ਆਪਣੇ ਬੱਚਿਆਂ ਨੂੰ ਆਦਰ ਕਰਨਾ ਸਿਖਾਓ
ਪੰਜਾਬੀ ਦੀ ਕਹਾਵਤ ਹੈ: “ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।” ਇਸ ਕਹਾਵਤ ਦਾ ਮਤਲਬ ਹੈ ਕਿ ਜਦੋਂ ਕੋਈ ਲੋਕਾਂ ਨਾਲ ਚੰਗਾ ਸਲੂਕ ਕਰਦਾ ਹੈ, ਤਾਂ ਲੋਕ ਉਸ ਵਾਂਗ ਚੰਗੇ ਬਣਨ ਅਤੇ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਨ।
ਕਿੰਨਾ ਚੰਗਾ ਲੱਗਦਾ ਹੈ ਜਦੋਂ ਬੱਚੇ ਸਲੀਕੇ ਨਾਲ ਪੇਸ਼ ਆਉਂਦੇ ਹਨ! ਹਾਂਡੂਰਸ ਵਿਚ ਇਕ ਸਰਕਟ ਨਿਗਾਹਬਾਨ, ਜੋ ਵੱਖ-ਵੱਖ ਉਮਰ ਦੇ ਪਬਲੀਸ਼ਰਾਂ ਨਾਲ ਘਰ-ਘਰ ਪ੍ਰਚਾਰ ਕਰਨ ਜਾਂਦਾ ਹੈ, ਕਹਿੰਦਾ ਹੈ, “ਮੈਂ ਅਕਸਰ ਦੇਖਿਆ ਹੈ ਕਿ ਜਿਸ ਬੱਚੇ ਨੂੰ ਚੰਗੀ ਤਾਲੀਮ ਮਿਲੀ ਹੁੰਦੀ ਹੈ ਅਤੇ ਜੋ ਅਦਬ ਨਾਲ ਪੇਸ਼ ਆਉਂਦਾ ਹੈ, ਉਹ ਬੱਚਾ ਮੇਰੀਆਂ ਗੱਲਾਂ ਨਾਲੋਂ ਜ਼ਿਆਦਾ ਘਰ-ਮਾਲਕ ਉੱਤੇ ਅਸਰ ਪਾਉਂਦਾ ਹੈ।”
ਅੱਜ ਵਧਦੀ ਜਾ ਰਹੀ ਬੇਅਦਬੀ ਦੇ ਜ਼ਮਾਨੇ ਵਿਚ ਇਹ ਜਾਣਨਾ ਚੰਗਾ ਅਤੇ ਲਾਭਦਾਇਕ ਹੈ ਕਿ ਦੂਜਿਆਂ ਨਾਲ ਕਿਹੋ ਜਿਹਾ ਵਰਤਾਅ ਕਰੀਏ। ਇਸ ਤੋਂ ਇਲਾਵਾ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ “ਤੁਹਾਡਾ ਹਰ ਰੋਜ਼ ਦਾ ਦੂਜਿਆਂ ਸੰਬੰਧੀ ਵਰਤਾਵ ਮਸੀਹ ਦੇ ਸ਼ੁਭ ਸਮਾਚਾਰ ਅਨੁਸਾਰ ਹੋਣਾ ਚਾਹੀਦਾ ਹੈ।” (ਫਿਲਿ. 1:27, CL; 2 ਤਿਮੋ. 3:1-5) ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੂਜਿਆਂ ਦਾ ਆਦਰ ਕਰਨਾ ਸਿਖਾਈਏ। ਉਨ੍ਹਾਂ ਨੂੰ ਕਿਵੇਂ ਸਿਖਾਇਆ ਜਾ ਸਕਦਾ ਹੈ ਕਿ ਉਹ ਸਿਰਫ਼ ਉੱਪਰੋਂ-ਉੱਪਰੋਂ ਆਦਰ ਦਿਖਾਉਣ ਦੀ ਬਜਾਇ ਦਿਲੋਂ ਆਦਰ ਦਿਖਾਉਣ?a
