“ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!”
ਗੌਰ ਨਾਲ ਦੇਖੋ। ਲੋਕਾਂ ਦੀ ਭੀੜ ਇਕ ਬੰਦੇ ਨੂੰ ਪਕੜ ਕੇ ਕੁੱਟਣਾ ਸ਼ੁਰੂ ਕਰਦੀ ਹੈ। ਉਹ ਆਪਣੇ ਬਚਾਅ ਲਈ ਕੁਝ ਵੀ ਨਹੀਂ ਕਰ ਸਕਦਾ। ਉਨ੍ਹਾਂ ਦੇ ਭਾਣੇ ਉਹ ਇੰਨਾ ਬੁਰਾ ਹੈ ਕਿ ਉਸ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਹ ਬਸ ਉਸ ਨੂੰ ਮਾਰਨ ਹੀ ਵਾਲੇ ਹਨ ਜਦ ਸਿਪਾਹੀ ਆ ਕੇ ਉਸ ਨੂੰ ਬਚਾ ਲੈਂਦੇ ਹਨ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਲੋਕਾਂ ਤੋਂ ਵੱਖਰਾ ਕਰਦੇ ਹਨ। ਇਹ ਬੰਦਾ ਪੌਲੁਸ ਰਸੂਲ ਹੈ। ਉਸ ਉੱਤੇ ਹਮਲਾ ਕਰਨ ਵਾਲੇ ਲੋਕ ਯਹੂਦੀ ਹਨ ਜੋ ਪੌਲੁਸ ਦੇ ਪ੍ਰਚਾਰ ਕਰਨ ਦਾ ਜ਼ਬਰਦਸਤ ਇਤਰਾਜ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਉਸ ਨੇ ਹੈਕਲ ਨੂੰ ਭ੍ਰਿਸ਼ਟ ਕੀਤਾ ਹੈ। ਉਸ ਨੂੰ ਬਚਾਉਣ ਵਾਲੇ ਰੋਮੀ ਸਿਪਾਹੀ ਹਨ ਜਿਨ੍ਹਾਂ ਦਾ ਸਰਦਾਰ ਕਲੌਦਿਯੁਸ ਲੁਸਿਯਸ ਹੈ। ਇਸ ਹਲਚਲ ਵਿਚ ਪੌਲੁਸ ਇਕ ਅਪਰਾਧੀ ਵਜੋਂ ਗਿਰਫ਼ਤਾਰ ਕੀਤਾ ਜਾਂਦਾ ਹੈ।
ਰਸੂਲਾਂ ਦੇ ਕਰਤੱਬ ਦੇ ਆਖ਼ਰੀ ਸੱਤ ਅਧਿਆਵਾਂ ਵਿਚ ਇਕ ਕੇਸ ਬਾਰੇ ਬਿਆਨ ਪਾਇਆ ਜਾਂਦਾ ਹੈ। ਇਹ ਕੇਸ ਇਸ ਗਿਰਫ਼ਤਾਰੀ ਨਾਲ ਹੀ ਸ਼ੁਰੂ ਹੋਇਆ ਸੀ। ਜੇਕਰ ਅਸੀਂ ਪੌਲੁਸ ਦੇ ਪਿਛੋਕੜ, ਉਸ ਉੱਤੇ ਲਾਏ ਗਏ ਇਲਜ਼ਾਮ, ਉਸ ਦੀ ਸਫ਼ਾਈ ਵਿਚ ਜੋ ਕਿਹਾ ਗਿਆ, ਅਤੇ ਸਜ਼ਾ ਦੇਣ ਦੇ ਰੋਮੀ ਕਾਨੂੰਨਾਂ ਬਾਰੇ ਕੁਝ ਜਾਣਕਾਰੀ ਲਈਏ, ਤਾਂ ਅਸੀਂ ਇਨ੍ਹਾਂ ਅਧਿਆਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ।
ਕਲੌਦਿਯੁਸ ਲੁਸਿਯਸ ਦੇ ਹਵਾਲੇ
ਯਰੂਸ਼ਲਮ ਵਿਚ ਅਮਨ-ਚੈਨ ਰੱਖਣ ਦਾ ਕੰਮ ਕਲੌਦਿਯੁਸ ਲੁਸਿਯਸ ਦੇ ਪੱਲੇ ਸੀ। ਉਸ ਤੋਂ ਉੱਚੀ ਪਦਵੀ ਯਹੂਦਿਯਾ ਦੇ ਰੋਮੀ ਹਾਕਮ ਦੀ ਸੀ ਜੋ ਕੈਸਰਿਯਾ ਵਿਚ ਰਹਿੰਦਾ ਸੀ। ਲੁਸਿਯਸ ਕੋਲ ਪੌਲੁਸ ਨੂੰ ਗਿਰਫ਼ਤਾਰ ਕਰਨ ਦੇ ਦੋ ਕਾਰਨ ਸਨ। ਪਹਿਲਾ, ਉਹ ਇਕ ਬੰਦੇ ਨੂੰ ਹਿੰਸਕ ਲੋਕਾਂ ਤੋਂ ਬਚਾ ਰਿਹਾ ਸੀ ਅਤੇ ਦੂਜਾ, ਉਹ ਅਮਨ-ਚੈਨ ਭੰਗ ਕਰਨ ਵਾਲੇ ਬੰਦੇ ਨੂੰ ਕੈਦ ਕਰ ਰਿਹਾ ਸੀ। ਯਹੂਦੀਆਂ ਦੇ ਆਪਸੀ ਫ਼ਸਾਦ ਕਰਕੇ ਲੁਸਿਯਸ ਨੇ ਪੌਲੁਸ ਨੂੰ ਅਨਟੋਨੀਆ ਦੇ ਕਿਲੇ ਵਿਚ ਕੈਦ ਕਰ ਦਿੱਤਾ।—ਰਸੂਲਾਂ ਦੇ ਕਰਤੱਬ 21:27–22:24.
