ਅਧਿਆਇ 22
“ਯਹੋਵਾਹ ਦੀ ਇੱਛਾ ਪੂਰੀ ਹੋਵੇ”
ਪੌਲੁਸ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੇ ਪੱਕੇ ਇਰਾਦੇ ਨਾਲ ਯਰੂਸ਼ਲਮ ਜਾਂਦਾ ਹੈ
ਰਸੂਲਾਂ ਦੇ ਕੰਮ 21:1-17 ਵਿੱਚੋਂ
1-4. ਪੌਲੁਸ ਯਰੂਸ਼ਲਮ ਕਿਉਂ ਜਾ ਰਿਹਾ ਹੈ ਅਤੇ ਉੱਥੇ ਉਸ ਨਾਲ ਕੀ ਹੋਣ ਵਾਲਾ ਹੈ?
ਜੁਦਾਈ ਦਾ ਦੁਖਦਾਈ ਮਾਹੌਲ ਹੈ! ਪੌਲੁਸ ਤੇ ਲੂਕਾ ਮਿਲੇਤੁਸ ਛੱਡ ਕੇ ਜਾ ਰਹੇ ਹਨ। ਉਹ ਅਫ਼ਸੁਸ ਦੇ ਬਜ਼ੁਰਗਾਂ ਨਾਲ ਇੰਨਾ ਪਿਆਰ ਕਰਦੇ ਹਨ ਕਿ ਉਨ੍ਹਾਂ ਤੋਂ ਜੁਦਾ ਹੋਣਾ ਉਨ੍ਹਾਂ ਦੋਵਾਂ ਲਈ ਬਹੁਤ ਔਖਾ ਹੈ! ਫਿਰ ਉਹ ਦੋਵੇਂ ਜਹਾਜ਼ ʼਤੇ ਆ ਕੇ ਖੜ੍ਹੇ ਹੋ ਜਾਂਦੇ ਹਨ। ਸਫ਼ਰ ਵਾਸਤੇ ਉਨ੍ਹਾਂ ਨੇ ਜ਼ਰੂਰੀ ਸਾਮਾਨ ਆਪਣੇ ਨਾਲ ਲੈ ਲਿਆ ਹੈ। ਉਨ੍ਹਾਂ ਕੋਲ ਯਹੂਦਿਯਾ ਦੇ ਲੋੜਵੰਦ ਭੈਣਾਂ-ਭਰਾਵਾਂ ਵਾਸਤੇ ਦਾਨ ਵੀ ਹੈ ਜਿਸ ਨੂੰ ਪਹੁੰਚਾਉਣ ਲਈ ਉਹ ਬੇਤਾਬ ਹਨ।
2 ਜਹਾਜ਼ ਦੇ ਬਾਦਬਾਨਾਂ ਵਿਚ ਨਿੰਮੀ-ਨਿੰਮੀ ਹਵਾ ਭਰਦੀ ਹੈ ਅਤੇ ਜਹਾਜ਼ ਬੰਦਰਗਾਹ ʼਤੇ ਪੈਂਦੇ ਸ਼ੋਰ-ਸ਼ਰਾਬੇ ਨੂੰ ਪਿੱਛੇ ਛੱਡਦਾ ਹੋਇਆ ਤੁਰ ਪੈਂਦਾ ਹੈ। ਇਨ੍ਹਾਂ ਦੋਵਾਂ ਦੇ ਨਾਲ ਹੋਰ ਸੱਤ ਜਣੇ ਵੀ ਹਨ ਜੋ ਕਿਨਾਰੇ ʼਤੇ ਆਪਣੇ ਭਰਾਵਾਂ ਦੇ ਗਮਗੀਨ ਚਿਹਰਿਆਂ ਨੂੰ ਤੱਕਦੇ ਹਨ। (ਰਸੂ. 20:4, 14, 15) ਇਹ ਸਾਰੇ ਜਣੇ ਤਦ ਤਕ ਹੱਥ ਹਿਲਾ-ਹਿਲਾ ਕੇ ਅਲਵਿਦਾ ਕਹਿੰਦੇ ਹਨ ਜਦ ਤਕ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਓਹਲੇ ਨਹੀਂ ਹੋ ਜਾਂਦੇ।
3 ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨਾਲ ਤਕਰੀਬਨ ਤਿੰਨ ਸਾਲ ਤਕ ਮਿਲ ਕੇ ਕੰਮ ਕੀਤਾ। ਪਰ ਹੁਣ ਪਵਿੱਤਰ ਸ਼ਕਤੀ ਦੀ ਅਗਵਾਈ ਅਧੀਨ ਉਹ ਯਰੂਸ਼ਲਮ ਜਾ ਰਿਹਾ ਹੈ। ਕੁਝ ਹੱਦ ਤਕ ਉਸ ਨੂੰ ਪਤਾ ਹੈ ਕਿ ਉਸ ਨਾਲ ਕੀ-ਕੀ ਹੋਣ ਵਾਲਾ ਹੈ। ਉਸ ਨੇ ਪਹਿਲਾਂ ਬਜ਼ੁਰਗਾਂ ਨੂੰ ਦੱਸਿਆ ਸੀ: “ਮੈਂ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਯਰੂਸ਼ਲਮ ਨੂੰ ਜਾ ਰਿਹਾ ਹਾਂ, ਭਾਵੇਂ ਕਿ ਮੈਨੂੰ ਪਤਾ ਨਹੀਂ ਕਿ ਉੱਥੇ ਮੇਰੇ ਨਾਲ ਕੀ-ਕੀ ਹੋਵੇਗਾ। ਮੈਨੂੰ ਸਿਰਫ਼ ਇਹੀ ਪਤਾ ਹੈ ਕਿ ਹਰ ਸ਼ਹਿਰ ਵਿਚ ਪਵਿੱਤਰ ਸ਼ਕਤੀ ਵਾਰ-ਵਾਰ ਮੈਨੂੰ ਚੇਤਾਵਨੀ ਦੇ ਰਹੀ ਹੈ ਕਿ ਉੱਥੇ ਕੈਦ ਅਤੇ ਮੁਸੀਬਤਾਂ ਮੇਰੀ ਉਡੀਕ ਕਰ ਰਹੀਆਂ ਹਨ।” (ਰਸੂ. 20:22, 23) ਇਸ ਦੇ ਬਾਵਜੂਦ, ਪੌਲੁਸ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਯਰੂਸ਼ਲਮ ਨੂੰ ਜਾਣਾ ਆਪਣਾ ਫ਼ਰਜ਼ ਹੀ ਨਹੀਂ ਸਮਝਦਾ, ਸਗੋਂ ਉਹ ਤਾਂ ਖ਼ੁਸ਼ੀ-ਖ਼ੁਸ਼ੀ ਉੱਥੇ ਜਾਣ ਲਈ ਤਿਆਰ ਹੈ। ਉਸ ਨੂੰ ਆਪਣੀ ਜਾਨ ਪਿਆਰੀ ਹੈ, ਪਰ ਉਸ ਲਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਹੈ।
4 ਕੀ ਤੁਸੀਂ ਵੀ ਇਵੇਂ ਮਹਿਸੂਸ ਕਰਦੇ ਹੋ? ਜਦ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ, ਤਾਂ ਅਸੀਂ ਵੀ ਉਸ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਉਸ ਦੀ ਇੱਛਾ ਨੂੰ ਪਹਿਲ ਦੇਵਾਂਗੇ। ਅਸੀਂ ਪੌਲੁਸ ਰਸੂਲ ਦੀ ਵਫ਼ਾਦਾਰੀ ਤੋਂ ਇਸ ਸੰਬੰਧੀ ਕਾਫ਼ੀ ਕੁਝ ਸਿੱਖ ਸਕਦੇ ਹਾਂ।
“ਸਾਈਪ੍ਰਸ ਟਾਪੂ” ਦੇ ਕੋਲੋਂ ਦੀ ਲੰਘਣਾ (ਰਸੂ. 21:1-3)
5. ਸੋਰ ਨੂੰ ਜਾਣ ਲਈ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਕਿਸ ਰਸਤੇ ਥਾਣੀਂ ਸਫ਼ਰ ਕੀਤਾ ਸੀ?
