ ਉਹ ਥੱਸਲੁਨੀਕਾ ਦੇ ਮਸੀਹੀਆਂ ਉੱਤੇ “ਭਾਰੂ” ਜਾਂ ਬੋਝ ਬਣ ਸਕਦਾ ਸੀ, ਪਰ ਉਸ ਨੇ ‘ਕਿਸੇ ਕੋਲੋਂ ਮੁਖਤ ਰੋਟੀ ਨਹੀਂ ਖਾਧੀ।’ ਇਸ ਦੇ ਉਲਟ, ਉਸ ਨੇ ‘ਮਿਹਨਤ ਪੋਹਰਿਆ ਨਾਲ ਰਾਤ ਦਿਨ ਕੰਮ ਧੰਦਾ ਕੀਤਾ।’ (2 ਥੱਸ. 3:8) ਸਫ਼ਰੀ ਨਿਗਾਹਬਾਨਾਂ ਸਮੇਤ ਆਧੁਨਿਕ ਸਮੇਂ ਦੇ ਬਹੁਤ ਸਾਰੇ ਬਜ਼ੁਰਗ ਇਸ ਮਾਮਲੇ ਵਿਚ ਵਧੀਆ ਮਿਸਾਲ ਹਨ। ਭਾਵੇਂ ਉਹ ਭੈਣਾਂ-ਭਰਾਵਾਂ ਦੀ ਪ੍ਰਾਹੁਣਚਾਰੀ ਸਵੀਕਾਰ ਕਰ ਲੈਂਦੇ ਹਨ, ਪਰ ਉਹ ਕਿਸੇ ਉੱਤੇ ਬੋਝ ਨਹੀਂ ਬਣਦੇ।—1 ਥੱਸ. 2:9.
16. “ਮਨ ਦੀ ਚਾਹ ਨਾਲ” ਇੱਜੜ ਦੀ ਚਰਵਾਹੀ ਕਰਨ ਦਾ ਕੀ ਮਤਲਬ ਹੈ?
16 ਬਜ਼ੁਰਗ “ਮਨ ਦੀ ਚਾਹ ਨਾਲ” ਇੱਜੜ ਦੀ ਚਰਵਾਹੀ ਕਰਦੇ ਹਨ। ਇਹ “ਮਨ ਦੀ ਚਾਹ” ਉਨ੍ਹਾਂ ਦੇ ਇਸ ਰਵੱਈਏ ਤੋਂ ਸਾਫ਼ ਨਜ਼ਰ ਆਉਂਦੀ ਹੈ ਕਿ ਉਹ ਇੱਜੜ ਦੀ ਮਦਦ ਕਰਨ ਲਈ ਆਪਾ ਵਾਰਨ ਲਈ ਤਿਆਰ ਰਹਿੰਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਯਹੋਵਾਹ ਦੀ ਸੇਵਾ ਕਰਨ ਲਈ ਇੱਜੜ ਨੂੰ ਮਜਬੂਰ ਕਰਦੇ ਹਨ ਅਤੇ ਨਾ ਹੀ ਪਿਆਰ ਕਰਨ ਵਾਲੇ ਬਜ਼ੁਰਗ ਪਰਮੇਸ਼ੁਰ ਦੀ ਸੇਵਾ ਵਿਚ ਦੂਜਿਆਂ ਨੂੰ ਮੁਕਾਬਲਾ ਕਰਨ ਲਈ ਉਤਸ਼ਾਹਿਤ ਕਰਦੇ ਹਨ। (ਗਲਾ. 5:26) ਬਜ਼ੁਰਗ ਜਾਣਦੇ ਹਨ ਕਿ ਹਰ ਭੇਡ ਕਿੰਨੀ ਅਨਮੋਲ ਹੈ! ਉਹ ਖ਼ੁਸ਼ੀ ਨਾਲ ਸੇਵਾ ਕਰਨ ਵਿਚ ਭਰਾਵਾਂ ਦੀ ਮਦਦ ਕਰਨ ਲਈ ਉਤਾਵਲੇ ਹਨ।
ਹੁਕਮ ਨਾ ਚਲਾਓ, ਸਗੋਂ ਇੱਜੜ ਲਈ ਚੰਗੀ ਮਿਸਾਲ ਬਣੋ
17, 18. (ੳ) ਨਿਮਰਤਾ ਬਾਰੇ ਯਿਸੂ ਦੀ ਸਿੱਖਿਆ ਸਮਝਣੀ ਰਸੂਲਾਂ ਨੂੰ ਕਦੇ-ਕਦੇ ਕਿਉਂ ਔਖੀ ਲੱਗੀ? (ਅ) ਇਹੋ ਜਿਹੀ ਹਾਲਤ ਵਿਚ ਅਸੀਂ ਕਿਵੇਂ ਪੈ ਸਕਦੇ ਹਾਂ?