ਲੁਸਿਯਸ ਨੂੰ ਪਤਾ ਕਰਨ ਦੀ ਜ਼ਰੂਰਤ ਸੀ ਕਿ ਪੌਲੁਸ ਨੇ ਕੀ ਕੀਤਾ ਸੀ ਕਿਉਂਕਿ ਫ਼ਸਾਦ ਦੇ ਰੌਲੇ-ਰੱਪੇ ਵਿਚ ਉਹ ਕੁਝ ਨਹੀਂ ਜਾਣ ਸਕਿਆ ਸੀ। ਸੋ ਬਿਨਾਂ ਸਮਾਂ ਬਰਬਾਦ ਕੀਤੇ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ‘ਕੋਰੜੇ ਮਾਰ ਕੇ ਪਰਤਾਇਆ ਜਾਵੇ ਤਾਂ ਜੋ ਉਹ ਨੂੰ ਮਲੂਮ ਹੋਵੇ ਕਿ ਓਹ ਕਿਸ ਕਾਰਨ ਇਹ ਦੇ ਮਗਰ ਇਉਂ ਡੰਡ ਪਾਉਂਦੇ ਸਨ।’ (ਰਸੂਲਾਂ ਦੇ ਕਰਤੱਬ 22:24) ਅਪਰਾਧੀਆਂ, ਗ਼ੁਲਾਮਾਂ, ਅਤੇ ਉਨ੍ਹਾਂ ਵਰਗੇ ਹੋਰ ਲੋਕਾਂ ਤੋਂ ਗੱਲ ਜਾਂਚਣ ਲਈ ਕੋਰੜੇ ਇਸਤੇਮਾਲ ਕਰਨੇ ਆਮ ਸਨ। ਕੋਰੜਿਆਂ ਨਾਲ ਪੁੱਛ-ਗਿੱਛ ਕਰਨ ਦਾ ਕੰਮ ਪੂਰਾ ਤਾਂ ਹੋ ਜਾਂਦਾ ਸੀ ਪਰ ਇਹ ਹਥਿਆਰ ਬੜਾ ਡਰਾਉਣਾ ਸੀ। ਕੁਝ ਕੋਰੜਿਆਂ ਵਿਚ ਸੰਗਲੀਆਂ ਲੱਗੀਆਂ ਹੁੰਦੀਆਂ ਸਨ ਜਿਨ੍ਹਾਂ ਵਿਚ ਲੋਹੇ ਦੇ ਗੋਲੇ ਸਨ। ਦੂਸਰਿਆਂ ਕੋਰੜਿਆਂ ਉੱਤੇ ਚਮੜੇ ਦੀਆਂ ਪੱਟੀਆਂ ਸਨ ਜਿਨ੍ਹਾਂ ਵਿਚ ਤਿੱਖੀਆਂ ਹੱਡੀਆਂ ਅਤੇ ਲੋਹ ਦੇ ਛੋਟੇ-ਛੋਟੇ ਟੁਕੜੇ ਲੱਗੇ ਹੁੰਦੇ ਸਨ। ਇਨ੍ਹਾਂ ਦੀ ਮਾਰ ਨਾਲ ਇਨਸਾਨ ਨੂੰ ਗਹਿਰੇ ਜ਼ਖ਼ਮ ਲੱਗਦੇ ਸਨ ਅਤੇ ਚਮੜੀ ਲੀਰੋ-ਲੀਰ ਹੋ ਜਾਂਦੀ ਸੀ।
ਕੋਰੜਿਆਂ ਦੀ ਮਾਰ ਖਾਣ ਤੋਂ ਪਹਿਲਾਂ ਪੌਲੁਸ ਨੇ ਦੱਸਿਆ ਕਿ ਉਹ ਇਕ ਰੋਮੀ ਨਾਗਰਿਕ ਸੀ। ਇਕ ਰੋਮੀ ਨੂੰ, ਜਿਸ ਉੱਤੇ ਕੋਈ ਦੋਸ਼ ਸਿੱਧ ਨਾ ਕੀਤਾ ਗਿਆ ਹੋਵੇ, ਕੋਰੜੇ ਨਹੀਂ ਮਾਰੇ ਜਾ ਸਕਦੇ ਸਨ। ਇਸ ਕਰਕੇ ਪੌਲੁਸ ਦੀ ਗੱਲ ਇਕਦਮ ਸੁਣੀ ਗਈ। ਇਕ ਰੋਮੀ ਨਾਗਰਿਕ ਨਾਲ ਬਦਸਲੂਕੀ ਕਰਨ ਕਰਕੇ ਇਕ ਰੋਮੀ ਅਫ਼ਸਰ ਆਪਣੀ ਨੌਕਰੀ ਗੁਆ ਸਕਦਾ ਸੀ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਸ ਸਮੇਂ ਤੋਂ ਬਾਅਦ ਪੌਲੁਸ ਨੂੰ ਇਕ ਮਾਮੂਲੀ ਕੈਦੀ ਵਜੋਂ ਕਿਉਂ ਨਹੀਂ ਰੱਖਿਆ ਗਿਆ ਸੀ। ਉਹ ਅਜਿਹਾ ਕੈਦੀ ਸੀ ਜਿਸ ਨੂੰ ਲੋਕ ਮਿਲਣ ਵੀ ਆ ਸਕਦੇ ਸਨ।—ਰਸੂਲਾਂ ਦੇ ਕਰਤੱਬ 22:25-29; 23:16, 17.
ਲੁਸਿਯਸ ਹੁਣ ਪੌਲੁਸ ਦੇ ਦੋਸ਼ ਅਤੇ ਹੰਗਾਮੇ ਦੀ ਹਕੀਕਤ ਮਲੂਮ ਕਰਨ ਲਈ ਉਸ ਨੂੰ ਮਹਾਂ ਸਭਾ ਵਿਚ ਖੜ੍ਹੇ ਹੋਣ ਲਈ ਲੈ ਆਇਆ। ਪਰ ਪੌਲੁਸ ਨੇ ਯਹੂਦੀਆਂ ਦੇ ਆਪਸ ਵਿਚ ਇਕ ਬਹਿਸ ਸ਼ੁਰੂ ਕਰਵਾ ਦਿੱਤੀ ਜਦੋਂ ਉਸ ਨੇ ਕਿਹਾ ਕਿ ਉਸ ਉੱਤੇ ਮੁਰਦਿਆਂ ਦੇ ਜੀ ਉੱਠਣ ਦੀ ਆਸ ਰੱਖਣ ਕਰਕੇ ਦੋਸ਼ ਲਗਾਇਆ ਜਾ ਰਿਹਾ ਸੀ। ਫਿਰ ਇੰਨੀ ਹਲਚਲ ਮੱਚ ਉੱਠੀ ਕਿ ਲੁਸਿਯਸ ਨੂੰ ਡਰ ਸੀ ਕਿ ਯਹੂਦੀ ਲੋਕ ਪੌਲੁਸ ਦੇ ਟੋਟੇ-ਟੋਟੇ ਨਾ ਕਰ ਦੇਣ। ਇਸ ਲਈ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਹਮਲਾ ਕਰਨ ਵਾਲੇ ਯਹੂਦੀਆਂ ਤੋਂ ਬਦੋ-ਬਦੀ ਬਚਾਇਆ ਜਾਵੇ।—ਰਸੂਲਾਂ ਦੇ ਕਰਤੱਬ 22:30–23:10.