ਆਪ ਚੰਗੀ ਮਿਸਾਲ ਬਣ ਕੇ ਸਲੀਕਾ ਸਿਖਾਓ
ਬੱਚੇ ਦੂਜਿਆਂ ਦੀ ਮਿਸਾਲ ਦੇਖ ਕੇ ਸਿੱਖਦੇ ਹਨ। ਇਸ ਲਈ ਬੱਚਿਆਂ ਨੂੰ ਸਲੀਕਾ ਸਿਖਾਉਣ ਦਾ ਬੁਨਿਆਦੀ ਤਰੀਕਾ ਹੈ ਕਿ ਮਾਪੇ ਪਹਿਲਾਂ ਆਪ ਸਲੀਕੇ ਨਾਲ ਪੇਸ਼ ਆਉਣ। (ਬਿਵ. 6:6, 7) ਇਹ ਤਾਂ ਠੀਕ ਹੈ ਕਿ ਬੱਚਿਆਂ ਨਾਲ ਅਦਬ ਦਿਖਾਉਣ ਬਾਰੇ ਗੱਲ ਕਰਨੀ ਜ਼ਰੂਰੀ ਹੈ, ਪਰ ਇੰਨਾ ਹੀ ਕਾਫ਼ੀ ਨਹੀਂ। ਉਨ੍ਹਾਂ ਨੂੰ ਗੱਲਾਂ ਯਾਦ ਕਰਾਉਣ ਦੇ ਨਾਲ-ਨਾਲ ਤੁਹਾਡੇ ਲਈ ਚੰਗੀ ਮਿਸਾਲ ਬਣਨਾ ਵੀ ਅੱਤ ਮਹੱਤਵਪੂਰਣ ਹੈ।
ਪੌਲਾb ਦੀ ਮਿਸਾਲ ਲੈ ਲਓ ਜਿਸ ਦੀ ਪਰਵਰਿਸ਼ ਉਸ ਦੀ ਇਕੱਲੀ ਮਸੀਹੀ ਮਾਂ ਨੇ ਕੀਤੀ ਸੀ। ਸਾਰਿਆਂ ਦਾ ਆਦਰ ਕਰਨਾ ਉਸ ਦੀ ਸ਼ਖ਼ਸੀਅਤ ਦਾ ਹਿੱਸਾ ਬਣ ਗਿਆ ਸੀ। ਕਿਉਂ? ਉਹ ਜਵਾਬ ਦਿੰਦੀ ਹੈ, “ਮੰਮੀ ਨੇ ਚੰਗੀ ਮਿਸਾਲ ਕਾਇਮ ਕੀਤੀ ਜਿਸ ਕਰਕੇ ਸਾਡੀ ਨਿਆਣਿਆਂ ਦੀ ਆਪਣੇ ਆਪ ਹੀ ਆਦਰ ਕਰਨ ਦੀ ਆਦਤ ਬਣ ਗਈ।” ਵਾਲਟਰ ਨਾਂ ਦੇ ਮਸੀਹੀ ਨੇ ਆਪਣੇ ਮੁੰਡਿਆਂ ਨੂੰ ਸਿਖਾਇਆ ਕਿ ਉਹ ਆਪਣੀ ਮਾਂ ਦਾ ਆਦਰ ਕਰਨ ਜੋ ਯਹੋਵਾਹ ਨੂੰ ਨਹੀਂ ਸੀ ਮੰਨਦੀ। ਉਹ ਕਹਿੰਦਾ ਹੈ, “ਮੈਂ ਆਪ ਚੰਗੀ ਮਿਸਾਲ ਬਣ ਕੇ ਆਪਣੇ ਪੁੱਤਰਾਂ ਨੂੰ ਉਨ੍ਹਾਂ ਦੀ ਮਾਂ ਦਾ ਆਦਰ ਕਰਨਾ ਸਿਖਾਇਆ ਕਿਉਂਕਿ ਮੈਂ ਕਦੇ ਵੀ ਆਪਣੀ ਪਤਨੀ ਨੂੰ ਮਾੜਾ ਨਹੀਂ ਕਿਹਾ।” ਵਾਲਟਰ ਆਪਣੇ ਮੁੰਡਿਆਂ ਨੂੰ ਪਰਮੇਸ਼ੁਰ ਦੇ ਬਚਨ ਅਨੁਸਾਰ ਸਿੱਖਿਆ ਦਿੰਦਾ ਰਿਹਾ ਅਤੇ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਹੁਣ ਇਕ ਮੁੰਡਾ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦਾ ਹੈ ਅਤੇ ਦੂਜਾ ਮੁੰਡਾ ਪਾਇਨੀਅਰਿੰਗ ਕਰਦਾ ਹੈ। ਦੋਵੇਂ ਪੁੱਤਰ ਆਪਣੇ ਮਾਂ-ਪਿਓ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਆਦਰ ਕਰਦੇ ਹਨ।
ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।” (1 ਕੁਰਿੰ. 14:33) ਯਹੋਵਾਹ ਹਰ ਕੰਮ ਢੰਗ ਨਾਲ ਕਰਦਾ ਹੈ। ਮਸੀਹੀਆਂ ਨੂੰ ਪਰਮੇਸ਼ੁਰ ਦਾ ਇਹ ਗੁਣ ਦਿਖਾਉਂਦਿਆਂ ਘਰ ਵਿਚ ਚੀਜ਼ਾਂ ਸੰਵਾਰ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੁਝ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਿਖਾਇਆ ਹੈ ਕਿ ਉਹ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਆਪਣਾ ਬਿਸਤਰਾ ਸੰਵਾਰ ਕੇ ਜਾਣ, ਆਪਣੇ ਕੱਪੜੇ ਥਾਂ ਸਿਰ ਰੱਖਣ ਅਤੇ ਘਰ ਦੇ ਕੰਮਾਂ ਵਿਚ ਹੱਥ ਵਟਾਉਣ। ਜਦੋਂ ਬੱਚੇ ਦੇਖਦੇ ਹਨ ਕਿ ਘਰ ਦਾ ਮਾਹੌਲ ਸਾਫ਼-ਸੁਥਰਾ ਹੈ ਅਤੇ ਚੀਜ਼ਾਂ ਟਿਕਾਣੇ ਸਿਰ ਰੱਖੀਆਂ ਹੋਈਆਂ ਹਨ, ਤਾਂ ਉਹ ਵੀ ਆਪਣੇ ਕਮਰੇ ਅਤੇ ਚੀਜ਼ਾਂ ਸਾਫ਼-ਸੁਥਰੀਆਂ ਰੱਖਣਗੇ।
ਤੁਹਾਡੇ ਬੱਚੇ ਸਕੂਲ ਵਿਚ ਜੋ ਕੁਝ ਸਿੱਖ ਰਹੇ ਹਨ, ਉਸ ਬਾਰੇ ਉਨ੍ਹਾਂ ਦਾ ਕੀ ਨਜ਼ਰੀਆ ਹੈ? ਅਧਿਆਪਕ ਉਨ੍ਹਾਂ ਲਈ ਜੋ ਕੁਝ ਕਰ ਰਹੇ ਹਨ, ਕੀ ਉਹ ਉਸ ਵਾਸਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹਨ? ਮਾਪੇ ਹੋਣ ਦੇ ਨਾਤੇ, ਕੀ ਤੁਸੀਂ ਇਹੋ ਜਿਹੀ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹੋ? ਤੁਹਾਡੇ ਬੱਚੇ ਸਕੂਲ ਦੇ ਕੰਮ ਅਤੇ ਅਧਿਆਪਕਾਂ ਪ੍ਰਤਿ ਉਹੀ ਰਵੱਈਆ ਦਿਖਾਉਣਗੇ ਜੋ ਤੁਸੀਂ ਦਿਖਾਉਂਦੇ ਹੋ। ਕਿਉਂ ਨਾ ਉਨ੍ਹਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਨ ਦੀ ਆਦਤ ਬਣਾਉਣ? ਜਦ ਕੋਈ ਸਾਡੇ ਲਈ ਕੁਝ ਕਰਦਾ ਹੈ, ਤਾਂ ਉਸ ਦਾ ਸ਼ੁਕਰੀਆ ਅਦਾ ਕਰਨਾ ਆਦਰ ਦਿਖਾਉਣ ਦਾ ਸਭ ਤੋਂ ਵਧੀਆ ਢੰਗ ਹੈ, ਭਾਵੇਂ ਉਹ ਅਧਿਆਪਕ, ਡਾਕਟਰ, ਦੁਕਾਨਦਾਰ ਜਾਂ ਕੋਈ ਵੀ ਹੋਵੇ। (ਲੂਕਾ 17:15, 16) ਉਹ ਮਸੀਹੀ ਬੱਚੇ ਤਾਰੀਫ਼ ਦੇ ਲਾਇਕ ਹਨ ਜੋ ਆਦਰ ਕਰਨ ਅਤੇ ਚੰਗੇ ਚਾਲ-ਚਲਣ ਕਾਰਨ ਆਪਣੇ ਸਹਿਪਾਠੀਆਂ ਤੋਂ ਵੱਖਰੇ ਨਜ਼ਰ ਆਉਂਦੇ ਹਨ।
ਸਲੀਕਾ ਦਿਖਾਉਣ ਦੇ ਮਾਮਲੇ ਵਿਚ ਮਸੀਹੀ ਕਲੀਸਿਯਾ ਦੇ ਮੈਂਬਰਾਂ ਨੂੰ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਕਲੀਸਿਯਾ ਦੇ ਬੱਚਿਆਂ ਨੂੰ ਦੇਖ ਕੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ ਜਦੋਂ ਉਹ “ਪਲੀਜ਼” ਅਤੇ “ਥੈਂਕਯੂ” ਕਹਿ ਕੇ ਆਦਰ ਦਿਖਾਉਂਦੇ ਹਨ! ਮੀਟਿੰਗਾਂ ਦੌਰਾਨ ਦਿੱਤੀ ਜਾ ਰਹੀ ਸਿੱਖਿਆ ਨੂੰ ਜਦੋਂ ਵੱਡੇ ਧਿਆਨ ਨਾਲ ਸੁਣ ਕੇ ਯਹੋਵਾਹ ਦਾ ਆਦਰ ਕਰਦੇ ਹਨ, ਤਾਂ ਬੱਚਿਆਂ ਨੂੰ ਉਨ੍ਹਾਂ ਦੀ ਰੀਸ ਕਰਨ ਦਾ ਉਤਸ਼ਾਹ ਮਿਲਦਾ ਹੈ। ਬੱਚੇ ਕਿੰਗਡਮ ਹਾਲ ਵਿਚ ਚੰਗੀਆਂ ਮਿਸਾਲਾਂ ਦੇਖ ਕੇ ਆਪਣੇ ਗੁਆਂਢੀਆਂ ਦਾ ਆਦਰ ਕਰਨਾ ਸਿੱਖ ਸਕਦੇ ਹਨ। ਮਿਸਾਲ ਲਈ ਚਾਰ ਸਾਲਾਂ ਦੇ ਐਂਡਰੂ ਨੇ ਪਹਿਲਾਂ ਹੀ ਵੱਡਿਆਂ ਦਾ ਆਦਰ ਕਰਨਾ ਸਿੱਖ ਲਿਆ ਹੈ। ਜਦੋਂ ਉਹ ਉਨ੍ਹਾਂ ਕੋਲੋਂ ਦੀ ਲੰਘਦਾ ਹੈ, ਤਾਂ ਉਹ ਕਹਿੰਦਾ ਹੈ “ਦੇਖਿਓ ਜ਼ਰਾ।”
ਮਾਪੇ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰਨ ਲਈ ਹੋਰ ਕੀ ਕਰ ਸਕਦੇ ਹਨ ਕਿ ਉਨ੍ਹਾਂ ਤੋਂ ਕਿਸ ਤਰ੍ਹਾਂ ਪੇਸ਼ ਆਉਣ ਦੀ ਉਮੀਦ ਕੀਤੀ ਜਾਂਦੀ ਹੈ? ਪਰਮੇਸ਼ੁਰ ਦੇ ਬਚਨ ਵਿਚ ਕਈ ਮਿਸਾਲਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਤੋਂ ਸਿੱਖੀਆਂ ਗੱਲਾਂ ਨੂੰ ਬੱਚਿਆਂ ਨਾਲ ਸਾਂਝਾ ਕਰਨ ਲਈ ਮਾਪੇ ਸਮਾਂ ਕੱਢ ਸਕਦੇ ਹਨ ਤੇ ਕੱਢਣਾ ਵੀ ਚਾਹੀਦਾ ਹੈ।—ਰੋਮੀ. 15:4.
ਬਾਈਬਲ ਦੀਆਂ ਮਿਸਾਲਾਂ ਦੇ ਕੇ ਸਿਖਾਓ
ਸਮੂਏਲ ਦੀ ਮਾਤਾ ਨੇ ਆਪਣੇ ਪੁੱਤਰ ਨੂੰ ਪ੍ਰਧਾਨ ਜਾਜਕ ਏਲੀ ਅੱਗੇ ਸਿਰ ਝੁਕਾਉਣਾ ਸਿਖਾਇਆ ਸੀ। ਜਦੋਂ ਉਹ ਸਮੂਏਲ ਨੂੰ ਹੈਕਲ ਲੈ ਕੇ ਗਈ, ਤਾਂ ਉਹ ਸ਼ਾਇਦ ਸਿਰਫ਼ ਤਿੰਨ ਜਾਂ ਚਾਰ ਸਾਲਾਂ ਦਾ ਸੀ। (1 ਸਮੂ. 1:28) ਕੀ ਤੁਸੀਂ ਆਪਣੇ ਿਨੱਕੇ ਜਿਹੇ ਬੱਚੇ ਨਾਲ ਇਹ ਕਹਿਣ ਦੀ ਰੀਹਰਸਲ ਕਰ ਸਕਦੇ ਹੋ ਜਿਵੇਂ “ਗੁੱਡ ਮਾਰਨਿੰਗ,” “ਗੁੱਡ ਆਫਟਰਨੂਨ,” “ਗੁੱਡ ਈਵਨਿੰਗ,” ਜਾਂ ਤੁਹਾਡੇ ਇਲਾਕੇ ਵਿਚ ਜੋ ਵੀ ਕਹਿਣ ਦਾ ਰਿਵਾਜ ਹੈ? ਛੋਟੇ ਜਿਹੇ ਸਮੂਏਲ ਦੀ ਤਰ੍ਹਾਂ ਤੁਹਾਡੇ ਬੱਚੇ ਵੀ ‘ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨੇ ਪਰਮੰਨੇ’ ਹੋ ਸਕਦੇ ਹਨ।—1 ਸਮੂ. 2:26.