17 ਅਸੀਂ ਦੇਖਿਆ ਹੈ ਕਿ ਬਜ਼ੁਰਗਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਇੱਜੜ ਦੀ ਉਹ ਚਰਵਾਹੀ ਕਰ ਰਹੇ ਹਨ, ਉਹ ਪਰਮੇਸ਼ੁਰ ਦਾ ਹੈ ਨਾ ਕਿ ਉਨ੍ਹਾਂ ਦਾ ਆਪਣਾ। ਉਹ ਧਿਆਨ ਰੱਖਦੇ ਹਨ ਕਿ ਉਹ ਪਰਮੇਸ਼ੁਰ ਦੀ ਇਸ ਅਮਾਨਤ ਉੱਤੇ ‘ਹੁਕਮ ਨਹੀਂ ਚਲਾਉਣਗੇ।’ (1 ਪਤਰਸ 5:3 ਪੜ੍ਹੋ।) ਕਦੇ-ਕਦੇ ਯਿਸੂ ਦੇ ਰਸੂਲ ਗ਼ਲਤ ਇਰਾਦੇ ਨਾਲ ਪਦਵੀ ਪਾਉਣੀ ਚਾਹੁੰਦੇ ਸਨ। ਉਹ ਕੌਮਾਂ ਉੱਤੇ ਰਾਜ ਕਰਨ ਵਾਲਿਆਂ ਵਾਂਗ ਉੱਚੀ ਪਦਵੀ ਚਾਹੁੰਦੇ ਸਨ।—ਮਰਕੁਸ 10:42-45 ਪੜ੍ਹੋ।
18 ਅੱਜ ਜਿਹੜੇ ਭਰਾ ‘ਨਿਗਾਹਬਾਨ ਦੇ ਹੁੱਦੇ ਨੂੰ ਲੋਚਦੇ’ ਹਨ, ਉਨ੍ਹਾਂ ਨੂੰ ਆਪਣੀ ਜਾਂਚ ਕਰਨ ਦੀ ਲੋੜ ਹੈ ਕਿ ਉਹ ਨਿਗਾਹਬਾਨ ਕਿਉਂ ਬਣਨਾ ਚਾਹੁੰਦੇ ਹਨ। (1 ਤਿਮੋ. 3:1) ਬਜ਼ੁਰਗ ਆਪਣੇ ਆਪ ਨੂੰ ਈਮਾਨਦਾਰੀ ਨਾਲ ਪੁੱਛਣਾ ਚਾਹੁਣਗੇ ਕਿ ਉਹ ਕਿਤੇ ਉਨ੍ਹਾਂ ਕੁਝ ਰਸੂਲਾਂ ਵਾਂਗ ਤਾਂ ਹੁਕਮ ਨਹੀਂ ਚਲਾਉਣਾ ਚਾਹੁੰਦੇ ਜਾਂ ਉੱਚੀ ਪਦਵੀ ਨਹੀਂ ਪਾਉਣੀ ਚਾਹੁੰਦੇ। ਜੇ ਰਸੂਲਾਂ ਨੂੰ ਇਸ ਮਾਮਲੇ ਵਿਚ ਔਖ ਆਈ ਸੀ, ਤਾਂ ਫਿਰ ਬਜ਼ੁਰਗ ਸਮਝ ਸਕਦੇ ਹਨ ਕਿ ਦੂਜਿਆਂ ਉੱਤੇ ਹੁਕਮ ਚਲਾਉਣ ਦੇ ਦੁਨਿਆਵੀ ਝੁਕਾਅ ਤੋਂ ਬਚਣ ਲਈ ਸਖ਼ਤ ਜਤਨ ਕਰਨ ਦੀ ਲੋੜ ਹੈ।
19. ਇੱਜੜ ਨੂੰ ਬਚਾਉਣ ਲਈ ਕਦਮ ਚੁੱਕਣ ਵੇਲੇ ਬਜ਼ੁਰਗ ਕਿਹੜੀ ਗੱਲ ਯਾਦ ਰੱਖਦੇ ਹਨ?