ਲੁਸਿਯਸ ਨਹੀਂ ਸੀ ਚਾਹੁੰਦਾ ਕਿ ਉਸ ਦੇ ਜੁੰਮੇ ਵਿਚ ਇਕ ਰੋਮੀ ਬੰਦੇ ਦਾ ਕਤਲ ਹੋ ਜਾਵੇ। ਜਦੋਂ ਉਸ ਨੂੰ ਪਤਾ ਲੱਗਾ ਕਿ ਕੁਝ ਲੋਕ ਪੌਲੁਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਸਨ ਤਾਂ ਉਸ ਨੇ ਕੈਦੀ ਨੂੰ ਜਲਦੀ ਨਾਲ ਕੈਸਰਿਯਾ ਭਿਜਵਾ ਦਿੱਤਾ। ਕਾਨੂੰਨੀ ਕਾਰਵਾਈ ਕਰਕੇ ਇਹ ਜ਼ਰੂਰੀ ਸੀ ਕਿ ਕੈਦੀ ਨੂੰ ਉੱਚ ਅਧਿਕਾਰੀਆਂ ਦੇ ਹਵਾਲੇ ਕਰਦੇ ਹੋਏ ਉਸ ਨਾਲ ਕੇਸ ਬਾਰੇ ਰਿਪੋਰਟਾਂ ਵੀ ਭੇਜੀਆਂ ਜਾਣ। ਉਨ੍ਹਾਂ ਰਿਪੋਰਟਾਂ ਵਿਚ ਲਿਖਿਆ ਜਾਣਾ ਚਾਹੀਦਾ ਸੀ ਕਿ ਪਹਿਲੀ ਜਾਂਚ-ਪੜਤਾਲ ਤੋਂ ਕੀ ਮਲੂਮ ਕੀਤਾ ਗਿਆ, ਕਿਹੜੀ ਕਾਰਵਾਈ ਕੀਤੀ ਗਈ, ਅਤੇ ਕੇਸ ਬਾਰੇ ਜਾਂਚ ਕਰਨ ਵਾਲੇ ਦੀ ਕੀ ਰਾਇ ਸੀ। ਲੁਸਿਯਸ ਨੇ ਰਿਪੋਰਟ ਦਿੱਤੀ ਕਿ ਪੌਲੁਸ ਉੱਤੇ ‘ਉਨ੍ਹਾਂ ਦੀ ਸ਼ਰਾ ਦੇ ਝਗੜਿਆਂ ਵਿਖੇ ਨਾਲਸ਼ ਹੋਈ ਹੈ ਪਰ ਕੋਈ ਇਹੋ ਜਿਹਾ ਦਾਵਾ ਨਹੀਂ ਸੀ ਜੋ ਉਹ ਦੇ ਕਤਲ ਯਾ ਕੈਦ ਦਾ ਕਾਰਨ ਹੋਵੇ।’ ਉਸ ਨੇ ਪੌਲੁਸ ਦੇ ਮੁਦਈਆਂ ਨੂੰ ਹੁਕਮ ਕੀਤਾ ਕਿ ਉਹ ਫ਼ੇਲਿਕਸ ਹਾਕਮ ਸਾਮ੍ਹਣੇ ਜਾ ਕੇ ਆਪਣੀ ਸ਼ਿਕਾਇਤ ਸੁਣਾਉਣ।—ਰਸੂਲਾਂ ਦੇ ਕਰਤੱਬ 23:29, 30.
ਫ਼ੇਲਿਕਸ ਹਾਕਮ ਫ਼ੈਸਲਾ ਨਹੀਂ ਕਰਦਾ
ਸੂਬਿਆਂ ਵਿਚ ਫ਼ੇਲਿਕਸ ਦਾ ਅਧਿਕਾਰ ਚੱਲਦਾ ਸੀ। ਉਹ ਸਥਾਨਕ ਰਿਵਾਜ ਅਨੁਸਾਰ ਚੱਲ ਸਕਦਾ ਸੀ ਜਾਂ ਉਸ ਅਦਾਲਤੀ ਕਾਨੂੰਨ ਮੁਤਾਬਕ ਜੋ ਸਮਾਜ ਦੇ ਵੱਡੇ ਬੰਦਿਆਂ ਜਾਂ ਸਰਕਾਰੀ ਕਰਮਚਾਰੀਆਂ ਲਈ ਸੀ। ਉਹ ਸੂਬਿਆਂ ਦੀ ਕਾਨੂੰਨੀ ਕਾਰਵਾਈ ਮੁਤਾਬਕ ਵੀ ਚੱਲ ਸਕਦਾ ਸੀ ਜੋ ਕਿਸੇ ਵੀ ਅਪਰਾਧ ਲਈ ਵਰਤੀ ਜਾ ਸਕਦੀ ਸੀ। ਇਸ ਵਿਚ ਮੁਦਈ ਦੋਸ਼ ਲਾਉਂਦੇ ਸਨ ਅਤੇ ਸਜ਼ਾ ਬਾਰੇ ਜੱਜ ਫ਼ੈਸਲਾ ਕਰਦਾ ਸੀ। ਸੂਬੇ ਦੇ ਹਾਕਮ ਦਾ ਕੰਮ ਸੀ ਕਿ ਉਹ ‘ਇਹ ਨਾ ਸੋਚੇ ਕਿ ਰੋਮ ਵਿਚ ਕੀ ਕੀਤਾ ਜਾਂਦਾ ਸੀ ਪਰ ਆਮ ਤੌਰ ਤੇ ਕੀ ਕੀਤਾ ਜਾਣਾ ਚਾਹੀਦਾ ਸੀ।’ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਹਾਕਮ ਉੱਤੇ ਛੱਡੀਆਂ ਜਾਂਦੀਆਂ ਸਨ।
ਰੋਮੀਆਂ ਦੇ ਪ੍ਰਾਚੀਨ ਕਾਨੂੰਨਾਂ ਬਾਰੇ ਸਾਨੂੰ ਸਭ ਕੁਝ ਨਹੀਂ ਪਤਾ, ਪਰ ਪੌਲੁਸ ਦੇ ਕੇਸ ਨੂੰ “ਸੂਬਿਆਂ ਦੀ ਕਾਨੂੰਨੀ ਕਾਰਵਾਈ ਦਾ ਮਿਸਾਲੀ ਬਿਰਤਾਂਤ” ਸਮਝਿਆ ਜਾਂਦਾ ਹੈ। ਸਲਾਹਕਾਰਾਂ ਦੀ ਮਦਦ ਨਾਲ ਸੂਬੇ ਦਾ ਹਾਕਮ ਆਮ ਜਨਤਾ ਦੀਆਂ ਸ਼ਿਕਾਇਤਾਂ ਸੁਣਦਾ ਸੀ ਅਤੇ ਜਿਸ ਬੰਦੇ ਉੱਤੇ ਦੋਸ਼ ਲਾਇਆ ਜਾਂਦਾ ਸੀ, ਯਾਨੀ ਮੁਦਾਲੇ ਨੂੰ ਆਪਣੇ ਮੁਦਈ ਦੇ ਦਾਅਵੇ ਦਾ ਜਵਾਬ ਦੇਣ ਦਾ ਮੌਕਾ ਦਿੱਤਾ ਜਾਂਦਾ ਸੀ। ਪਰ ਸਬੂਤ ਪੇਸ਼ ਕਰਨ ਦੀ ਜ਼ਿੰਮੇਵਾਰੀ ਮੁਦਈ ਦੀ ਸੀ। ਮੈਜਿਸਟ੍ਰੇਟ ਜਿਹੜੀ ਸਜ਼ਾ ਚਾਹੇ ਦੇ ਸਕਦਾ ਸੀ। ਉਹ ਉਸੇ ਵੇਲੇ ਆਪਣਾ ਫ਼ੈਸਲਾ ਸੁਣਾ ਸਕਦਾ ਸੀ ਜਾਂ ਕਿਸੇ ਹੋਰ ਸਮੇਂ ਤਕ ਗੱਲ ਟਾਲ ਸਕਦਾ ਸੀ ਜਿਸ ਸਮੇਂ ਦੌਰਾਨ ਮੁਦਾਲੇ ਨੂੰ ਕੈਦ ਵਿਚ ਰੱਖਿਆ ਜਾਂਦਾ ਸੀ। ਵਿਦਵਾਨ ਹੈਨਰੀ ਕੈਡਬਰੀ ਕਹਿੰਦਾ ਹੈ ਕਿ “ਇਸ ਵਿਚ ਕੋਈ ਸ਼ੱਕ ਨਹੀਂ ਕਿ ਇੰਨੀ ਤਾਕਤ ਨਾਲ ਮੈਜਿਸਟ੍ਰੇਟ ‘ਗ਼ੈਰ-ਕਾਨੂੰਨੀ ਪ੍ਰਭਾਵ’ ਦੇ ਅਧੀਨ ਆ ਸਕਦਾ ਸੀ ਅਤੇ ਬੰਦੇ ਨੂੰ ਰਿਹਾ ਕਰਨ, ਦੋਸ਼ੀ ਠਹਿਰਾਉਣ, ਜਾਂ ਕੇਸ ਨੂੰ ਟਾਲਣ ਲਈ ਉਸ ਦੀ ਮੁੱਠੀ ਗਰਮ ਕੀਤੀ ਜਾ ਸਕਦੀ ਸੀ।”