5 ਹਵਾ ਦਾ ਸਹੀ ਰੁਖ ਹੋਣ ਕਾਰਨ ਪੌਲੁਸ ਅਤੇ ਉਸ ਦੇ ਸਾਥੀਆਂ ਦਾ ਸਮੁੰਦਰੀ ਜਹਾਜ਼ ਮਿਲੇਤੁਸ ਤੋਂ ਤੁਰ ਕੇ ਆਪਣੀ ਦਿਸ਼ਾ ਬਦਲੇ ਬਿਨਾਂ ‘ਸਿੱਧਾ’ ਉਸੇ ਦਿਨ ਕੋਸ ਆ ਗਿਆ। (ਰਸੂ. 21:1) ਇੱਦਾਂ ਲੱਗਦਾ ਹੈ ਕਿ ਰੋਦੁਸ ਅਤੇ ਪਾਤਰਾ ਵੱਲ ਵਧਣ ਤੋਂ ਪਹਿਲਾਂ ਜਹਾਜ਼ ਇਕ ਰਾਤ ਕੋਸ ਵਿਚ ਹੀ ਰੁਕਿਆ। ਫਿਰ ਉਹ ਏਸ਼ੀਆ ਮਾਈਨਰ ਦੇ ਦੱਖਣੀ ਕਿਨਾਰੇ ʼਤੇ ਵੱਸੇ ਪਾਤਰਾ ਆ ਗਏ। ਉੱਥੋਂ ਭਰਾ ਇਕ ਮਾਲ ਢੋਣ ਵਾਲੇ ਜਹਾਜ਼ ʼਤੇ ਚੜ੍ਹ ਕੇ ਸਿੱਧੇ ਫੈਨੀਕੇ ਦੇ ਸ਼ਹਿਰ ਸੋਰ ਆ ਗਏ। ਰਾਹ ਵਿਚ ਉਨ੍ਹਾਂ ਨੂੰ “ਖੱਬੇ ਪਾਸੇ [ਬੰਦਰਗਾਹ ਵੱਲ] ਸਾਈਪ੍ਰਸ ਟਾਪੂ ਦਿਖਾਈ ਦਿੱਤਾ।” (ਰਸੂ. 21:3) ਰਸੂਲਾਂ ਦੇ ਕੰਮ ਦੇ ਲਿਖਾਰੀ ਲੂਕਾ ਨੇ ਇਸ ਗੱਲ ਦਾ ਜ਼ਿਕਰ ਕਿਉਂ ਕੀਤਾ?
6. (ੳ) ਸਾਈਪ੍ਰਸ ਟਾਪੂ ਦੇਖ ਕੇ ਪੌਲੁਸ ਨੂੰ ਕੀ ਯਾਦ ਆਇਆ ਹੋਣਾ? (ਅ) ਯਹੋਵਾਹ ਨੇ ਜਿਸ ਤਰੀਕੇ ਨਾਲ ਤੁਹਾਡੀ ਮਦਦ ਕੀਤੀ ਹੈ ਅਤੇ ਤੁਹਾਨੂੰ ਬਰਕਤਾਂ ਦਿੱਤੀਆਂ ਹਨ, ਤੁਸੀਂ ਉਸ ਤੋਂ ਕੀ ਨਤੀਜਾ ਕੱਢਦੇ ਹੋ?
6 ਸ਼ਾਇਦ ਪੌਲੁਸ ਨੇ ਉਸ ਟਾਪੂ ਵੱਲ ਇਸ਼ਾਰਾ ਕਰ ਕੇ ਉੱਥੇ ਹੋਏ ਆਪਣੇ ਤਜਰਬਿਆਂ ਬਾਰੇ ਦੱਸਿਆ ਹੋਣਾ। ਨੌਂ ਸਾਲ ਪਹਿਲਾਂ ਆਪਣੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ, ਬਰਨਾਬਾਸ ਅਤੇ ਯੂਹੰਨਾ ਉਰਫ਼ ਮਰਕੁਸ ਨੂੰ ਜਾਦੂਗਰ ਏਲੀਮਸ ਦਾ ਸਾਮ੍ਹਣਾ ਕਰਨਾ ਪਿਆ ਜਿਸ ਨੇ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਦਾ ਵਿਰੋਧ ਕੀਤਾ ਸੀ। (ਰਸੂ. 13:4-12) ਉਸ ਟਾਪੂ ʼਤੇ ਵਾਪਰੀਆਂ ਘਟਨਾਵਾਂ ਨੂੰ ਯਾਦ ਕਰ ਕੇ ਸ਼ਾਇਦ ਪੌਲੁਸ ਨੂੰ ਹੌਸਲਾ ਮਿਲਿਆ ਅਤੇ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਮਿਲੀ। ਅਸੀਂ ਵੀ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਯਹੋਵਾਹ ਨੇ ਔਖੀਆਂ ਘੜੀਆਂ ਸਹਿਣ ਵਿਚ ਸਾਡੀ ਕਿਵੇਂ ਮਦਦ ਕੀਤੀ ਸੀ ਅਤੇ ਸਾਨੂੰ ਬਰਕਤਾਂ ਦਿੱਤੀਆਂ ਸਨ। ਇੱਦਾਂ ਕਰਨ ਨਾਲ ਅਸੀਂ ਦਾਊਦ ਵਾਂਗ ਮਹਿਸੂਸ ਕਰਾਂਗੇ ਜਿਸ ਨੇ ਲਿਖਿਆ: “ਧਰਮੀ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ, ਪਰ ਯਹੋਵਾਹ ਉਸ ਨੂੰ ਸਾਰੀਆਂ ਮੁਸੀਬਤਾਂ ਵਿੱਚੋਂ ਕੱਢਦਾ ਹੈ।”—ਜ਼ਬੂ. 34:19.
‘ਅਸੀਂ ਚੇਲਿਆਂ ਦੀ ਭਾਲ ਕੀਤੀ ਤੇ ਉਹ ਮਿਲ ਗਏ’ (ਰਸੂ. 21:4-9)
7. ਸੋਰ ਪਹੁੰਚ ਕੇ ਭਰਾਵਾਂ ਨੇ ਕੀ ਕੀਤਾ?
7 ਪੌਲੁਸ ਜਾਣਦਾ ਸੀ ਕਿ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰਨੀ ਕਿੰਨੀ ਜ਼ਰੂਰੀ ਸੀ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਉਤਾਵਲਾ ਰਹਿੰਦਾ ਸੀ। ਲੂਕਾ ਲਿਖਦਾ ਹੈ ਕਿ ਸੋਰ ਪਹੁੰਚ ਕੇ ਉਨ੍ਹਾਂ ਨੇ ‘ਚੇਲਿਆਂ ਦੀ ਭਾਲ ਕੀਤੀ ਤੇ ਉਹ ਮਿਲ ਗਏ।’ (ਰਸੂ. 21:4) ਉਹ ਜਾਣਦੇ ਸਨ ਕਿ ਸੋਰ ਵਿਚ ਮਸੀਹੀ ਭੈਣ-ਭਰਾ ਸਨ, ਇਸ ਲਈ ਉਨ੍ਹਾਂ ਨੇ ਜਾ ਕੇ ਭੈਣਾਂ-ਭਰਾਵਾਂ ਨੂੰ ਲੱਭਿਆ ਅਤੇ ਸ਼ਾਇਦ ਉਹ ਉਨ੍ਹਾਂ ਦੇ ਨਾਲ ਰਹੇ। ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਦੀ ਸਭ ਤੋਂ ਵੱਡੀ ਬਰਕਤ ਇਹ ਹੈ ਕਿ ਅਸੀਂ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਚਲੇ ਜਾਈਏ, ਸਾਡੇ ਭੈਣ-ਭਰਾ ਖੁੱਲ੍ਹੀਆਂ ਬਾਹਾਂ ਨਾਲ ਸਾਡਾ ਸੁਆਗਤ ਕਰਦੇ ਹਨ। ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਸੇਵਕਾਂ ਦੇ ਪੂਰੀ ਦੁਨੀਆਂ ਵਿਚ ਦੋਸਤ ਹਨ।
8. ਰਸੂਲਾਂ ਦੇ ਕੰਮ 21:4 ਵਿਚ ਲਿਖੀ ਗੱਲ ਦਾ ਸਹੀ ਮਤਲਬ ਕੀ ਹੈ?
8 ਸੋਰ ਵਿਚ ਬਿਤਾਏ ਸੱਤ ਦਿਨਾਂ ਬਾਰੇ ਲੂਕਾ ਨੇ ਜੋ ਕੁਝ ਲਿਖਿਆ, ਉਸ ਬਾਰੇ ਪੜ੍ਹ ਕੇ ਸ਼ਾਇਦ ਅਸੀਂ ਉਲਝਣ ਵਿਚ ਪੈ ਜਾਈਏ: “ਪਵਿੱਤਰ ਸ਼ਕਤੀ ਰਾਹੀਂ ਪਤਾ ਲੱਗਣ ਤੇ ਚੇਲਿਆਂ [ਯਾਨੀ ਸੋਰ ਸ਼ਹਿਰ ਦੇ ਭਰਾਵਾਂ] ਨੇ ਪੌਲੁਸ ਨੂੰ ਵਾਰ-ਵਾਰ ਕਿਹਾ ਕਿ ਉਹ ਯਰੂਸ਼ਲਮ ਨਾ ਜਾਵੇ।” (ਰਸੂ. 21:4) ਕੀ ਯਹੋਵਾਹ ਨੇ ਆਪਣਾ ਫ਼ੈਸਲਾ ਬਦਲ ਲਿਆ ਸੀ? ਕੀ ਹੁਣ ਉਹ ਪੌਲੁਸ ਨੂੰ ਯਰੂਸ਼ਲਮ ਜਾਣ ਤੋਂ ਰੋਕ ਰਿਹਾ ਸੀ? ਨਹੀਂ। ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਨੂੰ ਇੰਨਾ ਹੀ ਦੱਸਿਆ ਗਿਆ ਸੀ ਕਿ ਪੌਲੁਸ ਨੂੰ ਯਰੂਸ਼ਲਮ ਵਿਚ ਅਤਿਆਚਾਰ ਸਹਿਣੇ ਪੈਣਗੇ, ਪਰ ਇਹ ਨਹੀਂ ਦੱਸਿਆ ਗਿਆ ਸੀ ਕਿ ਉਹ ਯਰੂਸ਼ਲਮ ਨਾ ਜਾਵੇ। ਇੱਦਾਂ ਲੱਗਦਾ ਹੈ ਕਿ ਪਵਿੱਤਰ ਸ਼ਕਤੀ ਨੇ ਸੋਰ ਦੇ ਭਰਾਵਾਂ ʼਤੇ ਜ਼ਾਹਰ ਕਰ ਦਿੱਤਾ ਸੀ ਕਿ ਯਰੂਸ਼ਲਮ ਵਿਚ ਪੌਲੁਸ ਨਾਲ ਜ਼ਰੂਰ ਕੁਝ ਮਾੜਾ ਹੋਵੇਗਾ। ਸੋ ਪੌਲੁਸ ਦੀ ਬੇਹੱਦ ਚਿੰਤਾ ਹੋਣ ਕਰਕੇ ਉਨ੍ਹਾਂ ਨੇ ਉਸ ਨੂੰ ਉੱਥੇ ਜਾਣ ਤੋਂ ਰੋਕਿਆ। ਅਸੀਂ ਸਮਝ ਸਕਦੇ ਹਾਂ ਕਿ ਭੈਣ-ਭਰਾ ਪੌਲੁਸ ਨੂੰ ਉਸ ਦੇ ਸਿਰ ʼਤੇ ਮੰਡਲਾ ਰਹੀ ਮੌਤ ਤੋਂ ਬਚਾਉਣਾ ਚਾਹੁੰਦੇ ਸਨ। ਫਿਰ ਵੀ ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਪੱਕਾ ਇਰਾਦਾ ਹੋਣ ਕਰਕੇ ਪੌਲੁਸ ਨੇ ਯਰੂਸ਼ਲਮ ਜਾਣ ਦਾ ਸਫ਼ਰ ਜਾਰੀ ਰੱਖਿਆ।—ਰਸੂ. 21:12.
9, 10. (ੳ) ਸੋਰ ਦੇ ਭੈਣਾਂ-ਭਰਾਵਾਂ ਦੀ ਗੱਲ ਸੁਣ ਕੇ ਪੌਲੁਸ ਨੂੰ ਕੀ ਯਾਦ ਆਇਆ ਹੋਣਾ? (ਅ) ਅੱਜ ਦੁਨੀਆਂ ਦੇ ਲੋਕਾਂ ਦਾ ਕੀ ਰਵੱਈਆ ਹੈ ਅਤੇ ਇਹ ਯਿਸੂ ਦੀ ਸਲਾਹ ਤੋਂ ਕਿੱਦਾਂ ਉਲਟ ਹੈ?
9 ਇਹ ਸੁਣ ਕੇ ਕਿ ਉਨ੍ਹਾਂ ਭੈਣਾਂ-ਭਰਾਵਾਂ ਨੂੰ ਉਸ ਦਾ ਫ਼ਿਕਰ ਸੀ, ਸ਼ਾਇਦ ਉਸ ਨੂੰ ਯਾਦ ਆਇਆ ਹੋਣਾ ਕਿ ਯਿਸੂ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਹ ਯਰੂਸ਼ਲਮ ਜਾਵੇਗਾ ਜਿੱਥੇ ਉਸ ਨੂੰ ਬਹੁਤ ਸਾਰੇ ਅਤਿਆਚਾਰ ਸਹਿਣੇ ਪੈਣਗੇ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਸ ਦੀ ਗੱਲ ਸੁਣ ਕੇ ਪਤਰਸ ਨੇ ਜਜ਼ਬਾਤੀ ਹੋ ਕੇ ਯਿਸੂ ਨੂੰ ਕਿਹਾ ਸੀ: “ਪ੍ਰਭੂ, ਆਪਣੇ ʼਤੇ ਤਰਸ ਖਾਹ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” ਯਿਸੂ ਨੇ ਜਵਾਬ ਦਿੱਤਾ: “ਹੇ ਸ਼ੈਤਾਨ, ਪਰੇ ਹਟ! ਮੇਰੇ ਰਾਹ ਵਿਚ ਰੋੜਾ ਨਾ ਬਣ ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।” (ਮੱਤੀ 16:21-23) ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਯਿਸੂ ਆਪਣੀ ਜਾਨ ਦੇਣ ਲਈ ਵੀ ਤਿਆਰ ਸੀ। ਪੌਲੁਸ ਦਾ ਰਵੱਈਆ ਵੀ ਯਿਸੂ ਵਰਗਾ ਸੀ। ਪਤਰਸ ਰਸੂਲ ਵਾਂਗ ਸੋਰ ਦੇ ਭੈਣਾਂ-ਭਰਾਵਾਂ ਦੇ ਵੀ ਇਰਾਦੇ ਨੇਕ ਸਨ, ਪਰ ਉਹ ਪਰਮੇਸ਼ੁਰ ਦੀ ਮਰਜ਼ੀ ਨੂੰ ਸਮਝ ਨਹੀਂ ਸਕੇ।
10 ਅੱਜ ਦੁਨੀਆਂ ਵਿਚ ਜ਼ਿਆਦਾਤਰ ਲੋਕ ਸੌਖਾ ਰਾਹ ਭਾਲਦੇ ਹਨ। ਉਹ ਅਜਿਹਾ ਧਰਮ ਪਸੰਦ ਕਰਦੇ ਹਨ ਜਿਸ ਵਿਚ ਜ਼ਿਆਦਾ ਰੋਕ-ਟੋਕ ਨਾ ਹੋਵੇ। ਪਰ ਇਸ ਤੋਂ ਉਲਟ ਯਿਸੂ ਨੇ ਬਿਲਕੁਲ ਵੱਖਰਾ ਰਵੱਈਆ ਅਪਣਾਉਣ ਦੀ ਸਲਾਹ ਦਿੱਤੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।” (ਮੱਤੀ 16:24) ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਹੀ ਅਕਲਮੰਦੀ ਦੀ ਗੱਲ ਹੈ ਕਿਉਂਕਿ ਇਹੀ ਸਹੀ ਰਾਹ ਹੈ, ਭਾਵੇਂ ਇਸ ਰਾਹ ʼਤੇ ਚੱਲਣਾ ਸੌਖਾ ਨਹੀਂ ਹੈ!
11. ਸੋਰ ਦੇ ਭੈਣਾਂ-ਭਰਾਵਾਂ ਨੇ ਕਿਵੇਂ ਦਿਖਾਇਆ ਕਿ ਉਹ ਪੌਲੁਸ ਨਾਲ ਪਿਆਰ ਕਰਦੇ ਸਨ ਤੇ ਚਾਹੁੰਦੇ ਸਨ ਕਿ ਉਹ ਪ੍ਰਚਾਰ ਦੇ ਕੰਮ ਵਿਚ ਲੱਗਾ ਰਹੇ?
11 ਫਿਰ ਪੌਲੁਸ, ਲੂਕਾ ਅਤੇ ਹੋਰਨਾਂ ਦੇ ਉੱਥੋਂ ਜਾਣ ਦਾ ਸਮਾਂ ਆ ਗਿਆ। ਭਰਾਵਾਂ ਤੋਂ ਜੁਦਾ ਹੋਣ ਦਾ ਬਿਰਤਾਂਤ ਦਿਲ ਨੂੰ ਛੂਹ ਲੈਣ ਵਾਲਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੋਰ ਦੇ ਭੈਣ-ਭਰਾ ਪੌਲੁਸ ਨੂੰ ਬੇਹੱਦ ਪਿਆਰ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਉਹ ਪ੍ਰਚਾਰ ਦੇ ਕੰਮ ਵਿਚ ਲੱਗਾ ਰਹੇ। ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਅਲਵਿਦਾ ਕਹਿਣ ਲਈ ਆਦਮੀ, ਤੀਵੀਆਂ ਤੇ ਬੱਚੇ ਸਮੁੰਦਰ ਕੰਢੇ ਉਨ੍ਹਾਂ ਦੇ ਨਾਲ ਗਏ। ਸਾਰਿਆਂ ਨੇ ਗੋਡੇ ਟੇਕ ਕੇ ਇਕੱਠੇ ਪ੍ਰਾਰਥਨਾ ਕੀਤੀ ਅਤੇ ਫਿਰ ਉਨ੍ਹਾਂ ਨੂੰ ਵਿਦਾ ਕੀਤਾ। ਇਸ ਤੋਂ ਬਾਅਦ ਪੌਲੁਸ, ਲੂਕਾ ਅਤੇ ਉਨ੍ਹਾਂ ਦੇ ਸਾਥੀ ਇਕ ਹੋਰ ਜਹਾਜ਼ ਵਿਚ ਬੈਠ ਕੇ ਤੁਲਮਾਇਸ ਨੂੰ ਗਏ। ਉੱਥੇ ਉਹ ਭਰਾਵਾਂ ਨੂੰ ਮਿਲੇ ਅਤੇ ਇਕ ਦਿਨ ਉਨ੍ਹਾਂ ਦੇ ਨਾਲ ਰਹੇ।—ਰਸੂ. 21:5-7.
12, 13. (ੳ) ਫ਼ਿਲਿੱਪੁਸ ਨੇ ਵਫ਼ਾਦਾਰੀ ਨਾਲ ਸੇਵਾ ਕਰਨ ਦੀ ਕਿਹੋ ਜਿਹੀ ਮਿਸਾਲ ਰੱਖੀ? (ਅ) ਫ਼ਿਲਿੱਪੁਸ ਮਸੀਹੀ ਪਿਤਾਵਾਂ ਲਈ ਕਿਵੇਂ ਇਕ ਵਧੀਆ ਉਦਾਹਰਣ ਹੈ?
12 ਲੂਕਾ ਅੱਗੇ ਦੱਸਦਾ ਹੈ ਕਿ ਪੌਲੁਸ ਤੇ ਉਸ ਦੇ ਸਾਥੀ ਕੈਸਰੀਆ ਲਈ ਰਵਾਨਾ ਹੋਏ। ਉੱਥੇ ਪਹੁੰਚ ਕੇ ਉਹ “ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੇ ਘਰ ਗਏ।”a (ਰਸੂ. 21:8) ਉਹ ਫ਼ਿਲਿੱਪੁਸ ਨੂੰ ਦੇਖ ਕੇ ਕਿੰਨੇ ਖ਼ੁਸ਼ ਹੋਏ ਹੋਣੇ। ਲਗਭਗ 20 ਸਾਲ ਪਹਿਲਾਂ ਰਸੂਲਾਂ ਨੇ ਉਸ ਨੂੰ ਯਰੂਸ਼ਲਮ ਵਿਚ ਨਵੀਂ-ਨਵੀਂ ਬਣੀ ਮੰਡਲੀ ਨੂੰ ਭੋਜਨ ਵੰਡਣ ਦੇ ਕੰਮ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਉਹ ਇਕ ਲੰਬੇ ਅਰਸੇ ਤੋਂ ਜੋਸ਼ੀਲਾ ਪ੍ਰਚਾਰਕ ਸੀ। ਸਤਾਹਟਾਂ ਕਰਕੇ ਜਦੋਂ ਚੇਲੇ ਖਿੰਡ-ਪੁੰਡ ਗਏ ਸਨ, ਤਾਂ ਉਦੋਂ ਫ਼ਿਲਿੱਪੁਸ ਸਾਮਰਿਯਾ ਸ਼ਹਿਰ ਜਾ ਕੇ ਉੱਥੇ ਲੋਕਾਂ ਨੂੰ ਪ੍ਰਚਾਰ ਕਰਨ ਲੱਗ ਪਿਆ ਸੀ। ਬਾਅਦ ਵਿਚ ਉਸ ਨੇ ਇਥੋਪੀਆ ਦੇ ਅਫ਼ਸਰ ਨੂੰ ਪ੍ਰਚਾਰ ਕੀਤਾ ਤੇ ਉਸ ਨੂੰ ਬਪਤਿਸਮਾ ਦਿੱਤਾ। (ਰਸੂ. 6:2-6; 8:4-13, 26-38) ਜ਼ਿੰਦਗੀ ਭਰ ਵਫ਼ਾਦਾਰੀ ਨਾਲ ਸੇਵਾ ਕਰ ਕੇ ਉਸ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!
13 ਫ਼ਿਲਿੱਪੁਸ ਨੇ ਅਜੇ ਵੀ ਸੇਵਕਾਈ ਲਈ ਆਪਣਾ ਜੋਸ਼ ਠੰਢਾ ਨਹੀਂ ਸੀ ਪੈਣ ਦਿੱਤਾ। ਕੈਸਰੀਆ ਵਿਚ ਹੁੰਦੇ ਹੋਏ ਵੀ ਫ਼ਿਲਿੱਪੁਸ ਨੇ ਆਪਣੇ ਆਪ ਨੂੰ ਪ੍ਰਚਾਰ ਵਿਚ ਇੰਨਾ ਰੁਝਾਈ ਰੱਖਿਆ ਕਿ ਲੂਕਾ ਨੇ ਉਸ ਦਾ ਇਕ “ਪ੍ਰਚਾਰਕ” ਵਜੋਂ ਜ਼ਿਕਰ ਕੀਤਾ। ਅਸੀਂ ਇਹ ਵੀ ਜਾਣਦੇ ਹਾਂ ਕਿ ਉਸ ਦੀਆਂ ਚਾਰ ਕੁਆਰੀਆਂ ਧੀਆਂ ਭਵਿੱਖਬਾਣੀਆਂ ਕਰਦੀਆਂ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ʼਤੇ ਤੁਰੀਆਂ ਸਨ।b (ਰਸੂ. 21:9) ਫ਼ਿਲਿੱਪੁਸ ਨੇ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਕਾਫ਼ੀ ਮਿਹਨਤ ਕੀਤੀ ਹੋਣੀ। ਅੱਜ ਮਸੀਹੀ ਪਿਤਾ ਵੀ ਉਸ ਦੀ ਰੀਸ ਕਰਦੇ ਹੋਏ ਆਪਣੇ ਬੱਚਿਆਂ ਅੱਗੇ ਪ੍ਰਚਾਰ ਵਿਚ ਮਿਹਨਤ ਕਰਨ ਦੀ ਚੰਗੀ ਮਿਸਾਲ ਰੱਖ ਸਕਦੇ ਹਨ। ਇੱਦਾਂ ਉਨ੍ਹਾਂ ਦੇ ਬੱਚਿਆਂ ਦੇ ਦਿਲਾਂ ਵਿਚ ਵੀ ਪ੍ਰਚਾਰ ਲਈ ਜੋਸ਼ ਪੈਦਾ ਹੋਵੇਗਾ।
14. ਪੌਲੁਸ ਦੁਆਰਾ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਦਾ ਕੀ ਫ਼ਾਇਦਾ ਹੋਇਆ ਹੋਣਾ ਅਤੇ ਅੱਜ ਸਾਡੇ ਕੋਲ ਵੀ ਕਿਹੜੇ ਮੌਕੇ ਹਨ?
14 ਪੌਲੁਸ ਜਿੱਥੇ ਕਿਤੇ ਵੀ ਗਿਆ, ਉਸ ਨੇ ਉੱਥੇ ਮਸੀਹੀਆਂ ਦੀ ਭਾਲ ਕਰ ਕੇ ਉਨ੍ਹਾਂ ਨਾਲ ਸਮਾਂ ਬਿਤਾਇਆ। ਯਕੀਨਨ ਉੱਥੇ ਦੇ ਭਰਾ ਪੌਲੁਸ ਤੇ ਉਸ ਦੇ ਸਾਥੀਆਂ ਦੀ ਪਰਾਹੁਣਚਾਰੀ ਕਰਨ ਲਈ ਉਤਾਵਲੇ ਸਨ। ਬੇਸ਼ੱਕ ਇਨ੍ਹਾਂ ਮੁਲਾਕਾਤਾਂ ਰਾਹੀਂ ਉਨ੍ਹਾਂ ਨੂੰ ‘ਇਕ-ਦੂਜੇ ਦੀ ਨਿਹਚਾ ਤੋਂ ਹੌਸਲਾ ਮਿਲਿਆ’ ਹੋਣਾ। (ਰੋਮੀ. 1:11, 12) ਅੱਜ ਵੀ ਸਾਡੇ ਕੋਲ ਇੱਦਾਂ ਦੇ ਕਈ ਮੌਕੇ ਹੁੰਦੇ ਹਨ। ਮਿਸਾਲ ਲਈ, ਸਰਕਟ ਓਵਰਸੀਅਰ ਤੇ ਉਸ ਦੀ ਪਤਨੀ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਣ ਨਾਲ ਸਾਨੂੰ ਕਈ ਫ਼ਾਇਦੇ ਹੋ ਸਕਦੇ ਹਨ, ਭਾਵੇਂ ਸਾਡਾ ਘਰ ਸਾਦਾ ਜਿਹਾ ਕਿਉਂ ਨਾ ਹੋਵੇ।—ਰੋਮੀ. 12:13.