ਕਿਉਂ ਨਾ ਤੁਸੀਂ ਆਦਰ ਅਤੇ ਨਿਰਾਦਰ ਵਿਚਕਾਰ ਫ਼ਰਕ ਦਿਖਾਉਣ ਲਈ ਬਾਈਬਲ ਦੇ ਬਿਰਤਾਂਤ ਵਰਤੋ? ਮਿਸਾਲ ਲਈ ਜਦੋਂ ਇਸਰਾਏਲ ਦਾ ਅਣਆਗਿਆਕਾਰ ਰਾਜਾ ਅਹਜ਼ਯਾਹ ਨਬੀ ਏਲੀਯਾਹ ਨੂੰ ਮਿਲਣਾ ਚਾਹੁੰਦਾ ਸੀ, ਤਾਂ ਉਸ ਨੇ “ਪੰਜਾਹ ਦੇ ਸਰਦਾਰ ਨੂੰ ਉਹ ਦੇ ਪੰਜਾਹ ਸਿਪਾਹੀਆਂ” ਨਾਲ ਏਲੀਯਾਹ ਨੂੰ ਸੱਦਣ ਲਈ ਘੱਲਿਆ। ਸਰਦਾਰ ਨੇ ਨਬੀ ਨੂੰ ਆਪਣੇ ਨਾਲ ਚੱਲਣ ਦਾ ਹੁਕਮ ਦਿੱਤਾ। ਪਰਮੇਸ਼ੁਰ ਦੇ ਪ੍ਰਤਿਨਿਧੀ ਨਾਲ ਗੱਲ ਕਰਨ ਦਾ ਇਹ ਤਰੀਕਾ ਸਹੀ ਨਹੀਂ ਸੀ। ਏਲੀਯਾਹ ਨੇ ਕਿਵੇਂ ਜਵਾਬ ਦਿੱਤਾ? ਉਸ ਨੇ ਕਿਹਾ: “ਜੇ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਆਕਾਸ਼ੋਂ ਅੱਗ ਉਤਰੇ ਤੇ ਤੈਨੂੰ ਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ।” ਇਸੇ ਤਰ੍ਹਾਂ ਹੋਇਆ। “ਅਕਾਸ਼ੋਂ ਅੱਗ ਉਤਰੀ ਅਤੇ ਉਸ ਨੂੰ ਤੇ ਉਸ ਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।”—2 ਰਾਜ. 1:9, 10.
ਫਿਰ ਏਲੀਯਾਹ ਨੂੰ ਲਿਆਉਣ ਲਈ ਪੰਜਾਹ ਬੰਦਿਆਂ ਦੇ ਦੂਜੇ ਸਰਦਾਰ ਨੂੰ ਭੇਜਿਆ ਗਿਆ। ਉਸ ਨੇ ਵੀ ਏਲੀਯਾਹ ਨੂੰ ਆਪਣੇ ਨਾਲ ਜਾਣ ਦਾ ਹੁਕਮ ਦੇਣ ਦੀ ਕੋਸ਼ਿਸ਼ ਕੀਤੀ। ਇਕ ਵਾਰ ਫਿਰ ਸਵਰਗੋਂ ਅੱਗ ਆਈ। ਫਿਰ ਪੰਜਾਹਾਂ ਦਾ ਤੀਜਾ ਸਰਦਾਰ ਏਲੀਯਾਹ ਕੋਲ ਆਇਆ। ਇਹ ਆਦਮੀ ਆਦਰ ਨਾਲ ਪੇਸ਼ ਆਇਆ। ਏਲੀਯਾਹ ਨੂੰ ਹੁਕਮ ਦੇਣ ਦੀ ਬਜਾਇ ਉਸ ਨੇ ਗੋਡਿਆਂ ਭਾਰ ਝੁਕ ਕੇ ਬੇਨਤੀ ਕੀਤੀ: “ਹੇ ਪਰਮੇਸ਼ੁਰ ਦੇ ਬੰਦੇ, ਮੇਰੀ ਜਾਨ ਅਤੇ ਇਨ੍ਹਾਂ ਪੰਜਾਹਾਂ ਦਾਸਾਂ ਦੀਆਂ ਜਾਨਾਂ ਤੇਰੀ ਨਿਗਾਹ ਵਿੱਚ ਜ਼ਰਾ ਬਹੁ ਮੁੱਲੀਆਂ ਹੋਣ। ਵੇਖ, ਅਕਾਸ਼ੋਂ ਅੱਗ ਉਤਰੀ ਅਤੇ ਪੰਜਾਹ ਪੰਜਾਹ ਦੇ ਪਹਿਲੇ ਦੋ ਸਰਦਾਰਾਂ ਤੇ ਉਨ੍ਹਾਂ ਦਿਆਂ ਪੰਜਾਹਾਂ ਨੂੰ ਭਸਮ ਕਰ ਦਿੱਤਾ। ਪਰ ਹੁਣ ਮੇਰੀ ਜਾਨ ਤੇਰੀ ਨਿਗਾਹ ਵਿੱਚ ਬਹੁ ਮੁੱਲੀ ਹੋਵੇ।” ਕੀ ਪਰਮੇਸ਼ੁਰ ਦਾ ਨਬੀ ਇਸ ਬੰਦੇ ਉੱਤੇ ਅੱਗ ਬੁਲਾਵੇਗਾ ਜੋ ਸ਼ਾਇਦ ਡਰਦਾ ਸੀ ਪਰ ਆਦਰ ਨਾਲ ਬੋਲਿਆ? ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਸੀ! ਇਸ ਦੀ ਬਜਾਇ ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਇਸ ਸਰਦਾਰ ਨਾਲ ਜਾਣ ਲਈ ਕਿਹਾ। (2 ਰਾਜ. 1:11-15) ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਆਦਰ ਦਿਖਾਉਣਾ ਕਿੰਨੀ ਚੰਗੀ ਗੱਲ ਹੈ?
ਜਦੋਂ ਰੋਮੀ ਸਿਪਾਹੀ ਮੰਦਰ ਵਿੱਚੋਂ ਪੌਲੁਸ ਰਸੂਲ ਨੂੰ ਫੜ ਕੇ ਲੈ ਗਏ ਸਨ, ਤਾਂ ਉਸ ਨੇ ਇਹ ਨਹੀਂ ਸੋਚਿਆ ਕਿ ਉਸ ਨੂੰ ਬੋਲਣ ਦਾ ਹੱਕ ਸੀ। ਉਸ ਨੇ ਆਦਰ ਨਾਲ ਸਰਦਾਰ ਨੂੰ ਪੁੱਛਿਆ: “ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂ?” ਨਤੀਜੇ ਵਜੋਂ ਪੌਲੁਸ ਨੂੰ ਆਪਣੀ ਸਫ਼ਾਈ ਵਿਚ ਕੁਝ ਕਹਿਣ ਦਾ ਮੌਕਾ ਦਿੱਤਾ ਗਿਆ।—ਰਸੂ. 21:37-40.
ਜਦੋਂ ਯਿਸੂ ਉੱਤੇ ਮੁਕੱਦਮਾ ਚੱਲ ਰਿਹਾ ਸੀ, ਤਾਂ ਉਸ ਦੇ ਮੂੰਹ ਉੱਤੇ ਕਿਸੇ ਨੇ ਚਪੇੜ ਮਾਰੀ। ਪਰ ਉਹ ਉਸ ਨੂੰ ਜਵਾਬ ਦੇਣਾ ਜਾਣਦਾ ਸੀ: “ਜੇ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ?” ਯਿਸੂ ਜਿਸ ਢੰਗ ਨਾਲ ਬੋਲਿਆ, ਉਸ ਵਿਚ ਕੋਈ ਵੀ ਨੁਕਸ ਨਹੀਂ ਕੱਢ ਸਕਿਆ।—ਯੂਹੰ. 18:22, 23.