ਸਰਦਾਰ ਜਾਜਕ ਹਨਾਨਿਯਾਹ, ਯਹੂਦੀਆਂ ਦੇ ਕਈਆਂ ਬਜ਼ੁਰਗਾਂ, ਅਤੇ ਤਰਤੁੱਲੁਸ ਨੇ ਪੌਲੁਸ ਉੱਤੇ ਫ਼ੇਲਿਕਸ ਦੇ ਅੱਗੇ ਦੋਸ਼ ਲਾਇਆ ਕਿ ‘ਇਹ ਮਨੁੱਖ ਇਕ ਬਲਾ ਹੈ ਅਤੇ ਯਹੂਦੀਆਂ ਵਿੱਚ ਪਸਾਦ ਪਾ ਰਿਹਾ ਹੈ।’ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ “ਨਾਸਰੀਆਂ ਦੇ ਪੰਥ ਦਾ ਆਗੂ ਹੈ” ਅਤੇ ਕਿ ਉਸ ਨੇ “ਹੈਕਲ ਨੂੰ ਭੀ ਭਰਿਸ਼ਟ ਕਰਨ ਦਾ ਜਤਨ ਕੀਤਾ।”—ਰਸੂਲਾਂ ਦੇ ਕਰਤੱਬ 24:1-6.
ਪੌਲੁਸ ਉੱਤੇ ਹਮਲਾ ਕਰਨ ਵਾਲਿਆਂ ਨੇ ਮੰਨਿਆ ਸੀ ਕਿ ਉਹ ਤ੍ਰੋਫ਼ਿਮੁਸ ਨਾਂ ਦੇ ਗ਼ੈਰ-ਯਹੂਦੀ ਬੰਦੇ ਨੂੰ ਹੈਕਲ ਦੇ ਉਸ ਹਿੱਸੇ ਵਿਚ ਲਿਆਇਆ ਸੀ ਜੋ ਸਿਰਫ਼ ਯਹੂਦੀਆਂ ਲਈ ਰੱਖਿਆ ਗਿਆ ਸੀ।a (ਰਸੂਲਾਂ ਦੇ ਕਰਤੱਬ 21:28, 29) ਸੱਚ ਤਾਂ ਇਹ ਸੀ ਕਿ ਗ਼ਲਤੀ ਪੌਲੁਸ ਦੀ ਨਹੀਂ ਪਰ ਤ੍ਰੋਫ਼ਿਮੁਸ ਦੀ ਸੀ। ਪਰ ਜੇ ਯਹੂਦੀਆਂ ਨੇ ਸੋਚ ਲਿਆ ਕਿ ਪੌਲੁਸ ਤ੍ਰੋਫ਼ਿਮੁਸ ਨੂੰ ਸ਼ਹਿ ਦੇ ਰਿਹਾ ਸੀ ਅਤੇ ਉਸ ਦੀ ਸਹਾਇਤਾ ਕਰ ਰਿਹਾ ਸੀ, ਤਾਂ ਇਸ ਗੱਲ ਨੂੰ ਵੱਡਾ ਜ਼ੁਲਮ ਸਮਝਿਆ ਜਾ ਸਕਦਾ ਸੀ ਜਿਸ ਦੀ ਸਜ਼ਾ ਮੌਤ ਸੀ। ਰੋਮੀ ਸਰਕਾਰ ਨੇ ਇਹ ਗੱਲ ਸਵੀਕਾਰ ਕਰ ਲਈ ਸੀ ਕਿ ਇਸ ਅਪਰਾਧ ਦੀ ਸਜ਼ਾ ਮੌਤ ਸੀ। ਜੇਕਰ ਪੌਲੁਸ ਨੂੰ ਲੁਸਿਯਸ ਦੀ ਬਜਾਇ ਯਹੂਦੀ ਹੈਕਲ ਦੀ ਪੁਲਸ ਨੇ ਗਿਰਫ਼ਤਾਰ ਕੀਤਾ ਹੁੰਦਾ, ਤਾਂ ਮਹਾਂ ਸਭਾ ਉਸ ਦਾ ਮੁਕੱਦਮਾ ਚਲਾ ਕੇ ਉਸ ਨੂੰ ਸਜ਼ਾ ਦੇ ਸਕਦੀ ਸੀ ਅਤੇ ਇਸ ਬਾਰੇ ਕੋਈ ਕੁਝ ਨਹੀਂ ਕਰ ਸਕਦਾ ਸੀ।
ਯਹੂਦੀਆਂ ਨੇ ਸੋਚਿਆ ਕਿ ਜੋ ਪੌਲੁਸ ਸਿਖਾ ਰਿਹਾ ਸੀ ਉਹ ਯਹੂਦੀ ਮਤ ਨਹੀਂ ਸੀ, ਯਾਨੀ ਉਹ ਸਹੀ ਧਰਮ ਨਹੀਂ ਸੀ। ਉਨ੍ਹਾਂ ਦੇ ਮੁਤਾਬਕ ਉਸ ਦੀ ਸਿੱਖਿਆ ਨੂੰ ਗ਼ੈਰ-ਕਾਨੂੰਨੀ ਜਾਂ ਪ੍ਰਾਪੇਗੰਡਾ ਹੀ ਸਮਝਿਆ ਜਾਣਾ ਚਾਹੀਦਾ ਸੀ।
ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਪੌਲੁਸ ‘ਸਾਰੀ ਦੁਨੀਆ ਦੇ ਸਭ ਯਹੂਦੀਆਂ ਵਿੱਚ ਪਸਾਦ ਪਾਉਂਦਾ ਹੈ।’ (ਰਸੂਲਾਂ ਦੇ ਕਰਤੱਬ 24:5) ਬਾਦਸ਼ਾਹ ਕਲੌਦਿਯੁਸ ਨੇ ਹਾਲ ਹੀ ਦੇ ਸਮੇਂ ਵਿਚ ਐਲੇਕਜ਼ਾਨਡ੍ਰਿਆ ਦੇ ਯਹੂਦੀਆਂ ਉੱਤੇ ਇਲਜ਼ਾਮ ਲਾਇਆ ਸੀ ਕਿ ਉਹ “ਦੁਨੀਆਂ ਭਰ ਵਿਚ ਪੁਆੜਾ ਖੜ੍ਹਾ ਕਰਨ ਵਾਲਾ ਕੰਮ ਕਰ ਰਹੇ ਸਨ।” ਦੋਵੇਂ ਇਲਜ਼ਾਮ ਕਾਫ਼ੀ ਮਿਲਦੇ-ਜੁਲਦੇ ਸਨ। ਇਕ ਇਤਿਹਾਸਕਾਰ ਨੇ ਲਿਖਿਆ ਕਿ “ਬਾਦਸ਼ਾਹ ਕਲੌਦਿਯੁਸ ਜਾਂ ਨੀਰੋ ਦੇ ਮੁਢਲੇ ਸਾਲਾਂ ਦੌਰਾਨ ਇਕ ਯਹੂਦੀ ਦੇ ਉੱਤੇ ਇਹੋ ਇਲਜ਼ਾਮ ਲਗਾਉਣਾ ਬਿਲਕੁਲ ਢੁਕਵਾਂ ਸੀ। ਯਹੂਦੀ ਲੋਕ ਹਾਕਮ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਪੌਲੁਸ ਦਾ ਪ੍ਰਚਾਰ ਪੂਰੀ ਬਾਦਸ਼ਾਹੀ ਦੇ ਯਹੂਦੀਆਂ ਵਿਚ ਫ਼ਸਾਦ ਪਾਉਣ ਦੇ ਬਰਾਬਰ ਸੀ। ਉਹ ਜਾਣਦੇ ਸਨ ਕਿ ਹਾਕਮ ਉਨ੍ਹਾਂ ਇਲਜ਼ਾਮਾਂ ਬਾਰੇ ਕੁਝ ਨਹੀਂ ਕਰਨਗੇ ਜੋ ਸਿਰਫ਼ ਧਰਮ ਦੀ ਗੱਲ ਸਨ, ਇਸ ਕਰਕੇ ਉਹ ਆਪਣੇ ਇਲਜ਼ਾਮ ਨੂੰ ਸਿਆਸੀ ਇਲਜ਼ਾਮ ਵਿਚ ਬਦਲ ਰਹੇ ਸਨ।”