“ਮੈਂ . . . ਮਰਨ ਲਈ ਵੀ ਤਿਆਰ ਹਾਂ” (ਰਸੂ. 21:10-14)
15, 16. ਆਗਬੁਸ ਕਿਹੜਾ ਸੰਦੇਸ਼ ਲੈ ਕੇ ਆਇਆ ਸੀ ਅਤੇ ਭੈਣਾਂ-ਭਰਾਵਾਂ ʼਤੇ ਇਸ ਦਾ ਕੀ ਅਸਰ ਪਿਆ?
15 ਜਦੋਂ ਪੌਲੁਸ ਫ਼ਿਲਿੱਪੁਸ ਦੇ ਘਰ ਸੀ, ਤਾਂ ਉੱਥੇ ਆਗਬੁਸ ਨਾਂ ਦਾ ਭਰਾ ਆਇਆ ਜਿਸ ਦੀ ਸਾਰੇ ਇੱਜ਼ਤ ਕਰਦੇ ਸਨ। ਫ਼ਿਲਿੱਪੁਸ ਦੇ ਘਰ ਆਏ ਲੋਕ ਜਾਣਦੇ ਸਨ ਕਿ ਆਗਬੁਸ ਇਕ ਨਬੀ ਸੀ ਜਿਸ ਨੇ ਕਲੋਡੀਉਸ ਦੇ ਰਾਜ ਦੌਰਾਨ ਵੱਡਾ ਕਾਲ਼ ਪੈਣ ਦੀ ਭਵਿੱਖਬਾਣੀ ਕੀਤੀ ਸੀ। (ਰਸੂ. 11:27, 28) ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ: ‘ਆਗਬੁਸ ਕਿਉਂ ਆਇਆ ਹੈ? ਉਹ ਕਿਹੜਾ ਸੰਦੇਸ਼ ਲੈ ਕੇ ਆਇਆ ਹੈ?’ ਸਾਰੇ ਜਣਿਆਂ ਦੇ ਦੇਖਦੇ ਹੀ ਦੇਖਦੇ ਉਸ ਨੇ ਪੌਲੁਸ ਦੀ ਬੈੱਲਟ ਲਈ ਜੋ ਕੱਪੜੇ ਦਾ ਬਣਿਆ ਇਕ ਕਮਰਬੰਦ ਸੀ ਅਤੇ ਇਸ ਵਿਚ ਪੈਸੇ ਤੇ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਸਨ। ਉਸ ਬੈੱਲਟ ਨਾਲ ਆਗਬੁਸ ਨੇ ਆਪਣੇ ਹੱਥ-ਪੈਰ ਬੰਨ੍ਹ ਕੇ ਇਕ ਗੰਭੀਰ ਗੱਲ ਦੱਸੀ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦਾ ਇਹ ਕਮਰਬੰਦ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’” —ਰਸੂ. 21:11.
16 ਇਸ ਭਵਿੱਖਬਾਣੀ ਤੋਂ ਇਹ ਤਾਂ ਪੱਕਾ ਹੋ ਗਿਆ ਕਿ ਪੌਲੁਸ ਨੇ ਯਰੂਸ਼ਲਮ ਨੂੰ ਜਾਣਾ ਹੀ ਸੀ। ਨਾਲੇ ਇਹ ਵੀ ਜ਼ਾਹਰ ਹੋ ਗਿਆ ਕਿ ਉੱਥੇ ਪ੍ਰਚਾਰ ਕਰਨ ਕਰਕੇ ਯਹੂਦੀ ਪੱਕਾ ਉਸ ਨੂੰ “ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ” ਦੇਣਗੇ। ਇਹ ਭਵਿੱਖਬਾਣੀ ਸੁਣ ਕੇ ਉੱਥੇ ਮੌਜੂਦ ਲੋਕ ਘਬਰਾ ਗਏ। ਲੂਕਾ ਨੇ ਅੱਗੇ ਲਿਖਿਆ: “ਜਦੋਂ ਅਸੀਂ ਇਹ ਗੱਲ ਸੁਣੀ, ਤਾਂ ਅਸੀਂ ਅਤੇ ਉੱਥੇ ਮੌਜੂਦ ਹੋਰ ਲੋਕ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ। ਪਰ ਪੌਲੁਸ ਨੇ ਕਿਹਾ: ‘ਤੁਸੀਂ ਰੋ-ਰੋ ਕੇ ਮੇਰਾ ਇਰਾਦਾ ਕਮਜ਼ੋਰ ਕਿਉਂ ਕਰ ਰਹੇ ਹੋ? ਫ਼ਿਕਰ ਨਾ ਕਰੋ। ਮੈਂ ਪ੍ਰਭੂ ਯਿਸੂ ਦੇ ਨਾਂ ਦੀ ਖ਼ਾਤਰ ਯਰੂਸ਼ਲਮ ਵਿਚ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ।’” —ਰਸੂ. 21:12, 13.
17, 18. ਪੌਲੁਸ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣਾ ਪੱਕਾ ਇਰਾਦਾ ਕਿਵੇਂ ਦਿਖਾਇਆ ਅਤੇ ਭਰਾਵਾਂ ਨੇ ਕੀ ਕੀਤਾ?