19 ਇਹ ਸੱਚ ਹੈ ਕਿ ਕਦੇ-ਕਦੇ ਬਜ਼ੁਰਗਾਂ ਨੂੰ ਸਖ਼ਤੀ ਵਰਤਣ ਦੀ ਲੋੜ ਹੈ ਜਦੋਂ ਇੱਜੜ ਨੂੰ ‘ਬੁਰੇ ਬੁਰੇ ਬਘਿਆੜਾਂ’ ਤੋਂ ਬਚਾਉਣ ਦੀ ਗੱਲ ਆਉਂਦੀ ਹੈ। (ਰਸੂ. 20:28-30) ਪੌਲੁਸ ਨੇ ਤੀਤੁਸ ਨੂੰ ਕਿਹਾ ਕਿ ਉਹ ‘ਪੂਰੇ ਇਖ਼ਤਿਆਰ ਨਾਲ ਤਗੀਦ ਕਰੇ ਅਤੇ ਝਿੜਕੇ।’ (ਤੀਤੁ. 2:15) ਫਿਰ ਵੀ ਭੈਣਾਂ-ਭਰਾਵਾਂ ਨੂੰ ਇਹੋ ਜਿਹੀ ਸਲਾਹ ਦੇਣ ਵੇਲੇ ਬਜ਼ੁਰਗ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਮਝਦੇ ਹਨ ਕਿ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਅਤੇ ਕਿਸੇ ਨੂੰ ਸਹੀ ਰਾਹ ਤੇ ਲਿਆਉਣ ਲਈ ਨੁਕਤਾਚੀਨੀ ਕਰਨ ਦੀ ਬਜਾਇ ਪਿਆਰ ਨਾਲ ਗੱਲ ਕਰਨੀ ਜ਼ਿਆਦਾ ਅਸਰਕਾਰੀ ਹੈ।
20. ਬਜ਼ੁਰਗ ਯਿਸੂ ਦੀ ਵਧੀਆ ਮਿਸਾਲ ਦੀ ਕਿਵੇਂ ਰੀਸ ਕਰ ਸਕਦੇ ਹਨ?
20 ਮਸੀਹ ਦੀ ਵਧੀਆ ਮਿਸਾਲ ਬਜ਼ੁਰਗਾਂ ਨੂੰ ਪ੍ਰੇਰਦੀ ਹੈ ਕਿ ਉਹ ਇੱਜੜ ਨੂੰ ਪਿਆਰ ਕਰਨ। (ਯੂਹੰ. 13:12-15) ਸਾਡੇ ਦਿਲ ਖ਼ੁਸ਼ੀ ਨਾਲ ਭਰ ਜਾਂਦੇ ਹਨ ਜਦੋਂ ਅਸੀਂ ਪੜ੍ਹਦੇ ਹਾਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਕਿਵੇਂ ਸਿਖਲਾਈ ਦਿੱਤੀ। ਉਸ ਦੀ ਨਿਮਰਤਾ ਦਾ ਵਧੀਆ ਨਮੂਨਾ ਉਸ ਦੇ ਚੇਲਿਆਂ ਦੇ ਦਿਲਾਂ ਨੂੰ ਛੂਹ ਗਿਆ ਅਤੇ ਉਹ ‘ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣਨ’ ਲਈ ਪ੍ਰੇਰਿਤ ਹੋਏ। (ਫ਼ਿਲਿ. 2:3) ਬਜ਼ੁਰਗ ਅੱਜ ਇਸੇ ਤਰ੍ਹਾਂ ਯਿਸੂ ਦੀ ਮਿਸਾਲ ʼਤੇ ਚੱਲਣ ਲਈ ਪ੍ਰੇਰਿਤ ਹੁੰਦੇ ਹਨ ਤਾਂਕਿ ਉਹ ਇੱਜੜ ਲਈ ‘ਨਮੂਨੇ ਬਣਨ।’
21. ਬਜ਼ੁਰਗ ਕਿਸ ਇਨਾਮ ਦੀ ਉਡੀਕ ਕਰ ਸਕਦੇ ਹਨ?