ਪੌਲੁਸ ਨੇ ਇਕ-ਇਕ ਕਰ ਕੇ ਆਪਣੀ ਸਫ਼ਾਈ ਪੇਸ਼ ਕੀਤੀ। ‘ਮੈਂ ਫ਼ਸਾਦ ਨਹੀਂ ਪਾਇਆ ਹੈ। ਸੱਚ ਹੈ ਕਿ ਮੈਂ ਉਸ ਰਾਹ ਚੱਲਦਾ ਹਾਂ ਜਿਸ ਨੂੰ ਇਹ “ਕੁਰਾਹ” ਆਖਦੇ ਹਨ, ਪਰ ਇਸ ਦਾ ਮਤਲਬ ਹੈ ਯਹੂਦੀ ਸਿੱਖਿਆ ਅਨੁਸਾਰ ਚੱਲਣਾ। ਏਸ਼ੀਆ ਵਾਲੇ ਕੁਝ ਯਹੂਦੀਆਂ ਨੇ ਦੰਗ਼ਾ ਸ਼ੁਰੂ ਕੀਤਾ। ਜੇ ਉਨ੍ਹਾਂ ਨੂੰ ਮੇਰੇ ਬਾਰੇ ਕੋਈ ਸ਼ਿਕਾਇਤ ਹੈ ਤਾਂ ਉਹ ਮੇਰੇ ਸਾਮ੍ਹਣੇ ਆ ਕੇ ਸ਼ਿਕਾਇਤ ਕਰਨ।’ ਇਸ ਤਰ੍ਹਾਂ ਕਹਿ ਕੇ ਪੌਲੁਸ ਨੇ ਗੱਲ ਦੁਬਾਰਾ ਧਰਮ ਦੀਆਂ ਗੱਲਾਂ ਵੱਲ ਪਲਟਾ ਦਿੱਤੀ ਅਤੇ ਇਨ੍ਹਾਂ ਮਾਮਲਿਆਂ ਬਾਰੇ ਰੋਮੀ ਸਰਕਾਰ ਕੁਝ ਨਹੀਂ ਕਰ ਸਕਦੀ ਸੀ। ਫ਼ੇਲਿਕਸ ਯਹੂਦੀਆਂ ਨੂੰ ਹੋਰ ਚਿੜਾਉਣਾ ਨਹੀਂ ਸੀ ਚਾਹੁੰਦਾ ਜਿਸ ਕਰਕੇ ਉਸ ਨੇ ਮੁਕੱਦਮੇ ਨੂੰ ਅਟਕਾ ਕੇ ਛੱਡ ਦਿੱਤਾ। ਪੌਲੁਸ ਨੂੰ ਯਹੂਦੀਆਂ ਦੇ ਹਵਾਲੇ ਨਹੀਂ ਕੀਤਾ ਗਿਆ ਜੋ ਕਹਿੰਦੇ ਸਨ ਕਿ ਉਹ ਇਸ ਮਾਮਲੇ ਨੂੰ ਆਪ ਹੀ ਸੁਣ ਲੈਣਗੇ, ਨਾ ਹੀ ਰੋਮੀ ਕਾਨੂੰਨ ਅਨੁਸਾਰ ਉਸ ਦਾ ਫ਼ੈਸਲਾ ਕੀਤਾ ਗਿਆ, ਅਤੇ ਨਾ ਹੀ ਉਹ ਆਜ਼ਾਦ ਕੀਤਾ ਗਿਆ। ਫ਼ੇਲਿਕਸ ਫ਼ੈਸਲਾ ਕਰਨ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਸਿਰਫ਼ ਯਹੂਦੀਆਂ ਨੂੰ ਹੀ ਨਹੀਂ ਖ਼ੁਸ਼ ਕਰਨਾ ਚਾਹੁੰਦਾ ਸੀ ਪਰ ਉਹ ਇਹ ਵੀ ਉਮੀਦ ਰੱਖਦਾ ਸੀ ਕਿ ਪੌਲੁਸ ਉਸ ਦੀ ਮੁੱਠੀ ਗਰਮ ਕਰੇਗਾ।—ਰਸੂਲਾਂ ਦੇ ਕਰਤੱਬ 24:10-19, 26.b
ਪੁਰਕਿਯੁਸ ਫ਼ੇਸਤੁਸ ਅਧੀਨ ਤੰਗੀ
ਦੋ ਸਾਲ ਬਾਅਦ ਯਰੂਸ਼ਲਮ ਵਿਚ ਨਵੇਂ ਹਾਕਮ, ਪੁਰਕਿਯੁਸ ਫ਼ੇਸਤੁਸ ਦੇ ਸਾਮ੍ਹਣੇ ਯਹੂਦੀਆਂ ਨੇ ਪੌਲੁਸ ਉੱਤੇ ਫਿਰ ਤੋਂ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਪੌਲੁਸ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਪਰ ਫ਼ੇਸਤੁਸ ਨੇ ਅੜ ਕੇ ਕਿਹਾ: “ਰੋਮੀਆਂ ਦਾ ਕਾਨੂਨ ਨਹੀਂ ਹੈ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿੰਨਾ ਚਿਰ ਮੁਦਾਅਲੈ ਆਪਣੇ ਮੁਦਈਆਂ ਦੇ ਰੋਬਰੂ ਹੋ ਕੇ ਦਾਵੇ ਦਾ ਜਵਾਬ ਦੇਣ ਦਾ ਮੌਕਾ ਨਾ ਪਾਵੇ।” ਇਤਿਹਾਸਕਾਰ ਹੈਰੀ ਟਾਸ਼ਰ ਨੇ ਨੋਟ ਕੀਤਾ: “ਫ਼ੇਸਤੁਸ ਨੇ ਬੜੀ ਜਲਦੀ ਗੱਲ ਪਛਾਣ ਲਈ ਕਿ ਇਕ ਰੋਮੀ ਨਾਗਰਿਕ ਨੂੰ ਫਾਹੇ ਦੇਣ ਦੀ ਸਾਜ਼ਸ਼ ਘੜੀ ਜਾ ਰਹੀ ਸੀ।” ਇਸ ਕਰਕੇ ਯਹੂਦੀਆਂ ਨੂੰ ਕਿਹਾ ਗਿਆ ਕਿ ਉਹ ਕੈਸਰਿਯਾ ਆ ਕੇ ਆਪਣਾ ਕੇਸ ਪੇਸ਼ ਕਰਨ।—ਰਸੂਲਾਂ ਦੇ ਕਰਤੱਬ 25:1-6, 16.