17 ਹੁਣ ਜ਼ਰਾ ਅੰਦਾਜ਼ਾ ਲਾਓ ਕਿ ਉਸ ਕਮਰੇ ਦਾ ਮਾਹੌਲ ਕਿਹੋ ਜਿਹਾ ਹੋਣਾ। ਲੂਕਾ ਤੇ ਹੋਰ ਭਰਾ ਪੌਲੁਸ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਉਹ ਯਰੂਸ਼ਲਮ ਨਾ ਜਾਵੇ। ਕੁਝ ਤਾਂ ਰੋ ਰਹੇ ਹਨ। ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਪੌਲੁਸ ਦਾ ਦਿਲ ਪਿਘਲ ਜਾਂਦਾ ਹੈ ਤੇ ਉਹ ਨਰਮਾਈ ਨਾਲ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਸ ਦਾ ‘ਇਰਾਦਾ ਕਮਜ਼ੋਰ ਕਰ ਰਹੇ’ ਹਨ। ਕੁਝ ਬਾਈਬਲਾਂ ਵਿਚ ਇਨ੍ਹਾਂ ਯੂਨਾਨੀ ਸ਼ਬਦਾਂ ਦਾ ਅਨੁਵਾਦ ਕੀਤਾ ਗਿਆ ਹੈ ਕਿ ਉਹ ਉਸ ਦਾ ‘ਦਿਲ ਤੋੜ ਰਹੇ’ ਹਨ। ਪਰ ਫਿਰ ਵੀ ਪੌਲੁਸ ਦਾ ਇਰਾਦਾ ਪੱਕਾ ਹੈ। ਪਹਿਲਾਂ ਸੋਰ ਵਿਚ ਵੀ ਉਸ ਨਾਲ ਇਸੇ ਤਰ੍ਹਾਂ ਹੋਇਆ ਸੀ। ਉੱਥੇ ਦੇ ਭੈਣਾਂ-ਭਰਾਵਾਂ ਨੇ ਵੀ ਮਿੰਨਤਾਂ-ਤਰਲੇ ਕਰ ਕੇ ਉਸ ਨੂੰ ਯਰੂਸ਼ਲਮ ਜਾਣ ਤੋਂ ਰੋਕਿਆ ਸੀ, ਪਰ ਉਦੋਂ ਵੀ ਉਹ ਡਾਵਾਂ-ਡੋਲ ਨਹੀਂ ਹੋਇਆ। ਹੁਣ ਵੀ ਉਹ ਕੈਸਰੀਆ ਦੇ ਭੈਣਾਂ-ਭਰਾਵਾਂ ਦੀਆਂ ਮਿੰਨਤਾਂ ਤੇ ਹੰਝੂਆਂ ਕਾਰਨ ਡੋਲੇਗਾ ਨਹੀਂ। ਇਸ ਦੀ ਬਜਾਇ, ਉਹ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਕਿਉਂ ਉੱਥੇ ਜਾਣ ਦੀ ਲੋੜ ਸੀ। ਸੱਚ-ਮੁੱਚ, ਬਹਾਦਰੀ ਤੇ ਪੱਕੇ ਇਰਾਦੇ ਦੀ ਕਿੰਨੀ ਵਧੀਆ ਮਿਸਾਲ! ਯਿਸੂ ਵਾਂਗ ਪੌਲੁਸ ਨੇ ਵੀ ਯਰੂਸ਼ਲਮ ਜਾਣ ਦੀ ਠਾਣੀ ਹੋਈ ਸੀ। (ਇਬ. 12:2) ਪੌਲੁਸ ਜਾਣ-ਬੁੱਝ ਕੇ ਮਰਨਾ ਨਹੀਂ ਸੀ ਚਾਹੁੰਦਾ, ਪਰ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਕਰਕੇ ਉਹ ਮੌਤ ਨੂੰ ਗਲ਼ੇ ਲਾਉਣਾ ਮਾਣ ਦੀ ਗੱਲ ਸਮਝਦਾ ਸੀ।
18 ਉਸ ਦੀ ਗੱਲ ਸੁਣ ਕੇ ਭਰਾਵਾਂ ਨੇ ਕੀ ਕੀਤਾ? ਉਨ੍ਹਾਂ ਨੇ ਉਸ ਦੇ ਫ਼ੈਸਲੇ ਦੀ ਇੱਜ਼ਤ ਕੀਤੀ। ਅਸੀਂ ਪੜ੍ਹਦੇ ਹਾਂ: “ਜਦ ਉਹ ਨਾ ਮੰਨਿਆ, ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਗਏ: ‘ਯਹੋਵਾਹ ਦੀ ਇੱਛਾ ਪੂਰੀ ਹੋਵੇ।’” (ਰਸੂ. 21:14) ਜੋ ਭੈਣ-ਭਰਾ ਪੌਲੁਸ ਨੂੰ ਯਰੂਸ਼ਲਮ ਨਾ ਜਾਣ ਦੀਆਂ ਮਿੰਨਤਾਂ ਕਰ ਰਹੇ ਸਨ, ਉਹ ਆਪਣੀ ਗੱਲ ʼਤੇ ਅੜੇ ਨਹੀਂ ਰਹੇ। ਭਾਵੇਂ ਇੱਦਾਂ ਕਰਨਾ ਉਨ੍ਹਾਂ ਲਈ ਸੌਖਾ ਨਹੀਂ ਸੀ, ਪਰ ਜਦੋਂ ਉਨ੍ਹਾਂ ਨੇ ਜਾਣਿਆ ਕਿ ਇਹ ਯਹੋਵਾਹ ਦੀ ਮਰਜ਼ੀ ਸੀ, ਤਾਂ ਉਨ੍ਹਾਂ ਨੇ ਪੌਲੁਸ ਦੀ ਗੱਲ ਮੰਨ ਲਈ। ਪੌਲੁਸ ਮੌਤ ਦੇ ਰਾਹ ਤੁਰ ਪਿਆ ਸੀ। ਜੇ ਪਿਆਰ ਕਰਨ ਵਾਲੇ ਭੈਣ-ਭਰਾ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰਦੇ, ਤਾਂ ਉਸ ਲਈ ਜਾਣਾ ਸੌਖਾ ਹੁੰਦਾ।
19. ਪੌਲੁਸ ਨਾਲ ਜੋ ਕੁਝ ਵੀ ਹੋਇਆ, ਉਸ ਤੋਂ ਅਸੀਂ ਕਿਹੜਾ ਜ਼ਰੂਰੀ ਸਬਕ ਸਿੱਖਦੇ ਹਾਂ?