21 ਪਤਰਸ ਨੇ ਬਜ਼ੁਰਗਾਂ ਨੂੰ ਆਪਣੀ ਸਲਾਹ ਦੇ ਅਖ਼ੀਰ ਵਿਚ ਭਵਿੱਖ ਬਾਰੇ ਇਕ ਵਾਅਦੇ ਦਾ ਜ਼ਿਕਰ ਕੀਤਾ। (1 ਪਤਰਸ 5:4 ਪੜ੍ਹੋ।) ਮਸਹ ਕੀਤੇ ਹੋਏ ਬਜ਼ੁਰਗਾਂ ਨੂੰ ਸਵਰਗ ਵਿਚ ਮਸੀਹ ਨਾਲ ‘ਤੇਜ ਦਾ ਮੁਕਟ ਮਿਲੇਗਾ ਜਿਹੜਾ ਕੁਮਲਾਉਂਦਾ ਨਹੀਂ।’ “ਸਰਦਾਰ ਅਯਾਲੀ” ਦੀ ਹਕੂਮਤ ਅਧੀਨ ‘ਹੋਰ ਭੇਡਾਂ’ ਦੇ ਬਜ਼ੁਰਗਾਂ ਨੂੰ ਧਰਤੀ ਉੱਤੇ ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ ਦਾ ਸਨਮਾਨ ਮਿਲੇਗਾ। (ਯੂਹੰ 10:16) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਕਲੀਸਿਯਾ ਦੇ ਮੈਂਬਰ ਵੱਖੋ-ਵੱਖਰੇ ਤਰੀਕਿਆਂ ਨਾਲ ਕਿਵੇਂ ਅਗਵਾਈ ਕਰਨ ਵਾਲਿਆਂ ਦਾ ਸਮਰਥਨ ਕਰ ਸਕਦੇ ਹਨ।
ਕੀ ਤੁਹਾਨੂੰ ਯਾਦ ਹੈ?
• ਪਤਰਸ ਵਾਸਤੇ ਆਪਣੇ ਨਾਲ ਦੇ ਬਜ਼ੁਰਗਾਂ ਨੂੰ ਇਹ ਸਲਾਹ ਦੇਣੀ ਢੁਕਵੀਂ ਕਿਉਂ ਸੀ ਕਿ ਉਹ ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਕਰਨ?
• ਬਜ਼ੁਰਗਾਂ ਨੂੰ ਬੀਮਾਰ ਯਾਨੀ ਕਮਜ਼ੋਰ ਨਿਹਚਾ ਵਾਲੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰਨੀ ਚਾਹੀਦੀ ਹੈ?
• ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਕਰਨ ਲਈ ਕਿਹੜੀ ਗੱਲ ਪ੍ਰੇਰਦੀ ਹੈ?
[ਸਫ਼ਾ 21 ਉੱਤੇ ਤਸਵੀਰ]
ਪੁਰਾਣੇ ਜ਼ਮਾਨੇ ਦੇ ਚਰਵਾਹਿਆਂ ਵਾਂਗ, ਅੱਜ ਬਜ਼ੁਰਗਾਂ ਨੂੰ ਦੇਖ-ਰੇਖ ਲਈ ਮਿਲੀਆਂ “ਭੇਡਾਂ” ਦੀ ਰੱਖਿਆ ਕਰਨੀ ਚਾਹੀਦੀ ਹੈ