ਉੱਥੇ ਜਾ ਕੇ ਯਹੂਦੀਆਂ ਨੇ ਪੌਲੁਸ ਬਾਰੇ ਕਿਹਾ ਕਿ “ਇਹ ਦਾ ਅੱਗੇ ਨੂੰ ਜੀਉਂਦਾ ਰਹਿਣਾ ਹੀ ਜੋਗ ਨਹੀਂ।” ਪਰ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਜਿਸ ਤੋਂ ਫ਼ੇਸਤੁਸ ਨੇ ਪਛਾਣ ਲਿਆ ਕਿ ਪੌਲੁਸ ਨਿਰਦੋਸ਼ ਸੀ। ਫ਼ੇਸਤੁਸ ਨੇ ਕਿਸੇ ਹੋਰ ਅਧਿਕਾਰੀ ਨੂੰ ਦੱਸਿਆ ਕਿ “ਓਹ ਆਪਣੀ ਦੇਵਪੂਜਾ ਵਿਖੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਸੀ ਭਈ ਉਹ ਤਾਂ ਜੀਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ।”—ਰਸੂਲਾਂ ਦੇ ਕਰਤੱਬ 25:7, 18, 19, 24, 25.
ਫ਼ੇਸਤੁਸ ਦੀਆਂ ਨਜ਼ਰਾਂ ਵਿਚ ਗੱਲ ਸਿੱਧੀ ਸੀ, ਪੌਲੁਸ ਬਿਲਕੁਲ ਬੇਕਸੂਰ ਸੀ। ਪਰ ਯਹੂਦੀਆਂ ਦੇ ਭਾਣੇ ਇਸ ਧਰਮ-ਸੰਬੰਧੀ ਝਗੜੇ ਵਿਚ ਸਿਰਫ਼ ਉਹ ਆਪੇ ਹੀ ਇਸ ਮਾਮਲੇ ਦਾ ਚੰਗੀ ਤਰ੍ਹਾਂ ਫ਼ੈਸਲਾ ਕਰ ਸਕਦੇ ਸਨ। ਫ਼ੇਸਤੁਸ ਨੇ ਪੌਲੁਸ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਦਾ ਫ਼ੈਸਲਾ ਸੁਣਨ ਲਈ ਯਰੂਸ਼ਲਮ ਜਾਣ ਨੂੰ ਤਿਆਰ ਸੀ? ਪਰ ਉੱਥੇ ਜਾਣਾ ਉਸ ਲਈ ਬਹੁਤ ਖ਼ਤਰਨਾਕ ਹੋਣਾ ਸੀ। ਯਰੂਸ਼ਲਮ ਵਿਚ ਪੌਲੁਸ ਦੇ ਮੁਦਈਆਂ ਨੇ ਉਸ ਦੇ ਨਿਆਂਕਾਰ ਬਣ ਜਾਣਾ ਸੀ ਜਿਸ ਕਾਰਨ ਉਸ ਨੂੰ ਯਹੂਦੀਆਂ ਦੇ ਹਵਾਲੇ ਕਰ ਦਿੱਤਾ ਜਾਣਾ ਸੀ। ਪੌਲੁਸ ਨੇ ਕਿਹਾ: “ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜਾ ਹਾਂ। ਚਾਹੀਦਾ ਹੈ ਕਿ ਮੇਰਾ ਨਿਆਉਂ ਏੱਥੇ ਹੀ ਹੋਵੇ। ਯਹੂਦੀਆਂ ਦੇ ਉੱਤੇ ਮੈਂ ਕੋਈ ਵਾਧਾ ਨਹੀਂ ਕੀਤਾ . . . ਕਿਸੇ ਦੀ ਮਜਾਲ ਨਹੀਂ ਜੋ ਮੈਨੂੰ ਉਨ੍ਹਾਂ ਦੇ ਹਵਾਲੇ ਕਰੇ। ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!”—ਰਸੂਲਾਂ ਦੇ ਕਰਤੱਬ 25:10, 11, 20.
ਜਦ ਇਕ ਰੋਮੀ ਬੰਦਾ ਇਹ ਲਫ਼ਜ਼ ਕਹਿੰਦਾ ਸੀ ਤਾਂ ਉਸ ਉੱਤੇ ਸੂਬੇ ਦੀ ਹਰ ਕਾਨੂੰਨੀ ਕਾਰਵਾਈ ਰੁਕ ਜਾਂਦੀ ਸੀ। ਦੁਹਾਈ ਦੇਣ ਦਾ ਉਸ ਦਾ ਹੱਕ ‘ਬਿਲਕੁਲ ਜਾਇਜ਼ ਸੀ।’ ਇਸੇ ਲਈ ਆਪਣੇ ਸਲਾਹਕਾਰਾਂ ਨਾਲ ਕਾਨੂੰਨ ਬਾਰੇ ਗੱਲਬਾਤ ਕਰਨ ਤੋਂ ਬਾਅਦ ਫ਼ੇਸਤੁਸ ਨੇ ਬਿਆਨ ਕੀਤਾ: “ਤੈਂ ਕੈਸਰ ਦੀ ਦੁਹਾਈ ਦਿੱਤੀ ਹੈ, ਤੂੰ ਕੈਸਰ ਹੀ ਦੇ ਕੋਲ ਜਾਏਂਗਾ!”—ਰਸੂਲਾਂ ਦੇ ਕਰਤੱਬ 25:12.
ਫ਼ੇਸਤੁਸ ਪੌਲੁਸ ਤੋਂ ਆਪਣਾ ਪਿੱਛਾ ਛੁਡਾ ਕੇ ਖ਼ੁਸ਼ ਸੀ। ਕੁਝ ਦਿਨਾਂ ਬਾਅਦ ਉਸ ਨੇ ਹੇਰੋਦੇਸ ਅਗ੍ਰਿੱਪਾ ਦੂਜੇ ਨੂੰ ਦੱਸਿਆ ਕਿ ਇਸ ਕੇਸ ਨੇ ਉਸ ਨੂੰ ਵੱਡੀ ਦੁਬਿਧਾ ਵਿਚ ਪਾ ਦਿੱਤਾ ਸੀ। ਇਸ ਤੋਂ ਬਾਅਦ ਫ਼ੇਸਤੁਸ ਨੂੰ ਬਾਦਸ਼ਾਹ ਵਾਸਤੇ ਕੇਸ ਬਾਰੇ ਚਿੱਠੀ ਲਿਖਣੀ ਪਈ। ਫ਼ੇਸਤੁਸ ਲਈ ਇਸ ਕੇਸ ਵਿਚ ਯਹੂਦੀ ਕਾਨੂੰਨ ਬਾਰੇ ਬਹੁਤ ਸਾਰੀਆਂ ਉਲਝਣਾਂ ਸਨ ਜੋ ਉਹ ਦੇ ਲਈ ਸਮਝਣੀਆਂ ਔਖੀਆਂ ਸਨ। ਦੂਜੇ ਪਾਸੇ ਅਗ੍ਰਿੱਪਾ ਨੂੰ ਇਨ੍ਹਾਂ ਗੱਲਾਂ ਬਾਰੇ ਬਹੁਤ ਕੁਝ ਪਤਾ ਸੀ। ਇਸ ਕਰਕੇ ਜਦ ਉਸ ਨੇ ਇਸ ਕੇਸ ਵਿਚ ਦਿਲਚਸਪੀ ਲਈ ਫ਼ੇਸਤੁਸ ਨੇ ਚਿੱਠੀ ਲਿਖਣ ਵਿਚ ਉਸ ਤੋਂ ਮਦਦ ਮੰਗੀ। ਜਦ ਪੌਲੁਸ ਨੇ ਬਾਅਦ ਵਿਚ ਅਗ੍ਰਿੱਪਾ ਸਾਮ੍ਹਣੇ ਸਾਰਾ ਬਿਆਨ ਕੀਤਾ ਤਾਂ ਫ਼ੇਸਤੁਸ ਕੁਝ ਨਾ ਸਮਝ ਸਕਿਆ, ਜਿਸ ਕਰਕੇ ਉਸ ਨੇ ਕਿਹਾ: “ਹੇ ਪੌਲੁਸ, ਤੂੰ ਕਮਲਾ ਹੈਂ, ਬਹੁਤੀ ਵਿੱਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ!” ਪਰ ਅਗ੍ਰਿੱਪਾ ਸਭ ਕੁਝ ਚੰਗੀ ਤਰ੍ਹਾਂ ਸਮਝ ਰਿਹਾ ਸੀ। ਉਸ ਨੇ ਕਿਹਾ: “ਤੈਨੂੰ ਆਸ ਹੋਊਗੀ ਭਈ ਮੈਨੂੰ ਥੋੜੇ ਹੀ ਕੀਤੇ ਮਸੀਹੀ ਕਰ ਲਵੇਂ!” ਇਹ ਦੋ ਮਨੁੱਖ ਪੌਲੁਸ ਦੀਆਂ ਗੱਲਾਂ ਬਾਰੇ ਜਿਸ ਤਰ੍ਹਾਂ ਮਰਜ਼ੀ ਮਹਿਸੂਸ ਕਰਦੇ ਸਨ, ਉਹ ਮੰਨਦੇ ਸਨ ਕਿ ਪੌਲੁਸ ਨਿਰਦੋਸ਼ ਸੀ ਅਤੇ ਜੇਕਰ ਉਸ ਨੇ ਕੈਸਰ ਦੀ ਦੁਹਾਈ ਨਾ ਦਿੱਤੀ ਹੁੰਦੀ ਤਾਂ ਉਹ ਉਸ ਨੂੰ ਰਿਹਾ ਕਰ ਸਕਦੇ ਸਨ।—ਰਸੂਲਾਂ ਦੇ ਕਰਤੱਬ 25:13-27; 26:24-32.
ਅਦਾਲਤੀ ਯਾਤਰਾ ਦਾ ਅੰਤ
ਰੋਮ ਪਹੁੰਚ ਕੇ ਪੌਲੁਸ ਨੇ ਯਹੂਦੀਆਂ ਦੇ ਮੁੱਖ ਆਦਮੀਆਂ ਨੂੰ ਇਕੱਠੇ ਬੁਲਾ ਲਿਆ ਤਾਂਕਿ ਉਹ ਨਾ ਸਿਰਫ਼ ਉਨ੍ਹਾਂ ਨੂੰ ਪ੍ਰਚਾਰ ਕਰ ਸਕੇ ਪਰ ਇਹ ਵੀ ਜਾਣ ਸਕੇ ਕਿ ਉਹ ਉਸ ਬਾਰੇ ਕੀ ਜਾਣਦੇ ਸਨ। ਇਸ ਤੋਂ ਉਹ ਜਾਣ ਸਕਦਾ ਸੀ ਕਿ ਅਦਾਲਤ ਦਾ ਉਸ ਲਈ ਕੀ ਇਰਾਦਾ ਸੀ। ਇਹ ਕੋਈ ਅਨੋਖੀ ਗੱਲ ਨਹੀਂ ਸੀ ਕਿ ਯਰੂਸ਼ਲਮ ਦੇ ਅਧਿਕਾਰੀ ਰੋਮ ਸ਼ਹਿਰ ਦੇ ਯਹੂਦੀਆਂ ਤੋਂ ਮੁਕੱਦਮੇ ਵਿਚ ਮਦਦ ਲੈਣ, ਪਰ ਪੌਲੁਸ ਨੇ ਮਲੂਮ ਕੀਤਾ ਕਿ ਉਨ੍ਹਾਂ ਨੂੰ ਉਸ ਬਾਰੇ ਕੋਈ ਖ਼ਬਰ ਨਹੀਂ ਸੀ। ਅਦਾਲਤੀ ਮੁਕੱਦਮੇ ਦੇ ਚੱਲਣ ਤਕ ਪੌਲੁਸ ਨੂੰ ਕਰਾਏ ਤੇ ਘਰ ਲੈਣ ਅਤੇ ਪ੍ਰਚਾਰ ਕਰਨ ਦੀ ਆਜ਼ਾਦੀ ਸੀ। ਇਸ ਤਰ੍ਹਾਂ ਦੀ ਨਰਮਾਈ ਦਾ ਮਤਲਬ ਸ਼ਾਇਦ ਇਹ ਸੀ ਕਿ ਰੋਮੀ ਸਰਕਾਰ ਦੇ ਮੁਤਾਬਕ ਪੌਲੁਸ ਬੇਗੁਨਾਹ ਸੀ।—ਰਸੂਲਾਂ ਦੇ ਕਰਤੱਬ 28:17-31.