19 ਪੌਲੁਸ ਨਾਲ ਜੋ ਕੁਝ ਵੀ ਹੋਇਆ, ਉਸ ਤੋਂ ਅਸੀਂ ਇਕ ਬਹੁਤ ਹੀ ਜ਼ਰੂਰੀ ਸਬਕ ਸਿੱਖਦੇ ਹਾਂ: ਸਾਨੂੰ ਕਦੇ ਵੀ ਦੂਜੇ ਭੈਣ-ਭਰਾਵਾਂ ਨੂੰ ਪਰਮੇਸ਼ੁਰ ਦੀ ਸੇਵਾ ਲਈ ਕੁਰਬਾਨੀਆਂ ਕਰਨ ਤੋਂ ਰੋਕਣਾ ਨਹੀਂ ਚਾਹੀਦਾ। ਅਸੀਂ ਇਹ ਗੱਲ ਬਹੁਤ ਸਾਰੇ ਹਾਲਾਤਾਂ ਵਿਚ ਯਾਦ ਰੱਖ ਸਕਦੇ ਹਾਂ, ਨਾ ਕਿ ਸਿਰਫ਼ ਉਦੋਂ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਹੋਵੇ। ਮਿਸਾਲ ਲਈ, ਬਹੁਤ ਸਾਰੇ ਮਸੀਹੀ ਮਾਪਿਆਂ ਦਾ ਦਿਲ ਉਦਾਸ ਹੁੰਦਾ ਹੈ ਜਦੋਂ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਸੇਵਾ ਕਰਨ ਲਈ ਘਰੋਂ ਦੂਰ ਜਾਂਦੇ ਹਨ। ਪਰ ਉਹ ਉਨ੍ਹਾਂ ਦਾ ਇਰਾਦਾ ਕਮਜ਼ੋਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਇੰਗਲੈਂਡ ਵਿਚ ਰਹਿਣ ਵਾਲੀ ਫਿਲਿਸ ਨਾਂ ਦੀ ਇਕ ਭੈਣ ਯਾਦ ਕਰਦੀ ਹੈ ਕਿ ਜਦ ਉਸ ਦੀ ਇਕਲੌਤੀ ਧੀ ਮਿਸ਼ਨਰੀ ਸੇਵਾ ਕਰਨ ਵਾਸਤੇ ਅਫ਼ਰੀਕਾ ਚਲੀ ਗਈ ਸੀ, ਤਾਂ ਉਸ ਨੂੰ ਕਿੱਦਾਂ ਮਹਿਸੂਸ ਹੋਇਆ। ਉਹ ਕਹਿੰਦੀ ਹੈ: “ਮੇਰਾ ਦਿਲ ਅੰਦਰੋਂ ਰੋ ਰਿਹਾ ਸੀ। ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਮੇਰੇ ਤੋਂ ਇੰਨੀ ਦੂਰ ਚਲੀ ਜਾਵੇਗੀ। ਮੈਂ ਉਦਾਸ ਵੀ ਸੀ ਤੇ ਮਾਣ ਵੀ ਮਹਿਸੂਸ ਕਰ ਰਹੀ ਸੀ। ਮੈਂ ਖ਼ੁਦ ਨੂੰ ਸੰਭਾਲਣ ਲਈ ਯਹੋਵਾਹ ਨੂੰ ਬਹੁਤ ਪ੍ਰਾਰਥਨਾ ਕੀਤੀ। ਪਰ ਇਹ ਮੇਰੀ ਧੀ ਦਾ ਆਪਣਾ ਫ਼ੈਸਲਾ ਸੀ ਅਤੇ ਮੈਂ ਉਸ ਨੂੰ ਵਾਪਸ ਆਉਣ ਲਈ ਕਦੇ ਵੀ ਮਜਬੂਰ ਨਹੀਂ ਕੀਤਾ ਕਿਉਂਕਿ ਮੈਂ ਹੀ ਤਾਂ ਉਸ ਨੂੰ ਸਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਵੇ। ਉਹ ਪਿਛਲੇ 30 ਸਾਲਾਂ ਤੋਂ ਵਿਦੇਸ਼ ਵਿਚ ਸੇਵਾ ਕਰ ਰਹੀ ਹੈ। ਮੈਂ ਹਰ ਰੋਜ਼ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਉਹ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਰਹੀ ਹੈ।” ਕਿੰਨਾ ਵਧੀਆ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਕੁਰਬਾਨੀਆਂ ਕਰਨ ਵਾਲੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਈਏ!
“ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਸਾਡਾ ਸੁਆਗਤ ਕੀਤਾ” (ਰਸੂ. 21:15-17)
20, 21. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰਨੀ ਚਾਹੁੰਦਾ ਸੀ ਤੇ ਕਿਉਂ?
20 ਸਫ਼ਰ ਦੀ ਤਿਆਰੀ ਹੋ ਜਾਣ ਤੋਂ ਬਾਅਦ ਪੌਲੁਸ ਤੇ ਉਸ ਦੇ ਸਾਥੀ, ਜਿਨ੍ਹਾਂ ਨੇ ਹਰ ਕਦਮ ʼਤੇ ਉਸ ਦੀ ਮਦਦ ਕੀਤੀ ਸੀ, ਯਰੂਸ਼ਲਮ ਨੂੰ ਤੁਰ ਪਏ। ਰਾਹ ਵਿਚ ਉਹ ਜਿੱਥੇ ਕਿਤੇ ਵੀ ਰੁਕੇ, ਉੱਥੇ ਉਨ੍ਹਾਂ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਲੱਭਿਆ ਤਾਂਕਿ ਉਹ ਉਨ੍ਹਾਂ ਨਾਲ ਸੰਗਤ ਕਰ ਸਕਣ। ਸੋਰ ਆ ਕੇ ਉਨ੍ਹਾਂ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਲੱਭਿਆ ਤੇ ਉਨ੍ਹਾਂ ਨਾਲ ਸੱਤ ਦਿਨ ਰਹੇ। ਫਿਰ ਤੁਲਮਾਇਸ ਪਹੁੰਚ ਕੇ ਉਹ ਉੱਥੇ ਦੇ ਭੈਣਾਂ-ਭਰਾਵਾਂ ਨਾਲ ਇਕ ਦਿਨ ਰਹੇ। ਕੈਸਰੀਆ ਆ ਕੇ ਉਹ ਫ਼ਿਲਿੱਪੁਸ ਦੇ ਘਰ ਕਈ ਦਿਨ ਠਹਿਰੇ। ਕੈਸਰੀਆ ਦੇ ਕੁਝ ਭਰਾ ਪੌਲੁਸ ਤੇ ਉਸ ਦੇ ਸਾਥੀਆਂ ਦੇ ਨਾਲ ਯਰੂਸ਼ਲਮ ਗਏ ਜੋ ਉਨ੍ਹਾਂ ਨੂੰ ਮਨਾਸੋਨ ਦੇ ਘਰ ਲੈ ਗਏ। ਮਨਾਸੋਨ ਸ਼ੁਰੂ-ਸ਼ੁਰੂ ਵਿਚ ਬਣੇ ਚੇਲਿਆਂ ਵਿੱਚੋਂ ਇਕ ਸੀ। ਲੂਕਾ ਲਿਖਦਾ ਹੈ ਕਿ ਯਰੂਸ਼ਲਮ ਪਹੁੰਚਣ ਤੇ “ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਸਾਡਾ ਸੁਆਗਤ ਕੀਤਾ।”—ਰਸੂ. 21:17.
21 ਜ਼ਾਹਰ ਹੈ ਕਿ ਪੌਲੁਸ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰਨੀ ਚਾਹੁੰਦਾ ਸੀ। ਸਾਡੇ ਵਾਂਗ ਪੌਲੁਸ ਨੂੰ ਵੀ ਮਸੀਹੀ ਸੰਗਤ ਤੋਂ ਹੌਸਲਾ ਮਿਲਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਹੌਸਲੇ ਦੀ ਬਦੌਲਤ ਉਹ ਅੱਗੇ ਚੱਲ ਕੇ ਆਪਣੇ ਵਿਰੋਧੀਆਂ ਦਾ ਸਾਮ੍ਹਣਾ ਕਰ ਸਕਿਆ ਜੋ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨਗੇ।
a “ਕੈਸਰੀਆ—ਰੋਮੀ ਸੂਬੇ ਯਹੂਦਿਯਾ ਦੀ ਰਾਜਧਾਨੀ” ਨਾਂ ਦੀ ਡੱਬੀ ਦੇਖੋ।
b “ਕੀ ਮਸੀਹੀ ਔਰਤਾਂ ਮੰਡਲੀ ਵਿਚ ਸਿੱਖਿਅਕ ਬਣ ਸਕਦੀਆਂ ਹਨ?” ਨਾਂ ਦੀ ਡੱਬੀ ਦੇਖੋ।