ਪਰਮੇਸ਼ੁਰ ਦੇ ਸ਼ਬਦ ਵਿਚ ਇਸ ਤਰ੍ਹਾਂ ਦੀਆਂ ਮਿਸਾਲਾਂ ਵੀ ਮਿਲਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਖ਼ਤ ਤਾੜਨਾ ਮਿਲਣ ਤੇ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਅਤੇ ਆਦਰ ਨਾਲ ਮੰਨਣਾ ਚਾਹੀਦਾ ਹੈ ਕਿ ਸਾਡੇ ਤੋਂ ਗ਼ਲਤੀ ਜਾਂ ਅਣਗਹਿਲੀ ਹੋਈ ਸੀ। (ਉਤ. 41:9-13; ਰਸੂ. 8:20-24) ਮਿਸਾਲ ਲਈ ਅਬੀਗੈਲ ਨੇ ਮਾਫ਼ੀ ਮੰਗੀ ਕਿ ਉਸ ਦਾ ਪਤੀ ਨਾਬਾਲ ਦਾਊਦ ਨਾਲ ਬਦਤਮੀਜ਼ੀ ਨਾਲ ਪੇਸ਼ ਆਇਆ ਸੀ। ਮਾਫ਼ੀ ਮੰਗਣ ਦੇ ਨਾਲ-ਨਾਲ ਉਸ ਨੇ ਦਾਊਦ ਨੂੰ ਬਹੁਤ ਸਾਰਾ ਖਾਣਾ ਦਿੱਤਾ। ਅਬੀਗੈਲ ਨੇ ਜੋ ਕੀਤਾ, ਉਸ ਤੋਂ ਦਾਊਦ ਇੰਨਾ ਪ੍ਰਭਾਵਿਤ ਹੋਇਆ ਕਿ ਨਾਬਾਲ ਦੇ ਮਰਨ ਤੋਂ ਬਾਅਦ ਉਸ ਨੇ ਅਬੀਗੈਲ ਨੂੰ ਆਪਣੀ ਪਤਨੀ ਬਣਾ ਲਿਆ।—1 ਸਮੂ. 25:23-41.
ਸੋ ਭਾਵੇਂ ਗੱਲ ਔਖੀਆਂ ਘੜੀਆਂ ਵਿਚ ਸਲੀਕੇ ਨਾਲ ਪੇਸ਼ ਆਉਣ ਦੀ ਹੋਵੇ ਜਾਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ, ਆਪਣੇ ਬੱਚਿਆਂ ਨੂੰ ਆਦਰ ਨਾਲ ਪੇਸ਼ ਆਉਣਾ ਸਿਖਾਓ। ਇਸ ਤਰੀਕੇ ਨਾਲ ‘ਆਪਣਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕਾਉਣ ਨਾਲ ਸਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਹੁੰਦੀ ਹੈ।’—ਮੱਤੀ 5:16.
[ਫੁਟਨੋਟ]
a ਮਾਪਿਆਂ ਨੂੰ ਆਪਣੇ ਬੱਚਿਆਂ ਦੀ ਇਹ ਦੇਖਣ ਵਿਚ ਮਦਦ ਕਰਨ ਦੀ ਲੋੜ ਹੈ ਕਿ ਵੱਡਿਆਂ ਦਾ ਆਦਰ ਕਰਨ ਅਤੇ ਕਿਸੇ ਅਜਿਹੇ ਵਿਅਕਤੀ ਦੇ ਅਧੀਨ ਹੋਣ ਵਿਚ ਕੀ ਫ਼ਰਕ ਹੈ ਜਿਸ ਦਾ ਉਦੇਸ਼ ਨੁਕਸਾਨ ਪਹੁੰਚਾਉਣਾ ਹੋ ਸਕਦਾ ਹੈ।
b ਕੁਝ ਨਾਂ ਬਦਲੇ ਗਏ ਹਨ।