ਪੌਲੁਸ ਦੋ ਹੋਰ ਸਾਲਾਂ ਲਈ ਬੰਦਸ਼ ਵਿਚ ਰਿਹਾ। ਪਰ ਕਿਉਂ? ਬਾਈਬਲ ਇਸ ਦਾ ਜਵਾਬ ਨਹੀਂ ਦਿੰਦੀ। ਆਮ ਤੌਰ ਤੇ ਦੁਹਾਈ ਦੇਣ ਵਾਲਾ ਉਸ ਸਮੇਂ ਤਕ ਕੈਦ ਵਿਚ ਰੱਖਿਆ ਜਾਂਦਾ ਸੀ ਜਦ ਤਕ ਉਸ ਦੇ ਮੁਦਈ ਦੋਸ਼ ਲਾਉਣ ਆਉਂਦੇ ਸਨ। ਪਰ ਸ਼ਾਇਦ ਯਰੂਸ਼ਲਮ ਦੇ ਯਹੂਦੀਆਂ ਨੇ ਆਪਣੇ ਮੁਕੱਦਮੇ ਦੀ ਕਮਜ਼ੋਰੀ ਸਮਝ ਲਈ ਹੋਵੇ ਅਤੇ ਉੱਥੇ ਨਾ ਪਹੁੰਚੇ। ਸ਼ਾਇਦ ਪੌਲੁਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਚੁੱਪ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਸੀ ਕਿ ਉਹ ਕੇਸ ਪੇਸ਼ ਕਰਨ ਲਈ ਉੱਥੇ ਨਾ ਹੀ ਪਹੁੰਚਣ। ਖ਼ੈਰ ਜਿਸ ਕਾਰਨ ਕਰਕੇ ਵੀ ਪੌਲੁਸ ਉੱਥੇ ਦੋ ਸਾਲ ਰਿਹਾ, ਇਸ ਤਰ੍ਹਾਂ ਲੱਗਦਾ ਹੈ ਕਿ ਉਹ ਨੀਰੋ ਸਾਮ੍ਹਣੇ ਆਇਆ ਅਤੇ ਨਿਰਦੋਸ਼ ਸਾਬਤ ਕੀਤਾ ਗਿਆ। ਅਖ਼ੀਰ ਵਿਚ ਉਹ ਰਿਹਾ ਕੀਤਾ ਗਿਆ ਅਤੇ ਗਿਰਫ਼ਤਾਰ ਹੋਣ ਤੋਂ ਕੁਝ ਪੰਜ ਸਾਲ ਬਾਅਦ ਆਪਣੇ ਮਿਸ਼ਨਰੀ ਕੰਮ ਵਿਚ ਦੁਬਾਰਾ ਲੱਗ ਸਕਿਆ ਸੀ।—ਰਸੂਲਾਂ ਦੇ ਕਰਤੱਬ 27:24.
ਸੱਚਾਈ ਦੇ ਵਿਰੋਧੀਆਂ ਨੇ ਲੰਮੇ ਸਮੇਂ ਤੋਂ ‘ਅਨਿਆ ਨੂੰ ਕਾਨੂੰਨ ਦਾ ਰੂਪ ਦੇ’ ਕੇ ਮਸੀਹੀਆਂ ਦੇ ਪ੍ਰਚਾਰ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਯਿਸੂ ਨੇ ਕਿਹਾ: “ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਭਜਨ 94:20, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯੂਹੰਨਾ 15:20) ਫਿਰ ਵੀ ਯਿਸੂ ਨੇ ਇਹ ਵੀ ਕਿਹਾ ਕਿ ਅਸੀਂ ਸਾਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਾਂਗੇ। (ਮੱਤੀ 24:14) ਜਿਸ ਤਰ੍ਹਾਂ ਪੌਲੁਸ ਰਸੂਲ ਨੇ ਆਪਣੇ ਵਿਰੋਧੀਆਂ ਦਾ ਸਾਮ੍ਹਣਾ ਕੀਤਾ ਉਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹ ‘ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦਿੰਦੇ ਹਨ।’—ਫ਼ਿਲਿੱਪੀਆਂ 1:7.
[ਫੁਟਨੋਟ]
a ਗ਼ੈਰ-ਯਹੂਦੀਆਂ ਦੇ ਵਿਹੜੇ ਅਤੇ ਅੰਦਰਲੇ ਵਿਹੜੇ ਦਰਮਿਆਨ ਲਗਭਗ ਪੰਜ ਕੁ ਫੁੱਟ ਉੱਚੀ ਕੰਧ ਹੁੰਦੀ ਸੀ। ਇਸ ਕੰਧ ਉੱਤੇ ਥਾਂ-ਥਾਂ ਤੇ ਯੂਨਾਨੀ ਅਤੇ ਲਾਤੀਨੀ ਭਾਸ਼ਾਵਾਂ ਵਿਚ ਲਿਖਿਆ ਸੀ: “ਕੋਈ ਪਰਦੇਸੀ ਇੱਥੇ ਹੈਕਲ ਦੇ ਦੁਆਲੇ ਦੀ ਕੰਧ ਅੰਦਰ ਨਾ ਵੜੇ। ਜੇ ਕੋਈ ਇਸ ਤਰ੍ਹਾਂ ਕਰਦਾ ਫੜਿਆ ਗਿਆ ਤਾਂ ਉਹ ਮੌਤ ਦੀ ਸਜ਼ਾ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ।”
b ਇਸ ਤਰ੍ਹਾਂ ਕਰਨਾ ਕਾਨੂੰਨ ਦੇ ਬਿਲਕੁਲ ਖ਼ਿਲਾਫ਼ ਸੀ। ਇਕ ਲੇਖਕ ਕਹਿੰਦਾ ਹੈ: “ਰੋਮੀ ਕਾਨੂੰਨ ਸੀ ਕਿ ਕਿਸੇ ਤੋਂ ਗ਼ੈਰ-ਕਾਨੂੰਨੀ ਤੌਰ ਤੇ ਪੈਸੇ ਨਹੀਂ ਲਏ ਜਾ ਸਕਦੇ ਸਨ। ਕੋਈ ਵੀ ਉੱਚੀ ਪਦਵੀ ਜਾਂ ਅਧਿਕਾਰ ਰੱਖਣ ਵਾਲਾ ਬੰਦਾ ਨਾ ਕਿਸੇ ਤੋਂ ਵੱਢੀ ਮੰਗ ਕੇ ਜਾਂ ਲੈ ਕੇ ਦੂਸਰੇ ਨੂੰ ਜਕੜ ਜਾਂ ਛੱਡ ਸਕਦਾ ਸੀ, ਅਤੇ ਨਾ ਹੀ ਫ਼ੈਸਲਾ ਕਰ ਸਕਦਾ ਸੀ ਕਿ ਕੈਦੀ ਕੈਦ ਜਾਂ ਰਿਹਾ ਕੀਤਾ ਜਾਵੇ।”